Share on Facebook

Main News Page

ਭਾਈ ਸਾਹਿਬ ਹਰਜਿੰਦਰ ਸਿੰਘ ਜੀ ਰਾਗੀ ਨੇ ਕੱਢਿਆ ਗਿਆਨ ਦਾ ਦਿਵਾਲ਼ਾ !!!
-: ਪ੍ਰੋ. ਕਸ਼ਮੀਰਾ ਸਿੰਘ USA

ਸ਼੍ਰੀ ਨਗਰ ਵਾਲ਼ੇ ਭਾਈ ਹਰਜਿੰਦਰ ਸਿੰਘ ਜੀ ਰਾਗੀ ਨੂੰ ‘ਭਾਈ ਸਾਹਿਬ’ ਦੇ ਖ਼ਿਤਾਬ ਨਾਲ਼, ਸ਼੍ਰੀ ਅਕਾਲ ਤਖ਼ਤ ਸਾਹਿਬ ਵਲੋਂ, ਗੁਰਬਾਣੀ ਗਾਇਨ ਦੇ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਵਲੋਂ ਸਨਮਾਨਿਆਂ ਵੀ ਗਿਆ ਹੈ। ਸੰਗਤਾਂ ਵਿਚ ਉਨ੍ਹਾਂ ਦਾ ਬੜਾ ਨਾਂ ਹੈ। ਭਾਵੇਂ ‘ਸਾਹਿ਼ਬ’ ਸ਼ਬਦ ਅ਼ਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹਨ- ‘ਮਾਲਿਕ’ ਜਾਂ 'ਆਕਾ'। ਪਰ ਇਸ ਸ਼ਬਦ ਦੀ ਦੁਰਵਰਤੋਂ ਵੀ ਬਹੁਤ ਕੀਤੀ ਜਾ ਰਹੀ ਹੈ, ਜਿਵੇਂ ‘ਸਰਦਾਰ’ ਸ਼ਬਦ ਦੀ, ਜਦੋਂ ਇਸ ਨੂੰ ਸਿਰੋਂ ਮੋਨਿਆਂ ਨਾਲ਼ ਵੀ ਧਾਰਮਿਕ ਸਥਾਨਾਂ ਅੰਦਰ ਵਰਤਿਆ ਜਾਂਦਾ ਹੈ। ‘ਸਾਹਿ਼ਬ’ ਸ਼ਬਦ ਦੀ ਵਰਤੋਂ ਸ਼੍ਰੀ ਗੁਰੂ ਗ੍ਰੰਥ ਸਾਹਿ਼ਬ ਜੀ ਅਤੇ ਗੁਰੂ ਸਹਿ਼ਬਾਨ ਦੇ ਨਾਵਾਂ ਨਾਲ਼ ਕਰਨੀ ਯੋਗ ਹੈ ਅਤੇ ਖ਼ੂਬ ਜਚਦੀ ਹੈ ਕਿਉਂਕਿ ਉਹ ਦੀਨ ਦੁਨੀ ਦੇ ਮਾਲਿਕ ਹਨ।

ਦੇਖਿਆ ਗਿਆ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿ਼ਬ ਸੱਚੇ ਪਾਤਿਸ਼ਾਹ ਜੀ ਦੀ ਹਜ਼ੂਰੀ ਵਿੱਚ ਵੀ ਬੰਦਿਆਂ ਨੂੰ ਝੂਠਾ ਮਾਣ ਦੇਣ ਲਈ ਉਨ੍ਹਾਂ ਦੇ ਨਾਵਾਂ ਨਾਲ਼ ਵੀ ‘ਸਾਹਿ਼ਬ’ ਸ਼ਬਦ ਦੀ ਵਰਤੋਂ ਕਰ ਕੇ ਗੁਰੂ ਜੀ ਸਮਾਨ ਮਾਲਿਕ ਬਣਾਇਆ ਜਾ ਰਿਹਾ ਹੈ।

ਭਾਈ ਹਰਜਿੰਦਰ ਸਿੰਘ ਜੀ ਰਾਗੀ ਵਲੋਂ ਇੱਕ ਵੀਡੀਓ ਕਲਿੱਪ ਵਿਚ ‘ਸਿੱਖ ਚੈਨਲ’ ਦੀ ਮਸ਼ਹੂਰੀ ਕਰਦਿਆਂ ਦੇਖਿਆ ਗਿਆ ਹੈ, ਕਿ ‘ਸਿੱਖ ਚੈਨਲ’ ਵਲੋਂ ਕਥਿਤ ‘‘ਚੌਪਈ ਸਹਿ਼ਬ’’ ਦਾ 13 ਘੰਟੇ ਲਗਾਤਾਰ ਪਾਠ ਹੋਏਗਾ। ਉਨ੍ਹਾਂ ਇਹ ਵੀ ਕਿਹਾ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹੈ ਤੇ ਅਰਦਾਸਿ ਬਿਭੌਰ ਸਾਹਿਬ ਹੋਏਗੀ, ਜਿੱਥੇ ਗੁਰੂ ਜੀ ਨੇ ਇਹ ਚੌਪਈ ਉਚਾਰੀ ਸੀ।

ਭਾਈ ਹਰਜਿੰਦਰ ਸਿੰਘ ਜੀ ਰਾਗੀ ਨੂੰ ਕੁੱਝ ਸਵਾਲ:

  1. ਤੁਸੀਂ ਉਮਰ ਦਾ ਬਹੁਤਾ ਹਿੱਸਾ ਗੁਰਬਾਣੀ ਦੇ ਕੀਰਤਨ ਵਿੱਚ ਗੁਜ਼ਾਰਿਆ ਤੇ ਗੁਜ਼ਾਰ ਰਹੇ ਹੋ। ਤੁਹਾਨੂੰ ਅਜੇ ਤੱਕ ਕੱਚੀ ਅਤੇ ਸੱਚੀ ਬਾਣੀ ਦੀ ਪਛਾਣ ਕਰਨ ਦੀ ਜਾਚ ਕਿਉਂ ਨਹੀਂ ਆਈ? ਅਰਦਾਸਿ ਵਿੱਚ ਮੰਗਿਆ ਜਾਂਦਾ ਬਿਬੇਕ ਦਾਨ ਤੁਹਾਡੇ ਤੋਂ ਨਫ਼ਰਤ ਕਿਉਂ ਕਰਦਾ ਹੈ?

  2. ਤੁਸੀਂ ਕਿਹਾ ਹੈ ਕਿ ਇਹ ਚੌਪਈ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ। ਤੁਸੀਂ ਕਿਹੜੀ ਕਸਵੱਟੀ ਨਾਲ਼ ਇਹ ਕਹਿ ਰਹੇ ਹੋ? ਕੀ ਤੁਹਾਨੂੰ ਚੌਪਈ ਵਿੱਚ ‘ਨਾਨਕ’ ਸ਼ਬਦ ਦੀ ਮੁਹਰ ਵੀ ਦਿਸਦੀ ਹੈ, ਜਿਸ ਤੋਂ ਤੁਸੀ ਇਸ ਕੱਚੀ ਰਚਨਾ ਨੂੰ ਗੁਰੂ ਕ੍ਰਿਤ ਹੋਣ ਦੀ ਘੋਸ਼ਣਾ ਕਰ ਰਹੇ ਹੋ? ਕੀ ਕਦੇ ਸ਼੍ਰੀ ਗੁਰੂ ਗ੍ਰੰਥ ਸਾਹਿ਼ਬ ਜੀ ਤੋਂ ਵੀ ਪੁੱਛਿਆ ਹੈ ਕਿ ਗੁਰੂ ਕ੍ਰਿਤ ਬਾਣੀ ਦੀ ਕੀ ਪਛਾਣ ਹੁੰਦੀ ਹੈ? ਤੁਸੀਂ ਅਟਕਲ਼ ਪੱਚੂ ਲਾ ਕੇ ਇਸ ਰਚਨਾ ਨੂੰ ਗੁਰੂ ਕ੍ਰਿਤ ਕਿਵੇਂ ਕਿਹਾ ਹੈ? ਕੀ ਤੁਸੀਂ ਅਜਿਹਾ ਕਰ ਕੇ ਗੁਰੂ ਪਦਵੀ ਦੀ ਨਿਰਾਦਰੀ ਅਤੇ ਆਪਣੀ ਸ਼ਾਨ ਨੂੰ ਵੱਟਾ ਨਹੀਂ ਲਾਇਆ?

  3. ਤੁਸੀਂ ਕਿਹਾ ਹੈ ਕਿ ਗੁਰੂ ਜੀ ਨੇ ‘ਬਿਭੌਰ ਸਾਹਿਬ’ ਚੌਪਈ ਉਚਾਰੀ। ਕੀ ਤੁਹਾਨੂੰ ਹੁਣ ਤੱਕ ਇਹ ਵੀ ਨਹੀਂ ਪਤਾ ਲੱਗਾ ਕਿ ਚੌਪਈ ਇੱਕ ਇਕੱਲੀ ਆਜ਼ਾਦ ਰਚਨਾ ਨਹੀਂ ਹੈ? ਕੀ ਤੁਹਾਨੂੰ ਪਤਾ ਹੈ ਕਿ ਇਹ ਚੌਪਈ ਤੀਵੀਆਂ ਮਰਦਾਂ ਦੀਆਂ ਗੁਪਤ ਕਹਾਣੀਆਂ ਵਾਲ਼ੇ ‘ਤ੍ਰਿਅ ਚਰਿੱਤ੍ਰਾਂ/ਚਰਿਤ੍ਰੋਪਾਖਿਆਨ’ ਵਾਲ਼ੇ ਅਧਿਆਇ ਵਿੱਚੋਂ ‘ਤ੍ਰਿਅ ਚਰਿੱਤ੍ਰ’ ਨੰਬਰ 404 ਵਿੱਚੋਂ ਹੈ? ਕੀ ਤੁਹਾਨੂੰ ਇਹ ਵੀ ਨਹੀਂ ਪਤਾ ਹੈ ਕਿ ਇਸ ਤ੍ਰਿਅ ਚਰਿੱਤ੍ਰ ਦੇ 405 ਬੰਦ ਹਨ ਅਤੇ ਚੌਪਈ ਬੰਦ ਨੰਬਰ 377 ਤੋਂ ਸ਼ੁਰੂ ਹੁੰਦੀ ਹੈ ਜਿਸ ਤੋਂ ਸਿੱਧ ਹੁੰਦਾ ਹੈ ਕਿ ਚੌਪਈ ਵੱਖਰੀ ਇੱਕ ਆਜ਼ਾਦ ਰਚਨਾ ਨਹੀਂ ਹੈ?

  4. ਕੀ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਬ੍ਰਾਹਮਣਵਾਦੀ ਪ੍ਰਭਾਵ ਹੇਠ ਨਿੱਤ-ਨੇਮ ਵਿੱਚ ਪਾਈ ਚੌਪਈ ਪੂਰੀ ਨਹੀਂ ਹੈ? ਇਸ ਦੇ ਪਿਛਲੇ ਚਾਰ ਬੰਦ ਕਿਉਂ ਛੱਡ ਦਿੱਤੇ ਗਏ? ਕੀ ਇਹ ਚਾਰ ਬੰਦ ਮਾਈ ਦੁਰਗਾ ਦੀ ਹੋਈ ਕਿਰਪਾ ਦਾ ਬਿਆਨ ਕਰਦੇ ਕਰਕੇ ਤਾਂ ਛੱਡ ਦਿੱਤੇ ਗਏ? ਜੇ ਗੁਰੂ ਜੀ ਨੇ ਆਪਣੇ ਉੱਤੇ ਹੋਈ ਮਾਈ ਦੁਰਗਾ ਦੀ ਕਿਰਪਾ ਲਿਖਿਆ ਹੈ ਤਾਂ ਇਸ ਅਸਲੀਅਅਤ ਨੂੰ ਕਿਉਂ ਲੁਕਾ ਲਿਆ ਗਿਆ?

  5. ਤੁਹਾਡੇ ਕਹਿਣ ਅਨੁਸਾਰ ਜੇ ਨਿੱਤ-ਨੇਮ ਵਾਲ਼ੀ ਅਧੂਰੀ ਚੌਪਈ (25 ਬੰਦਾਂ ਵਾਲ਼ੀ) ਗੁਰੂ ਜੀ ਨੇ ਬਿਭੌਰ ਵਿਖੇ ਵਿੱਚ ਉਚਾਰੀ ਸੀ, ਤਾਂ ਚੌਪਈ ਦਾ ਬਾਕੀ ਹਿੱਸਾ (ਮਗਰਲੇ 4 ਬੰਦ) ਕਿੱਸ ਨੇ ਅਤੇ ਕਿੱਥੇ ਉੱਚਾਰਿਆ? ਕੀ ਬਿਭੌਰ ਵਰਗੀ ਕੋਈ ਹੋਰ ਥਾਂ ਵੀ ਲੱਭੋਗੇ ਜਿੱਥੇ ਚੌਪਈ ਦਾ ਬਾਕੀ ਹਿੱਸਾ ਉਚਾਰਿਆ ਗਿਆ, ਤਾਂ ਜੁ ਸਿੱਖ ਚੈਨਲ ਓਥੇ ਵੀ ਅਰਦਾਸਿ ਕਰ ਸਕੇ?

  6. ਜੇ ਤੁਸੀਂ ਕਹਿੰਦੇ ਹੋ ਕਿ ਗੁਰੂ ਜੀ ਨੇ ਚੌਪਈ ਬਿਭੌਰ ਵਿਖੇ ਉਚਾਰੀ ਸੀ ਤਾਂ ਤ੍ਰਿਅ ਚਰਿੱਤ੍ਰ ਦੇ ਬਾਕੀ ਪਹਿਲੇ 376 ਬੰਦ ਕਿਸਨੇ ਅਤੇ ਕਿੱਥੇ ਉਚਾਰੇ ਸਨ, ਜੋ ਚੌਪਈ ਵਾਲ਼ੀ ਰਚਨਾ ਦਾ ਹਿੱਸਾ ਹਨ?

  7. ਜੇ ਤੁਸੀਂ ਚੌਪਈ ਨੂੰ ਗੁਰੂ ਕ੍ਰਿਤ ਮੰਨਦੇ ਹੋ, ਤਾਂ ਚੌਪਈ ਦੇ ਅੰਕ ਬਦਲ ਕੇ 1 ਤੋਂ 25 ਤੱਕ ਗਿਣਤੀ ਕਿਉਂ ਲਿਖੀ ਗਈ? ਚੌਪਈ ਦੇ ਬੰਦ ਤਾਂ 377 ਤੋਂ 405 ਤਕ ਹਨ। ਕੀ ਗੁਰੂ ਕ੍ਰਿਤ ਕਿਸੇ ਰਚਨਾ ਵਿੱਚ ਅੰਕਾਂ ਦਾ ਫੇਰ ਬਦਲ ਕੀਤਾ ਜਾ ਸਕਦਾ ਹੈ? ਜੇ ਨਹੀਂ ਤਾਂ ਇਹ ਚੌਪਈ ਗੁਰੂ ਕ੍ਰਿਤ ਰਚਨਾ ਕਿਵੇਂ ਹੋਈ?

  8. ਕੀ ਤੁਹਾਨੂੰ ਇਹ ਨਹੀਂ ਪਤਾ ਕਿ ਚੌਪਈ ਵਾਲ਼ੀ ਰਚਨਾ ਵਿੱਚ ਮਹਾਂਕਾਲ ਇੱਕ ਸੁੰਦਰ ਇਸਤ੍ਰੀ ਦੂਲਹ ਦੇਈ ਨਾਲ਼ ਵਿਆਹ ਰਚਾਉਣ ਲਈ ਦੈਂਤਾਂ ਨਾਲ਼ ਲੜਨ ਵਿੱਚ ਦੂਲਹ ਦੇਈ ਦੀ ਮਦਦ ਕਰਦਾ ਹੈ?

  9. ਕੀ ਤੁਹਾਨੂੰ ਇਹ ਨਹੀਂ ਪਤਾ ਸੀ ਕਿ ਦੂਲਹ ਦੇਈ ਸੁੰਦਰੀ ਦੀ ਮੱਦਦ ਕਰਦਾ ਮਹਾਂਕਾਲ਼ ਦੈਤਾਂ ਨੂੰ ਮਾਰ ਕੇ ਜੰਗ ਜਿੱਤ ਜਾਂਦਾ ਹੈ ਤੇ ਲਿਖਾਰੀ (ਦੁਰਗਾ ਮਹਾਂਕਾਲ਼ ਦਾ ਪੂਜਾਰੀ ਪਰ ਤੁਹਾਡੇ ਅਨੁਸਾਰ ਗੁਰੂ ਜੀ) ਉਸੇ ਜੇਤੂ ਮਹਾਂਕਾਲ਼ ਦੇਵਤੇ ਅੱਗੇ ਲੇਲ੍ਹੜੀਆਂ ਕੱਢਦਾ ਚੌਪਈ ਲਿਖਦਾ ਹੈ, ਕਿ ਜਿਵੇਂ ਦੂਲਹ ਦੇਈ ਸੁੰਦਰੀ ਦੀ ਮਦਦ ਕੀਤੀ ਹੈ, ਮਹਾਂਕਾਲ਼ ਦੇਵਤਾ ਜੀ ਮੇਰੀ ਵੀ ਮੱਦਦ ਕਰੋ?

  10. ਦੂਲਹ ਦੇਈ ਸੁੰਦਰੀ ਅਤੇ ਮਹਾਂਕਾਲ਼ ਦੇਵਤੇ ਦੀ ਪਿਆਰ-ਵਿਵਾਹ ਦੀ ਕਹਾਣੀ ‘ਚੌਪਈ’ ਨੂੰ, ਤੁਸੀਂ ਗੁਰੂ ਕ੍ਰਿਤ ਕਹਿ ਕੇ ਕੀ ਗੁਰੂ ਜੀ ਨਾਲ਼ ਇਨਸਾਫ਼ ਕੀਤਾ ਹੈ?

  11. ਕੀ ਗੁਰੂ ਜੀ ਕੋਲ਼ ਇਤਨਾਂ ਵਿਹਲਾ ਸਮਾਂ ਸੀ, ਕਿ ਉਹ ਤੀਵੀਆਂ ਮਰਦਾਂ ਦੀਆਂ 404 ਗੁਪਤ ਕਹਾਣੀਆਂ ਲਿਖਦੇ ਰਹੇ, ਜਿਨ੍ਹਾਂ ਵਿੱਚ ਚੌਪਈ ਵੀ ਦਰਜ ਹੈ?

  12. ਕੀ ਤੁਸੀਂ ਕੀਰਤਨ ਕਰ ਕਰ ਕੇ ਬਾਣੀ ਲੋਕਾਂ ਨੂੰ ਹੀ ਸੁਣਾਈ ਹੈ ਜਾਂ ਬਾਣੀ ਦੇ ਅਰਥ ਆਪ ਵੀ ਪੜ੍ਹੇ ਹਨ? ਕੀ ਤੁਹਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖੀ ਸਿਧਾਂਤਾਂ ਦਾ ਪਤਾ ਨਹੀਂ ਲੱਗਾ ਤੇ ਕੱਚੀ ਬਾਣੀ ਨੂੰ ਸੱਚੀ ਧੁਰ ਕੀ ਬਾਣੀ ਦਾ ਰੁਤਵਾ ਦੇ ਦਿੱਤਾ?

  13. ਜੇ ਇਹ ਚੌਪਈ ਧੁਰ ਕੀ ਬਾਣੀ ਹੁੰਦੀ ਤਾਂ ਕੀ ਗੁਰੂ ਜੀ ਇਸ ਨੂੰ ਦਮਦਮੀ ਬੀੜ ਵਿੱਚ ਨਾ ਦਰਜ ਕਰਦੇ, ਜਦੋਂ ਉਨ੍ਹਾਂ ਆਪਣੇ ਪਿਤਾ ਜੀ ਦੀ ਧੁਰ ਕੀ ਬਾਣੀ ਆਪ ਦਰਜ ਕਰਾਈ ਸੀ?

  14. ਕੀ ਤੁਹਾਨੂੰ ਮਿਲ਼ੇ ‘ਭਾਈ ਸਾਹਿਬ’ ਦੇ ਰੁਤਬੇ ਅਤੇ ‘ਨਾਨਕ’ ਜੋਤਿ ਦੇ ਲਿਖੇ ਹੋਏ ਸੈਂਕੜੇ ਸ਼ਬਦਾਂ ਦੇ ਆਪਣੀ ਰਸਨਾ ਨਾਲ਼ ਗਾਏ ਜਾਣ ਦਾ ਵੀ ਚੇਤਾ ਨਹੀਂ ਆਇਆ, ਕਿ ਉਸੇ ਪਵਿੱਤਰ ਹੋਈ ਰਸਨਾ ਨਾਲ਼ ਤੁਸੀਂ ਅਸਿਧੁਜ, ਖੜਗ ਕੇਤ, ਅਸਿਪਾਨ ਆਦਿਕ ਨਾਵਾਂ ਵਾਲ਼ੇ ਮਹਾਂਕਾਲ਼ ਅੱਗੇ ਦੇਵੀ ਪੂਜਕ ਕਵੀ ਦੀ ਕੀਤੀ ਬੇਨਤੀ ਨੂੰ ਸ਼ਾਹਿ ਸ਼ਾਹਿਨਸ਼ਾਹ ਦੀਨ ਦੁਨੀਆਂ ਦੇ ਵਾਲੀ ‘ਨਾਨਕ’ ਜੋਤਿ ਦੇ ਧਾਰਨੀ ਧੰਨੁ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੇ ਨਾਂ ਨਾਲ਼ ਜੋੜ ਦਿੱਤਾ?

  15. ਕੀ ਤੁਹਾਨੂੰ ਅਜੇ ਵੀ ਕੋਈ ਸ਼ੱਕ ਹੈ ਕਿ ਦਮਦਮੀ ਬੀੜ ਨੂੰ ਸੰਪੂਰਨ ਕਰਨ ਤੋਂ ਬਾਅਦ ਵੀ ਕੋਈ ਗੁਰੂ ਕ੍ਰਿਤ ਰਚਨਾ ਇਸ ਬੀੜ ਤੋਂ ਬਾਹਰ ਰਹਿ ਗਈ ਹੈ, ਜਿਸ ਦਾ ਦਸਵੇਂ ਗੁਰੂ ਜੀ ਨੂੰ ਸ਼ਾਮਲ ਕਰਨ ਦਾ ਚੇਤਾ ਨਹੀਂ ਆਇਆ ਤੇ ਤੁਹਾਨੂੰ ਆ ਗਿਆ ਹੈ?

  16. ਤੁਹਾਡੇ ਕੋਲ਼ ਕੀ ਸਬੂਤ ਹੈ ਕਿ ਚੌਪਈ ਗੁਰੂ ਜੀ ਕੋਲ਼ ਸੀ ਤੇ ਉਨ੍ਹਾਂ ਨੇ ਜਾਣ ਕੇ ਦਮਦਮੀ ਬੀੜ ਵਿੱਚ ਦਰਜ ਨਹੀਂ ਕੀਤੀ, ਜਦੋਂ ਕਿ ਸਿੱਖ ਵਿਦਵਾਨਾਂ ਦੀ ਖੋਜ ਅਨੁਸਾਰ ਦਸ਼ਮ ਗ੍ਰੰਥ ਨਾਲ਼ ਸੰਬੰਧਤ ਰਚਨਾਵਾਂ ਦਸਵੇਂ ਗੁਰੂ ਜੀ ਦੇ ਜੋਤੀ ਜੋਤਿ ਸਮਾਉਣ ਤੋਂ 67 ਤੋਂ 110 ਸਾਲਾਂ ਬਾਅਦ ਹੋਂਦ ਵਿੱਚ ਆਈਆਂ ਜਿਵੇਂ ਭਾਈ ਸੁੱਖਾ ਸਿੰਘ ਦੇ ਨਾਂ ਵਾਲ਼ੀ ਪੋਥੀ 67 ਸਾਲਾਂ ਬਾਅਦ, ਸੰਗਰੂਰ ਵਾਲ਼ੀ ਪੋਥੀ 95 ਸਾਲਾਂ ਬਾਅਦ ਅਤੇ ਭਾਈ ਮਨੀ ਸਿੰਘ ਦੇ ਨਾਂ ਵਾਲ਼ੀ ਪੋਥੀ 110 ਸਾਲਾਂ ਬਾਅਦ ਬਣੀ?

  17. ਜੇ ਤੁਸੀਂ ਦਮਦਮੀ ਬੀੜ ਤੋਂ ਬਾਹਰ ਕਿਸੇ ਰਚਨਾ ਨੂੰ ਗੁਰੂ ਕ੍ਰਿਤ ਮੰਨਦੇ ਹੋ, ਤਾਂ ਕੀ ਗੁਰੂ ਜੀ ਸਿੱਖਾਂ ਵਿੱਚ ਫੁੱਟ ਪਉਣ ਅਤੇ ਭਰਾ-ਮਾਰੂ ਜੰਗ ਲਈ ਇਹ ਰਚਨਾਵਾਂ ਬਾਹਰ ਛੱਡ ਗਏ? ਤੁਹਾਡਾ ਕੀ ਕਹਿਣਾ ਹੈ?

ਖ਼ਾਲਸਾ ਨਿਊਜ਼ ਰਾਹੀਂ, ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ। khalsanews@yahoo.com


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top