Share on Facebook

Main News Page

ਕੀ ‘ਸਾਧ ਲਾਣਾ’ ਭਗਤ ਰਵਿਦਾਸ ਜੀ ਦੀ ਵਿਚਾਰਧਾਰਾ ਨੂੰ ਸਮਰਪਤ ਹੈ ?
-: ਮੇਜਰ ਸਿੰਘ 'ਬੁਢਲਾਡਾ'
94176 42327

ਭਗਤ ਰਵਿਦਾਸ ਜੀ ਦੀ ਵਿਚਾਰਧਾਰਾ ਨੂੰ ਲੈਕੇ ਅਨੇਕਾਂ ਸੰਗਠਨ, ਲੇਖਕ ਅਤੇ ਡੇਰਿਆਂ ਵਾਲੇ ਸਾਧ-ਬਾਬੇ ਲੈਕੇ ਚਲੇ ਹੋਏ ਹਨ। ਕੁਝ ਕੁ ਜਥੇਬੰਦੀਆਂ ਸਭਾਵਾਂ /ਲੇਖਕਾਂ ਨੂੰ ਛੱਡਕੇ, ਬਾਕੀ ਸਾਰੇ ਸਾਧ ਬਾਬਿਆਂ ਨਾਲ ਆ ਜੁੜਦੇ ਹਨ। ਭਾਵੇਂ ਇਹਨਾਂ ਸਾਧਾਂ ਦੇ ਆਪਸ ਵਿਚ ਮਤਭੇਦ ਹੋਣ ਕਰਕੇ ਕਈ ਧੜੇ ਸੁਨਣ ਵਿਚ ਆਉਂਦੇ ਹਨ, ਪਰ ਮੁੱਖ ਤੌਰ 'ਤੇ ਦੋ ਹੀ ਵੱਡੇ ਧੜੇ ਹਨ।

- ਇਕ ਸੱਚਖੰਡ ਬੱਲਾਂ ਵਾਲਾ ਅਤੇ
- ਦੂਜਾ ਖੁਰਾਲਗ਼ੜ ਵਾਲਾ;

ਇਹਨਾਂ ਦੋਹਾਂ ਧੜਿਆਂ ਦੀ ਆਪਸ ਵਿਚ ਪੂਰੀ ਖਹਿਬਾਜੀ ਚਲਦੀ ਹੈ। ਦੋਹਾਂ ਦੇ ਵੱਖੋ-ਵੱਖਰੇ ਨਿਸਾਨ ਤੇ ਗਰੰਥ ਹਨ। ਗੁਰੂ ਰਵਿਦਾਸ ਜੀ ਦਾ ਜਨਮ ਅਸਥਾਨ ਸੀਰ ਗੋਵਰਧਨਪੁਰ ਕਾਂਸੀ (ਬਨਾਰਸ) ਦਾ ਪ੍ਰਬੰਧ ‘ਬੱਲਾਂ’ ਵਾਲਿਆਂ ਕੋਲ ਹੋਣ ਕਰਕੇ, ਰਵਿਦਾਸੀਏ ਲੋਕਾਂ ਦਾ ਜਿਆਦਾ ਝੁਕਾਅ 'ਬੱਲਾਂ ਵਾਲਿਆਂ' ਵੱਲ ਕੁਝ ਜਿਆਦਾ ਹੈ। ਆਮ ਲੋਕਾਂ ਵਿਚ ਏਹੀ ਪ੍ਰਭਾਵ ਹੈ, ਕਿ ਇਹ ਸਾਧ ਲੋਕ ਹੀ ਗੁਰੂ ਰਵਿਦਾਸ ਜੀ ਦੇ ਅਸਲੀ ਵਾਰਸ ਤੇ ਵਿਚਾਰਧਾਰਾ ਲੈਕੇ ਚੱਲੇ ਹੋਏ ਹਨ। ਜੇਕਰ ਡੁੰਘਾਈ ਨਾਲ ਇਹਨਾਂ ਸਾਧ ਬਾਬਿਆਂ ਨੂੰ ਇਸ ਵਿਸ਼ੇ ਤੇ ਸਮਝਣ ਦਾ ਯਤਨ ਕਰੀਏ ਤਾਂ, ਅਸਲੀਅਤ ਹੋਰ ਹੀ ਸਾਹਮਣੇ ਆਉਂਦੀ ਹੈ।

ਸਾਧਾਂ ਵਲੋਂ ਭਗਤ ਰਵਿਦਾਸ ਦੇ ਜਨਮ ਅਸਥਾਨ ਨਾਲ ਵਿਤਕਰਾ

ਪਿੰਡ ਬੱਲਾਂ ਵਿਖੇ ਕਦੇ ਵੀ ‘ਰਵਿਦਾਸ ਜੀ’ ਨਹੀਂ ਗਏ, ਪਰ ਇਹਨਾਂ ਪਿੰਡ ਬੱਲਾਂ ਨੂੰ 'ਸੱਚਖੰਡ ਬੱਲਾਂ' ਦੇ ਨਾਮ 'ਤੇ ਮਸ਼ਹੂਰ ਕੀਤਾ ਹੋਇਆ ਹੈ, ਪਿੰਡ ਖੁਰਾਲਗੜ੍ਹ ਜਿੱਥੇ ਕਿ ਰਵਿਦਾਸ ਜੀ ਕੁਝ ਕੁ ਸਮਾਂ ਰਹੇ, ਇਥੋ ਵਾਲੇ ਸਾਧ ਇਹਨੂੰ 'ਚਰਨ ਛੋਹ ਸੱਚਖੰਡ ਖੁਰਾਲਗੜ੍ਹ' ਕਹਿੰਦੇ ਨੀ ਥੱਕਦੇ ਅਤੇ ਕੁਝ ਅਖੌਤੀ ਸਾਧ ਤਾਂ ਇਹਨੂੰ 'ਦਲਿਤਾਂ ਦਾ 'ਮੱਕਾ', ਦਲਿਤਾਂ ਇਕੋ-ਇਕ ਪਲੇਟ ਫਾਰਮ ਕਹਿੰਦੇ ਸਾਂਹ ਚੜਾਈ ਫਿਰਦੇ ਰਹਿੰਦੇ ਨੇ। ਜਿਥੇ ਗੁਰੂ ਰਵਿਦਾਸ ਜੀ ਨੇ ਜਨਮ ਲਿਆ ਵੱਡਾ ਹੋਇਆ, ਹੱਕ-ਸੱਚ ਲਈ ਸਮੇ ਦੇ ਹਾਕਮਾਂ ਨਾਲ ਅਤੇ ਛੂਆ-ਛਾਤ, ਜ਼ਾਤ-ਪਾਤ ਦੇ ਖਿਲਾਫ ਬ੍ਰਾਹਮਣਵਾਦ ਨਾਲ ਵਿਰੁਧ ਸੰਘਰਸ਼ ਕੀਤਾ, ਉਸ ਰਹਿਬਰ ਦੇ ਜਨਮ ਅਸਥਾਨ ਨੂੰ ਇਹਨਾਂ ਸਾਧਾਂ ਨੇ ਕਦੇ ਸੱਚਖੰਡ ਦਾ ਜਾਂ ਕੌਮ ਦੇ 'ਮੱਕੇ' ਦਾ ਰੁਤਬਾ ਨਹੀਂ ਦਿਤਾ।

ਇਹ ਸਾਧ ਬਾਬੇ, ਭਗਤ ਰਵਿਦਾਸ ਜੀ ਤੋਂ ਵੱਡੇ ਹੋਏ ਫਿਰਦੇ ਨੇ।

ਸਮਝਦਾਰ ਲੋਕ ਜਾਣਦੇ ਹੀ ਹਨ, ਭਗਤ ਰਵਿਦਾਸ ਦੇ ਨਾਮ ਨਾਲ ਅਤੇ ਇਹਨਾਂ ਦੀ ਮਹਾਨ ਸੇਵਕ ਰਾਣੀ ਸੰਤ 'ਮੀਰਾਂ' ਆਦਿ ਨਾਲ ਕਦੇ ਸ਼੍ਰੀ ਮਾਨ 108 ਨੰਬਰ ਸ਼ਬਦ ਲੱਗਿਆ ਨਹੀਂ ਮਿਲੇਗਾ। ਪਰ ਇਹਨਾਂ ਸਾਧਾਂ ਨੇ ਆਪਣੇ ਨਾਮ ਦੇ ਮੂਹਰੇ 108 ਨੰਬਰ ਲਾਇਆ ਹੋਇਆ ਹੈ, ਪੁੱਛਣਾ ਬਣਦਾ ਹੈ, ਕਿ ਜਦ ਇਹ ਅੰਕ108 ਸਾਡੇ ਰਹਿਬਰ ਰਵਿਦਾਸ ਜੀ ਦੇ ਨਾਮ ਨਾਲ ਨਹੀਂ, ਇਹਨਾਂ ਨੇ ਕਿਵੇਂ ਆਪਣੇ ਨਾਮ ਨਾਲ ਲਾਇਆ ਹੋਇਆ, ਇਹ ਡਿਗਰੀ ਇਹਨਾਂ ਨੂੰ ਕਿਸ ਨੇ ਦਿੱਤੀ ਹੈ ?

ਜਦ ਮੈਂ 108 ਨੰਬਰ ਵਾਰੇ ਪੜਤਾਲ ਕਰਨੀ ਸ਼ੁਰੂ ਕੀਤੀ ਤਾਂ, ਮੈਨੂੰ ਵਿਦਵਾਨ ਸੱਜਣਾਂ ਤੋਂ ਜਦ ਇਹਦੇ ਵਾਰੇ ਪਤਾ ਲੱਗਿਆ, ਤਾਂ ਮੈਂਨੂੰ ਇਹ ਜਾਣਕੇ ਬੜੀ ਹੈਰਾਨੀ ਹੋਈ ਅਤੇ ਇਹਨਾਂ ਸਾਧਾਂ ਦੀ ਅਸਲੀਅਤ ਹੋਰ ਵੀ ਸਾਹਮਣੇ (ਬਿੱਲੀ ਥੈਲਿਓਂ ਬਾਹਰ) ਆ ਗਈ। ਕਿਉਂ ਕਿ 108 ਦਾ ਮਤਲਬ ਹੈ-

4 (ਚਾਰ) ਵੇਦ,
6 (ਛੇ ਸ਼ਾਸ਼ਤਰ)
18 (ਅਠਾਰਾਂ) ਪੁਰਾਣ,
27 (ਸਤਾਈ) ਸਿਮਰਤੀਆਂ,
52 (ਬਵੰਜਾਂ) ਉਪਨਿਸ਼ਦ,
1 (ਇੱਕ) ਗਾਇਤਰੀ ਮੰਤਰ।

ਇਹਨਾਂ ਸਾਰਿਆਂ ਦਾ ਜੋੜ 108 ਬਣਦਾ ਹੈ। ਜਿਹੜਾ ਇਹਨਾਂ ਹਿੰਦੂ ਗਰੰਥਾਂ ਵਿਚ ਵਿਸ਼ਵਾਸ ਰੱਖਦਾ ਹੈ, ਇਹਨਾਂ ਅਨੂਸਾਰ ਕਰਮ ਕਰਦਾ ਹੈ, ਉਹ ਸਾਧ /ਸੰਤ ਹੀ ਆਪਣੇ ਨਾਮ ਮੂਹਰੇ 108 ਦੀ ਵਰਤੋਂ ਕਰਦਾ ਹੈ। ਇਸ ਲਈ ਇਹ ਸਾਧ ਮੂਰਤੀ ਪੂਜਾ, ਆਰਤੀਆਂ ਉਤਾਰਨੀਆਂ, ਸੰਗਰਾਂਦ, ਮੱਸਿਆ ਆਦਿ ਦਿਹਾੜੇ ਮਨਾਉਣੇ ਅਤੇ ਹੋਰ ਕਰਮਕਾਂਡ ਕਰਨੇ-ਕਰਾਉਣੇ, ਕਰਾਮਾਤਾਂ ਦਾ ਪ੍ਰਚਾਰ ਕਰਨਾ ਤਾਂ ਜੋ ਲੋਕਾਂ ਵਿਚ ਭੈਅ ਬਣਿਆਂ ਰਹੇ। ਕਿਉਂ ਕਿ ਜੇਕਰ ਲੋਕਾਂ ਵਿਚ ਭੈਅ (ਡਰ) ਰਹੂਗਾ, ਤਦੇ ਹੀ ਇਹਨਾਂ ਸਾਧਾਂ ਦਾ ਸਾਧ-ਪਣਾ ਤੇ ਸਤਿਕਾਰ ਕਾਇਮ ਰਹੇਗਾ। ਇਸੇ ਕਰਕੇ ਇਹ ਸਾਧ ਗੁਰੂ ਰਵਿਦਾਸ ਨਾਲ ਜੁੜੀਆਂ ਮਨਘੜਤ ਘਸੀਆਂ- ਪਿਟੀਆਂ ਕਰਾਮਤੀ ਕਹਾਣੀਆਂ ਨੁੰ ਲੋਕਾਂ ਵਿਚ ਪ੍ਰਚਾਰਦੇ ਰਹਿੰਦੇ ਹਨ।

ਸ਼੍ਰੀ ਚੰਦ' ਨਾਲ ਸਬੰਧ

ਇਹਨਾਂ ਸਾਧਾਂ ਦਾ ਭਗਤ ਰਵਿਦਾਸ ਜੀ 'ਤੇ ਪੂਰਨ ਭਰੋਸਾ ਨਹੀਂ, ਇਸ ਲਈ ਇਹ ਸਾਧ, ਗੁਰੂ ਨਾਨਕ ਸਹਿਬ ਦੇ ਬਾਗ਼ੀ ਪੁੱਤਰ 'ਸ਼੍ਰੀ ਚੰਦ' ਦੇ ਵੀ ਵੱਡੇ ਸੇਵਕ ਹਨ। ਇਹ ਦਾ ਜਨਮ ਦਿਹਾੜਾ ਵੀ ਵੱਡੇ ਪੱਧਰ ਤੇ ਮਨਾਉਂਦੇ ਹਨ, ਉਹਦੇ ਅਨੂਸਾਰ ਕੰਮ ਵੀ ਕਰਦੇ ਹਨ, 'ਬੱਲਾਂ ਵਾਲੇ ਸਾਧ ਤਾਂ ਇਸ ਕੰਮ ਵਿਚ ਸਭ ਨੂੰ ਪਿੱਛੇ ਛੱਡ ਚੁੱਕੇ ਹਨ, ਇਹਨਾਂ ਨੇ ਤਾਂ ਆਪਣੇ ਨਵੇਂ ਬਣਾਏ ਧਰਮ ਦੀ ਅਰਦਾਸ ਅੰਦਰ 'ਸ਼੍ਰੀ ਚੰਦ' ਨੂੰ ਵਿਸ਼ੇਸ਼ ਥਾਂ ਦਿੱਤੀ ਹੈ, ਜਿਸ ਕਰਕੇ ਰਵਿਦਾਸੀਆ ਧਰਮ ਨਾਲ ਜੁੜੇ ਲੋਕ ਅਰਦਾਸ ਕਰਨ ਵੇਲੇ 'ਸ਼੍ਰੀ ਚੰਦ' ਦਾ ਨਾਮ ਵੀ ਜੱਪਦੇ ਹਨ, ਹੋਰ ਤਾਂ ਹੋਰ ਇਹਨਾਂ ਨੇ ਤਾਂ ਸ਼ੂਦਰ ਰਿਸ਼ੀ 'ਸਭੂਕ' ਦਾ ਕਤਲ ਕਰਨ ਵਾਲੇ ਰਾਜੇ ਰਾਮ ਚੰਦਰ ਦੀ ਭਗਤਨੀ ਇਕ 'ਭੀਲਣੀ' ਦਾ ਨਾਮ ਵੀ ਅਰਦਾਸ ਵਿਚ ਸਾਮਲ ਕਰ ਦਿੱਤਾ ਹੈ। ਸ਼੍ਰੀ ਚੰਦ, ਭੀਲਣੀ, ਰੰਕਾ-ਬੰਕਾਂ ਆਦਿ ਜਿਹਨਾਂ ਦੀ ਦਲਿਤ ਸਮਾਜ ਕੋਈ ਵੀ ਦੇਣ ਨਹੀਂ ਹੈ, ਰਵਿਦਾਸੀਆ ਧਰਮ ਦੇ ਲੋਕਾਂ ਨੂੰ ਇਹਨਾਂ ਦੇ ਨਾਮ ਜੱਪਣ ਲਈ ਮਜਬੂਰ ਕਰ ਦਿੱਤਾ।

ਸਮਾਜ ਦੇ ਰਾਹ ਦਸੇਰੇ

ਜਿਥੇ ਇਹਨਾਂ ਸਾਧਾਂ ਵਲੋਂ ਸਮਾਜ ਨੂੰ ਗੁਮਰਾਹ ਕਰਨ ਦਾ ਦੁੱਖ ਹੈ, ਉਥੇ ਸਮਾਜ ਦੇ ਸੂਝਵਾਨ ਪੜ੍ਹੇ-ਲਿਖੇ,ਵਿਦਵਾਨ ਲੋਕਾਂ ਦੀ ਇਸ ਮਸਲੇ ਤੇ ਚੁੱਪੀ ਦਾ ਹੋਰ ਵੀ ਬਹੁਤ ਵੱਡਾ ਦੁੱਖ ਹੈ। ਜਿਹਨਾਂ ਲੋਕਾਂ ਨੇ ਸਮਾਜ ਨੂੰ ਇਸ ਹਨੇਰੇ ਵਿਚੋਂ ਤੇ ਸਾਧਾਂ ਦੇ ਚੁੰਗਲ ਵਿਚੋਂ ਕੱਢਣਾਂ ਸੀ, ਉਹ ਕੁਝ ਚੁੱਪ ਬੈਠੇ ਹਨ ਤੇ ਕੁੱਝ ਇਹਨਾਂ ਸਾਧਾਂ ਦੇ ਡੇਰਿਆ ਤੇ ਚੌਕੀਆਂ ਭਰਦੇ ਫਿਰਦੇ ਹਨ। ਭਾਵ ਇਹਨਾਂ ਸਾਧਾਂ ਦੇ ਹੱਕ ਵਿਚ ਭੁਗਤ ਰਹੇ ਹਨ। ਹੋ ਸਕਦਾ ਕਿਸੇ ਨੂੰ ਇਸ ਗੱਲ ਦਾ ਡਰ ਹੋਵੇ, ਵੀ ਜੇ ਅਸੀਂ ਸੱਚ ਬੋਲ ਪਏ, ਕਦੇ ਇਹ 'ਸਾਧ' ਨਰਾਜ ਹੋਕੇ ਸਾਡਾ ਨੁਕਸਾਨ ਹੀ ਨਾ ਕਰ ਦੇਣ, ਕਿਤੇ ਅਖੌਤੀ ਸਰਾਪ ਹੀ ਨਾ ਦੇ ਦੇਣ।

ਸੱਜਣੋਂ ਨੋਟ ਕਰਨ ਵਾਲੀ ਗੱਲ ਹੈ, ਜੇ ਕਿਤੇ ਕੋਈ ਅਜਿਹਾ ਸਰਾਪ ਹੁੰਦਾ ਤਾਂ ਸਾਡੇ ਰਹਿਬਰਾਂ ਵਿਚੋਂ ਤਾਂ ਕਿਸੇ ਨਾ ਕਿਸੇ ਨੇ ਬ੍ਰਾਹਮਣਵਾਦ ਨੂੰ ਇਹ ਸਰਾਪ ਦੇਕੇ ਬ੍ਰਾਹਮਣਵਾਦ ਨੂੰ ਖ਼ਤਮ ਕਰ ਦੇਣਾ ਸੀ। ਪਰ ਅਜਿਹਾ ਕੋਈ ਸਰਾਪ ਵਗੈਰਾ ਹੁੰਦਾ ਹੀ ਨਹੀਂ। ਜਿੰਦਗੀ ਵਿਚ ਦੁੱਖ-ਸੁੱਖ ਦਾ ਆਉਣਾ-ਜਾਣਾ ਬਣਿਆ ਰਹਿੰਦਾ ਹੈ, ਇਹ ਕਿਸੇ ਦੇ ਸਰਾਪ ਕਰਕੇ ਨਹੀਂ, ਇਹ ਤਾਂ ਕੁਦਰਤੀ ਹੈ। ਮੈਂ ਸਾਰਿਆਂ ਸੂਝਵਾਨ ਲੇਖਕਾਂ ਨੂੰ, ਬੁਲਾਰਿਆਂ ਨੂੰ ਬੇਨਤੀ ਕਰਦਾ ਹਾਂ, ਕਿ ਸੱਚ-ਝੂਠ ਦਾ ਨਿਤਾਰਾ ਕਰਕੇ ਲੋਕਾਂ ਨੂੰ ਸਹੀ ਜਾਣਕਾਰੀ ਦੇਣ ਦੀ ਖੇਚਲ ਕਰਨ। ਕਿਉਂਕਿ ਅਸੀਂ ਆਪਣੇ ਵਡੇਰਿਆਂ ਨੂੰ ਤਾਂ ਇਹ ਕਹਿੰਦੇ ਹਾਂ, ਕਿ ਉਹ ਅਨਪੜ੍ਹ ਸੀ, ਇਸ ਕਰਕੇ ਉਹ ਸਮਾਜ ਨੂੰ ਸਹੀ ਸੇਧ ਨਹੀਂ ਦੇ ਸਕੇ, ਪਰ ਸਾਡੀਆਂ ਆਉਣ ਵਾਲੀਆਂ ਪੀੜੀਆਂ ਦੇ ਸਾਡੇ ਲਈ ਕੀ ਵਿਚਾਰ ਹੋਣਗੇ ? ਇਹ ਸਮਝਦੇ ਹੋਏ "ਭੱਠ ਪਵੇ ਸੋਨਾ, ਜਿਹੜਾ ਕੰਨਾਂ ਨੂੰ ਖਾਵੇ" ਅਨੂਸਾਰ ਜਿਹਨਾਂ ਸੂਝਵਾਨ ਸੱਜਣਾਂ ਨੂੰ ਇਹਨਾਂ ਨੇ ਮਾਣ-ਸਨਮਾਨ ਦਿੱਤੇ ਹੋਏ ਹਨ, ਉਹ ਦੁਵਾਰੇ ਇਸ 'ਤੇ ਗੌਰ ਕਰਨ ਦੀ ਖੇਚਲ ਕਰਨ । ਜੇ ਹੋ ਸਕੇ ਤਾਂ, ਇਹਨਾਂ ਦੇ ਮਾਨ-ਸਨਮਾਨ, ਮੈਡਲ-ਮੂਡਲ ਵਾਪਸ ਕਰਕੇ, ਕਹੋ, ਜਾਂ ਤਾਂ ਸਾਡੇ ਸੱਚੇ-ਸੁੱਚੇ ਸਾਰੇ ਰਹਿਬਰਾਂ ਦੀ ਸੋਚ ਮੁਤਾਬਕ ਚਲੋ ਨਹੀਂ ਆਹ ਚੱਕੋ 'ਸਨਮਾਨ' ਆਪਣਾ, ਅਸੀਂ ਭਵਿੱਖ 'ਚ ਨੀ ਉਂਗਲ ਕਰਾਉਣੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top