Share on Facebook

Main News Page

ਯੂ.ਏ.ਈ. ਦੀ ਸੰਗਤ ਦੇ ਵੱਲੋਂ ਨਿੱਤਨੇਮ ਅਤੇ ਪਾਹੁਲ ਬਾਰੇ ਐਲਾਨ 'ਤੇ ਪੱਪੂ ਅਤੇ ਗਿਆਨੀ ਕੇਵਲ ਸਿੰਘ ਆਪਣੇ ਆਪਣੇ ਪੁਲਾਵ ਪਕਾ ਰਹੇ ਨੇ
-: ਸੰਪਾਦਕ ਖ਼ਾਲਸਾ ਨਿਊਜ਼

ਯੂ.ਏ.ਈ. ਦੀ ਸੰਗਤ ਦੇ ਵੱਲੋਂ ਨਿੱਤਨੇਮ ਅਤੇ ਪਾਹੁਲ ਬਾਰੇ ਜੋ ਫੈਸਲਾ 15 ਜਨਵਰੀ 2016 ਨੂੰ ਕੀਤਾ ਗਿਆ, ਉਹ ਇਸ ਤਰ੍ਹਾਂ ਹੈ: (Click here to read that news)

1. ਅੱਜ ਤੋਂ ਬਾਅਦ ਸਿੱਖ ਦਾ ਨਿਤਨੇਮ ਸਿਰਫ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜਿਤ ਬਾਣੀਆਂ ਦਾ ਹੀ ਹੋਵੇਗਾ। ਅਨਮਤੀ ਅਤੇ ਮਨਮਤੀ ਗ੍ਰੰਥਾਂ ਦੀਆਂ ਰਚਨਾਵਾਂ ਦੇ ਅਧਾਰ 'ਤੇ ਤਿਆਰ ਕੀਤਾ ਗਿਆ ਨਿਤਨੇਮ ਨਹੀਂ ਸਵੀਕਾਰ ਕੀਤਾ ਜਾਵੇਗਾ

2. ਅਮ੍ਰਿੰਤ ਸੰਚਾਰ ਦੀ ਪਰਕਿਰਿਆ ਬਾਰੇ ਵੀ ਵਿਚਾਰ ਕੀਤੇ ਗਏ ਅਤੇ ਸਾਂਝੇ ਰੂਪ ਵਿਚ ਫੈਸਲਾ ਹੋਇਆ ਕਿ ਅਮ੍ਰਿੰਤ ਸੰਚਾਰ ਵੀ ਸਿਰਫ਼ ਅਤੇ ਸਿਰਫ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਪੜ ਕੇ ਹੀ ਤਿਆਰ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮਰੱਥ ਹਨ ਅਤੇ ਸਾਨੂੰ ਸੰਤ ਅਤੇ ਸਿਪਾਹੀ ਬਣਨ ਦੀ ਸੇਧ ਸਿਰਫ਼ ਅਤੇ ਸਿਰਫ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਦੇ ਸਕਦੇ ਹਨ

ਪੱਪੂ ਦੁਰਬਚਨ ਅਤੇ ਉਸਦੇ ਬੁਲਾਏ ਅਖੌਤੀ ਵਿਦਵਾਨਾਂ ਦੀ ਮੀਟਿੰਗ ਇੱਹ ਢਕੋਸਲਾ ਹੈ, ਉਹ ਆਪਣੀ ਗੁਆਚ ਚੁਕੀ ਸਾਖ਼ ਨੂੰ ਮੁੜ ਸੁਰਜੀਤ ਕਰਨ ਦੇ ਬਹਾਨੇ ਲਭ ਰਹੇ ਨੇ। ਜੋ ਕੁੱਝ ਵੀ ਪੱਪੂਆਂ ਦੀ ਮੀਟਿੰਗ ਵਿੱਚ ਹੋਇਆ ਹੈ ਅਤੇ ਜਿਸ ਤਸਵੀਰ ਅਤੇ ਲੋਕਾਂ ਦੇ ਨਾਵਾਂ ਦੀ ਲਿਸਟ ਅਤੇ ਫੋਨ ਨੰ. ਦੀ ਗੱਲ ਕਰ ਰਿਹਾ ਹੈ, ਉਹ "ਖ਼ਾਲਸਾ ਨਿਊਜ਼" ਦੀ ਖਬਰ 'ਤੋਂ ਚੁੱਕ ਕੇ ਆਪਣਾ ਸਬੂਤ ਬਣਾ ਰਿਹਾ ਹੈ। ਹਾਲੇ ਯੂ.ਏ.ਈ. ਦੀ ਸੰਗਤ ਨੇ ਸਿਰਫ ਐਲਾਨ ਕੀਤਾ ਹੈ, ਅਰਦਾਸ ਅਤੇ ਨਿਤਨੇਮ ਸ੍ਰੀ ਗੁਰੁ ਗ੍ਰੰਥ ਸਾਹਿਬ ਅਨੁਸਾਰ ਹੋ ਰਹੇ ਨੇ, ਪਰ ਹਾਲੇ ਪਾਹੁਲ (ਅੰਮ੍ਰਿਤ ਸੰਚਾਰ) ਨਹੀਂ ਛਕਾਈ ਗਈ

ਇਸੇ ਤਰ੍ਹਾਂ ਗਿਆਨੀ ਕੇਵਲ ਸਿੰਘ ਦੁਬਈ ਦੀ ਗੱਲ ਕਰ ਰਹੇ ਨੇ, ਜਦਕਿ ਇਹ ਸੰਗਤ ਦੁਬਈ ਦੀ ਨਹੀਂ, ਅਵੀਰ ਦੀ ਹੈ। ਦੁਬਈ ਦਾ ਗੁਰਦੁਆਰਾ ਹੋਰ ਹੈ, ਅਵੀਰ ਦਾ ਹੋਰ ਹੈ। ਅਵੀਰ ਦੇ ਗੁਰਦੁਆਰੇ ਦੇ ਪ੍ਰਧਾਨ ਸੁਰਜੀਤ ਮਠਾੜੂ ਦੀ ਨਾਮਰਦਗੀ ਕਰਕੇ ਸੰਗਤ ਆਪਣੇ ਫੈਸਲੇ 'ਤੇ ਅਟੱਲ ਹੈ। ਦੁਬਈ ਵਾਲੇ ਹਾਲੇ ਕਾਰਪੇਟ 'ਤੇ ਸਪਰੇਅ ਕਰੀ ਜਾਂਦੇ ਹਨ, ਪਰ ਅਵੀਰ ਦੀ ਸੰਗਤ ਜਾਗਰੂਕ ਹੋ ਚੁਕੀ ਹੈ।

ਦੁਬਈ ਵਿੱਚ ਨਿਤਨੇਮ ਅਤੇ ਅੰਮ੍ਰਿਤ ਸੰਚਾਰ ਦੀ ਬਾਣੀ ਨਾਲ ਕੋਈ ਛੇੜ ਛਾੜ ਨਹੀਂ ਹੋਈ
-: ਗਿਆਨੀ ਕੇਵਲ ਸਿੰਘ

ਅੰਮ੍ਰਿਤਸਰ (4 ਫਰਵਰੀ, 2016): ਗਿਆਨੀ ਗੁਰਬਚਨ ਸਿੰਘ ਵੱਲੋਂ ਆਪਣੇ ਹੋਰ ਸਾਥੀਆਂ ਨਾਲ ਮਿਲਕੇ ਦੁਬਈ ਦੇ ਗੁਰਦੁਆਰਾ ਸਾਹਿਬ ਵਿੱਚ ਨਿਤਨੇਮ ਅਤੇ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਬਦਲਣ ਦੇ ਮਾਮਲੇ ‘ਤੇ ਕੀਤੀ ਮੀਟਿੰਗ ਨੂੰ ਡਰਾਮਾ ਕਰਾਰ ਦਿੰਦਿਆਂ ਸਾਬਕਾ ਜਥੇਦਾਰ ਅਤੇ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਥੇ ਅਜਿਹਾ ਕੁਝ ਨਹੀਂ ਵਾਪਰਿਆ।

ਉਨ੍ਹਾਂ ਦੋਸ਼ ਲਾਇਆ ਕਿ ਯੋਜਨਾਬੱਧ ਢੰਗ ਨਾਲ ਇਸ ਮਾਮਲੇ ਨੂੰ ਪ੍ਰਚਾਰਿਆ ਗਿਆ ਹੈ ਤਾਂ ਜੋ ਤਖ਼ਤਾਂ ਦੇ ਜਥੇਦਾਰਾਂ ਦੀ ਕੌਮ ਨਾਲ ਬਣੀ ਦੂਰੀ ਨੂੰ ਘੱਟ ਕੀਤਾ ਜਾ ਸਕੇ। ਉਨ੍ਹਾਂ ਇਸ ਸਾਰੀ ਕਾਰਵਾਈ ਨੂੰ ਡਰਾਮਾ ਕਰਾਰ ਦਿੱਤਾ ਅਤੇ ਆਖਿਆ ਕਿ ਇਸ ਸਬੰਧੀ ਸਬੂਤ ਸਿੱਖ ਕੌਮ ਸਾਹਮਣੇ ਰੱਖੇ ਜਾਣ। ਇਹ ਸਬੂਤ ਵੀ ਨਿਰਪੱਖ ਸਿੱਖ ਵਿਦਵਾਨਾਂ ਵੱਲੋਂ ਇਕੱਠੇ ਕੀਤੇ ਹੋਏ ਹੋਣੇ ਚਾਹੀਦੇ ਹਨ। ਜੇਕਰ ਅੰਮ੍ਰਿਤ ਸੰਚਾਰ ਦੀ ਮਰਿਆਦਾ ਵਿੱਚ ਤਬਦੀਲੀ ਕੀਤੇ ਜਾਣ ਦੇ ਕੋਈ ਸਬੂਤ ਹਨ ਤਾਂ ਉਸ ਨੂੰ ਸਿੱਖ ਕੌਮ ਦੇ ਸਾਹਮਣੇ ਰੱਖਿਆ ਜਾਣਾ ਚਾਹੀਦਾ ਹੈ। ਦੂਜੇ ਪਾਸੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਉਨ੍ਹਾਂ ਕੋਲ ਇਸ ਸਬੰਧੀ ਠੋਸ ਸਬੂਤ ਹਨ।

ਦੱਸਣਯੋਗ ਹੈ ਕਿ ਬੀਤੇ ਦਿਨ ਗਿਆਨੀ ਗੁਰਬਚਨ ਸਿੰਘ, ਗਿਆਨੀ ਮੱਲ ਸਿੰਘ ਅਤੇ ਗਿਆਨੀ ਗੁਰਮੁੱਖ ਸਿੰਘ ਵੱਲੋਂ ਇਸ ਸਬੰਧ ਵਿੱਚ ਸਿੱਖ ਵਿਦਵਾਨਾਂ ਨਾਲ ਮੀਟਿੰਗ ਕੀਤੀ ਗਈ ਸੀ, ਜਿਸ ਵਿੱਚ ਦੁਬਈ ’ਚ ਕੁਝ ਸਿੱਖਾਂ ਵੱਲੋਂ ਆਪਣੇ ਪੱਧਰ ’ਤੇ ਨਿਤਨੇਮ ਅਤੇ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ’ਚ ਬਦਲਾਅ ਕਰਨ ਦਾ ਮਾਮਲਾ ਸਾਹਮਣੇ ਲਿਆਂਦਾ ਗਿਆ ਸੀ। ਇਸ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰਦਿਆਂ ਸਿੱਖ ਸੰਗਤ ਨੂੰ ਸਿੱਖ ਰਹਿਤ ਮਰਿਆਦਾ ਨਾਲ ਛੇੜਛਾੜ ਕਰਨ ਵਾਲਿਆਂ ਤੋਂ ਸੁਚੇਤ ਰਹਿਣ ਲਈ ਆਖਿਆ ਗਿਆ ਸੀ।

ਅੱਜ ਇਸ ਮਾਮਲੇ ’ਤੇ ਕਿੰਤੂ-ਪ੍ਰੰਤੂ ਕਰਦਿਆਂ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਦੋਸ਼ ਲਾਇਆ ਕਿ ਸਿੱਖ ਕੌਮ ਦੀ ਹਮਾਇਤ ਲੈਣ ਵਾਸਤੇ ਅੰਮ੍ਰਿਤ ਸੰਚਾਰ ਮਰਿਆਦਾ ਵਿੱਚ ਤਬਦੀਲੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਇਸ ਸਬੰਧ ਵਿੱਚ ਉਥੋਂ ਦੇ ਇੱਕ ਜ਼ਿੰਮੇਵਾਰ ਸਿੱਖ ਵਿਅਕਤੀ ਅਮਰਜੀਤ ਸਿੰਘ ਨਾਲ ਗੱਲਬਾਤ ਹੋਈ ਹੈ ਅਤੇ ਉਸ ਨੇ ਦੱਸਿਆ ਕਿ ਦੁਬਈ ਵਿੱਚ ਅਜਿਹਾ ਕੁਝ ਵੀ ਨਹੀਂ ਵਾਪਰਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਪੰਜ ਪਿਆਰਿਆਂ ਵੱਲੋਂ ਵੀ ਆਪਣੇ ਪੱਧਰ ’ਤੇ ਜਾਣਕਾਰੀ ਹਾਸਲ ਕੀਤੀ ਗਈ ਹੈ ਅਤੇ ਉਥੇ ਅਜਿਹਾ ਕੁਝ ਵੀ ਨਹੀਂ ਵਾਪਰਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਥੋਂ ਦੀ ਸਿੱਖ ਸੰਗਤ ਅਕਾਲ ਤਖਤ ਨੂੰ ਸਮਰਪਿਤ ਹੈ ਅਤੇ ਪ੍ਰਵਾਨਿਤ ਰਹਿਤ ਮਰਿਆਦਾ ਅਨੁਸਾਰ ਹੀ ਅੰਮ੍ਰਿਤ ਸੰਚਾਰ ਕਰ ਰਹੀ ਹੈ। ਉਥੋਂ ਦੀ ਸਿੱਖ ਸੰਗਤ ਵੱਲੋਂ ਪ੍ਰਵਾਨਿਤ ਰਹਿਤ ਮਰਿਆਦਾ ਅਨੁਸਾਰ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾਉਣ ਲਈ ਉਨ੍ਹਾਂ ਨੂੰ ਸੱਦਾ ਵੀ ਦਿੱਤਾ ਗਿਆ ਹੈ। ਉਹ ਅਤੇ ਪੰਜ ਪਿਆਰੇ ਫਰਵਰੀ ਦੇ ਆਖਰੀ ਹਫ਼ਤੇ ਉਥੇ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾਉਣ ਵਾਸਤੇ ਜਾ ਰਹੇ ਹਨ।

ਦੂਜੇ ਪਾਸੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਚਬਨ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਦੁਬਈ ਵਿੱਚ ਨਿਤਨੇਮ ਅਤੇ ਅੰਮ੍ਰਿਤ ਸੰਚਾਰ ਦੀ ਮਰਿਆਦਾ ਵਿੱਚ ਬਦਲਾਅ ਕਰਨ ਸਬੰਧੀ ਕੀਤੇ ਫੈਸਲੇ ਬਾਰੇ ਠੋਸ ਸਬੂਤ ਹਨ। ਉਨ੍ਹਾਂ ਨੂੰ ਇਸ ਸਬੰਧ ਵਿੱਚ ਦੁਬਈ ਵਾਸੀ ਸਿੱਖ ਵਿਅਕਤੀਆਂ ਦੇ ਫੋਨ ਵੀ ਆਏ ਹਨ ਅਤੇ ਉਨ੍ਹਾਂ ਕੋਲ ਉਨ੍ਹਾਂ ਵਿਅਕਤੀਆਂ ਦੀਆਂ ਤਸਵੀਰਾਂ, ਨਾਮ ਅਤੇ ਫੋਨ ਨੰਬਰ ਵੀ ਹਨ, ਜੋ ਇਸ ਸਬੰਧੀ ਮੀਟਿੰਗ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਆਖਿਆ ਕਿ ਗਿਆਨੀ ਕੇਵਲ ਸਿੰਘ ਜਾਂ ਹੋਰ ਇਸ ਸਬੰਧੀ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਆ ਕੇ ਇਹ ਸਾਰੇ ਸਬੂਤ ਦੇਖ ਸਕਦੇ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top