ਹੈਂਅਅਅ ਗੁਰੂ ਸਾਹਿਬ ਨੇ ਆ ਕੀ ਕਹਿ ਦਿੱਤਾ "ਅਕਲੀ
ਸਾਹਿਬੁ ਸੇਵੀਐ ..." ?
ਪਰ ਹੇ ਪਾਤਸਾਹਿ, ਤੇਰੇ ਸਿੱਖ ਅਖਵਾਉਣ ਵਾਲੇ ਤਾਂ ਅਕਲ ਵਰਤਣ ਵਾਲੇ
ਨੂੰ ਗਾਹਲਾਂ ਨਾਲ ਨਿਵਾਜਦੇ ਨੇ, ਏਜੰਸੀਆਂ ਦਾ ਬੰਦਾ ਕਹਿੰਦੇ ਨੇ...
ਫਿਰ ਅਕਲ ਕਿੱਥੇ ਵਰਤੀਏ ? ਤੇਰੇ ਦਿੱਤੇ ਫੁਰਮਾਨ ਨੂੰ
ਤਾਂ ਸਿੱਖ, ਤੇਰੇ ਹੀ ਦੁਆਰੇ 'ਤੇ ਆਉਣ ਲੱਗਿਆਂ ਬਾਹਰ ਹੀ ਛੱਡ ਦਿੰਦੇ ਨੇ !!!
ਤੇਰੀ ਕੋਈ ਵੀ ਗੱਲ ਮੰਨਣ ਨੂੰ ਤਿਆਰ ਨਹੀਂ...
- ਗੁਰਦੁਆਰੇ ਅੰਦਰ ਆਉਣ ਤੋਂ ਪਹਿਲਾਂ ਹੀ ਪੈਰ ਧੋਣ ਵਾਲੇ ਪਾਣੀ
ਨੂੰ "ਅੰਮ੍ਰਿਤ" ਸਮਝ ਕੇ ਪੀ ਜਾਂਦੇ ਨੇ, ਫਿਰ ਜੋ
ਤੂੰ ਅੰਮ੍ਰਿਤ ਬਾਰੇ ਗੁਰਬਾਣੀ 'ਚ ਕਿਹਾ ਹੈ, ਉਹ "ਅੰਮ੍ਰਿਤ"
ਕਿਵੇਂ?
ਮ:1 ਅੰਮ੍ਰਿਤੁ ਤੇਰੀ ਬਾਣੀਆ
॥ ਤੇਰਿਆ ਭਗਤਾ ਰਿਦੈ ਸਮਾਣੀਆ ॥ ਪੰਨਾ 72, ਸਤਰ 10
ਮ:3 ਗੁਰ ਕਾ ਸਬਦੁ ਅੰਮ੍ਰਿਤੁ ਹੈ ਜਿਤੁ ਪੀਤੈ
ਤਿਖ ਜਾਇ ॥ ਪੰਨਾ 35, ਸਤਰ 8
ਮ:3 ਸਤਿਗੁਰੁ ਪੁਰਖੁ ਅੰਮ੍ਰਿਤ ਸਰੁ ਵਡਭਾਗੀ
ਨਾਵਹਿ ਆਇ ॥ ਪੰਨਾ 40, ਸਤਰ 10
ਮ:5 ਰਤਨ ਜਵੇਹਰ ਮਾਣਿਕਾ ਅੰਮ੍ਰਿਤੁ ਹਰਿ ਕਾ ਨਾਉ
॥ ਪੰਨਾ 48, ਸਤਰ 14
ਮ:3 ਅੰਮ੍ਰਿਤ ਫਲੁ ਹਰਿ ਏਕੁ ਹੈ ਆਪੇ ਦੇਇ ਖਵਾਇ
॥੩॥ ਪੰਨਾ 66, ਸਤਰ 6
ਮ:4 ਜਨੁ ਨਾਨਕੁ ਬੋਲੈ ਅੰਮ੍ਰਿਤ ਬਾਣੀ ॥ ਪੰਨਾ
96, ਸਤਰ 11
ਮ:5 ਅੰਮ੍ਰਿਤ ਬਾਣੀ ਹਰਿ ਹਰਿ ਤੇਰੀ ॥ ਪੰਨਾ
103, ਸਤਰ 7
ਪੈਰਾਂ ਵਾਲਾ ਪਾਣੀ ਵੀ "ਅੰਮ੍ਰਿਤ" ਤੇ
ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਦਿੱਤੀ ਪਾਹੁਲ ਵੀ "ਅੰਮ੍ਰਿਤ"
? ਹੈਂਅਅਅ
-
ਫਿਰ ਝੰਡੇ ਨੂੰ ਮੱਥਾ, ਜੁੱਤੀਆਂ ਨੂੰ ਮੱਥਾ, ਫਿਰ ਉਹੀ
ਮੱਥਾ ਤੇਰੇ ਅੱਗੇ, ਫਿਰ ਦਸ ਵੱਡਾ ਕੌਣ ਝੰਡਾ, ਜੁੱਤੀਆਂ ਕਿ
ਤੂੰ?
- ਤੇਰੇ ਹੀ ਸਾਹਮਣੇ ਕੱਚੀਆਂ ਰਚਨਾਵਾਂ ਪੜ੍ਹੀ ਜਾਂਦੇ
ਹਨ, ਫਿਰ "ਬਾਣੀ ਗੁਰੂ ਗੁਰੂ ਹੈ ਬਾਣੀ..."
ਗੁਰਬਾਣੀ ਗੁਰੂ ਕਿਵੇਂ ?
- ਹਰ ਰੋਜ਼ ਗੱਜ ਵੱਜ ਕੇ ਕਹਿੰਦੇ ਨੇ "ਸਭ ਸਿੱਖਨ ਕੋ ਹੁਕਮ ਹੈ
ਗੁਰੂ ਮਾਨਿਓ ਗ੍ਰੰਥ", ਪਰ ਮੰਨਦੇ ਨਹੀਂ, ਫਿਰ ਗ੍ਰੰਥ
ਗੁਰੂ ਕਿਵੇਂ ?
- "ਗੁਰੂ ਦੁਆਰੈ ਹੋਇ ਸੋਝੀ ਪਾਇਸੀ ॥" ਨੂੰ ਛੱਡ ਕੇ
"ਸਿਮਰਨ" ਦੇ ਨਾ 'ਤੇ ਬੱਤੀਆਂ ਬੰਦ ਕਰਕੇ ਤੋਤਾ ਰਟਨ ਕਰੀ
ਜਾਂਦੇ ਹਨ, ਤੇਰੀ ਗੁਰਬਾਣੀ ਦੀ ਸੋਝੀ ਕਿਵੇਂ ਪਾਉਣਗੇ?
- ਗੁਰਦੁਆਰੇ ਨੂੰ ਧਰਮਸ਼ਾਲਾ ਦੀ ਬਜਾਏ ਚੌਧਰ ਦਾ,
ਲੜਾਈ ਦਾ ਥਾਂ ਬਣਾ ਦਿੱਤਾ, ਫਿਰ ਧਰਮ ਦੀ ਗੱਲ ਕਿੱਥੇ ਕਰੀਏ
?
- ਰੱਬ ਦੇ ਦਿੱਤੇ ਸਰੀਰ ਨੂੰ ਸ਼ਰਾਬ, ਹੋਰ ਨਸ਼ੇ, ਤੇਰੀ ਕੁਦਰਤ
ਤੋਂ ਉਲਟ ਹਰ ਕੰਮ ਕਰਕੇ ਵਿਗਾੜ ਲਿਆ... ਫਿਰ "ਇਹੁ
ਸਰੀਰੁ ਸਭੁ ਧਰਮੁ ਹੈ ਜਿਸੁ ਅੰਦਰਿ ਸਚੇ ਕੀ ਵਿਚਿ ਜੋਤਿ ॥" ਕਿੱਥੇ ਰਹਿ ਗਿਆ?
ਫਿਰ ਵੀ ਅਖਵਾਉਂਦੇ ਅਸੀਂ ਸਿੱਖ ਹੀ ਹਾਂ...
ਕਿਵੇਂ ???
ਗੱਲ ਕਿ... 99% ਕੰਮ ਗੁਰਮਤਿ ਤੋਂ ਉਲਟ,
ਤੇਰੇ ਹੀ ਨਾਂ 'ਤੇ ਹੋ ਰਿਹਾ ਹੈ।
ਫਿਰ ਦੱਸ ਅਕਲ ਕਿੱਥੇ ਵਰਤਾਂ ?
ਗਾਹਲ਼ਾਂ ਕੱਢਣ ਦੀ ਬਜਾਏ, ਜੇ ਜਾਵਬ ਹੋਵੇ,
ਤਾਂ ਜ਼ਰੂਰ ਦੇਣਾ ਜੀ।