Share on Facebook

Main News Page

ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ
-
: ਐਡਵੋਕੇਟ ਜਸਪਾਲ ਸਿੰਘ ਮੰਝਪੁਰ
ਜਿਲ੍ਹਾ ਕਚਹਿਰੀਆਂ, ਲੁਧਿਆਣਾ
98554-01843

ਰੂਹਾਨੀ ਜਗਤ ਵਿਚ ਮਨ ਨੂੰ ਪਰਮਾਤਮਾ ਦਾ ਅੰਗ ਮੰਨਕੇ ਉਸਨੂੰ ਸਾਧਣ ਦੀ ਗੱਲ ਕੀਤੀ ਗਈ ਹੈ। ਮਨ ਚੰਚਲ ਵੀ ਹੈ ਅਤੇ ਮਨ ਪਿਆਰਾ ਵੀ, ਮਨ ਮਿੱਤਰ ਵੀ ਤੇ ਦੁਸ਼ਮਣ ਵੀ। ਵੱਖ-ਵੱਖ ਅਵਸਥਾਵਾਂ ਵਿਚ ਮਨ ਦੀ ਅਵਸਥਾ ਵੱਖ-ਵੱਖ ਹੋ ਜਾਂਦੀ ਹੈ।ਤਨ ਦਾ ਜਿਆਦਾ ਸਬੰਧ ਪਦਾਰਥਕ ਲੋੜਾਂ ਨਾਲ ਹੈ ਅਤੇ ਇਹਨਾਂ ਲੋੜਾਂ ਦੀ ਪੂਰਤੀ ਵਿਚ ਲੱਗਾ ਹੋਇਆ ਮਨ ਕਦੀ ਵੀ ਤਨ ਨੂੰ ਸਹੀ ਅਗਵਾਈ ਨਹੀਂ ਦੇ ਸਕਦਾ ਪਰ ਦੂਜੇ ਪਾਸੇ ਪਰਮਾਰਥਕ ਲੋੜਾਂ ਦੀ ਪੂਰਤੀ ਵਿਚ ਲੱਗਾ ਹੋਇਆ ਮਨ ਹਮੇਸ਼ਾ ਹੀ ਤਨ ਨੂੰ ਦੁਨਿਆਵੀਂ ਤੌਰ ਉਪਰ ਵੀ ਸਫਲਾ ਕਰ ਦਿੰਦਾ ਹੈ।

ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਵਲੋਂ ਸਮੁੱਚੀ ਲੋਕਾਈ ਨੂੰ ਸੁਚੱਜੀ ਜੀਵਨ-ਜਾਂਚ ਦੀ ਜੁਗਤ ਦਰਸਾਈ ਗਈ ਹੈ ਅਤੇ ਜਿੱਥੇ ਰੂਹਾਨੀ, ਆਤਮਕ ਤੇ ਅਧਿਆਤਮਕ ਜੀਵਨ ਦਾ ਮਾਰਗ ਦਰਸ਼ਨ ਮਿਲਦਾ ਹੈ ਉੱਥੇ ਦੁਨਿਆਵੀ ਜਿੰਦਗੀ ਦੇ ਵੱਖ-ਵੱਖ ਸਮਾਜਕ, ਆਰਥਕ, ਸਿਆਸੀ ਤੇ ਧਾਰਮਕ ਪੱਖਾਂ ਨੂੰ ਸਾਦਾ ਤੇ ਸਰਲ ਤਰੀਕੇ ਨਾਲ ਜਿਉਂਣ ਦੀਆਂ ਅਗਵਾਈਆਂ ਵੀ ਮਿਲਦੀਆਂ ਹਨ। ਇਸ ਸਭ ਕਾਸੇ ਬਾਰੇ ਗੁਰਬਾਣੀ ਤੇ  ਗੁਰ-ਇਤਿਹਾਸ ਵਿਚੋਂ ਵੀ ਪਰਤੱਖ ਪਰਮਾਣ ਮਿਲਦੇ ਹਨ।

ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਗੁਰੂ ਖਾਲਸਾ ਪੰਥ ਨੇ ਸਮੇਂ-ਸਮੇਂ ਉਪਰ ਸਭ ਕਲਾਵਾਂ ਵਰਤਾ ਕੇ ਦਿਖਾਈਆਂ ਹਨ ਜਿੱਥੇ ਰੂਹਾਨੀ ਸਫਰ ਦੀਆਂ ਲੰਮੀਆਂ ਉਡਾਰੀਆਂ ਦੇ ਚਰਚੇ ਹਨ ਉੱਥੇ ਦੁਨੀਆਂ ਵਿਚ ਨਿਆਂਕਾਰੀ ਲੋਕਾਸ਼ਾਹੀ ਰਾਜ ਪ੍ਰਬੰਧ ਦੀਆਂ ਮਿਸਾਲਾਂ ਵੀ ਚਾਨਣ-ਮੁਨਾਰਾ ਹਨ।

ਅਜੋਕੇ ਸਮੇਂ ਦੀ ਗੱਲ ਕਰੀਏ ਤਾਂ 1947,1966, 1984 ਤੋਂ ਹਲਾਤ ਬਿਲਕੁਲ ਭਿੰਨ ਹਨ ਅਤੇ ਹੁਣ ਦੁਨੀਆਂ ਪਿੰਡ ਦੀ ਤਰ੍ਹਾਂ ਸੁੰਘੜਦੀ ਜਾ ਰਹੀ ਹੈ ਪਰ ਦੁਨੀਆਂ ਜਿੱਥੇ ਪਦਾਰਥਕ ਪੱਖ ਤੋਂ ਮਜਬੂਤ ਹੋ ਕੇ ਜਾਣਕਾਰੀ ਇਕੱਤਰ ਕਰਨ ਦੇ ਰੂਪ ਵਿਚ ਨਜ਼ਦੀਕ ਆ ਗਈ ਹੈ ਉੱਥੇ ਪਰਮਾਰਥ ਤੋਂ ਦੂਰ ਤੇ ਗਿਆਨ ਤੋਂ ਸੱਖਣੀ ਹੋ ਰਹੀ ਹੈ। ਸਰੀਰਾਂ ਨੂੰ ਸੁੰਦਰ ਤੇ ਪਦਾਰਥਕ ਭੋਗਾਂ ਨੂੰ ਭੋਗਣ ਦੇ ਸਮਰੱਥ ਬਣਾਉਂਣ ਲਈ ਤਾਂ ਮਨੁੱਖ ਨੇ ਬਹੁਤ ਸਫਲ ਯਤਨ ਕੀਤੇ ਹਨ ਪਰ ਰੂਹ ਨੂੰ ਸਰਸ਼ਾਰ ਕਰਨ ਅਤੇ ਪਹਿਲਾਂ ਮਨ ਨੂੰ ਸਾਧ ਕੇ ਫਿਰ ਉਸ ਮੁਤਾਬਕ ਤਨ ਦੀ ਸੰਭਾਲ ਦੀ ਕੋਈ ਖਾਸ ਪ੍ਰਾਪਤੀ ਨਹੀਂ ਕੀਤੀ।

ਦੁਨੀਆਂ ਪਦਾਰਥ ਦੇ ਨੇੜੇ ਅਤੇ ਉਸਦੀ ਖੋਜ ਲਈ ਤਾਂ ਤਰਲੋ-ਮੱਛੀ ਹੋ ਰਹੀ ਹੈ ਅਤੇ ਸਹਿਜ ਦਾ ਪੱਲਾ ਛੱਡ ਕੇ ਸਭ ਕੁਝ ਤੁਰੰਤ ਤੇ ਛੇਤੀ ਚਮਤਕਾਰ ਵਾਂਗੂੰ ਹੋ ਜਾਣਾ ਲੋਚਦੀ ਹੈ ਪਰ ਅਜਿਹਾ ਸੰਭਵ ਨਹੀਂ ਕਿਉਂਕਿ ਵਿਗਾਸ, ਅਨੰਦ ਤੇ ਸਥਿਰਤਾ ਲਈ ਮੂਲ ਦੀ ਪਹਿਚਾਣ ਕਰਕੇ ਸਹਿਜ-ਚਾਲ ਜਰੂਰੀ ਹੈ।

ਅਸਲ ਵਿਚ ਸਾਰਾ ਕੁਝ ਮਨ ਨੂੰ ਸਮਝਾਉਂਣ ਤੇ ਉਸਨੂੰ ਸੂਤ (ਕੰਟਰੋਲ) ਕਰਕੇ ਗੁਰਮਤ ਗਾਡੀ ਰਾਹ ਉਪਰ ਪਾਉਂਣ ਦੀ ਸ਼ੁਰੂਆਤ ਨਾਲ ਹੀ ਅਗਲੇ ਪੜਾਅ, ਮੁਸ਼ਕਲਾਂ ਜਾਂ ਸਮੱਸਿਆਵਾਂ ਦੇ ਹੱਲ ਦਿਸਣਗੇ ਅਤੇ ਮੰਜ਼ਲਾਂ ਦੀ ਪ੍ਰਾਪਤੀ ਹੋਵੇਗੀ। ਅਸੀਂ ਉਲਟੀ ਰੀਤ ਚਲਾ ਲਈ ਹੈ ਕਿ ਪਹਿਲਾਂ ਚਲਦੇ ਤਨਾਂ ਵਿਚੋਂ ਕਿਸੇ ਇਕ ਤਨ ਦੀ ਅਗਵਾਈ ਵਿਚ ਸਭ ਤਨਾਂ ਨੂੰ ਨਾਲ ਜੋੜ ਕੇ ਭਾਵ ਜਥੇਬੰਦ ਹੋਈਏ ਤੇ ਫਿਰ ਚੱਲੀਏ ਜਦਕਿ ਪਹਿਲਾਂ ਗੱਲ ਮਨਾਂ ਨੂੰ ਗੁਰੁ-ਲਿਵ ਵਿਚ ਇਕਸੁਰ ਕਰਨ ਦੀ ਕਰਨੀ ਪਵੇਗੀ, ਫਿਰ ਗੁਰੁ ਲਿਵ ਤੇ ਪਿਆਰ ਵਿਚ ਜੁੜੇ ਤੇ ਸੂਤ ਹੋਏ ਮਨ ਤਨਾਂ ਨੂੰ ਵੀ ਨਾਲ ਲੈ ਲੈਣਗੇ ਅਤੇ ਫਿਰ ਮੰਜ਼ਲਾਂ ਸਰ ਹੋਣਗੀਆਂ।

ਇਹਨਾਂ ਫਿਲਾਸਫੀ ਕ੍ਰਿਤ ਗੱਲਾਂ ਦੀ ਸਮਝ ਲਈ ਪਰਤੱਖ ਕੁਝ ਗੱਲਾਂ ਕਰੀਏ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਹੋਈ। ਮਨ ਕੁਰਲਾ ਉੱਠੇ ਤੇ ਗੁਰੁ ਪਿਆਰ ਵਿਚ ਹੀ ਤਨਾਂ ਨੂੰ ਨਾਲ ਲੈ ਕੇ ਚੱਲ ਪਏ ਪਰ ਕੁਝ ਤਨਾਂ ਨੇ ਮਨਾਂ ਦੀ ਥਾਹ ਨੂੰ ਅਣਦੇਖਿਆ ਕਰਕੇ ਤਨਾਂ ਨੂੰ ਗਿਣਤੀ-ਮਿਣਤੀ (ਵੋਟ ਰਾਜਨੀਤੀ) ਵਿਚ ਉਲਝਾਉਂਣ ਦੀ ਚੇਸ਼ਟਾ ਕੀਤੀ ਤਾਂ ਸਹੀ ਅਗਵਾਈ ਦੀ ਅਣਹੋਂਦ ਨੇ ਮਨਾਂ ਨੂੰ ਨਿਰਾਸ਼ਤਾ ਵਿਚ ਸੁੱਟ ਦਿੱਤਾ।

ਸਰੀਰਾਂ ਦੇ ਪੱਧਰ ਉਪਰ ਜੀਣ ਵਾਲੇ ਲੋਕ ਸਬਦ ਗੁਰੂ ਗਿਆਨ ਦੇ ਸਿੱਖਾਂ ਨੂੰ ਅਗਵਾਈ ਨਹੀਂ ਦੇ ਸਕਦੇ। ਬਲਸ਼ਾਲੀ ਗਿਆਨੀ ਰੂਹਾਂ ਹੀ ਅਗਵਾਈ ਕਰ ਸਕਦੀਆਂ ਹਨ ਇਸ ਪੰਥ ਦੀ ਜੋ ਨਾ ਕਿਸੇ ਦਾ ਭੈਅ ਮੰਨਦੀਆਂ ਹੋਣ ਤੇ ਨਾ ਕਿਸੇ ਨੂੰ ਭੈਅ ਦਿੰਦੀਆਂ ਹੋਣ, ਬੱਸ ਇਕ ਦੇ ਭੈਅ ਅਤੇ ਹੁਕਮ ਦੀਆਂ ਪਾਬੰਦ ਹੋਣ।

ਮਨੁੱਖੀ ਮਨ ਤੇ ਤਨ ਵਿਚ ਪਏ ਵਖਰੇਵੇਂ ਹੀ ਮਨੁੱਖਤਾ ਨੂੰ ਪਈਆਂ ਸਮੱਸਿਆਵਾਂ ਦਾ ਮੂਲ ਹਨ ਅਤੇ ਇਹੀ ਕਾਰਨ ਹੈ ਕਿ ਸਿੱਖਾਂ ਦੀਆਂ ਸਮੱਸਿਆਵਾਂ ਜੋ ਕਿ ਹੱਲ ਹੋਣ ਦੀ ਥਾਂ ਦਿਨੋਂ-ਦਿਨ ਵੱਧ ਰਹੀਆਂ ਹਨ ਅਤੇ ਜਿਉਂ-ਜਿਉਂ ਅਸੀਂ ਹੱਲ ਲੱਭਣ ਦਾ ਯਤਨ ਕਰਦੇ ਹਾਂ ਤਾਂ ਉਸ ਹੱਲ ਦਾ ਕਾਰਨ ਮੂਲ ਨਾਲ ਨਾ ਜੁੜਿਆ ਹੋਣ ਕਰਕੇ ਉਸ ਹੱਲ ਵਿਚ ਵੀ ਸ਼ੱਕ-ਸ਼ੰਕੇ ਤੇ ਨਵੀਂ ਸਮੱਸਿਆ ਦਿਸ ਆਉਂਦੀ ਹੈ।

ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਪ੍ਰਭੂਸੱਤਾ ਦੀ ਗੱਲ ਹੋਵੇ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਦੀ ਜਾਂ  ਬਾਕੀ ਹੋਰ ਮਸਲੇ ਜਾਂ ਸਮੱਸਿਆਵਾਂ, ਇਹਨਾਂ ਦੇ ਹੱਲ ਲਈ ਕੋਈ ਸਵਾਲ-ਜਵਾਬ ਮੁਕਾਬਲਾ ਜਾਂ ਪ੍ਰਸ਼ਨੋਤਰੀ ਜਾਰੀ ਕਰਕੇ ਨਹੀਂ ਕੀਤਾ ਜਾ ਸਕਦਾ। ਗੱਲ ਤਾਂ ਹੈ ਕਿ ਕੀ ਇਹ ਸਮੱਸਿਆਵਾਂ ਦਾ ਮੂਲ ਕੀ ਹੈ ਅਤੇ ਸਾਡਾ ਮੂਲ ਕੀ? ਲੋੜ ਤਾਂ ਇਹਨਾਂ ਦੋਂਅ ਨੂੰ ਪਛਾਣਨ ਦੀ ਹੈ, ਪਰ ਅਸੀਂ ਆਪਣਾ ਮੂਲ ਪਛਾਣ ਨਹੀਂ ਰਹੇ ਅਤੇ ਸਮੱਸਿਆ ਦਾ ਮੂਲ ਪਛਾਣ ਹੋਣ ਦਾ ਦਾਅਵਾ ਕਰਕੇ ਸਮੱਸਿਆ ਦੇ ਹੱਲ ਕੱਢਣ ਚੱਲ ਪਏ ਹਾਂ, ਜਦ ਕਿ ਅਸਲ ਵਿਚ ਆਪਣਾ ਮੂਲ ਪਛਾਣਨਾ ਪਹਿਲਾਂ ਜਰੂਰੀ ਹੈ ਅਤੇ ਆਪਣੇ ਮੂਲ ਵਿਚੋਂ ਹੀ ਸਮੱਸਿਆ ਦਾ ਮੂਲ ਤੇ ਉਸਦਾ ਹੱਲ ਨਜ਼ਰੀ ਪਏਗਾ।

ਉੇਦਾਹਰਨ ਵਜੋਂ, ਅਕਾਲ ਤਖਤ ਸਾਹਿਬ ਦੀ ਅਗਵਾਈ ਵਿਚ ਇਕੱਠੇ ਹੋਣ ਲਈ ਤਾਂ ਕਹਿ ਰਹੇ ਹਾਂ ਪਰ ਅਕਾਲ ਤਖਤ ਸਾਹਿਬ ਦੀ ਅਗੰਮੀ ਰਹਿਮਤ ਤੋਂ ਵਾਂਝੇ ਹਾਂ। ਉੱਥੇ ਬੈਠ ਕੇ ਸੇਵਾ ਕਰਨ ਵਾਲੀਆਂ ਰੂਹਾਂ ਦੀ ਜਰੂਰਤ ਦੀ ਗੱਲ ਨਹੀਂ ਕਰ ਰਹੇ, ਸਗੋਂ ਤਨਾਂ ਦੀ ਗੱਲ ਕਰਕ ਰਹੇ ਹਾਂ ਕਿ ਉਹਨਾਂ ਨੂੰ ਕੀ ਤਨਖਾਹ ਦਿੱਤੀ ਜਾਵੇ, ਕੀ ਭੱਤੇ ਦਿੱਤੇ ਜਾਣ, ਕਦੋਂ ਰਿਟਾਇਰ ਕੀਤਾ ਜਾਵੇ, ਕਦੋਂ ਤੇ ਕਿਹਨਾਂ ਦੋਸ਼ਾਂ ਅਧੀਨ ਉਹਨਾਂ ਨੂੰ ਲਾਹਿਆ ਜਾ ਸਕੇ। ਪੰਥ ਦੀ ਅਗਵਾਈ ਅਗੰਮੀ ਤੇ ਨਿਰਇੱਛਤ ਰੂਹਾਂ ਨੇ ਕਰਨੀ ਹੈ, ਜੋ ਭਾਵੇਂ ਕਿ ਕਿਸੇ ਸਰੀਰ ਵਿਚ ਹੀ ਹੋਣੀ ਹੈ, ਪਰ ਯੋਗਤਾਵਾਂ ਸਰੀਰਕ ਰੱਖਾਂਗੇ ਤਾਂ ਸਰੀਰ ਦੇ ਪੱਧਰ ਉਪਰ ਜਿਉਂਣ ਵਾਲੇ ਹੀ ਮਿਲਣਗੇ, ਰੂਹਾਨੀ ਪੱਧਰ ਉਪਰ ਜੀਵਨ ਸਫਲ ਕਰਨ ਵਾਲਾ ਕੋਈ ਸਰੀਰ ਇਹਨਾਂ ਅਹੁਦਿਆ ਲਈ ਕਦੇ ਅਪਲਾਈ ਹੀ ਨਹੀਂ ਕਰੇਗਾ।

ਸਾਡੀ ਸਾਰੀ ਟੇਕ ਤੇ ਸਾਡਾ ਸਾਰਾ ਜੋਰ ਦੁਨਿਆਵੀ ਰਾਜ ਪ੍ਰਬੰਧ ਵਿਚੋਂ ਨਿਕਲੇ ਢਾਂਚਿਆਂ ਅਧੀਨ ਹੀ ਪੰਥ ਦੇ ਢਾਂਚੇ ਖੜ੍ਹੇ ਕਰਨ ਵੱਲ ਲੱਗਾ ਹੋਇਆ ਹੈ ਕਿਉਂਕਿ ਸਾਡੇ ਗਿਆਨ ਦਾ ਮੂਲ ਦੁਨਿਆਵੀ ਵਿਦਿਅਕ ਢਾਂਚੇ ਵਿਚੋਂ ਨਿਕਲੀਆਂ ਸੰਸਥਾਵਾਂ ਹੀ ਹਨ, ਜਿਸ ਦਿਨ ਸਾਡੇ ਗਿਆਨ ਦਾ ਮੂਲ ਗੁਰੂ ਗ੍ਰੰਥ  ਸਾਹਿਬ ਜੀ ਦੀ ਬਾਣੀ, ਗੁਰ-ਇਤਿਹਾਸ ਤੇ ਸ਼ਹੀਦਾਂ ਦਾ ਜੀਵਨ ਹੋਵੇਗਾ ਤਾਂ ਸਾਡੇ ਤਿਆਰ ਕੀਤੇ ਢਾਂਚੇ ਦੁਨਿਆਵੀ ਢਾਂਚਿਆਂ ਨੂੰ ਮਾਤ ਪਾ ਦੇਣਗੇ।

ਆਓ! ਆਪਣਾ ਮੂਲ ਪਛਾਣ ਕੇ ਗੁਰਬਾਣੀ ਨਾਲ ਜੁੜੀਏ, ਸੁਣੀਏ, ਪੜ੍ਹੀਏ, ਮੰਨੀਏ ਤੇ ਜੀਵੀਏ, ਤਾਂ ਜੋ ਸਾਡੇ ਜੀਵਨਾਂ ਵਿਚੋਂ ਖੁਸ਼ਬੂ ਆਵੇ ਸਿੱਖੀ ਦੀ। ਮਨਾਂ ਨੂੰ ਗੁਰਮਤ ਗਾਡੀ ਰਾਹ ਉਪਰ ਤੋਰ ਕੇ ਸੂਤ-ਮਨਾਂ ਮੁਤਾਬਕ ਹੀ ਤਨਾਂ ਨੂੰ ਚਲਾਈਏ ਤਾਂ ਹੀ ਦੁਨਿਆਵੀ ਪੱਖਾਂ ਨੂੰ ਉਜਾਗਰ ਕਰਦੀ ਅਗਵਾਈ ਸਾਡੀ ਝੋਲੀ ਪਵੇਗੀ ਨਹੀਂ ਤਾਂ ਹਮੇਸ਼ਾ ਵਾਂਗ ਕੁਝ ਸਮੇਂ ਬਾਅਦ ਨਵੀਂ ਨਿਰਾਸ਼ਤਾ ਤੇ ਨਵੀਆਂ ਸਮੱਸਿਆਵਾਂ ਆ ਖੜ੍ਹੀਆਂ ਹੋਣਗੀਆਂ।
-੦-

Jaspal Singh Manjhpur,
Advocate, 
Chamber No. 6041, 6th Floor,
Distt. Courts, Ludhiana
98554-01843

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top