Share on Facebook

Main News Page

ਭਰਾਵੋ ਪੱਗ ਜੀ ਸਦਕੇ ਬੰਨੋਂ, ਮੁੱਛ ਵੀ ਜੀਅ ਸਦਕੇ ਰੱਖੋ... ਪਰ ਆਵਦਾ ਬੌਧਿਕ ਪੱਧਰ ਵੀ ਉੱਚਾ ਚੱਕੋ, ਦਿਮਾਗ਼ ਵੀ ਵਰਤੋਂ ਆਵਦਾ
-: ਗੁਰਵਿੰਦਰ ਮਲਕਾਣਾ

ਪੱਗ ਬੰਨਣਾ ਕੋਈ ਮਾੜੀ ਗੱਲ ਨਹੀਂ, ਮੁੱਛ ਰੱਖਣਾ ਵੀ ਕੋਈ ਮਾੜੀ ਗੱਲ ਨੀਂ... ਪਰ ਦੇਖਿਓ ਪੰਜਾਬੀਓ ਕਿਤੇ ਇਹ ਨਾਂ ਹੋਵੇ ਕਿ ਆਪਣੇ ਕੋਲੇ ਕੱਲੀ ਮੁੱਛ ਤੇ ਪੱਗ ਹੀ ਰਹਿ ਜੇ, ਤੇ ਪੱਗ ਹੇਠਲੇ ਦਿਮਾਗ਼ 'ਚ ਤੂੜੀ ਭਰੀ ਜਾਵੇ...

ਅੱਜ ਦੇ ਟਾਈਮ ਚ ਦਿਮਾਗ਼ ਵੀ ਵਰਤੋ, ਐਵੇਂ ਨਾਂ ਫੋਕੀਆਂ ਫੜਾਂ ਮਾਰੀ ਜਾਇਆ ਕਰੋ, ਬੈਠੇ ਕਿ ਫਲਾਣੇ ਦੇਸ਼ ਚ ਸਾਡੇ ਪੱਗ ਆਲੇ ਪੰਜਾਬੀ ਨੇਂ ਫਲਾਣਾ ਅਹੁਦਾ ਹਾਸਿਲ ਕੀਤੈ, ਫਲਾਣੇ ਖੇਤਰ 'ਚ ਸਾਡੇ ਪੱਗ ਆਲੇ ਪੰਜਾਬੀ ਨੇਂ ਆਹ ਮੱਲਾਂ ਮਾਰੀਆਂ... ਤੁਸੀਂ ਤਰੱਕੀ ਹਾਸਿਲ ਕਰਨ ਆਲੇ ਬੰਦੇ ਦੇ ਪੱਗ ਬੰਨੀ ਤਾਂ ਦੇਖ ਲੈਨੇਂ ਓ, ਪਰ ਇਹ ਨੀਂ ਸੋਚਦੇ ਵੀ ਉਹਨੇ ਮਿਹਨਤ ਕਿੰਨੀ ਕਰੀ ਹੋਊ, ਦਿਮਾਗ਼ ਕਿੰਨਾ ਵਰਤਿਆ ਹੋਊ...

ਮੁੱਛ ਤਾਂ ਆਈਨਸਟਾਈਨ ਦੇ ਵੀ ਸੀ, ਕੀ ਆਈਨਸਟਾਈਨ ਨੂੰ ਦੁਨੀਆਂ ਕੱਲੀ ਮੁੱਛ ਦਾ ਕਰਕੇ ਜਾਨਣ ਲੱਗੀ ਐ ? ਆਈਨਸਟਾਈਨ ਨੇਂ ਜਿਹਡ਼ੇ ਐਨੇਂ ਮਹਾਨ ਕੰਮ ਕੀਤੇ ਐ ਉਹ ਦਿਮਾਗ਼ ਨਾਲ ਕੀਤੇ ਐ, ਨਾਂ ਕਿ ਕੱਲੀ ਮੁੱਛ ਨਾਲ... ਮੈਕਸਿਮ ਗੋਰਕੀ ਨੂੰ ਦੁਨੀਆਂ ਕੱਲੀ ਮੁੱਛ ਕਰਕੇ ਜਾਣਦੀ ਐ ? ਭਗਤ ਸਿੰਘ ਨੂੰ ਦੁਨੀਆਂ ਕੱਲੀ ਪੱਗ ਤੇ ਮੁੱਛ ਕਰਕੇ ਜਾਣਦੀ ਐ ? ਊਧਮ ਸਿੰਘ ਨੂੰ ਆਪਾਂ ਕੱਲੀ ਪੱਗ ਤੇ ਮੁੱਛ ਕਰਕੇ ਜਾਣਦੇ ਆਂ ? ਕਾਰਲ ਮਾਰਕਸ ਤੇ ਲੈਨਿਨ ਅਰਗਿਆਂ ਨੂੰ ਦੁਨੀਆਂ ਮੁੱਛ ਕਰਕੇ ਜਾਣਦੀ ਐ ? ਸੇਕਸਪੀਅਰ ਨੂੰ ਮੁੱਛ ਨੇਂ ਮਸਹੂਰ ਨੇਂ ਕਰਤਾ ? ਸਰਤਾਜ ਨੂੰ ਦੁਨੀਆਂ ਕੱਲੀ ਪੱਗ ਤੇ ਮੁੱਛ ਕਰਕੇ ਜਾਨਣ ਲੱਗੀ ਐ ? ਨਿਊਟਨ ਪਹਿਰਾਵੇ ਨਾਲ ਅਮਰ ਹੋਇਐ ? ਮਿਲਖਾ ਸਿੰਘ ਨੂੰ ਦੁਨੀਆਂ ਕੱਲੀ ਪੱਗ ਤੇ ਮੁੱਛ ਕਰਕੇ ਜਾਣਦੀ ਐ ?

ਜਿਹਡ਼ਾ ਦੁਨੀਆਂ ਤੇ ਐਨਾਂ ਮਹਾਨ ਸਾਹਿਤ ਰਚਿਆ ਗਿਆ ਉਹਦਾ ਸਬੰਧ ਪਹਿਰਾਵੇ ਨਾਲ ਨੀਂ ਬਲਕਿ ਸੋਚ ਨਾਲ ਸੀ...

ਇੱਕ ਗੱਲ ਆਪਾਂ ਹੋਰ ਬੜੀ ਚੱਕੀ ਐ ਅਕੇ ਜੀ ਮੁੱਛ ਤਾਂ ਮਰਦ ਹੀ ਰੱਖਦੇ ਐ, ਕਲੀਨ ਸੇਵ ਤਾਂ ਜਨਾਨੀਆਂ ਹੁੰਦੀਆਂ ਜੇ, ਸੋਡੇ ਆਲੇ ਹਿਸਾਬ ਨਾਲ ਦੇਖੀਏ ਤਾਂ ਆਹ ਸਾਡੇ ਪਿੰਡ ਤੋਂ ਥੋੜੀ ਜੀ ਦੂਰ ਰਿਫਾਇਨਰੀ ਪੈਂਦੀ ਐ ਤੇਲ ਆਲੀ, ਉੱਥੇ ਆਪਣੇ ਆਲੇ ਮਰਦ ਤਾਂ 7-8 ਹਜ਼ਾਰ ਤੇ ਰੁਲਦੇ ਫਿਰਦੇ ਐ ਤੇ ਜਿੰਨ੍ਹਾਂ ਨੂੰ ਤੁਸੀਂ ਜਨਾਨੀਆਂ ਕਹਿੰਦੇ ਹੋਂ ਉਹ 2-2 , 3-3 ਲੱਖ ਲੈਂਦੇ ਐ ਆਵਦੇ ਦਿਮਾਗ਼ ਕਰਕੇ ਤੇ ਨਾਲੇ ਡੰਡੇ ਨਾਲ ਕੰਮ ਕਰਵਾਂਉਦੇ ਐ ?

ਪੱਗ ਤੇ ਮੁੱਛ ਤਾਂ ਦਿਲਜੀਤ ਦੇ ਵੀ ਐ, ਇਹਤੋ ਕਦੇ ਹੋਈ ਐ ਕੰਮ ਦੀ ਗੱਲ ? ਪੱਗ ਤੇ ਮੁੱਛ ਤਾਂ ਦੀਪ, ਮਨੀ ਦੇ ਵੀ ਐ ਉਹਨੇ ਦੇਖਲੋ ਕੀ ਗੰਦ ਪਾਇਐ ?

ਮੈਂ ਵਿਆਹਾਂ 'ਚ ਬਥੇਰੇ ਦੇਖੇ ਐ ਪੱਗਾਂ ਤੇ ਮੁੱਛਾਂ ਆਲੇ "ਜਿੱਥੇ ਹੁੰਦੀ ਐ ਪਬੰਦੀ ਹਥਿਆਰ ਦੀ ਨੀਂ ਉੱਥੇ ਜੱਟ ਫਾਇਰ ਕਰਦਾ", "ਜੱਟ ਜੱਟਾਂ ਵਾਲੀ ਕਰਕੇ ਦਿਖਾਊਗਾ ਜੇ ਤੈਨੂੰ ਕਿਤੇ ਹੋਰ ਮੰਗਿਆ" ਵਰਗੇ ਗੀਤਾਂ ਤੇ ਛਾਲਾਂ ਮਾਰਦੇ!!! ਥੋਡ਼ੇ ਜੇ ਦਿਨ ਹੋਗੇ ਮੈਂ ਇੱਕ ਬਰਾਤ ਗਿਆ ਉੱਥੇ ਪੱਗ ਤੇ ਮੁੱਛ ਆਲੇ ਇੱਕ ਸੱਜਣ ਨੇਂ "ਅੱਖਾਂ ਖੜੀਆਂ ਤੇ ਮੁੱਛਾਂ ਚੜੀਆਂ ਰੱਖਦੇ ਆ ਸੌਂਕੀ ਸਰਦਾਰ ਜੀ" ਗੀਤ ਲਵਾ ਲਿਆ ਤੇ ਇੱਕ ਹੱਥ 'ਚ ਬੀਅਰ 'ਚ ਫੜਲੀ, ਬੀਅਰ ਦੇ ਮੂੰਹ 'ਤੇ ਗੂਠਾ ਲਾ ਕੇ ਉਹਨੂੰ ਵਾਹਵਾ ਚਿਰ ਹਿਲਾਈ ਗਿਆ ਨਾਲੇ ਟਪੂਸੀਆਂ ਮਾਰੀ ਗਿਆ, ਜਦੋਂ ਬੀਅਰ ਦਾ ਪੂਰਾ ਪਰੈਸ਼ਰ ਬਣ ਗਿਆ ਉੁਦੋਂ ਉਹਦਾ ਮੂੰਹ ਖੋਲਤਾ, ਉਹਦੇ ਚੋਂ ਝੱਗ ਨਿਕਲ ਕੇ ਨਾਲੇ ਤਾਂ ਡੀ ਜੇ ਆਲਿਆਂ ਤੇ ਪੈਗੀ, ਨਾਲੇ ਡੀ ਜੇ ਸਿਸਟਮ ਤੇ ਪੈਗੀ ਤੇ ਨਾਲੇ ਸਟੇਜ ਆਲੀ ਜਨਤਾ 'ਤੇ ਪੈਗੀ, ਓਦੇਂ ਉਸ ਪੱਗ ਤੇ ਮੁੱਛ ਆਲੇ ਸੱਜਣ ਦੀ ਵਜਾਹ ਕਰਕੇ ਲੜਾਈ ਹੁੰਦੀ ਹੁੰਦੀ ਮਸਾਂ ਬਚੀ !

ਇੱਕ ਆਹ ਮੁੰਡੀਰ ਨੇਂ ਗੀਤਾਂ ਪਿੱਛੇ ਲੱਗ ਕੇ ਨਵਾਂ ਟਰੈਂਡ ਚਲਾ ਲਿਆ, ਕਾਰਾਂ 'ਤੇ ਮੁੱਛ ਦਾ ਲੋਗੋ, ਮੋਬਾਇਲਾਂ ਪਿੱਛੇ ਮੁੱਛ ਦਾ ਲੋਗੋ, Profile Pic 'ਤੇ ਮੁੱਛ ਦਾ ਲੋਗੋ... ਇਹ ਗੱਲ ਸਿੱਧਾ ਸਾਬਿਤ ਕਰਦੀ ਐ ਕਿ ਪੰਜਾਬੀ ਸਿਰਫ਼ ਲਾਈ ਲੱਗ ਐ, ਇਹਨਾਂ ਨੂੰ ਕੋਈ ਮਰਜ਼ੀ ਮਗਰ ਲਾਲੇ, ਇਹਨਾਂ ਕੋਲੇ ਆਵਦਾ ਦਿਮਾਗ਼ ਤਾਂ ਹੈਨੀਂ...

ਮੈਨੂੰ ਲੱਗਦੈ ਜੇ ਹਨੀ ਸਿੰਘ ਨਿੱਕਰ ਤੇ ਬੁਨੈਣ ਨਾਲ ਟਾਈ ਲਾਕੇ ਗੀਤ 'ਚ ਆਜੇ, ਤਾਂ ਦੂਜੇ ਦਿਨ ਉਹਦੇ ਫੈਨ ਵੀ ਨਿੱਕਰ ਤੇ ਬੁਨੈਣ ਨਾਲ ਟਾਈ ਲਾਈ ਫਿਰਦੇ ਹੋਣਗੇ... ਆਖਣਗੇ ਹਨੀ ਸਿੰਘ ਤਾਂ ਬਾਹਲਾ ਅੱਤ ਲੱਗਦਾ ਸੀ!!

ਸੋ ਭਰਾਵੋ ਪੱਗ ਜੀ ਸਦਕੇ ਬੰਨੋਂ, ਇਹ ਬਹੁਤ ਚੰਗੀ ਗੱਲ ਐ, ਮੁੱਛ ਵੀ ਜੀਅ ਸਦਕੇ ਰੱਖੋ... ਪਰ ਆਵਦਾ ਬੌਧਿਕ ਪੱਧਰ ਵੀ ਉੱਚਾ ਚੱਕੋ, ਦਿਮਾਗ਼ ਵੀ ਵਰਤੋਂ ਆਵਦਾ... ਇਹ ਵੀ ਸੋਚੋ ਆਪਾਂ ਨੂੰ ਕਰਨਾ ਕੀ ਚਾਹੀਦੈ ਤੇ ਆਪਾਂ ਜਾ ਕਿੱਧਰ ਨੂੰ ਰਹੇ ਆਂ, ਇਹ ਵੀ ਸੋਚੋ ਆਪਣੇ ਖਿਲਾਫ਼ ਕੀ ਸਾਜਿਸ਼ਾਂ ਹੋਈ ਜਾਂਦੀਆਂ ਤੇ ਆਪਾਂ ਕੁੰਭਕਰਨੀਂ ਨੀਂਦ ਸੁੱਤੇ ਪਏ ਆਂ.. ਇੱਕ ਗੱਲ ਮੰਨੋਂ ਭਾਵੇਂ ਨਾਂ, ਪਰ ਸੱਚ ਤਾਂ ਇਹ ਐ ਕਿ ਪੰਜਾਬ ਇੱਕ ਖੋਖਲੇ ਤਣੇ ਆਲਾ ਰੁੱਖ ਰਹਿ ਗਿਆ, ਜਦੋਂ ਕਿਤੇ ਇੱਕ ਵਾਰੀ ਵੀ ਤੇਜ਼ ਹਨੇਰੀ ਆਗੀ, ਬੱਸ ਉਸੇ ਦਿਨ ਹੀ ਜਾ ਪਊ, ਓਦੇਂ ਆਪਣੀਆਂ ਕੱਲੀਆਂ ਮੁੱਛਾਂ ਨੇਂ ਕੁਛ ਨੀਂ ਕਰਨਾ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top