Share on Facebook

Main News Page

ਸਹੀ ਮਾਅਨੇ ਵਿੱਚ ਪ੍ਰਭੂ ਦਾ ਨਾਮ ਕਿਵੇਂ ਜਪਣਾ ਹੈ, ਆਓ ਭਗਤ ਰਵਿਦਾਸ ਜੀ ਕੋਲੋਂ ਸਿੱਖਿਏ
-: ਮੋਹਨ ਸਿੰਘ

ਲੋਗੁ ਗਠਾਵੈ ਪਨਹੀ ਚਮਰਟਾ ਗਾਂਠਿ ਨ ਜਨਹੀ ।।
ਲੋਗੁ ਗਠਾਵੈ ਪਨਹੀ ।।1।।ਰਹਾਉ।।
ਆਰ ਨਹੀ ਜਿਹ ਤੋਪਉ ।। ਨਹੀ ਰਾਂਬੀ ਠਾਉ ਰੋਪਉ ।।1।।
ਲੋਗੁ ਗੰਠਿ ਗੰਠਿ ਖਰਾ ਬਿਗੂਤ ।। ਹਉ ਬਿਨੁ ਗਾਠੇ ਜਾਇ ਪਹੂਚਾ ।।2।।
ਰਵਿਦਾਸੁ ਜਪੈ ਰਾਮ ਨਾਮਾ ।। ਮੋਹਿ ਜਮ ਸਿਉ ਨਾਹੀ ਕਾਮਾ ।।3।।7।।
(ਗੁਰੂ ਗ੍ਰੰਥ ਸਾਹਿਬ ਪੰਨਾ ਨੰ: 659)

ਗੁਰਬਾਣੀ ਦਾ ਹਰ ਸਬਦ ਮਨੁੱਖੀ ਜੀਵਨ ਲਈ ਅੰਮ੍ਰਿਤ ਹੈ ਭਾਵ ਆਤਮਿਕ ਜੀਵਨ (ਇੱਕ ਅਦਰਸੳਵਾਦੀ ਜੀਵਨ) ਪ੍ਰਦਾਨ ਕਰਨ ਵਾਲਾ ਹੈ। ਉਕਤ ਸਬਦ ਭਗਤ ਰਵਿਦਾਸ ਜੀ ਦਾ ਉਚਾਰਨ ਕੀਤਾ ਹੈ। ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਭਗਤ ਰਵੀਦਾਸ ਜੀ ਦਾ ਕਿੱਤਾ ਜੁੱਤੀਆਂ ਗੰਢਣਾ ਸੀ। ਇਸ ਕਿਰਤ ਰਾਹੀਂ ਉਹ ਆਪਣੀ ਉਪਜੀਵਕਾ ਚਲਾਉਂਦੇ ਸਨ ਅਤੇ ਦਸਾਂ ਨੂੰਹਾਂ ਦੀ ਕਿਰਤ ਦੁਆਰਾ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜਾਰਾ ਕਰਦੇ ਸਨ। ਸੱਚੀ ਸੁੱਚੀ ਕਿਰਤ ਕਰਨਾ ਬਾਬੇ ਨਾਨਕ ਦਾ ਪਹਿਲਾ ਸਿਧਾਂਤ ਹੈ, ਜਿਸ ਨੂੰ ਅਸੀਂ ਕਿਰਤ ਕਰੋ ਨਾਲ ਜਾਣਦੇ ਹਾਂ। ਇਸ ਸਬਦ ਰਾਹੀਂ ਜੋ ਸਿੱਖਿਆ ਮਿਲਦੀ ਹੈ, ਤੁੱਛ ਬੁੱਧੀ ਅਨੁਸਾਰ ਵਿਚਾਰ ਕਰਨ ਦਾ ਨਿਮਾਣਾ ਜਿਹਾ ਯਤਨ ਕੀਤਾ ਗਿਆ ਹੈ।

ਗੁਰਮਤਿ ਅਨੁਸਾਰ ਸਬਦ ਦਾ ਮੂਲ ਭਾਵ ਰਹਾਉ ਵਾਲੀ ਪੰਕਤੀ ਵਿੱਚ ਹੁੰਦਾ ਹੈ। ਇਸ ਸਬਦ ਦੀ ਰਹਾਉ ਵਾਲੀ ਪੰਕਤੀ ਵਿੱਚ ਭਗਤ ਜੀ ਫੁਰਮਾਨ ਕਰਦੇ ਹਨ ਕਿ ਮੈਂ ਜੁੱਤੀ ਗੰਢਣ ਨਹੀਂ ਜਾਣਦਾ, ਪਰ ਲੋਗ ਜੁੱਤੀ ਗੰਢਾਉਂਦੇ ਹਨ। ਪਨਹੀ ਜੁੱਤੀ ਨੂੰ ਕਿਹਾ ਜਾਂਦਾ ਹੈ। ਜੁੱਤੀਆਂ ਗੰਢਣਾ ਭਗਤ ਜੀ ਦਾ ਕਿੱਤਾ ਸੀ, ਪਰ ਉਹ ਆਪ ਹੀ ਕਹਿ ਰਹੇ ਹਨ ਕਿ ਮੈਂ ਜੁੱਤੀ ਗੰਢਣਾ ਨਹੀਂ ਜਾਣਦਾ। ਜੁੱਤੀ ਕਿਸੇ ਨਾ ਕਿਸੇ ਰੂਪ ਵਿੱਚ ਹਰ ਕਿਸੇ ਨੂੰ ਪਾਉਣੀ ਪੈਂਦੀ ਹੈ, ਭਾਵੇ ਕੋਈ ਸਾਧ ਹੈ, ਚੋਰ ਹੈ, ਅਮੀਰ ਹੈ ਜਾਂ ਗਰੀਬ ਹੈ, ਹਰ ਕੋਈ ਆਪਣੀ ਪਹੁੰਚ ਅਨੁਸਾਰ ਜੁੱਤੀ ਪਾਉਂਦਾ ਹੈ। ਇਸ ਲਈ ਜੁੱਤੀ ਗੰਢਣਾ ਕੋਈ ਹਲਕਾ (ਨੀਵਾਂ) ਕੰਮ ਨਹੀਂ ਹੈ। ਹੱਕ ਸੱਚ ਦੀ ਕਮਾਈ ਕਰਨਾ ਇੱਕ ਨੇਕ ਇਨਸਾਨ ਦਾ ਕੰਮ ਹੈ।ਇਸ ਸਬਦ ਵਿੱਚ ਰਵਿਦਾਸ ਜੀ ਬੜੀ ਹੀ ਡੂੰਘੀ ਗੱਲ ਕਹਿ ਰਹੇ ਹਨ। ਗੁਰਬਾਣੀ ਦਾ ਪਾਵਨ ਸਬਦ ਹੈ:

ਨੈਨਹੁ ਨੀਦ ਪਰ ਦ੍ਰਿਸਟਿ ਵਿਕਾਰਿ ।। ਸ੍ਰਵਣ ਸੋਏ ਸੁਣਿ ਨਿੰਦ ਵੀਚਾਰ ।।
ਰਸਨਾ ਸੋਈ ਲੋਭਿ ਮੀਠੈਸਾਦਿ ।। ਮਨੁ ਸੋਇਆ ਮਾਇਆ ਬਿਸਮਾਦਿ ।।1।।
ਇਸ ਗ੍ਰਹਿ ਮਹਿ ਕੋਈ ਜਾਗਤੁ ਰਹੈ ।। ਸਾਬਤੁ ਵਸਤੁ ਓਹੁ ਆਪਣੀ ਲਹੈ ।।1।।ਰਹਾਉ।।
ਸਗਲ ਸਹੇਲੀ ਆਪਨੈ ਰਸ ਮਾਤੀ ।। ਗ੍ਰਿਹ ਅਪੁਨੇ ਕੀ ਖਬਰਿ ਨ ਜਾਤੀ ।।
ਮੁਸਨਹਾਰ ਪੰਚ ਬਟਵਾਰੇ ।। ਸੂਨੇ ਨਗਰਿ ਪਰੇ ਠਗਰਹਾਰੇ ।।2।।
(ਪੰਨਾ 182 ਗੁ. ਗ੍ਰੰਥ ਸਾਹਿਬ)

ਵੀਚਾਰ: ਮਨ ਕਰਕੇ ਕੋਈ ਵਿਰਲਾ ਮਨੁੱਖ ਹੀ ਜਾਗਦਾ ਹੈ ਭਾਵ ਸੁਚੇਤ ਰਹਿੰਦਾ ਹੈ। ਜਿਵੇਂ ਕਬੀਰ ਜੀ ਕਹਿੰਦੇ ਹਨ ਕਿ ਸੰਤਾ ਮਾਨਹੁ ਦੁਤਾ ਡਾਨਹੁ ਇਹ ਕੁਟਵਾਰੀ ਮੇਰੀ। ਸੰਤਾਂ ਦਾ ਭਾਵ ਕੋਈ ਗੋਲ ਪਗੜੀ, ਚਿੱਟੇ ਚੋਲੇ ਵਾਲਾ ਸੰਤ ਨਹੀਂ। ਗੁਰਬਾਣੀ ਤਾਂ ਗੁਰੂ ਵੀ ਸਬਦ (ਗਿਆਨ) ਨੂੰ ਮੰਨਦੀ ਹੈ ਜਿਹੜਾ ਸੱਚ ਨਾਲ ਜੋੜਦਾ ਹੋਵੇ ਤਾਂ ਫਿਰ ਸੰਤ ਕਿਸੇ ਮਨੁੱਖ ਨੂੰ ਕਿਵੇਂ ਮੰਨਿਆ ਜਾ ਸਕਦਾ ਹੈ।ਇਥੇ ਸੰਤ ਬਹੁ ਵਚਨ ਹੈ ਜਿਸ ਦਾ ਭਾਵ ਚੰਗੇ ਗੁਣ ਹੈ ਅਤੇ ਦੂਤਾ (ਬਹੁ ਵਚਨ) ਦਾ ਭਾਵ ਭੈੜੇ ਵੀਚਾਰ ਹੈ। ਕਬੀਰ ਜੀ ਕਹਿੰਦੇ ਹਨ ਕਿ ਮੈਂ ਆਪਣੇ ਮਨ ਦੀ ਰਖਵਾਲੀ ਇਸ ਤਰ੍ਹਾਂ ਜਾਗ ਕੇ ਕਰ ਰਿਹਾ ਹਾਂ ਕਿ ਰੱਬੀ ਗੁਣਾਂ ਨੂੰ ਆਪਣੇ ਮਨ ਵਿੱਚ ਸਤਿਕਾਰ ਦਿੰਦਾ ਹਾਂ ਭਾਵ ਥਾਂ ਦਿੰਦਾ ਹਾਂ ਤੇ ਭੈੜੇ ਵੀਚਾਰਾਂ ਨੂੰ ਤ੍ਰਿਸਕਾਰਦਾ ਹਾਂ।ਇਸ ਤਰੀਕੇ ਨਾਲ ਮੈਂ ਆਪਣੇ ਮਨ ਦੀ ਜਾਗ ਕੇ ਕੁਟਵਾਰੀ (ਕੋਤਵਾਲੀ, ਰਾਖੀ) ਕਰਦਾ ਹਾਂ।

ਭਗਤ ਰਵੀਦਾਰ ਜੀ ਵੀ ਰਹਾਉ ਵਾਲੀ ਪੰਕਤੀ ਵਿੱਚ ਇਹ ਗੱਲ ਕਹਿ ਰਹੇ ਹਨ ਕਿ ਉਕਤ ਦੱਸੀ ਵੀਚਾਰ ਅਨੁਸਾਰ ਕੋਈ ਵਿਰਲਾ ਹੀ ਜਾਗਦਾ ਹੈ, ਨਹੀਂ ਤਾਂ ਸਾਰਾ ਸੰਸਾਰ ਹੀ ਸੁੱਤਾ ਹੋਇਆ ਹੈ। ਕੋਈ ਵਿਰਲਾ ਮਨੁੱਖ ਹੈ ਜੋ ਪੂਰੀ ਤਰ੍ਹਾਂ (ਸਾਬਤ ਵਸਤ) ਸੱਚ ਨੂੰ ਸਮਰਪਣ ਹੁੰਦਾ ਹੈ ਅਤੇ ਪੂਰੀ ਤਰ੍ਹਾਂ ਮਨੁੱਖਤਾ ਦੀ ਕਸਵੱਟੀ ਤੇ ਉਤਰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਗਿਆਨ, ਇੱਕ ਪੂਰਨ ਮਨੁੱਖ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਇਹੀ ਤਾਂ ਸਿਖਾਉਂਦੀ ਹੈ।ਰਹਾਉ।

ਅੱਖਾਂ ਸੁੱਤੀਆਂ ਹੋਈਆਂ ਹਨ ਜੋ ਪਰਾਏ ਤਨ ਅਤੇ ਧਨ ਨੂੰ ਲਾਲਚ ਵੱਸ ਵੇਖਦੀਆਂ ਹਨ। ਇਹ ਖੁੱਲ੍ਹੀਆਂ ਤਾਂ ਹਨ ਪਰ ਮੈਲੀਆਂ (ਵਿਕਾਰੀ) ਹੋਣ ਕਰਕੇ ਗਲਤ ਵੇਖਦੀਆਂ ਹਨ। ਸੁੱਤੇ ਹੋਏ ਮਨੁੱਖ ਨੂੰ ਕਿਸੇ ਵੀ ਤਰ੍ਹਾਂ ਜਗਾਇਆ ਜਾ ਸਕਦਾ ਹੈ ਪਰ ਇਹ ਮਨ ਗੁਰੂ ਦੀ ਅਵਾਜੳ ਭਾਵ ਗੁਰੂ ਦੇ ਗਿਆਨ ਤੋਂ ਬਿਨਾ ਨਹੀਂ ਜਾਗਦਾ। ਅੱਜ ਦੇ ਅਗਾਂਹਵਧੂ ਮਨੁੱਖ ਨੂੰ ਤਾਂ ਅੱਖਾਂ ਨਾਲ ਠੀਕ ਤਰ੍ਹਾਂ ਵੇਖਣਾ ਵੀ ਨਹੀਂ ਆਉਂਦਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਗੁਰੂ ਮੰਨਣ ਵਾਲਿਆਂ ਨੇ ਇਹ ਗੱਲ ਕਿਵੇਂ ਹਜੳਮ ਕਰ ਲਈ ਕਿ ਸਾਡੇ ਪਾਤਸੳਾਹਾਂ ਨੇ ਤਿੰਨ ਤਿੰਨ ਜਾਂ ਸੱਤ ਸੱਤ ਵਿਆਹ ਕਰਵਾਏ ਹੋਏ ਸੀ। ਸਾਡੇ ਅਮੇੋਲਕ ਇਤਿਹਾਸ ਵਿੱਚ ਕਿਸ ਤਰ੍ਹਾਂ ਨਾਲ ਜੳਹਿਰ ਘੋਲਿਆ ਗਿਆ ਹੈ ਸਾਨੂੰ ਪਤਾ ਹੀ ਨਹੀਂ ਲੱਗਾ।

ਕੰਨ ਸੁੱਤੇ ਰਹਿੰਦੇ ਹਨ, ਪਰਾਈ ਨਿੰਦਾ ਸੁਣ ਕੇ। ਮਨੁੱਖ ਵਿੱਚ ਬਹੁਤ ਵੱਡੀ ਕਮਜੋਰੀ ਹੈ ਕਿ ਜਿਹੜਾ ਮਨੁੱਖ ਇਸ ਨੂੰ ਚੰਗਾ ਨਹੀਂ ਲੱਗਦਾ ਉਸ ਦੀ ਬੁਰਾਈ ਕੀਤੀ ਜਾਵੇ ਅਤੇ ਇਸ ਨੂੰ ਉਹ ਚੰਗਾ ਲੱਗਦਾ ਹੈ ਜਿਹੜਾ ਇਸ ਦੀ ਵਡਿਆਈ ਕਰੇ ਭਾਵੇਂ ਝੂਠੀ ਹੀ ਕਿਉਂ ਨਾ ਹੋਵੇ। ਜਿਹੜਾ ਇਸ ਨੂੰ ਪਸੰਦ ਨਹੀਂ ਉਸ ਦੀ ਚੰਗੀ ਗੱਲ ਵੀ ਬੁਰੀ ਲੱਗਦੀ ਹੈ ਅਤੇ ਜਿਹੜਾ ਪਸੰਦ ਹੈ, ਉਸ ਦੀ ਬੁਰੀ ਗੱਲ ਵੀ ਚੰਗੀ ਲੱਗਦੀ ਹੈ। ਕਿਸੇ ਗੱਲ ਨੂੰ ਘਟਾ ਕੇ ਕਰਨਾ ਨਿੰਦਾ ਹੈ ਅਤੇ ਕਿਸੇ ਗੱਲ ਨੂੰ ਵਧਾ ਕੇ ਕਰਨਾ ਉਸਤਤ ਹੈ। ਗੁਰਬਾਣੀ ਅਨੁਸਾਰ "ਉਸਤਤਿ ਨਿੰਦਾ ਦੋਊ ਤਿਆਗੈ..." ਵਾਲਾ ਜੀਵਨ ਬਣਾਉਣਾ ਹੈ। ਗੁਰਮਤਿ ਅਨੁਸਾਰ ਕੇਵਲ ਜਿੰਨਾ ਸੱਚ ਹੈ ਉਨਾ ਹੀ ਕਹਿਣਾ ਹੈ। ਰਸਨਾ ਸੁੱਤੀ ਰਹਿੰਦੀ ਹੈ ਕਿ ਇਸ ਨੂੰ ਚਸਕਾ ਖਾਣ ਦਾ ਹੈ, ਅਤੇ ਚਸਕਾ ਬੋਲਣ ਦਾ ਹੈ। ਖਾਣਾ ਉਹ ਹੀ ਚੰਗਾ ਹੈ ਜਿਹੜਾ ਸਾਡੇ ਤਨ ਦੇ ਅਨੁਕੂਲ ਹੋਵੇ ਅਤੇ ਲਿਖਣਾ ਅਤੇ ਬੋਲ ਉਹ ਹੀ ਠੀਕ ਹੈ, ਜਿਹੜਾ ਮਨੁੱਖ ਨੂੰ ਮਨੁੱਖ ਨਾਲ ਜੋੜਦਾ ਹੋਵੇ ਨਾ ਕਿ ਉਹ ਲਿਖਣਾ ਜਾਂ ਬੋਲਣਾ ਜਿਹੜਾ ਊਚ ਨੀਚ ਅਮੀਰ ਗਰੀਬ ਦੇ ਆਧਾਰ ਤੇ ਮਨੁੱਖ ਨੂੰ ਮਨੁੱਖ ਤੋਂ ਤੋੜਦਾ ਹੋਵੇ। ਮਨੁੱਖ ਦੇ ਤਨ ਵਿੱਚ ਬਹੁਤ ਸਾਰੇ ਰੋਗ ਮਨੁੱਖ ਦੀ ਆਪਣੀ ਹੀ ਬੇਸਮਝੀ ਕਰਕੇ ਪੈਦਾ ਹੋ ਜਾਂਦੇ ਹਨ। ਇਹ ਲੋਭ ਵੱਸ ਖਾਂਦਾ ਹੈ। ਰਸਨਾ ਦਾ ਕੰਮ ਰਸ ਦੱਸਣਾ ਹੈ ਇਹ ਨਹੀਂ ਦੱਸਦੀ ਕਿ ਕੀ ਖਾਣਾ ਸਰੀਰ ਦੇ ਅਨੁਕੂਲ ਹੈ ਅਤੇ ਕੀ ਖਾਣਾ ਅਨੁਕੂਲ ਨਹੀਂ ਹੈ। ਇਸ ਤਰ੍ਹਾਂ ਹੀ ਰਸਨਾ ਦਾ ਕੰਮ ਬੋਲਣਾ ਹੈ ਇਹ ਦੱਸਣਾ ਨਹੀਂ ਕਿ ਕਿਸ ਬੋਲਣ ਨਾਲ ਕੀ ਹੋਵੇਗਾ। ਇਸ ਲਈ ਮਨ ਵਿੱਚ ਮਾਇਆ (ਵਿਕਾਰਾਂ) ਦੇ ਸੁਆਦ (ਰਸਾਂ) ਵਿੱਚ ਸੁੱਤਾ ਰਹਿੰਦਾ ਹੈ। ਭਾਵ ਇਸ ਨੂੰ ਭੈੜੇ ਵਿਚਾਰ ਹੀ ਚੰਗੇ ਲੱਗਦੇ ਹਨ। ਇਨ੍ਹਾਂ ਵਿੱਚ ਹੀ ਮਸਤ ਰਹਿੰਦਾ ਹੈ।(1)।

ਇਸ ਤਰ੍ਹਾਂ ਉਕਤ ਵਿਚਾਰ ਅਨੁਸਾਰ ਸਾਰੇ ਹੀ ਕਰਮ ਅਤੇ ਗਿਆਨ ਇੰਦ੍ਰੇ ਆਪਣੇ ਆਪਣੇ ਵਿਕਾਰੀ ਰਸਾਂ ਵਿੱਚ ਮਸਤ ਰਹਿੰਦੇ ਹਨ। ਗੁਰੂ ਦੇ ਗਿਆਨ ਦੀ ਅਣਹੋਂਦ ਹੋਣ ਕਰਕੇ ਇਨ੍ਹਾਂ ਕਰਮ ਅਤੇ ਗਿਆਨ ਇੰਦਰਿਆਂ ਨੇ ਸਹੀ ਤਰ੍ਹਾਂ ਕਰਮ ਕਰਨ ਦੀ ਜਾਂਚ ਨਹੀਂ ਜਾਣੀ, ਇਨ੍ਹਾਂ ਨੇ ਨਾ ਤਾਂ ਸਹੀ ਬੋਲਣਾ ਸਿੱਖਿਆ, ਨਾ ਸਹੀ ਸੁਣਨਾ ਸਿੱਖਿਆ, ਨਾ ਹੀ ਦੇਖਣਾ ਸਿੱਖਿਆ ਆਦਿ ਗ੍ਰਿਹ ਅਪੁਨੇ ਕੀ ਖਬਰਿ ਨ ਜਾਤੀ, ਭਾਵ ਮਨੁੱਖੀ ਕਰਮ ਅਤੇ ਗਿਆਨ ਇੰਦਰਿਆਂ ਨੇ ਅਸਲ ਅਨੰਦ (ਵਿਕਾਰਾਂ ਤੋਂ ਰਹਿਤ) ਦਾ ਰਸ ਨਹੀਂ ਮਾਣਿਆ। ਮਨੂੱਖ ਨੂੰ ਗੁਰੂ ਦੇ ਗਿਆਨ ਦੀ ਸਮਝ ਨਾ ਹੋਣ ਕਰਕੇ ਇਸ ਦੇ ਕਰਮ ਅਤੇ ਗਿਆਨ ਇੰਦ੍ਰੇ (ਉਦਾਹਰਣ: ਅੱਖਾਂ ਦਿਖਾਈ ਦਿੰਦੀਆਂ ਹਨ, ਇਹ ਕਰਮ ਇੰਦ੍ਰਾ ਹੈ ਅਤੇ ਦੇਖਣਾ ਗਿਆਨ ਇੰਦ੍ਰਾ ਹੈ। ਕਰਮ ਅਤੇ ਗਿਆਨ ਇੰਦ੍ਰੇ (ਮਨੁੱਖੀ ਨਗਰ) ਨੂੰ ਸਹੀ ਜੀਵਨ ਜਾਂਚ ਨਾ ਹੋਣ ਕਰਕੇ ਇਹ ਪੰਜ ਠੱਗਾਂ ਹੱਥੋਂ ਠੱਗੇ ਜਾਂਦੇ ਹਨ ਭਾਵ ਇਹ ਠੱਗ ਇਨ੍ਹਾਂ ਇੰਦਰਿਆਂ ਨੂੰ ਆਪਣੇ ਵੱਸ ਵਿੱਚ ਕਰ ਲੈਂਦੇ ਹਨ।ਰੱਬੀ ਗੁਣਾਂ ਤੋਂ ਸੱਖਣਾ ਮਨੁੱਖ ਸੂੰਨੇ ਨਗਰ ਦਾ ਵਾਸੀ ਤਾ ਹੈ।ਜੇਕਰ ਮਨੁੱਖ ਕ੍ਰੋਧੀ, ਲੋਭੀ, ਹੰਕਾਰੀ ਆਦਿ ਹੈ ਤਾਂ ਇਹ ਸੂੰਨੇ ਨਗਰ ਦੀ ਨਿਸਾਨੀ ਹੀ ਹੈ।

ਭਗਤ ਜੀ ਦੁਨੀਆਂ ਨੂੰ ਇਹੀ ਹੀ ਸਮਝਾ ਰਹੇ ਹਨ ਕਿ ਸੰਸਾਰ ਦੇ ਲੋਕ ਕਿਸੇ ਨਾ ਕਿਸੇ ਵਿਕਾਰ ਵੱਸ ਇਸ ਤਨ ਦੇ ਕਰਮ ਅਤੇ ਗਿਆਨ ਇੰਦਰਿਆਂ ਨੂੰ ਖੁਸ ਕਰਦੇ ਰਹਿੰਦੇ ਹਨ, ਭਾਵ ਇਸ ਜੁੱਤੀ ਨੂੰ ਗੰਢਣ ਵਿੱਚ ਹੀ ਜੀਵਨ ਬਤੀਤ ਕਰਦੇ ਰਹਿੰਦੇ ਹਨ। ਧਨ ਕਮਾਉਣਾ ਹੈ ਭਾਵੇ ਕੋਈ ਵੀ ਢੰਗ ਵਰਤਣਾ ਪਵੇ। ਝੂਠੀ ਸਾਨ ਬਣਾਉਣੀ ਹੈ ਭਾਵੇ ਕਿੰਨਾ ਵੀ ਝੂਠ ਬੋਲਣਾ ਪਵੇ। ਇਸ ਤਰ੍ਹਾਂ ਇਨ੍ਹਾਂ ਰਸਾਂ ਦੇ ਅਧੀਨ ਲੋਕ ਤਨ ਰੂਪੀ ਜੁੱਤੀ ਨੂੰ ਗੰਢਦੇ ਹਨ, ਪਰ ਸੱਚ ਦੀ ਜਾਣਕਾਰੀ ਮਿਲਣ ਕਰਕੇ ਭਗਤ ਰਵੀਦਾਸ ਜੀ ਐਸੀ ਜੁੱਤੀ ਨਹੀਂ ਗੰਢਦੇ। "ਘਾਲਿ ਖਾਇ ਕਿਛੁ ਹਥਹੁ ਦੇਇਨਾਨਕ ਰਾਹੁ ਪਛਾਣਹਿ ਸੇਇ॥" (1245) ਹੱਕ ਦੀ ਕਮਾਈ ਕਰਨਾ ਲੋਭ ਰੂਪੀ ਜੁੱਤੀ ਗੰਢਾਉਣ ਤੋਂ ਬੱਚਣਾ ਹੈ।

ਪਹਿਲੇ ਬੰਦ ਵਿੱਚ ਭਗਤ ਜੀ ਉਪਦੇਸ ਕਰਦੇ ਹਨ ਕਿ ਮੇਰੇ ਕੋਲ ਆਰ (ਜਿਸ ਰਾਹੀਂ ਜੁੱਤੀ ਗੰਢਣ ਵੇਲੇ ਧਾਗਾ ਖਿੱਚੀਦਾ ਹੈ) ਨਹੀਂ ਹੈ, ਜਿਸ ਦੁਆਰਾ ਮੈਂ ਜੁੱਤੀ ਨੂੰ ਤੋਪਾ ਲਗਾਵਾਂ। ਰੱਬੀ ਨਿਯਮ ਅਨੁਸਾਰ ਬੱਚੇ ਮੋਹ ਕਰਕੇ ਹੀ ਪਲਦੇ ਹਨ। ਪਰ ਮੋਹ ਵੱਸ ਬੱਚਿਆਂ ਦੇ ਔਗੁਣਾਂ ਨੂੰ ਨਜਰ ਅੰਦਾਜ ਕਰਨਾ ਗਲਤ ਹੈ, ਗਲਤ ਕਮਾਈ ਨਾਲ ਪਰਵਰਿਸ ਕਰਨਾ ਗਲਤ ਹੈ। ਇਸ ਸਬੰਧੀ ਹੋਰ ਜਾਣਕਾਰੀ ਗੁਰਬਾਣੀ ਸਬਦ ਜੋ ਭਗਤ ਰਵੀਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ, ਤੋਂ ਪ੍ਰਾਪਤ ਕਰਦੇ ਹਾਂ "ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰਿ ਰਾਜਾਮੋਹ ਪਟਲ ਸਭੁ ਜਗਤੁ ਬਿਆਪਿਓ ਹਰਿ ਭਗਤ ਨਹੀ ਸੰਤਾਪਾ॥" (658) ਭਾਵ: ਪਰਮਾਤਮਾ ਕਿਸੇ ਦੀ ਨਿੱਜੀ ਜਗੀਰ ਨਹੀਂ ਹੈ, ਬਲਕਿ ਜਿਹੜਾ ਉਸ ਨੂੰ ਪ੍ਰੇਮ ਕਰਦਾ ਹੈ ਉਹ ਉਸ ਦਾ ਹੈ। ਸੰਸਾਰ ਵਿੱਚ ਲੋਕਾਂ ਤੇ ਮੋਹ ਦਾ ਪਰਦਾ ਪਿਆ ਹੋਇਆ ਹੈ। ਪਰ ਭਗਤਾਂ ਨੂੰ ਇਹ ਦੁੱਖ ਨਹੀਂ ਬਿਆਪਦਾ। ਜਗਤ ਵਿੱਚ ਆਪਣੇ-ਆਪਣੇ ਰੱਬ ਮਿਥੇ ਹੋਣਾ ਦੱਸਦਾ ਹੈ ਕਿ ਇਹ ਲੋਕ ਮੋਹ ਦੇ ਪਰਦੇ ਹੇਠ ਹਨ। ਵੱਖ ਡੇਰਿਆਂ ਜਾਂ ਜੱਥੇਬੰਦੀਆਂ ਦੇ ਸਿੱਖ ਹੋਣਾ ਵੀ ਮੋਹ ਦੀ ਨਿਸਾਨੀ ਹੈ। ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਹੀ ਮੰਨਣਾ ਹੈ।

ਰੱਬ ਇੱਕ ਹੈ ਇਹ ਤਾਂ ਮੰਨਦੇ ਹਨ, ਪਰ ਰਸਤੇ ਆਪਣੀ ਮਰਜੀ ਅਨੁਸਾਰ ਮਿਥ ਲਏ। ਭਗਤ ਰਵੀਦਾਸ ਜੀ ਇਸ ਸਬਦ ਰਾਹੀਂ ਇਹ ਸਿੱਖਿਆ ਦੇ ਰਹੇ ਹਨ ਕਿ ਮੈਨੂੰ ਇਹ ਮੋਹ ਦਾ ਦੁੱਖ ਨਹੀਂ ਵਿਆਪਦਾ, ਮੈਂ ਜਾਤਪਾਤ, ਊਚ ਨੀਚ ਦੇ ਬੰਧਨ ਤੋਂ ਮੁਕਤ ਹੋ ਗਿਆ ਹੈ। ਮੇਰੇ ਵਿੱਚ ਜਾਤ ਕਰਕੇ ਮੋਹ ਦੀ ਖਿੱਚ ਨਹੀਂ ਰਹੀ। ਗੁਰਦੁਆਾਰੇ ਮੰਦਰ, ਮਸਜਿਦ, ਚਰਚ ਆਦਿ ਸਭ ਦੀ ਇਮਾਰਤ ਵੱਖਰੀ ਵੱਖਰੀ ਹੈ। ਹੁਣ ਜਿਸ ਗੁਰਦੁਆਰੇ ਤੋਂ ਇੱਕ ਰੱਬ ਦੀ ਗੱਲ ਕੀਤੀ ਜਾਣੀ ਚਾਹੀਦੀ ਹੈ, ਮੋਹ ਵਿੱਚ ਗਲਤਾਨ ਲੋਕਾਂ ਨੇ ਗੁਰਦੁਆਰੇ ਵੀ ਜਾਤਾਂ ਦੇ ਆਧਾਰ 'ਤੇ ਬਣਾ ਲਏ ਹਨ।

ਭਗਤ ਰਵੀਦਾਸ ਜੀ ਦਾ ਗੁਰਪੂਰਬ ਉਨ੍ਰਾਂ ਦੀ ਜਾਤ ਵਾਲੇ ਇਸ ਕਰਕੇ ਮਨਾਉਂਦੇ ਹਨ ਕਿ ਉਹ ਉਨ੍ਹਾਂ ਦੀ ਜਾਤ ਦੇ ਹਨ ਵੈਸੇ ਭਗਤ ਰਵੀਦਾਸ ਜੀ ਦੀ ਵਿਚਾਰਧਾਰਾ ਨਾਲ ਕੋਈ ਸਬੰਧ ਨਹੀਂ ਹੈ ਅਤੇ ਜਿਹੜੇ ਨਹੀਂ ਮਨਾਉਂਦੇ ਉਹ ਇਸ ਲਈ ਨਹੀਂ ਮਨਾਉਂਦੇ ਕਿਉਂਕਿ ਭਗਤ ਜੀ ਉਨ੍ਹਾਂ ਦੀ ਜਾਤ ਦੇ ਨਹੀਂ ਹਨ। ਮੋਹ ਵਿੱਚ ਡੁੱਬੇ ਲੋਕਾਂ ਦੇ ਬਾਰੇ ਪਾਤਸਾਹ ਗੁਰਬਾਣੀ ਵਿੱਚ ਫੁਰਮਾਨ ਕਰਦੇ "ਪੰਕਜ ਮੋਹ ਪਗੁ ਨਹੀ ਚਾਲੈ ਹਮ ਦੇਖਾ ਤਹਿ ਡੂਬੀਅਲੇ॥"

ਅੱਗੇ ਭਗਤ ਜੀ ਫੁਰਮਾਨ ਕਰਦੇ ਹਨ ਕਿ ਮੇਰੇ ਕੋਲ ਲੋਭ ਰੂਪੀ ਰੰਬੀ (ਜਿਸ ਰਾਹੀਂ ਟਾਕੀ ਕੱਟੀ ਜਾਂਦੀ ਹੈ) ਵੀ ਨਹੀਂ ਹੈ। ਲੋੜ ਦੀ ਪੂਰਤੀ ਤਾਂ ਹੋ ਸਕਦੀ ਹੈ, ਪਰ ਲੋਭ ਦੀ ਕਦੀ ਪੂਰਤੀ ਨਹੀਂ ਹੁੰਦੀ। ਲੋਭੀ ਮਨੁੱਖ ਲੋਭ ਵੱਸ ਕਿਸੇ ਰਿਸਤੇ ਦੀ ਕੋਈ ਲਿਹਾਜ ਨਹੀਂ ਕਰਦਾ ਬੱਸ ਉਸ ਦੇ ਲੋਭ ਦੀ ਪੂਰਤੀ ਹੋਣੀ ਚਾਹੀਦੀ ਹੈ। ਪਰ ਭਗਤ ਜੀ ਸਾਨੂੰ ਸਮਝਾ ਰਹੇ ਹਨ ਕਿ ਮੇਰੇ ਵਿੱਚ ਲੋਭ ਵੀ ਨਹੀਂ ਰਿਹਾ। ਮੈਂ ਕੋਈ ਵੀ ਕੰਮ ਲੋਭ ਨੂੰ ਮੁੱਖ ਰੱਖ ਕੇ ਨਹੀਂ ਕਰਦਾ, ਲੋੜ ਨੂੰ ਮੁੱਖ ਰੱਖ ਕੇ ਕਰਦਾ ਹਾਂ।

ਪਾਤਸਾਹ ਗੁਰਬਾਣੀ ਵਿੱਚ ਲੋਭੀ ਮਨੁੱਖ ਨੂੰ ਹਲਕੇ ਕੁੱਤੇ ਵਾਂਗ ਦੱਸਦੇ ਹਨ। ਆਪ ਦਾ ਫੁਰਮਾਨ ਹੈ "ਜਿਉ ਕੂਕਰੁ ਹਰਕਾਇਆ ਧਾਵੈ ਦਹਦਿਸ ਜਾਇਲੋਭੀ ਜੰਤੁ ਨਾ ਜਾਣਈ ਭਖੁ ਅਭਖੁ ਸਭ ਖਾਇ॥" 50) ਭਾਵ ਲੋਭੀ ਮਨੁੱਖ ਦਾ ਕੋਈ ਭਰੋਸਾ ਨਹੀਂ, ਉਹ ਲੋਭ ਵੱਸ ਚਾਰੇ ਪਾਸੇ ਭੱਜਾ ਫਿਰਦਾ ਹੈ, ਕਿਸੇ ਨੂੰ ਵੀ ਲੋਭ ਦੀ ਖਾਤਰ ਕੱਟ ਸਕਦਾ ਹੈ। ਉਸ ਦੀ ਨਜ਼ਰ ਵਿੱਚ ਰਿਸ਼ਤਿਆਂ ਦੀ ਕੋਈ ਕਦਰ ਨਹੀਂ ਹੈ, ਬੱਸ ਲੋਭ ਦੀ ਪੂਰਤੀ ਕਿਵੇਂ ਕਰਨੀ ਹੈ ਇਹ ਹੀ ਸੋਚਦਾ ਹੈ। ਕੀ ਗ੍ਰਹਿਣ ਕਰਨਾ ਹੈ ਅਤੇ ਕੀ ਗ੍ਰਹਿਣ ਨਹੀਂ ਕਰਨਾ, ਬਾਰੇ ਸੂਝ ਨਹੀਂ ਹੈ (ਭਖੁ ਅਭੁਖ ਸਭ ਖਾਇ ਦਾ ਭਾਵ ਇਹ ਹੀ ਹੈ)। ਤਨ ਦੀ ਸੰਭਾਲ ਕਰਨਾ ਕੋਈ ਮਾੜੀ ਗੱਲ ਨਹੀਂ ਹੈ। ਇਸ ਨੂੰ ਚੰਗੀ ਤਰ੍ਹਾਂ ਪਾਲਣਾ ਹੈ। ਪਰ ਮਨੁੱਖ ਤਨ ਦੇ ਰਸਾਂ ਦੀ ਪੂਰਤੀ ਲਈ ਲੋਭ ਵੱਸ ਕਰਮ ਕਰਦਾ ਹੈ। ਤਨ ਦੇ ਰਸਾਂ ਵਿੱਚ ਫੱਸਿਆ ਮਨੁੱਖ ਸਾਰੀ ਜਿੰਦਗੀ ਹੀ ਖੁਆਰ ਹੁੰਦਾ ਰਹਿੰਦਾ ਹੈ।

ਅਗਲੇ ਬੰਦ ਵਿੱਚ ਭਗਤ ਰਵੀਦਾਸ ਜੀ ਫੁਰਮਾਨ ਕਰਦੇ ਹਨ ਕਿ ਸਾਰੀ ਲੋਕਾਈ ਇਸ ਤਰ੍ਹਾ ਦੀਆਂ ਗੰਢਾਂ ਗੰਢ ਗੰਢ ਕੇ ਖੁਆਰ ਹੋ ਰਹੀ ਹੈ। ਮਨੁੱਖ ਨੂੰ ਵਿਕਾਰ ਟਿਕਣ ਨਹੀਂ ਦਿੰਦੇ ਅਤੇ ਇਹ ਸਾਰੀ ਜਿੰਦਗੀ ਹੀ ਇਨ੍ਹਾਂ ਦੇ ਵੱਸ ਪਿਆ ਖੁਆਰ ਹੁੰਦਾ ਰਹਿੰਦਾ ਹੈ। ਭਗਤ ਜੀ ਕਹਿੰਦੇ ਹਨ ਕਿ ਮੈਂ ਇਸ ਤਰ੍ਹਾਂ ਦੀਆਂ ਗੰਢਾਂ ਨਹੀਂ ਗੰਢਦਾ। ਇਸ ਲਈ ਮੈਂ ਸਚਿਆਰ ਜੀਵਨ ਜਿਊਣ ਦਾ ਵੱਲ (ਢੰਗ) ਸਿੱਖ ਲਿਆ ਹੈ। ਮੈਨੂੰ ਇਸ ਗੱਲ ਦੀ ਸਮਝ ਪੈ ਗਈ ਹੈ, ਕਿ ਅਸਲ ਮਨੁੱਖ ਦਾ ਜੀਵਨ ਕੈਸਾ ਹੋਣਾ ਚਾਹੀਦਾ ਹੈ।

ਇਸ ਤਰ੍ਹਾਂ ਭਗਤ ਰਵੀਦਾਸ ਜੀ ਇਸ ਸਬਦ ਦੁਆਰਾ ਲੋਕਾਈ ਨੂੰ ਸਮਝਾਉਂਦੇ ਹਨ ਕਿ ਮੈਂ ਵਿਕਾਰਾਂ ਤੋਂ ਰਹਿਤ ਜੀਵਨ ਜਿਊਣਾ ਸਿਖ ਲਿਆ ਹੈ। ਜਿਹੜੇ ਵਿਕਾਰ ਮੈਨੂੰ ਰੱਬ ਨੂੰ ਭੁਲਾ ਦਿੰਦੇ ਸਨ, ਹੁਣ ਮੇਰਾ ਇਨ੍ਹਾਂ ਵਿਸ਼ੇ ਵਿਕਾਰ ਨਾਲ ਕੋਈ ਸਬੰਧ ਨਹੀਂ ਰਿਹਾ। ਇਸ ਤਰ੍ਹਾਂ ਮੈਂ ਪ੍ਰਭੂ ਦਾ ਨਾਮ ਜਪ ਰਿਹਾ ਹਾਂ।

ਇਸ ਸਬਦ ਰਾਹੀਂ ਸਹੀ ਮਾਅਨੇ ਵਿੱਚ ਪ੍ਰਭੂ ਦਾ ਨਾਮ ਕਿਵੇਂ ਜਪਣਾ ਹੈ, ਸਹੀ ਪ੍ਰਮਾਤਮਾ ਦਾ ਨਾਮ ਕੀ ਹੈ ਅਤੇ ਉਸ ਦਾ ਸਿਮਰਨ ਕਿਵੇਂ ਕਰਨਾ ਹੈ, ਦੀ ਭਰਪੂਰ ਜਾਣਕਾਰੀ ਮਿਲਦੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top