Share on Facebook

Main News Page

ਅਖੌਤੀ ਦਸਮ ਗ੍ਰੰਥ ਬਾਰੇ ਖੁੱਲ੍ਹੀ ਵਿਚਾਰ ਚਰਚਾ
-:
ਅਵਤਾਰ ਸਿੰਘ ਮਿਸ਼ਨਰੀ 510 432 5827

ਗੁਰਬਾਣੀ ਕੇਵਲ ਗੁਰੂ ਗ੍ਰੰਥ ਸਾਹਿਬ ਵਿਖੇ ਦਰਜ ਹੈ ਜੇ ਗੁਰੂ ਗੋਬਿੰਦ ਸਿੰਘ ਬਾਣੀ ਉਚਾਰਦੇ, ਲਿਖਦੇ ਉਹ ਵੀ ਗੁਰੂ ਗ੍ਰੰਥ ਸਾਹਿਬ ਵਿਖੇ ਦਰਜ ਹੋਣੀ ਸੀ ਕਿਉਂਕਿ ਬਾਕੀ ਗੁਰੂ ਸਹਿਬਾਨਾਂ, ਭਗਤਾਂ, ਭੱਟਾਂ ਅਤੇ ਸਿੱਖਾਂ ਦੀ ਬਾਣੀ ਮਨੁੱਖਤਾ ਦੇ ਸਰਬਸਾਂਝੇ ਪਵਿਤ੍ਰ ਗ੍ਰੰਥ ਗੁਰ ਗ੍ਰੰਥ ਸਾਹਿਬ ਵਿਖੇ ਦਰਜ ਹੈ। ਬਾਕੀ ਜਿਸ ਗ੍ਰੰਥ ਵਿੱਚ ਇਹ ਰਚਨਾਵਾਂ ਹਨ, ਉਸ ਵਿੱਚ ਇਤਨਾਂ ਅਸ਼ਲੀਲ ਤੇ ਗੰਦ ਲਿਖਿਆ ਪਿਆ ਹੈ। ਕੀ ਗੁਰਬਾਣੀ, ਅਜਿਹੇ ਗੈਰ ਗੁਰੂ ਪਦਵੀ ਵਾਲੇ, ਕਵੀਆਂ ਦੀਆਂ ਰਚਨਾਵਾਂ ਵਾਲੇ ਗ੍ਰੰਥ ਵਿੱਚ ਅੰਕਤ ਹੋ ਸਕਦੀ ਹੈ?

ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਿੱਖ ਦੀ ਹਰ ਤਰ੍ਹਾਂ ਨਾਲ ਅਗਵਾਈ ਕਰ ਸਕਦੀ ਹੈ ਫਿਰ ਸਿੱਖ ਨੂੰ ਹੋਰਨਾਂ ਗ੍ਰੰਥਾਂ ਤੇ ਟੇਕ ਨਹੀਂ ਰੱਖਣੀ ਚਾਹੀਦੀ। ਜਿਵੇਂ ਔਰਤ ਦਾ ਪਤੀ ਇੱਕ ਹੀ ਹੁੰਦਾ ਹੈ ਇਵੇਂ ਹੀ ਸਿੱਖ ਦਾ ਗੁਰੂ-ਪਤੀ ਵੀ ਇੱਕ ਹੀ ਹੈ ਦੋ ਨਹੀਂ। ਹਾਂ ਕੰਪੈਰੇਟਿਵ ਸਟੱਡੀ ਲਈ ਦੁਨੀਆਂ ਦਾ ਕੋਈ ਗ੍ਰੰਥ ਵੀ ਪੜ੍ਹਿਆ ਵਿਚਾਰਿਆ ਜਾ ਸਕਦਾ ਹੈ। ਪਤਾ ਨਹੀਂ ਅੱਜ ਸਿੱਖ ਦਾ ਪੱਕਾ ਯਕੀਨ ਗੁਰੂ ਮਾਨਿਓਂ ਗ੍ਰੰਥ ਤੇ ਨਹੀਂ ਰਿਹਾ ਜਿਸ ਬਾਰੇ ਨਿਤ ਅਰਦਾਸਿ ਕਰਦਾ ਹੈ ਕਿ-ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ॥ ਅੱਜ ਸਿੱਖ ਕੌਮ ਨੂੰ ਸਿਧਾਂਤਕ ਤੌਰ ਤੇ ਜਾਗਣ ਦੀ ਲੋੜ ਹੈ।

ਖਾਲਸਾ ਜੀ! ਜਦੋਂ ਤੋਂ ਹੀ ਦਸਮ ਗ੍ਰੰਥ ਹੋਂਦ ਵਿੱਚ ਆਇਆ ਹੈ ਉਦੋਂ ਤੋਂ ਹੀ ਇਹ ਗ੍ਰੰਥ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦਾ ਕਾਰਣ ਕੀ ਹੈ? ਕਾਰਣ ਬੜਾ ਸਪੱਸ਼ਟ ਹੈ। ਇਸ ਗ੍ਰੰਥ ਦੀ ਕਵਿਤਾ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲ ਮੂਲਕ ਤੌਰ 'ਤੇ ਟਕਰਾਉਂਦੀ ਹੈ। ਜਿਸ ਗ੍ਰੰਥ ਨੂੰ ਅਸੀਂ ਆਪਣੇ ਪਰਿਵਾਰ ਵਿੱਚ, ਮਾਂ-ਬਾਪ, ਭੈਣ-ਭਰਾ ਇਕੱਠੇ ਬੈਠ ਕੇ ਪੜ੍ਹ ਵੀ ਨਹੀਂ ਸਕਦੇ, ਉਹ ਕਿਸੇ ਕੌਮ ਦਾ ਗ੍ਰੰਥ ਕਿਵੇਂ ਸਵੀਕਾਰ ਕੀਤਾ ਜਾ ਸਕਦਾ ਹੈ?

ਸ਼੍ਰੋ. ਗੁ. ਪ੍ਰ. ਕਮੇਟੀ ਨੇ ਵੀ ਆਪਣੇ ੩ ਅਗਸਤ, ੧੯੭੩ ਦੇ ਪੱਤਰ ਨੰ: ੩੬੬੭੨ ਵਿੱਚ ਸਿੰਘ ਸਹਿਬਾਨ ਸ੍ਰੀ ਦਰਬਾਰ ਸਾਹਿਬ ਅਤੇ ਜੱਥੇਦਾਰ ਸ੍ਰੀ ਅਕਾਲ ਤਖਤ ਦੀ ਰਾਇ ਲਿਖੀ ਸੀ ਕਿ "ਚਰਿਤ੍ਰੌਪਖਿਆਨ ਜੋ ਦਸਮ ਗ੍ਰੰਥ ਵਿੱਚ ਅੰਕਿਤ ਹਨ, ਇਹ ਦਸ਼ਮੇਸ਼ ਬਾਣੀ ਨਹੀਂ। ਇਹ ਹਿੰਦੂ ਮਿਥਿਹਾਸਿਕ ਸਾਖੀਆਂ ਦਾ ਉਤਾਰਾ ਹੈ", ਪਰ ਅੱਜ ਦੇ ਸਾਰੇ ਦੇ ਸਾਰੇ ਵਿਕ ਚੁੱਕੇ ਪੁਜਾਰੀ, ਜੱਥੇਦਾਰ ਅਕਾਲ ਤਖਤ, ਮੁੜ ਆਪਣੇ ਹੀ ਫੈਸਲੇ ਦੇ ਉਲਟ ਕੰਮ ਕਿਉਂ ਕਰ ਰਹੇ ਹਨ? ਸਾਫ ਜ਼ਾਹਰ ਹੈ ਕਿ ਉਨ੍ਹਾਂ ਦੀ ਘੰਟੀ ਕਿਤੋਂ ਹੋਰ ਵਜਾਈ ਜਾ ਰਹੀ ਹੈ!

ਦਸਮ ਗ੍ਰੰਥ ਦੀ ਵੰਨਗੀ ਪੇਸ਼ ਕਰਦੀਆਂ ਕੁਝ ਉਦਾਹਰਣਾਂ

ਐਸੀ ਫਬਤ ਦੁਹੁੰਨ ਕੀ ਜੋਰੀ॥ ਜਨੁਕ ਕ੍ਰਿਸ਼ਨ ਭ੍ਰਿਖਭਾਨ ਕਿਸ਼ੋਰੀ॥ ੧੧॥ ਦੁਹੂੰ ਹਾਥ ਤਿਹ ਕੁਚਨ ਮਰੋਰੈ॥ ਜਨ ਖੋਯੋ ਨਿਧਨੀ ਧਨੁ ਟੋਰੈ॥ ੧੨॥ ਬਾਰ ਬਾਰ ਤਿਹ ਗਰੇ ਲਗਾਵੈ॥ ਜਨੁ ਕੰਦ੍ਰਪ ਕੋ ਦੱਰਪੁ ਮਿਟਾਵੈ॥ ਭੋਗਤ ਤਾਂਹਿ ਜੰਘ ਲੈ ਕਾਂਧੇ॥ ਜਨੁ ਦਵੈ ਮੈਨ ਤਰਕਸਨ ਬਾਂਧੇ॥ ੧੩॥ (ਦ. ਗ. ਪੰਨਾ ੯੬੭ ਚਰਿਤ੍ਰ ੧੧੧) ਦੋਹਾਂ (ਪਿਆਰ ਕਰਨ ਵਾਲਿਆਂ) ਦੀ ਜੋੜੀ ਇਸ ਤਰ੍ਹਾਂ ਫੱਬ ਰਹੀ ਸੀ ਜਿਵੇਂ ਕ੍ਰਿਸ਼ਨ ਤੇ ਉਨ੍ਹਾਂ ਦੀ ਪਿਆਰੀ ਰਾਧਾ ਦੀ ਜੋੜੀ ਹੋਵੇ। ਦੋਹਾਂ ਹੱਥਾਂ ਨਾਲ ਮੰਮੇ ਇਉਂ ਮਰੋੜੇ ਜਾ ਰਹੇ ਸਨ ਜਿਵੇਂ ਕੋਈ ਗਰੀਬ ਆਪਣਾ ਗਵਾਚਿਆ ਹੋਇਆ ਧਨ ਲੱਭ ਰਿਹਾ ਹੋਵੇ। ਉਹ ਬਾਰ ਬਾਰ ਔਰਤ ਨੂੰ ਗਲੇ ਲਗਾ ਰਿਹਾ ਸੀ ਤੇ ਲੱਤਾਂ ਮੋਢਿਆਂ ਤੇ ਰੱਖ ਕੇ ਕਾਮ ਕ੍ਰੀੜਾ (ਸੈਕਸ) ਕਰ ਰਹੇ ਸਨ। ਉਹ ਦੋਨੋ ਜਣੇ ਇੰਝ ਲੱਗ ਰਹੇ ਸਨ ਜਿਵੇਂ ਭੱਥੇ ਵਿੱਚ ਬੱਧੇ ਹੋਏ ਤੀਰ ਹੋਣ।

ਤ੍ਰਿਯ ਕੀ ਝਾਂਟ ਨ ਮੂੰਡੀ ਜਾਈ॥ ਬੇਦ ਪੁਰਾਨਨ ਮੈ ਸੁਨਿ ਪਾਈ॥ ਹਸਿ ਕਰਿ ਰਾਵ ਬਚਨ ਯੌ ਠਾਨਯੋ॥ ਮੈਂ ਅਪੁਨੇ ਜਿਯ ਸਾਚ ਨ ਜਾਨਯੋ॥ ਤੈਂ ਤ੍ਰਿਯਾ ਹਮ ਸੋ ਝੂਠ ਉਚਾਰੀ॥ ਹਮ ਮੂੰਡੈਂਗੇ ਝਾਂਟਿ ਤਿਹਾਰੀ॥ ਤੇਜ ਅਸਤੁਰਾ ਏਕ ਮੰਗਾਯੋ॥ ਨਿਜ ਕਰ ਗਹਿਕੈ ਰਾਵ ਚਲਾਯੋ॥ ਤਾਂ ਕੀ ਮੂੰਡਿ ਝਾਂਟਿ ਸਭ ਡਾਰੀ॥ ਦੈਕੈ ਹਸੀ ਚੰਚਲਾ ਤਾਰੀ॥ (ਚਰਿਤ੍ਰ ੧੯੦) ਜਹਾਂਗੀਰ ਆਦਿਲ ਮਰਿ ਗਯੋ॥ ਸ਼ਾਹਿਜਹਾਂ ਹਜਰਤਿ ਜੂ ਭਯੋ॥ ਦਰਿਯਾ ਖਾਂ ਪਰ ਅਧਿਕ ਰਿਸਾਯੋ॥ ਮਾਰਨ ਚਹਯੋ ਹਾਥ ਨਹਿ ਆਯੋ॥ (ਦਸਮ ਗ੍ਰੰਥ ਪੰਨਾ ੯੧੬ ਚਰਿਤ੍ਰ ੮੨) ਆਦਿਲ ਦਾ ਮਤਲਬ ਹੈ ਨਿਆਂਕਾਰ। ਜਿਸ ਗੁਰੂ ਗੋਬਿੰਦ ਸਿੰਘ ਜੀ ਦੇ ਦਾਦੇ ਪਿਤਾ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਜਹਾਂਗੀਰ ਨੇ ਜੇਲ੍ਹ ਵਿੱਚ ਡੱਕੀ ਰੱਖਿਆ ਹੋਵੇ, ਪੜ-ਦਾਦੇ ਪਿਤਾ ਗੁਰੂ ਅਰਜਨ ਦੇਵ ਜੀ ਨੁੰ ਤੱਤੀ ਤਵੀ ਤੇ ਬਿਠਾ ਕੇ ਉਪਰੋਂ ਤੱਤੀ ਰੇਤ ਪਾ ਕੇ ਜਿਉਂਦੇ ਜੀਅ ਸਾੜ ਦਿੱਤਾ ਗਿਆ ਹੋਵੇ, ਇਸ ਤਰ੍ਹਾਂ ਦੇ ਰਾਜੇ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕਲਮ ਕਦੇ ਵੀ ਨਿਆਂਕਾਰ ਨਹੀਂ ਲਿਖ ਸਕਦੀ। ਬਾਕੀ ਜਹਾਂਗੀਰ ਨੇ ਤੁਜਕੇ ਜਹਾਂਗੀਰ ਵਿੱਚ ਸਿੱਖ ਲਹਿਰ ਨੂੰ ਝੂਠ ਦੀ ਦੁਕਾਨ ਕਿਹਾ ਹੈ, 'ਦੁਕਾਨ ਏ ਬਾਤਾਲ'। ਇਸ ਦੇ ਬਾਵਜੂਦ ਵੀ ਤੁਸੀਂ ਕਿਸ ਦਲੀਲ ਨਾਲ ਇਹ ਮੰਨਣ ਨੂੰ ਤਿਆਰ ਹੋ ਕਿ ਗੁਰੂ ਗੋਬਿੰਦ ਸਿੰਘ ਜੀ ਜਹਾਂਗੀਰ ਨੂੰ ਨਿਆਂਕਾਰ ਲਿਖ ਸਕਦੇ ਸਨ?

ਸੱਤ ਵਾਰ ਕੱਢੀ ਸ਼ਰਾਬ ਦੇ ਰੰਗ-ਹੋ ਸਾਤਬਾਰ ਮਦਿਯਾਨ ਤੇ ਮਦਹਿ ਚੁਆਇ ਕਰਿ॥੫॥ (ਚਰਿਤ੍ਰ ੨੯੬, ਪੰਨਾ ੧੨੪੪॥) ਬਲੀ ਆਠ ਸੈ ਮਹਿਖ ਮੰਗਾਯੋ॥ ਭੱਛ ਭੋਜ ਪਕਵਾਨ ਪਕਾਯੋ॥ ਮਦਰਾ ਅਧਿਕ ਤਹਾ ਲੈ ਧਰਾ॥ ਸਾਤ ਬਾਰ ਜੁ ਚੁਆਇਨਿ ਕਰਾ॥ ੧੦॥ (ਚਰਿਤ੍ਰ ੩੩੦ ਪੰਨਾ ੧੨੮੬) ਸੋਈ ਮਦ ਲੈ ਤਹਾ ਸਿਧਾਈ॥ ਸਾਤ ਬਾਰ ਬਹੁ ਭਾਂਤ ਚੁਆਈ॥ (ਚਰਿਤ੍ਰ ੩੮੧ ਪੰਨਾ੧੩੩੭)

ਦਸਮ ਗ੍ਰੰਥ ਵਿਚੋਂ ਕੇਸ ਨਾਸ ਸਿਖਿਆ-ਜਿਹੜੇ ਗੁਰੂ ਸਾਹਿਬ ਨੇ ਆਪਣੇ ਹੱਥੀਂ ਖਲਾਸੇ ਨੂੰ ਪੰਜ ਕਰਾਰਾਂ ਦੀ ਬਖਸ਼ਿਸ਼ ਕੀਤੀ ਹੋਵੇ, ਓਹੀ ਗੁਰੂ ਸਾਹਿਬ, ਕਿਸੇ ਔਰਤ ਦੇ ਕਿਸੇ ਆਦਮੀ ਨਾਲ ਲੰਬਾ ਸਮਾਂ ਨਾਜ਼ਾਇਜ ਸ਼ਰੀਰਕ ਸਬੰਧ ਬਣਾਈ ਰੱਖਣ ਲਈ ਤੇ ਉਸੇ ਹੀ ਔਰਤ ਦੇ ਆਪਣੇ ਪਤੀ ਦੇ ਅੱਖਾਂ ਵਿੱਚ ਘੱਟਾ ਪਾ ਕੇ ਕਾਮ ਕ੍ਰੀੜਾ ਕਰਨ ਲਈ, ਕੇਸ ਨਾਸਕ ਪਾਉਡਰ ਵਰਤਣ ਦੀ ਤਜ਼ਵੀਜ ਕਦੇ ਵੀ ਨਹੀਂ ਸਨ ਕਰ ਸਕਦੇ। ਕੇਸ ਨਾਸਕ ਪਾਊਡਾਰ ਦੁਨੀਆਂ ਵਿੱਚ ਪਹਿਲੀ ਵਾਰ ਸੰਨ ੧੮੪੦ ਵਿੱਚ ਨਿਊਯਾਰਕ ਵਿੱਚ ਵਿਕਿਆ ਹੈ। ਇਸ ਕਰਕੇ ਇਹ ਗ੍ਰੰਥ ਵੀ ੧੮੭੦-੮੦ ਵਿੱਚ ਹੀ ਲਿਖਿਆ ਗਿਆ ਹੈ।
ਤਾਂਹਿ ਕੇਸ ਅਰਿ ਬਕਤ੍ਰ ਲਗਾਯੋ॥ ਸਭ ਕੇਸਨ ਕੌ ਦੂਰਿ ਕਰਾਯੋ॥ ਪੁਰਖ ਤੇ ਇਸਤ੍ਰੀ ਕਰਿ ਡਾਰੀ॥ ਮਿਤ ਪਤਿ ਲੈ ਤੀਰਥਨ ਸਿਧਾਰੀ॥ (ਚਰਿਤ੍ਰ ੧੩੮ ਪੰਨਾ ੧੦੧੭) ਉਸ ਦੇ ਮੂੰਹ ਤੇ ਵਾਲ-ਸਾਫ ਤੇਲ ਲਾਇਆ ਅਤੇ ਉਸਦੇ ਵਾਲ ਸਾਫ ਕਰ ਦਿੱਤੇ। ਉਸਨੁੰ ਪੁਰਖ ਤੋਂ ਇਸਤਰੀ ਬਣਾ ਦਿੱਤਾ ਅਤੇ ਮਿਤਰ ਤੇ ਪਤੀ ਨੂੰ ਨਾਲ ਲੈ ਕੇ ਤੀਰਥ ਯਾਤਰਾ ਤੇ ਚੱਲ ਪਈ। ਬੋਲਿ ਭੇਦ ਸਭ ਪਿਯਹਿ ਸਿਖਾਯੋ॥ ਰੋਮਨਾਸ ਤਿਹ ਬਦਨ ਲਗਾਯੋ॥ ਸਭ ਹੀ ਕੇਸ ਦੂਰ ਕਰਿ ਡਾਰੇ॥ ਪੁਰਖ ਨਾਰਿ ਨਹਿ ਜਾਤ ਬਿਚਾਰੇ॥ (ਚਰਿਤ੍ਰ ੩੫੨ ਪੰਨਾ ੧੩੦੮)

ਐ ਮੇਰੇ ਪਿਆਰੇ ਵੀਰੋ ਤੇ ਭੈਣੋ! ਜ਼ਰਾ ਕੁ ਸੋਚੋ, ਕੀ ਗੁਰੂ ਗੋਬਿੰਦ ਸਿੰਘ ਜੀ ਖਾਲਸੇ ਨੂੰ ਕੇਸ ਰੱਖਣੇ ਜ਼ਰੂਰੀ ਕਰਕੇ, ਆਪ ਹੀ ਕੇਸ ਨਾਸਕ ਪਾਊਡਰ ਨਾਲ ਕੇਸ ਲਾਹ ਕੇ, ਕਿਸੇ ਜ਼ਨਾਨੀ ਨੂੰ ਕਿਸੇ ਹੋਰ ਮਰਦ ਨਾਲ ਰੰਗ ਰਲੀਆਂ ਮਨਾਉਣ ਦੇ ਤਰੀਕੇ ਵੀ ਦੱਸਣਗੇ? ਜਿਸ ਗ੍ਰੰਥ ਵਿੱਚ ਨੌਜਵਾਨ ਛੋਕਰੇ ਨੂੰ ਤੰਘ ਕਰਨ ਲਈ ਪਿਠ (ਗਾਂਡ) ਵਿੱਚ ਭੱਖੜੇ ਦਾ ਕੰਡਾ ਦੇਣ ਦੀ ਤਜਵੀਜ਼ ਦੱਸੀ ਗਈ ਹੋਵੇ, ਕੀ ਉਹ ਗ੍ਰੰਥ ਗੁਰੂ ਗੋਬਿੰਦ ਸਿੰਘ ਦਾ ਲਿਖਿਆ ਹੋ ਸਕਦਾ ਹੈ?

ਸਿਸ ਕੀ ਗੁਦਾ ਗੋਖਰੂ (ਭੱਖੜੇ ਦਾ ਕੰਡਾ) ਦਿਯਾ॥ ਤਾਂਤੇ ਅਧਿਕ ਦੁਖਤਿ ਤਹਿ ਕੀਯਾ॥ (ਚਰਿਤ੍ਰ ੩੭੮, ਅੰਕ-੫) ਚਰਿਤ੍ਰ ੪੦੨ ਦੀ ਸੰਖੇਪ ਵਿਚਾਰ (ਦਸਮ ਗ੍ਰੰਥ ਪੰਨਾ-੧੩੫੬)

ਚਿੰਜੀ ਸ਼ਹਿਰ ਦੇ ਰਾਜੇ ਚਿੰਗਸ ਸੇਨ ਨੂੰ ਇੱਕ ਸਦਾ ਕੁਆਰਿ ਜਵਾਨ ਕੁੜੀ ਆਪਣੇ ਘਰ ਬੁਲਾ ਕੇ ਕਾਮ ਵਾਸ਼ਨਾ ਅਧੀਨ ਹੱਥ ਜੋੜਦੀ ਹੈ ਤੇ ਪੈਰੀਂ ਡਿਗਦੀ ਹੋਈ ਤਰਲੇ ਲੈਂਦੀ ਹੈ ਪਰ ਰਾਜਾ ਨਹੀਂ ਮੰਨਦਾ ਤਾਂ ਆਪਣੀਆਂ ਸਹੇਲੀਆਂ ਰਾਹੀਂ ਉਸ ਰਾਜੇ ਦੀਆਂ ਬਾਹਵਾਂ ਜਕੜ ਕੇ, ਪੱਗ ਲਹਾ ਕੇ, ਉਸ ਦੇ ਸਿਰ ਵਿੱਚ ੭੦੦ ਜੁਤੀ ਮਾਰਨ ਉਪ੍ਰੰਤ ਦਮ ਦਿਵਾ ਕੇ ੯੦੦ ਜੁੱਤੀ ਹੋਰ ਮਾਰਦੀ ਹੈ ਇਉਂ ੧੬੦੦ ਜੁੱਤੀ ਝੱਲਨ ਪਿਛੋਂ ਰਾਜਾ ਭੋਗ ਕਰਨ ਲਈ ਤਿਆਰ ਹੋ ਜਾਂਦਾ ਹੈ। ਦਸਮ ਗ੍ਰੰਥ ਦੀ ਰਚਨਾ ਵਿੱਚ ਇਸ ਤਰ੍ਹਾਂ ਲਿਖਿਆ ਹੈ-

ਜਬ ਭੁਪਤਿ ਇੱਕ ਬਾਤ ਨਾ ਮਾਨੀ॥ ਸ਼ਾਹ ਸੁਤਾਤਬ ਅਧਿਕ ਰਸਾਨੀ॥ ੧੬॥ ਸ਼ਖੀਯਨ ਨੈਨ ਸੈਨ ਕਰ ਦਈ॥ ਰਾਜਾ ਕੀ ਬਹੀਆਂ ਗਹਿ ਲਈ॥ ਪਕਰ ਰਾਵ ਕੀ ਪਾਗ ਉਤਾਰੀ॥ ਪੰਨਹੀ ਮੂੰਡ ਸਤ ਸੇ ਝਾਰੀ॥ ੧੮॥ ਸ਼ਾਹ ਸੁਤਾ ਜਬ ਯੋ ਸੁਨਿ ਪਾਈ॥ ਨੈਨ ਸੈਨ ਦੇ ਸਖੀ ਹਟਾਈ॥ …ਆਪੁ ਗਹੀ ਰਾਜਾ ਪਹਿ ਧਾਇ॥ ਕਾਮ ਭੋਗ ਕੀਨਾ ਲਪਟਾਇ॥ ੨੩॥ ਪੋਸਤ, ਭਾਂਗ, ਅਫੀਮ ਖਿਲਾਏ॥ ਆਸਨ ਤਾਂ ਤਰ ਦਿਯੋ ਬਨਾਇ॥ ਚੁੰਬਨ ਰਾਇ ਅਲਿੰਗਨ ਲਏ॥ ਲਿੰਗ ਦੇਤ ਤਿਹ ਭਗ ਮੋਂ ਭਏ॥ ੨੪॥ ਭੱਗ ਮੋ ਲਿੰਗ ਦਿਯੋ ਰਾਜਾ ਜਬ॥ ਰੁਚ ਉਪਜੀ ਤਰਨੀ ਕੇ ਜਿਯ ਤਬ॥ ਲਪਟਿ ਲਪਟਿ ਆਸਨ ਤਰ ਗਈ॥ ਚੁੰਮਨ ਕਰਤ ਭੂਪ ਕੇ ਭਈ॥੨੫॥ ਇਸ ਤੋਂ ਅੱਗੇ ਵੀ ਇਹ ਰਚਨਾ ਇੰਝ ਹੀ ਚਲੀ ਜਾ ਰਹੀ ਹੈ। ੪੦੨ ਚਰਿਤ੍ਰ ਵਿਚੋਂ ਸਿਖਿਆ ਤਾਂ ਇਹੀ ਮਿਲਦੀ ਹੈ ਕਿ ਜੇ ਜਨਾਨੀ ਸੈਕਸ ਵਾਸਤੇ ਅਵਾਜ ਮਾਰੇ ਤਾਂ ਢਿੱਲ੍ਹ ਨਹੀਂ ਕਰਨੀ ਚਾਹੀਦੀ ਨਹੀਂ ਤਾਂ ਰਾਜੇ ਵਾਂਗਰ ੧੬੦੦ ਜੁੱਤੀ ਖਾ ਕੇ ਵੀ ਜਨਾਨੀ ਨਾਲ ਸੈਕਸ ਤਾਂ ਕਰਨਾ ਹੀ ਪੈਣਾ ਹੈ।

ਪੁਨਿ ਹਰਿ ਰਾਮਾਨੰਦ ਕੋ ਕਰਾ॥ ਭੇਸ ਬੈਰਾਗੀ ਕੋ ਜਿਨਿ ਧਰਾ॥ ਕੰਠੀ ਕੰਠਿ ਕਾਠ ਕੀ ਡਾਰੀ॥ ਪ੍ਰਭ ਕੀ ਕ੍ਰਿਆ ਨ ਕਛੂ ਬਿਚਾਰੀ॥ ੨੫॥ ਜੇ ਪ੍ਰਭ ਪਰਮ ਪੁਰਖ ਉਪਜਾਏ॥ ਤਿਨ ਤਿਨ ਆਪਨੇ ਰਾਹ ਚਲਾਏ॥ ਮਹਾਦੀਨ ਤਬਿ ਪ੍ਰਬ ਉਪਰਾਜਾ॥ ਅਰਬ ਦੇਸ ਕੇ ਕੀਨੋ ਰਾਜਾ॥ ੨੬॥ (ਬਚਿਤ੍ਰ ਨਾਟਕ, ਅਧਿਆਇ ਛੇਵਾਂ)

ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਸ ਬਚਿਤ੍ਰ ਨਾਟਕ ਨੂੰ ਗੁਰੂ ਜੀ ਦੀ ਆਪਣੀ ਜ਼ਬਾਨੀ ਸੁਣਾਈ ਜੀਵਨੀ ਮੰਨਿਆ ਜਾਂਦਾ ਹੈ ਕੀ ਇਹ ਗਲਤ ਨਹੀ? ਕੀ ਗੁਰੂ ਗੋਬਿੰਦ ਸਿੰਘ ਜੀ ਨੂੰ ਇਤਿਹਾਸ ਦੀ ਕੋਈ ਵੀ ਵਾਕਫੀਅਤ ਨਹੀਂ ਸੀ? ਇਹ ਤਾਂ ਹੋ ਨਹੀਂ ਸਕਦਾ ਕਿ ਗੁਰੂ ਜੀ ਨੂੰ ਇਤਿਹਾਸ ਦੀ ਜਾਣਕਾਰੀ ਨਾਂ ਹੋਵੇ ਸਗੋਂ ਇਸ ਗ੍ਰੰਥ ਦਾ ਤਾਂ ਲਿਖਾਰੀ ਹੀ ਕੋਈ ਹੋਰ ਹੈ। ਬਚਿਤ੍ਰ ਨਾਟਕ ਦੇ ਇਸ਼ਟ ਦੀ ਭਾਵਨਾ ਵੀ ਗੁਰੂ ਗ੍ਰੰਥ ਸਾਹਿਬ ਦੇ ਇਸ਼ਟ ਨਾਲ ਮੇਲ ਨਹੀਂ ਖਾਂਦੀ।

ਸਿਰਫ ਟੂਕ ਮਾਤਰ ੧. ਦਸਮ ਗ੍ਰੰਥ ਪੰਨਾ ੨੫੪ ਤੇ ੴ ਵੀ ਗੁਰੂ ਗ੍ਰੰਥ ਸਾਹਿਬ ਵਾਲੇ ੴ ਨਾਲ ਮਿਲਦਾ ਨਹੀਂ ਤੇ ਫਤਹ (ਫਤੇ) ਫਤਹਿ ਦੇ ਵਿੱਚ ਵੀ ਅੰਤਰ ਹੈ। ਇਹ ਇਸ ਕਰਕੇ ਨਹੀਂ ਕਿ ਲਿਖਾਰੀ ਨੂੰ ਲਿਖਣਾ ਨਹੀਂ ਆਉਂਦਾ ਬਲਕਿ ਸਾਨੂੰ ਸਾਡੀ ਅਸਲੀਅਤ ਨਾਲੋਂ ਤੋੜਨ ਦੇ ਮਕਸਦ ਨਾਲ ਇਹ ਕੀਤਾ ਜਾ ਰਿਹਾ ਹੈ ਕਿ ਕੱਲ੍ਹ ਨੂੰ ਸਿੱਖ ਸੰਗਤਾਂ ਨੂੰ ਇਹ ਪਤਾ ਹੀ ਨਾਂ ਚੱਲੇ ਕਿ ੴ ਤੇ ਫਤਹਿ ਕਿਵੇਂ ਲਿਖੇ ਜਾਂਦੇ ਹਨ?

ਇਤਿ ਸ੍ਰੀ ਦੇਵੀ ਜੂ ਕੀ ਉਸਤਤਿ ਸਮਾਪਤਮ॥ (ਦਸਮ ਗ੍ਰੰਥ ੨੫੫)
ਇਤਿ ਦੇਵਕੀ ਕੋ ਜਨਮ ਬਰਨੰਨ ਪ੍ਰਿਥਮ ਧਿਆਇ ਸਮਾਪਤਮ ਸਤੁ॥
(ਦਸਮ ਗ੍ਰੰਥ ੨੫੬)

ਸਵਾਲ ਇਹ ਹੈ ਕਿ ਕੀ ਗੁਰੂ ਗੋਬਿੰਦ ਸਿੰਘ ਜੀ ਦੇਵੀਆਂ ਦੀ ਉਸਤਤਿ ਕਰਨ ਲਈ ਗ੍ਰੰਥ ਲਿਖ ਰਹੇ ਸਨ?

ਸਿੱਖੋ ਜਾਗੋ! ਗੁਰੂਆਂ-ਭਗਤਾਂ ਦੇ ਸਿਧਾਂਤਕ ਵਿਚਾਰਾਂ ਦੀ ਜਾਣਕਾਰੀ ਹਾਸਲ ਕਰੋ, ਗੁਰਬਾਣੀ ਤੋਂ ਵਾਕਿਫ ਹੋਵੋ ਫਿਰ ਸਿੱਖੀ ਵਿੱਚ ਮਿਲਾਵਟ ਕਰਨ ਦਾ ਕੋਈ ਵੀ ਹੀਆ ਨਹੀਂ ਕਰੇਗਾ। ਜਿਤਨੀ ਦੇਰ ਸਿੱਖ ਆਪ ਸਮਝ ਕੇ ਬਾਣੀ ਤੋਂ ਅਗਵਾਈ ਨਹੀਂ ਲੈਂਦਾ ਉਤਨੀ ਦੇਰ ਤਕ ਸਾਧ ਤੇ ਸੰਪ੍ਰਦਾਈ ਲਾਣਾ ਸਾਨੂੰ ਕੁਰਾਹੇ ਪਾਉਂਦਾ ਹੀ ਰਹੇਗਾ। ਦਮਦਮੀ ਟਕਸਾਲ ਇਸ ਦਸਮ ਗ੍ਰੰਥ ਦਾ ਪ੍ਰਕਾਸ਼ ਸਿੱਖ ਰਹਿਤ ਮਰਯਾਦਾ ਦੇ ਉਲਟ ਚੌਂਕ ਮਹਿਤਾ ਵਿੱਚ ਕਰਦੀ ਹੈ। ਕੀ ਇਹ ਸਿੱਖ ਹਨ? ਜੋ ਆਪ ਤਾਂ ਸਿੱਖ ਰਹਿਤ ਮਰਯਾਦਾ ਨੂੰ ਮੰਨਦੇ ਨਹੀਂ ਪਰ ਦੂਸਰਿਆਂ ਤੇ ਤੁਹਮਤਾਂ ਲਾ ਕੇ ਬਦਨਾਮ ਕਰਦੇ ਹਨ। ਧੁੰਮੇ ਵਰਗੇ ਕੇਸਾਧਾਰੀ ਬ੍ਰਾਹਮਣਾਂ ਨੇ ਟਕਸਾਲ ਦਾ ਤਾਂ ਬ੍ਰਾਹਮਣੀਕਰਨ ਕੀਤਾ ਹੀ ਕੀਤਾ ਹੈ ਹੁਣ ਸਮੁੱਚੀ ਸਿੱਖ ਕੌਮ ਦਾ ਹੀ ਕਰੀ ਜਾ ਰਹੇ ਹਨ। ਸਿੱਖ ਹੋ ਕੇ ਹਵਨ ਕਰਨੇ, ਗੁਰੂ ਗ੍ਰੰਥ ਸਾਹਿਬ ਜੀ ਦੇ ਚਲ ਰਹੇ ਪਾਠ ਨਾਲ ਜੋਤਾਂ ਬਾਲਣੀਆਂ, ਪਾਠੀ ਨੂੰ ਚੁੱਪ ਕਰਾ ਕੇ ਮੱਧ ਦੀ ਅਰਦਾਸਿ ਕਰਨੀ, ਅਰਦਾਸਿ ਵਿੱਚ ਕੜਾਹ ਪ੍ਰਸ਼ਾਦ ਨੂੰ ਭੋਗ ਲੱਗੇ ਕਹਿਣਾ, ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਅਤੇ ਹੋਰ ਪੋਥੀਆਂ ਦਾ ਪ੍ਰਕਾਸ਼ ਕਰਨਾ, ਗੁਰਬਾਣੀ ਨੂੰ ਸਮਝਣ ਸਮਝਾਉਣ ਦੀ ਬਜਾਏ ਲੜੀਵਾਰ ਤੋਤਾ ਰਟਨੀ ਪਾਠ ਕਰਨੇ, ਹੇਮਕੁੰਟ ਦੀਆਂ ਯਾਤਰਾ ਕਰਨੀਆਂ, ਸਿੱਖਾਂ ਨੂੰ ਲਵ-ਕੁਛ ਦੀ ਉਲਾਦ ਦੱਸਣਾ, ਵੱਖਰੇ-ਵੱਖਰੇ ਡੇਰੇ ਬਣਾ ਕੇ ਓਥੇ ਬ੍ਰਾਹਮਣੀ ਮਰਯਾਦਾ ਲਾਗੂ ਕਰਨੀ ਅਤੇ ਅਕਾਲ ਤਖਤ ਤੋਂ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਵਿਰੁੱਧ ਧੂੰਆਂਧਾਰ ਪ੍ਰਚਾਰ ਕਰਨਾ, ਗੁਰਬਾਣੀ ਕਥਾ ਕਰਨ ਵੇਲੇ ਮਨਘੜਤ ਊਟ-ਪਟਾਂਗ ਸਾਖੀਆਂ ਸੁਣਾਉਣੀਆਂ, ਸਿੱਖ ਇਤਿਹਾਸ, ਫਿਲੌਸਫੀ ਨੂੰ ਛੱਡ ਕੇ ਮਿਥਿਹਾਸਕ ਹਿੰਦੂ ਦੇਵੀ-ਦੇਵਤਿਆਂ ਦੀ ਹੀ ਗਾਥਾ ਅਤੇ ਗੁਣ ਗਾਈ ਜਾਣੇ ਅਤੇ ਹੁਣ ਨਾਨਕਸ਼ਾਹੀ ਕੈਲੰਡਰ ਜੋ ਸਿੱਖ ਕੌਮ ਦੀ ਵੱਖਰੀ ਪਹਿਚਾਨ ਦਾ ਪ੍ਰਤੀਕ ਹੈ ਦਾ ਸਾਧ ਲਾਣੇ ਵਲੋਂ ਸ਼੍ਰੋਮਣੀ ਕਮੇਟੀ ਅਤੇ ਅਖੌਤੀ ਜਥੇਦਾਰਾਂ ਰਾਹੀਂਂ ਬਿਕ੍ਰਮੀਕਰਨ ਕਰਨਾ, ਬ੍ਰਾਹਮਣਵਾਦ, ਡੇਰਾਵਾਦ ਜਾਂ ਬਾਦਲਵਾਦ ਨਹੀਂਂ ਤਾਂ ਹੋਰ ਕੀ ਹੈ?

ਅਖੌਤੀ ਦਸਮ ਗ੍ਰੰਥ ਬਾਰੇ ਕੁਝ ਸਵਾਲ

Ø  ਅਠਾਰਵੀਂ ਸਦੀ ਸਮੇਂ ਹੋਂਦ ਵਿੱਚ ਆਉਣ ਵਾਲਾ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਕਿਵੇਂ ਹੋ ਸਕਦਾ ਹੈ?

Ø  ਹਰ ਵੇਲੇ ਅਰਦਾਸ ਵਿੱਚ "ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ" ਪੜ੍ਹਨ ਵਾਲਾ ਸਿੱਖ ਜੇ ਫਿਰ ਵੀ ਕਿਸੇ ਹੋਰ ਗ੍ਰੰਥ ਨੂੰ ਮੰਨਦਾ ਹੈ ਤਾਂ ਉਸ ਤੋਂ ਵੱਧ ਮੇਈਮਾਨ ਅਤੇ ਅਕ੍ਰਿਤਘਣ ਕੌਣ ਹੋਰ ਕੌਣ ਹੋ ਸਕਦਾ ਹੈ?

Ø  ਕੀ ਐਸੇ ਗੁਰੂ ਦੇ ਹੁਕਮਾਂ ਨੂੰ ਮੰਨ ਕੇ ਅਜੋਕਾ ਸਿੱਖ ਦਸਮ ਗ੍ਰੰਥ ਵਿਚਲੇ ਕੂੜ ਕਬਾੜ ਨੂੰ ਇਸ ਗ੍ਰੰਥ ਚੋਂ ਬਾਹਰ ਕੱਢਕੇ ਬਾਕੀ ਚੰਗੀਆਂ ਰਚਨਾਵਾਂ ਦੀ ਵੱਖਰੀ ਪੋਥੀ ਨਹੀਂ ਬਣਾ ਸਕਦਾ?

Ø  ਕੀ ਸ਼੍ਰੋਮਣੀ ਕਮੇਟੀ, ਸ੍ਰੋਮਣੀ ਅਕਾਲੀ ਦਲ ਅਤੇ ਟਕਸਾਲ ਨੂੰ ਨਹੀਂ ਪਤਾ ਕਿੱਥੇ ਕਿੱਥੇ "ਗੁਰੂ ਗ੍ਰੰਥ" ਦੇ ਬਰਾਬਰ ਹੋਰ ਅਸ਼ਲੀਲ ਗ੍ਰੰਥਾਂ ਦਾ ਪ੍ਰਕਾਸ਼ ਹੋ ਰਿਹਾ ਹੈ?

Ø  ਕੀ ਸਿੱਖਾਂ ਵਿੱਚ ਦਸਮ ਗ੍ਰੰਥ, ਵੱਖ-ਵੱਖ ਆਪਾ ਵਿਰੋਧੀ ਰਹਿਤਨਾਮੇ ਅਤੇ ਮਿਥਿਹਾਸਕ ਗ੍ਰੰਥਾਂ ਵਾਲੇ ਭੰਬਲ ਭੂਸੇ ਨਿਰਮਲਿਆਂ, ਉਦਾਸੀਆਂ ਜੋ ਕਾਂਸੀ ਤੋਂ ਪੜ੍ਹੇ ਬ੍ਰਾਹਮਣੀ ਰੰਗਤ ਵਿੱਚ ਰੰਗੇ ਹੋਏ ਸਨ ਉਨ੍ਹਾਂ ਦੇ ਨਹੀਂ ਪਾਏ ਹੋਏ?

Ø  ਕੀ ਕਿਸੇ ਗੰਦੀ ਰਚਨਾਂ ਵਾਲੀ ਪੁਸਤਕ ਨੂੰ "ਗੁਰੂ ਗ੍ਰੰਥ ਸਾਹਿਬ"  ਦੇ ਬਰਾਬਰ ਪ੍ਰਕਾਸ਼ ਕੀਤਾ ਜਾ ਸਕਦਾ ਹੈ?

Ø  ਕੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਦੁਨੀਆਂ ਦੀਆਂ ਬਾਕੀ ਪੁਸਤਕਾਂ ਜਾਂ ਗ੍ਰੰਥ ਵਧੇਰੇ ਜਾਣਕਾਰੀ ਅਤੇ ਕੰਪੈਰੇਟਿਵ ਸਟੱਡੀ ਵਾਸਤੇ ਪੜ੍ਹਨੇ ਚਾਹੀਦੇ ਹਨ ਜਾਂ ਗੁਰੂਆਂ ਦੀ ਬਾਣੀ ਮੰਨ ਕੇ?

Ø  ਕੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਬਾਹਰੀ ਕਿਸੇ ਵੀ ਰਚਨਾਂ ਨੂੰ ਗੁਰਬਾਣੀ ਦਾ ਦਰਜਾ ਦਿੱਤਾ ਜਾ ਸਕਦਾ ਹੈ?

Ø  ਕੀ ਗੁਰੂ ਗੋਬਿੰਦ ਸਿੰਘ ਜੀ ਦਾ ਪੰਥ ਬਾਕੀ ਗੁਰੂਆਂ ਭਗਤਾਂ ਨਾਲੋਂ ਵੱਖਰਾ ਸੀ?

Ø  ਕੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਤਾ "ਗੁਰੂ ਗ੍ਰੰਥ ਸਾਹਿਬ" ਨੂੰ ਦਿੱਤੀ ਸੀ ਜਾਂ ਅਖੌਤੀ ਦਸਮ ਗ੍ਰੰਥ ਨੂੰ?

Ø  ਕੀ ਜਹਾਂਗੀਰ ਵਰਗੇ ਮਹਾਸ਼ਰਾਬੀ ਅਤੇ ਅਯਾਸ਼ੀ ਰਾਜੇ ਨੂੰ ਗੁਰੂ ਗੋਬਿੰਦ ਸਿੰਘ ਆਦਲ (ਨਿਆਂਕਾਰੀ) ਲਿਖ ਸਕਦੇ ਸਨ?

Ø  ਕੀ ਤ੍ਰਿਆ ਚਰਿਤ੍ਰ ਵਰਗੀ ਕਾਮ ਉਕਸਾਊ ਗੰਦੀ ਰਚਨਾਂ ਗੁਰੂ ਗੋਬਿੰਦ ਸਿੰਘ ਜੀ ਲਿਖ ਸਕਦੇ ਸਨ?

Ø  ਕੀ ਤੀਰਥ ਯਾਤਰਾ ਦੀ ਸਿਖਿਆ ਗੁਰਮਤਿ ਹੈ?

Ø  ਕੀ ਦਸਮ ਗ੍ਰੰਥ ਅਨੁਸਾਰ ਯੱਗ ਹਵਨ ਕਰਨੇ ਸਿੱਖੀ ਦੇ ਕਰਮ ਹਨ?

Ø  ਕੀ ਦਸਮ ਗ੍ਰੰਥ ਦੀ ਅਸ਼ਲੀਲ ਰਚਨਾ ਗੁਰਬਾਣੀ ਹੈ?

Ø  ਕੀ ਦਸਵੇਂ ਗੁਰੂ ਵਿੱਚ ਜੋਤਿ ਬਾਕੀ ਗੁਰੂਆਂ ਤੋਂ ਵੱਖਰੀ ਸੀ?

Ø  ਕੀ ਨਸ਼ਿਆਂ ਦੀ ਸ਼ਰੇਆਮ ਖੁੱਲ੍ਹ ਕੇ ਵਰਤੋਂ ਕਰਨ ਦੀ ਸਿਖਿਆ ਦੇਣ ਵਾਲੀ ਅਸ਼ਲੀਲ ਰਚਨਾਂ ਗੁਰੂ ਗੋਬਿੰਦ ਸਿੰਘ ਜੀ ਦੀ ਹੋ ਸਕਦੀ ਹੈ?

Ø  ਕੀ ਮਨੋ ਕਲਪਿਤ ਦੇਵੀ ਦੇਵਤਿਆਂ ਦੀ ਮਿਥਿਹਾਸਕ ਅਤੇ ਰੋਮਾਂਟਿਕ ਕਥਾ ਕਹਾਣੀਆਂ ਗੁਰੂ ਜੀ ਲਿਖਤ ਹਨ?

Ø  ਕੀ ਯਾਤਰੂਆਂ ਦੀਆਂ ਧੋਖੇ ਤੇ ਧੱਕੇ ਨਾਲ ਪੱਗਾਂ ਲਾਹ ਕੇ ਸਿੱਖਾਂ ਨੂੰ ਸਿਰਪਾਓ ਦੇਣ ਵਾਲਾ ਗੁਰੂ ਗੋਬਿੰਦ ਸਿੰਘ ਸੀ?

Ø  ਜਿਸ ਔਰਤ ਜਗਤ ਜਨਨੀ ਨੂੰ ਗੁਰੂ ਨਾਨਕ ਸਾਹਿਬ ਵਡਿਆਈ ਦੇਂਦੇ ਹੋਣ ਕੀ ਉਨ੍ਹਾਂ ਦੇ ਦਸਵੇਂ ਜਾਂਨਸ਼ੀਨ ਗੁਰੂ ਗੋਬਿੰਦ ਸਿੰਘ ਜੀ ਉਸ ਨੂੰ ਮੰਦਾ ਕਹਿ ਸਕਦੇ ਸਨ?

Ø  ਜਿਹੜੇ ਗ੍ਰੰਥ ਜਾਂ ਪੁਸਤਕ ਦੀ ਰਚਨਾ ਘਰ-ਪ੍ਰਵਾਰ, ਸਭਾ-ਸੁਸਾਇਟੀ, ਪਿਉ-ਪੁੱਤਰ, ਪਤੀ-ਪਤਨੀ, ਮਾਂ-ਧੀ ਅਤੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਰੇਡੀਓ, ਟੀ.ਵੀ. ਅਤੇ ਧਰਮ ਅਸਥਾਨਾਂ ਵਿੱਚ ਨਿਝੱਕ ਹੋ ਕੇ ਨਾਂ ਪੜ੍ਹੀ ਜਾ ਸੱਕੇ ਉਹ ਗੁਰਬਾਣੀ ਹੋ ਸਕਦੀ ਹੈ?

Ø  ਜਿਵੇਂ ਇਸਾਈਆਂ ਦਾ ਧਰਮ ਗ੍ਰੰਥ ਬਾਈਬਲ, ਮੁਸਲਮਾਨਾਂ ਦਾ ਕੁਰਾਨ, ਯਹੂਦੀਆਂ ਦਾ ਤੌਹਰਾ ਪਵਤਿਰ ਗ੍ਰੰਥ ਹਨ ਫਿਰ ਕੀ ਸਿੱਖਾਂ ਦਾ ਵੀ ਆਪਣਾ ਵੱਖਰਾ ਧਰਮ ਗ੍ਰੰਥ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਹੀ ਕਿਉਂ ਨਹੀਂ?

Ø  ਜੇ ਅਖੌਤੀ ਦਸਮ ਗ੍ਰੰਥ ਤੋਂ ਹੀ ਬੀਰ ਰਸ ਮਿਲਦਾ ਹੈ ਤਾਂ ਫਿਰ ਇਸ ਗ੍ਰੰਥ ਤੋਂ ਪਹਿਲੇ ਰਾਜਿਆਂ, ਜੋਧੀਆਂ, ਭਗਤਾਂ ਅਤੇ ਸਿੱਖ ਗੁਰੂਆਂ ਨੇ ਕਿਸ ਗ੍ਰੰਥ ਤੋਂ ਬੀਰ ਰਸੀ ਪ੍ਰਾਪਤ ਕੀਤਾ ਸੀ?

Ø  ਜੇ ਅਖੌਤੀ ਬਚਿਤ੍ਰ ਨਾਟਕ ਗੁਰੂ ਗੋਬਿੰਦ ਸਿੰਘ ਜੀ ਦੀ ਸਵੈ ਜੀਵਨੀ ਹੈ ਤਾਂ ਉਨ੍ਹਾਂ ਨੇ ਇਸ ਵਿੱਚ ਖੰਡੇ ਦੀ ਪਾਹੁਲ ਦਾ ਜਿਕਰ ਕਿਉਂ ਨਹੀਂ ਕੀਤਾ? ਅਤੇ ਪਿਤਾ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦਾ ਜਿਕਰ ਕਰਦੇ ਹੋਏ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਜੀ ਨੂੰ ਕਿਉਂ ਭੁਲਾ ਦਿੱਤਾ?

Ø  ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਰਬ ਗੁਣ ਭਰਪੂਰ ਹੈ ਅਤੇ ਸਿੱਖ ਨੂੰ ਗਿਆਨ ਦੇ ਕੇ ਪਾਰਉਤਾਰਾ ਕਰਨ ਦੇ ਸਮਰੱਥ ਹੈ ਤਾਂ ਫਿਰ ਕਿਸੇ ਵਿਵਾਦਤ ਗ੍ਰੰਥ ਦੀ ਸਿੱਖ ਨੂੰ ਕੀ ਲੋੜ ਹੈ? ਜੋ ਜਾਤ-ਪਾਤ, ਦੇਵੀ-ਦੇਵਤਾ, ਬ੍ਰਾਹਮਣ, ਊਚ-ਨੀਚ, ਔਰਤ ਦਾ ਨਿੰਦਕ ਅਤੇ ਮਾਰੂ ਨਸ਼ਿਆਂ ਦਾ ਉਪਦੇਸ਼ਕ ਹੋਵੇ?

Ø  ਜੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਤਿਕਾਰਯੋਗ ਪਿਤਾ ਗੁਰੂ ਤੇਗ ਬਹਾਦਰ ਜੀ ਦੀ ਬਾਣੀ "ਗੁਰੂ ਗ੍ਰੰਥ ਸਾਹਿਬ" ਵਿਖੇ ਚੜ੍ਹਾ ਸਕਦੇ ਸਨ ਤਾਂ ਆਪਣੀ ਹੁੰਦੀ ਤਾਂ ਕਿਉਂ ਨਾਂ ਚੜ੍ਹਾਉਂਦੇ?

Ø  ਜੇ ਬਾਕੀ ੬ ਗੁਰੂਆਂ, ੧੫ ਭਗਤਾਂ, ੧੧ ਭੱਟਾਂ ਅਤੇ ੩ ਗੁਰਸਿੱਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਖੇ ਅੰਕਤ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਕਿਉਂ ਨਹੀਂ?

Ø  ਜੇ ਬਾਕੀ ਗੁਰੂਆਂ ਨੇ ਆਪੋ ਆਪਣੀ ਰਚਨਾ ਬਾਣੀ ਵਿਖੇ ਨਾਨਕ ਨਾਮ ਦੀ ਮੋਹਰ ਲਾਈ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਉਂ ਨਹੀਂ?

Ø  ਦਸਮ ਗ੍ਰੰਥ ਅਨੁਸਾਰ ਮਰਦ ਆਪਣੀ ਔਰਤ ਨੂੰ ਦਿਲ ਦਾ ਭੇਦ ਨਾਂ ਦੱਸੇ। ਕੀ ਇਹ ਗੁਰਮਤਿ ਹੈ?

Ø  ਦਸਵਾਂ ਗ੍ਰੰਥ ਤਾਂ ਹੀ ਹੋ ਸਕਦਾ ਹੈ ਜੇ ਪਹਿਲਾਂ ਨੌਂ ਹੋਣ ਇਸ ਲਈ ਦੱਸੋ ਪਹਿਲੇ ਨੌਂ ਗ੍ਰੰਥ ਕਿਹੜੇ ਤੇ ਕਿੱਥੇ ਹਨ?  

Ø  ਦਸਵੇਂ ਗੁਰੂ ਨੇ ਬਾਕੀ ਗੁਰੂਆਂ ਵਾਂਗ ਮਹੱਲਾ ਦਸਵਾਂ ਕਿਉਂ ਨਹੀਂ ਵਰਤਿਆ?

Ø  ਦੇਵੀ ਦੀ ਹੱਦੋਂ ਵੱਧ ਉਸਤਤਿ ਕਰਨੀ ਸਿੱਖਾਂ ਨੂੰ ਕੀ ਸਿਖਿਆ ਦਿੰਦੀ ਹੈ?

Ø  ਬਾਕੀ ਗੁਰੂ ਅਤੇ ਭਗਤ ਸ੍ਰਿਸ਼ਟੀ ਦੀ ਪਦਾਇਸ਼ ਕਰਤਾਰ ਤੋਂ ਮੰਨਦੇ ਹਨ ਤੇ ਅਖੌਤੀ ਦਸਮ ਗ੍ਰੰਥ ਕਿਸੇ ਦੈਂਤ ਦੇ ਕੰਨ ਦੀ ਮੈਲ ਤੋਂ ਐਸਾ ਕਿਉਂ?

ਭਲਿਓ ਇੱਕ ਗ੍ਰੰਥ, ਪੰਥ, ਨਿਸ਼ਾਨ ਅਤੇ ਵਿਧਾਨ ਬਹਾਦਰ ਕੌਮਾਂ ਦੀ ਵੱਖਰੀ ਪਹਿਚਾਨ ਦੇ ਪ੍ਰਤੀਕ ਹਨ। ਇਸ ਲਈ ਸਿੱਖ ਵੀ ਇੱਕ ਵੱਖਰੀ, ਵਿਲੱਖਣ ਅਤੇ ਬਹਾਦਰ ਕੌਮ ਹੈ ਅਤੇ ਉਸ ਦਾ ਆਪਣਾ ਗ੍ਰੰਥ, ਪੰਥ, ਵਿਧਾਨ, ਕੈਲੰਡਰ ਅਤੇ ਨਿਸ਼ਾਨ ਹੈ ਜਿਸ ਤੋਂ ਮਨੁਕਰ ਨਹੀਂ ਹੋਇਆ ਜਾ ਸਕਦਾ ਪਰ ਅੱਜ ਪੰਥ ਦੋਖੀ ਅਤੇ ਦੋਗਲੇ ਲੋਕ ਸਿੱਖਾਂ ਦੇ ਕਈ ਗ੍ਰੰਥ, ਮਰਯਾਦਾਵਾਂ, ਕੈਲੰਡਰ ਅਤੇ ਪੰਥ ਲਿਖ ਪ੍ਰਚਾਰ ਕੇ, ਕੌਮ ਦੀ ਵਿਲੱਖਣਤਾ ਨੂੰ ਨੇਸਤੋ ਨਬੂੰਦ ਕਰਨ ਲਈ ਤਰਲੋ ਮੱਛੀ ਹੋ ਰਹੇ ਹਨ। ਸੰਪ੍ਰਦਾਵਾਂ, ਡੇਰੇ ਅਤੇ ਸ਼੍ਰੋਮਣੀ ਕਮੇਟੀ ਉਨ੍ਹਾਂ ਦੀ ਗ੍ਰਿਫਤ ਵਿੱਚ ਆ ਚੁੱਕੇ ਹਨ ਜੋ ਬ੍ਰਾਹਮਣ ਦੇ ਕਾਸ਼ੀ ਵਾਲੇ ਤੋਤਾ ਰਟਨੀ ਪਾਠ ਪੜ੍ਹ ਅਤੇ ਪੜ੍ਹਾ ਰਹੇ ਹਨ। ਧਰਮ ਅਸਥਾਨਾਂ ਨੂੰ ਪੂਜਾ ਦੇ ਅੱਡੇ ਬਣਾ ਕੇ ਪੁਜਾਰੀ ਥਾਪੇ ਜਾ ਰਹੇ ਹਨ। ਹੁਣ ਗੁਰੂ ਗ੍ਰੰਥ ਵੀ ਸੋਹਣੇ ਸੋਹਣੇ ਰੁਮਾਲਿਆਂ ਵਿੱਚ ਵਲੇਟ ਕੇ ਅਤੇ ਸੁੰਦਰ ਪਾਲਕੀਆਂ ਵਿੱਚ ਸਜਾ ਕੇ ਮੂਰਤੀਆਂ ਵਾਂਗ ਮੱਥੇ ਟੇਕ ਕੇ ਪੂਜਿਆ ਜਾ ਰਿਹਾ ਹੈ।

ਸੋ, ਅਖੌਤੀ ਦਸਮ ਗ੍ਰੰਥ, ਸੰਪ੍ਰਦਾਵਾਂ ਅਤੇ ਡੇਰਾਵਾਦ ਸਿੱਖ ਕੌਮ ਦੀ ਵੱਖਰੀ ਪਹਿਚਾਨ ਅਤੇ ਸਿਧਾਂਤਕ ਵਿਚਾਰਧਾਰਾ ਨੂੰ ਦਿਨ-ਬਾ-ਦਿਨ ਢਾਹ ਲਾ ਕੇ ਖਤਮ ਕਰੀ ਜਾ ਰਿਹਾ ਹੈ। ਬਚਣ ਦਾ ਇੱਕੋ ਇੱਕ ਤਰੀਕਾ (ਇਕਾ ਬਾਣੀ ਇੱਕ ਗੁਰ) ਦੇ ਸਿਧਾਂਤ ਅਨੁਸਾਰ-ਟਕਸਾਲਾਂ, ਡੇਰੇ ਅਤੇ ਸੰਤ ਬਾਬਿਆਂ ਅਤੇ ਬਾਦਲਾਂ ਨੂੰ ਛੱਡਕੇ-ਇੱਕ ਗ੍ਰੰਥ (ਗੁਰੂ ਗ੍ਰੰਥ ਸਾਹਿਬ) ਇੱਕ ਖਾਲਸਾ ਪੰਥ, ਇੱਕ ਮਰਯਾਦਾ ਅਤੇ ਇੱਕ ਨਾਨਕਸ਼ਾਹੀ ਕੈਲੰਡਰ ਨੂੰ ਸਮਰਪਤ ਹੋ ਜਾਈਏ।


ਨੋਟ: ਕੁਮੈਂਟ ਕਰਣ ਵਾਲੇ ਵੀਰ, ਸਵਾਲਾਂ ਦੇ ਜਵਾਬ ਵਿੱਚ ਸਵਾਲ ਪਾਉਣੇ ਨਾ ਸ਼ੁਰੂ ਕਰਣ, ਜਵਾਬ ਦੇਣ ਦੀ ਹਿੰਮਤ ਕਰਨ, ਉਹ ਵੀ ਵਿਸ਼ੇ ਦੇ ਸੰਬੰਧਿਤ, ਨਾ ਕਿ ਕਿਸੇ ਵਿਅਕਤੀ ਵਿਸ਼ੇਸ਼ ਵਿਰੁੱਧ ਆਪਣੀ ਭੜਾਸ ਕੱਢਣ, ਫਿਰ ਕਹਿੰਦੇ ਹਨ ਸਾਡੇ ਕੁਮੈਂਟ ਡੀਲੀਟ ਕਰ ਦਿੱਤੇ।

ਖ਼ਾਲਸਾ ਨਿਊਜ਼ ਕੋਈ ਜੰਗ ਦਾ ਮੈਦਾਨ ਨਹੀਂ, ਅਸੀਂ ਇਸ ਦਾ ਇਹ ਸਥਾਨ ਬਹੁਤ ਮਿਹਨਤ ਨਾਲ ਬਣਾਇਆ ਹੈ, ਕਿਸੇ ਇੱਕ ਦੋ Fraud IDs ਕਰਕੇ, ਅਸੀਂ ਇਸ ਦਾ ਨਾਮ ਖਰਾਬ ਨਹੀਂ ਕਰਨਾ ਚਾਹੁੰਦੇ, ਨਾ ਕਿਸੇ ਨੂੰ ਗ਼ਲਤ ਪ੍ਰਚਾਰ ਕਰਣ ਦੀ ਖੁੱਲ ਦੇ ਸਕਦੇ ਹਾਂ, ਨਾ ਹੀ ਕਿਸੀ Fake ID ਦੇ ਸਵਾਲ ਦਾ ਜਵਾਬ ਦਿੱਤਾ ਜਾਂਦਾ ਹੈ, ਜੇ ਹਿੰਮਤ ਹੈ ਤਾਂ ਆਪਣੀ ਸਹੀ ID, ਆਪਣੀ ਸਹੀ ਸ਼ਕਲ ਸਮੇਤ ਆਓ, ਫਿਰ ਹਰ ਦੁਰੁਸਤ ਸਵਾਲ ਦਾ ਜਵਾਬ ਦਿੱਤਾ ਜਾਵੇਗਾ। ਇਸੇ ਲਈ ਬੇਸਿਰਪੈਰ ਦੇ ਕੁਮੈਂਟ, ਵਿਸ਼ੇ ਤੋਂ ਪਰੇ ਕੁਮੈਂਟ ਡੀਲੀਟ ਕੀਤੇ ਜਾਂਦੇ ਹਨ। ਇਸ ਲੇਖ ਦੇ ਲਿਖਾਰੀ ਦੀ ਤਸਵੀਰ ਵੀ ਹੈ, ਫੋਨ ਨੰ. 510 432 5827 ਅਤੇ ਈਮੇਲ ਵੀ singhstudent@gmail.com ਹੈ, ਜੇ ਹੋਰ ਵੇਰਵਾ ਚਾਹੁੰਦੇ ਹੋ, ਤਾਂ ਉਨ੍ਹਾਂ ਨਾਲ ਰਾਬਤਾ ਵੀ ਕਾਇਮ ਕੀਤਾ ਜਾ ਸਕਦਾ ਹੈ।

ਇੱਕ ਵਾਰੀ ਫਿਰ ਦੁਹਰਾਅ ਦੇਈਏ ਜੇ ਕਿਸੇ ਪਾਠਕ ਨੂੰ ਇਹ ਵੈਬਸਾਈਟ ਤੋਂ ਤਕਲੀਫ ਹੁੰਦੀ ਹੈ, ਤਾਂ ਜੀ ਸਦਕੇ Visit ਨਾ ਕਰਨ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਖ਼ਾਲਸਾ ਨਿਊਜ਼ ਦੀ ਥੱਲੇ ਦਿੱਤੀ ਸਟੇਟਮੈਂਟ ਅੱਖਾਂ ਖੋਲ ਕੇ ਇੱਕ ਵਾਰੀ ਦੁਬਾਰਾ ਪੜ੍ਹ ਲੈਣ, ਜੋ ਹਰ ਥੱਲੇ ਦਿੱਤੀ ਗਈ ਹੁੰਦੀ ਹੈ... "ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।" .... ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹੁ॥

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹੁ॥



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top