Share on Facebook

Main News Page

ਤਖ਼ਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵਿਖੇ ‘ਗੁਰਦੁਆਰਾ ਮਹਾਕਾਲ’ ਨਹੀਂ, ਗੁ: ਮਹਾਂਅਕਾਲ ਸਿੰਘ ਸ਼ਹੀਦ ਗੰਜ ਹੈ
-: ਜਗਤਾਰ ਸਿੰਘ ਜਾਚਕ

ਕੁਝ ਸਮੇਂ ਤੋਂ ਵੱਖ ਵੱਖ ਪੰਜਾਬੀ ਅਖ਼ਬਾਰਾਂ, ਵੈਬਸਾਈਟਾਂ ਤੇ ਹੋਰ ਸੋਸ਼ਲ ਮੀਡੀਏ ’ਤੇ ਇੱਕ ਖ਼ਬਰ ਫੈਲਾਈ ਜਾ ਰਹੀ ਹੈ ਕਿ ਤਖ਼ਤ ਸਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ, ਨਾਂਦੇੜ ਵਿਖੇ ‘ਮਹਾਂਕਾਲ’ ਦੇ ਨਾਂ ਤੇ ਇੱਕ ਨਵਾਂ ‘ਗੁਰਦੁਆਰਾ ਮਹਾਂਕਾਲ’ ਬਣ ਗਿਆ ਹੈ । ਪਰ ਜਦੋਂ ਮੈਂ ਸਚਾਈ ਜਾਨਣ ਲਈ 20 ਫਰਵਰੀ 2016 ਨੂੰ ਸ੍ਰੀ ਹਜ਼ੂਰ ਸਾਹਿਬ ਪਹੁੰਚਾ ਤਾਂ ਪਤਾ ਲੱਗਾ ਕਿ ਉਪਰੋਕਤ ਖ਼ਬਰ ਬਿਲਕੁਲ ਇੱਕ ਝੂਠੀ ਅਫ਼ਵਾਹ ਹੈ। ਅਸਲ ਵਿੱਚ ਉਸ ਗੁਰਦੁਆਰੇ ਦਾ ਨਾਂ ਹੈ ‘ਗੁ: ਮਹਾਂਅਕਾਲ ਸਿੰਘ ਸ਼ਹੀਦ ਗੰਜ’ । ਜੋ ਹੇਠਲੇ ਚਿੱਤਰ ਤੋਂ ਸਪਸ਼ਟ ਹੋ ਰਿਹਾ ਹੈ।

ਤਖ਼ਤ ਸਾਹਿਬ ਦੇ ਪ੍ਰਬੰਧਕੀ ਬੋਰਡ ਵੱਲੋਂ ਉਪਰੋਕਤ ਗੁਰਦੁਆਰੇ ਦੀ ਇਤਿਹਾਸਕ ਜਾਣਕਾਰੀ ਲਈ ਜੋ ਲਿਖਤੀ ਫੱਟਾ ਲਗਾਇਆ ਹੈ, ਹੇਠਲੇ ਚਿੱਤਰ ਵਿੱਚ ਉਹ ਪੜ੍ਹਿਆ ਜਾ ਸਕਦਾ ਹੈ :

ਇਹ ਅਸਥਾਨ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਮੁੱਖ ਦੁਆਰ ਦੇ ਬਿਲਕੁਲ ਸਾਹਮਣੇ ਇੱਕ ਤੰਗ ਗਲੀ ਵਿੱਚ ਵਧ ਤੋਂ ਵਧ 300 ਗਜ਼ ਦੀ ਦੂਰੀ ’ਤੇ ਲਗਭਗ ਤਿੰਨ ਮਰਲੇ ਥਾਂ ਵਿੱਚ ਬਣਿਆ ਹੋਇਆ ਹੈ । ਸ਼ੜਕ ਵਾਲੇ ਪਾਸੇ ਗੁਰਦੁਆਰੇ ਵਾਲੀ ਗਲ਼ੀ ਦੀ ਨੁੱਕਰ ਉੱਤੇ ਇੱਕ ਰੁਮਾਲਿਆਂ ਦੀ ਦੁਕਾਨ ਦੀ ਦੀਵਾਰ ਉਪਰ ਯਾਤਰੂਆਂ ਨੂੰ ਰਸਤੇ ਦੀ ਜਾਣਕਾਰੀ ਦੇਣ ਲਈ ਜੋ ਛੋਟੀ ਜੇਹੀ ਐਰੋ ਪਲੇਟ ਲਗਾਈ ਗਈ ਹੈ, ਅਸਲ ਵਿੱਚ ਉਹ ਗਲ਼ਤ ਹੈ, ਜੋ ਭੁਲੇਖੇ ਦਾ ਕਾਰਣ ਬਣ ਰਹੀ ਹੈ । ਕਿਉਂਕਿ, ਥਾਂ ਦੀ ਘਾਟ ਅਤੇ ਅਗਿਆਨਤਾ ਵਸ ‘ਗੁਰਦੁਆਰਾ ਮਹਾਂਅਕਾਲ ਸਿੰਘ ਸ਼ਹੀਦ ਗੰਜ’ ਦੇ ਨਾਂ ਨੂੰ ਸੰਖੇਪ ਕਰਦਿਆਂ ਲਿਖ ਦਿੱਤਾ ਗਿਆ ਹੈ ‘ਗੁ: ਮਹਾਂਕਾਲ ਸਾ:’ । ਹੇਠਾਂ ਉਸ ਤੀਰ ਨੁਮਾ ਪਲੇਟ ਦਾ ਚਿੱਤਰ ਹੈ :

ਚਾਹੀਦਾ ਤਾਂ ਇਹ ਸੀ ਕਿ ਉਪਰੋਕਤ ਗਲ਼ਤੀ ਪ੍ਰਬੰਧਕਾਂ ਦੇ ਧਿਆਨ ਵਿੱਚ ਲਿਆਈ ਜਾਂਦੀ । ਪਰ, ਅਜਿਹਾ ਕਰਨ ਦੀ ਥਾਂ ਮਹਾਂਕਾਲ ਦੇ ਨਾਂ ਦਾ ਗੁਰਦੁਆਰਾ ਬਣਨ ਦੀ ਝੂਠੀ ਅਫ਼ਵਾਹ ਫੈਲਾ ਦਿੱਤੀ ਗਈ, ਜੋ ਹਾਨੀਕਾਰਕ ਹੈ । ਦਾਸ (ਜਾਚਕ) ਨੇ ਉਸੇ ਦਿਨ ਸ਼ਾਮ ਨੂੰ ਤਖ਼ਤ ਸਾਹਿਬ ਦੇ ਮੁਖ ਪੂਜਾਰੀ ਜਥੇਦਾਰ ਭਾਈ ਕੁਲਵੰਤ ਸਿੰਘ ਨਾਲ ਮੁਲਾਕਾਤ ਕੀਤੀ ਤੇ ਉਪਰੋਕਤ ਗਲ਼ਤੀ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀ । ਵਿਸਥਾਰ ਪੂਰਵਕ ਗਲਬਾਤ ਕਰਨ ਉਪਰੰਤ ਜਥੇਦਾਰ ਜੀ ਨੇ ਮੇਰੇ ਨਾਲ ਵਾਅਦਾ ਕੀਤਾ ਕਿ ਉਹ ਐਰੋ ਪਲੇਟ ਦੀ ਲਿਖ਼ਤੀ ਗਲ਼ਤੀ ਨੂੰ ਸੁਧਾਰ ਕੇ ’ਤੇ ਗੁਰਦੁਆਰਾ ਸਾਹਿਬ ਦਾ ਪੂਰਾ ਨਾਂ ਲਿਖਵਾ ਦੇਣਗੇ ।

ਹੁਣ ਇਹ ਜਾਣਕਾਰੀ ਨਹੀਂ ਕਿ ਉਪਰੋਕਤ ਗਲ਼ਤੀ ਸੁਧਾਰ ਦਿੱਤੀ ਗਈ ਹੈ ਜਾਂ ਨਹੀਂ । ਪੰਥ-ਦਰਦੀ ਤੇ ਸੂਝਵਾਨ ਗੁਰਸਿੱਖਾਂ ਤੇ ਸੰਸਥਾਵਾਂ ਦਾ ਫ਼ਰਜ ਬਣਦਾ ਹੈ ਕਿ ਉਹ ਤਖ਼ਤ ਸਾਹਿਬ ਦੇ ਜਥੇਦਾਰ ਜਾਂ ਮੈਨੇਜਰ ਨੂੰ ਫੋਨ ਰਾਹੀਂ ਉਪਰੋਕਤ ਗਲ਼ਤੀ ਸੁਧਾਰਨ ਬਾਰੇ ਬੇਨਤੀ ਕਰਨ ਅਤੇ ਜਾਣਕਾਰੀ ਲੈਣ । ਭੁੱਲ-ਚੁੱਕ ਮੁਆਫ਼ ।

ਗੁਰੂ ਗ੍ਰੰਥ ਤੇ ਪੰਥ ਦਾ ਦਾਸ :
ਜਗਤਾਰ ਸਿੰਘ ਜਾਚਕ,
ਫੋਨ 9855205089 ਲੁਧਿਆਣਾ,
ਮਿਤੀ 10 ਮਾਰਚ 2016


ਟਿੱਪਣੀ: ਇਹ ਗੱਲ ਤਾਂ ਦੁਰੁਸਤ ਹੈ ਕਿ ਇਸ ਅਖਵਾਏ ਜਾਂਦੇ ਗੁਰਦੁਆਰੇ ਦਾ ਨਾਮ "ਗੁ: ਮਹਾਂਅਕਾਲ ਸਿੰਘ ਸ਼ਹੀਦ ਗੰਜ" ਹੈ, ਪਰ ਇਸ ਗਲ ਦੀ ਕੀ ਪ੍ਰਮਾਣਿਕਤਾ ਹੈ ਕਿ ਕੋਈ ਮਹਾਂ ਅਕਾਲ ਸਿੰਘ ਨਾਮ ਦਾ ਕੋਈ ਸ਼ਖਸ ਹੋਇਆ ਵੀ ਹੈ? ਇਤਿਹਾਸਿਕ ਤੌਰ 'ਤਟ ਕੋਈ ਐਸਾ ਸ਼ਖਸਾ ਹੋਇਆ ਵੀ ਹੈ? ਇਹ ਸਿਰਫ ਇੱਕ ਧੋਖਾ ਦੇਣ ਲਈ ਹੀ ਐਸਾ ਨਾਮ ਰਖਿਆ ਹੋਵੇ!

ਅਖਵਾਏ ਜਾਂਦੇ ਗੁਰਦੁਆਰੇ ਦੀ ਤਸਵੀਰ ਦੇਖਕੇ ਤਾਂ ਲਗਦਾ ਹੈ ਕਿ ਇਹ ਇੱਕ ਮਨਮਤਿ ਦੀ ਹੀ ਥਾਂ ਹੈ। ਤਸਵੀਰਾਂ ਹੀ ਤਸਵੀਰਾਂ, ਫਿਰ ਤਸਵੀਰਾਂ 'ਤੇ ਮਾਲਾ ਆਦਿ ਵੀ ਪਾਈਆਂ ਹਨ। ਤੇ ਸਭ ਤੋਂ ਵੱਡੀ ਗਲ ਕਿ ਮੁੱਖਵਾਕ ਲਿਖਣ ਵਾਲੇ ਬੋਰਡ ਦੇ ਉਪਰ ਗੁਰੂ ਗ੍ਰੰਥ ਸਾਹਿਬ ਦੇ ਫੁਰਮਾਨ ਦੇ ਨਾਲ, ਅਖੌਤੀ ਦਸਮ ਗ੍ਰੰਥ ਦਾ ਵੀ ਕੋਈ ਕੂੜਨਾਮਾ ਲਿਖਿਆ ਹੋਇਆ ਹੈ

ਜਾਚਕ ਜੀ, ਜਦੋਂ ਤੁਸੀਂ ਐਨੀ ਖੇਚਲ ਕਰਕੇ ਨਾਂਦੇੜ ਗਏ ਹੀ ਸੀ, ਤਾਂ ਕੁਲਵੰਤ ਸਿੰਘ ਨੂੰ ਤੁਸੀਂ ਇਹ ਪੁੱਛਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਇਸ ਅਖੌਤੀ ਦਸਮ ਗ੍ਰੰਥ ਦਾ ਕੀ ਕੰਮ?

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top