ਸਿੱਖ ਰਹਿਤ ਮਰਯਾਦਾ ਦੇ 24 ਪੰਨੇ ਹਨ
ਜਿਨ੍ਹਾਂ ਨੂੰ ਲਿਖਣ ਵਿੱਚ 14 ਸਾਲ ਜਾਂ 168 ਮਹੀਨੇ ਲੱਗੇ। ਇੱਸ ਤੋਂ ਗਣਿਤ ਵਿਧੀ
ਨਾਲ਼ ਪਤਾ ਲੱਗਦਾ ਹੈ ਕਿ ਰਹਿਤ ਮਰਯਾਦਾ ਦੇ ਖਰੜੇ ਦਾ ਇੱਕ ਪੰਨਾਂ ਲਿਖਣ ਲਈ 7 ਮਹੀਨੇ ਲੱਗੇ।
ਜੇ ਇੱਕ ਪੰਨੇਂ ਦੇ ਔਸਤ 140 ਸ਼ਬਦ ਵੀ ਗਿਣੇ ਜਾਣ ਤਾਂ ਇੱਕ ਮਹੀਨੇ (30 ਦਿਨਾਂ) ਵਿੱਚ
ਖਰੜੇ ਦੇ ਕੇਵਲ 20 ਸ਼ਬਦ ਹੀ ਲਿਖੇ ਗਏ।
ਭਾਰਤ ਦੇ ਸੰਵਿਧਾਨ ਦਾ ਖਰੜਾ ਤਿਆਰ ਕਰਨ
ਵਿੱਚ ਵੀ 14 ਸਾਲ ਨਹੀਂ ਲੱਗੇ। ਸੰਵਿਧਾਨ ਦਾ ਖਰੜਾ 2 ਸਾਲ 11 ਮਹੀਨੇ ਅਤੇ 18
ਦਿਨਾਂ ਵਿੱਚ ਹੀ ਤਿਆਰ ਹੋ ਗਿਆ ਸੀ। ਰਹਿਤ ਮਰਯਾਦਾ ਦਾ ਖਰੜਾ ਬਣਾਉਣ ਲਈ ਕਿਉਂ 14 ਸਾਲ
ਲਾਏ ਗਏ?
ਮਹਾਨ ਕੋਸ਼ ਦੀ ਰਚਨਾ ਵੀ ਭਾਈ ਕਾਹਨ
ਸਿੰਘ ਨਾਭਾ ਨੇ 14 ਸਾਲਾਂ ਵਿੱਚ ਕੀਤੀ । ਮਹਾਨ ਕੋਸ਼ ਦੇ ਆਕਾਰ ਦੇ ਸਾਮ੍ਹਣੇ
ਸਿੱਖ ਰਹਿਤ ਮਰਯਾਦਾ ਦਾ ਖਰੜਾ ਕੁੱਛ ਵੀ ਨਹੀਂ ਹੈ। ਮਹਾਨ ਕੋਸ਼ ਦੇ ਇੱਕ ਪੰਨੇਂ ਉੱਤੇ ਲਿਖੇ
ਔਸਤ 1200 ਸ਼ਬਦ ਹਨ। ਮਹਾਨ ਕੋਸ਼ ਦਾ ਇੱਕ ਪੰਨਾਂ ਲਿਖਣ ਲਈ 4 ਦਿਨ ਲੱਗੇ ਜਦੋਂ ਕਿ ਖਰੜੇ
ਦਾ ਇੱਕ ਪੰਨਾਂ 7 ਮਹੀਨਿਆਂ ਵਿੱਚ ਲਿਖਿਆ ਗਿਆ। ਮਹਾਨ ਕੋਸ਼ ਲਿਖਣ ਵਾਲ਼ਾ ਕੇਵਲ ਇੱਕ
ਵਿਅੱਕਤੀ ਸੀ, ਜਦੋਂ ਕਿ ਖਰੜੇ ਨੂੰ ਲਿਖਣ ਵਾਲ਼ੇ 25 ਵਿਅੱਕਤੀ ਸਨ।
ਮਹਾਨ ਕੋਸ਼ ਵਿੱਚ ਕਿਸੇ ਗੁਰਮਰਯਾ ਦਾ ਦੀ
ਉਲੰਘਣਾਂ ਨਹੀਂ ਕੀਤੀ ਗਈ, ਜਦੋਂ ਕਿ ਖਰੜੇ ਵਿੱਚ ਇਹ ਉਲੰਘਣਾ ਖੁੱਲ੍ਹਕੇ ਕੀਤੀ ਗਈ ਹੈ।
14 ਸਾਲਾਂ ਵਿੱਚ ਇੱਕ ਬੱਚਾ ਅੱਠਵੀਂ ਜਮਾਤ ਪਾਸ ਕਰ ਲੈਂਦਾ ਹੈ।
ਖਰੜੇ ਨੂੰ 14
ਸਾਲ ਕਿਉਂ ਲੱਗੇ?
ਖਰੜਾ ਸੰਨ 1931 ਤੋਂ ਸੰਨ 1945 ਤਕ ਅੰਗ੍ਰੇਜ਼ੀ ਰਾਜ ਸਮੇਂ ਬਣਿਆਂ।
ਸ਼੍ਰੋ. ਕਮੇਟੀ ਨੇ ਇਹ ਖਰੜਾ ਬਣਾਇਆ। ਅੰਗ੍ਰੇਜ਼ ਸਰਕਾਰ ਅਤੇ ਸਨਾਤਨਵਾਦੀ ਜਥੇਬੰਦੀਆਂ ਸਿੱਖਾਂ
ਵਿੱਚ ਫੁੱਟ ਪਾਉਣ ਲਈ ਦ੍ਰਿੜ ਸਨ। ਗੁਰਦੁਆਰਾ ਸੁਧਾਰ ਲਹਿਰ (ਸੰਨ 1920 -25) ਰਾਹੀ ਸਿੱਖਾਂ
ਦੀ ਹੋਈ ਚੜ੍ਹਦੀਕਲਾ ਤੋਂ ਅੰਗ੍ਰੇਜ਼ ਸਰਕਾਰ ਸਮੇਤ ਬਿੱਪਰਵਾਦੀ ਜਥੇਬੰਦੀਆਂ ਸਿੱਖੀ ਵਿਰੁੱਧ
ਕਚੀਚੀਆਂ ਵੱਟ ਰਹੀਆਂ ਸਨ।
ਇਹ ਜਥੇਬੰਦੀਆਂ ਐਸੇ ਮੌਕੇ ਦੀ
ਉਡੀਕ ਵਿੱਚ ਸਨ, ਜਦੋਂ ਉਹ ਸਿੱਖਾਂ ਵਿੱਚ ਬਿੱਪਰਵਾਦ ਰਾਹੀਂ ਭਰਾ-ਮਾਰੂ ਜੰਗ ਦੇ ਬੀਜ ਬੀਜ
ਸਕਣ। ਇਹ ਸਮਾਂ ਸੀ ‘ਰਹਿਤ ਮਰਯਾਦਾ’ ਦਾ ਖਰੜਾ ਤਿਆਰ ਕਰਨ ਦਾ। ਅੰਗ੍ਰੇਜ਼ ਸਰਕਾਰ ਦੇ 36
ਮੈਂਬਰ ਵੀ ਸਿੱਖੀ ਦੀਆਂ ਜੜ੍ਹਾਂ ਵੱਢਣ ਲਈ ਸ਼੍ਰੋ. ਕਮੇਟੀ ਵਿੱਚ ਹੀ ਸ਼ਾਮਲ ਸਨ।
ਜਦੋਂ ਤੱਕ ਖਰੜੇ ਵਿੱਚ ਬਿੱਪਰਵਾਦੀ ਤੇ ਸਨਾਤਨਵਾਦੀ ਅੰਸ਼ ਪੂਰੀ
ਤਰਾਂ ਸ਼ਾਮਲ ਨਹੀਂ ਹੋ ਸਕੇ, ਓਨਾ ਚਿਰ ਖਰੜਾ ਪ੍ਰਵਾਨ ਨਹੀਂ ਹੋਣ ਦਿੱਤਾ ਗਿਆ। ਇਹੀ
ਕਾਰਣ ਹੈ ਕਿ 24 ਪੰਨਿਆਂ ਦੇ ਖਰੜੇ ਨੂੰ ਲਿਖਣ ਲਈ 14 ਸਾਲ ਲੱਗ ਗਏ।
ਇਸ ਖਰੜੇ ਨੇ ਹੀ ਸਿੱਖੀ ਦੀਆਂ ਜੜ੍ਹਾਂ
ਵਿੱਚ ਬਿੱਪਰਵਾਦ ਦਾ ਤੇਲ ਪਾਇਆ ਹੈ। ਇੱਸ ਖਰੜੇ ਨੇ ਹੀ ਸਿੱਖਾਂ ਨੂੰ ਸਿੱਖਾਂ ਦੇ
ਵੈਰੀ ਬਣਾ ਦਿੱਤਾ ਹੋਇਆ ਹੈ। ਇੱਸ ਖਰੜੇ ਨੇ ਹੀ ਘਰਾਂ ਘਰਾਂ ਵਿੱਚ ਪਰਵਾਰ ਦੋ ਫਾੜ ਕੀਤੇ
ਹੋਏ ਹਨ। ਇਸ ਖਰੜੇ ਨੇ ਹੀ ਗੁਰਦੁਆਰੇ ਅਤੇ ਪ੍ਰਚਾਰਕ ਵੰਡ ਦਿੱਤੇ ਹਨ।
ਕਿਹਾ ਗਿਆ ਹੈ ਕਿ ਖਰੜੇ ਨੂੰ ਬੁੱਧੀਜੀਵੀਆਂ ਨੇ ਬਣਾਇਆ ਹੈ ਤੇ ਤਾਂ
ਹੀ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਇਸ ਅਨੁਸਾਰ ਅੰਮ੍ਰਿਤ ਦੀ ਮਰਯਾਦਾ ਚੱਲ ਰਹੀ ਹੈ।
- ਕੀ ਬੁੱਧੀਜੀਵੀ ਗੁਰੂ ਜੀ ਤੋਂ
ਮਹਾਨ ਹੋ ਗਏ ?
- ਕੀ ਬੁਧੀਜੀਵੀਆਂ ਦੀ ਲਿਖੀ
ਅੰਮ੍ਰਿਤ ਦੀ ਮਰਯਾਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਵਾਲ਼ੀ ਮਰਯਾਦਾ ਤੋਂ
ਉੱਚੀ ਹੈ
?
- ਬੁੱਧੀਜੀਵੀਆਂ ਨੂੰ ਕੀ ਹੱਕ ਸੀ
ਕਿ ਉਹ ਧੰਨੁ ਸ਼੍ਰੀ ਗੁਰੂ ਅਰਜੁਨ ਸਾਹਿਬ ਜੀ ਵਲੋਂ ਬਣਾਏ ਗਏ ਅਤੇ ਧੰਨੁ ਸ਼੍ਰੀ ਗੁਰੂ
ਗੋਬਿੰਦ ਸਿੰਘ ਸਾਹਿਬ ਪਾਤਿਸ਼ਾਹ ਵਲੋਂ ਪ੍ਰਮਾਣਤ ਕੀਤੇ, ਛਾਪੇ ਦੀ ਬੀੜ ਦੇ ਪਹਿਲੇ 13
ਪੰਨਿਆਂ ਵਾਲ਼ੇ, ਨਿੱਤਨੇਮ ਨੂੰ ਭੰਗ ਕਰਕੇ ਵਿੱਚ ਵਾਧੇ ਕਰਦੇ ?
- ਬੁੱਧੀਜੀਵੀਆਂ ਨੂੰ ਕੀ ਹੱਕ ਸੀ
ਕਿ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰੋਂ ਕਿਸੇ ਹੋਰ ਸ਼ਰੀਕ ਦੀਆਂ ਕੱਚੀਆਂ
ਅਤੇ ਦੁਰਗਾ ਮਹਾਂਕਾਲ ਦੀ ਪੂਜਾ ਵਾਲ਼ੀਆਂ ਅਪ੍ਰਵਾਨਤ ਰਚਨਾਵਾਂ ਸਿੱਖਾਂ ਦੇ ਨਿੱਤ-ਨੇਮ
ਅਤੇ ਅੰਮ੍ਰਿਤ ਛਕਾਉਣ ਵਿੱਚ ਸ਼ਾਮਲ ਕਰਦੇ ?
- ਬੁੱਧੀਜੀਵੀਆਂ ਨੂੰ ਕੀ ਹੱਕ ਸੀ
ਕਿ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ 22 ਵਾਰਾਂ ਦੀਆਂ 400 ਤੋਂ ਵੱਧ ਪਉੜੀਆਂ
ਛੱਡ ਕੇ ਦੁਰਗਾ ਦੇ ਪੂਜਾ-ਪਾਠ ਵਾਲ਼ੀ ਪਉੜੀ ‘ਵਾਰ ਦੁਰਗਾ ਕੀ’ ਵਿੱਚੋਂ ਲੈਕੇ ਸਿੱਖ
ਅਰਦਾਸਿ ਵਿੱਚ ਸ਼ਾਮਲ ਕਰਦੇ ?
- ਕੀ ਬੁੱਧੀਜੀਵੀਆਂ ਨੂੰ ਮਨਮਤਿ
ਕਰਨ ਦਾ ਇਹ ਹੱਕ ਪੰਜ ਪਿਆਰਿਆਂ ਨੇ ਦਿੱਤਾ ਸੀ?
- ਬੁੱਧੀਜੀਵੀਆਂ ਨੂੰ ‘ਗੁਰ ਕੀ
ਕਰਣੀ’ ਤੇ ਉਂਗਲ ਉਠਾਉਣ ਦਾ ਹੱਕ ਕਿੱਸਨੇ ਦਿੱਤਾ ਸੀ?
ਸਿੱਖਾਂ
ਦਾ ਇੱਕ ਹੀ ਪਿਓ ਸੀ ਪਰ ਇੱਸ ਖਰੜੇ ਨੇ ਸਿੱਖ ਦੇ ਦੋ ਪਿਓ ਬਣਾ ਦਿੱਤੇ। ਸੁਹਾਗਣੀ
ਦਾ ਇੱਕ ਹੀ ਪਤੀ ਹੁੰਦਾ ਹੈ, ਪਰ ਇੱਸ ਖਰੜੇ ਨੇ ਸਿੱਖ ਜੀਵ ਰੂਪ ਇਸਤਰੀ ਨੂੰ ਦੁਹਾਗਣੀ ਬਣਾ
ਦਿੱਤਾ ਹੈ। ਗੁਰ ਪਰਮੇਸ਼ਰ ਦਾ ਕੋਈ ਸ਼ਰੀਕ ਨਹੀਂ ਹੋ ਸਕਦਾ, ਪਰ
ਇੱਸ ਖਰੜੇ ਨੇ ਦਸ਼ਮ ਗ੍ਰੰਥ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕ ਬਣਾ ਦਿੱਤਾ
ਹੈ ।
ਕੀ ਸਿੱਖਾਂ ਦੇ
ਨਿਆਰੇਪਨ ਨੂੰ ਇੱਸ ਖਰੜੇ ਨੇ ਨਿਆਰਾ ਛੱਡਿਆ ਹੈ? ਬਿੱਪਰਵਾਦੀ ਪ੍ਰਭਾਵ ਨੂੰ ਸਿੱਖਾਂ
ਉੱਪਰ ਪੂਰੀ ਤਰਾਂ ਭਾਰੂ ਕਰਨ ਲਈ ਕੀ ਸ਼੍ਰੋ. ਕਮੇਟੀ ਨੇ ਇਸ ਖਰੜੇ ਵਿੱਚ ਤਬਦੀਲੀ ਕਰਕੇ
ਦਸ਼ਮ ਗ੍ਰੰਥ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਰੀਕ ਵਜੋਂ ਮਾਨਤਾ ਨਹੀਂ ਦਿੱਤੀ?
ਜਿੰਨਾਂ ਚਿਰ ਸਿੱਖ ਰਹਿਤ ਮਰਯਾਦਾ ਦੇ
ਖਰੜੇ ਵਿੱਚੋਂ ਬਿੱਪਰਵਾਦੀ ਅੰਸ਼ਾਂ ਨੂੰ ਬਾਹਰ ਕੱਢਕੇ, ਇਸਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ
ਅਨੁਸਾਰ ਸੁਧਾਈ ਨਹੀਂ ਹੁੰਦੀ, ਕੌਮ ਦੇ ਨਿਆਰੇ-ਪਨ ਦਾ ਭਵਿੱਖ ਖ਼ਤਰੇ ਤੋਂ ਖਾਲੀ ਨਹੀਂ।
ਸਿੱਖ ਕੌਮ ਦੇ ਭਵਿੱਖ ਦੀ ਚਿੰਤਾ ਕਰਨ ਵਾਲ਼ਿਆਂ ਨੂੰ ਬੁੱਧੀਜੀਵੀਆਂ
ਦੇ ਬਣਾਏ ਖਰੜੇ ਨੂੰ ਲਾਗੂ ਕਰਨ ਤੋਂ ਧਿਆਨ ਹਟਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ
ਬਾਣੀਆਂ ਨੂੰ ਹੀ ਸਿੱਖਾਂ ਦੇ ਨਿੱਤ-ਨੇਮ ਅਤੇ ਅੰਮ੍ਰਿਤ ਛਕਾਉਣ ਵਿੱਚ ਸ਼ਾਮਲ ਕਰਨ ਦੀ
ਅਗਵਾਈ ਦੇਣੀ ਚਾਹੀਦੀ ਹੈ, ਸਮੇਂ ਦੀ ਇਹ ਮੰਗ ਹੈ।
ਬੁੱਧੀਜੀਵੀਆਂ ਦਾ ਹੁਕਮ ਮਹਾਨ ਨਹੀਂ,
ਧੰਨੁ ਸ਼੍ਰੀ ਗੁਰੂ ਅਰਜੁਨ ਸਾਹਿਬ ਅਤੇ ਸ਼੍ਰੀ ਗੁਰੂ ਗੋਬਿੰਦ
ਸਾਹਿਬ ਜੀ ਦਾ ਹੁਕਮ ਮਹਾਨ ਹੈ। ਪਿਛਲੀਆਂ ਗ਼ਲਤੀਆਂ ਤੋਂ ਤੌਬਾ ਕਰਕੇ ਅਗਾਂਹ ਸਿੱਧੇ
ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਸੱਚਾ ਮਾਰਗ ਦਰਸ਼ਕ ਬਣਾਉਣ ਵਿੱਚ ਹੀ ਕੌਮ
ਦਾ ਭਲਾ ਹੈ ਅਤੇ ਸਿੱਖ ਆਗੂਆਂ ਨੂੰ ਇਸੇ ਦਿਸ਼ਾ ਵਿੱਚ ਹੀ ਕੰਮ ਕਰਨਾ ਚਾਹੀਦਾ ਹੈ।