Share on Facebook

Main News Page

ਪੰਥਿਕ ਸਰਕਾਰ...
-: ਹਰਨੇਕ ਸਿੰਘ ਹਕੀਕੀ

ਪੰਥਿਕ ਕਹਾਉਣ ਵਾਲੀ ਸਰਕਾਰ ਨੇ ਪੰਥ ਤੇ ਗ੍ਰੰਥ ਦੋਹਾਂ ਦੀ ਹੀ ਹਿਫ਼ਾਜ਼ਿਤ ਤੋਂ ਹੱਥ ਪਿੱਛੇ ਖਿੱਚ ਲਏ ਹਨ, ਇਸਦਾ ਪ੍ਰਤੱਖ ਸਬੂਤ ਨਿੱਤ ਯੋਜ਼ਨਾਬੰਧ ਤਰੀਕੇ ਨਾਲ ਵਾਪਰਦੀਆਂ ਘਟਨਾਵਾਂ ਹਨ। ਘਟਨਾ ਸਥਾਨ ਤੋਂ ਜਾਂ ਸਬੂਤਾਂ ਦੇ ਆਧਾਰ 'ਤੇ ਫੜੇ ਦੋਸ਼ੀਆਂ ਨੂੰ ਕੋਈ ਸਜ਼ਾ ਨਾ ਹੋਣੀ, ਪਰ ਸ਼ਾਂਤਮਈ ਤਰੀਕੇ ਨਾਲ ਇਨਸਾਫ਼ ਦੀ ਮੰਗ ਕਰਨ ਵਾਲਿਆਂ ਨਾਲ ਦੌਸ਼ੀਆਂ ਜਿਹਾ ਵਿਵਹਾਰ ਕਰਨਾ, ਸਰਕਾਰ ਦੇ ਰਵੱਈਏ ਨੂੰ ਸ਼ਪੱਸ਼ਟ ਜਾਹਿਰ ਕਰਦਾ ਹੈ ਕਿ ਹੁਣ ਸਰਕਾਰ ਦਾ ਪੰਥ ਅਤੇ ਗ੍ਰੰਥ ਨਾਲ ਮੋਹ ਭੰਗ ਹੋ ਚੁੱਕਾ ਹੈ। ਪੁਲਿਸ ਵੱਲੋਂ ਧਾਰਮਿਕ ਸਥਾਨਾਂ ਦੀ ਸੁਰੱਖਿਆਂ ਦਾ ਜ਼ਿੰਮਾ ਲੈਣ ਤੋਂ ਸਾਫ਼ ਨਾਂਹ ਕਰਨੀ,ਪਰ ਧਾਰਿਮਕ ਦੀਵਾਨਾਂ ਵਿੱਚ ਮਨਮਰਜ਼ੀ ਨਾਲ ਦਖਲਅੰਦਾਜ਼ੀ ਕਰਨਾ ਜਾਂ ਪ੍ਰਚਾਰਕਾਂ ਨਾਲ ਬਦ-ਸਲੂਕੀ ਕਰਨਾ ਵੀ, ਪੰਥ ਪ੍ਰਤੀ ਸਰਕਾਰੀ ਰਵੱਈਏ ਨੂੰ ਜੱਗ ਜਾਹਿਰ ਕਰਦਾ ਹੈ।

ਪੁਲਿਸ ਦਾ ਪਿੰਡਾਂ-ਸ਼ਹਿਰਾਂ ਦੇ ਗੁਰਦੁਆਰਿਆਂ ਦੇ ਪ੍ਰਬੰਧਕਾਂ, ਪੰਚਇਤਾ ਜਾਂ ਗ੍ਰੰਥੀ ਸਿੰਘਾਂ ਨੂੰ ਸਾਫ਼ ਤੌਰ 'ਤੇ ਕਹਿਣਾ ਕਿ ਸਾਡੀ ਗੁਰਦੁਆਰੇ ਦੀ ਜਾਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਕੋਈ ਜਿੰਮੇਵਾਰੀ ਨਹੀਂ ਹੈ, ਇਹ ਜ਼ਿੰਮੇਵਾਰੀ ਤੁਹਾਡੀ ਹੋਵੇਗੀ।

ਗੁਰਦੁਆਰਿਆਂ ਦੀ ਜਿੰਮੇਵਾਰੀ ਪ੍ਰਬੰਧਕਾਂ ਦੀ ਹੈ, ਇਸ ਵਿਚ ਕੋਈ ਸ਼ੱਕ ਨਹੀਂ। ਪਰ ਇਸ ਤਰ੍ਹਾਂ ਸਾਫ਼ ਤੌਰ 'ਤੇ ਹੀ ਪੁਲਿਸ ਵੱਲੋ ਅਸਮਰੱਥਾ ਦਿਖਾਉਣੀ, ਕੀ ਪੰਥਿਕ ਸਰਕਾਰ ਦੀ ਇਹ ਕਾਰਵਾਈ ਨਿੰਦਣਯੋਗ ਨਹੀਂ ਹੈ।

ਕੀ ਸ਼ਾਂਤਮਈ ਰੋਸ ਪ੍ਰਦਰਸ਼ਨ 'ਤੇ ਬੈਠੇ ਸਿੱਖਾਂ 'ਤੇ ਡਾਂਗ ਵਰਾਉਣੀ ਹੀ ਸਰਕਾਰ ਆਪਣੀ ਜ਼ਿੰਮੇਵਾਰੀ ਸਮਝਦੀ ਹੈ ਜਾਂ ਬੇ-ਦੋਸ਼ੇ ਪੁੱਤ ਮਾਰਨ ਨੂੰ ਜ਼ਿੰਮੇਵਾਰੀ ਸਮਝਦੀ ਹੈ।

ਹੁਣ ਜਦ ਇਹ ਪੰਥਿਕ ਪਾਰਟੀ ਆਗਾਂਹ ਵੋਟਾਂ ਮੰਗਣ ਆਵੇ ਤਾ ਖੁਦ ਨੂੰ ਪੰਥਿਕ ਕਹਾਉਣ ਵਾਲੇ ਇਨਾਂ ਪੰਥਿਕੀਆਂ ਤੋਂ ਕੀਤੀ ਇਸ ਟਿਚਰ (ਮਖਸਰੀ)ਦਾ ਜਵਾਬ ਜਰੂਰ ਲੈ ਲਿਓ, ਕਿਉਂਕਿ ਇਸੇ ਪੰਥਿਕ ਸਰਕਾਰ ਦੇ ਰਾਜ਼ ਵਿਚ ਪੰਥ ਡਾਂਗਾ ਗੋਲੀਆਂ ਖਾ ਰਿਹਾ ਹੈ ਤੇ ਗੁਰੂ ਸਾਹਿਬ ਨਾਲ ਤਾਂ ਜੋ ਹੋ ਰਹੀ ਹੈ, ਉਹ ਤਾਂ ਬਿਆਨੀ ਹੀ ਨਹੀਂ ਜਾ ਸਕਦੀ। ਤੇ ਪੰਥਿਕ ਸਰਕਾਰ ਸਭ ਜ਼ਿੰਮੇਵਾਰੀਆ ਤੋਂ ਲਾਭੇ ਹੋਈ ਜਾ ਰਹੀ ਹੈ।ਇਸ ਤੋਂ ਵੱਡਾ ਧੋਖਾ ਹੋਰ ਕੀ ਹੋ ਸਕਦਾ ਹੈ ਕਿ ਵੋਟਾਂ ਵਾਲੇ ਵੋਟਾਂ ਲੈ ਕੇ ਚੰਗਾ ਰਾਜ਼ ਪ੍ਰਬੰਧ ਕਰਨ ਤੋਂ ਮੁਨਕਰ ਹੋ ਗਏ ਤੇ ਪੰਜਾਬ ਨੂੰ ਜੰਗਲ ਰਾਜ਼ ਬਣਾ ਤਾ। ਦੂਜੇ ਪਾਸੇ ਵਿਹਲੜ ਲਾਣਾ ਤੇ ਐਸ। ਜੀ। ਪੀ। ਸੀ। ਗੋਲਕਾਂ ਨੱਪ ਕੇ ਮੁਕਰ ਗਏ। ਸ਼ਰਧਾਲੂਆ ਦੇ ਸਿਰ ਪਾੜਨ ਲਈ ਜਾਂ ਗੋਲਕਾਂ ਤੇ ਕਬਜ਼ੇ ਕਰਨ ਲਈ ਤਾਂ ਫੋਰਸਾਂ ਬਹੁਤ ਆ, ਪਰ ਜਿਹਦੇ ਨਾਮ ਤੇ ਖਾ -ਖਾ ਅੱਗਰੇ ਦਾ ਚੜਾਵਾ ਤਿੰਨ ਤਾਰੇ ਤੇ ਅਨੇਕਾਂ ਬਿਜ਼ਨਿਸ ਖੜੇ ਕਰ ਲਏ, ਉਹਦੀ ਜਰਾ ਜ਼ਿੰਨੀ ਵੀ ਪਰਵਾਹ ਨਹੀਂ। ਸਿੱਖਾਂ ਦੀ ਸ਼ਕਤੀ (ਵੋਟਾਂ)ਵੀ ਠੱਗੀਆਂ ਗਈਆਂ ਅਤੇ ਸ਼ਰਧਾਂ (ਦਾਨ,ਚੜਾਵਾ) ਉਹ ਵੀ ਠੱਗਿਆਂ ਗਿਆ। ਇਹਨਾ ਦੋਨਾਂ ਕੋਲ ਰਾਜ਼ਸੀ ਤਾਕਤ ਦੇ ਨਾਲ-ਨਾਲ ਹਰ ਸਾਧਨ ਮੌਜੂਦ ਹੋਣ ਦੇ ਬਾਵਜੂਦ ਵੀ ਦੋਸ਼ੀਆ ਦਾ ਨਾ ਮਿਲਣਾ,ਘਟੀਆ ਕਾਰਵਾਈਆਂ ਵਿੱਚ ਤੇਜ਼ੀ ਆਉਣੀ, ਬਿਲਕੁਲ ਉਵੇ ਦੀ ਤਾਂ ਨਹੀਂ,ਜਿਵੇ ਰਾਜੀਵ ਗਾਂਧੀ ਨੇ ਦੰਗਾਕਾਰੀਆਂ (ਲੁਟੇਰਿਆਂ) ਨੂੰ ੩੬ਘੰਟੇ ਦਿੱਤੇ ਸਨ।ਕਿ ਕਰੋ ਜੋ ਕਰਨਾ ਨਿਸ਼ਚਿਤ ਸਮੇਂ ਤੋਂ ਬਾਅਦ, ਸ਼ਾਤੀ ਬਹਾਲ ਕਰ ਦਿੱਤੀ ਜਾਵੇਗੀ।

ਦੂਜੇ ਪਾਸੇ ਇਹੋ ਪੰਥਿਕ ਸਰਕਾਰ ਮੁਰਦਿਆਂ ਲਈ ਵੀ ਜ਼ ਸਕਿਊਰਟੀ ਦਾ ਪ੍ਰਬੰਧ ਇੱਕ ਦੋ ਦਿਨ ਲਈ ਨਹੀਂ, ਸਗੋ ਸਾਲਾਂਬੱਧੀ ਕਰ ਰਹੀ ਹੈ ਅਤੇ ਫਿਲਮੀ ਪੋਸ਼ਟਰਾਂ ਦੀ ਰਾਖੀ, ਸ਼ਾਤੀ ਬਹਾਲ ਕਰਾਉਣ ਦੇ ਨਾਮ ਤੇ ਕਰ ਰਹੀ ਹੈ।

ਸਿੱਖ ਕੌਮ ਦੇ ਦੋਖੀਆਂ ਤੱਕ ਨੂੰ ਬਿਨਾਂ ਪੰਥ ਦੀ ਸਹਿਮਤੀ ਦੇ ਮੁਆਫੀਨਾਮੇ ਜਾਰੀ ਕੀਤੇ ਜਾਦੇ ਹਨ, ਸਿਰਫ ਸ਼ਾਤੀ ਬਹਾਲ ਕਰਨ ਦੇ ਨਾਮ ਤੇ ਸਭ ਤੋ ਵੱਧ ਸਕਿਊਰਟੀ ਇਨਾ ਮਹੌਲ ਖਰਾਬ ਕਰਨ ਵਾਲੇ ਲੋਕਾ ਨੂੰ ਦਿੱਤੀ ਜਾ ਰਹੀ ਹੈ। ਜਾਗਤ ਤੇ ਜਗਤ ਗੁਰੂ ਨੂੰ ਵੀ ਅੱਜ ਰਾਖੀਆਂ ਦੀ ਜਰੂਰਤ ਜਿਹਨਾਂ ਮਰੀਆਂ ਜਮੀਰਾਂ ਵਾਲਿਆਂ ਦੀ ਗਲਤ ਬਿਆਨੀ ਕਰਕੇ ਬਣ ਗਈ ਹੈ, ਉਹਨਾਂ ਜਿਊਂਦੇ ਮੁਰਦਿਆਂ ਦੀ, ਸਰਕਾਰ ਨੂੰ ਬਹੁਤ ਚਿੰਤਾ ਹੈ ਤੇ ਹਰ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਪਰ ਜਿਸ ਗੁਰੂ ਦੀ ਬਦੌਲਤ ਇਹ ਸਰਦਾਰੀਆਂ, ਜੱਥੇਦਾਰੀਆਂ ਤੇ ਰਾਜ਼ -ਭਾਗ ਮਿਲੇ ਹਨ, ਉਸ ਦਾਤਾ ਦੇ ਦਾਤੇ ਨੂੰ ਬਲਦੀ ਅੱਗ ਵਿੱਚ ਮਾਨੋ ਲਵਾਰਸ ਕਰਕੇ ਹੀ ਛੱਡ ਦਿੱਤਾ ਹੈ।

ਇਕ ਹੋਰ ਗੱਲ ਵੱਲ ਧਿਆਨ ਦਿਵਾਉਣਾ ਚਾਹਾਗਾ ਕਿ ਇਸ ਸਾਜ਼ਿਸ਼ ਦਾ ਅਸਹਿ ਦੁੱਖ ਜਿੱਥੇ ਸਭ ਸਿੱਖ ਜਗਤ ਨੂੰ ਹੋ ਰਿਹਾ ਹੈ ਉੱਥੇ ਜਾਤ -ਪਾਤ ਦੇ ਵਿਤਕਰੇ ਕਾਰਨ ਇਸਦਾ ਸਭ ਤੋ ਵੱਧ ਨੁਕਸਾਨ ਮਜ਼ਬੀ (ਬਾਲਮੀਕ) ਸਿੱਖਾਂ ਨੂੰ ਹੋ ਰਿਹਾ ਹੈ, ਜਿੰਨਾ ਨੂੰ ਜਾਤ ਅਭਿਮਾਨੀ ਆਪਣੇ ਗੁਰਦੁਆਰਿਆਂ ਵਿੱਚ ਤਾਂ ਵੜਨ ਨਹੀਂ ਦਿੰਦੇ ਪਰ ਗੁਰੂ ਸਾਹਿਬ ਵਿੱਚ ਅਟੁੱਟ ਵਿਸ਼ਵਾਸ਼ ਰੱਖਣ ਵਾਲੇ ਇਹ ਗਰੀਬੜੇ ਸਿੱਖ ਨਾ ਤਾਂ ਆਪਣੇ ਹਰ ਗੁਰਦੁਆਰੇ ਵਿੱਚ ਗ੍ਰੰਥੀ ਸਿੰਘ ਦੀ ਵਿਵਸਥਾ ਕਰ ਸਕਦੇ ਹਨ ਤੇ ਨਾ ਹੀ ਆਪਣੇ ਰਸਮਾਂ ਰਿਵਾਜ਼ ਗੁਰੂ ਮਹਾਰਾਜ਼ ਤੋਂ ਬਿਨਾਂ ਕਰ ਸਕਦੇ ਹਨ।ਉੱਤੋ ਪ੍ਰਸ਼ਾਸ਼ਨ ਦਬਾਅ ਬਣਾ ਰਿਹਾ ਹੈ ਕਿ ਰਖਵਾਲੀ ਯਕੀਨੀ ਬਣਾਓ, ਨਹੀਂ ਮਹਾਰਾਜ਼ ਦੇ ਸਰੂਪ ਜਮਾਂ ਕਰਵਾਉ। ਹੁਣ ਸਾਰਾ ਦਿਨ ਕੰਮ ਕਾਰ ਕਰਕੇ ਰਾਤ -ਰਾਤ ਭਰ ਕਿੱਥੋਂ ਜਾਗ ਹੋਵੇ। ਜੇ ਇਹ ਮਹਾਰਾਜ਼ ਦੇ ਸਰੂਪ ਜਮਾਂ ਕਰਵਾਉਦੇ ਹਨ ਤਾਂ ਫਿਰ ਕਿਸੇ ਨੇ ਇਹਨਾਂ ਨੂੰ ਮਹਾਰਾਜ਼ ਦਾ ਸਰੂਪ ਛੇਤੀ ਦੇਣਾ ਨਹੀਂ ਕਿਉਂਕਿ ਨਾਂ ਤਾ ਇਨਾਂ ਨੂੰ ਆਪਣੇ ਵਿੱਚੋਂ ਪੰਜ਼ ਸਿੰਘ ਲੱਭਣ, ਨਾਂ ਫੁਰਮਾਇਸ਼ ਲੱਭੇ।

ਅਤਿ-ਨਿੰਦਣਯੋਗ ਜੋ ਬੇ-ਅਦਬੀ ਦੀਆਂ ਘਟਨਾਵਾਂ ਵਾਪਰਦੀਆਂ ਹਨ, ਉਹਨਾਂ ਵਿੱਚ ਵੀ ਜ਼ਿਆਦਾਤਰ ਇਹਨਾਂ ਨਾਲ ਹੀ ਸੰਬੰਧਿਕ ਲੋਕ ਦੌਸ਼ੀ ਪਾਏ ਜਾਦੇ ਹਨ ਜਾਂ ਹਕੂਮਤ ਵੱਲੋ ਦੌਸ਼ੀ ਬਣਾ ਦਿੱਤੇ ਜਾਦੇ ਹਨ। ਨਸ਼ੱਈ, ਮੌਕਾਪ੍ਰਸਤ, ਲਾਲਚੀ ਜਾਂ ਆਚਰਣਹੀਣ ਵਿਅਕਤੀਆਂ ਦੇ ਕੁਕਰਮਾਂ ਨੂੰ ਜਾਤ ਜਾਂ ਧਰਮ ਨਾਲ ਜੋੜ ਕੇ ਨਾ -ਦੇਖਣ ਦੀ ਬੇਨਤੀ ਹੈ ਮੇਰੇ ਵੱਲੋ ਸਾਰੇ ਪੰਥ ਨੂੰ।

ਇਕ ਤਰਾਂ ਨਾਲ ਇਸ ਸਮੇਂ ਇਹਨਾਂ ਮਜ਼ਬੀ ਸਿੱਖਾਂ ਨੂੰ ਜਿਵੇ ਗ੍ਰੰਥ ਤੇ ਪੰਥ ਨਾਲੋ ਤੋੜਨ ਲਈ ਇਹਨਾਂ ਅਤਿ ਨਿੰਦਣਯੋਗ ਘਟਨਾਵਾਂ ਦਾ ਇਸਤੇਮਾਲ ਬੜਾ ਸੋਚ-ਸਮਝ ਕੀਤਾ ਜਾ ਰਿਹਾ ਹੈ, ਜੋ ਕਿ ਬਹੁਤ ਗਲਤ ਹੈ।ਇਸ ਮੁਸ਼ਕਿਲ ਦੀ ਘੜੀ ਵਿੱਚ ਜਾਤ ਪਾਤ ਤੋਂ ਉਪਰ ਉੱਠ ਕੇ ਪੰਥਿਕ ਏਕਤਾ ਲਈ ਹਰ ਇੱਕ ਸਿੱਖ ਨੂੰ ਯਤਨਸ਼ੀਲ ਹੋਣਾ ਚਾਹੀਦਾ ਹੈ।

ਬਾਕੀ ਸੋਚੋ ਸਮਝੋ ਜਰੂਰ ਕਿ ਹੋ ਕੀ ਰਿਹਾ ਹੈ ਤੇ ਕਾਰਨ ਕੀ ਹੋ ਸਕਦੇ ਹਨ? ਕਿਉਂਕਿ ਅੱਜ ਤਾਈ ਸ਼ਿਕਲੀਕਰ ਤੇ ਵਣਜਾਰੇ ਸਿੱਖਾਂ ਨੂੰ ਇਹਨਾਂ ਜਾਤ ਅਭਿਮਾਨੀਆਂ ਦੀ ਵਜਾ ਕਰਕੇ ਹੀ ਸਿੱਖ ਧਰਮ ਵਿੱਚ ਪੂਰਨ ਰੂਪ ਵਿੱਚ ਥਾਂ ਨਹੀਂ ਮਿਲ ਰਹੀ ਤੇ ਅੱਜ ਅਸੀ ਇਹਨਾਂ ਮਜ਼ਬੀ ਸਿੱਖਾਂ ਨੂੰ ਵੀ ਨਾ ਗੁਆ ਲਈਏ।

ਇਸ ਕਰਕੇ ਪੰਥ ਤੇ ਗ੍ਰੰਥ ਦੇ ਵਾਲੀ ਨੂੰ ਯਾਦ ਕਰਕੇ, ਸਿਆਸਤ ਦੇ ਭੈੜੇ ਮਨਸੂਬਿਆਂ ਨੂੰ ਨਾ-ਕਾਮਯਾਮ ਕਰਨ ਦੇ ਨਾਲ -ਨਾਲ, ਸਾਰੇ ਪੁਆੜੇ ਦੀ ਅਸਲੀ ਜੜ੍ਹ ਦੀ ਪਹਿਚਾਣ ਕਰੀਏ ਅਤੇ ਗੁਰਦੁਆਰਿਆਂ ਦੀ ਰਖਵਾਲੀ ਦੇ ਨਾਲ -ਨਾਲ, ਆਪਸੀ ਇੰਤਫਾਕ ਦੀ ਰਖਵਾਲੀ ਵੀ ਜਰੂਰ ਕਰੀਏ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top