Share on Facebook

Main News Page

ਗੁਰੂ ਪਿਉ, ਇੱਕ ਜਾਂ ਦੋ ਹੁੰਦੇ ਹਨ ?
-: ਅਵਤਾਰ ਸਿੰਘ ਮਿਸ਼ਨਰੀ

ਗੁਰੂ ਪਿਉ ਇੱਕ ਹੀ ਹੁੰਦਾ ਹੈ, ਦੋ ਨਹੀਂ, ਇਵੇਂ ਹੀ ਸਿੱਖਾਂ ਦਾ ਗੁਰੂ ਪਿਤਾ "ਗੁਰੂ ਗ੍ਰੰਥ ਸਾਹਿਬ" ਇੱਕ ਹੀ ਹੈ, ਕੋਈ ਦੂਜਾ ਗ੍ਰੰਥ ਨਹੀਂ।

ਇਹ ਅਖੌਤੀ ਦਸਮ ਗ੍ਰੰਥ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਕਿਤੇ ਬਾਅਦ ਵਿੱਚ ਲਿਖਿਆ ਜਾਂ ਵੱਖ ਵੱਖ ਕਵੀਆਂ ਦੀਆਂ ਰਚਨਾਵਾਂ ਇਕੱਠੀਆਂ ਕਰਕੇ ਬਣਾਇਆ ਗਿਆ। ਹਾਂ, ਰਹਿਤਨਾਮੇ ਕਈ ਤਰ੍ਹਾਂ ਦੇ ਹਨ ਕੋਈ ਇੱਕ ਬਾਣੀ, ਕੋਈ ਦੋ, ਕੋਈ ਤਿੰਨ,ਕੋਈ ਚਾਰ ਅਤੇ ਕੋਈ ਪੰਜ ਲਿਖ ਰਿਹਾ ਹੈ। ਕੀ ਕੋਈ ਦਸ ਸੱਕਦਾ ਹੈ ਕਿ ਸਿੱਖ ਧਰਮ ਦੇ ਬਾਨੀ ਬਾਬਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ, ਗੁਰੂ ਗੋਬਿੰਦ ਸਿੰਘ ਤੇ ਸਿੱਖ ਮਿਸਲਾਂ ਤੱਕ ਸਿੱਖਾਂ ਦਾ ਕਿਹੜਾ ਨਿਤਨੇਮ ਅਤੇ  ਅਰਦਾਸ ਸ?

ਗੁਰੂਆਂ ਭਗਤਾਂ ਦੀ ਬਾਣੀ ਜੋ ਗੁਰੂ ਗ੍ਰੰਥ ਸਾਹਿਬ ਵਿਖੇ ਅੰਕਿਤ ਹੈ ਉਹ ਹੀ ਸਿੱਖਾਂ ਦਾ ਰਾਹ ਦਸੇਰਾ ਤੇ ਮਾਰਗ ਹੈ। ਗੁਰੂਆਂ ਦੇ ਵੇਲੇ ਤੋਂ ਹੀ ਕੱਚੀਆਂ ਰਚਨਾਵਾਂ ਪਿਰਥੀਏ ਤੇ ਮਿਹਰਬਾਨ ਹਿੰਦਾਲੀਏ ਵਰਗੇ ਲਿਖਨ ਲੱਗ ਪਏ ਸਨ। ਇਸ ਲਈ ਗੁਰੂ ਅਰਜਨ ਸਾਹਿਬ ਜੀ ਨੇ ਗੁਰਬਾਣੀ ਐਸੇ ਢੰਗ ਨਾਲ ਲਿਖੀ ਕਿ ਇਸ ਵਿੱਚ ਰਲਾ ਨਾ ਹੋ ਸੱਕੇ ਤੇ ਮੁੰਦਾਵਣੀ ਦੀ ਮੋਹਰ ਲਾ ਦਿੱਤੀ। ਰਾਗ ਮਾਲਾ ਵੀ ਕਿਸੇ ਪੰਥ ਦੋਖੀ ਨੇ ਬਾਅਦ ਵਿੱਚ ਅਖੀਰ ਤੇ ਬਾਣੀ ਤੋਂ ਬਾਅਦ ਜੋੜ ਦਿੱਤੀ ਪਰ ਵਿੱਚ ਵਿਚਾਲੇ ਕੋਈ ਰਲਾ ਨਾਂ ਕਰ ਸਕਿਆ।

ਸੱਚ ਵਿੱਚ ਝੂਠ ਨੂੰ, ਅਤੇ ਅੰਮ੍ਰਿਤ ਵਿੱਚ ਜ਼ਹਿਰ ਨੂੰ ਰਲਾਉਣ ਲਈ ਬਾਮਣ, ਜੋਗੀ, ਮੁੱਲਾਂ ਮੁਲਾਣੇ, ਉਦਾਸੀ, ਨਿਰਮਲੇ, ਪ੍ਰਿਥੀ ਚੰਦੀਏ, ਹਿੰਦਾਲੀਏ, ਮੀਣੇ ਮਸੰਦ ਆਦਿਕ ਧਰਮ ਦਾ ਬੁਰਕਾ ਪਾਈ ਇਹ ਪੁਜਾਰੀਆਂ ਦਾ ਲੋਟੂ ਟੋਲਾ ਕਦ ਦਾ ਤਰਲੋ ਮੱਛੀ ਹੋ ਰਿਹਾ ਸੀ, ਮਨਮੱਤਾਂ ਅਤੇ ਥੋਥੇ ਕਰਮਕਾਂਡਾਂ ਦਾ ਰਲਾ ਕਰਨ ਵਾਸਤੇ। ਜਦ ਇਨ੍ਹਾਂ ਦੀਆਂ ਆਸਾਂ 'ਤੇ ਪਾਣੀ ਫਿਰ ਗਿਆ, ਪਰ ਜਦ ਸਿੱਖਾਂ 'ਤੇ ਔਖਾ ਵੇਲਾ ਆਇਆ, ਉਹ ਜੰਗਲਾਂ ਬੇਲਿਆਂ ਛੰਬਾਂ ਵਿੱਚ ਚਲੇ ਗਏ, ਤਾਂ ਓਦੋਂ ਧਰਮ ਅਸਥਾਨਾਂ ਦੀ ਸੇਵਾ ਸੰਭਾਲ ਤੇ ਨਾਂ 'ਤੇ ਕਾਸ਼ੀ ਬਾਮਣ ਉਦਾਸੀਆਂ ਅਤੇ ਨਿਰਮਲਿਆਂ ਦੇ ਭੇਖ ਵਿੱਚ ਧਰਮ ਪੁਜਾਰੀ ਬਣ ਸਿੱਖ ਧਰਮ ਅਸਥਾਨਾਂ ਵਿੱਚ ਵੀ ਆ ਵੜੇ। ਇਨ੍ਹਾਂ ਨੇ ਗੁਰੂਆਂ ਭਗਤਾਂ ਨੂੰ ਘੱਟ ਪੜ੍ਹੇ ਸਿੱਧ ਕਰਨ ਵਾਸਤੇ, ਇਹ ਸ਼ੋਸ਼ਾ ਛੱਡ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਵਿਦਿਆ ਸਿੱਖਣ ਵਾਸਤੇ ਪੰਜ ਸਿੱਖ ਵਿਦਿਆ ਪੜ੍ਹਨ ਲਈ ਵਿਦਿਆ ਦੇ ਗੜ੍ਹ ਕਾਸੀ ਭੇਜੇ, ਜੋ ਨਿਰਮਲਿਆਂ ਦੇ ਰੂਪ ਵਿੱਚ ਓਦੋਂ ਧਰਮਸ਼ਾਲਾਵਾਂ ਤੇ ਹੁਣ ਡੇਰਿਆਂ ਤੇ ਟਕਸਾਲਾਂ ਵਿੱਚ ਬ੍ਰਾਹਮਣੀ ਰੰਗਤ ਵਾਲੀ ਧਰਮ ਵਿਦਿਆ ਪੜ੍ਹਾ ਰਹੇ ਹਨ। ਟਕਸਾਲਾਂ ਤੇ ਡੇਰਿਆਂ ਵਿੱਚ ਗੁੜਤੀ ਹੀ ਇਨ੍ਹਾਂ ਅਖੌਤੀ ਅਨਮਤੀ ਗ੍ਰੰਥਾਂ ਦੀ ਦਿੱਤੀ ਜਾਂਦੀ ਹੈ।

ਇਹ ਉਦਾਸੀ ਅਤੇ ਭਗਵੇ ਹਿੰਦੂ ਸਾਧੂ ਜੋ ਸੰਸਕ੍ਰਿਤ, ਹਿੰਦੀ ਅਤੇ ਕਈ ਹੋਰ ਭਾਸ਼ਾਵਾਂ ਦੇ ਵਿਦਵਾਨ ਸਨ, ਇਨ੍ਹਾਂ ਨੇ ਕਈ ਪੰਜਾਬੀ ਵਿਦਵਾਨ ਲੇਖਕਾਂ ਨੂੰ ਨਾਲ ਰਲਾ ਕੇ ਅਨੇਕਾਂ ਗ੍ਰੰਥ ਗੁਰਮੁਖੀ ਭਾਸ਼ਾ ਵਿੱਚ ਰਚੇ ਉਨ੍ਹਾਂ ਚੋਂ ਹ -

- ਬਾਲੇ ਵਾਲੀ ਜਨਮ ਸਾਖੀ,
- ਗੁਰਬਿਲਾਸ ਪਾਤਸ਼ਾਹੀ ਛੇਵੀ ਗ੍ਰੰਥ,
- ਪੰਥ ਪ੍ਰਕਾਸ਼,
- ਸੂਰਜ ਪ੍ਰਕਾਸ਼,
- ਭਾਵਰ ਸਿਮਰਤ,
- ਚਾਨਣਕੀਆ,
- ਸਾਰੁਕਤਾਵਲੀ,
- ਬਚਿੱਤਰ ਨਾਟਕ ਜੋ ਬਾਅਦ ਵਿੱਚ ਦਸਮ ਗ੍ਰੰਥ ਬਣਾ ਕੇ, ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਕੇ ਉਸ ਦਾ ਪਾਠ, ਕੀਰਤਨ ਤੇ ਕਥਾ ਵੀ ਸ਼ੁਰੂ ਕਰ ਦਿੱਤੀ।

ਦਮਦਮੀ ਟਕਸਾਲ ਵੀ ਹੁਣ ਤੱਕ ਮਹਿਤਾ ਚੌਂਕ ਵਿਖੇ ਦਸਮ ਗ੍ਰੰਥ ਦਾ ਪ੍ਰਕਾਸ਼ ਬਰਾਬਰ ਗੁਰੂ ਗ੍ਰੰਥ ਸਾਹਿਬ ਜੀ ਦੇ ਕਰਦੀ ਰਹੀ ਹੈ ਤੇ ਨਿਹੰਗ ਸਿੰਘ ਹੁਣ ਵੀ ਕਰ ਰਹੇ ਹਨ, ਇਹ ਤਾਂ ਇੱਕ ਹੋਰ ਗ੍ਰੰਥ ਸਰਬਲੋਹ ਦਾ ਵੀ ਨਾਲ ਹੀ ਪ੍ਰਕਾਸ਼ ਕਰਦੇ ਹਨਸਿੱਖੀ ਬਾਣਾ ਪਾਈ ਇਹ ਕਾਸ਼ੀ ਦਾ ਕੇਸਾਧਾਰੀ ਬਾਮਣ ਟੋਲਾ ਗੁਰੂ ਗ੍ਰੰਥ ਸਾਹਿਬ ਵਿਖੇ ਤਾਂ ਦਾਖਿਲ ਹੋ ਨਾ ਸਕਿਆ, ਪਰ ਵੱਖ ਵੱਖ ਗ੍ਰੰਥਾਂ, ਧਰਮ ਪੁਸਤਕਾਂ, ਰਾਗੀਆਂ, ਗ੍ਰੰਥੀਆਂ, ਪੁਜਾਰੀਆਂ, ਸੰਤਾਂ ਮਹੰਤਾਂ ਧਰਮ ਅਤੇ ਰਾਜਨੀਤਕ ਲੀਡਰਾਂ ਦੇ ਰੂਪ ਵਿੱਚ ਸਿੱਖ ਧਰਮ ਸੰਸਥਾਵਾਂ ਵਿੱਚ ਵੱਡੀ ਪੱਧਰ 'ਤੇ ਦਾਖਿਲ ਹੋ ਚੁੱਕਾ ਹੈ, ਜੋ ਆਏ ਦਿਨ ਗੁਰਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਵਿਸ਼ਵਾਸ਼ ਤੋੜਨ ਲਈ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਿਤਨੇਮ, ਅੰਮ੍ਰਿਤ, ਅਰਦਾਸ, ਮਰਯਾਦਾ, ਨਿਸ਼ਾਨ ਵਿਧਾਨ ਕੈਲੰਡਰ, ਰਹਿਣ ਸਹਿਣ, ਖਾਣ ਪੀਣ, ਉੱਠਣ ਬੈਠਣ ਆਦਿ ਵਿੱਚ ਬਾਮਣੀ ਕਰਮਕਾਂਡ ਰਲਾਈ ਜਾ ਰਿਹਾ ਹੈ। ਸਿੱਖ ਕੌਮ ਨੂੰ ਕੇਸਾਧਰੀ ਹਿੰਦੂਆਂ ਦਾ ਹੀ ਇੱਕ ਫਿਰਕਾ ਪ੍ਰਚਾਰਦਾ ਲਵ ਕਸ਼ ਦੀ ਔਲਾਦ ਦੱਸ ਰਿਹਾ ਹੈ।

ਪਹਿਲੇ ਅੱਜ ਵਰਗੇ ਅਧੁਨਿਕ ਸਾਧਨ ਫੋਨ, ਇੰਟ੍ਰਨੈੱਟ ਆਦਿਕ ਨਾਂ ਹੋਣ ਕਰਕੇ ਇਹ ਟੋਲਾ ਹੀ ਸੰਤ, ਮਹੰਤ, ਭਾਈ, ਗ੍ਰੰਥੀ, ਕਥਾਵਾਚਕ, ਪ੍ਰਚਾਰਕ ਅਤੇ ਧਰਮ ਤੇ ਰਾਜਨੀਤਕ ਲੀਡਰ ਬਣ ਹਰ ਰੋਜ ਧਰਮ ਅਸਥਾਨਾਂ ਗੁਰਦੁਆਰਿਆਂ ਵਿੱਚ ਰਾਤ ਦਿਨ ਪ੍ਰਚਾਰ ਕਰਦਾ ਸੀ ਤੇ ਆਮ ਸੰਗਤ ਨੂੰ ਇਸ ਨੇ ਕੇਵਲ ਭਾੜੇ ਦੇ ਕਥਾ, ਕੀਰਤਨ, ਪਾਠ, ਅਰਦਾਸਾਂ ਆਦਿਕ ਕਰਮਕਾਂਡਾਂ ਵਿੱਚ ਲਾ ਛੱਡਿਆ ਸੀ। ਬਾਣੀ ਗਲਤ ਪੜ੍ਹਨ ਦੀ ਬੇਅਦਬੀ ਦਾ ਡਰਾਵਾ ਦੇ ਕੇ ਸ਼ਰਧਾਲੂਆਂ ਨੂੰ ਆਪ ਪੜ੍ਹਨ ਤੋਂ ਡਰਾਇਆ ਹੋਇਆ ਸੀ। ਇਤਿਹਸਕ ਗੁਰਦੁਆਰਿਆਂ ਅਤੇ ਸਿੱਖ ਤਖਤਾਂ 'ਤੇ ਵੀ ਇਹ ਟਕਸਾਲੀ ਡੇਰੇਦਾਰ ਨਿਰਮਲੇ ਕਾਬਜ ਸਨ। ਸੈਂਕੜੇ ਸਾਲਾਂ ਤੋਂ ਇਨ੍ਹਾਂ ਦੇ ਬ੍ਰਾਹਮਣੀ ਗ੍ਰੰਥਾਂ ਦੀ ਰੰਗਤ ਵਾਲੇ ਬੋਲ ਹੀ ਸਿੱਖ ਸੰਗਤਾਂ ਦੇ ਕੰਨੀ ਪੈ ਰਹੇ ਸਨ। ਗੁਰੂ ਗ੍ਰੰਥ ਸਾਹਿਬ ਨੂੰ ਰੇਸ਼ਮੀ ਰੁਮਾਲਿਆਂ, ਏਅਰ ਕੰਡੀਸ਼ਨ ਕਮਰਿਆਂ ਵਿੱਚ ਅੰਨ੍ਹੀ ਸ਼ਰਧਾ ਦੇ ਨਾਂ 'ਤੇ ਲੁਕੋ ਕੇ ਰੱਖਿਆ ਗਿਆ ਸੀ। ਇਨ੍ਹਾਂ ਲੋਕਾਂ ਨੇ ਆਪੋ ਆਪਣੀ ਮਰਜੀ ਦੇ ਅੰਮ੍ਰਿਤ, ਨਿਤਨੇਮ, ਆਰਤੀਆਂ, ਅਰਦਾਸਾਂ ਅਤੇ ਮਰਯਾਦਾ ਚਲਾਈਆਂ ਹੋਈਆਂ ਸਨ। ਜਦ ਅੰਗ੍ਰੇਜਾਂ ਦੇ ਰਾਜ ਤੋਂ ਬਾਅਦ ਪ੍ਰੋ. ਗੁਰਮੁਖ ਸਿੰਘ ਅਤੇ ਗਿਆਨੀ ਦਿੱਤ ਸਿੰਘ ਵਰਗੇ ਗੁਰਮਤੀ ਵਿਦਵਾਨ ਉੱਠੇ ਗੁਰਮਤਿ ਦਾ ਪ੍ਰਚਾਰ ਹੋਇਆ ਤੇ ਸਿੱਖ ਮਰਯਾਦਾ ਨੂੰ ਇੱਕਸਾਰ ਕਰਨ ਲਈ 1932 ਈਸਵੀ ਵਿੱਚ ਵੱਖ ਵੱਖ ਜਥੇਬੰਦੀਆਂ ਦਾ ਇਕੱਠ ਹੋਇਆ, ਉਸ ਵੇਲੇ ਵੀ ਵੀ ਜਿਆਦਾ ਇਹ ਸੰਪ੍ਰਦਾਈ, ਡੇਰੇਦਾਰ ਅਤੇ ਨਿਰਮਲੇ ਆਦਿਕ ਸ਼ਾਮਲ ਹੋਏ ਜਾਂ ਇਨ੍ਹਾਂ ਦੇ ਸਿਖਆਰਥੀ ਰਾਗੀ ਗ੍ਰੰਥੀ ਕਥਾਵਾਚ ਗਿਆਨੀ ਪ੍ਰਚਾਰਕ ਆਦਿ ਤਾਂ ਉਸ ਵੇਲੇ ਵੀ ਗੁਰਮਤੀ ਸਿੱਖ ਵਿਦਵਾਨਾਂ ਦੀ ਗਿਣਤੀ ਘੱਟ ਸੀ। ਇਸ ਕਰਕੇ 1932 ਵਿੱਚ ਬਣ ਕੇ ਜੋ 1945 ਵਿੱਚ ਲਾਗੂ ਹੋਈ ਮਰਯਾਦਾ ਹੈ ਉਸ ਵਿੱਚ ਵੀ ਇਹ ਲੋਕ ਅਖੌਤੀ ਦਸਮ ਗ੍ਰੰਥ ਅਤੇ ਕੁਝ ਸੰਪ੍ਰਦਾਈ ਕਰਮਕਾਂਡ ਸ਼ਾਮਲ ਕਰਾਉਣ ਵਿੱਚ ਭਾਰੂ ਰਹੇ।

ਹੁਣ ਜਮਾਨਾਂ ਬਦਲ ਗਿਆ ਹੈ। ਸਾਰਾ ਸੰਸਾਰ ਇੰਟ੍ਰਨੈੱਟ ਆਦਿਕ ਇਲੈਕਟ੍ਰੌਨਕ ਮੀਡੀਏ ਰਾਹੀਂ ਗਲੋਬਲ ਹੋ ਨੇੜੇ ਹੋ ਗਿਆ ਹੈ। ਜੋ ਸਿੱਖ ਡਰਦੇ ਗੁਰੂ ਗ੍ਰੰਥ ਸਾਹਿਬ ਘਰਾਂ ਵਿੱਚ ਨਹੀਂ ਰੱਖ ਸਕਦੇ ਸਨ, ਉਹ ਹੁਣ ਘਰੇ ਬੈਠੇ ਇੰਟ੍ਰਨੈੱਟ ਫੇਸ ਬੁੱਕ ਆਦਿਕ 'ਤੇ ਬੜੀ ਅਸਾਨੀ ਨਾਲ ਅਰਥਾਂ ਸਮੇਤ ਪੜ੍ਹ ਵਿਚਾਰ ਲੈਂਦੇ ਹਨ। ਹੁਣ ਗੁਰਸਿੱਖ ਆਸ ਵਿਡਾਣੀ ਦੀ ਛੱਟ ਲਾਹੀ ਜਾ ਰਹੇ ਹਨ। ਹੁਣ ਤੱਕ ਇਨ੍ਹਾਂ ਸੰਪ੍ਰਦਾਈ ਧਰਮ ਪੁਜਾਰੀਆਂ ਨੇ ਗੁਰਦੁਆਰਿਆਂ ਵਿੱਚ ਧਰਮ ਕਰਮ ਵੀ ਸੇਲ ਤੇ ਲਾ ਰੱਖਿਆ ਸੀ ਪਾਠ, ਕੀਰਤਨ, ਕਥਾ ਆਰਦਾਸਾਂ ਸਭ ਮੁੱਲ ਵਿਕ ਰਹੀਆਂ ਸਨ ਤੇ ਅੱਜ ਵੀ ਹਨ। ਇਨ੍ਹਾਂ ਕਪਟੀ ਧਰਮ ਪੁਜਾਰੀਆਂ ਨੇ ਸਿੱਖ ਕੌਮ ਦਾ ਮਿਲੀਆਨ ਟ੍ਰੀਲਅਨ ਸਰਮਾਇਆ ਸੰਗ ਮਰਮਰੀ ਬਿਲਡਿੰਗਾਂ, ਭਾੜੇ ਦੇ ਪਾਠਾਂ, ਕੀਰਤਨਾਂ ਅਤੇ ਮਾਲਾ ਫੇਰੂ ਜਪਾਂ ਤਪਾਂ ਤੇ ਗਿਣਤੀ ਮਿਣਤੀ ਦੇ ਮੰਤ੍ਰ ਪਾਠਾਂ ਤੇ ਬਰਬਾਦ ਕਰ ਦਿੱਤਾ ਹੈ। ਇਹ ਪੁਜਾਰੀ ਟੋਲਾ ਦੋਹੀਂ ਹੱਥੀਂ ਹੇੜਾਂ ਦੇ ਰੂਪ ਵਿੱਚ ਹੜ ਹੜ ਕਰਦਾ ਸਿੱਖੀ ਦੀ ਹਰਿਆਵਲ ਖੇਤੀ ਨੂੰ ਅਵਾਰਾ ਪਸ਼ੂਆਂ ਵਾਂਗ ਉਜਾੜ ਰਿਹਾ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਇਨ੍ਹਾਂ ਧਰਮ ਪੁਜਾਰੀਆਂ ਨੂੰ ਉਜਾੜੇ ਕਾ ਬੰਧ ਕਿਹਾ ਸੀ- ਕਾਦੀ ਕੂੜੁ ਬੋਲਿ ਮਲੁ ਖਾਇ ਬ੍ਰਾਹਮਣੁ ਨ੍ਹਾਵੈ ਜੀਆਂ ਘਾਇ ਜੋਗੀ ਜੁਗਤਿ ਨ ਜਾਣੈ ਅੰਧੁ ਤੀਨੈ ਓਜਾੜੇ ਕਾ ਬੰਧੁ॥ (662)

ਅਖੀਰ 'ਤੇ ਦਾਸ ਦਾ ਇਨ੍ਹਾਂ ਪੁਜਾਰੀ ਨੁਮਾਂ ਪ੍ਰਬੰਧਕਾਂ ਅਤੇ ਪ੍ਰਚਾਰਕਾਂ ਨੂੰ ਸਵਾਲ ਹੈ ਕਿ ਜਦ ਬਾਬਾ ਨਾਨਕ ਸਾਹਿਬ ਧਰਮ ਪ੍ਰਚਾਰ ਤੇ ਘਰੋਂ ਤੁਰੇ ਸਨ, ਤਾਂ ਉਨ੍ਹਾਂ ਨੇ ਆਪਣੇ ਨਾਲ ਕਿੰਨੇ ਰਾਗੀ, ਗ੍ਰੰਥੀ, ਪ੍ਰਚਾਰਕ, ਢਾਡੀ, ਕਵਿਸ਼ਰ, ਢੋਲਕੀਆਂ ਤੇ ਚਿਮਟੇ ਕੁੱਟਣ ਵਾਲੇ ਅਤੇ ਲਾਂਗਰੀ ਰਸੋਈਏ ਰੱਖ ਹੋਏ ਸਨ? ਜਦ ਕਿ ਭਾਈ ਗੁਰਦਾਸ ਜੀ ਦਸਦੇ ਹਨ ਕਿ- ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਇਤਿਹਾਸ ਦਸਦਾ ਹੈ ਕਿ ਇਕੱਲੇ ਬਾਬਾ ਨਾਨਕ ਸਾਹਿਬ ਜੀ ਨੇ ਤਿੰਨ ਕਰੋੜ ਨੂੰ ਰੱਬੀ ਗਿਆਨ ਵੰਡ ਕੇ ਸਿੱਖ ਬਣਾਇਆ। ਤੇ ਅੱਜ ਦੀਆਂ ਧਰਮ ਪੁਜਾਰੀਆਂ ਤੇ ਪ੍ਰਬੰਧਕਾਂ ਦੀਆਂ ਹੇੜਾਂ ਨੇ ਸਿੱਖੀ ਦੇ ਇਸ ਹਰਿਆਵਲ ਬੂਟੇ ਨੂੰ ਉਜਾੜਨ ਵਿੱਚ ਕੋਈ ਕਸਰ ਨਹੀਂ ਛੱਡੀ, ਸਗੋਂ ਹੁਣ ਤਾਂ ਜੜਾਂ ਵੱਡਣ ਤੱਕ ਜਾ ਰਹੇ ਹਨ। ਇਨ੍ਹਾਂ ਨੇ ਸਿੱਖਾਂ ਦਾ ਇੱਕ ਗ੍ਰੰਥ-ਪੰਥ, ਨਿਸ਼ਾਨ, ਵਿਧਾਨ ਤੇ ਕੌਮੀ ਨਾਨਕਸ਼ਾਹੀ ਕੈਲੰਡਰ ਵੀ ਨਹੀਂ ਰਹਿਣ ਦਿੱਤਾ।

 ਬਾਹਰਲਾ ਭੇਖ ਸਿੱਖੀ ਦਾ ਧਾਰਨ ਕਰਕੇ ਸਿੱਖ ਕੌਮ ਦੇ ਆਲਮਗੀਰ ਸਿਧਾਂਤਾਂ ਨੂੰ ਅਖੌਤੀ ਦਸਮ ਗ੍ਰੰਥ, ਸ਼ੂਰਜ ਪ੍ਰਕਾਸ਼, ਗੁਰਬਿਲਾਸ ਪਾਤਸ਼ਾਹੀ ਛੇਵੀਂ, ਵੱਖ ਵੱਖ ਰਹਿਤਨਾਮੇ ਤੇ ਆਪੋ ਆਪਣੀਆਂ ਸੰਪ੍ਰਦਾਈ ਮਰਯਾਦਾਵਾਂ ਰਾਹੀਂ ਰੋਲ ਰਹੇ ਹਨ ਤੇ ਇਸ ਸਭ ਕਾਸੇ ਨੂੰ ਸੀਨੇ ਬਸੀਨੇ ਚੱਲੀ ਆ ਰਹੀ ਮਰਯਾਦਾ ਕਹਿ ਕੇ ਜਬਰੀ ਥੋਪ ਰਹੇ ਹਨ। ਹੁਣ ਕੁਝ ਪੰਥਕ ਜਥੇਬੰਦੀਆਂ, ਨੌਜਵਾਨ, ਬਾਬਾ ਗੁਰਬਖਸ਼ ਸਿੰਘ  ਕਾਲਾ ਅਫਗਾਨਾ ਵਰਗੇ ਵਿਦਵਾਨ, ਸਿੰਘ ਸਭਾ ਇੰਟ੍ਰਨੈਸ਼ਨਲ ਕਨੇਡਾ, ਸਿੱਖ ਮਾਰਗ, ਸਿੱਖ ਵਿਰਸਾ, ਸਿੱਖ ਸਪੋਕਸਮੈਨ, ਯੂ ਨਿਊਜ ਟੂਡੇ ਅਤੇ ਵਿਸ਼ੇਸ਼ ਕਰਕੇ ਹਕੀਕਤ ਰੂਪ ਵਿੱਚ ਖਾਲਸਾ ਨਿਊਜ਼ ਅਤੇ ਖਾਸ ਕਰਕੇ ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਸੁੱਚੀ ਬਾਣੀ ਨਾਲ ਜੁੜਨ, ਜੋੜਨ, ਪੜ੍ਹਨ, ਵਿਚਾਰਨ ਅਤੇ ਅਮਲੀ ਰੂਪ ਵਿੱਚ ਧਾਰਨ  ਦਾ ਧੜੱਲੇ ਨਾਲ ਹਿੱਕ ਤੇ ਹੱਥ ਰੱਖ ਕੇ ਪ੍ਰਚਾਰ ਤੇ ਪਸਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਅਸੀਂ ਵੀ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ. ਦੇ ਸਮੂੰਹ ਸੇਵਾਦਾਰ ਕਿਰਤੀ ਸਿੱਖ ਉਨ੍ਹਾਂ ਦੇ ਨਾਲ ਕੇਵਕ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਰੱਬੀ ਰਹਿਬਰ, ਗਿਆਨ ਤੇ ਕਲਿਆਣ ਦਾਤਾ ਮੰਨਦੇ ਤੇ ਲਿਖ, ਬੋਲ ਕੇ ਪ੍ਰਚਾਰ ਰਹੇ ਹਾ। ਗੁਰੂ ਗ੍ਰੰਥ ਸਾਹਿਬ ਹੀ ਸਿੱਖਾਂ ਦੇ ਸੰਪੂਰਨ ਗੁਰੂ ਹਨ, ਇਸ ਲਈ ਹਰ ਧਰਮ ਕਰਮ ਵਿੱਚ ਉਨ੍ਹਾਂ ਦੀ ਪਵਿੱਤਰ ਬਾਣੀ ਦੀ ਹੀ ਅਗਵਾਈ ਲੈਣੀ ਚਾਹੀਦੀ ਹੈ, ਨਾ ਕਿ ਹੋਰਨਾਂ ਗ੍ਰੰਥਾਂ ਪਿੱਛੇ ਲੱਗ ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਘਟਾਉਣੀ ਤੇ ਉਸ ਦੀ ਸੰਪੂਰਨਤਾ ਤੇ ਪ੍ਰਸ਼ਨ ਚਿੰਨ ਲਾਉਣਾ ਚਾਹੀਦਾ ਹੈ।

ਭਲਿਓ ਜੇ ਅਸੀਂ ਹਰ ਵੇਲੇ ਧਰਮ ਅਸਥਾਨਾਂ ਵਿੱਚ ਵੀ ਪੜ੍ਹਦੇ ਤੇ ਅਰਦਾਸ ਕਰਦੇ ਹਾਂ ਕਿ- ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ ਫਿਰ ਹੋਰ ਕਵੀਆਂ ਦੇ ਗ੍ਰੰਥਾਂ ਨੂੰ ਵਿੱਚ ਕਿਉਂ ਘਸੋੜ ਦੇ ਹਾਂ ?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top