Share on Facebook

Main News Page

ਨਿਆਰਾ ਨਿਰਮਲ ਖ਼ਾਲਸਾ ?
-: ਸੰਪਾਦਕ ਖ਼ਾਲਸਾ ਨਿਊਜ਼

ਜਦੋਂ ਕੋਈ ਗੱਡੀ ਸਿੱਖਣੀ ਹੋਵੇ ਤਾਂ ਕੈਨੇਡਾ, ਅਮਰੀਕਾ ਵਰਗੇ ਦੇਸ਼ਾਂ 'ਚ ਪਹਿਲਾਂ 16 ਸਾਲ ਜਾਂ ਇਸ ਤੋਂ ਉਪਰ ਹੋਣਾ ਜ਼ਰੂਰੀ ਹੈ, ਡਰਾਈਵਿੰਗ ਬਾਰੇ ਪੜ੍ਹਨਾ ਪੈਂਦਾ ਹੈ, ਗੱਡੀ ਚਲਾਉਣ ਦੇ ਨਿਯਮਾਂ ਬਾਰੇ, ਸਿਗਨਲਾਂ ਬਾਰੇ, ਸੁਰੱਖਿਯਾ ਆਦਿ ਬਾਰੇ ਪੜ੍ਹਨਾ ਪੈਂਦਾ ਹੈ, ਫਿਰ ਇਮਤਿਹਾਨ ਦੇਣਾ ਪੈਂਦਾ ਹੈ, ਜੇ ਪਾਸ ਹੁੰਦੇ ਹੋ ਤਾਂ ਫਿਰ ਤੁਹਾਡਾ ਟੈਸਟ ਲਿਆ ਜਾਂਦਾ ਹੈ, ਜੇ ਪਾਸ ਹੁੰਦੇ ਹੋ, ਤਾਂ ਤੁਹਾਨੂੰ ਗੱਡੀ ਚਲਾਉਣ ਦਾ ਮੁੱਢਲਾ ਲਾਈਸੈਂਸ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਹਾਈਵੇ 'ਤੇ ਚਲਾਉਣ ਲਈ ਸਾਲ ਬਾਅਦ ਫਿਰ ਟੈਸਟ ਦੇਣਾ ਪੈਂਦਾ, ਤਾਂ ਜਾ ਕੇ ਪੱਕਾ ਲਾਈਸੈਂਸ ਮਿਲਦਾ ਹੈ। ਇਸ ਨਾਲ ਸੜਕ 'ਤੇ ਨਿਯਮਾਂ ਦਾ ਪਾਲਣ ਕਰਦੇ ਹੋਏ, ਸੜਕਾਂ ਨੂੰ ਸੁਰਿੱਖਯਤ ਬਣਾਉਣ 'ਚ ਸਫਲਤਾ ਮਿਲਦੀ ਹੈ, ਪਰ ਜਿਹੜੇ ਲੋਕ ਫਿਰ ਸਿੱਖਣ ਤੋਂ ਬਾਅਦ ਫਿਰ ਵੀ ਅਣਹਹਿਲੀ ਵਰਤਦੇ ਹਨ, ਉਨ੍ਹਾਂ ਨੂੰ ਟਿਕਟ ਮਿਲ ਜਾਂਦੀ ਹੈ,  ਲਾਈਸੈਂਸ ਰੱਦ ਵੀ ਹੋ ਜਾਂਦਾ ਹੈ ਆਦਿ...

ਇਧਰ ਭਾਰਤ ਦਾ ਹਾਲ ਦੇਖ ਲਉ... ਜਿਸ ਬੰਦੇ ਨੇ ਕਦੀ ਗੱਡੀ ਦਾ ਮੂੰਹ ਤੱਕ ਵੀ ਨਹੀਂ ਦੇਖਿਆ ਹੁੰਦਾ, ਲਾਈਸੈਂਸ ਘਰ ਬੈਠੇ ਹੀ ਮਿਲ ਜਾਂਦਾ ਹੈ। ਕਿਸੇ ਨੂੰ ਵੀ ਕੋਈ ਪੜ੍ਹਨ ਦੀ ਜ਼ਰੂਰਤ ਨਹੀਂ, ਅਨਪੜ੍ਹ ਵੀ ਗੱਡੀ ਚਲਾ ਸਕਦਾ ਹੈ। ਗੱਡੀ ਕਿਸੇ ਕੋਲੋਂ ਵੀ ਸਿੱਖ ਕੇ, ਗੱਡੀ ਦਾ ਲਾਈਸੈਂਸ ਲੈ ਲਿਆ ਜਾਂਦਾ ਹੈ। ਸੜਕਾਂ 'ਤੇ ਨਿੱਕੇ ਨਿੱਕੇ ਨਿਆਣੇ ਵੀ ਸਕੂਟਰ, ਮੋਟਰਸਾਈਕਲ, ਗੱਡੀਆਂ ਅੰਨ੍ਹੇਵਾਹ ਭਜਾਈ ਫਿਰਦੇ ਹਨ, ਲੋਕ ਸ਼ਰਾਬਾਂ ਪੀ ਕੇ ਚਲਾਈ ਜਾਂਦੇ ਹਨ, 99% ਬਿਨਾਂ ਸੀਟ ਬੈਲਟ ਤੋਂ, ਫੋਨ 'ਤੇ ਗੱਲਾਂ ਕਰੀ ਜਾਂਦੇ ਹਨ... ਨਾ ਕੋਈ ਨਿਯਮਾਂ ਦਾ ਪਾਲਣ, ਲਾਲ ਬੱਤੀ 'ਤੇ ਭਜਾਈ ਜਾਣਾ... ਕਿਸੇ ਪੈਦਲ ਚੱਲਣ ਵਾਲੇ ਦੀ ਪਰਵਾਹ ਨਾ ਕਰਨੀ.... ਕੋਈ ਇੱਧਰ ਨੂੰ ਤੁਰੀ ਫਿਰਦਾ, ਕੋਈ ਫਿਰ ਉਧਰ ਨੂੰ... ਫਿਰ ਸੜਕਾਂ ਬਣਦੀਆਂ ਹਨ, ਜਾਨਲੇਵਾ... ਭਾਰਤ ਦੇ ਆਂਕੜੇ ਤੇ ਬਾਹਰਲੇ ਵਿਕਸਿਤ ਦੇਸ਼ਾਂ ਦੇ ਆਂਕੜੇ ਦੱਸਦੇ ਹਨ...

ਇਹ ਹੈ ਫਰਕ... ਪੂਰੀ ਜਾਣਕਾਰੀ ਲੈ ਕੇ, ਫਿਰ ਲਾਈਸੈਂਸ ਲੈਣ 'ਚ ਤੇ ਬਿਨਾਂ ਪੜ੍ਹੇ ਲਾਈਸੈਂਸ ਲੈਣ ''ਚ...

ਇਹੀ ਹਾਲਤ ਸਿੱਖ ਕੌਮ ਦੀ ਹੈ ਅੱਜ

ਅਖੌਤੀ ਸਾਧ ਬਾਬੇ, ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ ਅਤੇ ਹੋਰ ਗੁਰਦੁਆਰਾ ਕਮੇਟੀਆਂ ਦਾਅਵਾ ਕਰਦੀਆਂ ਹਨ ਕਿ ਅਸੀਂ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ... ਫਿਰ ਪੰਜਾਬ ਦੀ, ਸਿੱਖਾਂ ਦੀ ਹਾਲਤ ਇਸ ਤਰ੍ਹਾਂ ਦੀ ਕਿਉਂ?

ਜਵਾਬ ਹੈ ?

ਹਾਂਜੀ ਜਵਾਬ ਹੈ - ਸਿੱਖਾਂ ਦਾ ਬਿਨਾਂ ਪੜ੍ਹੇ ਗੱਡੀ ਚਲਾਉਣਾ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਹਰ ਮਨੁੱਖ ਲਈ ਹੈ, ਜੋ ਵੀ ਇਸਨੂੰ ਪੜ੍ਹਕੇ, ਸਮਝ ਕੇ, ਆਪਣੇ ਜੀਵਨ 'ਚ ਅਮਲ 'ਚ ਲਿਆਏਗਾ, ਧੱਕੇ ਨਹੀਂ ਖਾਏਗਾ। ਸਾਡਾ ਕੰਮ ਇਹ ਹੋ ਗਿਆ ਹੈ ਕਿ ਬੱਸ ਕਿਰਪਾਨ ਪਾ ਲਉ, ਗੁਰਬਾਣੀ ਦਾ ਊੜਾ ਵੀ ਪਤਾ ਨਹੀਂ ਹੁੰਦਾ, ਇਸ ਲਈ ਸਾਬਤ ਸੂਰਤ, ਕਿਰਪਾਨਾਂ ਵਾਲੇ, ਲੋਕ ਵੀ ਅਖੌਤੀ ਸਾਧਾਂ ਕੋਲ, ਮੜੀਆਂ, ਮਸਾਣਾਂ ਆਦਿ 'ਤੇ ਮੱਥੇ ਟੇਕਦੇ ਨਜ਼ਰ ਆਉਂਦੇ ਨੇ, ਬਿਨਾਂ ਸਿੱਖੇ ਗੱਡੀ ਚਲਾਉਣ ਵਾਂਗ ਕਦੀ ਇੱਧਰ, ਕਦੀ ਉਧਰ... ਟੱਕਕਾਂ ਮਾਰੀ ਫਿਰਦੇ ਨੇ, ਕਦੀ ਇਸ ਦਰ 'ਤੇ, ਕਦੀ ਉਸ ਦਰ 'ਤੇ.... ਕਦੀ ਦਰੱਖਤਾਂ 'ਚ ਵਜਦੇ ਨੇ, ਕਦੀ ਆਪਸ 'ਚ... ਪੜ੍ਹਿਆ ਨਹੀਂ ਨਾ, ਕਿ ਗੱਡੀ ਇੱਕ ਦੇ ਪਿੱਛੇ, ਜਗਾ ਛੱਡ ਕੇ ਚਲਾਉਣੀ, ਹਰ ਕੋਈ  ਇੱਕ ਦੂਜੇ ਤੋਂ ਅੱਗੇ ਲੰਘਣ ਨੂੰ ਭੱਜਾ ਫਿਰਦਾ... ਮੇਰਾ ਡੇਰਾ ਵੱਡਾ, ਮੇਰਾ ਵੱਡਾ.. ਮੈਂ ਜ਼ਿਆਦਾ ਅੰਮ੍ਰਿਤ ਛਕਾਇਆ, ਨਹੀਂ ਮੈਂ ਛਕਾਇਆ... ਅੰਜਾਮ... ਗੱਡੀਆਂ ਵੱਜਦੀਆਂ ਹਨ...

ਪਾਹੁਲ ਲੈਣੀ (ਅੰਮ੍ਰਿਤ ਛਕਣਾ) ਇੱਕ ਵਚਨ ਹੈ ਗੁਰੂ ਨਾਲ, ਕਿ ਮੈਂ ਜੋ ਪਿਛਲੇ 239 ਸਾਲਾਂ 'ਚ ਸਿੱਖਿਆ ਹੈ, ਉਸ 'ਤੇ ਮੈਂ ਹੁਣ ਅਡਿੱਗ ਖੜਾ ਰਹੂੰਗਾ, ਤੇਰੇ ਕਹੇ 'ਤੇ ਚਲੂੰਗਾ, ਇੱਧਰ ਉਧਰ ਨਹੀਂ ਜਾਊਂਗਾ।

ਗੁਰੂ ਨਾਨਕ ਸਾਹਿਬ ਤੋਂ ਲੈਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਪਹਿਲਾਂ ਬਾਣੀ ਨਾਲ ਸਿੱਖ ਨੂੰ ਸਿੰਚਿਆ, ਜਾਗਰਤ ਮਨੁੱਖ ਬਣਾਇਆ, ਅਕਲ ਤੋਂ ਕੰਮ ਲੈਣ ਲਈ ਸਬਕ ਦਿੱਤਾ, ਜ਼ੁਲਮ ਦੇ ਖਿਲਾਫ ਲੜ੍ਹਨ ਲਈ ਪੱਕਾ ਕੀਤਾ, ਨਿਮਰਤਾ, ਸੇਵਾ, ਆਪਣਾ ਆਪ ਗੁਆਉਣਾ ਸਿਖਾਇਆ। ਅਧਿਆਤਮਿਕ ਤੇ ਸ਼ਾਰੀਰਕ ਸੁਡੌਲਤਾ ਸਿਖਾਈ, ਜ਼ਿੰਦਗੀ ਕਿਵੇਂ ਜਿਊਣੀ ਹੈ ਸਿੱਖਾਈ, ਭਰਮ ਭੇਖ ਤੋਂ ਕਿਸ ਤਰਾਂ ਬੱਚ ਕੇ ਰਹਿਣਾ ਹੈ ਸਿਖਾਇਆ... ਨਾਨਕ ਨਿਰਮਲ ਪੰਥ ਚਲਾਇਆ... ਤੇ ਨਿਰਮਲ ਪੰਥ ਨੂੰ 239 ਸਾਲ ਲਗਾ ਕੇ ਬਾਣੀ ਨਾਲ ਮਨੋ ਦ੍ਰਿੜ ਕੀਤਾ, ਫਿਰ ਗੁਰੂ ਗੋਬਿੰਦ ਸਿੰਘ ਨੇ ਪਾਹੁਲ (ਅੰਮ੍ਰਿਤ) ਛਕਾ ਕੇ, ਉਸ 'ਤੇ ਮੁਹਰ ਲਾਗਈ ਕਿ ਇਹ ਹੁਣ ਤਿਆਰ ਹੈ... ਹੁਣ ਨਾਨਕ ਨਿਰਮਲ ਪੰਥ ਚਲਾਇਆ ਦਾ ਸਿਪਾਹੀ ਹੈ।

ਪਰ ਕੀ ਅਸੀਂ ਨਿਰਮਲ ਰਹੇ ?

ਗੁਰੂ ਸਾਹਿਬ ਕਹਿੰਦੇ ਹਨ:

ਜੀਅਹੁ ਨਿਰਮਲ ਬਾਹਰਹੁ ਨਿਰਮਲ ਬਾਹਰਹੁ ਤ ਨਿਰਮਲ ਜੀਅਹੁ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ
ਕੂੜ ਕੀ ਸੋਇ ਪਹੁਚੈ ਨਾਹੀ ਮਨਸਾ ਸਚਿ ਸਮਾਣੀ ਜਨਮੁ ਰਤਨੁ ਜਿਨੀ ਖਟਿਆ ਭਲੇ ਸੇ ਵਣਜਾਰੇ
ਕਹੈ ਨਾਨਕੁ ਜਿਨ ਮੰਨੁ ਨਿਰਮਲੁ ਸਦਾ ਰਹਹਿ ਗੁਰ ਨਾਲੇ ॥20॥

ਜਿਹੜੇ ਮਨੁੱਖ ਅੰਦਰੋਂ ਬਾਹਰੋਂ ਨਿਰਮਲ (ਮੈਲ ਤੋਂ ਰਹਿਤ) ਰਹਿੰਦੇ ਹਨ, ਸਤਿਗੁਰੂ ਦੀ ਉਪਦੇਸ਼ (ਕਰਣੀ) ਨੂੰ ਕਮਾਉਂਦੇ ਹਨ, ਉਨ੍ਹਾਂ ਕੋਲ ਕੂੜ (ਝੂਠੇ ਕੰਮਾਂ) ਦੀ ਕਿਸੇ ਵੀ ਤਰ੍ਹਾਂ ਦੀ ਸੋਚ ਮਨ 'ਚ ਨਹੀਂ ਵਸਦੀ, ਉਨ੍ਹਾਂ ਨੇ ਇਸ ਜੀਵਨ ਦਾ ਅਮੋਲਕ ਰਤਨ ਖੱਟਿਆ ਹੈ... ਉਹੀ ਮਨੁੱਖ ਸਦਾ ਗੁਰੂ ਦੇ ਨਾਲ ਰਹਿੰਦੇ ਹਨ, ਜਿਹੜੇ ਗੁਰੂ ਦਾ ਉਪਦੇਸ਼ ਮਨ 'ਚ ਵਸਾ ਕਿ ਨਿਰਮਲ ਬਣਦੇ ਹਨ

"ਕੂੜ ਕੀ ਸੋਇ ਪਹੁਚੈ ਨਾਹੀ" ਕਿਸੇ ਵੀ ਤਰ੍ਹਾਂ ਦੇ ਵਹਿਮ ਭਰਮ, ਪਾਖੰਡ, ਭੇਖ, ਹੋਰ ਹੋਰ ਧਾਰਨਾਵਾਂ... ਆਦਿ... ਉਨ੍ਹਾਂ ਤੱਕ ਨਹੀਂ ਪਹੁੰਚਦੇ, ਜਿਹੜੇ ਸਦਾ ਗੁਰੂ ਨਾਲ ਰਹਿੰਦੇ ਨੇ... ਜਿਹੜੇ ਸਿਰਫ ਇੱਕ ਗੁਰੂ ਦਾ ਉਪਦੇਸ਼ ਧਾਰਣ ਕਰਦੇ ਨੇ। ਇਹੀ "ਨਾਨਕ ਨਿਰਮਲ ਪੰਥ ਚਲਾਇਆ" ਹੈ, ਜਿਹੜਾ ਭਰਮਾਂ, ਭੇਖਾਂ ਤੋਂ ਨਿਆਰਾ ਹੈ, ਉਹੀ ਫਿਰ "ਖ਼ਾਲਸਾ" ਹੈ।

ਬਹੁਤੇ ਲੋਕ ਕਹਿੰਦੇ ਹਨ ਕਿ "ਖ਼ਾਲਸਾ" ਸ਼ਬਦ ਕਿਸੇ ਹੋਰੇ ਗ੍ਰੰਥ 'ਚੋਂ ਆਇਆ ਹੈ, ਉਨ੍ਹਾਂ ਲਈ ਗੁਰਬਾਣੀ ਦੀ ਇਹ ਤੁੱਕ ਪੇਸ਼ ਹੈ:

ਭਗਤ ਕਬੀਰ ਜੀ॥ ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ॥ ਪੰਨਾ 654

ਜਿਨ੍ਹਾਂ ਨੇ ਅਕਾਲਪੁਰਖ ਦੀ ਪ੍ਰੇਮਾ ਭਗਤੀ, ਗੁਰੂ ਉਪਦੇਸ਼ ਨੂੰ ਜਾਣਿਆ ਹੈ, ਉਹ ਜਨ, ਉਹ ਖਾਲਸੇ ਹਨ, ਉਹ ਗੁਰੂ ਦੇ ਨਿਜੀ ਹਨ, ਉਹ ਖਾਲਸ ਹਨਇਸ ਤੁੱਕ ਨੂੰ ਵੀ ਸੰਪਰਦਾਈ ਲੋਕ ਬਦਲ ਦਿੰਦੇ ਹਨ, ਕਹਿੰਦੇ ਹਨ ਕਿ ਇਹ ਇਸ ਤਰ੍ਹਾਂ ਨਹੀਂ ਜਿਵੇਂ ਉਪਰ ਲਿੱਖੀ ਹੈ, ਇਹ ਇਸ ਤਰ੍ਹਾਂ ਹੈ "ਕਹੁ ਕਬੀਰ ਜਨ ਭਏ ਖਲਾਸੇ ਪ੍ਰੇਮ ਭਗਤਿ ਜਿਹ ਜਾਨੀ ॥" (ਖਾਲਸੇ ਨੂੰ ਖਲਾਸੇ ਵਿੱਚ ਬਦਲ ਕੇ) ਇਹ ਲੋਕ ਇਹ ਕਾਰਵਾਈ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨੱਥੀ ਕਰਦੇ ਹੋਏ, ਘੋਰ ਪਾਪ ਕਰਦੇ ਹਨ

ਉਪਰੋਕਤ ਵੀਚਾਰ ਤੋਂ ਇਹ ਸਾਫ ਹੈ ਕਿ ਜਿਹੜਾ ਨਿਰਮਲ ਹੈ, ਉਹੀ ਖ਼ਾਲਸਾ ਹੈ, ਤੇ ਇਹ ਖ਼ਾਲਸਾ ਗੁਰੂ ਦਾ ਥਾਪਿਆ ਹੋਇਆ ਹੈ, ਤੇ ਇਹੀ ਉਸ ਵਾਹ ਗੁਰੂ ਦਾ, "ਵਾਹਿ ਗੁਰੂ ਜੀ ਕਾ ਖ਼ਾਲਸਾ", ਤੇ ਇਸੀ ਗੁਰੂ "ਵਾਹਿ ਗੁਰੂ" ਦੀ ਹੀ ਨਿਰਮਲ ਖ਼ਾਲਸਾ "ਫਤਹਿ" ਲੋਚਦਾ ਹੈ। ਇਹੀ ਹੈ "ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫਤਹਿ॥"

...ਤੇ ਨਿਰਮਲ, ਖ਼ਾਲਸਾ ਬਣਨ ਲਈ ਗੁਰਬਾਣੀ ਪੜ੍ਹਨੀ, ਸੁਣਨੀ, ਸਮਝਣੀ, ਜੀਵਨ 'ਚ ਧਾਰਣ ਕਰਣ ਤੋਂ ਬਾਅਦ ਪਾਹੁਲ ਛੱਕਣੀ, ਵਚਨਬੱਧ ਹੋਣ ਨਾਲ ਹੀ ਸਿੱਖੀ ਦਾ ਭਲਾ ਹੈ, ਤੇ ਫਿਰ ਗੱਡੀ ਇਧਰ ਉਧਰ ਨਹੀਂ ਜਾਵੇਗੀ, ਨਹੀਂ ਤਾਂ ਬਿਨਾਂ ਗੁਰਬਾਣੀ ਪੜੇ, ਸਮਝੇ ਬਿਨਾਂ ਪਾਹੁਲ ਲੈਣੀ, ਗੱਡੀ ਟੱਕਰਾਂ ਹੀ ਖਾਏਗੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਪਾਹੁਲ ਛਕਾਈ ਸੀ ਤਾਂ ਇਤਿਹਾਸ ਮੁਤਾਬਿਕ ਅਮੂਮਨ ਕੋਈ 10 ਕੁ ਹਜ਼ਾਰ ਲੋਕ ਆਏ ਸਨ, ਪਰ ਨਿੱਤਰੇ ਕਿੰਨੇ.... ਸਿਰਫ ਪੰਜ

ਬਹੁਤੇ ਲੋਕ ਕਹਿੰਦੇ ਹਨ ਕਿ ਅੰਮ੍ਰਿਤ ਛੱਕਕੇ ਗੁਰੂ ਦੇ ਸਕੂਲ 'ਚ ਦਾਖਿਲਾ ਲਿਆ ਹੈ... ਨਹੀਂ... ਇਹ ਦਾਖਿਲਾ ਨਹੀਂ, ਇਹ ਸੰਪੂਰਨਤਾ ਹੈ... ਇਹ ਗੁਰੂ ਦੇ ਸਕੂਲ ਦੀ ਪੜ੍ਹਾਈ ਦੀ ਡਿਗਰੀ ਹੈ, Commemoration Ceremony ਹੈ, ਤੁਹਾਨੂੰ ਰਜਿਸਟਰਡ (Registered), ਵਚਨਬੱਧ (Committed) ਬਣਾਉਂਦੀ ਹੈ। ਬਿਨਾਂ ਗੁਰਬਾਣੀ ਪੜੇ, ਸਮਝੇ, ਪਾਹੁਲ ਲੈਣੀ, ਬਿਨਾ ਪੜ੍ਹੇ ਗੱਡੀ ਚਲਾਉਣ ਵਰਗਾ ਹੈ, ਆਪਣੇ ਆਪ ਨੂੰ ਧੋਖਾ ਦੇਣਾ ਹੈ। ਜੇ ਗੁਰੂ ਨੇ ਸਭ ਨੂੰ ਪਾਹੁਲ ਛਕਾਉਣੀ ਹੁੰਦੀ, ਤਾਂ ਇਹ ਆਦੇਸ਼ ਦਿੰਦੇ ਕਿ ਸਭ ਨੇ ਪਾਹੁਲ ਲੈਣੀ ਹੈ... ਪਰ ਨਹੀਂ, ਉਹੀ ਨਿਤਰੇ ਜਿਹੜੇ ਸਮਰਪਿਤ ਸੀ, ਦ੍ਰਿੜ ਸੀ, ਵਚੱਨਬੱਧ ਸੀ।

ਅੱਜ ਅਸੀਂ ਹਰ ਕਿਸੀ ਨੂੰ ਕਹੀ ਜਾਂਦੇ ਹਾਂ ਕਿ ਆਜੋ ਬਈ ਜਿਹਨੇ ਗੁਰੂ ਵਾਲੇ ਬਣਨਾ, ਅੰਮ੍ਰਿਤ ਛਕੋ, ਸਿੰਘ ਸਜੋ... ਪਰ ਇਹ ਕਿਤੇ ਨਹੀਂ ਸੁਣਿਆ ਬਈ, ਆਓ ਬਾਣੀ ਪੜੋ, ਸਮਝੋ, ਜੀਵਨ 'ਚ ਢਾਲੋ ਫਿਰ ਪਾਹੁਲ ਲਵੋ... ਜਦੋਂ ਇਹ ਹੋਵੇਗਾ... ਫਿਰ ਬਣੇਗਾ ਭਰਮ ਭੇਖ ਤੋਂ ਰਹਿਤ ਨਿਆਰਾ ਨਿਰਮਲ ਖ਼ਾਲਸਾ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top