Share on Facebook

Main News Page

ਕਾਨਪੁਰ 'ਚ ਹੋਏ ਗੁਰਮਤਿ ਸਮਾਗਮ 'ਚ ਹੋਈ "ਪ੍ਰਿਥਮ ਅਕਾਲਪੁਰਖ ਸਿਮਰ ਕੈ..." ਵਾਲੀ ਅਰਦਾਸ;
ਸੋਦਰ (ਰਹਿਰਾਸ) ਦਾ ਪਾਠ  ਬਿਨਾ "ਚੌਪਈ" ਤੋਂ ਕੀਤਾ;
ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਅਤੇ ਭਾਈ ਅੰਮ੍ਰਿਤਪਾਲ ਸਿੰਘ ਨੇ ਕੀਤੀਆਂ ਗੁਰਮਤਿ ਵੀਚਾਰਾਂ

06 ਫਰਵਰੀ 2016 ਨੂੰ ਅਕਾਲੀ ਜੱਥਾ ਕਾਨਪੁਰ ਵੱਲੋਂ, ਖ਼ਾਲਸਾ ਹਾਲ ਗੋਵਿੰਦ ਨਗਰ ਕਾਨਪੁਰ 'ਚ ਗੁਰਬਾਣੀ ਕੀਰਤਨ ਦੇ 9ਵੇਂ ਗੁਰਮਤਿ ਸਮਾਗਮ ਦੀ ਸ਼ੁਰੂਆਤ ਹੋਈ। ਅਕਾਲ ਤਖ਼ਤ ਦੇ ਸਾਬਕਾ ਮੁੱਖ ਸੇਵਾਦਾਰ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਗੁਰੂ ਗ੍ਰੰਥ ਸਾਹਿਬ 'ਚ ਅੰਕਿਤ ਸ਼ਬਦ "ਸਚੁ ਕਹੈ ਨਾਨਕੁ ਚੇਤਿ ਰੇ ਮਨ ਮਰਹਿ ਭਵਰਾ ਕਾਲਿਆ ॥" ਦਾ ਗਾਇਨ ਕੀਤਾ ਅਤੇ ਗੁਰਮਤਿ ਵੀਚਾਰਾਂ ਕਰਦੇ ਹੋਏ ਕਿਹਾ ਕਿ ਇਸ ਸ਼ਬਦ ਵਿੱਚ ਗੁਰੂ ਨਾਨਕ ਸਾਹਿਬ ਕਾਲੇ ਭੰਵਰੇ ਦੀ ਮਿਸਾਲ ਦਿੰਦੇ ਹੋਏ ਕਿਹਾ ਕਿ ਤੂੰ ਖੁਸ਼ਬੂ ਤੇ ਰਸ ਦਾ ਕਦਰਦਾਨ ਹੈਂ, ਇਹ ਤੇਰਾ ਗੁਣ ਹੈ। ਤੂੰ ਹਰ ਫੁੱਲ 'ਤੇ ਰਸ ਅਤੇ ਖੂਸ਼ਬੂ ਲਈ ਬੈਠਦਾ ਹੈਂ, ਪਰ ਇਹ ਗੁਣ ਲੈਣ ਲਈ ਤੂੰ ਇੱਕ ਗ਼ਲਤੀ ਕਰ ਬੈਠਦਾ ਹੈਂ, ਖੁਸ਼ਬੂ ਲੈਣ ਲਈ ਤੂੰ ਦਰ ਦਰ ਭਟਕਦਾ ਹੈਂ ਭਾਵ ਹਰ ਤਰ੍ਹਾਂ ਦੇ ਫੁੱਲ ਨੂੰ ਆਪਣਾ ਸਮਝ ਬੈਠਦਾ ਹੈਂ। ਇਸ ਦਰ ਦਰ ਭਟਕਣ ਦੀ ਤੇਰੀ ਇਸ ਆਦਤ ਕਰਕੇ ਤੈਨੂੰ ਆਪਣੇ ਪਰਾਏ ਦੀ ਪਛਾਣ ਨਹੀਂ ਰਹੀ। ਤੁੰ ਕਮਲ ਦੇ ਫੁੱਲ 'ਤੇ ਉਸਨੂੰ ਆਪਣਾ ਸਮਝਕੇ ਜਾ ਬੈਠਦਾ ਹੈਂ। ਜਿਸਨੂੰ ਤੂੰ ਆਪਣਾ ਸਮਝਦਾ ਹੈਂ ਉਹ ਤਾਂ ਸੂਰਜ ਦੇ ਆਦੇਸ਼ 'ਤੇ ਖਿਲਦਾ ਹੈਂ ਤੇ ਬੰਦ ਹੁੰਦਾ ਹੈਂ। ਉਹ ਤਾਂ ਕਿਸੀ ਹੋਰ ਦਾ ਹੈ, ਉਸਨੂੰ ਤੇਰੇ ਨਾਲ ਕੋਈ ਸਨੇਹ ਨਹੀਂ। ਤੂੰ ਮਰੇ ਚਾਹੇ ਜੀਵੇਂ, ਉਹ ਤਾਂ ਸੂਰਜ ਲਈ ਖਿਲਦਾ ਤੇ ਸੂਰਜ ਦੇ ਡੁੱਬਣ ਨਾਲ ਹੀ ਬੰਦ ਹੋ ਜਾਂਦਾ ਹੈ। ਤੂੰ ਉਸਦੇ ਝੂਠੇ ਮੋਹ 'ਚ ਐਨਾ ਗੁਆਚ ਜਾਂਦਾ ਹੈਂ ਕਿ ਸਭ ਕੁੱਝ ਭੁਲਾ ਦਿੰਦਾ ਹੈਂ ਤੇ ਉਸਦੀਆਂ ਪੰਖੁੜੀਆਂ ਬੰਦ ਹੋਣ ਦੇ ਨਾਲ ਨਾਲ ਤੂੰ ਵੀ ਉਸ 'ਚ ਕੈਦ ਹੋਕੇ ਮਰ ਜਾਂਦਾ ਹੈਂ।

ਗੁਰੂ ਨਾਨਕ ਸਾਹਿਬ ਇਸ ਸ਼ਬਦ 'ਚ ਆਪਣੇ ਸਿੱਖ ਨੂੰ ਇਹ ਸੰਦੇਸ਼ ਦੇ ਰਹੇ ਹਨ ਕਿ ਮੋਹ ਸਿਰਫ ਇੱਕ ਨਾਲ ਲਗਾ, ਇੱਕ ਰੱਬ ਨੂੰ ਯਾਦ ਕਰ, ਦਰ ਦਰ ਭਟਕਣ ਦੀ ਆਦਤ ਛੱਡ ਦੇ। ਦਰ ਦਰ ਭਟਕਣ ਦੀ ਤੇਰੀ ਆਦਤ ਤੈਨੂੰ ਦੋਸਤ ਅਤੇ ਦੁਸ਼ਮਨ ਦੀ ਪਛਾਣ ਕਰਣ ਦੀ ਸ਼ਕਤੀ ਤੋਂ ਹੀਣਾ ਕਰ ਦਿੰਦਾ ਹੈ, ਤੇ ਤੂੰ ਉਸ ਕਾਲੇ ਭੰਵਰੇ ਵਾਂਙ ਉਸ ਕਮਲ ਦੇ ਫੁੱਲ 'ਚ ਕੈਦ ਹੋ ਕੇ ਆਪਣਾ ਅੰਤ ਕਰ ਬੈਠਦਾ ਹੈਂ।

ਇਸ ਸਮਾਗਮ ਦੇ ਪਹਿਲੇ ਦੀਵਾਨ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਨੇ ਸੰਗਤ ਨੇ ਗੁਰਮਤਿ ਵੀਚਾਰਾਂ ਕੀਤੀਆਂ। ਉਨ੍ਹਾਂ ਨੇ ਅਖੌਤੀ ਜੱਥੇਦਾਰਾਂ ਵੱਲੋਂ ਸਿੱਖੀ ਦੀ ਬਰਬਾਦੀ ਕਿਸ ਤਰ੍ਹਾਂ ਕੀਤੀ ਹੈ, ਇਸ ਬਾਰੇ ਕਈ ਖੁਲਾਸੇ ਕੀਤੇ। ਇਸ ਸਮਾਗਮ 'ਚ ਜਬਲਪੁਰ, ਇੰਦੌਰ, ਭੋਪਾਲ, ਬਰੇਲੀ ਅਤੇ ਬਾਰਾਬੰਕੀ ਤੋਂ ਵੀ ਸਿੱਖ ਸੰਗਤ ਸ਼ਾਮਿਲ ਹੋਈ।

ਰਾਤ ਦੇ ਦੀਵਾਨ ਦੀ ਸ਼ੁਰੂਆਤ ਸੋਦਰ (ਪ੍ਰਚਲਿਤ ਰਹਿਰਾਸ) ਦੇ ਪਾਠ ਨਾਲ ਹੋਈ, ਜਿਸ ਵਿੱਚ "ਚੌਪਈ" ਨਹੀਂ ਪੜ੍ਹੀ ਗਈ। ਪਾਠ ਤੋਂ ਬਾਅਦ ਅਤੇ ਸਮਾਗਮ ਦੇ ਅੰਤ 'ਚ ਹੋਈ "ਪ੍ਰਿਥਮ ਅਕਾਲਪੁਰਖ ਸਿਮਰ ਕੈ..." ਵਾਲੀ ਅਰਦਾਸ। ਇਹ ਕਦਮ ਚੁੱਕ ਕੇ ਕਾਨਪੁਰ ਦੀਆਂ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਆਪਣੀ ਦ੍ਰਿੜਤਾ ਦਾ ਸਬੂਤ ਦਿੱਤਾ ਅਤੇ ਜਾਗਰਤੀ ਲਹਿਰ ਨੂੰ ਹੋਰ ਪ੍ਰਚੰਡਤਾ ਦਿੱਤੀ।

ਸਮਾਗਮ 'ਚ ਅਕਾਲੀ ਜੱਥਾ ਦੇ ਮੈਂਬਰ ਸ. ਹਰਪਾਲ ਸਿੰਘ ਗਾਂਧੀ, ਸ. ਹਰਚਰਨ ਸਿੰਘ, ਸ. ਹਰਮਿੰਦਰ ਸਿੰਘ ਰੇਖੀ, ਸ. ਬਲਬੀਰ ਸਿੰਘ ਮੱਟੂ, ਸ. ਇੰਦਰਜੀਤ ਸਿੰਘ ਕਾਨਪੁਰ, ਸ. ਦਲੀਪ ਸਿੰਘ, ਸ. ਅੰਮ੍ਰਿਤਪਾਲ ਸਿੰਘ, ਸ. ਕਵਲਪਾਲ ਸਿੰਘ, ਸ. ਮਨਮੀਤ ਸਿੰਘ ਹਾਜ਼ਿਰ ਸੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top