Share on Facebook

Main News Page

ਮਾਨ ਨੂੰ ਭੁਲੇਖਾ ਲੱਗ ਗਿਆ ਕਿ ਖੌਰੇ ਐਨੀ ਸੰਗਤ ਇਸਨੂੰ ਸੁਣਨ ਆਉਂਦੀ ਹੈ !
-: ਸੰਪਾਦਕ ਖ਼ਾਲਸਾ ਨਿਊਜ਼

ਮਾਨ ਨੂੰ ਭੁਲੇਖਾ ਲੱਗ ਗਿਆ ਕਿ ਖੌਰੇ ਐਨੀ ਸੰਗਤ ਇਸਨੂੰ ਸੁਣਨ ਆਉਂਦੀ ਹੈ। ਪਿਛਲੇ ਸਾਲ ਸਰਬੱਤ ਖਾਲਸਾ 'ਚ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਹ ਵਿੱਚ ਇਕੱਠੀ ਹੋਈ ਸੀ, ਜਿਸਨੂੰ ਮਾਨ ਨੇ ਆਪਣੇ ਫਾਇਦੇ ਲਈ ਵਰਤਿਆ, ਅਤੇ ਲੋਕਾਂ ਦੇ ਰੋਹ ਦਾ ਸਾਹਮਣਾ ਨਾ ਕਰਨਾ ਪਵੇ, ਤਾਂ ਇਸਨੇ ਭਾਈ ਹਵਾਰਾ ਨੂੰ ਲੋਕਾਂ ਦਾ ਮੂੰਹ ਬੰਦ ਕਰਨ ਲਈ ਜੱਥੇਦਾਰ ਬਣਾਇਆ, ਬਾਕੀ ਸਾਰੇ ਇਸਦੇ ਆਪਣੇ ਯਾਰ ਬੇਲੀ ਸੀ, ਜਿਨ੍ਹਾਂ ਦੀ ਕਰਤੂਤਾਂ ਬਾਰੇ ਦੱਸਣ ਦੀ ਲੋੜ੍ਹ ਨਹੀਂ।

ਅੱਜ ਵੀ ਭਾਈ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਜਨਮਦਿਨ ਦੀ ਆੜ ਵਿੱਚ ਇਸਨੇ ਇਹੀ ਭੁਲੇਖਾ ਖਾ ਲਿਆ। ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਜਾਂਬਾਜ਼ ਸਨ, ਇਸ ਵਿੱਚ ਕੋਈ ਸ਼ੱਕ ਨਹੀਂ, ਸਿੱਖਾਂ ਲਈ ਉਹ ਸਨਮਾਨਯੋਗ ਹਨ, ਤੇ ਰਹਿਣਗੇ... ਪਰ ਉਨ੍ਹਾਂ ਦੀ ਆੜ ਹੇਠ ਲੋਕ ਉਨ੍ਹਾਂ ਦਾ ਨਾਮ ਵਰਤ ਕੇ ਆਪਣਾ ਤੋਰੀ ਫੁਲਕਾ ਚਲਾ ਰਹੇ ਨੇ।

ਮਾਨ ਹੋਰਾਂ ਦੇ ਮਤੇ ਦੇਖ ਲਉ: ਨਿਤਨੇਮ, ਅਰਦਾਸ, ਅਤੇ ਦਸਮ ਗ੍ਰੰਥ ਸਬੰਧੀ ਪਹਿਲਾ ਮਤਾ ਪਾਇਆ ਹੈ... ਕੀ ਦੱਸਣਾ ਚਾਹੁੰਦੇ ਹਨ?

ਨਾ ਤਾਂ ਮਾਨ ਕੋਈ ਵਿਦਵਾਨ ਹੈ, ਨਾ ਭਾਈ ਜਰਨੈਲ ਸਿੰਘ ਸਿੱਖਾਂ ਦੇ ਗੁਰੂ, ਨਾ ਅਖੌਤੀ ਦਸਮ ਗ੍ਰੰਥ ਗੁਰਬਾਣੀ ਹੈ... ਧੱਕੇ ਨਾਲ ਨਹੀਂ... ਗੁਰਬਾਣੀ ਦੇ ਆਧਾਰ 'ਤੇ ਗੱਲ ਕਰੋ ਮਾਨ ਜੀ...

ਜੇ ਮਾਨ ਇਹ ਸੋਚਦੇ ਹਨ ਕਿ ਉਨ੍ਹਾਂ ਵੱਲੋਂ ਪਾਸ ਕੀਤੇ ਮੱਤਿਆਂ ਨਾਲ ਕੋਈ ਫਰਕ ਪੈਣਾ ਹੈ, ਤਾਂ ਮਾਨ ਹੋਰੀਂ ਖਿਆਲੀ ਪੁਲਾਵ ਪਕਾ ਰਹੇ ਨੇ... ਹੁਣ ਸੰਗਤ ਜਾਗ ਰਹੀ ਹੈ, ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੀ ਹੈ, ਨਿਤਨੇਮ, ਪਾਹੁਲ ਸਿਰਫ ਗੁਰਬਾਣੀ ਵਿੱਚੋਂ ਹੀ ਹੋਵੇਗੀ, ਅਰਦਾਸ ਵੀ ਗੁਰਮਤਿ ਅਨੁਸਾਰੀ ਹੋਵੇਗੀ, ਹੁਣ ਕੋਈ ਨਹੀਂ ਰੋਕ ਸਕਦਾ, ਸਿੱਖ ਰਹਿਤ ਮਰਿਆਦਾ ਦੇ ਨਾਮ 'ਤੇ ਅਖੌਤੀ ਦਸਮ ਗ੍ਰੰਥ ਦਾ ਗਲਬਾ ਹੁਣ ਜਾਗਰੂਕ ਸਿੱਖ ਉਤਾਰ ਚੁਕੇ ਨੇ, ਤੇ ਹੋਰ ਵੀ ਉਤਾਰ ਦੇਣਗੇ, ਸਮਾਂ ਲੱਗੇਗਾ...

ਪਿਛਲੇ ਕਈ ਦਹਾਕਿਆਂ ਤੋਂ ਖ਼ਾਲਿਸਤਾਨ ਅਤੇ ਭਾਈ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਨਾਮ ਵਰਤ ਕੇ ਆਪਣੀ ਸਿਆਸੀ ਰੋਟੀਆਂ ਸੇਕ ਰਹੇ ਨੇ, ਅਤੇ ਇਨ੍ਹਾਂ ਦੇ ਪਿੱਛਲਗੂਆਂ ਨੂੰ ਵੀ ਇਹੀ ਭੁਲੇਖਾ ਹੈ ਕਿ ਮਾਨ ਕੋਈ ਬਹੁਤ ਵੱਡੀ ਤੋਪ ਹੈ... ਤੋਪ ਤਾਂ ਨਹੀਂ, ਚੱਲਿਆ ਹੋਇਆ ਕਾਰਤੂਸ ਜ਼ਰੂਰ ਹੈ, ਜਿਸਦੀ ਬੰਦੂਕ ਬਾਦਲ ਦੇ ਹੱਥ ਹੈ, ਕਿਉਂਕਿ ਇਹ ਬਾਦਲ ਦੀ "ਬੀ" ਟੀਮ ਹੈ।

ਹੁਣ ਕੱਢੋ ਗਾਹਲਾਂ ਸਾਨੂੰ... ਪਰਵਾਹ ਨਾਹੀ ਕਿਸੈ ਕੇਰੀ, ਬਾਝੁ ਸਚੇ ਨਾਹੁ॥


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top