Share on Facebook

Main News Page

ਮਦ੍ਰ ਦੇਸ ਹਮ ਕੋ ਲੇ ਆਏਦੇ ਤੱਥਾਂ ਦੀ ਇਤਿਹਾਸ ਵਿੱਚੋਂ ਖੋਜ
-: ਗੁਰਦੀਪ ਸਿੰਘ ਬਾਗੀ

ਬਚਿੱਤਰ ਨਾਟਕ ਦਾ ਲਿਖਾਰੀ ਦੁਰਗਾ ਉਪਾਸਕ ਹੈ ਅਤੇ ਉਸਨੇ ਹਿੰਦੂ ਗ੍ਰੰਥਾਂ ਦਾ ਅਧਿਯਨ ਭੀ ਕੀਤਾ ਹੈ। ਪਰ, ਜਦ ਗੱਲ ਸਿੱਖ ਇਤਿਹਾਸ ਦੀ ਆਉਂਦੀ ਹੈ ਤੇ ਉਹ ਬਹੁਤ ਸਾਰਿਆਂ ਗਲਤੀਆਂ ਕਰਦਾ ਹੈ, ਓਨ੍ਹਾਂ ਨੂੰ ਛੁਪਾਉਣ ਵਾਸਤੇ ਖੁੱਲੇ ਸ਼ਬਦਾਂ ਦਾ ਇਸਤੇਮਾਲ ਕਰਦਾ ਹੈ ਅਤੇ ਸਾਫ ਸਾਫ ਕੁਛ ਨਹੀਂ ਲਿਖਦਾ। ਇਸ ਦਾ ਇਕ ਨਮੁਨਾ “ਅਥ ਕਬਿ ਜਨਮ ਕਥਨੰ” ਵਾਲੇ ਅਧਿਯਾਯ ਵਿੱਚ ਮੌਜੂਦ ਹੈ ਜੋ ਪਾਠਕਾਂ ਦੇ ਸਾਮ੍ਹਣੇ ਹੈ।

ਮੁਰ ਪਿਤ ਪੂਰਬ ਕੀਯਿਸਿ ਪਯਾਨਾ ॥ ਭਾਂਤਿ ਭਾਂਤਿ ਕੇ ਤੀਰਿਥ ਨਾਨਾ ॥
ਜਬ ਹੀ ਜਾਤਿ ਤ੍ਰਿਬੇਣੀ ਭਏ ॥ ਪੁੰਨ ਦਾਨ ਦਿਨ ਕਰਤ ਬਿਤਏ ॥੧॥
ਤਹੀ ਪ੍ਰਕਾਸ ਹਮਾਰਾ ਭਯੋ ॥ ਪਟਨਾ ਸਹਰ ਬਿਖੈ ਭਵ ਲਯੋ ॥
ਮਦ੍ਰ ਦੇਸ ਹਮ ਕੋ ਲੇ ਆਏ ॥ ਭਾਂਤਿ ਭਾਂਤਿ ਦਾਈਅਨਿ ਦੁਲਰਾਏ ॥੨॥
ਕੀਨੀ ਅਨਿਕ ਭਾਂਤਿ ਤਨ ਰਛਾ ॥ ਦੀਨੀ ਭਾਂਤਿ ਭਾਂਤਿ ਕੀ ਸਿਛਾ ॥
ਜਬ ਹਮ ਧਰਮ ਕਰਮ ਮੋ ਆਏ ॥ ਦੇਵ ਲੋਕ ਤਬ ਪਿਤਾ ਸਿਧਾਏ ॥੩॥

ਇਹ ਵੇਰਵਾ ਲਿਖਾਰੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਅਤੇ ਗੁਰੂ ਸਾਹਿਬ ਦੇ ਬਚਪਨ ਦਾ ਲਿਖਿਆ ਹੈ।

ਪਟਨਾ ਸਾਹਿਬ ਦੇ ਤੋਸ਼ਖਾਨੇ ਵਿੱਚ ਪਈ ਬਚਿੱਤਰ ਨਾਟਕ ਦੀ ਜਿਸ ਬੀੜ ਨੂੰ 1698 ਇ . ਦੀ ਲਿਖਤ ਕਹਿ ਕੇ ਪ੍ਰਚਾਰਿਆ ਜਾ ਰਿਹਾ ਹੈ ਦਰਅਸਲ ਉਸ ਦੇ ਸੰਪਾਦਕ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਪਨ ਦੇ ਬਾਰੇ ਕੋਈ ਖਾਸ ਜਾਨਕਾਰੀ ਨਹੀਂ ਸੀ। ਇਸ ਬੀੜ ਦਾ ਲਿਖਾਰੀ ਇਕ ਜਨਮ ਪਤਰੀ ਦਾ ਉਤਾਰਾ ਭੀ ਇਸ ਵਿੱਚ ਦੇਂਦਾ ਹੈ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਨਮ ਪੋਹ 1726 ਯਾਨਿ ਦਿਸੰਬਰ 1669 ਦਿੱਤਾ ਹੈ, ਜੋ ਗਲਤ ਹੈ।

ਇਸ ਹਿਸਾਬ ਨਾਲ ਜੇ ਗੁਰੂ ਸਾਹਿਬ ਦਾ ਪ੍ਰਕਾਸ਼ 1669 ਵਿੱਚ ਹੋਇਆ ਹੈ ਤਾਂ ਇਹ ਪੰਕਤਿਆਂ ਬਿਲਕੁਲ ਸਹੀ ਹਨ "ਤਹੀ ਪ੍ਰਕਾਸ ਹਮਾਰਾ ਭਯੋ ॥ ਪਟਨਾ ਸਹਰ ਬਿਖੈ ਭਵ ਲਯੋ ॥ ਮਦ੍ਰ ਦੇਸ ਹਮ ਕੋ ਲੇ ਆਏ ॥ ਭਾਂਤਿ ਭਾਂਤਿ ਦਾਈਅਨਿ ਦੁਲਰਾਏ ॥੨॥" ਪਟਨਾ ਸਾਹਿਬ ਵਿੱਚ ਜਨਮ ਹੋਇਆ ਅਤੇ ਮੈਨੂੰ ਮਦ੍ਰ ਦੇਸ (ਪੰਜਾਬ) ਲੈ ਆਏ, ਉਥੇ ਕਈ ਤਰ੍ਹਾਂ ਦੀਆਂ (ਭਾਂਤ-ਭਾਂਤ ਦੀਆਂ) ਦਾਈਆਂ ਨੇ ਮੈਨੂੰ ਦੁਲਾਰ ਦਿੱਤਾ। ਪਰ ਇਹ ਗੱਲ ਕੁਛ ਹੋਰ ਹੈ ਅਤੇ ਤੱਥ ਕੁਛ ਹੋਰ ਕਹਿ ਰਹੇ ਹਨ , ਓਨ੍ਹਾਂ ਤਥਾਂ ਨੂੰ ਵਿਚਾਰਣ ਨਾਲ ਲਿਖਾਰੀ ਦਾ ਅਨਜਾਣ-ਪੁਣਾ ਸ੍ਹਾਮਣੇ ਆ ਜਾਂਦਾ ਹੈ।

ਆਉ ਹੁਣ ਇਤਿਹਾਸਿਕ ਪਖੋ ਇਸ ਤੱਥ ਨੂੰ ਪੜਚੋਲ ਕਰੀਏ

ਗੁਰੂ ਗੋਬਿੰਦ ਸਿੰਘ  ਸਾਹਿਬ ਦਾ ਪ੍ਰਕਾਸ਼ ਪਟਨਾ ਸਾਹਿਬ ਵਿੱਚ 18 ਦਿਸੰਬਰ 1661 ਨੂੰ ਹੋਇਆ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਜੁਲਾਈ 1670 ਨੂੰ ਪਟਨਾ ਸਾਹਿਬ ਤੋਂ ਪੰਜਾਬ ਵੱਲ ਨੂੰ ਚਲਦੇ ਹਨ ਯਾਨੀ ਲਗਭਗ ਸਾਢੇ ਅੱਠ ਸਾਲ ਦੀ ਉਮਰ ਸੀ ਜਦ ਗੁਰੂ ਗੋਬਿੰਦ ਸਿੰਘ ਸਾਹਿਬ ਪਟਨਾ ਸ਼ਾਹਿਬ ਤੋਂ ਚਲੇ, ਹਾਂ ਖਾਸ ਗਲ ਇਹ ਹੈ ਕੀ ਪਿਤਾ ਗੁਰੂ ਤੇਗ ਬਹਾਦੁਰ ਸਾਹਿਬ ਓਨ੍ਹਾਂ ਨਾਲ ਨਹੀਂ ਸਨ। ਗੁਰੂ ਗੋਬਿੰਦ ਸਿੰਘ ਸਾਹਿਬ ਨੋਵੇ ਨਵਰਾਤਰੇ ਵਾਲੇ ਦਿਨ ਲਖਨੌਰ ਸਾਹਿਬ ਪੁੱਜਦੇ ਨੇ, ਜਿਥੇ ਦਸ਼ਹਰੇ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਪੱਗ ਬੰਧਾਂਈ ਕੀਤੀ ਗਈ। ਕੁਛ ਦਿਨ ਲਖਨੌਰ ਸਾਹਿਬ ਰਹਿਣ ਦੇ ਬਾਦ 9 ਸਾਲ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਤੇਗ ਬਹਾਦੁਰ ਸਾਹਿਬ ਅਤੇ ਮਾਤਾ ਗੁਜਰੀ ਨਾਲ ਬਕਾਲਾ ਪੁਜੇ।

ਜਬ ਹੀ ਜਾਤਿ ਤ੍ਰਿਬੇਣੀ ਭਏ ॥ ਪੁੰਨ ਦਾਨ ਦਿਨ ਕਰਤ ਬਿਤਏ ॥੧॥
ਤਹੀ ਪ੍ਰਕਾਸ ਹਮਾਰਾ ਭਯੋ ॥ ਪਟਨਾ ਸਹਰ ਬਿਖੈ ਭਵ ਲਯੋ ॥

ਜੋ ਲੋਕ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਹੋਣ ਦਾ ਸਾਲ 1666 ਦਸਦੇ ਹਨ ਉਹ ਖੋਜੀ-ਜਨ ਜਰ੍ਹਾ ਇਹ ਸਾਬਿਤ ਕਰਨ ਕਿ ਪਹਿਲੇ ਅਤੇ ਦੁਜੇ ਛੰਦ ਦਾ ਜੋ ਵੇਰਵਾ ਹੈ: ਤ੍ਰਿਬੇਣੀ ਵਿੱਚ ਗੁਰੂ ਤੇਗ ਬਹਾਦੁਰ ਜੀ ਵਲੋਂ ਦਾਨ ਪੁਨ ਕਰਨਾ ਅਤੇ ਪਟਨਾ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਦੀ ਦੇ ਜਨਮ ਹੋਣ ਦੀ ਜੋ ਗੱਲ ਹੈ, ਕੀ ਇਹ ਗੱਲ 1666 ਵਿੱਚ ਹੋਈ ਸੀ? ਗੁਰੂ ਤੇਗ ਬਹਾਦੁਰ ਸਾਹਿਬ ਅਤੇ ਮਾਤਾ ਗੁਜਰੀ 1661 ਵਿੱਚ ਇਕੱਠੇ ਤ੍ਰਿਬੇਣੀ ਗਏ ਸਨ ਨਾ ਕਿ 1666 ਵਿੱਚ।

ਮਦ੍ਰ ਦੇਸ ਹਮ ਕੋ ਲੇ ਆਏ ॥ ਭਾਂਤਿ ਭਾਂਤਿ ਦਾਈਅਨਿ ਦੁਲਰਾਏ ॥੨॥

ਸਾਫ ਸ਼ਬਦਾਂ ਵਿੱਚ ਬਚਿੱਤਰ ਨਾਟਕ ਦੇ ਲਿਖਾਰੀ ਨੇ ਇਹ ਸੋਚ ਕੇ ਲਿਖਿਆ ਕਿ (1669 ਵਿੱਚ ਜਨਮ ਮੁਤਾਬਕ) ਇੱਕ-ਦੋ ਸਾਲ ਦੇ ਬੱਚੇ ਨੂੰ ਦਾਈਆਂ ਦੇ ਦੁਲਾਰ ਦੀ ਜਰੂਰਤ ਹੋਂਦੀ ਹੈ। ਜਦ ਕਿ ਗੁਰੂ ਸਾਹਿਬ ੳਸ ਵੇਲੇ 9 ਸਾਲ ਦੀ ੳਮਰ ਦੇ ਸਨ, ਜਦੋਂ ਓਹ ਮਦ੍ਰ ਦੇਸ (ਪੰਜਾਬ) ਪੁਜੇ ਅਤੇ ਤਾਲੀਮ ਲੈ ਰਹੇ ਸਨ। ਇਕ ਗਲ ਹੋਰ ਯਾਦ ਰੱਖਣ ਵਾਲੀ ਹੈ ਗੁਰੂ ਹਰਕਿ੍ਸ਼ਨ ਸਾਹਿਬ ਜੀ ਨੂੰ ਜਦ ਗੁਰਗੱਦੀ ਮਿਲੀ ਤਾਂ ਉਨ੍ਹਾਂ ਦੀ ੳਮਰ ਭੀ 9 ਸਾਲ ਸੀ ਅਤੇ ਇਸ ਲਿਖਤ ਵਿੱਚ 9 ਸਾਲ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਦਾਈਆਂ ਦੇ ਦੁਲਾਰਾਂ ਦੀ ਕੀ ਜਰੁਰਤ ਸੀ ਜਾਂ ਲਿਖਾਰੀ ਸੱਚ ਨਹੀਂ ਜਾਣਦਾ ਸੀ ?

ਇਕ ਸਵਾਲ ਜਵਾਬ ਮੰਗਦਾ ਹੈ – 9 ਸਾਲ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੋ ਗੁਰਮੁਖੀ ਅਤੇ ਸੰਸਕ੍ਰਿਤ ਸਿੱਖ ਚੁੱਕੇ ਚੁਕੇ ਸਨ, ਫਾਰਸੀ ਸਿੱਖ ਰਹੇ ਸਨ , ਓਨ੍ਹਾਂ ਨੂੰ ਦਾਈਆਂ ਦੇ ਦੁਲਾਰ ਦੀ ਕੀ ਜਰੁਰਤ ਸੀ?

ਕੀਨੀ ਅਨਿਕ ਭਾਂਤਿ ਤਨ ਰਛਾ ॥ ਦੀਨੀ ਭਾਂਤਿ ਭਾਂਤਿ ਕੀ ਸਿਛਾ ॥

ਇਹ ਤੀਜਾ ਛੰਦ ਹੈ ਜੋ ਦਸਦਾ ਹੈ ਕਿ ਕਿ ਮੇਰੀ ਕਈ ਤਰ੍ਹਾਂ ਦੀ ਰਖਿਆ ਕੀਤੀ ਅਤੇ ਕਈ ਤਰ੍ਹਾਂ ਦੀ ਸਿੱਖੀਆ ਪੰਜਾਬ ਵਿੱਚ ਦਿੱਤੀ ਗਈ।

"ਕੀਨੀ ਅਨਿਕ ਭਾਂਤਿ ਤਨ ਰਛਾ ॥" ਇਹ ਪੰਕਤੀ ਤਾਂ  ਸਿਰਫ 4-5 ਸਾਲ ਦੇ ਬਾਲਕ ਵਾਸਤੇ ਹੀ ਕਹੀ ਜਾ ਸਕਦੀ ਹੈ ਕਿਉਂਕਿ 4-5 ਸਾਲ ਤਕ ਦੀ ਉਮਰ ਦੇ ਬਾਲਕ ਨੂੰ ਹੀ ਰਖਿਆ ਦੀ ਜਰੂਰਤ ਪੈਂਦੀ ਹੈ। ਕੋਈ ਇਤਿਹਾਸਿਕ ਘਟਨਾ ਭੀ ਨਹੀਂ ਮਿਲਦੀ ਜਿਸ ਨਾਲ ਇਹ ਕਹਿਆ ਜਾ ਸਕੇ ਕਿ 10 ਸਾਲ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਤਨ ਦੀ ਰਖਿਆ (ਭਾਵ ਮਾਰੂ ਹਮਲੇ) ਤੂੰ ਰਖਿਆ ਕੀਤੀ ਗਈ ਸੀ। ਲਿਖਾਰੀ ਦੇ ਦਿਮਾਗ ਵਿੱਚ 1669 ਦੇ ਜਨਮੇ ਬਾਲ ਦੀ ਕਲਪਨਾ ਸੀ ਜਿਸ ਨੂੰ ਉਹ ਲਿਖ ਰਹਿਆ ਹੈ ਤਾਂਹੀ “ਤਨ ਰਛਾ  ” ਦੇ ਬਾਦ ” ਸਿਛਾ (ਸਿੱਖੀਆ)”  ਦੀ ਗਲ ਕਰਦਾ ਹੈ, ਪਰ ਇਹ ਸਭ ਘਟਨਾਵਾਂ ਤੇ ਪਟਨਾ ਸਾਹਿਬ ਵਿੱਚ ਪਹਿਲਾਂ ਹੀ ਹੋ ਚੁਕਿਆਂ ਸਨ।

ਖਾਸ ਗਲ ਧਿਆਨ ਦੇਣ ਵਾਲੀ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪਟਨਾ ਸਾਹਿਬ ਵਿੱਚ ਹੀ ਗੁਰਮੁਖੀ, ਫਾਰਸੀ ਅਤੇ ਸਂਸਕ੍ਰਿਤ ਦੀ ਸਿੱਖੀਆ ਲਈ ਅਤੇ ਫਿਰ ਪੰਜਾਬ ਵਲ ਚਾਲੇ ਪਾਏ। ਪੰਜਾਬ ਵਿੱਚ ਆਕੇ ਗੁਰੂ ਸਾਹਿਬ ਨੂੰ ਘੁੜਸਵਾਰੀ ਅਤੇ ਸ਼ਸਤਰ ਚਲਾਣ ਦੀ ਸਿੱਖੀਆ ਦਿੱਤੀ ਗਈ ਸੀ। ਪਰ ਲਿਖਾਰੀ ਨੂੰ ਪਤਾ ਨਹੀਂ ਸੀ ਕਿ ਗੁਰੂ ਸਾਹਿਬ 9 ਸਾਲ ਦੇ ਸੀ ਜਦ ਪੰਜਾਬ ਪੁਜੇ, ਇਥੇ ਲਿਖਾਰੀ ਪੂਰਾ ਟਪਲਾ ਖਾ ਚੁਕਿਆ ਹੈ ਅਤੇ ਗਲਤ ਬਿਆਨੀ ਕਰਦਾ ਹੈ ਅਤੇ ਇਤਿਹਾਸ ਵਿੱਚ ਐਸਾ ਕੋਈ ਜਿਕਰ ਵੀ ਨਹੀਂ ਮਿਲਦਾ ਕੀ ਗੁਰੂ ਗੋਬਿੰਦ ਸਿੰਘ ਜੀ ਕਿਸੇ ਕਿਸਮ ਦੇ ਖਤਰੇ ਤੋਂ  ਰੂਬਰੂ ਹੋਏ ਹੋਣ ਜਿਸ ਦੇ ਨਾਲ ਇਹ "ਤਨ ਰਛਾ" ਵਾਲੀ ਗਲ ਸਿੱਧ ਹੋਵੇ।

ਹੁਣ ਤੀਜੇ ਛੰਦ ਦੀ ਆਖਰੀ ਪੰਕਤਿ ਦਾ ਵਿਚਾਰ ਕਰਦੇ ਹਾਂ : “ਜਬ ਹਮ ਧਰਮ ਕਰਮ ਮੋ ਆਏ ॥ ਦੇਵ ਲੋਕ ਤਬ ਪਿਤਾ ਸਿਧਾਏ ॥੩॥”

ਲਿਖਾਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਮ 'ਤੇ (ਗੁਰੂ ਗੋਬਿੰਦ ਸਿੰਘ ਜੀ ਬਣਕੇ ਲਿਖ) ਰਿਹਾ ਹੈ: ਜਦ ਮੇਰੀ ਧਰਮ ਕਰਮ (ਨੂੰ ਸਮਝਣ) ਦੀ ਉਮਰ ਹੋਈ ਤਾਂ ਮੇਰੇ ਪਿਤਾ ਦੇਵ ਲੋਕ ਸਿਧਾਰ ਗਏ।
ਹੁਣ ਧਰਮ ਕਰਮ ਨੂੰ ਸਮਝਣ ਦੀ ਕੀ ਉਮਰ ਹੈ, ਰਣਧੀਰ ਸਿੰਘ ਇਤਿਹਾਸ-ਖੋਜੀ ਇਸ ਪੰਕਤੀ ਨੂੰ ਹੋਸ਼ ਸੰਭਾਲਨਾ ਕਹਿੰਦੇ ਹਨ ਭਾਵ 5-6 ਸਾਲ ਦੀ ੳਮਰ ਅਤੇ ਰਤਨ ਸਿਂਘ ਜੱਗੀ “ਧਰਮ ਕਰਮ ਨੂੰ ਸਮਝਨਾ” ਅਰਥ ਕਰਦੇ ਨੇ।

ਜਦ ਗੁਰੂ ਤੇਗ ਬਹਾਦੁਰ ਸਾਹਿਬ ਦੀ ਸ਼ਹੀਦੀ 11 ਨਵੰਬਰ 1675 ਨੂੰ ਹੋਈ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਲਗਭਗ 14 ਸਾਲ ਦੇ ਸਨ ਅਤੇ 1673 ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮੰਗਣੀ ਮਾਤਾ ਜੀਤੋ ਨਾਲ ਹੋ ਚੁਕੀ ਸੀ। ਵੈਸੇ ਲਿਖਾਰੀ ਨੇ ਇਹੀ ਸੋਚ ਕੇ ਲਿਖੀਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ 1669 ਦਾ ਹੈ ਅਤੇ ਉਮਰ 6 ਕੁ ਸਾਲ ਹੋਣੀ ਹੈ ਜਦ ਨੋਵੇ ਪਾਤਸ਼ਾਹ ਸ਼ਹੀਦ ਹੋਏ ਅਤੇ ਉਸ ਦੇ ਦਿਮਾਗ ਵਿੱਚ ਇਹ ਗਲਤ ਤੱਥ ਭੀ ਹੋਣਾ ਹੈ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਗੁਰਤਾਗੱਦੀ ਭੀ 6 ਸਾਲ ਦੀ ਉਮਰ ਵਿੱਚ ਮਿਲੀ ਸੀ।

ਜੇਕਰ ਅਸੀਂ ਕਹੀਏ ਕਿ ਧਰਮ ਕਰਮ ਨੂੰ ਸਮਝਣ ਦੀ ੳਮਰ 13-14 ਸਾਲ ਹੈ, ਤਾਂ ਫਿਰ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਗੁਰਤਾਗਦੀ ਸਿਰਫ 9 ਸਾਲ ਦੀ ਉਮਰ ਵਿੱਚ ਮਿਲ ਗਈ ਸੀ। ਛੋਟੇ ਸਾਹਿਬਜਾਦੇ 9 ਅਤੇ 7 ਸਾਲ ਦੇ ਸਨ, ਜਦ ਓਨ੍ਹਾਂ ਨੇ ਸਹੀਦੀ ਦਿੱਤੀ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top