Share on Facebook

Main News Page

ਸਿੱਖੀ ਨੂੰ ਸਮੇਂ ਦਾ ਹਾਣੀ ਬਣਾ ਕੇ ਪੇਸ਼ ਕਰਨਾ ਹੈ, ਜਾਂ ਇਕ ਹੋਰ ਪੁਜਾਰੀਵਾਦੀ ਹਿੰਦੂ ਸੰਪਰਦਾ ਬਣਾ ਦੇਣਾ ਹੈ ?
-: ਸੰਪਾਦਕ ਰੋਜ਼ਾਨਾ ਸਪੋਕਸਮੈਨ

- ਸਿੱਖਾਂ ਦੀ ਅਰਦਾਸ ਅਤੇ 'ਖੰਡੇ ਕੀ ਪਾਹੁਲ' ਦੀਆਂ ਬਾਣੀਆਂ ਬਾਰੇ ਸੁਧਾਰਵਾਦੀਆਂ ਤੇ ਪੁਜਾਰੀਵਾਦੀਆਂ ਦੀ ਨੋਕ-ਝੋਕ, ਸਿੱਖੀ ਦੇ ਉੱਜਲ ਭਵਿੱਖ ਦਾ ਸੁਨੇਹਾ ਨਹੀਂ ਦੇਂਦੀ।
- ਸਵੇਰੇ ਪੀਟੀਸੀ ਤੋਂ ਸੁਣਾਈ ਜਾਂਦੀ ਕਥਾ ਸੁਣ ਕੇ ਹੀ ਸਿੱਖੀ ਦੇ ਭਵਿੱਖ ਬਾਰੇ ਕੋਈ ਗ਼ਲਤੀ-ਫ਼ਹਿਮੀ ਬਾਕੀ ਨਹੀਂ ਰਹਿ ਜਾਂਦੀ

ਬਾਬਾ ਨਾਨਕ ਨੇ ਪੰਦਰਵੀਂ ਸਦੀ ਵਿਚ ਜੋ ਫ਼ਲਸਫ਼ਾ ਦਿਤਾ ਸੀ, ਉਹ ਪੁਰਾਤਨਤਾ ਨਾਲੋਂ ਪੂਰੀ ਤਰ੍ਹਾਂ ਤੋੜ ਵਿਛੋੜਾ ਕਰ ਕੇ, ਇਕ ਅਜਿਹੇ ਰਾਹ ਦਾ ਪਤਾ ਦੇਂਦਾ ਸੀ ਜਿਸ ਉਤੇ ਚਲ ਕੇ, ਸਾਰੀ ਦੁਨੀਆਂ ਦੇ ਮਨੁੱਖ, ਅਪਣੀ ਮੰਜ਼ਲ ਦੇ ਨੇੜੇ ਪੁਜ ਸਕਦੇ ਹਨ ਤੇ ਧਰਮਾਂ ਦੇ ਵਖਰੇਵਿਆਂ ਨੂੰ ਭੁਲਾ ਕੇ, ਆਪਸ ਵਿਚ ਗਲਵਕੜੀਆਂ ਪਾ ਕੇ, ਮੰਜ਼ਲ ਵਲ ਵੱਧ ਸਕਦੇ ਹਨ। ਅਜਿਹਾ ਕਰਨ ਲਈ ਉਨ੍ਹਾਂ ਨੂੰ ਕਿਸੇ ਕਰਮ-ਕਾਂਡ, ਪੁਜਾਰੀ ਤੇ ਸਾਧ ਦੀ ਓਟ ਲੈਣ ਦੀ ਲੋੜ ਨਹੀਂ, ਸਾਰੇ ਮਨੁੱਖਾਂ ਨੂੰ ਇਕ ਪਿਤਾ ਦੀ ਸੰਤਾਨ ਮੰਨ ਕੇ, 'ਘਾਲ ਖਾਇ ਕਿਛੁ ਹਥਹੁ ਦੇਇ' ਦੇ ਅਸੂਲ ਤੇ ਪਹਿਰਾ ਦੇਣ ਦੀ ਹੀ ਲੋੜ ਹੈ। ਬਾਕੀ ਉਸ ਮਾਲਕ ਨੂੰ ਸੱਚਾ ਪਿਆਰ ਕਰਨਾ ਹੀ ਕਾਫ਼ੀ ਹੈ, ਹੋਰ ਕੁੱਝ ਵੀ ਕਰਨ ਦੀ ਲੋੜ ਨਹੀਂ!

ਬਹੁਤ ਹੀ ਸੋਖਾ, ਆਧੁਨਿਕ, ਵਿਗਿਆਨਕ ਸੋਚ ਵਾਲਾ ਤੇ ਮਨ ਨੂੰ ਸ਼ਾਂਤੀ ਪਹੁੰਚਾਉਣ ਵਾਲਾ ਫ਼ਲਸਫ਼ਾ ਹੈ ਬਾਬੇ ਨਾਨਕ ਦਾ, ਜਿਸ ਵਿਚ ਰੱਬ ਤੋਂ ਬਿਨਾਂ, ਹੋਰ ਕਿਸੇ ਅੱਗੇ ਵੀ ਝੁਕਣ ਦੀ ਲੋੜ ਨਹੀਂ ਤੇ ਧਰਮ ਦੇ ਖੇਤਰ ਵਿਚ, ਰੱਬ ਦੇ ਕਾਨੂੰਨਾਂ ਤੋਂ ਬਿਨਾਂ, ਕਿਸੇ ਹੋਰ ਦੇ 'ਕਾਨੂੰਨਾਂ' ਨੂੰ ਮੰਨਣ ਦੀ ਲੋੜ ਹੀ ਕੋਈ ਨਹੀਂ। ਪਰ ਸਾਰੇ ਹੀ ਧਰਮਾਂ ਨੇ ਰੱਬ ਦਾ ਰਸਮੀ ਜਿਹਾ ਨਾਂ ਲੈਣ ਮਗਰੋਂ, ਅਪਣੇ 'ਕਾਨੂੰਨ' ਬਣਾ ਕੇ ਮਨੁੱਖ ਲਈ ਮੰਨਣੇ ਲਾਜ਼ਮੀ ਕਰ ਦਿਤੇ ਤੇ ਰੱਬ ਦੇ ਕਾਨੂੰਨ ਪਿੱਛੇ ਸੁਟ ਦਿਤੇ। ਜੇ ਕੋਈ ਮੁਸਲਮਾਨ, ਕਾਅਬੇ ਵਲ ਪਿਠ ਕਰ ਦੇਵੇ ਜਾਂ ਸੂਰ ਦਾ ਮਾਸ ਖਾ ਲਵੇ ਤਾਂ ਉਹ ਮੁਸਲਮਾਨ ਹੀ ਨਹੀਂ ਰਹਿੰਦਾ। ਜੇ ਕੋਈ ਹਿੰਦੂ, ਮਿ੍ਤਕ ਰਿਸ਼ਤੇਦਾਰ ਲਈ ਯੱਗ ਹੋਮ ਨਹੀਂ ਕਰਵਾਂਦਾ ਤੇ ਬ੍ਰਾਹਮਣ ਨੂੰ ਦਛਣਾ ਨਹੀਂ ਦੇਂਦਾ ਤਾਂ ਉਹ ਹਿੰਦੂ ਹੀ ਨਹੀਂ ਤੇ ਉਸ ਦੇ ਮਰ ਗਏ ਰਿਸ਼ਤੇਦਾਰ ਨੂੰ ਸਵਰਗ ਵਿਚ ਦਾਖ਼ਲਾ ਵੀ ਨਹੀਂ ਮਿਲੇਗਾ। ਸ਼ਨੀ ਮੰਦਰ ਵਿਚ 400 ਸਾਲਾਂ ਤੋਂ ਕਿਸੇ ਹਿੰਦੂ ਔਰਤ ਨੂੰ ਦੇਵਤੇ ਦੀ ਮੂਰਤੀ ਦੀ ਪੂਜਾ ਨਹੀਂ ਕਰਨ ਦਿਤੀ ਕਿਉਂਕਿ ਪੁਜਾਰੀ ਦਾ 'ਕਾਨੂੰਨ' (ਮਰਿਆਦਾ) ਇਸ ਦੀ ਆਗਿਆ ਨਹੀਂ ਦੇਂਦਾ। ਇਹੀ ਹਾਲ ਦੂਜੇ ਸਾਰੇ ਧਰਮਾਂ ਦਾ ਵੀ ਹੈ। ਕੁਦਰਤ ਦੇ ਕਾਨੂੰਨਾਂ ਨੂੰ ਛੱਡ ਕੇ, ਉਹ ਅਪਣੇ ਬਣਾਏ ਕਾਨੂੰਨਾਂ ਨੂੰ ਮੰਨਣਾ ਲਾਜ਼ਮੀ ਕਰ ਦੇਂਦੇ ਹਨ।

ਬਾਬੇ ਨਾਨਕ ਨੇ ਖੁਲ੍ਹ ਕੇ ਅਤੇ ਲਿਖਤੀ ਤੌਰ 'ਤੇ ਕਿਹਾ, ਨਹੀਂ ਕਿੰਨਾ ਵੀ ਵੱਡਾ ਕੋਈ ਮਨੁੱਖ ਕਿਉਂ ਨਾ ਹੋਵੇ (ਦੇਵਤਾ, ਗੁਰੂ, ਮਹਾਂਪੁਰਸ਼), ਉਹ ਅਪਣੇ ਕਾਨੂੰਨ ਮਨੁੱਖ ਉਤੇ ਲਾਗੂ ਨਹੀਂ ਕਰ ਸਕਦਾ, ਰੱਬ ਦੇ ਕਾਨੂੰਨਾਂ ਨੂੰ ਮੰਨਣ ਦਾ ਪ੍ਰਚਾਰ ਹੀ ਕਰ ਸਕਦੇ ਹਨ। ਕੁਦਰਤ ਦੇ ਕਾਨੂੰਨ ਮੰਨ ਕੇ ਹੀ ਮਨੁੱਖ ਸੁਖੀ ਰਹਿ ਸਕਦਾ ਹੈ, ਹੋਰ ਸੱਭ ਕਾਨੂੰਨ ਝੂਠੇ ਹਨ। ਪਰ ਪੁਜਾਰੀ ਸ਼ੇ੍ਰਣੀ ਇਕ ਅਜਿਹੀ ਸ਼ੇ੍ਰਣੀ ਹੈ ਜੋ ਆਪੋ ਅਪਣੇ ਧਰਮ ਦੇ ਮੋਢੀਆਂ/ਆਗੂਆਂ ਨੂੰ ਰੱਬ ਨਾਲੋਂ ਵੀ ਵੱਡਾ ਸਾਬਤ ਕਰਨ ਵਿਚ ਮਾਹਰ ਹੈ ਅਤੇ ਅਪਣੇ ਧਰਮ ਦੇ ਜਾਂ ਅਪਣੇ ਬਣਾਏ ਹੋਏ ਕਾਨੂੰਨਾਂ/ਨਿਯਮਾਂ ਨੂੰ ਕੁਦਰਤ ਦੇ ਕਾਨੂੰਨਾਂ ਤੋਂ ਵੀ ਉਪਰ ਸਾਬਤ ਕਰਨ ਦੀ ਕੋਸ਼ਿਸ਼ ਸ਼ੁਰੂ ਤੋਂ ਕਰਦੀ ਆਈ ਹੈ। ਜਿਹੜਾ ਕੋਈ ਇਸ ਪੁਜਾਰੀ ਸ਼ੇ੍ਰਣੀ ਵਲੋਂ ਪ੍ਰਚਾਰੇ ਜਾਂਦੇ ਨਿਯਮਾਂ/ਕਾਨੂੰਨਾਂ ਨੂੰ ਨਹੀਂ ਮੰਨਦਾ, ਉਹ ਭਾਵੇਂ ਸਾਇੰਸਦਾਨ ਹੋਵੇ, ਤਰਕਵਾਦੀ ਹੋਵੇ ਜਾਂ ਕੋਈ ਧਰਮ ਦਾ ਸਿਆਣਾ ਵਿਦਵਾਨ ਹੀ ਹੋਵੇ, ਪੁਜਾਰੀ ਸ਼ੇ੍ਰਣੀ ਉਸ ਨਾਲ ਮਾੜੇ ਤੋਂ ਮਾੜਾ ਸਲੂਕ ਹੀ ਕਰਦੀ ਹੈ। ਕਿਸੇ ਇਕ ਧਰਮ ਦੀ ਗੱਲ ਨਹੀਂ, ਸਾਰੇ ਹੀ ਧਰਮਾਂ ਦੀ ਪੁਜਾਰੀ ਸ਼ੇ੍ਰਣੀ ਇਕੋ ਤਰ੍ਹਾਂ ਨਾਲ ਪੇਸ਼ ਆਉਂਦੀ ਹੈ।

ਬਾਬੇ ਨਾਨਕ ਨੇ ਕਿਉਂਕਿ ਪੁਜਾਰੀ ਸ਼ੇ੍ਰਣੀ ਨੂੰ ਪੂਰੀ ਤਰ੍ਹਾਂ ਰੱਦ ਕਰ ਦਿਤਾ ਸੀ, ਇਸ ਲਈ ਲਗਦਾ ਸੀ ਕਿ ਬਾਬੇ ਨਾਨਕ ਨੂੰ ਅਪਣਾ ਮੋਢੀ ਮੰਨਣ ਵਾਲੇ ਸਿੱਖ ਤਾਂ ਪੁਜਾਰੀ ਸ਼ੇ੍ਰਣੀ ਨੂੰ ਇਹ ਆਗਿਆ ਨਹੀਂ ਦੇਣਗੇ ਕਿ ਉਹ ਰੱਬ ਅਤੇ ਉਸ ਦੇ ਕਾਨੂੰਨਾਂ ਨੂੰ ਪਿੱਛੇ ਸੁਟ ਕੇ, ਅਪਣੇ ਬਣਾਏ ਕਾਨੂੰਨਾਂ/ਨਿਯਮਾਂ ਨੂੰ 'ਮਰਿਆਦਾ' ਦਾ ਨਾਂ ਦੇ ਕੇ ਮੰਨਣਾ ਲਾਜ਼ਮੀ ਬਣਾ ਦੇਵੇ। ਪਰ ਜੋ ਅਨਰਥ ਬਾਕੀ ਧਰਮਾਂ ਵਿਚ ਪੁਜਾਰੀ ਸ਼ੇ੍ਰਣੀ ਨੇ ਕੀਤਾ, ਉਸ ਤੋਂ ਬਾਬੇ ਨਾਨਕ ਦੀ ਸਿੱਖੀ ਵੀ ਨਹੀਂ ਬੱਚ ਸਕੀ। ਹਰ ਰੋਜ਼ ਸਵੇਰੇ ਟੀਵੀ ਚੈਨਲ ਤੇ ਦਰਬਾਰ ਸਾਹਿਬ 'ਚੋਂ ਕਥਾ ਹੁੰਦੀ ਸੁਣ ਲਵੋ। 'ਵਾਕ' ਵਾਲੇ ਸ਼ਬਦ ਵਿਚ ਇਹ ਸੰਦੇਸ਼ ਦਿਤਾ ਗਿਆ ਹੁੰਦਾ ਹੈ ਕਿ ਰੱਬ ਤੋਂ ਬਿਨਾ ਕੁੱਝ ਵੀ ਸੱਚ ਨਹੀਂ। ਪਰ ਕਥਾਕਾਰ, ਸ਼ਬਦ 'ਚੋਂ ਇਕ ਅੱਖਰ ਲੈ ਕੇ, 20 ਮਿੰਟ ਮਿਥਿਹਾਸਕ ਕਹਾਣੀਆਂ ਤੇ ਉਸ ਅੱਖਰ ਦੇ ਬ੍ਰਾਹਮਣੀ ਗ੍ਰੰਥਾਂ ਵਾਲੇ ਅਰਥ ਸੁਣਾਂਦਾ ਰਹਿੰਦਾ ਹੈ, ਫਿਰ ਸ਼ਬਦ ਦੇ ਰਚੇਤਾ ਗੁਰੂ ਜਾਂ ਭਗਤ ਬਾਰੇ ਬਿਲਕੁਲ ਨਾ ਮੰਨਣਯੋਗ ਕੋਈ 'ਸਾਖੀ' ਸੁਣਾਉਣ ਉਤੇ 20 ਮਿੰਟ ਖ਼ਰਚ ਕਰ ਦੇਂਦਾ ਹੈ, ਦੋ ਤਿੰਨ ਮਿੰਟ ਅਪਣੀ 'ਵਿਦਵਤਾ' ਦਾ ਯਕੀਨ ਦਿਵਾਉਣ ਤੇ ਲਾ ਦੇਂਦਾ ਹੈ ਤੇ ਅਖ਼ੀਰ ਵਿਚ, ਰਸਮ ਪੂਰੀ ਕਰਨ ਲਈ ਰੱਬ ਦੀ ਵਡਿਆਈ ਦਾ ਜ਼ਿਕਰ ਵੀ ਇਕ ਅੰਧ ਮਿੰਟ ਲਈ ਕਰ ਦੇਂਦਾ ਹੈ। ਭੋਲੇ ਭਾਲੇ ਸ੍ਰੋਤੇ ਉਤੇ ਸਮੁੱਚਾ ਪ੍ਰਭਾਵ ਇਹੀ ਪੈਂਦਾ ਹੈ ਕਿ ਕਥਾਕਾਰ ਗਿਆਨੀ ਵੀ ਸਿਆਣਾ ਹੈ, ਮਿਥਿਹਾਸ ਅਤੇ ਬ੍ਰਾਹਮਣੀ ਗ੍ਰੰਥ ਵੀ ਮਹਾਨ ਹਨ ਤੇ ਰੱਬ ਤੋਂ ਬਿਨਾ, ਉਹ ਸਾਰੇ ਸ੍ਰੀਰ ਵੀ ਮਹਾਨ ਹਨ ਜਿਨ੍ਹਾਂ ਦੀ ਉਪਮਾ ਕਥਾਕਾਰ ਨੇ ਕੀਤੀ ਸੀ ਤੇ ਵਿਚਾਰੇ ਬੁੱਢੇ ਬਾਬੇ ਰੱਬ ਬਾਰੇ, ਗਿਆਨੀ ਜੀ ਨੇ ਭਾਵੇਂ ਕੁੱਝ ਖ਼ਾਸ ਤਾਂ ਨਹੀਂ ਦਸਿਆ ਪਰ ਕਿਉਂਕਿ ਗਿਆਨੀ ਜੀ ਕਹਿੰਦੇ ਹਨ, ਇਸ ਲਈ ਉਹ ਵੀ ਸ਼ਾਇਦ ਥੋੜਾ ਜਿਹਾ ਮਹਾਨ ਹੋਵੇਗਾ ਹੀ !!

ਪੁਜਾਰੀ ਸ਼ੇ੍ਰਣੀ ਦੀ ਹਜ਼ਾਰਾਂ ਸਾਲਾਂ ਤੋਂ ਇਹ ਆਦਤ ਬਣੀ ਹੋਈ ਹੈ ਕਿ ਉਹ ਰੱਬ ਤੋਂ ਬਿਨਾਂ, ਹਰ ਚੀਜ਼ ਅਤੇ ਹਰ ਸ੍ਰੀਰ (ਮਿਥਿਹਾਸਕ ਜਾਂ ਹਕੀਕੀ) ਦੀ ਸਿਫ਼ਤ ਸਲਾਹ ਕਰ ਸਕਦੀ ਹੈ ਤੇ ਮਨੁੱਖ ਨੂੰ ਕਹਿ ਸਕਦੀ ਹੈ ਕਿ ਰੱਬ ਨੂੰ ਨਾ ਮੰਨੇਂਗਾ ਤਾਂ ਮਾੜੀ ਗੱਲ ਹੋਵੇਗੀ ਪਰ ਜੇ ਪੁਜਾਰੀ ਵਲੋਂ ਪ੍ਰਚਾਰੀਆਂ ਗਈਆਂ ਦੂਜੀਆਂ ਹਸਤੀਆਂ, ਰਸਮਾਂ, ਮਰਿਆਦਾਵਾਂ ਨੂੰ ਨਾ ਮੰਨਿਆ ਤਾਂ ਤੂੰ ਹੀ ਨਹੀਂ, ਤੇਰੀਆਂ ਕੁਲਾਂ ਵੀ ਡੁੱਬ ਜਾਣਗੀਆਂ ਤੇ ਰੱਬ ਵੀ ਤੈਨੂੰ ਨਹੀਂ ਬਚਾ ਸਕੇਗਾ ਕਿਉਂਕਿ ਉਹ (ਰੱਬ) ਵੀ ਪਹਿਲਾਂ ਵੇਖੇਗਾ ਕਿ ਤੂੰ ਪੁਜਾਰੀ ਦੀ ਗੱਲ ਮੰਨੀ ਸੀ ਜਾਂ ਨਹੀਂ?

ਰਹਿਤ ਮਰਿਆਦਾ ਗੁਰੂਆਂ ਨੇ ਨਹੀਂ, ਪੁਜਾਰੀਆਂ ਨੇ ਨਹੀਂ ਸਗੋਂ ਵਿਦਵਾਨਾਂ ਨੇ ਬਣਾਈ ਸੀ। ਵਿਦਵਾਨ ਅਪਣੇ ਹਰ ਫ਼ੈਸਲੇ ਨੂੰ ਥੋੜੇ ਸਮੇਂ ਮਗਰੋਂ, ਮੁੜ ਤੋਂ ਵਿਚਾਰਨਾ ਜਾਇਜ਼ ਸਮਝਦੇ ਹਨ। ਸੋ ਦੇ ਦਿਉ ਮਾਮਲਾ ਵਿਦਵਾਨਾਂ ਦੀ ਰਹਿਤ ਮਰਿਆਦਾ ਦਾ ਮਾਮਲਾ, ਵਿਦਵਾਨਾਂ ਨੂੰ ਹੀ ਤੇ ਲੈ ਲਉ ਉਨ੍ਹਾਂ ਦਾ ਨਵਾਂ ਫ਼ੈਸਲਾ

ਮਨੁੱਖਾਂ ਦੀਆਂ ਸਿਰਜੀਆਂ ਸਾਰੀਆਂ ਮਰਿਆਦਾਵਾਂ ਤੋਂ ਮੁਕਤ ਕਰਵਾਉਣ ਦਾ, ਸੰਸਾਰ ਦਾ ਪਹਿਲਾ ਤੇ ਵੱਡਾ ਯਤਨ ਕਰਨ ਵਾਲੇ ਬਾਬੇ ਨਾਨਕ ਦਾ ਧਰਮ ਵੀ, ਪੁਜਾਰੀ ਸ਼ੇ੍ਰਣੀ ਨੇ ਅਪਣੀ ਮਰਿਆਦਾ ਦੇ ਰੱਸਿਆਂ ਨਾਲ ਪੂਰੀ ਤਰ੍ਹਾਂ ਬੰਨ੍ਹ ਦਿਤਾ ਹੈ ਤੇ ਸਿਆਣੇ ਸਿੱਖ ਇਨ੍ਹਾਂ ਨੂੰ ਤੋੜਨ ਦਾ ਯਤਨ ਕਰਦੇ ਹਨ ਤਾਂ ਪੁਜਾਰੀ ਸ਼ੇ੍ਰਣੀ ਉਨ੍ਹਾਂ ਨੂੰ ਛੁਟ ਕੇ ਪੈ ਜਾਂਦੀ ਹੈ।

ਪਿਛਲੇ ਕੁੱਝ ਸਮੇਂ ਤੋਂ ਸਿੱਖੀ ਵਿਚ ਵੜ ਆਈਆਂ ਕਈ ਪੁਜਾਰੀਵਾਦੀ ਦਖ਼ਲ-ਅੰਦਾਜ਼ੀਆਂ ਨੂੰ ਰੱਦ ਕਰਨ ਲਈ ਕੁੱਝ ਯਤਨ ਹੋਏ ਹਨ, ਜਿਨ੍ਹਾਂ ਚੋਂ ਦੋ ਕੁ ਤਾਜ਼ਾ ਯਤਨ ਇਹ ਹਨ ਕਿ ਸਿੱਖ ਦਾ ਹਰ ਕਾਰਜ ਅਕਾਲ ਪੁਰਖ ਨੂੰ ਯਾਦ ਕਰ ਕੇ ਹੀ ਸ਼ੁਰੂ ਹੋਣਾ ਚਾਹੀਦਾ ਹੈ, ਹੋਰ ਕਿਸੇ ਨੂੰ ਨਹੀਂ,

- ਇਸ ਲਈ ਸਿੱਖ ਦੀ ਅਰਦਾਸ 'ਭਗੌਤੀ' ਨੂੰ ਸਿਮਰ ਕੇ ਨਹੀਂ, ਅਕਾਲ ਪੁਰਖ ਨੂੰ ਸਿਮਰ ਕੇ ਸ਼ੁਰੂ ਹੋਣੀ ਚਾਹੀਦੀ ਹੈ ਤੇ

- 'ਖੰਡੇ ਦੀ ਪਾਹੁਲ' ਤਿਆਰ ਕਰਨੀ ਹੈ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਪੜ੍ਹੀ ਜਾਣੀ ਚਾਹੀਦੀ ਹੈ, ਗੁਰੂ ਗ੍ਰੰਥ ਤੋਂ ਬਾਹਰ ਦੀ ਕੋਈ ਰਚਨਾ ਪੜ੍ਹ ਕੇ ਨਹੀਂ

ਦੋਵੇਂ 'ਸੁਧਾਰਵਾਦੀ' ਗੱਲਾਂ ਵਿਦੇਸ਼ੀ ਗੁਰਦਵਾਰਿਆਂ 'ਚੋਂ ਉਭਾਰੀਆਂ ਗਈਆਂ ਹਨ ਤੇ ਪੂਰੀ ਤਰ੍ਹਾਂ ਨਾਨਕ-ਫ਼ਲਸਫ਼ੇ ਅਨੁਸਾਰੀ ਹਨ, ਪਰ ਪੁਜਾਰੀ ਸ਼ੇ੍ਰਣੀ ਕਹਿੰਦੀ ਹੈ, ''ਨਹੀਂ, ਸਾਡੇ ਵਲੋਂ ਪ੍ਰਵਾਨ ਕੀਤੀ ਮਰਿਆਦਾ ਹੀ ਮਹਾਨ ਹੈ'' ਅਰਥਾਤ ਇਸ ਮਰਿਆਦਾ ਸਾਹਮਣੇ ਅਕਾਲ ਪੁਰਖ ਵੀ ਛੋਟਾ ਹੈ ਤੇ ਨਿਰੋਲ ਗੁਰੂ ਗ੍ਰੰਥ ਸਾਹਿਬ ਉਤੇ ਟੇਕ ਰਖਣੀ ਵੀ ਮਾੜੀ ਗੱਲ ਹੈ ਹਾਲਾਂਕਿ ਗੁਰੂ ਗੋਬਿੰਦ ਸਿੰਘ ਜੀ ਤਕ, ਕਿਸੇ ਵੀ ਗੁਰੂ ਦਾ ਇਹ ਹੁਕਮ ਨਹੀਂ ਕਿ ਗੁਰੂ ਗ੍ਰੰਥ ਤੋਂ ਬਿਨਾਂ, ਕਿਸੇ ਹੋਰ ਵੀ ਗ੍ਰੰਥ ਨੂੰ ਮੰਨਣਾ ਹੈ। ਸਾਰੇ ਗੁਰੂਆਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਹੀ, ਸਿਰ ਝੁਕਾਇਆ ਹੈ। ਫਿਰ ਸਿੱਖ ਇਸ ਤੋਂ ਬਾਹਰ ਜਾਣ ਦੀ ਸੋਚ ਵੀ ਕਿਵੇਂ ਸਕਦੇ ਹਨ? ਪਰ ਪੁਜਾਰੀਵਾਦ ਲਈ ਨਾ ਗੁਰੂ ਗ੍ਰੰਥ ਸਾਹਿਬ 'ਸਰਬਉੱਚ' ਹੈ ਤੇ ਨਾ ਗੁਰੂ ਹੀ। ਉਹ ਤਾਂ ਮਗਰੋਂ ਪੁਜਾਰੀਆਂ ਵਲੋਂ ਦਾਖ਼ਲ ਕੀਤੀਆਂ ਗੱਲਾਂ ਨੂੰ ਹੀ ਸਰਬਉੱਚ ਮੰਨਦੇ ਹਨ। ਗੁਰਦਵਾਰਾ ਸੁਧਾਰ ਲਹਿਰ ਨੇ, ਮਹੰਤੀ ਦੌਰ ਵਿਚ ਸ਼ੁਰੂ ਕੀਤੀ ਗਈ, ਗੁਰਬਿਲਾਸ ਪਾਤਸ਼ਾਹੀ-6 ਦੀ ਕਥਾ ਗੁਰਦਵਾਰਿਆਂ ਵਿਚ ਬੰਦ ਕਰਵਾ ਦਿਤੀ ਪਰ 'ਜਥੇਦਾਰ' ਜੋਗਿੰਦਰ ਸਿੰਘ ਵੇਦਾਂਤੀ, ਅਗਿਆਤ ਲੇਖਕ ਦੀ ਗੁਰੂ-ਨਿੰਦਾ ਨਾਲ ਭਰੀ ਇਹ ਪੁਸਤਕ ਮੁੜ ਲੈ ਆਇਆ ਤੇ ਭੂਮਿਕਾ ਵਿਚ ਲਿਖਦਾ ਹੈ ਕਿ ਉਹ ਬੜਾ ਧਨ-ਭਾਗਾ ਹੋਵੇਗਾ ਜੇ ਇਸ ਦੀ ਕਥਾ, ਗੁਰਦਵਾਰਿਆਂ ਵਿਚ ਮੁੜ ਤੋਂ ਸ਼ੁਰੂ ਹੋ ਜਾਏ। ਪੁਜਾਰੀ ਅਪਣੇ ਆਪ ਨੂੰ ਗੁਰਦਵਾਰਾ ਸੁਧਾਰ ਲਹਿਰ ਤੋਂ ਵੀ ਉਪਰ ਸਮਝਦਾ ਹੈ।

ਮੰਨਿਆ ਕਿ ਸਿੱਖ ਰਹਿਤ ਮਰਿਆਦਾ, ਵਿਦਵਾਨਾਂ ਨੇ ਤਿਆਰ ਕੀਤੀ ਸੀ, ਪੁਜਾਰੀਆਂ ਨੇ ਨਹੀਂ। ਪਰ ਦੁਨੀਆਂ ਦੇ ਵੱਡੇ ਤੋਂ ਵੱਡੇ ਵਿਦਵਾਨਾਂ ਦੀ ਗੱਲ, ਥੋੜੇ ਸਮੇਂ ਬਾਅਦ ਫਿਰ ਤੋਂ ਵਿਚਾਰੀ ਜਾਂਦੀ ਹੈ ਤੇ ਉਸ ਵਿਚ ਸੋਧ ਕੀਤੀ ਜਾਂਦੀ ਹੈ। ਵਿਦਵਾਨ ਵੀ ਇਸ ਗੱਲ ਨੂੰ ਜਾਇਜ਼ ਮੰਨਦੇ ਹਨ ਤੇ ਇਹ ਨਹੀਂ ਕਹਿੰਦੇ ਕਿ ''ਜੋ ਮੈਂ ਇਕ ਵਾਰ ਲਿਖ ਦਿਤਾ ਹੈ, ਉਸ ਵਿਚ ਕਦੇ ਕੋਈ ਤਬਦੀਲੀ ਨਹੀਂ ਹੋ ਸਕਦੀ।'' ਕਰਨ ਦਿਉ ਅਜੋਕੇ ਵਿਦਵਾਨਾ ਨੂੰ ਸੋਧ। ਇਹ ਤਾਂ ਪੁਜਾਰੀ ਹੀ ਹਨ ਜਿਹੜੇ ਕਹਿੰਦੇ ਹਨ ਕਿ ਜੋ ਉਨ੍ਹਾਂ ਕਹਿ ਦਿਤਾ, ਉਸ ਤੇ ਮੁੜ ਵਿਚਾਰ ਨਹੀਂ ਹੋ ਸਕਦਾ। ਵਿਦਵਾਨ ਤਾਂ ਅਜਿਹਾ ਦਾਅਵਾ ਭੁਲ ਕੇ ਵੀ ਨਹੀਂ ਕਰਦੇ। ਦੇ ਦਿਉ ਵਿਦਵਾਨਾਂ ਵਲੋਂ ਤਿਆਰ ਕੀਤੀ ਰਹਿਤ ਮਰਿਆਦਾ, ਅੱਜ ਦੇ ਵਿਦਵਾਨਾਂ ਨੂੰ। ਜੇ ਉਹ ਕਹਿ ਦੇਣ ਕਿ ਸੋਧ ਦੀ ਕੋਈ ਲੋੜ ਨਹੀਂ ਤਾਂ ਠੀਕ ਹੈ, ਪਰ ਜੇ ਉਹ ਇਸ ਨਤੀਜੇ 'ਤੇ ਪੁੱਜਣ ਕਿ 70-80 ਸਾਲ ਪਹਿਲਾਂ ਤਿਆਰ ਕੀਤੀ 'ਰਹਿਤ ਮਰਿਆਦਾ' ਸੋਧਾਂ ਮੰਗਦੀ ਹੈ ਤਾਂ ਮੰਨ ਲਉ ਉਨ੍ਹਾਂ ਦਾ ਫ਼ੈਸਲਾ। ਪਰ ਪੁਜਾਰੀ ਕੌਣ ਹੁੰਦੇ ਹਨ, ਇਹ ਕਹਿਣ ਵਾਲੇ ਕਿ ਕਿਸੇ ਗ਼ਲਤੀ ਨੂੰ ਠੀਕ ਹੀ ਨਹੀਂ ਕੀਤਾ ਜਾ ਸਕਦਾ?

ਹਜ਼ਾਰਾਂ ਸਾਲਾਂ ਤੋਂ ਚਲੀ ਆਉਂਦੀ ਪੁਜਾਰੀਵਾਦੀ ਸੋਚ ਵਿਚ ਕੋਈ ਫ਼ਰਕ ਨਹੀਂ ਆਇਆ। ਪੁਜਾਰੀ ਸ਼੍ਰੇਣੀ ਮੁਤਾਬਕ, ਰੱਬ ਵੀ ਛੋਟਾ ਹੈ ਤੇ ਗੁਰੂ ਗ੍ਰੰਥ ਸਾਹਿਬ ਵੀ ਸਿੱਖ ਲਈ 'ਹਰਫ਼ੇ ਆਖ਼ਰ' (ਅੰਤਮ ਸ਼ਬਦ) ਨਹੀਂ ਬਲਕਿ ਪੁਜਾਰੀ ਦੀ ਪ੍ਰਵਾਨਗੀ ਹੀ ਸੱਭ ਤੋਂ ਉਤੇ ਹੈ! ਸਿੱਖ ਧਰਮ ਨੂੰ ਸਮੇਂ ਦਾ ਹਾਣੀ ਬਣ ਕੇ ਨਹੀਂ ਰਹਿਣ ਦੇਵੇਗੀ ਪੁਜਾਰੀ ਸ਼ੇ੍ਰਣੀ, ਭਾਵੇਂ ਇਹ ਧਰਮ ਵੀ ਹੌਲੀ ਹੌਲੀ, ਪੁਜਾਰੀਆਂ ਦੇ ਪਿੱਛੇ ਲੱਗ ਕੇ, ਹਿੰਦੂ ਧਰਮ ਦੀ ਇਕ ਸੰਪਰਦਾ ਹੀ ਬਣ ਕੇ ਕਿਉਂ ਨਾ ਰਹਿ ਜਾਏ! ਸਿਆਣੇ ਸਿੱਖਾਂ ਨੂੰ ਫ਼ੈਸਲਾ ਕਰ ਲੈਣਾ ਚਾਹੀਦਾ ਹੈ ਕਿ ਸਿੱਖ ਧਰਮ ਦਾ ਭਵਿੱਖ ਕਿਹੋ ਜਿਹਾ ਚਾਹੁੰਦੇ ਹਨ। ਸਿਆਣੇ ਸਿੱਖ ਕੇਵਲ ਤੇ ਕੇਵਲ, ਦਸਾਂ ਨਹੁੰਆਂ ਦੀ ਕਮਾਈ ਕਰਨ ਵਾਲਿਆਂ ਚੋਂ ਹੀ ਨਿਕਲ ਸਕਦੇ ਹਨ ਪਰ ਪੁਜਾਰੀਵਾਦ ਵਿਰੁਧ ਲਾਮਬੰਦ ਨਹੀਂ ਹੋ ਰਹੇ, ਭਾਵੇਂ ਬਹੁਗਿਣਤੀ ਉਨ੍ਹਾਂ ਦੀ ਹੀ ਹੈ।

ਇਹ ਗੱਲ ਸਮਝ ਲਈ ਜਾਣੀ ਚਾਹੀਦੀ ਹੈ ਕਿ ਪੁਜਾਰੀਵਾਦ ''ਜੋ ਚਲ ਰਿਹਾ ਹੈ, ਉਸ ਨੂੰ ਚਲਦਾ ਰਹਿਣ ਦਿਉ ਤੇ ਕਿੰਤੂ ਪ੍ਰੰਤੂ ਨਾ ਕਰੋ'' ਵਾਲੇ ਅਸੂਲ ਦਾ ਪੱਕਾ ਪ੍ਰਚਾਰਕ ਮੰਨਿਆ ਜਾਂਦਾ ਹੈ, ਜਦਕਿ ਬਾਬਾ ਨਾਨਕ, ਅਪਣੀ ਬਾਣੀ ਵਿਚ ਖੁਲ੍ਹ ਕੇ ਸੰਦੇਸ਼ ਦੇ ਰਿਹਾ ਹੈ ਕਿ ''ਧਰਮ ਦੇ ਨਾ ਤੇ ਜੋ ਕੁੱਝ ਵੀ ਹੋ ਰਿਹਾ ਹੈ, ਉਹ ਬਹੁਤਾ ਗ਼ਲਤ ਹੀ ਹੋ ਰਿਹਾ ਹੈ ਤੇ ਉਸ ਨੂੰ ਵਗਾਹ ਕੇ ਸੁੱਟ ਦੇਣ ਦੀ ਲੋੜ ਹੈ।'' ਸੋ ਪੁਜਾਰੀ ਤੇ ਬਾਬਾ ਨਾਨਕ ਦੀ ਸਿੱਖੀ ਇਕੱਠੇ ਨਹੀਂ ਰਹਿ ਸਕਦੇ।

ਦੁਨੀਆਂ ਦਾ ਧਿਆਨ ਸਿੱਖੀ ਵਲ 100-150 ਸਾਲ ਪਹਿਲਾਂ ਉਦੋਂ ਸ਼ੁਰੂ ਹੋਇਆ ਸੀ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਇਹ ਧਰਮ ਬਾਕੀ ਧਰਮਾਂ ਨਾਲੋਂ ਵਖਰਾ ਹੈ, ''ਅਕਲੀ ਸਾਹਿਬ ਸੇਵੀਐ'' ਦਾ ਹੋਕਾ ਦੇਂਦਾ ਹੈ ਤੇ ਪੁਜਾਰੀ ਨੂੰ ਹਰ ਗੱਲ ਦਾ ਫ਼ੈਸਲਾ ਕਰਨ ਦਾ ਅਧਿਕਾਰ ਨਹੀਂ ਦੇਂਦਾ ਪਰ ਜਦ ਤੋਂ ਦੁਨੀਆਂ ਨੂੰ ਪਤਾ ਲੱਗਾ ਹੈ ਕਿ ਪੁਜਾਰੀ ਸੋਚ ਨੇ ਇਸ ਧਰਮ ਉਤੇ ਵੀ ਕਾਠੀ ਪਾ ਲਈ ਹੈ, ਦੁਨੀਆਂ ਦੇ ਵਿਦਵਾਨਾਂ ਦੀ, ਸਿੱਖ ਧਰਮ ਵਿਚ ਦਿਲਚਸਪੀ ਬਹੁਤ ਘੱਟ ਗਈ ਹੈ। ਸਿੱਖਾਂ ਨੇ ਪੁਜਾਰੀ ਅਤੇ ਸਿਆਸਤਦਾਨ ਦਾ ਗ਼ਲਬਾ ਇਸ ਧਰਮ ਉਤੋਂ ਖ਼ਤਮ ਨਾ ਕੀਤਾ, ਤਾਂ ਭਵਿੱਖ ਤੋਂ ਕਿਸੇ ਚੰਗੀ ਗੱਲ ਦੀ ਆਸ ਨਹੀਂ ਰੱਖੀ ਜਾ ਸਕੇਗੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top