Share on Facebook

Main News Page

ਢਾਡੀ ਨਾਲ ਪੰਗਾ ਲੈਣ ਵਾਲੇ ਸੁੱਚਾ ਸਿੰਘ ਲੰਗਾਹ ਨੂੰ ਹੋਣਾ ਪਿਆ ਸੰਗਤਾਂ ਦੇ ਗੁੱਸੇ ਦਾ ਸ਼ਿਕਾਰ

ਅੰਮ੍ਰਿਤਸਰ 8 ਫਰਵਰੀ (ਜਸਬੀਰ ਸਿੰਘ ਪੱਟੀ): ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਗੁਰ ਇਤਿਹਾਸ ਤੇ ਸਿੱਖ ਇਤਿਹਾਸ ਤੇ ਸਿੱਖ ਸੂਰਬੀਰਾਂ ਦੀਆ ਵਾਰਾ ਗਾ ਕੇ ਸੰਗਤਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਉਣ ਵਾਲੇ ਇੱਕ ਢਾਡੀ ਨਾਲ ਪੰਗਾ ਲੈਣਾ ਉਸ ਵੇਲੇ ਸਾਬਕਾ ਮੰਤਰੀ, ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਅਕਾਲੀ ਦਲ ਦੇ ਧੱਕੜ ਆਗੂ ਸ੍ਰ ਸੁੱਚਾ ਸਿੰਘ ਲੰਗਾਹ ਮਹਿੰਗਾ ਪਿਆ ਜਦੋਂ ਅਕਾਲੀ ਫੂਲਾ ਸਿੰਘ ਦਾ ਪ੍ਰਸੰਗ ਪੇਸ਼ ਕਰਦਿਆਂ ਪੁਰਾਣੇ ਤੇ ਅੱਜ ਦੇ ਅਕਾਲੀ ਲੀਡਰਾਂ ਦੀ ਤੁਲਨਾ ਕਰਦਿਆਂ ਅੱਜ ਦੇ ਲੀਡਰਾਂ ਨੂੰ ਸੁਆਰਥੀ ਤੇ ਨਿੱਜ ਪ੍ਰਸਤ ਬਣ ਗਏ ਦੱਸਿਆ ਤਾਂ ਲਾਗੋ ਦੀ ਲੰਘ ਰਹੇ ਲੰਗਾਹ ਨੇ ਪਹਿਲਾਂ ਤਾਂ ਢਾਡੀ ਦੀ ਲਾਹ ਪਾ ਕੀਤੀ ਤੇ ਫਿਰ ਮਾਈਕ ਫੜ ਕੇ ਆਪ ਬੋਲਣ ਦੀ ਕੋਸ਼ਿਸ਼ ਕੀਤੀ ਤੇ ਸੰਗਤਾਂ ਨੇ ਜੈਕਾਰੇ ਬੁਲਾਉਣੇ ਸ਼ੁਰੂ ਕਰ ਦਿੱਤੇ ਜਿਸ ਨਾਲ ਜਥੇਦਾਰ ਲੰਗਾਹ ਨੂੰ ਮੂੰਹ ਦੀ ਖਾਣੀ ਪਈ।

ਹਰ ਰੋਜ਼ ਦੀ ਤਰ੍ਹਾਂ ਢਾਡੀ ਸਤਨਾਮ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਲੱਗੀ ਸਟੇਜ ਤੋਂ ਬੋਲ ਰਿਹਾ ਸੀ ਤਾਂ ਉਸ ਵੇਲੇ ਸ੍ਰ ਸੁੱਚਾ ਸਿੰਘ ਲੰਗਾਹ ਆਪਣੇ ਸਾਥੀਆ ਨਾਲ ਮੱਥਾ ਟੇਕਣ ਸ੍ਰੀ ਦਰਬਾਰ ਸਾਹਿਬ ਵਿਖੇ ਆਏ ਹੋਏ ਸਨ। ਸ੍ਰ ਲੰਗਾਹ ਨੂੰ ਸਤਨਾਮ ਸਿੰਘ ਢਾਡੀ ਲਾਲੂ ਘੁੰਮਣ ਵੱਲੋ ਪੁਰਾਣੇ ਤੇ ਅੱਜ ਦੇ ਲੀਡਰਾਂ ਦੀ ਕੀਤੀ ਤੁਲਨਾ ਚੰਗੀ ਨਾ ਲੱਗੀ ਤਾਂ ਲੰਗਾਹ ਨੇ ਸ਼ਾਹੀ ਫੁਰਮਾਨ ਜਾਰੀ ਕਰਕੇ ਆਪਣੇ ਨਾਲ ਆਏ ਲੱਠਮਾਰਾਂ ਰਾਹੀ ਢਾਡੀ ਨੂੰ ਬੋਲਣ ਤੋਂ ਰੋਕ ਦਿੱਤਾ। ਗੁੱਸੇ ਨਾਲ ਲਾਲ ਪੀਲੇ ਹੋਏ ਲੰਗਾਹ ਨੇ ਖੁਦ ਮਾਈਕ ਫੜ ਕੇ ਬੋਲਣ ਦੀ ਕੋਸ਼ਿਸ਼ ਕੀਤੀ ਤਾਂ ਸੰਗਤਾਂ ਨੇ ਇਸ ਦਾ ਡੱਟ ਕੇ ਵਿਰੋਧ ਕੀਤਾ ਤੇ ਬੜੀ ਜ਼ੋਰ ਜ਼ੋਰ ਦੀ ਜੈਕਾਰੇ ਬੁਲਾਉਣੇ ਸ਼ੁਰੂ ਕਰ ਦਿੱਤੇ। ਮੱਸਿਆ ਦਾ ਦਿਹਾੜਾ ਹੋਣ ਕਰਕੇ ਸੰਗਤਾਂ ਦੀ ਭਾਰੀ ਗਿਣਤੀ ਸੀ ਤੇ ਹੌਲੀ ਹੌਲੀ ਵਿਰੋਧ ਕਰਨ ਵਾਲੀਆਂ ਸੰਗਤਾਂ ਦੀ ਗਿਣਤੀ ਵੱਧਦੀ ਗਈ ਤੇ ਲੰਗਾਹ ਸਾਬ ਦਾ ਸੱਤ ਅਸਮਾਨੇ ਚੜਿਆ ਪਾਰਾ ਪਾਣੀ ਦੇ ਬੁੱਲਬਲੇ ਵਾਂਗ ਥੱਲੇ ਆ ਗਿਆ। ਸੰਗਤਾਂ ਨੇ ਢਾਡੀ ਨੂੰ ਕਿਹਾ ਕਿ ਉਹ ਆਪਣਾ ਪ੍ਰਸੰਗ ਪੂਰਾ ਕਰੇ ਪਰ ਢਾਡੀ ਨੇ ਕਿਸੇ ਝੰਜਟ ਵਿੱਚ ਪੈਣ ਤੋਂ ਡਰਦਿਆਂ ਇਨਕਾਰ ਕਰ ਦਿੱਤਾ ਪਰ ਸੰਗਤਾਂ ਨੇ ਦਬਾ ਪਾ ਕੇ ਪ੍ਰਸੰਗ ਉਸ ਕੋਲੋ ਪੂਰਾ ਕਰਵਾਇਆ ਤੇ ਸਾਰਾ ਪ੍ਰਸੰਗ ਲੰਗਾਹ ਨੇ ਸੰਗਤਾਂ ਵਿੱਚ ਬੈਠ ਕੇ ਸੁਣਿਆ। ਢਾਡੀ ਨੇ ਦਲੇਰੀ ਕਰਦਿਆਂ ਇੱਕ ਵਾਰੀ ਫਿਰ ਪੁਰਾਣੇ ਤੇ ਅੱਜ ਦੇ ਲੀਡਰਾਂ ਦੀ ਪਹਿਲਾਂ ਦੀ ਤਰ੍ਹਾਂ ਹੀ ਤੁਲਨਾ ਕੀਤੀ ਪਰ ਲੰਗਾਹ ਸੰਗਤਾਂ ਦੇ ਡਰ ਕਾਰਨ ਮੂਕ ਦਰਸ਼ਕ ਬਣ ਕੇ ਸਭ ਕੁਝ ਸੁਣਦੇ ਰਹੇ।

ਇਸ ਤੋਂ ਬਾਅਦ ਲੰਗਾਹ ਸ਼ੁਚਨਾ ਕੇਂਦਰ ਵਿਖੇ ਚੱਲੇ ਗਏ ਜਿਥੇ ਉਹਨਾਂ ਦਾ ਗੁੱਸਾ ਠੰਡਾ ਕਰਨ ਲਈ ਸ੍ਰੀ ਦਰਬਾਰ ਸਾਹਿਬ ਦੇ ਐਡੀਸ਼ਨਲ ਮੈਨੇਜਰ ਸ੍ਰ ਬਘੇਲ ਸਿੰਘ ਤੇ ਮੀਤ ਮੈਨੇਜਰ ਲਖਬੀਰ ਸਿੰਘ ਡੋਗਰ ਪਹੁੰਚੇ ਹੋਏ ਸਨ ਪਰ ਲੰਗਾਹ ਉੱਚੀ ਉੱਚੀ ਬੋਲ ਰਹੇ ਸਨ ਕਿ ਅਜਿਹੇ ਢਾਡੀਆ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਜਾਣਾ ਚਾਹੀਦਾ ਜਿਹੜੇ ਗੁਰੂ ਇਤਿਹਾਸ ਤੇ ਸਿੱਖ ਇਤਿਹਾਸ ਸੁਣਾਉਣ ਦੀ ਬਜਾਏ ਸੰਗਤਾਂ ਨੂੰ ਅਕਾਲੀ ਸਰਕਾਰ ਤੇ ਅਕਾਲੀ ਦਲ ਦੇ ਆਗੂਆ ਖਿਲਾਫ ਭੜਕਾ ਰਹੇ ਹਨ ਜਦ ਕਿ ਢਾਡੀ ਸਤਨਾਮ ਸਿੰਘ ਨੇ ਸਿਰਫ ਇੰਨਾ ਹੀ ਕਿਹਾ ਸੀ ਕਿ ਪੁਰਾਣੇ ਪੰਥਕ ਲੀਡਰ ਕੌਮ ਲਈ ਆਪਣਾ ਸਭ ਕੁਝ ਨਿਛਾਵਰ ਕਰ ਦਿੰਦੇ ਸਨ ਪਰ ਅੱਜ ਦੇ ਲੀਡਰ ਆਪਣੇ ਸਵਾਰਥ ਲਈ ਕੌਮ ਨੂੰ ਨਿਛਾਵਰ ਕਰ ਰਹੇ ਹਨ ਜੋ ਕਿ ਸਮੇਂ ਦੀ ਹਕੂਮਤ ਤੇ ਪੂਰੀ ਤਰ੍ਹਾਂ ਸਹੀ ਢੁੱਕਦਾ ਹੈ। ਢਾਡੀ ਨੇ ਕਿਸੇ ਵੀ ਲੀਡਰ ਦਾ ਨਾਮ ਭਾਂਵੇ ਨਹੀਂ ਲਿਆ ਪਰ ਸੁੱਚਾ ਸਿੰਘ ਲੰਗਾਹ ਆਪੇ ਤੋਂ ਬਾਹਰ ਹੋ ਗਏ।ਸ੍ਰ ਬਘੇਲ ਸਿੰਘ ਤੇ ਲਖਬੀਰ ਸਿੰਘ ਡੋਗਰ ਨੇ ਉਹਨਾਂ ਦਾ ਗੁੱਸਾ ਇਹ ਕਹਿ ਕੇ ਸ਼ਾਤ ਕੀਤਾ ਕਿ ਅੱਗੇ ਤੋਂ ਢਾਡੀਆ ਨੂੰ ਵਿਸ਼ੇਸ਼ ਹਦਾਇਤ ਕਰ ਦਿੱਤੀ ਜਾਵੇਗੀ ਕਿ ਅਜਿਹੀਆ ਗੱਲਾਂ ਨਾ ਕੀਤੀਆ ਜਾਣ।

ਮਾਨਯੋਗ ਲੰਗਾਹ ਨੇ ਪੰਜਾਬ ਦੀ ਬਾਦਲ ਸਰਕਾਰ ਦੀ ਉਸਤਿਤ ਕਰਦਿਆਂ ਕਿਹਾ ਕਿ ਬਾਦਲ ਸਰਕਾਰ ਵਰਗਾ ਰਾਜ ਕੋਈ ਵੀ ਸਰਕਾਰ ਨਹੀਂ ਦੇ ਸਕਦੀ। ਢਾਡੀ ਸਤਨਾਮ ਸਿੰਘ ਲਾਲੂ ਘੁਮਣ ਨਾਲ ਭਵਿੱਖ ਵਿੱਚ ਸਰਕਾਰੀ ਜਾਂ ਫਿਰ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਕਿਹੜਾ ਸਲੂਕ ਕਰੇਗੀ ਇਹ ਤਾਂ ਹਾਲੇ ਭਵਿੱਖ ਦੀ ਬੁੱਕਲ ਵਿੱਚ ਛੁੱਪਿਆ ਹੈ, ਪਰ ਜੋ ਦੁਰਦਸ਼ਾ ਸੰਗਤਾਂ ਨੇ ਅੱਜ ਲੰਗਾਹ ਦੀ ਕਰ ਵਿਖਾਈ ਉਸ ਤੋਂ ਸਪੱਸ਼ਟ ਹੁੰਦਾ ਹੈ ਕਿ ਅਕਾਲੀਆਂ ਦੇ ਖਿਲਾਫ ਲੋਕ ਕਿੰਨੇ ਭਰੇ ਪੀਤੇ ਹਨ ਅਤੇ ਬੇਸਬਰੀ ਨਾਲ ਸਮੇਂ ਦੀ ਉਡੀਕ ਕਰ ਰਹੇ ਹਨ। ਲੰਗਾਹ ਸਾਹਿਬ ਨੂੰ ਸ਼ਾਇਦ ਇਹ ਘਟਨਾ ਸਾਰੀ ਉਮਰ ਯਾਦ ਜਰੂਰ ਰਹੇਗੀ। ਅਕਾਲੀਆਂ ਦੀ ਵਿਦੇਸ਼ਾ ਵਿੱਚ ਲਾਹ ਪਾਹ ਹੋਣ ਉਪਰੰਤ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਕਿਸੇ ਅਕਾਲੀ ਆਗੂ ਨਾਲ ਅਜਿਹੀ ਘਟਨਾ ਵਾਪਰਨੀ ਭਵਿੱਖੀ ਸੰਕੇਤ ਹਨ ਕਿ ਅਕਾਲੀ ਦਲ ਬਾਦਲ ਦੇ ਸਿਤਾਰੇ ਗਰਦਿਸ਼ ਹਨ


ਟਿੱਪਣੀ: ਇਸ ਸੁੱਚਾ ਸਿੰਘ ਲੰਗਾਹ ਦਾ ਨਾਮ "ਲੁੱਚਾ ਨੰਗਾ" ਜ਼ਿਆਦਾ ਜਚਦਾ ਹੈ... ਕਿਉਂਕਿ ਜਿਸ ਤਰ੍ਹਾਂ ਦੀਆਂ ਇਸਦੀਆਂ ਕਰਤੂਤਾਂ ਹਨ, ਇਹ ਇਤਹਾਸ 'ਚ ਆਏ ਸੁੱਚਾ ਨੰਦ ਨਾਲ ਵੀ ਰਲ਼ਦਾ ਹੈ... ਨਹੀਂ??? ਇਨ੍ਹਾਂ ਦਾ ਵੱਸ ਚੱਲੇ ਤਾਂ ਇਹ ਗੁਰਬਾਣੀ 'ਚ ਆਏ ਸ਼ਬਦਾਂ 'ਤੇ ਵੀ ਪਾਬੰਦੀ ਲਗਾ ਦੇਣ... ਵੈਸੇ ਇਹ ਪਾਬੰਦੀ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਕਰਣ ਵਾਲਿਆਂ 'ਤੇ ਪਹਿਲਾਂ ਤੋਂ ਹੀ ਹੈ।

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top