Share on Facebook

Main News Page

ਦਸਮ ਗ੍ਰੰਥ ਬਣਾਉਣ ਦੀ ਕਹਾਣੀ ਦਾ ਆਧਾਰ, ਨਿਰਾਧਾਰ !
-:  ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

ਕੇਸਰ ਸਿੰਘ ਛਿੱਬਰ (ਬ੍ਰਾਮਣ) ਦੀ ਲਿਖਤ:

ਕੇਸਰ ਸਿੰਘ ਛਿੱਬਰ ਨੇ ‘ਬੰਸਾਵਲੀ ਨਾਮਾ’ ਪੁਸਤਕ ਵਿੱਚ ਦਸਵੇਂ ਗੁਰੂ ਜੀ ਵਲੋਂ ਲਿਖੇ ਗ੍ਰੰਥ ਦਾ ਨਾਂ ‘ਸਮੁੰਦਰ ਸਾਗਰ’ ਗ੍ਰੰਥ ਦਿੱਤਾ ਹੈ। ਉਹ ਲਿਖਦਾ ਹੈ ਕਿ ਇਹ ਗ੍ਰੰਥ ਬਾਅਦ ਵਿੱਚ ਗੁਰੂ ਜੀ ਨੇ ਹੀ ਦਰਿਆ ਵਿੱਚ ਸੁੱਟ ਦਿੱਤਾ। ਇਸ ਗ੍ਰੰਥ ਦਾ ਦਾ ਨਾਂ ਉਹ ‘ਅਵਤਾਰ ਲੀਲਾ ਗ੍ਰੰਥ’ ਵੀ ਲਿਖਦਾ ਹੈ। ਕੇਸਰ ਸਿੰਘ ਨੇ ਇਹ ਨਹੀਂ ਲਿਖਿਆ ਕਿ ਗ੍ਰੰਥ ਕਿਹੜੇ ਦਰਿਆ ਵਿੱਚ ਸੁੱਟਿਆ ਤੇ ਕਿਉਂ ਸੁਟਿਆ ਗਿਆ। ਉਹ ਲਿਖਦਾ ਹੈ ਕਿ ਇਸ ਘਟਨਾ ਤੋਂ ਬਾਅਦ ਵਿੱਚ ਲਿਖੀਆਂ ਗੱਲਾਂ (ਰਚਨਾਵਾਂ) ਲੜਾਈਆਂ ਵਿੱਚ ਬਿਖਰ ਗਈਆਂ। ਕੇਸਰ ਸਿੰਘ ਛਿੱਬਰ, ਇੱਕ ਬ੍ਰਾਮਣ ਦੀ ਤੀਜੀ ਪੀਹੜੀ ਵਿੱਚੋਂ ਸੀ। ਉਸ ਨੇ ‘ਬੰਸਾਵਲੀ ਨਾਮਾ’ ਪੁਸਤਕ ਸੰਨ 1779 ਈਸਵੀ (ਦਸਵੇਂ ਪਾਤਿਸ਼ਾਹ ਜੀ ਦੇ ਜੋਤੀ ਜੋਤਿ ਸਮਾਉਣ ਤੋਂ 71 ਸਾਲ ਬਆਦ) ਸੁਣੀਆਂ ਸੁਣਾਈਆਂ ਗੱਲਾਂ ਦੇ ਆਧਾਰ 'ਤੇ ਸ਼ੌਂਕ ਵਜੋਂ ਲਿਖੀ।

ਭਾਈ ਮਨੀ ਸਿੰਘ ਜੀ ਦੇ ਬੰਦ ਬੰਦ ਕੱਟਣ ਦੀ ਸਜ਼ਾ ਦੀ ਕਹਾਣੀ ਵੀ ਇਸੇ ਲਿਖਾਰੀ ਨੇ ਘੜੀ ਹੈ। ਉਹ ਲਿਖਦਾ ਹੈ ਕਿ ਭਾਈ ਮਨੀ ਸਿੰਘ ਨੇ ਸੰਨ 1725 ਈਸਵੀ ਵਿੱਚ ਧੁਰ ਕੀ ਬਾਣੀ ਦੀ ਤਰਤੀਬ ਬਦਲ ਕੇ ਲਿਖੀ ਦੇ ਦਸਵੇਂ ਗੁਰੂ ਜੀ ਦੀਆਂ ਕਹੀਆਂ ਜਾਂਦੀਆਂ ਰਚਨਾਵਾਂ ਲਿਖ ਕੇ ਦਸ਼ਮ ਗ੍ਰੰਥ ਬਣਾ ਦਿੱਤਾ ਸੀ ਤੇ ਤਾਂ ਹੀ ਉਸ ਨੂੰ ਬੰਦ ਬੰਦ ਕੱਟੇ ਜਾਣ ਦੀ ਸਜ਼ਾ ਮਿਲ਼ੀ ਸੀ। ਇੱਕ ਪਾਸੇ ਉਹ ਕਹਿੰਦਾ ਹੈ ਕਿ ਗੁਰੂ ਜੀ ਨੇ ਗ੍ਰੰਥ ਲਿਖ ਕੇ ਦਰਿਆ ਵਿੱਚ ਸੁੱਟ ਦਿਤਾ ਤੇ ਬਾਅਦ ਵਿੱਚ ਲਿਖੀਆਂ ਰਚਨਾਵਾਂ ਲੜਾਈਆਂ ਵਿੱਚ ਗੁਆਚ ਗਈਆਂ ਤਾਂ ਫਿਰ ਭਾਈ ਮਨੀ ਸਿੰਘ ਨੇ ਰਚਨਾਵਾਂ ਕਿੱਥੋਂ ਲੈ ਲਈਆਂ? ਸੰਨ 1725 ਵਿੱਚ ਅਜੇ ‘ਦਸ਼ਮ ਗ੍ਰੰਥ’ ਨਾਂ ਦੇ ਕਿਸੇ ਗ੍ਰੰਥ ਦੀ ਹੋਂਦ ਵੀ ਨਹੀਂ ਸੀ, ਜਿਸ ਦਾ ਜ਼ਿਕਰ ਉਸ ਨੇ ਗ਼ਲਤ ਕੀਤਾ ਹੈ ਕੋਰਾ ਝੂਠ ਬੋਲਿਆ ਹੈ। ਉਸ ਦੇ ਸਮਕਾਲੀਆਂ ਸੈਨਾਪਤੀ, ਭਾਈ ਨੰਦ ਲਾਲ ਸਿੰਘ, ਭਾਈ ਚੌਪਾ ਸਿੰਘ, ਭਾਈ ਸੇਵਾ ਦਾਸ, ਕੋਇਰ ਸਿੰਘ ਤੇ ਭਾਈ ਮਨੀ ਸਿੰਘ ਜੀ ਵਿੱਚੋਂ ਕਿਸੇ ਨੇ ਵੀ ਕਿਤੇ ਲਿਖਤਾਂ ਵਿੱਚ ‘ਦਸ਼ਮ ਗ੍ਰੰਥ’ ਨਾਂ ਦੇ ਕਿਸੇ ਗ੍ਰੰਥ ਦਾ ਜ਼ਿਕਰ ਨਹੀਂ ਕੀਤਾ। ਸੰਨ 1897 ਈਸਵੀ ਵਿੱਚ ਦਸ਼ਮ ਗ੍ਰੰਥ ਦੀ ਹੋਂਦ ਬਣਾਈ ਗਈ ਹੈ। ਕੇਸਰ ਸਿੰਘ ਨੇ ਹੀ ਇਹ ਕਹਾਣੀ ਚਲਾਈ ਹੈ ਕਿ ਸਿੱਖਾਂ ਨੇ ਗੁਰੂ ਜੀ ਨੂੰ ਆਪਣੀ ਰਚਨਾ ‘ਆਦਿ ਗ੍ਰੰਥ’ ਵਿੱਚ ਰਲਾਉਣ ਲਈ ਕਿਹਾ ਤੇ ਗੁਰੂ ਜੀ ਨਹੀਂ ਮੰਨੇ।
ਸਰੂਪ ਦਾਸ ਭੱਲਾ ਕੀ ਲਿਖਦਾ ਹੈ?

ਸੰਨ 1776 ਈਸਵੀ ਵਿੱਚ ਲਿਖੇ ਮਹਿਮਾ ਪ੍ਰਕਾਸ਼ ਗ੍ਰੰਥ ਵਿੱਚ ਲਿਖਿਆ ਹੈ ਕਿ ਦਸਵੇਂ ਗੁਰੂ ਜੀ ਵਲੋਂ ਲਿਖੇ ਗ੍ਰੰਥ ਦਾ ਨਾਂ ‘ਵਿੱਦਿਆ ਸਾਗਰ’ ਸੀ ਜਿਸ ਵਿੱਚ ਸੰਸਕ੍ਰਿਤ ਸਾਹਿਤ ਦਾ ਉਲੱਥਾ ਸੀ। ਛਿੱਬਰ ਦੀਆਂ ਗੱਲਾਂ ਨਾਲ਼ ਇਹ ਲਿਖਾਰੀ ਸਹਿਮਤ ਨਹੀਂ ਹੈ।

ਵਿਚਾਰ:

ਜੇ ਮੰਨ ਲਈਏ ਕਿ ਸਰਸਾ ਨਦੀ ਪਾਰ ਕਰਨ ਸਮੇਂ ਕੋਈ ਗ੍ਰੰਥ ਸਰਸਾ ਵਿੱਚ ਰੁੜ੍ਹ ਗਿਆ ਸੀ ਤਾਂ ਉਸ ਦੀਆਂ ਰਚਨਾਵਾਂ ਕਿਸੇ ਨੇ ਕਿੱਥੋਂ ਲਈਆਂ? ਜੇ ਉਹ ਰਚਨਾਵਾਂ ਅਜੇ ਬਾਹਰ ਵੀ ਕਿਤੇ ਪਈਆਂ ਸਨ, ਤਾਂ ਉਨ੍ਹਾਂ ਤੋਂ ਮੁੜ ਉਹੀ ਗ੍ਰੰਥ ਕਿਉਂ ਨਹੀਂ ਤਿਆਰ ਕਰ ਲਿਆ ਗਿਆ? ਦਸਵੇਂ ਗੁਰੂ ਜੀ ਸਰਸਾ ਨਦੀ ਦੀ ਘਟਨਾ ਤੋਂ ਪਿੱਛੋਂ 4 ਸਾਲ ਸ਼ਰੀਰਕ ਜਾਮੇ ਵਿੱਚ ਰਹੇ ਸਨ। ਜਦੋਂ ਉਨ੍ਹਾਂ ਨੇ ਆਦਿ ਬੀੜ ਵਿੱਚ ਨੌਵੇਂ ਗੁਰੂ ਜੀ ਦੀ ਬਾਣੀ ਦਰਜ ਕਰਾਉਣ ਲਈ ਬੀੜ ਨੂੰ ਮੁੜ ਤੋਂ ਲਿਖਵਾਇਆ ਤਾਂ ਉਹ ਬੜਾ ਚੰਗਾ ਸਮਾਂ ਸੀ, ਜਦੋਂ ਸਰਸਾ ਵਿੱਚ ਰੁੜ੍ਹਿਆ ਗ੍ਰੰਥ ਦੁਵਾਰਾ ਤਿਆਰ ਕੀਤਾ ਜਾ ਸਕਦਾ ਸੀ ਜਾਂ ਕਹੀਆਂ ਜਾਂਦੀਆਂ ਬਾਹਰ ਪਈਆਂ ਰਚਨਾਵਾਂ ਤੋਂ ਮੁੜ ਗ੍ਰੰਥ ਤਿਆਰ ਕੀਤਾ ਜਾ ਸਕਦਾ ਸੀ ਤੇ ਦਮਦਮੀ ਬੀੜ ਵਿੱਚ ਜੋੜਿਆ ਜਾ ਸਕਦਾ ਸੀ। ਪਰ ਅਜਿਹਾ ਨਹੀਂ ਹੋਇਆ।

ਅਸਲੀਅਤ ਕੀ ਹੈ?

ਅਸਲ ਵਿੱਚ ਨਾ ਕੋਈ ਗ੍ਰੰਥ ਲਿਖ ਕੇ ਗੁਰੂ ਜੀ ਨੇ ਕਿਸੇ ਦਰਿਆ ਵਿੱਚ ਸੁੱਟਿਆ ਤੇ ਨਾ ਹੀ ਲਿਖੀਆਂ ਰਚਨਾਵਾਂ ਨੂੰ ਕਿਤੇ ਖਲਾਰ ਕੇ ਸੁੱਟਿਆ। ਧੁਰ ਕੀ ਬਾਣੀ ਐਸੀ ਰੱਬੀ ਰਚਨਾ ਹੈ ਜਿਸ ਨੂੰ ਕਿਸੇ ਗੁਰੂ ਪਾਤਿਸ਼ਾਹ ਨੇ ਨਿਮਖ ਭਰ ਵੀ ਮਨ ਤੋਂ ਪਰੇ ਨਹੀਂ ਸੀ ਕੀਤਾ, ਦਰਿਆ ਵਿੱਚ ਸੁੱਟਣਾਂ ਜਾਂ ਖਲਾਰਨਾ ਤਾਂ ਕਿਤੇ ਰਿਹਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਹਨ- ਹਮਾਰੀ ਪਿਆਰੀ ਅੰਮ੍ਰਿਤਧਾਰੀ ਗੁਰਿ ਨਿਮਖ ਨ ਮਨ ਤੇ ਟਾਰੀ ਰੇ॥ (ਗਗਸ ਪੰਨਾਂ 404)। ਗੁਰੂ ਲਿਖਤ ਰਚਨਾਵਾਂ ਨੂੰ ਧੁਰ ਕੀ ਬਾਣੀ ਕਿਹਾ ਜਾਂਦਾ ਹੈ। ਧੁਰ ਕੀ ਬਾਣੀ ਜੋ ਦਸਵੇਂ ਗੁਰੂ ਜੀ ਕੋਲ਼ ਸੀ, ਉਨ੍ਹਾਂ ਨੇ ਉਹ ਸਾਰੀ ਹੀ ਆਦਿ ਬੀੜ ਨੂੰ ਸੰਪੂਰਨ ਕਰਨ ਸਮੇਂ ਉਸ ਵਿੱਚ ਆਪ ਦਰਜ ਕਰਵਾ ਦਿੱਤੀ ਸੀ, ਜਿਸ ਦਾ ਨਾਂ ‘ਦਮਦਮੀ ਬੀੜ’ ਪ੍ਰਸਿੱਧ ਹੋਇਆ। ਦਸਵੇਂ ਗੁਰੂ ਜੀ ਕੋਲ਼ ਨਾ ਛੇਵੇਂ, ਨਾ ਸੱਤਵੇਂ, ਨਾ ਅੱਠਵੇਂ ਗੁਰੂ ਜੀ ਦੀ ਬਾਣੀ ਪਹੁੰਚੀ ਸੀ, ਕਿਉਂਕਿ ਹੋਰ ਬਾਣੀ ਹੈ ਹੀ ਨਹੀਂ ਸੀ। ਗੁਰੂ ਜੀ ਕੋਲ਼ ਕੇਵਲ ਨੌਵੇਂ ਪਾਤਿਸ਼ਾਹ ਦੀ ਹੀ ਬਾਣੀ ਸੀ ਜੋ ਆਦਿ ਬੀੜ ਵਿੱਚ ਦਰਜ ਕੀਤੀ ਗਈ। ਇਸ ਤੋਂ ਸਪੱਸ਼ਟ ਹੈ ਕਿ ਦਸਵੇਂ ਗੁਰੂ ਜੀ ਦੀ ਆਪਣੀ ਬਾਣੀ ਵੀ ਨਹੀਂ ਸੀ। ਜੇ ਹੁੰਦੀ ਤਾਂ ਉਹ ਵੀ ਨੌਵੇਂ ਗੁਰੂ ਜੀ ਦੀ ਬਾਣੀ ਦਰਜ ਕਰਨ ਸਮੇਂ ਆਦਿ ਬੀੜ ਵਿੱਚ ਦਰਜ ਹੋ ਜਾਣੀ ਸੀ। ਪੰਜਵੇਂ ਗੁਰੂ ਜੀ ਨੇ ਆਪ ਹੀ ਆਪਣੀ ਬਾਣੀ ਆਦਿ ਬੀੜ ਬਣਾਉਣ ਸਮੇਂ ਦਰਜ ਕਰਾਈ ਸੀ।

ਕੀ ਬਾਣੀ ਲਿਖ ਕੇ ਕਿਤੇ ਸੁੱਟੀ ਜਾਂ ਖਲਾਰੀ ਜਾ ਸਕਦੀ ਹੈ?

ਧੰਨੁ ਗੁਰੂ ਨਾਨਕ ਪਾਤਿਸ਼ਾਹ ਵਲੋਂ ਬਾਣੀ ਖਿਲਾਰਨੀ ਤਾਂ ਕਿਤੇ ਰਹੀ ਉਨ੍ਹਾਂ ਨੇ ਤਾਂ ਆਪ ਹੀ ਹੋ ਚੁੱਕੇ ਭਗਤਾਂ ਦੀ ਬਾਣੀ ਉਨ੍ਹਾਂ ਦੇ ਉੱਤਰਾਧਿਕਾਰੀਆਂ ਤੋਂ ਆਪ ਉਤਾਰੇ ਕਰ ਕੇ ਲਿਆਂਦੀ ਸੀ। ਨਾ ਕਿਸੇ ਭਗਤ ਜੀ ਦੀ ਬਾਣੀ ਖਿਲਾਰੀ ਹੋਈ ਸੀ ਤੇ ਨਾ ਹੀ ਕਿਸੇ ਗੁਰੂ ਪਾਤਿਸ਼ਾਹ ਨੇ ਆਪਣੀ ਬਾਣੀ ਲਿਖ ਕੇ ਕਿਤੇ ਲਾਵਾਰਸ ਸੁੱਟੀ ਜਾਂ ਖਿਲਾਰੀ ਸੀ। ਪੰਜਵੇਂ ਗੁਰੂ ਜੀ ਕੋਲ਼ ਬਾਣੀ ਦਾ ਸਾਰਾ ਖ਼ਜ਼ਾਨਾ ਧੰਨੁ ਗੁਰੂ ਰਾਮਦਾਸ ਪਾਤਿਸ਼ਾਹ ਕੋਲੋਂ ਆਇਆ। ਹਰ ਗੁਰੂ ਸਾਹਿਬ ਨੇ ਗੁਰਗੱਦੀ ਦੇਣ ਸਮੇਂ ਬਾਣੀ ਦਾ ਖ਼ਜ਼ਾਨਾ ਵੀ ਨਾਲ਼ ਹੀ ਆਪਣੇ ਉੱਤਰਾਧਿਕਾਰੀ ਨੂੰ ਸੌਂਪਿਆ ਸੀ। ਪੰਜਵੇਂ ਗੁਰੂ ਜੀ ਨੂੰ ਬਾਣੀ ਆਪ ਇਕੱਠੀ ਕਰਨ ਦੀ ਲੋੜ ਨਹੀਂ ਪਈ ਸੀ। ਜਿਸ ਲਿਖਾਰੀ ਨੇ ਅਜਿਹਾ ਲਿਖਿਆ ਹੈ ਕਿ ਪੰਜਵੇਂ ਗੁਰੂ ਜੀ ਨੇ ਸੁਨੇਹੇ ਭੇਜ ਕੇ ਬਾਣੀ ਇਕੱਠੀ ਕੀਤੀ ਸੀ ਉਸ ਨੇ ਬਾਣੀ ਦਾ ਇੱਕ ਵਾਕ ਵੀ ਪੜ੍ਹਿਆ ਨਹੀਂ ਜਾਪਦਾ ਤੇ ਪ੍ਰੋ. ਸਾਹਿਬ ਸਿੰਘ ਨੇ ਉਸ ਦੇ ਮੂੰਹ ਤੇ ਗੁਰਬਾਣੀ ਦੇ ਗਿਆਨ ਦੀਆਂ ਕਰਾਰੀਆਂ ਚਪੇੜਾਂ ਮਾਰ ਕੇ ਸਮਝਾ ਦਿੱਤਾ ਹੈ ਕਿ ਬਾਣੀ ਪੰਜਵੇਂ ਗੁਰੂ ਜੀ ਕੋਲ਼ ਗੁਰਗੱਦੀ ਲੈਣ ਸਮੇਂ ਮੌਜੂਦ ਸੀ। ਧੁਰ ਕੀ ਬਾਣੀ ਦੀ ਇਹ ਤੁਕ ਇਸ ਪਾਸੇ ਇਸ਼ਾਰਾ ਕਰਦੀ ਹੈ- ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ॥ ਤਾ ਮੇਰੈ ਮਨਿ ਭਇਆ ਨਿਧਾਨਾ॥ (ਗਗਸ ਪੰਨਾਂ 186)। ‘ਗੁਰਬਾਣੀ ਤੇ ਇਤਿਹਾਸ ਵਾਰੇ’ ਪ੍ਰੋ. ਸਾਹਿਬ ਸਿੰਘ ਦੀ ਪੁਸਤਕ ਵਧੇਰੇ ਜਾਣਕਾਰੀ ਲਈ ਪੜ੍ਹੀ ਜਾ ਸਕਦੀ ਹੈ।

ਦਸਵੇਂ ਪਾਤਿਸ਼ਾਹ ਦੀਆਂ ਰਚਨਾਵਾਂ ਇਕੱਠੀਆਂ ਕਰਨ ਦਾ ਢੋਂਗ ਕਿਵੇਂ ਰਚਿਆ ਗਿਆ?

ਢੋਂਗ ਰਚਣ ਵਾਲ਼ਿਆਂ ਨੇ ਪਹਿਲਾਂ ਗ਼ਲਤ ਕਹਾਣੀਆਂ ਰਚ ਕੇ ਪਹਿਲੇ ਚਾਰ ਗੁਰੂ ਸਾਹਿਬਾਨ ਅਤੇ ਭਗਤਾਂ ਦੀ ਬਾਣੀ ਖਿਲਾਰ ਕੇ ਸਿੱਖਾਂ ਤੋਂ ਇਕੱਠੀ ਕਰਵਾਕੇ ਪੰਜਵੇਂ ਗੁਰੂ ਨੂੰ ਸੌਂਪੀ। ਕਿਸੇ ਸਿੱਖ ਨੂੰ ਰੱਬ ਦੀ ਦਰਗਾਹ ਵਿੱਚ ਉਚਾਰੀ ਬਾਣੀ ਲੈਣ ਰੱਬ ਦੀ ਦਰਗਾਹ ਵਿੱਚ ਭੇਜਿਆ ਗਿਆ, ਕੋਈ ਸਿੱਖ ਸੱਜਣ ਠੱਗ ਨੂੰ ‘ਸੱਜਣ’ ਬਣਾਉਣ ਵਾਲ਼ਾ ਸੁਣਾਇਆ ਸ਼ਬਦ ਲੈਣ ਲਈ ਤੁਲੰਬੇ ਟੱਕਰਾਂ ਮਾਰਨ ਲਈ ਗਿਆ, ਕੋਈ ਸਿੱਖ ਕੋਹੜੀ ਫ਼ਕੀਰ ਨੂੰ ਕਬਰ ਵਿੱਚੋਂ ਜਗਾ ਕੇ ਉਸ ਪ੍ਰਤੀ ਉਚਾਰਿਆ ਸ਼ਬਦ ਉਸ ਤੋਂ ਸੁਣ ਕੇ ਉਤਾਰਾ ਕਰਨ ਲਈ ਚਲੇ ਗਿਆ ਤਾਂ ਜੁ ਪੰਜਵੇਂ ਗੁਰੂ ਜੀ ਨੂੰ ਲਿਆ ਕੇ ਦੇ ਸਕੇ। ਅਜਿਹੀਆਂ ਮਨਘੜਤ ਸਾਖੀਆਂ ਬਣਾ ਦਿੱਤੀਆਂ ਗਈਆਂ।ਫਿਰ ਦਸਵੇਂ ਗੁਰੂ ਜੀ ਦੇ ਨਾਂ ਤੇ ਰਚਨਾਵਾਂ ਖਿਲਾਰ ਕੇ ਸਿੱਖਾਂ ਤੋਂ ਇਕੱਠੀਆਂ ਕਰਵਾਉਣ ਦਾ ਢੋਂਗ ਰਚਿਆ ਗਿਆ। ਦਰਿਆ ਵਿੱਚ ਸੁੱਟੇ ਜਾਂ ਰੁੜ੍ਹੇ ਗ੍ਰੰਥ ਢੋਂਗਕਾਰੀਆਂ ਨੇ ਪਤਾ ਨਹੀਂ ਕਿਹੜੇ ਗ਼ੋਤਾਖ਼ੋਰਾਂ ਕੋਲ਼ੋਂ ਕਢਵਾ ਲਏ। ਢੋਂਗਕਾਰੀਆਂ ਵਲੋਂ ਆਪੂੰ ਫ਼ਰਜ਼ੀ ਖਿਲਾਰੀਆਂ ਗਈਆਂ ਦਸਵੇਂ ਗੁਰੂ ਜੀ ਦੇ ਨਾਂ ਹੇਠ ਲਿਖੀਆਂ ਰਚਨਾਵਾਂ ਨੂੰ ਇਕੱਠੀਆਂ ਕਰਨ ਤੇ ਸੰਭਾਲਣ ਦੇ ਪਖੰਡ ਲਈ ਇੱਕ ਚੋਟੀ ਦੇ ਗੁਰਸਿੱਖ ਭਾਈ ਮਨੀ ਸਿੰਘ ਜੀ ਨੂੰ ਅੱਗੇ ਕਰ ਦਿੱਤਾ। ਇਸ ਦਾ ਕਾਰਣ ਇਹ ਸੀ ਕਿ ਭਾਈ ਮਨੀ ਸਿੰਘ ਦੀਆਂ ਕਾਰਵਾਈਆਂ ਤੇ ਕਿਸੇ ਸਿੱਖ ਨੂੰ ਸ਼ੱਕ ਨਹੀਂ ਪਵੇਗਾ।

ਗੁਰੂ ਜੀ ਦੇ ਨਾਂ ਉੱਤੇ ਇਕੱਠੀਆਂ ਕੀਤੀਆਂ ਰਚਨਾਵਾਂ ਨਾਲ਼ ਭਾਈ ਮਨੀ ਸਿੰਘ ਅਤੇ ਗੁਰੂ ਕੇ ਮਹਿਲ ਮਾਤਾ ਸੰਦਰ ਕੌਰ ਅਤੇ ਮਾਤਾ ਸਾਹਿਬ ਕੌਰ ਜੀ ਦੀ ਪੁਜ ਕੇ ਕੀਤੀ ਨਿਰਾਦਰੀ:

ਦਸਵੇਂ ਪਾਤਿਸ਼ਾਹ ਜੀ ਦਾ ਨਾਂ ਵਰਤ ਕੇ ਰਚਨਾਵਾਂ ਖਿਲਾਰਨੀਆਂ ਤੇ ਮੁੜ ਇਕੱਠੀਆਂ ਕਰਨੀਆਂ ਬ੍ਰਾਮਣਵਾਦ ਵਲੋਂ ਚਲਾਇਆ ਢੋਂਗ ਸੀ। ਭਾਈ ਮਨੀ ਸਿੰਘ ਜੀ ਦੇ ਨਾਂ ਤੇ ਇੱਕ ਜਾਹਲੀ ਚਿੱਠੀ ਤਿਆਰ ਕੀਤੀ ਗਈ। ਇਹ ਚਿੱਠੀ ਭਾਈ ਮਨੀ ਸਿੰਘ ਵਲੋਂ ਗੁਰੂ ਕੇ ਮਹਿਲ ਮਾਤਾ ਸੁੰਦਰ ਕੌਰ ਅਤੇ ਮਾਤਾ ਸਾਹਿਬ ਕੌਰ ਵਲ ਭਿਜਵਾਈ ਗਈ। ਬ੍ਰਾਮਣਵਾਦ ਨੇ ਇੱਕ ਤੀਰ ਨਾਲ਼ ਕਈ ਨਿਸ਼ਾਨੇ ਕਰ ਲਏ। ਚਿੱਠੀ ਵਿੱਚ ਨਾਮ ਮਾਲ਼ਾ , ਕ੍ਰਿਸ਼ਨਾਵਤਾਰ ਤੋਂ ਬਿਨਾਂ ਜੋ ਰਚਨਾਵਾਂ ਭਾਈ ਮਨੀ ਸਿੰਘ ਜੀ ਵਲੋਂ ਮਾਤਾਵਾਂ ਨੂੰ ਭਿਜਵਾਈਆਂ ਗਈਆਂ ਉਹ ਮਰਦਾਂ ਅਤੇ ਔਰਤਾਂ ਦੀਆਂ ਗੁਪਤ ਕਹਾਣੀਆਂ ਵਾਲ਼ੇ 303 ਤ੍ਰਿਅ ਚਰਿੱਤ੍ਰ ਸਨ। ਇਹ ਇੱਕ ਅਤੀ ਸ਼ਰਮਨਾਕ ਕਾਰਾ ਕੀਤਾ ਗਿਆ। ਇਹ ਜਾਹਲੀ ਚਿੱਠੀ ਬਣਾ ਕੇ ਭਾਈ ਮਨੀ ਸਿੰਘ ਦੀ ਇੱਜ਼ਤ ਤੇ ਗਹਿਰੇ ਦਾਗ਼ ਲਉਣ ਦੀ ਘਿਨਾਉਣੀ ਕੋਸ਼ਿਸ ਕੀਤੀ ਗਈ। ਫਿਰ ਇਹ ਗੰਦੀਆਂ ਰਚਨਾਵਾਂ ਮਾਵਾਂ ਸਮਾਨ ਗੁਰੂ ਸਮਾਨ ਮਾਤਾਵਾਂ ਨੂੰ ਭਿਜਵਾ ਕੇ ਮਾਤਾਵਾਂ ਦੇ ਚਰਿੱਤ੍ਰ ਤੇ ਵੀ ਚਿੱਕੜ ਸੁੱਟਣ ਦਾ ਕੋਝਾ ਤੇ ਨਿੰਦਣ ਯੋਗ ਯਤਨ ਕੀਤਾ ਗਿਆ। ਪਾਠਕੋ! ਕੀ ਤੁਸੀਂ ਇਸ ਗੱਲ ਨਾਲ਼ ਸਹਿਮਤ ਹੋਵੋਗੇ ਕਿ ਭਾਈ ਸਿੰਘ ਜੀ ਅਜਿਹੀਆਂ ਗੰਦੀਆਂ ਰਚਨਾਵਾਂ ਪਵਿੱਤ੍ਰ ਮਾਤਾਵਾਂ ਨੂੰ ਭੇਜ ਸਕਦੇ ਸਨ? ਜੇ ਨਹੀਂ? ਤਾਂ ਫਿਰ ਕੀ ਇਹ ਚਿੱਠੀ ਜਾਹਲੀ ਨਹੀਂ ਹੈ? ਇਹ ਚਿੱਠੀ ਡਾ. ਰਤਨ ਸਿੰਘ ਜੱਗੀ ਵਲੋਂ ਜਾਹਲੀ ਸਾਬਤ ਕੀਤੀ ਜਾ ਚੁੱਕੀ ਹੈ। ਡਾ. ਜੱਗੀ ਨੇ ਇਸ ਚਿੱਠੀ ਦੇ ਮਾਲਕ ਨੂੰ ਜਦੋਂ ਅਸਲ ਕਾਪੀ ਦਿਖਾਉਣ ਲਈ ਕਿਹਾ ਤਾਂ ਉਹ ਬਹਾਨੇਬਾਜ਼ੀ ਕਰ ਗਿਆ, ਪਰ ਚਿੱਠੀ ਦਾ ਪਦ-ਛੇਦ ਰੂਪ ਚਿੱਠੀ ਨੂੰ ਜਾਹਲੀ ਹੋਣ ਦਾ ਪ੍ਰਮਾਣ ਪੱਤ੍ਰ ਦੇ ਗਿਆ। ਭਾਈ ਮਨੀ ਸਿੰਘ ਜੀ ਦੇ ਸਮੇਂ ਲਿਖਤਾਂ ਪਦ-ਛੇਦ ਨਹੀਂ ਹੁੰਦੀਆਂ ਹਨ। ਇਸ ਚਿੱਠੀ ਦੀ ਨਕਲ ਹੇਠਾਂ ਦਿੱਤੀ ਗਈ ਹੈ।

ਭਾਈ ਮਨੀ ਸਿੰਘ ਸੰਨ 1737 ਈਸਵੀ ਵਿੱਚ ਸ਼ਹੀਦ ਕੀਤੇ ਗਏ ਸਨ। ਉਸ ਸਮੇਂ ਦੀ ਲਿਖਤ ਦਾ ਇਹ ਚਿੱਠੀ ਨਮੂਨਾ ਨਹੀਂ ਪੇਸ਼ ਕਰਦੀ। ਹੇਠਾਂ ਪੁਰਾਤਨ ਲਿਖਤ ਦਾ ਸਹੀ ਲੜੀਦਾਰ ਨਮੂਨਾ (ਉਨ੍ਹੀਵੀਂ ਸਦੀ ਦੇ ਪਹਿਲੇ ਅੱਧ ਤਕ ਲਿਖਤਾਂ ਲੜੀਦਾਰ ਹੀ ਹੁੰਦੀਆਂ ਸਨ) ਵੀ ਦੇਖੋ ਤੇ ਆਪ ਹੀ ਦੋਹਾਂ ਲਿਖਤਾਂ ਦੀ ਛਪਾਈ ਦਾ ਅੰਤਰ ਲੱਭੋ-

ਜਿਵੇਂ ਪਹਿਲਾ, ਹੁਕਮਨਾਮਾ ਹੈ, ਉਹ ਲੜੀਵਾਰ ਹੈ ਦੂਸਰੀ ਚਿੱਠੀ ਭਾਈ ਮਨੀ ਸਿੰਘ ਦੇ ਨਾਮ ਤੋਂ ਲਿਖੀ ਗਈ ਹੈ, ਉਹ ਪਦ ਛੇਦ ਵਾਲੀ ਹੈ

ੴ ਅਕਾਲ ਸਹਾਏ ॥

ਪੂਜ ਮਾਤਾ ਜੀ ਦੇ ਚਰਨਾ ਪਰ ਮਨੀ ਸਿੰਘ ਕੀ ਡੰਡੋਤਬੰਦਨਾ॥ ਬਹੁਰੋ ਸਮਾਚਾਰ ਵਾਚਨਾ ਕਿ ਇਧਰ ਆਉਨ ਪਰ ਸਾਡਾ ਸਰੀਰੁ ਵਾਯੂ ਕਾ ਅਧਿਕ ਵਿਕਾਰੀ ਹੋਇ ਗਇਆ ਹੈ॥ ਸੁਅਸਤ ਨਾਹੀ ਰਹਿਆ॥ ਤਾਪ ਕੀ ਕਥਾ ਦੋ ਬਾਰ ਸੁਨੀ॥ ਪਰ ਮੰਦਿਰ ਕੀ ਸੇਵਾ ਮੇਂ ਕੋਈ ਆਲੁਕ ਨਾਹੀ॥ ਦੇਸ ਵਿਚਿ ਖਾਲਸੇ ਦਾ ਬਲੁ ਛੁਟਿ ਗਇਆ ਹੈ॥ ਸਿੰਘ ਪਰਬਤਾਂ ਬਬਾਨਾ ਵਿਚਿ ਜਾਇ ਬਸੇ ਹੈਨ॥ ਮਲੇਛੋ ਕੀ ਦੇਸੁ ਮੇ ਦੋਹੀ ਹੈ॥ ਬਸਤੀ ਮੇਂ ਬਾਲਕ ਜਵਾਂ ਇਸਤਰੀ ਸਲਾਮਤੁ ਨਾਹੀ॥ ਮੁਛੁ ਮੁਛੁ ਕਰਿ ਮਾਰਦੇ ਹੈਨ॥ ਗੂਰੂ ਦਰੋਹੀ ਬੀ ਉਨਾ ਦੇ ਸੰਗ ਮਿਲਿ ਗਏ ਹੈਨ॥ ਹੰਦਾਲੀਏ ਮਿਲਿ ਕਰਿ ਮੁਕਬਰੀ ਕਰਦੇ ਹੈਨ॥ ਸਬੀ ਚਕੁ ਛੋੜ ਗਏ ਹੈਨ॥ ਮੁਤਸਦੀ ਭਾਗ ਗਏ ਹੈਨ॥ ਸਾਡੇ ਪਰ ਅਬੀ ਤੋ ਅਕਾਲ ਕੀ ਰਛਾ ਹੈ॥ ਕਲ ਕੀ ਖਬਰ ਨਾਹੀ॥ ਸਾਹਿਬਾਂ ਦੇ ਹੁਕਮ ਅਟਲ ਹੈਨ॥ ਬਿਨੋਦ ਸਿੰਘ ਦੇ ਪੁਤਰੇਲੇ ਦਾ ਹਕਿਮ ਸਤੁ ਹੋਇ ਗਇਆ ਹੈ॥ ਪੋਥੀਆਂ ਜੋ ਝੰਡਾ ਸਿੰਘ ਹਾਥਿ ਭੇਜੀ ਥੀ॥ ਉਨਾ ਵਿਚਿ ਸਾਹਿਬਾਂ ਦੇ ੩੦੩ ਚਰਿਤੲ ਉਪਖਿਆਨ ਦੀ ਪੋਥੀ ਦੀ ਪੋਥੀ ਜੋ ਹੈ ਸੇ ਸੀਹਾ ਸਿੰਘ ਨੂੰ ਮਹਲ ਵਿਚਿ ਦੇਨਾ ਜੀ॥ ਨਾਮ ਮਾਲਾ ਕੀ ਪੋਥੀ ਦੀ ਖਬਰੁ ਅਬੀ ਮਿਲੀ ਨਾਹੀ॥ ਕਰਿਸਨਾਵਤਾਰ ਪੂਰਬਾਰਧ ਤੋ ਮਿਲਾ॥ ਉਤਰਾਰਧ ਨਾਹੀ॥ ਜੋ ਮਿਲਾ ਅਸੀ ਭੇਜ ਦੇਵਾਂਗੇ॥ ਦੇਸਸ ਵਿਚਿ ਗੋਗਾ ਹੈ ਕਿ ਬੰਦਾ ਬੰਧਨ ਮੁਕਤਿ ਹੋਇ ਭਾਗ ਗਇਆ ਹੈ॥ ਸਾਹਿਬ ਬਾਹੁੜੀ ਕਰਨਗੇ॥ ਤੋਲਾ ੫ ਸੋਨਾ ਸਾਹਿਬਜਾਦੇ ਕੀ ਘਰਨੀ ਕੇ ਆਭੁਖਨ ਲਈ ਗੁਰੂਕਿਆਂ ਖੰਡੂਰ ਸੇ ਭੇਜਾ ਹੈ॥੧੭ ਰਜਤਪਨ ਬੀ ਝੰਡਾ ਸਿੰਘ ਸੇ ਭਰ ਪਾਨੇ॥ ਪੰਜ ਰਤਨਪਵ ਇਸੇ ਤੋਸਾ ਦਿਆ॥ ਇਸ ਨਮੁ ਬਦਰਕਾ ਬੀ ਹੈ। ਇਸ ਸੇ ਉਠਿ ਜਾਵੇਂਗੇ॥ ਮੁਸਤਦੀਓ ਨੇ ਹਿਸਾਬ ਨਾਹੀ ਦੀਆ॥ ਜੋ ਦੇਂਦੇ ਤਾਂ ਬੜੇ ਸਹਿਰ ਸੇ ਹੁੰਡੀ ਕਰਾਇ ਭੇਜਦੇ॥ ਅਸਾਡੇ ਸਰੀਰ ਦੀ ਰਛਿਆ ਰਹੀ ਤਾ ਕੁਆਰ ਦੇ ਮਹੀ ਆਵਾਗੇ॥ ਮਿਤੀ ੨੨ ਵੈਸਾਖੁ॥

ਦਸਖਤ ਮਨੀ ਸਿੰਘ॥ ਗੁਰੂ ਚਕੁ ਬੁੰਗਾ॥ ਜੁਆਬ ਪੋਰੀ ਮੇਂ॥

ਖਿੱਲਰੀਆਂ ਆਖ ਕੇ ਇਕੱਠੀਆਂ ਕੀਤੀਆਂ ਰਚਨਾਵਾਂ ਦਾ ਭੰਡਾਰ ਹੌਲ਼ੀ ਹੌਲ਼ੀ ਵਧਦਾ ਗਿਆ, ਜਿਨ੍ਹਾਂ ਨੇ ਹੁਣ ਦਸ਼ਮ ਗ੍ਰੰਥ ਦਾ ਰੂਪ ਧਾਰਨ ਕਰ ਲਿਆ ਹੈ। ਇਨ੍ਹਾਂ ਨੂੰ ਪੜ੍ਹ ਕੇ ਦੇਖੋ ਤਾਂ ਪਤਾ ਲੱਗਦਾ ਹੈ ਕਿ ਸਿਖਾਂ ਵਿੱਚ ਦੇਵੀ ਦੇਵਤਿਆਂ (ਦੁਰਗਾ ਮਹਾਕਾਲ਼) ਦੀ ਮਾਨਤਾ ਫੈਲਾਉਣ ਅਤੇ ਭੰਗ ਅਫ਼ੀਮ, ਸ਼ਰਾਬ ਆਦਿਕ ਨਸ਼ਿਆਂ ਦੇ ਸੇਵਨ ਦੀ ਰੁਚੀ ਦੇ ਨਾਲ਼ ਨਾਲ਼ ਵਿਭਚਾਰ ਵਰਗੇ ਅਵਗੁਣ ਭਰਨ ਲਈ ਇਕ ਜਾਲ਼ ਵਿਛਾਇਆ ਗਿਆ ਹੈ। ਇਨ੍ਹਾਂ ਲਿਖਤਾਂ ਦਾ ਮੂਲ਼ ਮੁੱਦਾਅ ਸਿੱਖਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਤੇ ਸੁੱਚੀ ਰੱਬੀ ਵਿਚਾਰਧਾਰਾ ਤੋਂ ਤੋੜ ਕੇ ਬ੍ਰਾਮਣਵਾਦੀ ਵਿਚਾਰਧਾਰਾ ਨਾਲ਼ ਜੋੜ ਕੇ ਹਿੰਦੂ ਮੱਤ ਵਿੱਚ ਜਜ਼ਬ ਕੀਤੇ ਜਾਣ ਦਾ ਹੈ। ਜੇ ਇਹ ਰਚਨਾਵਾਂ ਪੋਥੀਆਂ ਦੇ ਰੂਪ ਵਿੱਚ ਬਾਕੀ ਕਈ ਗ੍ਰੰਥਾਂ ਵਾਂਗ ਰਚਨਾਵਾਂ ਹੀ ਰਹਿੰਦੀਆਂ ਤਾਂ ਕੋਈ ਗੱਲ ਨਹੀਂ ਸੀ, ਭਾਵੇਂ ਕੋਈ ਇਨ੍ਹਾਂ ਨੂੰ ਪੜ੍ਹਦਾ ਜਾਂ ਨਾ ਪੜ੍ਹਦਾ। ਹੁਣ ਜਦੋਂ ਇਨ੍ਹਾਂ ਨੇ ਸਿੱਖਾਂ ਦੇ ਗੁਰੂ ਧੰਨੁ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰੀ ਕਰ ਲਈ ਹੈ, ਤਾਂ ਜ਼ਰੂਰ ਹੀ ਸਿੱਖ ਕੌਮ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top