Share on Facebook

Main News Page

ਪੰਜ ਪਿਆਰਿਆਂ ਸਬੰਧੀ ਫੈਸਲਾ ਲੈਣ ਲਈ ਮੱਕੜ ਨੇ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਪਹਿਲੀ ਜਨਵਰੀ ਨੂੰ ਰੱਖੀ ਤੱਤਕਾਲ ਮੀਟਿੰਗ

- ਗਰੇਵਾਲ ਨੇ ਕੀਤੀ ਜਥੇਦਾਰ, ਮੱਕੜ ਤੇ ਖੰਡੇ ਨਾਲ ਮੁਲਾਕਾਤ
- 2 ਜਨਵਰੀ ਨੂੰ ਮੱਕੜ ਸਮੇਤ ਅੰਤਰਿੰਗ ਕਮੇਟੀ ਨੂੰ ਕੀਤਾ ਜਾ ਸਕਦਾ ਹੈ ਅਕਾਲ ਤਖਤ ‘ਤੇ ਤਲਬ
- ਪੰਜ ਪਿਆਰਿਆਂ ਕੋਲੋ ਕੋਈ ਪੰਥ ਦੋਖੀ ਸ਼ਖਸ਼ੀਅਤ ਜਾਂ ਜਥੇਬੰਦੀਆਂ ਮਰਿਆਦਾ ਦਾ ਉਲੰਘਣ ਕਰਵਾ ਰਹੀਆਂ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਅੰਮ੍ਰਿਤਸਰ 30 ਦਸੰਬਰ (ਜਸਬੀਰ ਸਿੰਘ ਪੱਟੀ): ਤਖਤਾਂ ਦੇ ਜਥੇਦਾਰਾਂ ਦੀ ਸੇਵਾ ਮੁਕਤੀ ਨੂੰ ਲੈ ਕੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਪੰਜ ਪਿਆਰਿਆਂ ਵਿੱਚ ਚੱਲਦਾ ਟਕਰਾਅ ਚਰਮ ਸੀਮਾ 'ਤੇ ਪੁੱਜ ਗਿਆ ਹੈ ਅਤੇ ਪੰਜ ਪਿਆਰਿਆਂ ਨੇ ਜਿਥੇ 2 ਜਨਵਰੀ 2016 ਤੱਕ ਦਾ ਸ਼੍ਰੋਮਣੀ ਕਮੇਟੀ ਨੂੰ ਸਮਾਬੱਧ ਕੀਤਾ ਹੈ, ਉਥੇ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ. ਅਵਤਾਰ ਸਿੰਘ ਮੱਕੜ ਨੇ ਇਸ ਮਾਮਲੇ 'ਤੇ ਵਿਚਾਰ ਕਰਨ ਲਈ ਪਹਿਲੀ ਜਨਵਰੀ ਨਵੇਂ ਸਾਲ ਦਿਨ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਰੱਖ ਲਈ ਹੈ, ਜਿਸ ਵਿੱਚ ਅਹਿਮ ਫੈਸਲਾ ਲਏ ਜਾਣ ਦੀ ਸੰਭਾਵਨਾ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ. ਅਵਤਾਰ ਸਿੰਘ ਮੱਕੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਣਕਾਰੀ ਦਿੱਤੀ ਕਿ ਪੰਜ ਪਿਆਰਿਆਂ ਦਾ ਮਾਮਲਾ ਕਾਫੀ ਸੰਗੀਨ ਹੈ, ਅਤੇ ਉਹ ਸਮੂਹ ਪੰਥਕ ਜਥੇਬੰਦੀਆਂ ਨੂੰ ਅਪੀਲ ਕਰਦੇ ਹਨ, ਕਿ ਉਹ ਇਸ ਮਾਮਲੇ ਦੇ ਹੱਲ ਲਈ ਕੋਸ਼ਿਸ਼ ਕਰਨ। ਉਹਨਾਂ ਪੰਜ ਪਿਆਰਿਆਂ ਨੂੰ ਤਾੜਨਾ ਕਰਦਿਆਂ ਵੀ ਕਿਹਾ ਕਿ ਪੰਜ ਪਿਆਰਿਆਂ ਨੂੰ ਸਿਰਫ ਅੰਮ੍ਰਿਤ ਅਭਿਲਾਖੀਆ ਨੂੰ ਸਿਰਫ ਅੰਮ੍ਰਿਤ ਛੱਕਾਉਣ ਤੱਕ ਹੀ ਸੀਮਤ ਰਹਿਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜਥੇਦਾਰਾਂ ਦੀ ਨਿਯੁਕਤੀ ਦੇ ਸੇਵਾ ਮੁਕਤੀ ਦੇ ਅਧਿਕਾਰ ਸਿਰਫ ਤਾਂ ਸਿਰਫ ਸ਼੍ਰੋਮਣੀ ਕਮੇਟੀ ਦੇ ਕੋਲ ਹੀ ਹਨ। ਉਹਨਾਂ ਖਦਸ਼ਾ ਜ਼ਾਹਿਰ ਕੀਤਾ ਕਿ ਪੰਜ ਪਿਆਰਿਆਂ ਕੋਲੋ ਕੋਈ ਪੰਥ ਦੋਖੀ ਸ਼ਖਸ਼ੀਅਤ ਜਾਂ ਜਥੇਬੰਦੀਆਂ ਮਰਿਆਦਾ ਦਾ ਉਲੰਘਣ ਕਰਵਾ ਰਹੀਆਂ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਸ਼ੋਸ਼ਲ ਮੀਡੀਆ 'ਤੇ ਸ਼੍ਰੋਮਣੀ ਕਮੇਟੀ ਤੇ ਹੋਰ ਧਾਰਮਿਕ ਮੁਦਿਆਂ ਨੂੰ ਲੈ ਕੇ ਕੀਤੇ ਜਾਂਦੇ ਕੂੜ ਪ੍ਰਚਾਰ ਸਬੰਧੀ, ਉਹਨਾਂ ਕਿਹਾ ਕਿ ਇਸ ‘ਤੇ ਨਿਗਾਹ ਰੱਖਣ ਲਈ ਇੱਕ ਸ਼੍ਰੋਮਣੀ ਕਮੇਟੀ ਦੇ ਐਡੀਸ਼ਨਲ ਸਕੱਤਰ ਸ੍ਰ. ਦਲਜੀਤ ਸਿੰਘ ਬੇਦੀ ਦੀ ਨਿਗਰਾਨੀ ਹੇਠ ਇੱਕ ਟੀਮ ਦਾ ਗਠਨ ਕੀਤਾ ਗਿਆ ਹੈ, ਜਿਹੜੀ ਕਨੂੰਨੀ ਕਾਰਵਾਈ ਨੂੰ ਯਕੀਨੀ ਬਣਾਏਗੀ।

ਇਸ ਤੋਂ ਪਹਿਲਾਂ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਗਰੇਵਾਲ ਦੇ ਵਫ਼ਦ ਨੇ ਜਥੇਦਾਰ ਅਕਾਲ ਤਖਤ ਨਾਲ ਵੀ ਮੁਲਾਕਾਤ ਕੀਤੀ ਤੇ ਪੰਜ ਪਿਆਰਿਆਂ ਨਾਲ ਚੱਲਦੇ ਵਿਵਾਦ ਸਬੰਧੀ ਵਿਚਾਰ ਚਰਚਾ ਕੀਤੀ। ਇਸੇ ਤਰ੍ਹਾਂ ਗਰੇਵਾਲ ਨੇ ਪੰਜ ਪਿਆਰਿਆਂ ਦੇ ਮੁੱਖੀ ਭਾਈ ਸਤਿਨਾਮ ਸਿੰਘ ਖੰਡਾ ਤੇ ਦੂਸਰੇ ਪਿਆਰੇ ਭਾਈ ਸਤਨਾਮ ਸਿੰਘ ਨਾਲ ਵੀ ਗੱਲਬਾਤ ਕੀਤੀ। ਮੁਲਾਕਤ ਉਪਰੰਤ ਖੰਡਾ ਨੇ ਕਿਹਾ ਕਿ ਜੋ ਵੀ ਉਹਨਾਂ ਕੋਲੋਂ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਹਰਗੋਬਿੰਦ ਸਾਹਿਬ ਨੇ ਕਰਵਾਇਆ ਹੈ, ਉਹ ਬਿਲਕੁਲ ਠੀਕ ਕਰਵਾਇਆ ਤੇ ਪੰਜ ਪਿਆਰਿਆਂ ਦੀ ਸ਼੍ਰੋਮਣੀ ਕਮੇਟੀ ਵੱਲੋ ਛੁੱਟੀ ਕੀਤੇ ਜਾਣ ਬਾਰੇ ਪੁੱਛੇ ਜਾਣ 'ਤੇ ਉਹਨਾਂ ਕਿਹਾ ਕਿ ਇਸ ਦੀ ਉਹਨਾਂ ਨੂੰ ਕੋਈ ਚਿੰਤਾ ਨਹੀਂ ਹੈ।

ਸਿੱਖ ਸਟੂਡੈਂਟ ਫੈਡਰੇਸ਼ਨ (ਗਰੇਵਾਲ) ਦੇ ਪ੍ਰਧਾਨ ਸ੍ਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਉਹਨਾਂ ਨੇ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ, ਪੰਜ ਪਿਆਰਿਆਂ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨਾਲ ਗੱਲਬਾਤ ਕੀਤੀ ਹੈ ਅਤੇ ਉਹਨਾਂ ਨੂੰ ਉਮੀਦ ਹੈ ਕਿ ਉਹ ਮਸਲੇ ਦਾ ਹੱਲ ਲੱਭ ਲੈਣਗੇ। ਉਹਨਾਂ ਕਿਹਾ ਕਿ ਵੱਖ ਵੱਖ ਜਥੇਬੰਦੀਆਂ ਨੂੰ ਇਸ ਦੇ ਸੰਕਟ ਦੇ ਹੱਲ ਲਈ ਅੱਗੇ ਆਉਣਾ ਚਾਹੀਦਾ ਹੈ।

ਗਰੇਵਾਲ ਵੱਲੋ ਭਾਂਵੇ ਮਸਲਾ ਹੱਲ ਕਰ ਲੈਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਮਾਮਲਾ ਇਸ ਕਦਰ ਪੇਚੀਦਾ ਹੋ ਗਿਆ ਹੈ ਕਿ ਪੰਜ ਪਿਆਰੇ ਆਪਣੇ 23 ਅਕਤੂਬਰ 2015 ਦੇ ਲਏ ਗਏ ਫੈਸਲੇ 'ਤੇ ਜਥੇਦਾਰਾਂ ਨੂੰ ਬਰਖਾਸਤਗੀ ਤੇ ਅੜੇ ਹੋਏ ਹਨ ਅਤੇ ਉਹਨਾਂ ਨੇ ਇਸ ਸਬੰਧੀ ਤਿੰਨ ਵਾਰੀ ਸ਼੍ਰੋਮਣੀ ਕਮੇਟੀ ਨੂੰ ਜਥੇਦਾਰਾਂ ਦੀ ਛੁੱਟੀ ਲਈ ਆਦੇਸ਼ ਜਾਰੀ ਕੀਤੇ ਹਨ, ਜਿਹਨਾਂ ਦੀ ਤਾਮੀਲ ਨਹੀਂ ਹੋ ਸਕੀ ਤੇ 2 ਜਨਵਰੀ ਨੂੰ ਹੁਣ ਪੰਜ ਪਿਆਰਿਆਂ ਕੋਲ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਸਮੇਤ ਪ੍ਰਧਾਨ ਨੂੰ ਤਲਬ ਕਰਨ ਤੋਂ ਸਿਵਾਏ ਹੋਰ ਕੋਈ ਰਸਤਾ ਬਾਕੀ ਨਹੀਂ ਬਚਿਆ ਹੈ ਤੇ ਉਹ ਇਸ ਵਾਰੀ 2 ਜਨਵਰੀ ਨੂੰ ਅਜਿਹਾ ਕਰ ਸਕਦੇ ਹਨ।

ਇਸ ਤੋਂ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਨੇ ਜਥੇਦਾਰਾਂ ਦੇ ਆਦੇਸ਼ਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਕਿਹਾ ਹੈ ਕਿ ਪੰਜ ਪਿਆਰਿਆਂ ਕੋਲ ਅਜਿਹਾ ਕਰਨ ਦਾ ਕੋਈ ਅਧਿਕਾਰ ਨਹੀਂ ਹੈ। 2 ਜਨਵਰੀ ਜੇਕਰ ਪੰਜ ਪਿਆਰੇ ਸ਼੍ਰੋਮਣੀ ਕਮੇਟੀ ਦੇ ਅੰਤਰਿੰਗ ਕਮੇਟੀ ਨੂੰ ਤਲਬ ਕਰਨ ਦਾ ਐਲਾਨ ਕਰਦੇ ਹਨ, ਤਾਂ ਮਾਮਲਾ ਸੁਲਝਣ ਦੀ ਬਜਾਏ ਹੋਰ ਉਲਝ ਸਕਦਾ ਹੈ।

ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਦੇ ਗਲਿਆਰਿਆਂ ਵਿੱਚ ਇਹ ਵੀ ਚਰਚਾ ਪਾਈ ਜਾ ਰਹੀ ਹੈ ਕਿ ਪਹਿਲੀ ਜਨਵਰੀ ਨੂੰ ਹੋਣ ਵਾਲੀ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਵਿੱਚ ਪੰਜ ਪਿਆਰਿਆਂ ਦੀ ਛੁੱਟੀ ਕੀਤੀ ਜਾ ਸਕਦੀ ਹੈ, ਜਦ ਕਿ ਉਹਨਾਂ ਦਾ ਇੱਕ ਸਾਥੀ ਮੇਜਰ ਸਿੰਘ ਭਲਕੇ 31 ਦਸੰਬਰ ਨੂੰ ਸੇਵਾ ਮੁਕਤ ਹੋ ਰਿਹਾ ਹੈ, ਤੇ ਵੈਸੈ ਵੀ ਪੰਜ ਪਿਆਰੇ ਘੱਟ ਗਿਣਤੀ ਵਿੱਚ ਰਹਿ ਜਾਣਗੇ। ਪੰਜ ਪਿਆਰਿਆਂ ਦੀ ਅੜੀ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਹਾਲਤ ਇਸ ਵੇਲੇ ਸੱਪ ਦੇ ਮੂੰਹ ਵਿੱਚ ਕੋਹੜਕਿਰਲੀ ਵਰਗੀ ਬਣੀ ਪਈ ਹੈ, ਜੇਕਰ ਉਹ ਪੰਜ ਪਿਆਰਿਆਂ ਦੀ ਛੁੱਟੀ ਕਰਦੇ ਹਨ, ਤਾਂ ਸੰਗਤਾਂ ਦਾ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਜੇਕਰ ਉਹ ਛੁੱਟੀ ਨਹੀਂ ਕਰਦੇ, ਤਾਂ ਉਹਨਾਂ ਨੂੰ ਸਮੁੱਚੀ ਅਤੰਰਿੰਗ ਕਮੇਟੀ ਸਮੇਤ ਅਕਾਲ ਤਖਤ 'ਤੇ ਤਲਬ ਹੋਣਾ ਪੈ ਸਕਦਾ ਹੈ, ਜੋ ਇਤਿਹਾਸ ਵਿੱਚ ਪਹਿਲੀ ਘਟਨਾ ਹੋਵੇਗੀ।

ਅੰਤਰਿੰਗ ਕਮੇਟੀ ਵੀ ਪੰਜ ਪਿਆਰਿਆਂ ਦੇ ਮਾਮਲੇ ਨੂੰ ਲੈ ਕੇ ਧੜਿਆਂ ਵਿੱਚ ਵੰਡੀ ਪਈ ਹੈ। ਦੋ ਵਿਰੋਧੀ ਧਿਰ ਦੇ ਮੈਂਬਰ ਸ੍ਰ. ਮੰਗਲ ਸਿੰਘ ਸੰਧੂ ਤੇ ਸ੍ਰ. ਭਜਨ ਸਿੰਘ ਸ਼ੇਰਗਿੱਲ ਪੰਜ ਪਿਆਰਿਆਂ ਨਾਲ ਸਹਿਮਤ ਹਨ, ਜਦ ਕਿ ਹਾਕਮ ਧਿਰ ਨਾਲ ਸਬੰਧਿਤ ਮੈਂਬਰ ਸ੍ਰ. ਸੁਖਦੇਵ ਸਿੰਘ ਭੌਰ ਤੇ ਕਰਨੈਲ ਸਿੰਘ ਪੰਜੋਲੀ ਵੀ ਪੰਜ ਪਿਆਰਿਆਂ ਦੀ ਪਰੰਪਰਾ ਦਾ ਹਵਾਲਾ ਦੇ ਕੇ ਪੰਜ ਪਿਆਰਿਆਂ ਵੱਲੋਂ ਕੀਤੀ ਗਈ ਕਾਰਵਾਈ ਨੂੰ ਦਰੁਸਤ ਮੰਨਦੇ ਹਨ। ਪ੍ਰਧਾਨ ਸਮੇਤ 15 ਮੈਂਬਰਾਂ ਵੱਲੋ ਪੰਜ ਪਿਆਰਿਆਂ ਦੀ ਛੁੱਟੀ ਸਿਰਫ ਬਹੁਸੰਮਤੀ ਦੇ ਅਧਾਰ 'ਤੇ ਹੀ ਕੀਤੀ ਜਾ ਸਕਦੀ ਹੈ।

ਮੀਟਿੰਗ ਸਬੰਧੀ ਜਦੋਂ ਸ੍ਰ. ਮੰਗਲ ਸਿੰਘ ਸੰਧੂ ਨੂੰ ਪੁੱਛਿਆ ਗਿਆ, ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਮੀਟਿੰਗ ਦੇ ਸੱਦਾ ਤਾਂ ਜ਼ਰੂਰ ਆਇਆ ਹੈ, ਕਿ ਪੰਥਕ ਵਿਚਾਰਾਂ ਕਰਨੀਆਂ ਹਨ। ਉਹਨਾਂ ਕਿਹਾ ਕਿ ਜੇਕਰ ਪੰਜ ਪਿਆਰਿਆਂ ਦਾ ਛੁੱਟੀ ਦਾ ਮਾਮਲਾ ਹੋਇਆ, ਤਾਂ ਉਹ ਮੀਟਿੰਗ ਦਾ ਬਾਈਕਾਟ ਕਰਨਗੇ।

ਪੰਜ ਪਿਆਰਿਆਂ ਦੇ ਮੁੱਖੀ ਭਾਈ ਸਤਨਾਮ ਸਿੰਘ ਖੰਡਾ ਨੇ ਕਿਹਾ ਕਿ 2 ਜਨਵਰੀ ਨੂੰ ਵੱਡਾ ਫੈਸਲਾ ਲਿਆ ਜਾਵੇਗਾ, ਜਿਹੜਾ ਇਤਿਹਾਸਕ ਹੋਵੇਗਾ। ਉਹਨਾਂ ਕਿਹਾ ਕਿ ਪਹਿਲੀ ਜਨਵਰੀ ਸ਼੍ਰੋਮਣੀ ਕਮੇਟੀ ਪ੍ਰਧਾਨ ਜੋ ਮਰਜ਼ੀ ਫੈਸਲਾ ਲਵੇ 2 ਨੂੰ ਪੰਜ ਪਿਆਰਿਆਂ ਦੀ ਮੀਟਿੰਗ ਹੋਵੇਗੀ। ਸ਼੍ਰੋਮਣੀ ਕਮੇਟੀ ਦੇ ਸੂਤਰਾਂ ਮਿਲੀ ਜਾਣਕਾਰੀ ਅਨੁਸਾਰ ਦੋਵੇ ਸਤਨਾਮ ਸਿੰਘ ਨੌਕਰੀ ਤੋਂ ਡਿਸਮਿਸ ਕਰ ਦਿੱਤੇ ਜਾਣਗੇ ਅਤੇ ਮੰਗਲ ਸਿੰਘ ਤਰਲੋਕ ਮੁਅੱਤਲ ਜਦ ਕਿ ਮੇਜਰ ਸਿੰਘ ਰੀਟਾਇਰ ਹੋ ਜਾਵੇਗਾ। ਸ਼੍ਰੋਮਣੀ ਕਮੇਟੀ ਦੇ ਨਿਯਮਾਂ ਮੁਤਾਬਕ ਜਿਹੜਾ ਮੁਲਾਜ਼ਮ ਲਗਾਤਰ ਆਪਣੀ ਡਿਊਟੀ ਤੋਂ ਨੌ ਦਿਨ ਗੈਰ ਹਾਜਰ ਹੋ ਜਾਂਦਾ ਹੈ, ਉਸ ਨੂੰ ਸ਼੍ਰੋਮਣੀ ਕਮੇਟੀ ਡਿਸਮਿਸ ਕਰ ਸਕਦੀ ਹੈ, ਜਿਸ ਦੀ ਕਿਸੇ ਵੀ ਅਦਾਲਤ ਵਿੱਚ ਵੀ ਸੁਣਵਾਈ ਨਹੀਂ ਹੋ ਸਕਦੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top