Share on Facebook

Main News Page

ਛੱਤੀਸਗੜ ਦੇ ਧਾਰਮਿਕ ਸਮਾਗਮ ਵਿੱਚ ਸੰਗਤਾਂ ਨੇ ਮੱਕੜ ਦੀ ਸ਼ਮੂਲੀਅਤ ‘ਤੇ ਰੋਕ ਲਗਾਉਣ ਦਾ ਕੀਤਾ ਫੈਸਲਾ
- ਸਰਹੰਦ ਵਿਖੇ ਕੱਢੇ ਜਾਣ ਵਾਲੇ ਨਗਰ ਕੀਤਰਨ ਵਿੱਚ ਤਖਤਾਂ ਦੇ ਜਥੇਦਾਰਾਂ ਦੀ ਸ਼ਮੂਲੀਅਤ ‘ਤੇ ਲੱਗਾ ਪ੍ਰਸ਼ਨ ਚਿੰਨ

ਅੰਮ੍ਰਿਤਸਰ 27 ਦਸੰਬਰ (ਜਸਬੀਰ ਸਿੰਘ ਪੱਟੀ) ਬੀਤੀ ਕਲ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੂੰ ਛੋਟੇ ਸਾਹਿਬਜਾਦਿਆਂ ਦੇ ਸ਼ਹੀਦੀ ਸਮਾਗਮ ਸਮੇਂ ਹੋਏ ਇਕੱਠ ਸਮੇਂ ਸੰਗਤਾਂ ਨੇ ਸਟੇਜ ਤੋਂ ਬੋਲਣ ਨਾ ਦੇਣ ਉਪਰੰਤ ਛੱਤੀਸਗੜ ਦੀਆਂ ਸੰਗਤਾਂ ਨੇ ਮੱਕੜ ਨੂੰ ਅਗਾਊਂ ਸੂਚਨਾ ਦੇ ਦਿੱਤੀ ਕਿ ਉਹਨਾਂ ਦੇ ਸਮਾਗਮ ਵਿੱਚ ਸੰਗਤਾਂ ਵੱਲੋਂ ਵਿਰੋਧ ਹੋ ਸਕਦਾ ਹੈ, ਇਸ ਲਈ ਇਸ ਵਾਰੀ ਉਹ ਸਮਾਗਮ ਵਿੱਚ ਸ਼ਮੂਲੀਅਤ ਨਾ ਕਰਨ।

ਛੱਤੀਸਗੜ ਸੂਬੇ ਵਿੱਚ ਕਰੀਬ ਡੇਢ ਦਰਜਨ ਗੁਰਦੁਆਰਾ ਕਮੇਟੀਆਂ ਹਨ, ਜਿਹੜੀਆਂ ਹਰ ਸਾਲ ਰਲ ਕੇ ਇੱਕ ਵੱਡਾ ਸਮਾਗਮ ਕਰਦੀਆਂ ਹਨ ਤੇ ਹਰ ਵਾਰੀ ਸ਼੍ਰੋਮਣੀ ਕਮੇਟੀ ਪ੍ਰਧਾਨ ਸ਼ਾਮਲ ਹੋ ਕੇ, ਉਸ ਵਿੱਚ ਹਾਜ਼ਰੀ ਲਗਵਾਉਦੇ ਆ ਰਹੇ ਹਨ, ਪਰ ਇਸ ਵਾਰੀ ਉਹਨਾਂ ਵੱਲੋਂ ਸਿਹਤ ਨਾ ਠੀਕ ਹੋਣ ਦਾ ਬਹਾਨਾ ਲਗਾ ਕੇ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਰਹੇ। ਛਤੀਸਗੜ ਤੋਂ ਇੱਕ ਸਿੰਘ ਨੇ ਜਾਣਕਾਰੀ ਦਿੰਦਿਆਂ ਕਿ ਭਾਂਵੇ ਸ਼੍ਰੋਮਣੀ ਕਮੇਟੀ ਵੱਲੋਂ ਸੂਬੇ ਵਿੱਚ ਧਰਮ ਪ੍ਰਚਾਰ ਦੇ ਕਈ ਉਪਰਾਲੇ ਕੀਤੇ ਗਏ ਹਨ, ਪਰ ਇਸ ਵਾਰੀ ਬਰਗਾੜੀ ਕਾਂਡ ਨੂੰ ਲੈ ਕੇ ਸੰਗਤਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ, ਕਿ ਸ਼੍ਰੋਮਣੀ ਕਮੇਟੀ ਨੇ ਆਪਣਾ ਫਰਜ਼ ਸਹੀ ਢੰਗ ਨਾਲ ਨਹੀਂ ਨਿਭਾਇਆ ਹੈ ਅਤੇ ਨਾ ਹੀ ਸਰਕਾਰ ਤੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਲਈ ਦਬਾ ਪਾਇਆ ਹੈ, ਜਿਸ ਕਾਰਨ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਉਹਨਾਂ ਦੱਸਿਆ ਕਿ ਸੰਗਤਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ, ਕਿ ਇੱਕ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਹੋ ਰਹੀ ਸੀ ਤੇ ਸੰਗਤਾਂ ਸੜਕਾਂ 'ਤੇ ਆ ਕੇ ਰੋਸ ਪ੍ਰਗਟ ਕਰ ਰਹੀਆਂ ਸਨ, ਪਰ ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਨੇ ਇਸ ਇਕੱਠ ਵਿੱਚ ਸ਼ਾਮਲ ਹੋਣ ਦੀ ਬਜਾਏ, ਰੋਸ ਕਰ ਰਹੀਆਂ ਸੰਗਤਾਂ ਦੀ ਕਿਸੇ ਪ੍ਰਕਾਰ ਦੀ ਮਦਦ ਨਹੀਂ ਕੀਤੀ ਤੇ ਨਾ ਹੀ ਸ਼੍ਰੋਮਣੀ ਕਮੇਟੀ ਨੇ ਸਰਕਾਰ ਤੇ ਦੋਸ਼ੀਆਂ ਫੜਣ ਲਈ ਦਬਾਅ ਪਾਇਆ। ਇਸੇ ਤਰ੍ਹਾਂ ਪੁਲੀਸ ਨੇ ਦੋ ਸਿੰਘਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ, ਪਰ ਫਿਰ ਵੀ ਸ਼੍ਰੋਮਣੀ ਕਮੇਟੀ ਨੇ ਕੋਈ ਠੋਸ ਕਾਰਵਾਈ ਨਹੀਂ ਕੀਤੀ, ਸਗੋ ਆਪਣੇ ਦਫਤਰ ਦੇ ਏ.ਸੀ. ਕਮਰੇ ਵਿੱਚ ਬੈਠ ਕੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਠੰਡੀਆਂ ਹਵਾਵਾਂ ਦਾ ਅਨੰਦ ਮਾਣਦੇ ਰਹੇ, ਜਿਸ ਕਾਰਨ ਮੱਕੜ ਦੀ ਕਾਰਗੁਜ਼ਾਰੀ ਨੂੰ ਲੈ ਕੇ ਰੋਸ ਵਿੱਚ ਹੋਰ ਵਾਧਾ ਹੋ ਗਿਆ।

ਇਥੇ ਹੀ ਬੱਸ ਨਹੀਂ ਸ਼ਰੋਮਣੀ ਕਮੇਟੀ ਨੇ ਅੱਜ ਤੱਕ ਦੋ ਸਿੰਘਾਂ ਦੇ ਕਾਤਲ ਪੁਲੀਸ ਅਫਸਰਾਂ ਦੇ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕਰਾਉਣ ਲਈ ਵੀ ਕੋਈ ਕਾਰਵਾਈ ਨਹੀਂ ਕੀਤੀ ਤੇ ਕਾਤਲ ਦਨਦਨਾਉਂਦੇ ਫਿਰ ਰਹੇ ਹਨ। ਉਹਨਾਂ ਦੱਸਿਆਂ ਕਿ ਇਸ ਵਾਰੀ ਮੱਕੜ ਦੇ ਆਉਣ 'ਤੇ ਜਿਥੇ ਉਹਨਾਂ ਨੂੰ ਕਈ ਪ੍ਰਕਾਰ ਦੇ ਸਵਾਲਾ ਦੇ ਜਵਾਬ ਦੇਣੇ ਪੈਣੇ ਹਨ, ਉਥੇ ਸੰਗਤਾਂ ਨੇ ਇਹ ਫੈਸਲਾ ਕਰ ਲਿਆ ਹੈ ਕਿ ਮੱਕੜ ਜਾਂ ਕਿਸੇ ਵੀ ਜਥੇਦਾਰ ਨੂੰ ਕਿਸੇ ਵੀ ਸਟੇਜ ਤੋਂ ਬੋਲਣ ਨਹੀਂ ਦਿੱਤਾ ਜਾਵੇਗਾ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਲੋਕਾਂ ਦਾ ਗੁੱਸਾ ਹਾਲੇ ਵੀ ਮੱਕੜ, ਜਥੇਦਾਰਾਂ ਤੇ ਅਕਾਲੀ ਲੀਡਰਾਂ ਦੇ ਖਿਲਾਫ ਬਰਕਰਾਰ ਹੈ।

ਸ਼੍ਰੋਮਣੀ ਕਮੇਟੀ ਦੇ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਮੱਕੜ ਸਾਹਿਬ ਦੀ ਸਿਹਤ ਠੀਕ ਨਹੀਂ ਹੈ ਤੇ ਉਹ ਇਸ ਵਾਰੀ ਛੱਤੀਸਗੜ ਤੇ ਹੋਰ ਪੰਥਕ ਸਮਾਗਮਾਂ ਵਿੱਚ ਭਾਗ ਨਹੀਂ ਲੈਣਗੇ। ਛੱਡੀਸ਼ਗੜ ਵਿਖੇ ਵੀ ਭਲਕੇ 28 ਦਸੰਬਰ ਨੂੰ ਧਾਰਮਿਕ ਸਮਾਗਮ ਕੀਤੇ ਜਾ ਰਹੇ ਹਨ। ਇਸ ਸਬੰਧੀ ਗੁਰੂਦੁਆਂਰਾ ਸ੍ਰੀ ਗੁਰੂ ਸਿੰਘ ਸਭਾ ਸ਼ਹੀਦ ਊਧਮ ਸਿੰਘ ਨਗਰ ਟਾਈਬੰਧ ਰਾਇਪੁਰ (ਛਤੀਸ਼ਗੜ) ਵੱਲੋਂ ਧਰਮ ਪ੍ਰਚਾਰ ਦੇ ਸਕੱਤਰ ਸ੍ਰੀ ਬਲਵਿੰਦਰ ਸਿੰਘ ਜੌੜਾਸਿੰਘਾਂ ਨੂੰ ਇੱਕ ਪੱਤਰ ਲਿੱਖ ਕੇ ਵੀ ਸੂਚਿਤ ਕਰ ਦਿੱਤਾ ਗਿਆਂ ਹੈ ਕਿ 24 ਦੰਸਬਰ ਤੋਂ 30 ਦਸੰਬਰ ਤੱਕ ਚੱਲਣ ਵਾਲੇ ਗੁਰਮਤਿ ਸਮਾਗਮ ਵਿੱਚ ਮੱਕੜ ਨੂੰ ਨਾ ਭੇਜਿਆ ਜਾਵੇ।

ਇਸੇ ਤਰ੍ਹਾਂ ਭਲਕੇ 28 ਦਸੰਬਰ ਨੂੰ ਸਰਹੰਦ ਵਿਖੇ ਨਿਕਲਣ ਵਾਲੇ ਨਗਰ ਕੀਤਰਨ ਦੌਰਾਨ ਕੀਤੇ ਜਾਣ ਵਾਲੇ ਸਮਾਗਮ ਵਿੱਚ ਵੀ ਹੈਡ ਗ੍ਰੰਥੀ ਭਾਈ ਹਰਪਾਲ ਸਿੰਘ ਨੇ ਤਖਤਾਂ ਦੇ ਜਥੇਦਾਰਾਂ ਨੂੰ ਸੂਚਿਤ ਕਰ ਦਿੱਤਾ ਹੈ ਕਿ ਉਹ ਜੇਕਰ ਸ਼ਾਮਲ ਹੋਣਾ ਚਾਹੁੰਦੇ ਹਨ, ਤਾਂ ਆਪਣੀ ਜ਼ਿੰਮੇਵਾਰੀ 'ਤੇ ਸ਼ਾਮਲ ਹੋ ਕੇ ਸਕਦੇ ਹਨ, ਕਿਉਕਿ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਹੈ ਅਤੇ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੂਚਨਾ ਮੁਤਾਬਕ ਛੱਤੀਸਗੜ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਬਜਾਏ ਕੋਈ ਪ੍ਰਚਾਰਕ ਹੀ ਸਮਾਗਮ ਵਿੱਚ ਸ਼ਾਮਲ ਹੋਵੇਗਾ ਤੇ ਭਲਕੇ ਸਰਹੰਦ ਵਿਖੇ ਨਿਕਲਣ ਵਾਲੇ ਨਗਰ ਕੀਤਰਨ ਵਿੱਚ ਕਿਸੇ ਵੀ ਜਥੇਦਾਰਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਵੀ ਬਹੁਤ ਘੱਟ ਹੈ।

ਕੈਪਸ਼ਨ ਫੋਟੋ- ਗੁਰੂਦੁਆਰਾ ਸ੍ਰੀ ਸਿੰਘ ਸਭਾ ਸ਼ਹੀਦ ਊਧਮ ਸਿੰਘ ਨਗਰ ਵੱਲੋਂ ਲਿਖਿਆ ਗਿਆ ਪੱਤਰ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top