Share on Facebook

Main News Page

ਧੋਖਾ ! ਧੋਖਾ !! ਧੋਖਾ !!!
ਸਿੱਖ ਕੌਮ ਦੀਆਂ ਅੱਖਾਂ ਵਿੱਚ ਘੱਟਾ ਪਾਇਆ ਜਾ ਰਿਹਾ!
ਸਿੱਖ ਕੌਮ ਨੂੰ ਬੁੱਧੂ ਬਣਾਇਆ ਜਾ ਰਿਹਾ!
ਅਕਾਲ ਮੂਰਤਿ ਦੇ ਪੁਜਾਰੀਆਂ ਨੂੰ
ਪਾਠ ਦੁਰਗਾ ਦਾ ਨਿੱਤ ਪੜ੍ਹਾਇਆ ਜਾ ਰਿਹਾ!
-:
ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

ਸਿੱਖੀ ਦੇ ਦੁਸ਼ਮਣਾਂ ਵਲੋਂ ਸਿੱਖ ਕੌਮ ਨਾਲ਼ ਕੀਤੇ ਗਏ ਧੋਖੇ ਦਾ ਭਾਂਡਾ ਭੱਜ ਗਿਆ ਹੈ! ਡਾਕਟਰ ਰਤਨ ਸਿੰਘ ਜੱਗੀ ਵਲੋਂ ਖੋਜ ਕਰ ਕੇ ਸੱਚਾਈ ਸਾਮ੍ਹਣੇ ਲਿਆਂਦੀ ਗਈ ਹੈ। ਦਸਵੇਂ ਗੁਰੂ ਜੀ ਦੇ ਜੋਤੀ ਜੋਤਿ ਸਮਾਉਣ ਤੋਂ 67 ਤੋਂ 150 ਸਾਲਾਂ ਬਾਅਦ ਹੱਥ ਲਿਖਤ ਆਪੂੰ ਬਣਾਈਆਂ ਪੋਥੀਆਂ ਦੇ ਆਧਾਰ 'ਤੇ ਨਿਰਣਾ ਕੀਤਾ ਗਿਆ ਹੈ। ਸਿੱਖ ਕੌਮ ਨਾਲ਼ ਧੋਖਾ ਹੋ ਚੁੱਕਾ ਹੈ।

ਧੋਖਾ ਕੀ ਹੈ?

ਅਰਦਾਸਿ ਰਾਹੀਂ ਸ਼੍ਰੋ. ਕਮੇਟੀ ਵਲੋਂ ਸੰਨ 1931 -45 ਵਿੱਚ ਬਣਾਈ ਰਹਿਤ ਮਰਯਾਦਾ ਅਨੁਸਾਰ ਸਿੱਖਾਂ ਨੂੰ ਦੁਰਗਾ ਮਾਈ ਦਾ ਪਾਠ ਪੜ੍ਹਾਇਆ ਜਾ ਰਿਹਾ ਹੈ। ਇਹ ਪਾਠ ਅੰਗ੍ਰੇਜ਼ ਸਰਕਾਰ ਵਲੋਂ ਸ਼੍ਰੋ. ਕਮੇਟੀ ਵਿੱਚ ਪਾਏ 36 ਮੈਂਬਰਾਂ ਅਤੇ ਸਨਾਤਨਵਾਦੀ ਜਥੇਬੰਦੀਆਂ ਦੇ ਪ੍ਰਭਾਵ ਹੇਠ ਅਰਦਾਸਿ ਵਿੱਚ ਪਾਇਆ ਗਿਆ। ਅਰਦਾਸਿ ਵਿੱਚ ਪੜ੍ਹੀ ਜਾਂਦੀ ਪਉੜੀ ਦੁਰਗਾ ਮਾਈ ਦਾ ਪਾਠ ਹੈ, ਲਿਖਾਰੀ ਨੇ ਖ਼ੁਦ ਹੀ ਇਹ ਜਾਣਕਾਰੀ ‘ਵਾਰ ਦੁਰਗਾ ਕੀ’ ਵਿੱਚ ਦਿੱਤੀ ਹੋਈ ਹੈ।

ਪੜ੍ਹੋ ਪਉੜੀ ਨੰਬਰ 55-
ਦੁਰਗਾ ਪਾਠ ਬਣਾਇਆ ਸਭੇ ਪਉੜੀਆਂ। ਫੇਰ ਨਾ ਜੂਨੀ ਆਇਆ ਜਿਨ ਇਹ ਗਾਇਆ।55।

ਸਿੱਖੀ ਦੇ ਦੁਸ਼ਮਣਾ ਵਲੋਂ ਰੱਖੇ ਸਿਰਲੇਖ ‘ਵਾਰ ਸ਼੍ਰੀ ਭਗਉਤੀ ਜੀ ਕੀ ਪਾ: 10’ ਦਾ ਸਹੀ ਨਾਂ ਕੀ ਹੈ? ਉੱਤਰ ਹੈ: ਵਾਰ ਦੁਰਗਾ ਕੀ। ਇੱਸ ਸੱਚਾਈ ਨੂੰ ਸਮਝਣ ਲਈ ਹੇਠਾਂ ਉਨ੍ਹਾਂ ਪੁਸਤਕਾਂ ਦੇ ਤੱਤਕਰੇ ਦਿੱਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਸਿਰਲੇਖ ‘ਵਾਰ ਦੁਰਗਾ ਕੀ’ ਹੈ। ਇਹ ਤੱਤਕਰੇ ਡਾਕਟਰ ਰਤਨ ਸਿੰਘ ਜੱਗੀ ਦੀ ਖੋਜ ਅਨੁਸਾਰ ਹਨ। ਵੇਰਵਾ ਇਉਂ ਹੈ:-

ਅਖੌਤੀ ਦਸਮ ਗ੍ਰੰਥ ਨਾਲ਼ ਸੰਬੰਧਤ ਪੋਥੀਆਂ ਦੇ ਤਤਕਰੇ:

ਪਟਨੇ ਵਾਲ਼ੀ ਪੋਥੀ: ਲਿਖਾਰੀ ਸੁੱਖਾ ਸਿੰਘ, ਪੱਤਰੇ 713 ਅਤੇ ਲਿਖਣ ਦਾ ਸਮਾਂ ਸੰਮਤ 1832 (ਸੰਨ 1775 ਈਸਵੀ)। ਇਹ ਪੋਥੀ ਦਸਵੇਂ ਗੁਰੂ ਜੀ ਦੇ ਜੋਤੀ ਜੋਤਿ ਸਮਾਉਣ ਤੋਂ 67 ਸਾਲ ਪਿੱਛੋਂ ਭਾਈ ਸੁੱਖਾ ਸਿੰਘ ਪਟਨੇ ਵਾਲ਼ੇ ਨੇ ਬਣਾਈ। ਪੋਥੀ ਦਾ ਤੱਤਕਰਾ ਦੇਖੋ-

1.ਜਾਪ 2. ਅਕਾਲ ਉਸਤਤ 3. ਸਵਯੇ 4. ਬਚਿੱਤਰ ਨਾਟਕ 5. ਚੌਬੀਸ ਅਵਤਾਰ 6. ਚੰਡੀ ਚਰਿੱਤ੍ਰ-1 7 ਬ੍ਰਹਮਾ ਅਵਤਾਰ 8. ਗਿਆਨ ਪ੍ਰਬੋਧ 9. ਚੰਡੀ ਚਰਿੱਤ੍ਰ-2
10. ਰੁਦ੍ਰ ਅਵਤਾਰ 11. ਬਿਸ਼ਨਪਦੇ 12. ਛਕਾ ਭਗਉਤੀ ਜੂ ਕਾ 13. ਸ਼ਸਤ੍ਰ ਨਾਮ ਮਾਲਾ 14. ਵਾਰ ਦੁਰਗਾ ਕੀ 15. ਚਰਿਤ੍ਰੋਪਾਖਿਆਨ 16. ਅਸਫੋਟਕ ਕਬਿਤ 17. ਭਗਵੰਤ ਗੀਤਾ
18. ਸੰਸਾਹਰ ਸੁਖਮਨਾ 19. ਸ਼ਬਦ 20. ਵਾਰ ਮਾਲਕੌਸ ਕੀ 21. ਵਾਰ ਭਗਉਤੀ ਜੂ ਕੀ 22. ਜਫਰਨਾਮਾ ਗੁਰਮੁਖੀ

ਸੰਗਰੂਰ ਵਾਲੀ ਪੋਥੀ:

ਇਹ ਪੋਥੀ ਇੱਕ ਪਠਾਣ ਤੋਂ ਰਾਜਾ ਸਰੂਪ ਸਿੰਘ (ਰਾਜ-ਕਾਲ਼ 1837-1864 ਈ.) { ਦਸਵੇਂ ਗੁਰੂ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਲਗਭਗ 150 ਸਾਲਾਂ ਬਾਅਦ} ਨੂੰ ਮਿਲ਼ੀ ਦੱਸੀ ਗਈ ਹੈ। ਤੱਤਕਰਾ ਦੇਖੋ ਇਸ ਵਿੱਚ ‘ਵਾਰ ਦੁਰਗਾ ਕੀ’ ਹੈ ਹੀ ਨਹੀਂ-

1. ਜਾਪ  2. ਸ਼ਸਤਰ ਨਾਮ ਮਾਲਾ  3. ਅਕਾਲ ਉਸਤਤਿ  4. ਬਚਿਤਰ ਨਾਟਕ  5. ਚੰਡੀ ਚਰਿਤਰ  6. ਚੌਬੀਸ ਅਵਤਾਰ  7. ਬ੍ਰਹਮਾਵਤਾਰ  8. ਰੁਦ੍ਰਾਵਤਾਰ  9. ਗਿਆਨ ਪ੍ਰਬੋਧ
10. ਚਰਿਤਰੌਪਾਖਿਆਨ  11. ਸੰਸਾਹਰ ਸੁਖਮਨਾ  12. ਵਾਰ ਮਾਲਕੌਸ ਕੀ  13. ਛਕਾ ਭਗਉਤੀ ਜੀ ਕਾ  14. ਬਿਸ਼ਨਪਦੇ  15. ਜ਼ਫ਼ਰਨਾਮਾ ਗੁਰਮੁਖੀ ਤੇ ਫ਼ਾਰਸੀ  16. ਸਵਯੇ
17. ਅਸਫੋਟਕ ਕਬਿਤ 18. ਸਿਰਲੇਖ ਤੋਂ ਬਿਨਾ ਕੁਝ ਪਦ

ਮੋਤੀ ਬਾਗ਼ ਪਟਿਆਲੇ ਵਾਲ਼ੀ ਪੋਥੀ:
(1775 ਈ. ਵਿੱਚ ਤਿਆਰ ਕੀਤੀ ਪੋਥੀ ਦਾ ਉਤਾਰਾ) ਇੱਕ ਤੋਂ ਵੱਧ ਲਿਖਾਰੀਆਂ ਦੀ ਲਿਖੀ।

1. ਜਾਪ  2. ਬਚਿਤ੍ਰ ਨਾਟਕ  3. ਚੰਡੀ ਚਰਿਤ੍ਰ-1  4. ਚੰਡੀ ਚਰਿਤ੍ਰ-2  5. ਚੌਬੀਸ ਅਵਤਾਰ  6. ਬ੍ਰਹਮਾਵਤਾਰ  7. ਰੁਦ੍ਰਾਵਤਾਰ  8. ਪਾਰਸਨਾਥ  9. ਸ਼ਸਤਰ ਨਾਮ ਮਾਲਾ
10. ਅਕਾਲ ਉਸਤਤਿ 11. ਗਿਆਨ ਪ੍ਰਬੋਧ 12. ਵਾਰ ਦੁਰਗਾ ਕੀ  13. ਚਰਿਤ੍ਰੋਪਾਖਿਆਨ  14. ਅਸਫੋਟਕ ਕਬਿਤ 15. ਸਵਯੇ  16. ਬਿਸ਼ਨਪਦੇ (ਸ਼ਬਦ ਹਜ਼ਾਰੇ)
17. ਸਦ  18. ਜ਼ਫ਼ਰਨਾਮਾ ਫ਼ਾਰਸੀ ਤੇ ਗੁਰਮੁਖੀ

ਡਾਕਟਰ ਰਤਨ ਸਿੰਘ ਜੱਗੀ ਨੇ ਇਹ ਪੋਥੀ ਸੰਨ 1959 ਵਿੱਚ ਮੋਤੀ ਬਾਗ਼ ਪਟਿਆਲ਼ੇ ਦੇਖੀ ਸੀ। ਲਿਖਣ ਅਨੁਸਾਰ ਇਹ ਪੋਥੀ ਸਿੱਖ ਰੈਫਰੈੱਂਸ ਲਾਇਬ੍ਰੇਰੀ ਵਿੱਚ ਰੱਖ ਦਿੱਤੀ ਗਈ ਸੀ, ਜੋ ਫ਼ੌਜੀ ਹਮਲੇ ਵਿੱਚ ਨਸ਼ਟ ਹੋ ਗਈ ਸੀ।

ਭਾਈ ਮਨੀ ਸਿੰਘ (1644-1737) ਵਾਲੀ ਪੋਥੀ:
ਇਹ ਪੋਥੀ ਮੁਲਤਾਨ ਦੀ ਜਿੱਤ ਸੰਨ 1818 (ਦਸਵੇਂ ਗੁਰੂ ਜੀ ਦੇ ਜੋਤੀ ਜੋਤਿ ਸਮਾਉਣ ਤੋਂ 110 ਸਾਲ ਬਾਅਦ ਅਤੇ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਤੋਂ 81 ਸਾਲ ਬਾਅਦ) ਵਿੱਚ ਕਿਸੇ ਸੈਨਿਕ ਨੂੰ ਲੁੱਟ ਵਿੱਚ ਮਿਲੀ ਦੱਸੀ ਗਈ ਹੈ। ਇਹ ਇੱਕ ਹੈਰਾਨੀਜਨਕ ਕਹਾਣੀ ਹੈ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਰਤੀਬ ਬਦਲ ਕੇ ਇਸ ਵਿੱਚ ਬਾਣੀ ਲਿਖੀ ਹੋਈ ਹੈ । ਤੱਤਕਰਾ ਇਉਂ ਹੈ-

1. ਜਾਪ 2. ਬਚਿਤ੍ਰ ਨਾਟਕ 3. ਚੰਡੀ ਚਰਿਤ੍ਰ-1 4. ਚੰਡੀ ਚਰਿਤ੍ਰ-2 5. ਚੌਵੀਸ ਅਵਤਾਰ 6. ਬ੍ਰਹਮਾ ਅਵਤਾਰ 7. ਰੁਦ੍ਰਾਵਤਾਰ 8. ਪਾਰਸਨਾਥ (ਸਵਯੇ 32 ਅਤੇ 9 ਸ਼ਬਦ)
9. ਸ਼ਸਤ੍ਰ ਨਾਮ ਮਾਲ਼ਾ 10. ਗਿਆਨ ਪ੍ਰਬੋਧ 11. ਅਕਾਲ ਉਸਤਤ 12. ਵਾਰ ਦੁਰਗਾ ਕੀ 13. ਚਰਿਤ੍ਰੋਪਾਖਿਆਨ 14. ਜ਼ਫ਼ਰਨਾਮਾ (ਹਿਕਾਯਤਾਂ) 15. ਸਦ

ਸੰਨ 1895 ਵਿੱਚ ਤਿਆਰ ਕੀਤੇ ਅਤੇ ਸੰਨ 1897 ਵਿੱਚ ਅੰਗ੍ਰੇਜ਼ਾਂ ਅਤੇ ਬ੍ਰਾਹਮਣਵਾਦੀਆਂ ਵਲੋਂ ‘ਸਿੱਖੀ ਵਿਚਾਰਧਾਰਾ ਖ਼ਤਮ ਕਰੋ’ ਦੀ ਮਿਲ਼ਵੀਂ ਮਾਰੂ ਨੀਤੀ ਅਧੀਨ ਛਪਾਏ ਗਏ ਮੌਜੂਦਾ ‘ਦਸਮ ਗ੍ਰੰਥ’ ਦਾ ਤਤਕਰਾ ਦੇਖੋ, ਜਿਸ ਵਿੱਚ ‘ਵਾਰ ਦੁਰਗਾ ਕੀ’ ਦਾ ਨਾਂ ਬੜੀ ਚਾਲਾਕੀ ਅਤੇ ਧੋਖੇਬਾਜ਼ੀ ਨਾਲ਼ ਬਦਲ ਕੇ ਵਾਰ ‘ਸ਼੍ਰੀ ਭਗਉਤੀ ਜੀ ਕੀ’ ਰੱਖ ਦਿੱਤਾ ਗਿਆ ਹੈ ਅਤੇ ਅਰਦਾਸਿ ਵਿੱਚ ਇਸ ਨਾਲ਼ ਪਾ: 10 ਵੀ ਸਿੱਖਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਜੋੜ ਦਿੱਤਾ ਗਿਆ ਹੈ, ਜੋ ਹਰ ਤਰ੍ਹਾਂ ਦਸਵੇਂ ਗੁਰੂ ਜੀ ਦੀ ਨਿਰਾਦਰੀ ਹੈ, ਕਿਉਂਕਿ ਕਿਸੇ ਦੇਵੀ ਦੀ ਸਿਫ਼ਤ ਵਿੱਚ ਕੋਈ ਰਚਨਾ ਕਰਨੀ ਗੁਰੂ ਜੀ ਦਾ ਸਿਧਾਂਤ ਨਹੀਂ ਹੈ। ਤੱਤਕਰਾ ਇਉਂ ਹੈ-

1) ਜਾਪ 2) ਅਕਾਲ ਉਸਤਤਿ 3) ਬਚਿਤ੍ਰ ਨਾਟਕ 4) ਚੰਡੀ ਚਰਿਤ੍ਰ-1 5) ਚੰਡੀ ਚਰਿਤ੍ਰ-2 6) ਵਾਰ ਸ਼੍ਰੀ ਭਗਉਤੀ ਜੀ ਕੀ 7) ਗਿਆਨ ਪ੍ਰਬੋਧ 8) ਚੌਬੀਸ ਅਵਤਾਰ
9) ਬ੍ਰਹਮਾ ਅਵਤਾਰ 10) ਰੁਦ੍ਰ ਅਵਤਾਰ 11) ਫੁਟਕਲ ਰਚਨਾਵਾਂ 12) ਸ਼ਸਤਰ ਨਾਮ ਮਾਲ਼ਾ 13) ਚਰਿਤ੍ਰੋ ਪਾਖਿਆਨ 14) ਜ਼ਫਰਨਾਮਾ  15) ਹਕਾਇਤਾਂ

ਸਿੱਟੇ:

  1. ਕਿਸੇ ਵੀ ਪੁਰਾਤਨ ਪੁਸਤਕ ਵਿੱਚ ‘ਵਾਰ ਸ਼੍ਰੀ ਭਗਉਤੀ ਜੀ ਕੀ ਪਾ:10’ ਨਾਂ ਦੀ ਕੋਈ ਰਚਨਾ ਨਹੀਂ ਹੈ। ਇਹ ਨਕਲੀ ਸਿਰਲੇਖ ਸਿੱਖਾਂ ਨੂੰ ਦੁਰਗਾ ਦੇਵੀ ਦੇ ਭਗਤ ਬਣਾਉਣ ਲਈ ਧੋਖੇ ਨਾਲ਼ ਘੜਿਆ ਗਿਆ ਹੈ।

  2. ਪੁਰਾਤਨ ਪੋਥੀਆਂ ਵਿੱਚ ‘ਵਾਰ ਦੁਰਗਾ ਕੀ’ ਨਾਂ ਦੀ ਰਚਨਾ ਹੈ, ਜਿਸ ਦਾ ਨਾਂ ਸਿੱਖ ਮਾਰੂ ਜਥੇਬੰਦੀਆਂ ਵਲੋਂ ਬਦਲ ਕੇ ਅਰਦਾਸਿ ਵਿੱਚ ਲਿਖਿਆ ਨਾਂ ‘ਵਾਰ ਸ਼੍ਰੀ ਭਗਉਤੀ ਜੀ ਕੀ ਪਾ: 10’ ਰੱਖਿਆ ਗਿਆ ਹੈ।

  3. ਦਸਵੇਂ ਗੁਰੂ ਜੀ ਦਾ ਨਾਂ ਵਰਤ ਕੇ ਲਿਖੀਆਂ ਰਚਨਾਵਾਂ ਦਾ ਲਿਖਣ ਕਾਲ਼ ਗੁਰੂ ਜੀ ਦੇ ਜੋਤੀ ਜੋਤਿ ਸਮਾਉਣ ਤੋਂ 67 ਤੋਂ 150 ਸਾਲ ਤਕ ਪਿੱਛੋਂ ਦਾ ਹੈ, ਜੋ ਉਪਰੋਕਤ ਪੋਥੀਆਂ ਦੇ ਹੋਂਦ ਵਿੱਚ ਆਉਣ ਤੋਂ ਸਿੱਧ ਹੁੰਦਾ ਹੈ।

  4. ਭਾਈ ਮਨੀ ਸਿੰਘ ਜੀ ਦਾ ਨਾਂ ਵਰਤ ਕੇ ਲਿਖੀ ਗਈ ਪੋਥੀ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਤੋਂ 81 ਸਾਲ ਬਾਅਦ ਹੋਂਦ ਵਿੱਚ ਆਈ ਹੈ, ਤੇ ਉਹ ਵੀ ਸੰਨ 1818 ਈਸਵੀ ਵਿੱਚ ਮੁਲਤਾਨ ਨੂੰ ਜਿੱਤਣ ਸਮੇਂ ਲੁੱਟ ਵਿੱਚ ਮਿਲ਼ੀ ਦੱਸੀ ਗਈ ਹੈ। ਪੋਥੀ ਮੁਲਤਾਨ ਦੇ ਜੰਗ ਵਿੱਚ ਦੁਸ਼ਮਣਾ ਕੋਲ਼ ਕਿਵੇਂ ਚਲੀ ਗਈ? ਕੋਈ ਭੇਤ ਨਹੀਂ ਹੈ।

  5. ਕਿਸੇ ਵੀ ਪੁਰਾਤਨ ਪੋਥੀ ਵਿੱਚ ‘ਵਾਰ ਦੁਰਗਾ ਕੀ’ ਸਿਰਲੇਖ ਨਾਲ਼ ਪਾ: 10 ਨਹੀਂ ਲਿਖਿਆ ਗਿਆ।

  6. ਗੁਰੂ ਕ੍ਰਿਤ ਬਾਣੀ ਦੀ ਪਛਾਣ ਕੀ ਹੈ? ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਿਸ਼ਾਹ ਤੋਂ ਪੁੱਛ ਕੇ ਦੇਖੋ ਤਾਂ ਉੱਤਰ ਮਿਲ਼ਦਾ ਹੈ- ਗੁਰੂ ਕ੍ਰਿਤ ਬਾਣੀ ਦੀ ਪਛਾਣ ਹੈ ਉਸ ਬਾਣੀ ਵਿੱਚ ਵਰਤੀ ‘ਨਾਨਕ’ ਮੁਹਰ ਛਾਪ ਅਤੇ ਉਹ ਬਾਣੀ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਿਸ਼ਾਹ ਜੀ ਵਲੋਂ ਆਪਿ ਦਮਦਮੀ ਬੀੜ ਵਿੱਚ ਦਰਜ ਕਰਾਈ ਹੋਵੇ, ਜਿਸ ਨੂੰ ਉਨ੍ਹਾਂ ਬਾਅਦ ਵਿੱਚ ‘ਗੁਰੂ’ ਪਦਵੀ ਨਾਲ਼ ਸੁਸ਼ੋਭਤ ਕੀਤਾ ਹੈ। ਗੁਰੂ ਕ੍ਰਿਤ ਬਾਣੀ ਦੇ ਸਿਰਲੇਖ ਵਿੱਚ ਪਾਤਿਸ਼ਾਹੀ ਸ਼ਬਦ ਦੀ ਵਰਤੋਂ ਸਿੱਖੀ ਦੀ ਪ੍ਰੰਪਰਾ ਨਹੀਂ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top