Share on Facebook

Main News Page

ਕੀ ਇਹ ਸ੍ਰਿਸ਼ਟੀ ਕੰਨਾਂ ਦੀ ਮੈਲ ਤੋਂ ਬਣੀ ਹੈ ?
-: ਸਰਵਜੀਤ ਸਿੰਘ

ਹਾਂ! ਇਹ ਸੱਚ ਹੈ। ਇਹ ਸ੍ਰਿਸ਼ਟੀ ਕੰਨਾਂ ਦੀ ਮੈਲ ਤੋਂ ਹੀ ਬਣੀ ਹੈ । ਕੀ ਕਿਹਾ? ਇਹ ਹੋ ਹੀ ਨਹੀਂ ਸਕਦਾ। ਅਸੀ ਨਹੀਂ ਮੰਨਦੇ !

ਭਾਈ ਤੁਹਾਡੇ ਮੰਨਣ ਜਾਂ ਨਾਂ ਮੰਨਣ ਨਾਲ ਕੀ ਫ਼ਰਕ ਪੈਂਦਾ ਹੈ । ਇਹ ਤਾਂ ਅੱਜ ਤੋਂ ਲੱਖਾਂ ਸਾਲ ਪਹਿਲਾ ਹੋ ਚੁੱਕਾ ਹੈ। ਜੇ ਮੇਰੇ 'ਤੇ ਯਕੀਨ ਨਹੀਂ ਤਾਂ ਆਪ ਪੜ੍ਹਨ ਦੀ ਖੇਚਲ ਕਰੋ ਜੀ।

ਅਖੌਤੀ ਦਸਮ ਗ੍ਰੰਥ ਵਿਚ ਦਰਜ ‘ਬਚਿਤ੍ਰ ਨਾਟਕ’ ਨਾਮ ਦੀ ਇਕ ਰਚਨਾ ਹੈ ਜਿਸ ਦੇ ਕੁਲ 14 ਅਧਿਆਇ ਅਤੇ 471 ਛੰਦ ਹਨ। ਇਸ ਦੇ ਦੂਜੇ ਅਧਿਆਇ ਵਿਚ (ਜਿਸ ਦੇ 36 ਛੰਦ ਹਨ) ਕਵੀ ਆਪਣੇ ਬੰਸ ਦਾ ਵਰਨਣ ‘ਸ਼ੁਭ ਬੰਸ ਬਰਨਨ’ ਕਰਦਾ ਹੈ। ਇਸ ਵਿਚ ਤਾਂ ਇਸ ਤਰਾਂ ਹੀ ਲਿਖਿਆ ਹੋਇਆ ਹੈ ਕਿ ਇਹ ਸ੍ਰਿਸ਼ਟੀ ਕੰਨਾਂ ਦੀ ਮੈਲ ਤੋਂ ਬਣੀ ਹੈ। ਇਸ ਦੇ ਲੇਖਕ ਬਾਰੇ ਤਾ ਆਪ ਜੀ ਨੂੰ ਪਤਾ ਲੱਗ ਹੀ ਗਿਆ ਹੋਣਾ ਹੈ। ਆਓ ਦੂਜੇ ਅਧਿਆਇ ਦੀ ਵਿਚਾਰ ਕਰੀਏ।

ਤੇਰੀ ਮਹਿਮਾ ਅਪਰ ਅਪਾਰ ਹੈ ਉਸ ਦਾ ਕੋਈ ਅੰਤ ਨਹੀਂ ਪਾ ਸਕਦਾ।1। ਜੇ ਕਾਲ ਦੀ ਕ੍ਰਿਪਾ ਹੋਵੇ ਤਾਂ ਗੂੰਗਾ ਸ਼ਾਸਤਰ ਉਚਾਰਨ, ਪਿੰਗਲਾ ਪਹਾੜਾਂ ਤੇ ਚਂੜ੍ਹਨ, ਅੰਨ੍ਹਾ ਵੇਖਣ ਅਤੇ ਬੋਲਾ ਸੁਣਨ ਦੇ ਸਮਰੱਥ ਹੋ ਸਕਦਾ ਹੈ।2। ਜਿਵੇ ਪੁੱਤਰ ਪਿਤਾ ਦੇ ਜਨਮ ਦਾ ਭੇਦ ਨਹੀਂ ਜਾਣਦਾ ਇਸ ਤਰ੍ਹਾਂ ਹੀ ਮੈ ਤੇਰੇ ਬਾਰੇ ਕੀ ਜਾਣ ਸਕਦਾ ਹਾਂ। ਤੇਰੀ ਸਮਰੱਥਾ ਦਾ ਤਾਂ ਤੈਨੂੰ ਹੀ ਗਿਆਨ ਹੋ ਸਕਦਾ ਹੈ। ਜਿਵੇ ਸ਼ੇਸ਼ਨਾਗ ਆਪਣੀਆਂ ਦੋ ਹਜਾਰ ਜੀਭਾਂ ਨਾਲ ਤੇਰਾ ਨਾਮ ਰੱਟ ਰਿਹਾ ਹੈ ਪਰ ਉਹ ਵੀ ਤੇਰਾ ਅੰਤ ਨਹੀਂ ਪਾ ਸਕਿਆ। 6। ਜਦੋ ਤੇਰੀ ਕ੍ਰਿਪਾ ਹੋਵੇਗੀ ਤਾਂ ਮੈ ਤੇਰੀ ਮਹਿਮਾ ਦਾ ਵਰਨਣ ਕਰਾਂਗਾ ਹੁਣ ਮੈ ਆਪਣੀ ਕਥਾ ਦਾ ਵਰਨਣ ਕਰਦਾ ਹਾ। ਜਿਸ ਤਰਾਂ ਸੋਢੀ ਬੰਸ ਪੈਦਾ ਹੋਇਆ। 8।

ਕਾਲ ਨੇ ਸ੍ਰਿਸ਼ਟੀ ਦਾ ਪਸਾਰਾ ਕੀਤਾ ਤਾਂ ਕਾਲ ਸੈਨ ਨਾਮ ਦਾ ਰਾਜਾ ਹੋਇਆ, ਕਾਲ ਕੇਤ ਦੂਜਾ, ਕੂਰਬਸਰ ਤੀਜਾ ਅਤੇ ਕਾਲ ਧੁਜ ਚੌਥਾ ਰਾਜਾ ਹੋਇਆ ਜਿਸ ਤੋਂ ਜਗਤ ਹੋਦ ਵਿਚ ਆਇਆ।11। ਇੱਕ ਹਜਾਰ ਅੱਖਾਂ ਅਤੇ ਹਜਾਰ ਪੈਰਾਂ ਵਾਲਾ ਇਹ ਰਾਜਾ ਜੋ ਸ਼ੇਸ਼ਨਾਗ ਦੀ ਸੇਜਾ ਤੇ ਸੌਂਦਾ ਹੈ ਨੇ ਆਪਣੇ ਇਕ ਕੰਨ ‘ਚੋ ਮੈਲ ਕੱਢੀ ਜਿਸ ਤੋਂ ਮੁਧ ਅਤੇ ਕੀਟਭ ਦੈਤ ਬਣਾਏ ਅਤੇ ਦੂਜੇ ਕੰਨ ‘ਚੋ ਮੈਲ ਕੱਢੀ ਜਿਸ ਤੋਂ ਇਹ ਸਾਰੀ ਸ੍ਰਿਸ਼ਟੀ ਬਣਾਈ।13।

ਏਕ ਸ੍ਰਵਣ ਤੇ ਮੈਲ ਨਿਕਾਰਾਤਾ ਤੇ ਮਧੂ ਕੀਟਭ ਤਨ ਧਾਰਾ।
ਦੁਤੀਆਂ ਕਾਨ ਤੇ ਮੈਲ ਨਿਕਾਰੀਤਾ ਤੇ ਭਈ ਸ੍ਰਿਸਟਿ ਇਹ ਸਾਰੀ। 13।

ਕਾਲ ਨੇ ਆਪ ਹੀ ਮੁਧ ਅਤੇ ਕੀਟਭ ਦਾ ਵੱਧ ਕਰ ਦਿੱਤਾ ਤਾਂ ਉਨ੍ਹਾਂ ਦੀ ਮਿਝ (ਮੇਦ) ਸਮੁੰਦਰ ਵਿਚ ਪਈ, ਤਾਂ ਉਹ ਪਾਣੀ ਤੇ ਤਰਦੀ ਰਹੀ ਤਾਂ ਹੀ ਧਰਤੀ ਨੂੰ ਮੇਧਾ ਕਿਹਾ ਜਾਣ ਲੱਗਾ। ਇਸ ਤੋਂ ਅੱਗੇ ਹੋਰ ਵੀ ਬੁਹਤ ਰਾਜੇ ਹੋਏ ਜੇ ਸਾਰਿਆ ਦਾ ਵਿਸਥਾਰ ਕਰਾ ਤਾਂ ਗ੍ਰੰਥ ਬਹੁਤ ਵੱਡਾ ਹੋ ਜਾਵੇਗਾ। ਉਸ ਤੋਂ ਅੱਗੇ ਦਕਸ਼ ਪ੍ਰਜਾਪਤੀ ਰਾਜਾ ਹੋਇਆ ਜਿਸ ਦੇ ਦਸ ਹਜਾਰ ਲੜਕੀਆਂ ਪੈਦਾ ਹੋਈਆਂ। ਤੇ ਸਾਰੀਆਂ ਹੀ ਵਿਆਹ ਦਿੱਤੀਆਂ ।17। ਕਸ਼ਯਪ ਰਿਸ਼ੀ ਨੇ ਚਾਰ ਲੜਕੀਆਂ ਨਾਲ ਵਿਆਹ ਕੀਤਾ ਅਤੇ ਕਦਰੂ ਤੋਂ ਸੱਪ, ਬਨਿਤਾ ਤੋਂ ਗਰੁੜ, ਦਿਤਿ ਤੋਂ ਦੈਤ ਅਤੇ ਅਦਿਤਿ ਤੋਂ ਦੇਵਤੇ ਪੈਦਾ ਹੋਏ। ਉਹਨਾਂ ਬੱਚਿਆ (ਦੇਵਤਿਆਂ) ‘ਚੋ ਇਕ ਨੇ ਸੁਰਜ ਦਾ ਰੂਪ ਧਾਰਨ ਕੀਤਾ (ਤਾਤੇ ਸੂਰਜ ਰੂਪ ਕੋ ਧਰਾ) ਜਿਸ ਤੋਂ ਸੁਰਜ ਬੰਸ ਚਲਿਆ। ਇਸ ਬੰਸ ਵਿਚ ‘ਰਘੂ’ ਰਾਜਾ ਹੋਇਆ ਜਿਸ ਤੋਂ ਰਘੂਬੰਸ ਚਲਿਆ। ਰਘੂ ਦਾ ਪੁੱਤਰ ‘ਅਜ’ ਅਤੇ ‘ਅਜ’ ਦਾ ਪੁਤਰ ‘ਦਸ਼ਰਥ’ ਹੋਇਆ ਜਿਸ ਨੇ ਤਿੰਨ ਰਾਣੀਆਂ (ਕੌਸ਼ਲਿਆ, ਕੈਕਈ ਅਤੇ ਸੁਮਿਤ੍ਰਾ) ਨਾਲ ਵਿਆਹ ਕੀਤਾ। ਜਿਸ ਦੇ ਚਾਰ ਪੁੱਤਰ (ਰਾਮ, ਭਰਤ, ਲੱਛਮਣ ਅਤੇ ਸ਼ਤਰੂਘਨ ) ਪੈਦਾ ਹੋਏ ਅਤੇ ਅੱਗੋ ਰਾਮ ਦੇ ਦੋ ਪੁੱਤਰ ਲਵ ਅਤੇ ਕੁਸ ਪੈਦਾ ਹੋਏ ।23। ਉਨ੍ਹਾਂ ਨੇ ਦੋ ਨਗਰ (ਲਹੌਰ ਅਤੇ ਕਸੂਰ) ਵਸਾਏ ਜਿਨ੍ਹਾਂ ਦੀ ਸ਼ੋਭਾ ਦੇਖ ਕੇ ਇੰਦਰਪੁਰੀ ਵੀ ਸ਼ਰਮਸਾਰ ਹੁੰਦੀ ਸੀ। (ਗਿਆਨੀ ਪੂਰਨ ਸਿੰਘ ਨੇ ਸੱਚ ਬੋਲਿਆ ਸੀ ਕਿ ਸਿੱਖ ਲਵ-ਕੁਸ਼ ਦੀ ਔਲਾਦ ਹਨ)

ਕਿਥੋਂ ਤੱਕ ਰਾਜਿਆਂ ਦਾ ਵਰਨਣ ਕਰਾਂ ਚੌਹਾਂ ਯੁਗਾ ਦੇ ਰਾਜਿਆਂ ਦੀ ਗਿਣਤੀ ਨਹੀਂ ਹੋ ਸਕਦੀ। ਤੇਰੀ ਕ੍ਰਿਪਾ ਨਾਲ ਕਾਲ ਕੇਤੁ ਅਤੇ ਕਾਲ ਰਾਇ ਦਾ ਨਾਮ ਲੈਂਦਾ ਹਾ। 27। ਕਾਲ ਕੇਤੁ ਬੁਹਤ ਹੀ ਸ਼ਕਤੀ ਸ਼ਾਲੀ ਸੀ ਜਿਸ ਨੇ ਕਾਲ ਰਾਇ ਨੂੰ ਨਗਰ ‘ਚ ਕੱਢ ਦਿੱਤਾ। ਜਿਸ ਨੇ ਸਨੌਢ ਜਾ ਡੇਰਾ ਲਾਇਆ ਅਤੇ ਉਥੇ ਦੀ ਰਾਜਕੁਮਾਰੀ ਨਾਲ ਵਿਆਹ ਕਰ ਲਿਆ ਜਿਸ ਤੋਂ ਸੋਢ ਰਾਏ ਨੇ ਜਨਮ ਲਿਆ ਜਿਸ ਤੋਂ ਸੋਢੀ ਬੰਸ਼ ਚਲਿਆ।29। ਸੋਢ ਰਾਏ ਦੇ ਪੁੱਤਰ (ਸੋਢੀ) ਜਗਤ ਵਿਚ ਬੁਹਤ ਪ੍ਰਸਿੱਧ ਹੋਏ। ਉਨ੍ਹਾਂ ਨੇ ਰਾਜਸੂਯ ਅਤੇ ਅਸ਼੍ਵਮੇਧ ਯੱਗ ਕੀਤੇ ਅਤੇ ਆਪਣੇ ਰਾਜ ਦਾ ਬੁਹਤ ਹੀ ਵਿਸਥਾਰ ਕੀਤਾ। ਅੰਤ ਸੋਢੀ ਬੰਸ਼ ਵਿਚ ਆਪਸੀ ਝਗੜਾ ਬੁਹਤ ਹੀ ਵਧ ਗਿਆ ਅਤੇ ਕੋਈ ਵੀ ਉਨ੍ਹਾਂ ਦਾ ਰਾਜੀਨਾਮਾਂ ਨਾ ਕਰਵਾ ਸਕਿਆ। 33। ਧਨ ਤੇ ਧਰਤੀ ਦਾ ਪੁਰਾਣਾ ਵੈਰ ਹੈ, ਜਿਸ ਨੇ ਸਾਰੇ ਜਗਤ ਨੂੰ ਜਕੜਿਆ ਹੋਇਆ ਹੈ। ਧਨ ਨੂੰ ਧੰਨ ਧੰਨ ਕਹਿਣਾ ਚਾਹੀਦਾ ਹੈ ਜਿਸ ਦਾ ਸਾਰਾ ਜਗਤ ਗੁਲਾਮ ਹੈ ਸਾਰੇ ਧੰਨਵਾਨਾਂ ਨੂੰ ਪ੍ਰਨਾਮ ਕਰਦੇ ਹਨ । 35। ਕਾਲ ਦਾ ਵੀ ਕੋਈ ਅੰਤ ਨਹੀਂ ਜਿਸ ਨੇ ਵੈਰ ਵਿਰੋਧ ਅਤੇ ਹੰਕਾਰ ਨੂੰ ਪੈਦਾ ਕੀਤਾ ਹੈ। ਜਿਸ ਦੀ ਇੱਛਾ ਕਰਕੇ ਹੀ ਸਾਰੇ ਮਰ ਰਹੇ ਹਨ। 36।

ਕਾਲ ਨ ਕੋਉ ਕਰਨ ਸੁਮਾਰਾ। ਬੈਰ ਬਾਦ ਅਹੰਕਾਰ ਪਸਾਰਾ।
ਲੋਭ ਮੂਲ ਇਹ ਜਗ ਕੋ ਹੂਆ ਜਾ ਸੋ ਚਾਹਤ ਸਭੈ ਕੋ ਮੁਆ। 36।

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰਥੇ ਸੁਭ ਬੰਸ ਬਰਨਨੰ ਦੁਤੀਯਾ ਧਿਆਇ ਸੰਪੂਰਮ ਸਤੁ ਸੁਭਮ ਸਤੁ ।2।

ਇਹ ਹੈ ਉਹ ਪੂਰੀ ਵਾਰਤਾ ਜੋ ਇਹ ਸਾਬਤ ਕਰਦੀ ਹੈ ਕਿ ਇਹ ਸ੍ਰਿਸ਼ਟੀ ਕੰਨਾਂ ਦੀ ਮੈਲ ਤੋਂ ਬਣੀ ਹੈ, ਅਤੇ ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਕਲਮ ਨਾਲ ਆਪਣੀ ਆਤਮ ਕਥਾ ‘ਬਚਿਤ੍ਰ ਨਾਟਕ’ ਵਿਚ ਦਰਜ ਕੀਤਾ ਹੈ।

ਇਥੇ ਇਹ ਵੀ ਖਿਆਲ ਰਹੇ ਕਿ ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ ‘ਕਾਲ’ ਹੈ। ਮਹਾਨ ਕੋਸ਼ ਵਿਚ ਕਾਲ ਦੇ 14 ਅਰਥ ਲਿਖੇ ਹੋਏ ਹਨ। ਪਰ ਕਾਲ ਦਾ ਅਰਥ ਪ੍ਰਮਾਤਮਾ ਨਹੀਂ ਲਿਖਿਆ ਮਿਲਦਾ।

ਗੁਰੂ ਗ੍ਰੰਥ ਸਾਹਿਬ ਜੀ ਵਿਚ ਵੀ ਕਾਲ ਅਤੇ ਅਕਾਲ ਵੱਖ-ਵੱਖ ਸਬਦ ਹਨ।

ਜਿਨਾ ਸਤਿਗੁਰੁ ਪੁਰਖੁ ਨ ਭੇਟਿਓ ਸੇ ਭਾਗਹੀਣ ਵਸਿ ਕਾਲ ॥ (40)

ਅਕਾਲ ਮੂਰਤਿ ਵਰੁ ਪਾਇਆ ਅਬਿਨਾਸੀ ਨਾ ਕਦੇ ਮਰੈ ਨ ਜਾਇਆ ॥ (78)

ਬਿਪਰੀ ਗ੍ਰੰਥਾਂ ਵਿਚ ਕਾਲ ਸਿਰਜਣਹਾਰ ਲਈ ਹੀ ਵਰਤਿਆ ਗਿਆ ਹੈ। ਅਕਾਲ ਇਕ ਹੈ ਇਸ ਨੂੰ ਵੰਡਿਆ ਨਹੀਂ ਜਾ ਸਕਦਾ । ਮਹਾਨ ਕੋਸ਼ ਦੇ 14ਵੇ ਅਰਥ ਅਨੁਸਾਰ ਕਾਲ ਦੇ ਤਿੰਨ ਭਾਗ ਹਨ ।

(1) ਭੂਤ (ਪੈਦਾ ਕਰਨ ਵਾਲਾ, ਬ੍ਰਹਮਾ) (2) ਵਰਤਮਾਨ (ਪਾਲਣ ਵਾਲਾ, ਵਿਸ਼ਨੂੰ) (3) ਭਵਿੱਖ (ਖੈ ਕਰਨ ਵਾਲਾ, ਸਿ਼ਵਜੀ)

ਹਿੰਦੂ ਮਿਥਿਹਾਸ ਕੋਸ਼ ਵਿਚ (ਪੰਨਾ178) ਕਾਲ ਨੂੰ ਸਾਰੇ ਸੰਸਾਰ ਦਾ ਸਿਰਜਕ ਹੀ ਲਿਖਿਆਂ ਹੋਇਆ ਹੈ

ਪ੍ਰਿਥਮ ‘ਕਾਲ’ ਜਬ ਕਰਾ ਪਸਾਰਾ ਓਅੰਕਾਰ ਤੇ ਸ੍ਰਿਸਟਿ ਉਪਾਰਾ।
ਕਾਲਸੈਣ ਪ੍ਰਥਮੈ ਭਇਓ ਭੂਪਾਅਧਿਕ ਬਲਿ ਰੂਪ ਅਨੂਪਾ। (ਬਚਿਤ੍ਰ ਨਾਟਕ- ਬ ਨ 10)

ਸਭ ਤੋਂ ਪਹਿਲਾ ਪੈਦਾ ਹੋਣ ਵਾਲਾ ਰਾਜਾ ਕਾਲਸੈਣ (ਵਿਸਨੂੰ) ਹੈ ਅਤੇ ਦੂਜਾ ਕਾਲ ਕੇਤ (ਬ੍ਰਹਮਾ) ਤੀਜਾ ਕੂਰਬਸਰ (ਸਿ਼ਵਜੀ) ਅਤੇ ਚੌਥਾ ਕਾਲਧੁਜ (ਪ੍ਰਜਾਪਤੀ –ਵਿਸ੍ਵਕਰਮਾ) ਹੈ। ਹਿੰਦੂ ਮਿਥਹਾਸ ਮੁਤਾਬਕ ਪਹਿਲਾ ਦੇਵਤਾ ਬ੍ਰਹਮਾ ਹੈ। (ਹਿੰਦੂ ਤ੍ਰਿਮੂਰਤੀ ਦਾ ਪ੍ਰੰਥਮ ਦੇਵਤਾ। ਹਿੰਦੂ ਮਿਥਿਹਾਸ ਕੋਸ਼ ਪੰਨਾ 366) ਦੂਜਾ ਵਿਸਨੂੰ ਅਤੇ ਤੀਜਾ ਹੈ ਸਿ਼ਵਜੀ। ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਲੇਖਕ ਨੂੰ ਨਾਂ ਤਾਂ ਹਿੰਦੂ ਮਿਥਹਾਸ ਦੀ ਜਾਣਕਾਰੀ ਹੈ ਤੇ ਨਾਹੀ ਗੁਰਬਾਣੀ ਦੀ। ਗੁਰਬਾਣੀ ਵਿਚ ਵੀ (ਜਿਥੇ ਇਨ੍ਹਾਂ ਅਖੌਤੀ ਦੇਵਤਿਆਂ ਨੂੰ ਰੱਦ ਕੀਤਾ ਗਿਆ ਹੈ) ਇਹਨਾ ਦੀ ਤਰਤੀਬ ਹਿੰਦੂ ਮਿਥਹਾਸ ਵਾਲੀ ਹੀ ਹੈ ।

ਬ੍ਰਹਮਾ ਬਿਸਨੁ ਮਹੇਸੁ ਨ ਕੋਈ ਅਵਰੁ ਨ ਦੀਸੈ ਏਕੋ ਸੋਈ ॥ (1035)

ਇਹ ਤਿੰਨ ਦੇਵਤਿਆਂ ਦੇ ਸਿਧਾਂਤ ਨੂੰ ਤਾਂ ਗੁਰਬਾਣੀ ਨੇ ਬਾਰ-ਬਾਰ ਰੱਦ ਕੀਤਾਂ ਹੈ

ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ

ਲੋਕੀ ਇਹ ਸਮਝਦੇ ਹਨ ਕਿ ਇਕ ਮਾਈ ਸੀ ਉਸ ਨੇ ਤਿੰਨ ਚੇਲੇ ਪੈਦਾ ਕੀਤੇ। ਬ੍ਰਹਮਾ ਪੈਦਾ ਕਰਨ ਵਾਲਾ, ਵਿਸ਼ਨੂੰ ਪਾਲਣ ਪੋਸ਼ਣ ਵਾਲਾ ਅਤੇ ਸਿ਼ਵਜੀ ਮੌਤ ਸਮੇ ਹਿਸਾਬ-ਕਿਤਾਬ ਕਰਨ ਵਾਲਾ। ਪਰ ਨਹੀਂ! ਜਿਵੇ ਅਕਾਲ ਪੁਰਖ ਨੂੰ ਭਾਉਂਦਾ ਹੈ ਉਹ ਉਸ ਤਰ੍ਹਾਂ ਹੀ ਕਰਦਾ ਹੈ। ਉਸ ਦਾ ਕੋਈ ਸਲਹਾਕਾਰ ਵੀ ਨਹੀਂ ਹੈ।

ਪੁਛਿ ਨ ਸਾਜੇ ਪੁਛਿ ਨ ਢਾਹੇ ਪੁਛਿ ਨ ਦੇਵੈ ਲੇਇਆਪਣੀ ਕੁਦਰਤਿ ਆਪੇ ਜਾਣੈ ਆਪੇ ਕਰਣੁ ਕਰੇਇ ਸਭਨਾ ਵੇਖੈ ਨਦਰਿ ਕਰਿ ਜੈ ਭਾਵੈ ਤੈ ਦੇਇ ॥4॥ (53)

ਸਾਧ ਕਰਮ ਜੇ ਪੁਰਖ ਕਮਾਵੈਨਾਮ ਦੇਵਤਾ ਜਗਤ ਕਹਾਵੈ।

ਕੁਕ੍ਰਿਤ ਕਰਮ ਜੇ ਜਗ ਮੈ ਕਰਹੀ। ਨਾਮ ਅਸੁਰ ਤਿਨ ਕੋ ਸਭ ਧਰ ਹੀ। (ਬ ਨ 15)

ਜੋ ਪੁਰਸ਼ ਸਾਧਾਂ ਵਾਲੇ ਭਲੇ ਕਰਮ ਕਰਦਾ ਹੈ ਉਹ ਮਨੁੱਖ ਦੇਵਤਾ ਅਖਵਾਉਦਾ ਹੈ ਅਤੇ ਜੋ ਮੰਦੇ ਕਰਮ ਕਰਦਾ ਹੈ ਉਸ ਨੂੰ ਦੈਤ ਕਿਹਾ ਜਾਦਾ ਹੈ। ਸਪੱਸ਼ਟ ਹੈ ਕਿ ਦੇਵ ਅਤੇ ਦੈਤਾਂ ਦੀ ਕੋਈ ਵੱਖਰੀ ਜਾਤੀ ਨਹੀਂ ਹੁੰਦੀ ਸਗੋ ਉਨ੍ਹਾਂ ਦੇ ਕਰਮਾ ਅਨੁਸਾਰ ਹੀ ਜਾਤੀ ਬਣਦੀ ਹੈ। ਪੜੋ ਅਗਲੀਆਂ ਪੱਗਤੀਆਂ ਦੈਤ ਤਾਂ ਜਨਮ ਤੋਂ ਹੀ ਦੈਤ ਹਨ। ਆਪਣੇ ਲਿਖੇ ਦੀ ਆਪੇ ਖੰਡਣਾ!

ਏਕ ਸ੍ਰਵਣ ਤੇ ਮੈਲ ਨਿਕਾਰਾ। ਤਾ ਤੇ ਮਧੂ ਕੀਟਭ ਤਨ ਧਾਰਾ। (ਬ ਨ 13)

ਬਨਤਾ ਕਦ੍ਰ ਦਿਤਿ ਅਦਿਤਿ ਏ ਰਿਖ ਬਰੀ ਬਨਾਇਨਾਗ ਨਾਗਰਿਪੁ ਦੇਵ ਸਭ ਦਈਤ ਲਏ ਉਜਾਇ। (ਬ ਨ 18)

13 ਵੀਂ ਅਤੇ 18 ਵੀਂ ਚੌਪਈ ਵਿਚ ਹੀ ਦੇਵਤੇ ਅਤੇ ਦੈਤ ਵੱਖ-ਵੱਖ ਪੈਦਾ ਹੁੰਦੇ ਦੱਸਿਆ ਗਿਆ ਹੈ। ਕੀ ਨਾਂਗਾਂ ਦੀਆਂ ਲੱਗ-ਭੱਗ 2700 ਕਿਸਮਾ ਇਨਸਾਨ ਦੀ (ਕਸ਼ਯਪ ਰਿਸ਼ੀ ਅਤੇ ਉਸ ਦੀ ਪਤਨੀ ਕਦੂਰ ) ਔਲਾਦ ਹਨ?

ਇਸ ਸਾਰੇ ਪਸਾਰੇ ਦੀ ਰਚਨਾ ਬਾਰੇ ਇਲਾਹੀ ਸੱਚ ਅੰਮ੍ਰਿਤਮਈ ਬਾਣੀ ਦਾ ਪਵਿਤੱਰ ਉਪਦੇਸ਼ ਹੈ:

ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥ (4)

ਗੁਰੂ ਨਾਨਕ ਜੀ ਦੀ ਦਸਵੀਂ ਜੋਤ ਗੁਰੂ ਗੋਬਿੰਦ ਸਿੰਘ ਜੀ ਇਹ ਕਿਵੇਂ ਲਿਖ ਸਕਦੇ ਸਨ ਕਿ ਇਹ ਸ੍ਰਿਸ਼ਟੀ ਕੰਨਾਂ ਦੀ ਮੈਲ ਤੋਂ ਬਣੀ ਹੈ? ਕੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਜੀ ਦੀ ਵਿਚਾਰਧਾਰਾ ਤੋਂ ਅਣਜਾਣ ਸਨ? ਹਿੰਦੂ ਮਿਥਿਹਾਸ ਦੀ ਇਹ ਮਨੋਕਲਪਤ ਸਾਖੀ ਗੁਰਮਤਿ ਦੇ ਸਿਧਾਂਤ ਦੇ ਉਲਟ ਹੈ। ਇਸ ਲਈ ਇਹ ਬਚਿੱਤਰ ਨਾਟਕ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੋ ਹੀ ਨਹੀਂ ਸਕਦਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top