Share on Facebook

Main News Page

ਕੀ ‘ਵਾਹਿਗੁਰੂ ਵਾਹਿਗੁਰੂ’ ਜਾਪ ਹਰਿ ਨਾਮ ਸਿਮਰਨ ਹੈ ? - ਭਾਗ ਪਹਿਲਾ
-: ਪ੍ਰੋ. ਕਸ਼ਮੀਰਾ ਸਿੰਘ USA

‘ਵਾਹਿਗੁਰੂ’ ਅਤੇ ‘ਹਰਿ ਨਾਮ’ ਸ਼ਬਦਾਂ ਦੇ ਮੂਲ਼ ਅੰਤਰ ਨੂੰ ਸਮਝਣ ਲਈ ਪਹਿਲਾਂ ‘ਵਾਹਿਗੁਰੂ’ ਸ਼ਬਦ ਦੇ ਜੋੜਾਂ (ਬਣਤਰ) ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਸਮਝਣ ਦਾ ਯਤਨ ਕਰਦੇ ਹਾਂ। ਗੁਰਬਾਣੀ ਪਹਿਲਾਂ ਜੁੜਤ ਪਦਾਂ ਵਿੱਚ ਲਿਖੀ ਗਈ ਸੀ ਜਿਵੇਂ-

ਫਿਰਦੀਫਿਰਦੀਦਹਦਿਸਾਜਲਪਰਬਤਬਨਰਾਇਜਿਥੈਡਿਠਾਮਿਰਤਕੋਇਲਬਹਿਠੀਆਇ॥ (ਪੰਨਾਂ 322)  

ਫਿਰਦੀ ਫਿਰਦੀ ਦਹ ਦਿਸਾ ਜਲ ਪਰਬਤ ਬਨਰਾਇ ॥ ਜਿਥੈ ਡਿਠਾ ਮਿਰਤਕੋ ਇਲ ਬਹਿਠੀ ਆਇ ॥੨॥

ਜੁੜਤ ਪਦਾਂ ਨੂੰ ਕਿੱਸ ਨੇ ਤੋੜਿਆ? ਕਿਸੇ ਬਾਣੀਕਾਰ ਨੇ ਅਜਿਹਾ ਨਹੀਂ ਕੀਤਾ।

ਗਿਆਨੀ ਬਦਨ ਸਿੰਘ ਸੇਖਵਾਂ ਵਾਲ਼ਿਆਂ ਨੇ ਪਹਿਲਾ ਗੁਰਬਾਣੀ ਦਾ ਟੀਕਾ ਲਿਖਿਆ, ਇਹ ਟੀਕਾ ‘ਫ਼ਰੀਦਕੋਟ ਵਾਲ਼ਾ ਟੀਕਾ’ ਨਾਂ ਹੇਠ ਸੰਨ 1906 ਵਿੱਚ ਪਹਿਲੀ ਵਾਰੀ ਛਪਿਆ ਸੀ। ਇੱਸ ਵਿੱਚ ਗੁਰਬਾਣੀ ਪਦ-ਛੇਦ ਕਰਕੇ ਲਿਖੀ ਗਈ ਹੈ। ਗਿਆਨੀ ਮੁਹਿੰਦਰ ਸਿੰਘ ਰਤਨ (ਜੀਵਨ ਕਾਲ਼ 1941-2012) ਨੇ ਗੁਰਬਾਣੀ ਦੇ ਜੁੜਤ ਪਦਾਂ ਨੂੰ ਤੋੜ ਕੇ ਲਿਖਣ ਦਾ ਕੰਮ ਵੀ ਕੀਤਾ ਸੀ। ਚਤਰ ਸਿੰਘ ਜੀਵਨ ਸਿੰਘ ਪ੍ਰਕਾਸ਼ਕਾਂ ਨੇ ਇਸ ਪਦ-ਛੇਦ ਕਿਰਿਆ ਰਾਹੀਂ ਛਾਪੀਆਂ ਬੀੜਾਂ ਵੇਚ ਕੇ ਮਾਇਆ ਇਕੱਠੀ ਕਰਨ ਹਿੱਤ ਹੀ ਇਹ ਕੰਮ ਕਰਾਇਆ ਜਾਪਦਾ ਹੈ। ਗਿਆਨੀ ਮੁਹਿੰਦਰ ਸਿੰਘ ਰਤਨ ਦੁਆਰਾ ਪਦ-ਛੇਦ ਕੀਤੇ ਜਾਣ ਦੀ ਸੂਚਨਾ ਪ੍ਰਕਾਸ਼ਕਾਂ ਦੁਆਰਾ ਸੀਐੱਸਜੇਐੱਸਡਾਟਕਾਮ (www.csjs.com) 'ਤੇ ਲਿਖੀ ਹੋਈ ਹੈ। ਪਹਿਲਾਂ ਪਦ-ਛੇਦ ਬੀੜਾਂ ਇਨ੍ਹਾਂ ਪ੍ਰਕਾਸ਼ਕਾਂ ਨੇ ਹੀ ਛਾਪੀਆਂ ਸਨ। ਫ਼ਰੀਦਕੋਟ ਵਾਲ਼ੇ ਟੀਕੇ ਵਿੱਚ ਕੀਤੇ ਪਦ-ਛੇਦਾਂ ਤੋਂ ਹੀ ਗਿਆਨੀ ਮੁਹਿੰਦਰ ਸਿੰਘ ਰਤਨ ਨੇ ਵੀ ਕੰਮ ਲਿਆ ਜਾਪਦਾ ਹੈ, ਕਿਉਂਕਿ ਛਾਪੇ ਦੀ ਬੀੜ ਦੇ ਗ਼ਲਤ ਪਦ-ਛੇਦ ਬਹੁ ਗਿਣਤੀ ਵਿੱਚ ਫ਼ਰੀਦਕੋਟ ਵਾਲ਼ੇ ਟੀਕੇ ਦੇ ਹੀ ਹਨ।

ਕੀ ਸਾਰੀ ਬਾਣੀ ਦੇ ਪਦ-ਛੇਦ ਠੀਕ ਕੀਤੇ ਗਏ ਹਨ? ਉੱਤਰ ਹੈ- ਨਹੀਂ

ਸਿੱਖ ਵਿਦਵਾਨਾਂ ਦੇ ਕੀਤੇ ਗੁਰਬਾਣੀ ਦੇ ਟੀਕਿਆਂ ਤੋਂ ਇਹ ਗੱਲ ਪਤਾ ਲੱਗਦੀ ਹੈ ਕਿ ਬਹੁਤ ਸਾਰੇ (ਸੈਂਕੜੇ ਸ਼ਬਦਾਂ ਦੇ) ਪਦ-ਛੇਦ ਠੀਕ ਨਹੀਂ ਕੀਤੇ ਗਏ। ਸਹਿਜ ਪਾਠਾਂ ਅਤੇ ਅਖੰਡਪਾਠਾਂ ਦੀਆਂ ਲੜੀਆਂ ਰਾਹੀਂ ਆਪੂੰ ਬਣੇ ਪਾਠੀਆਂ ਨੂੰ ਇਹ ਪਤਾ ਨਹੀਂ ਲੱਗਦਾ ਕਿ ਕਿਹੜੇ ਸ਼ਬਦਾਂ ਦੇ ਪਦ-ਛੇਦ ਗ਼ਲਤ ਹਨ। ਪਤਾ ਓਦੋਂ ਲੱਗਦਾ ਹੈ ਜਦੋਂ ਗੁਰਬਾਣੀ ਦੇ ਅਰਥ ਇਸ ਦੇ ਵਿਆਕਰਣਕ ਟੀਕਿਆਂ ਅਨੁਸਾਰ ਪੜ੍ਹੇ ਜਾਣ। ਪ੍ਰੋ. ਸਾਹਿਬ ਸਿੰਘ (ਜੀਵਨ ਕਾਲ਼ ਸੰਨ 1892-1977) ਦਾ ਲਿਖਿਆ ਟੀਕਾ (ਸੰਨ 1959-65, 10 ਜਿਲਦਾਂ) ‘ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਇੱਕ ਉਦਾਹਰਣ ਹੈ, ਵਿਆਕਰਣਕ ਟੀਕੇ ਦੀ। ਆਮ ਆਪੂੰ ਬਣੇ ਪਾਠੀਆਂ ਅਤੇ ਅਖੰਡਪਾਠੀਆਂ ਨੂੰ ਤਾਂ ਜਿਵੇਂ ਪਦ-ਛੇਦ ਬੀੜ ਵਿੱਚ ਲਿਖੇ ਸ਼ਬਦ ਜੋੜ ਦਿਸਦੇ ਹਨ, ਉਹ ਸ਼ਰਧਾ ਅਧੀਨ ਸਹੀ ਹੀ ਜਾਪਦੇ ਹਨ ਤੇ ਉਹ ਉਸੇ ਤਰ੍ਹਾਂ ਹੀ ਪੜ੍ਹਦੇ ਹਨ ਭਾਵੇਂ ਠੀਕ ਹਨ ਜਾਂ ਨਹੀਂ, ਉਨ੍ਹਾਂ ਨੂੰ ਇਸ ਨਾਲ਼ ਕੋਈ ਮਤਲਬ ਨਹੀਂ ਹੁੰਦਾ, ਜੇ ਹੁੰਦਾ ਹੈ ਤਾਂ ਆਪਣੀ ਬਣਾਈ ਸੰਗਤ ਵਿੱਚ ਪਾਠ ਕਰਨ ਦੀ ਸ਼ਰਧਾ ਪੂਰੀ ਕਰਨ ਦਾ ਜਾਂ ਰੌਲ਼ ਦੀ ਭੇਟਾ ਲੈਣ ਦਾ।

ਹੁਣ ਪਦ-ਛੇਦ ਕਾਰਣ ਹੋਈਆਂ ਕੁਝ ਕੁ ਗ਼ਲਤੀਆਂ ਜਾਂ ਉਕਾਈਆਂ ਦੇ ਵੀ ਨਮੂਨੇ ਦੇਖਣੇ ਬਣਦੇ ਹਨ ਤਾਂ ਜੁ ‘ਵਾਹਿਗੁਰੂ’ ਸ਼ਬਦ ਦੇ ਬਣਾਏ ਪਦ-ਛੇਦ ਨੂੰ ਸਮਝਿਆ ਜਾ ਸਕੇ ਕਿ ਇਹ ਠੀਕ ਹੈ ਜਾਂ ਨਹੀਂ। ਹੇਠਾਂ ਦਿੱਤੇ ਗਏ ਸ਼ਬਦ ਜੋੜਾਂ ਦੀ ਸੂਚਨਾ ਵਿਆਕਰਣਕ ਟੀਕੇ (ਪ੍ਰੋ. ਸਾਹਿਬ ਸਿੰਘ ਰਚਿਤ) ਅਨੁਸਾਰ ਹੈ:-

1. ‘ਕੁਵਲੀਆਪੀੜੁ’ ਦਾ ‘ਕੁਵਲੀਆ ਪੀੜੁ’ ਪਦ-ਛੇਦ ਗ਼ਲਤ ਹੈ।

ਪੰਨਾਂ ਗਗਸ 606/17 ਉੱਤੇ ‘ਕੁਵਲੀਆਪੀੜੁ’ ਸ਼ਬਦ ਨੂੰ ਗ਼ਲਤ ਪਦ-ਛੇਦ ਕਰ ਕੇ ‘ਕੁਵਲੀਆ ਪੀੜੁ’ ਲਿਖਿਆ ਗਿਆ ਤੇ ਇੱਕ ਦੇ ਦੋ ਅਯੋਗ ਸ਼ਬਦ ਬਣਾ ਦਿੱਤੇ ਗਏ। ‘ਕੁਵਲੀਆ’ ਦਾ ਅਰਥ ‘ਅਵੈੜੀ’ ਨਹੀਂ ਤੇ ‘ਪੀੜੁ’ ਦਾ ਅਰਥ ‘ਦਰਦ’ ਨਹੀਂ। ‘ਕੁਵਲੀਆਪੀੜੁ’ ਇਕੱਠਾ ਸ਼ਬਦ ਹੈ ਤੇ ਅਰਥ ਹੈ- ਇਸ ਨਾਂ ਵਾਲ਼ਾ ਕੰਸ ਦਾ ਇੱਕ ਹਾਥੀ। ‘ਪੀੜੁ’ ਦਾ ਅਰਥ ‘ਦਰਦ’ ਨਹੀਂ ਹੈ, ਜਿਸ ਨੂੰ ਭੁਲੇਖੇ ਨਾਲ਼ ਪਦ-ਛੇਦ ਕਰਨ ਵਾਲ਼ੇ ਨੇ ‘ਕੁਵਲੀਆ’ ਨਾਲੋਂ ਤੋੜ ਕੇ ਵੱਖਰਾ ਲਿਖ ਦਿੱਤਾ ਹੈ। ਦਰਦ ਦੇ ਅਰਥ ਵਾਲ਼ਾ ਸ਼ਬਦ ‘ਪੀੜ’ ਹੁੰਦਾ ਹੈ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 5 ਵਾਰੀ (36/3, 379/17, 438/16, 802/3 ਅਤੇ 1289/1 ਪੰਨਿਆਂ ਉੱਤੇ) ਵਰਤਿਆ ਗਿਆ ਹੈ। ਵਿਆਕਰਣ ਦੇ ਆਮ ਨਿਯਮ ਅਨੁਸਾਰ ‘ਪੀੜ’ ਸ਼ਬਦ ਇਸਤ੍ਰੀ ਲਿੰਗ ਹੈ, ਉਕਾਰਾਂਤ ਨਾ ਹੋਣ ਤੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਦਾ ਤਤਕਰਾ ਤਿਆਰ ਕਰਨ ਵਾਲ਼ੇ ਸੱਜਣ ਨੇ ਵੀ ‘ਪੀੜੁ’ ਅਤੇ ‘ਕੁਵਲੀਆ’ ਸ਼ਬਦਾਂ ਨੂੰ ਵੱਖ-ਵੱਖ ਅਯੋਗ ਹੀ ਲਿਖਿਆ ਹੈ।

ਗੁਰਬਾਣੀ ਦੇ ਫ਼ਰੀਦਕੋਟ ਵਾਲ਼ੇ ਟੀਕੇ ਵਿੱਚ ‘ਕੁਵਲੀਆ ਪੀੜੁ’ ਸ਼ਬਦ ਜੋੜ ਲਿਖ ਕੇ ਗ਼ਲਤ ਪਰਪਾਟੀ ਪਾਈ ਗਈ, ਭਾਵੇਂ ਅਰਥ ‘ਹਾਥੀ’ ਹੀ ਕੀਤੇ ਹਨ। ਡਾ. ਗੋਪਾਲ ਸਿੰਘ ਨੇ ਅੰਗ੍ਰੇਜ਼ੀ ਵਿੱਚ ਲਿਖੇ ਗੁਰਬਾਣੀ ਦੇ ਟੀਕੇ (2005 ਅਧ, ਪੰਨਾਂ 586, ਦੂਜੀ ਜਿਲਦ) ਵਿੱਚ ਅਰਥ ‘ਹਾਥੀ’ ਕੀਤੇ ਹਨ ਤੇ ਸ਼ਬਦ ਜੋੜ ਵੀ ਠੀਕ ਲਿਖੇ ਹਨ। ਸ਼੍ਰੋ. ਕਮੇਟੀ ਵਲੋਂ ਛਾਪੀ ਸੈਂਚੀ ਭਾਗ ਪਹਿਲਾ (2005 ਅਧ) ਵਿੱਚ ‘ਕੁਵਲੀਆ ਪੀੜੁ’ ਸ਼ਬਦ ਜੋੜ ਗ਼ਲਤ ਲਿਖੇ ਗਏ। ਦਿੱਲੀ ਗੁ. ਕਮੇਟੀ ਵਲੋਂ ਛਾਪੀ ਬੀੜ (2001) ਵਿੱਚ ਵੀ ਗ਼ਲਤ ਸ਼ਬਦ ਜੋੜ ਹੀ ਹਨ। ਮਹਾਨ ਕੋਸ਼ (ਪੰਨਾਂ 440, 2000 ਅਧ, ਨੈਸ਼ਨਲ ਬੁੱਕ ਸ਼ਾਪ) ਅਤੇ ਪ੍ਰੋ. ਸਾਹਿਬ ਸਿੰਘ ਨੇ ਠੀਕ ਸ਼ਬਦ ਜੋੜ ਲਿਖੇ ਹਨ।

2. ‘ਨ ਚ’ ਦਾ ਗ਼ਲਤ ਪਦ-ਛੇਦ ‘ਨਚ’ ਕੀਤਾ ਹੈ

ਪੰਨਾਂ 708/7 (3 ਵਾਰੀ ਲਿਖਿਆ ‘ਨਚ’ ਸ਼ਬਦ ਅਯੋਗ ਹੈ), 1356//15, 1356/16, 1357/1, 1357/2, 1357/3 , 1358/9( ਇਨ੍ਹਾਂ ਪੰਨਿਆਂ ਉੱਤੇ 15 ਵਾਰੀ ਲਿਖਿਆ ‘ਨਚ’ ਸ਼ਬਦ ਅਯੋਗ ਹੈ ਜੋ ਗ਼ਲਤ ਪਦ-ਛੇਦ ਕਾਰਣ ਹੈ)। ਇਸ ਗ਼ਲਤੀ ਨੂੰ ਗੁਰਬਾਣੀ ਦੇ ਸ਼ਬਦਾਂ ਦਾ ਤਤਕਰਾ ਲਿਖਣ ਵਾਲ਼ਿਆਂ ਨੇ ਵੀ ਦੁਹਰਾਕੇ ‘ਨਚ’ ਸ਼ਬਦਾਂ ਨੂੰ ਗਿਣਤੀ ਵਿੱਚ ਲਿਆਂਦਾ ਹੈ। ਫ਼ਰੀਦਕੋਟ ਵਾਲ਼ੇ ਟੀਕੇ ਤੋਂ ਇਹ ਗ਼ਲਤ ਪਦ-ਛੇਦ ਅਗਾਂਹ ਚੱਲਿਆ ਹੈ। ਗਿਆਨੀ ਹਰਬੰਸ ਸਿੰਘ ਚੰਡੀਗੜ੍ਹ ਨੇ ਵੀ ਇਹੋ ਗ਼ਲਤੀ ਦੁਰਹਾ ਕੇ ਪਾਠਕਾਂ ਨੂੰ ਕੁਰਾਹੇ ਪਾਇਆ ਹੈ।

‘ਨ’ ਅਤੇ ‘ਚ’ ਨੂੰ ਪਦ-ਛੇਦ ਕਰਨ ਸਮੇਂ ਜੋੜ ਕੇ ਅਯੋਗ ਹੀ ‘ਨਚ’ ਸ਼ਬਦ ਬਣਾ ਦਿੱਤਾ ਗਿਆ ਜਿਸ ਨੂੰ ਆਮ ਪਾਠਕਾਂ ਵਲੋਂ ਬਿਨਾਂ ਸੋਚੇ ਸਮਝੇ ‘ਨੱਚ’ ਹੀ ਪੜ੍ਹਿਆ ਜਾ ਰਿਹਾ ਹੈ ਜੋ ਗ਼ਲਤ ਹੈ। ‘ਨ ਚ’ ਲਿਖਣ ਤੇ ਪੜ੍ਹਨ ਸਮੇਂ ਠੀਕ ਅਰਥ ਬਣਦਾ ਹੈ- ‘ਨਾ ਤਾਂ’ ਅਤੇ ‘ਨਚ’ ਲਿਖਣ ਤੇ ਪੜ੍ਹਨ ਤੇ ਅਰਥ ਬਣਦਾ ਹੈ- ਨੱਚਣਾਂ। ਪਦ-ਛੇਦ ਕਰਨ ਵਾਲ਼ੇ ਨੇ ਤਾਂ ਅਰਥਾਂ ਦਾ ਅਨੱਰਥ ਬਣਾਇਆ ਹੀ ਹੈ, ਪੜ੍ਹਨ ਵਾਲ਼ੇ ਵੀ ‘ਨ ਚ’ ਨੂੰ ‘ਨਚ’ ਪੜ੍ਹ ਕੇ ਅਰਥ ਤੋਂ ਅਨੱਰਥ ਬਣਾ ਰਹੇ ਹਨ। ਕਾਰਣ ਹੈ ਸ਼ੁੱਧ ਪਾਠ-ਸੰਥਿਆ ਦੀ ਘਾਟ ਅਤੇ ਸ਼ਬਦਾਂ ਦੇ ਅਰਥ ਜਾਣਨ ਦੀ ਰੁਚੀ ਤੋਂ ਅਵੇਸਲ਼ਾਪਨ ਅਤੇ ਅਰੁਚੀ। ਕੁੱਝ ਕੁ ਤੁਕਾਂ ਦੀ ਵਿਚਾਰ ਇਉਂ ਹੈ ਜਿਨ੍ਹਾਂ ਵਿੱਚ ਗ਼ਲਤ ਪਦ-ਛੇਦ ‘ਨਚ’ ਲਿਖਿਆ ਗਿਆ ਹੈ-

ਨਚ ਰਾਜ ਸੁਖ ਮਿਸਟੰ ਨਚ ਭੋਗ ਰਸ ਮਿਸਟੰ ਨਚ ਮਿਸਟੰ ਸੁਖ ਮਾਇਆ॥ (ਪੰਨਾਂ ਗਗਸ 708)
ਨਚ ਦੁਰਲਭੰ ਧਨੰ ਰੂਪੰ ਨਚ ਦੁਰਲਭੰ ਸਰਗ ਰਾਜਨਹ॥ (ਗਗਸ 1357)

ਨੋਟ: ਪੜ੍ਹਨ ਸਮੇਂ ‘ਨਚ’ ਸ਼ਬਦ ਨੂੰ ‘ਨ ਚ’ ਪੜ੍ਹਿਆ ਜਾਵੇ ਜਿੱਥੇ ਅਰਥ ‘ਨੱਚਣਾ’ ਨਹੀਂ ਹੈ। ‘ਨ ਚ’ ਸੰਸਕ੍ਰਿਤ ਭਾਸ਼ਾ ਦੀ ਲੈਅਕਾਰੀ ਅਨੁਸਾਰ ਹੈ। ਦੇਖੋ ਇਹ ਨਮੂਨਾ ਜਿਸ ਵਿੱਚ ‘ਚ’ ਅੱਖਰ ਦੀ ਵੱਖਰੀ ਵਰਤੋਂ ਹੈ-



ਸਹਸਕ੍ਰਿਤੀ ਸ਼ਲੋਕਾਂ ਵਿੱਚ ‘ਨਚ’ ਤੋਂ ਬਿਨਾਂ ਹੋਰ ਵੀ ਕਈ ਸ਼ਬਦਾਂ ਦੇ ਪਦ-ਛੇਦ ਠੀਕ ਨਹੀਂ ਹਨ, ਜਿਵੇਂ- ਕਤੰਚ, ਮਿਥ੍ਹੰਤ, ਹਿਤ੍ਹੰਤ, ਨਵੰਤ, ਕਿਰਪੰਤ, ਧ੍ਰਿਗੰਤ ਆਦਿਕ ਗ਼ਲਤ ਸ਼ਬਦ-ਜੋੜਾਂ ਨੂੰ ਕਤੰ ਚ, ਮਿਥ੍ਹੰ ਤ, ਹਿਤ੍ਹੰ ਤ, ਕਿਰਪੰ ਤ, ਧ੍ਰਿਗੰ ਤ ਪਦ-ਛੇਦ ਰੂਪ ਵਿੱਚ ਲਿਖਣਾ ਚਾਹੀਦਾ ਸੀ। ਫ਼ਰੀਦਕੋਟ ਵਾਲ਼ੇ ਟੀਕੇ ਵਿੱਚੋਂ ਇਹ ਗ਼ਲਤ ਪਦ-ਛੇਦ ਚੱਲੇ ਹਨ। ਗਿਆਨੀ ਹਰਬੰਸ ਸਿੰਘ ਚੰਡੀਗੜ੍ਹ ਨੇ ਵੀ ਫ਼ਰੀਦਕੋਟ ਵਾਲ਼ੇ ਟੀਕੇ ਦੀਆਂ ਗ਼ਲਤੀਆਂ ਹੀ ਆਪਣੇ ਲਿਖੇ ਟੀਕੇ ਵਿੱਚ ਦੁਹਰਾਈਆਂ ਹਨ ਤੇ ਬਿਬੇਕ ਤੋਂ ਕੰਮ ਨਹੀਂ ਲਿਆ। ਪ੍ਰੋ. ਸਾਹਿਬ ਸਿੰਘ ਨੇ ਫ਼ਰੀਦਕੋਟੀ ਟੀਕੇ ਦੀਆਂ ਪਦ-ਛੇਦ ਦੀਆਂ ਗ਼ਲਤੀਆਂ ਨੂੰ ਆਪਣੇ ਲਿਖੇ ਟੀਕੇ ਵਿੱਚ ਠੀਕ ਕਰ ਕੇ ਪਾਠਕਾਂ ਦੀ ਯੋਗ ਅਗਵਾਈ ਕੀਤੀ ਹੈ।

3. ‘ਕਰੁਣਾਮੈ’ ਦਾ ਪਦ-ਛੇਦ ‘ਕਰੁਣਾ ਮੈ’ ਗ਼ਲਤ ਹੈ।

ਕਰੁਣਾਮੈ- ਇਹ ਸ਼ਬਦ-ਜੋੜ ਸਹੀ ਹਨ, ਪਰ ਇਸ ਦੀ ਥਾਂ ਅਨੇਕ ਥਾਵਾਂ ਉੱਤੇ ‘ਕਰੁਣਾ ਮੈ’ ਸ਼ਬਦ ਜੋੜ ਲਿਖ ਦਿੱਤੇ ਗਏ ਹਨ ਜਿਸ ਨੂੰ ‘ਕਰੁਣਾ ਮੈਂ’ ਕਰ ਕੇ ਗ਼ਲਤ ਪੜ੍ਹਿਆ ਜਾ ਰਿਹਾ ਹੈ। ਏਥੇ ‘ਮੈ’ ਸ਼ਬਦ ਨਿੱਜ-ਵਾਚਕ ਪੜਨਾਂਵ (personal pronoun) ਨਹੀਂ ਹੈ। ਇਹ ਸ਼ਬਦ ‘ਮੈ’ ਸੰਸਕ੍ਰਿਤ ਸ਼ਬਦ ‘ਮਯ’ ਦਾ ਰੂਪ ਹੈ ਜੋ ਨਾਸਕੀ ਧੁਨੀ ਤੋਂ ਬਿਨਾ ਹੈ। ‘ਕਰੁਣਾਮੈ’ ਦਾ ਅਰਥ ਹੈ ਤਰਸ ਨਾਲ਼ ਭਰਪੂਰ ਪ੍ਰਭੂ। ‘ਕਰੁਣਾ ਮੈਂ’ ਪੜ੍ਹਨ ਤੇ ਅਰਥ ਬਣੇਗਾ ‘ਮੈਂ ਤਰਸ ਹਾਂ’ ਜੋ ਪ੍ਰਸੰਗਕ ਨਹੀਂ ਹੈ। ਇਸੇ ਤਰ੍ਹਾਂ ‘ਗਗਨਮੈ’ ਨੂੰ ‘ਗਗਨ ਮੈ’, ‘ਸਰਬਤ੍ਰਮੈ’ ਨੂੰ ‘ਸਰਬਤ੍ਰ ਮੈ’, ‘ਸਰਬਮੈ’ ਨੂੰ ‘ਸਰਬ ਮੈ’, ‘ਅਨੰਦਮੈ’ ਨੂੰ ‘ਅਨੰਦ ਮੈ’, ‘ਮੈਮਤ’ ਨੂੰ ‘ਮੈ ਮਤ’ ਲਿਖ ਕੇ ਗ਼ਲਤ ਪਦ-ਛੇਦ ਕੀਤੇ ਹੋਏ ਮਿਲ਼ਦੇ ਹਨ। ਇਹ ਪੰਕਤੀ ਦੇਖੋ-

ਕਰਤਾਰ ਕਰੁਣਾ ਮੈ ਦੀਨੁ ਬੇਨਤੀ ਕਰੈ॥ (ਸੁਖਮਨੀ)

ਇਸ ਵਿੱਚ ‘ਮੈ’ ਸ਼ਬਦ ਇਕੱਲਾ ਲਿਖਿਆ ਹੋਣ ਤੇ ਭੁਲੇਖਾ ਪੈ ਗਿਆ ਹੈ। ਬਹੁਤ ਸਾਰੇ ‘ਕਰੁਣਾ’ ਸ਼ਬਦ ਤੇ ਵਿਸ਼੍ਰਾਮ ਦੇ ਕੇ ‘ਮੈ ਦੀਨੁ ਬੇਨਤੀ ਕਰੈ’ ਵੱਖ ਪੜ੍ਹਦੇ ਹਨ ਜੋ ਗ਼ਲਤ ਹੈ।

ਅਸਲ ਲਿਖਤ ਹੈ- ‘ਕਰਤਾਰ ਕਰੁਣਾਮੈ ਦੀਨੁ ਬੇਨਤੀ ਕਰੈ’॥ ਬੇਨਤੀ ਕਰਨ ਵਾਲ਼ਾ ‘ਦੀਨੁ’ ਹੈ ‘ਮੈ ਦੀਨੁ’ ਨਹੀਂ। ‘ਦੀਨੁ’ ਸ਼ਬਦ ਕਰਤਾ ਕਾਰਕ ਇੱਕ-ਵਚਨ ਹੈ ਤੇ ਕਿਰਿਆ ‘ਕਰੈ’ ਵੀ ਮੇਲ਼ ਖਾਂਦੀ ਇੱਕ-ਵਚਨ ਹੈ।

4. ਪੰਨਾਂ ਗਗਸ 344 ਉੱਤੇ ‘ਦੀਵਟੀ’ ਸ਼ਬਦ ਦਾ ਪਦ-ਛੇਦ ‘ਦੀ ਵਟੀ’, ਪੰਨਾਂ 1104 ਉੱਤੇ ‘ਕ੍ਰਿਸਾਨ ਵਾ’ ਦਾ ਪਦ-ਛੇਦ ‘ਕ੍ਰਿਸਾਨਵਾ’, ਪੰਨਾਂ 1098 ਉੱਤੇ ‘ਕੀਮਾਹੂ’ ਦਾ ਪਦ-ਛੇਦ ‘ਕੀਮਾ ਹੂ’, ਪੰਨਾਂ 1099 ਉੱਤੇ ‘ਕਾਂਢ ਕੁਆਹ’ ਦਾ ਪਦ-ਛੇਦ ‘’ਕਾਂਢਕੁ ਆਹ’, ਪੰਨਾਂ 1100 ਉੱਤੇ ‘ਓਹੀਅਲੁ’ ਦਾ ਪਦ-ਛੇਦ ‘ਓਹੀ ਅਲੁ’, ਪੰਨਾਂ 1271 ਉੱਤੇ ‘ਮਨਾ ਰਿ’ ਦਾ ਪਦ-ਛੇਦ ‘ਮਨਾਰਿ’, ਯੋਗ ਨਹੀਂ ਹੈ।

ਉਪਰੋਕਤ ਕੁਝ ਕੁ ਉਦਾਹਰਣਾਂ ਦੇਣ ਦਾ ਅਰਥ ਹੈ ਕਿ ਗੁਰਬਾਣੀ ਦੇ ਕਾਹਲ਼ੀ ਵਿੱਚ ਕੀਤੇ ਬਹੁਤ ਸਾਰੇ ਸ਼ਬਦਾਂ ਦੇ ਪਦ-ਛੇਦ ਗ਼ਲਤ ਹੋ ਚੁੱਕੇ ਹਨ।

ਹੁਣ ‘ਵਾਹਿਗੁਰੂ’ ਸ਼ਬਦ ਦੇ ਪਦ-ਛੇਦ ਤੇ ਵਿਚਾਰ ਕਰਦੇ ਹਾਂ। ‘ਵਾਹਿ’ ਅਤੇ ‘ਗੁਰੂ’ ਦੋ ਆਜ਼ਾਦ ਕਿਸਮ ਦੇ ਵੱਖ ਵੱਖ ਭਾਸ਼ਾਵਾਂ ਦੇ ਸ਼ਬਦ ਹਨ। ‘ਵਾਹਿ’ ਸ਼ਬਦ ਫ਼ਾਰਸੀ 'ਤੇ ਆਧਾਰਤ ਹੈ (ਅਰਥ- ਧੰਨੁ ਹੈਂ !) ਅਤੇ ‘ਗੁਰੂ’ ਸ਼ਬਦ ਦਾ ਮੂਲ਼ ਸੰਸਕ੍ਰਿਤ ਭਾਸ਼ਾ ਹੈ। ਇੱਥੇ ਦੋ ਵੱਖੋ ਵੱਖਰੀਆਂ ਭਾਸ਼ਾਵਾਂ ਦੇ ਸ਼ਬਦਾਂ ਨੂੰ ਅਯੋਗ ਇਕੱਠਾ ਕੀਤਾ ਗਿਆ ਹੈ ਜਿਵੇਂ ਉੱਪਰ ਲਿਖੀਆਂ ਉਦਾਹਰਣਾਂ ਵਿੱਚ ਵੀ ਬਹੁਤੇ ਸ਼ਬਦ ਅਯੋਗ ਹੀ ਜੋੜੇ ਗਏ ਹਨ। ਕਿਸੇ ਅੰਗ੍ਰੇਜ਼ੀ ਭਾਸ਼ਾ ਦੇ ਸ਼ਬਦ ਨਾਲ਼ ਪੰਜਾਬੀ, ਹਿੰਦੀ, ਸੰਸਕ੍ਰਿਤ, ਫ਼ਾਰਸੀ ਜਾਂ ਕਿਸੇ ਹੋਰ ਭਾਸ਼ਾ ਦਾ ਸ਼ਬਦ ਜੋੜ ਕੇ ਨਵਾਂ ਸ਼ਬਦ ਨਹੀਂ ਬਣਾਇਆ ਜਾ ਸਕਦਾ।

ਸਹੀ ਪਦ-ਛੇਦ ਵਾਹਿ ਗੁਰੂ’ ਹੈ। ਕੇਵਲ ਗਯੰਦ ਭੱਟ ਦੀ ਰਚਨਾ ਵਿੱਚ ‘ਵਾਹਿ’ ਅਤੇ ‘ਵਾਹ’ ਸ਼ਬਦਾਂ ਦੇ ਨਾਲ਼ ‘ਗੁਰੂ’ ਸ਼ਬਦ ਵਰਤਿਆ ਹੈ ਬਾਕੀ 34 ਬਾਣੀਕਾਰਾਂ ਵਲੋਂ ਅਜਿਹਾ ਕਿਤੇ ਵੀ ਨਹੀਂ ਕੀਤਾ ਗਿਆ, ਭਾਵ 34 ਬਾਣੀਕਾਰਾਂ ਨੇ ਕਿਤੇ ਵੀ ‘ਵਾਹਿ ਗਰੂ’ ਜਾਂ ‘ਵਾਹ ਗੁਰੂ’ ਸ਼ਬਦ-ਜੋੜ ਇਕੱਠੇ ਨਹੀਂ ਵਰਤੇ, ਕਿਉਂਕਿ ‘ਵਾਹਿ’, ‘ਵਾਹ’, ‘ਵਾਹੁ’ ਅਤੇ ‘ਗੁਰੂ’ ਆਜ਼ਾਦ ਸ਼ਬਦ ਹਨ। ਗਯੰਦ ਭੱਟ ਨੇ ‘ਧੰਨੁ ਹੈਂ’ ਦੇ ਅਰਥਾਂ ਵਿੱਚ ‘ਵਾਹਿ’ ‘ਵਾਹੁ, ਅਤੇ ‘ਵਾਹ’ ਸ਼ਬਦ ਵਰਤੇ ਹਨ, ਜਿਨ੍ਹਾਂ ਵਿੱਚ ‘ਵਾਹਿ’ ਅਤੇ ‘ਵਾਹੁ’ ਸ਼ਬਦਾਂ ਦੀ ਆਜ਼ਾਦ ਵਰਤੋਂ ਵੀ ਕੀਤੀ ਹੈ। ਇਹ ਗੱਲ ਸਮਝਣ ਲਈ ਕੁਝ ਕੁ ਉਦਾਹਰਣਾ ਗੁਰਬਾਣੀ ਵਿੱਚੋਂ ਏਥੇ ਲਈਆਂ ਗਈਆਂ ਹਨ:

1. ਆਜ਼ਾਦ ਸ਼ਬਦ ‘ਵਾਹਿ’ (ਵਿਸਮਿਕ ਸ਼ਬਦ, ਅਰਥ-ਧੰਨੁ ਹੈਂ! ਸ਼ਾਬਾਸ਼!):
ਫ਼ਾਰਸੀ ਭਾਸ਼ਾ ਵਿੱਚੋਂ ਇਸ ਸ਼ਬਦ ਦੀ ਵਰਤੋਂ ਦੇਖੋ-

ੳ). ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਜੀਉ

ਨੋਟ: ‘ਵਾਹਿ’ ਨੂੰ ‘ਜੀਉ’ ਸ਼ਬਦ ਨਾਲ਼ ਜੋੜ ਕੇ ‘ਵਾਹਿਜੀਉ’ ਨਹੀਂ ਬਣਾਇਆ ਗਿਆ। ਇਸੇ ਤਰ੍ਹਾਂ ‘ਵਾਹਿਗੁਰੂ’ ਸ਼ਬਦ ਨਹੀਂ ਬਣਾਇਆ ਜਾ ਸਕਦਾ। ਜੇ ‘ਵਾਹਿ’ ਸ਼ਬਦ ਨੂੰ ‘ਜੀਉ’ ਸ਼ਬਦ ਨਾਲ਼ ਜੋੜ ਕੇ ‘ਵਾਹਿਜੀਉ’ ਨਹੀਂ ਬਣਾਇਆ ਜਾ ਸਕਦਾ ਤਾਂ ‘ਵਾਹਿ’ ਨੂੰ ‘ਗੁਰੂ’ ਨਾਲ਼ ਜੋੜ ਕੇ ‘ਵਾਹਿਗੁਰੂ’ ਸ਼ਬਦ ਕਿਵੇਂ ਬਣਾਇਆ ਜਾ ਸਕਦਾ ਹੈ?

ਅ). ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਜੀਉ॥ (ਇਹ ਪੰਕਤੀ ਤਿੰਨ ਵਾਰੀ ਵਰਤੀ ਗਈ ਹੈ)

ਨੋਟ: ਇਸ ਤੁਕ ਵਿੱਚ ‘ਵਾਹਿਜੀਉ’ ਸ਼ਬਦ ਇਕੱਠਾ ਨਹੀਂ ਲਿਖਿਆ ਜਾ ਸਕਦਾ ਤੇ ਨਾ ਹੀ ਲਿਖਿਆ ਗਿਆ ਹੈ। ਇਸੇ ਤਰ੍ਹਾਂ ‘ਵਾਹਿਗੁਰੂ’ ਸ਼ਬਦ ਇਕੱਠਾ ਨਹੀਂ ਲਿਖਿਆ ਤੇ ਬਣਾਇਆ ਜਾ ਸਕਦਾ।

2. ਆਜ਼ਾਦ ਸ਼ਬਦ ‘ਵਾਹੁ’ (ਧੰਨਯਤਾ-ਯੋਗ ਗੁਰੂ ਰਾਮਦਾਸ ਜੀ) ਦੀ ਵਰਤੋਂ।

ੲ). ਵਾਹੁ ਵਾਹੁ ਕਾ ਵਡਾ ਤਮਾਸਾ॥ (ਗਗਸ 1403/15)

ਸ). ਗੁਰਮੁਖਿ ਸੰਗਤਿ ਸਭੈ ਬਿਚਾਰਹੁ ਵਾਹੁ ਵਾਹੁ ਕਾ ਵਡਾ ਤਮਾਸਾ॥ (ਗਗਸ 1403/18)

ਅਰਥ- ਧੰਨਯਤਾ-ਯੋਗ ਸ਼੍ਰੀ ਗੁਰੂ ਰਾਮਦਾਸ ਜੀ ਦਾ ਸੰਸਾਰ ਰੂਪੀ ਵੱਡਾ ਤਮਾਸ਼ਾ ਬਣਾਇਆ ਹੋਇਆ ਹੈ। ਗੁਰਮੁਖੋ! ਸੰਗਤਿ ਵਿੱਚ ਬੈਠ ਕੇ ਇਸ ਦੀ ਵਿਚਾਰ ਕਰਿਆ ਕਰੋ।

‘ਵਾਹਿ’, ‘ਵਾਹੁ’ ਅਤੇ ‘ਵਾਹ’ ਦੀ ਸਮਾਨ ਅਰਥਾਂ ਵਿੱਚ ਵਰਤੋਂ ਗਯੰਦ ਭੱਟ ਵਲੋਂ ਹੀ ਕੀਤੀ ਗਈ ਹੈ ਤੇ ਧੰਨੁ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਸੰਬੋਧਨ ਕੀਤਾ ਗਿਆ ਹੈ, ਜਿਵੇਂ-

ੳ). ਕੀਆ ਖੇਲੁ ਬਡ ਮੇਲੁ ਤਮਾਸਾ ਵਾਹਿ ਗੁਰੂ ਤੇਰੀ ਸਭ ਰਚਨਾ
ਅ). ਕੀਆ ਖੇਲੁ ਬਡ ਮੇਲੁ ਤਮਾਸਾ ਵਾਹ ਗੁਰੂ ਤੇਰੀ ਸਭ ਰਚਨਾ॥

ਨੋਟ: ‘ਵਾਹਿ’ ਅਤੇ ‘ਵਾਹ’ ਸ਼ਬਦਾਂ ਦਾ ਅਰਥ ਹੈ - ਹੇ ਗੁਰੂ ਰਾਮਦਾਸ ਜੀ ਤੁਸੀਂ ਧੰਨੁ ਹੋ! ਸਾਰੀ ਰਚਨਾ ਦੇ ਰਚਨਹਾਰ ਮੇਰੇ ਲਈ ਤਾਂ ਤੁਸੀਂ ਹੀ ਹੋ!

ਬਲ੍ਹ ਭੱਟ ਨੇ ਵੀ ‘ਵਾਹੁ’ ਸ਼ਬਦ ਦੀ ਵਰਤੋਂ ਆਜ਼ਾਦ ਤੌਰ 'ਤੇ ਕੀਤੀ ਹੈ, ਜਿਵੇਂ;

ਗੁਰਿ ਅਮਰਦਾਸਿ ਕਰਤਾਰੁ ਕੀਅਉ ਵਸਿ ਵਾਹੁ ਵਾਹੁ ਕਰਿ ਧ੍ਹਾਇਯਉ॥ (ਗਗਸ 1405/9)। ‘ਵਾਹੁ’ ਨੂੰ ‘ਕਰਿ’ ਸ਼ਬਦ ਨਾਲ਼ ਜੋੜ ਕੇ ‘ਵਾਹੁਕਰਿ’ ਨਹੀਂ ਬਣਾਇਆ ਗਿਆ। ਅਰਥ- ਸ਼੍ਰੀ ਗੁਰੂ ਅਮਰਦਾਸ ਜੀ ਨੇ ਕਰਤਾਰ ਨੂੰ ਵੱਸ ਵਿੱਚ ਕੀਤਾ ਤੇ ਤੂੰ ਧੰਨੁ ਹੈਂ! ਤੂੰ ਧੰਨੁ ਹੈਂ! ਕਹਿ ਕਹਿ ਕੇ ਉਸ ਨੂੰ ਯਾਦ ਕੀਤਾ। ‘ਵਾਹੁ’ ਸ਼ਬਦ ਦਾ ਅਰਥ ਹੈ- ਧੰਨੁ ਧੰਨੁ ਕਰਨਾ। ਇਸ ਕਵੀ ਨੇ ‘ਵਾਹੁ’ ਸ਼ਬਦ ਦੇ ਅਰਥ ਆਪ ਹੀ ‘ਧੰਨਿ ਧੰਨਿ’ ਲਿਖ ਕੇ ਇਉਂ ਕੀਤੇ ਹਨ-

ਸੋਈ ਰਾਮਦਾਸੁ ਗੁਰੁ ਬਲ੍ਹ ਭਣਿ ਮਿਲਿ ਸੰਗਤਿ ਧੰਨਿ ਧੰਨਿ ਕਰਹੁ॥5॥ (ਗਗਸ 1405/18)

ਜਿਵੇਂ ਏਥੇ ਬਲ੍ਹ ਭੱਟ ਕਹਿੰਦੇ ਹਨ ਕਿ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਸੰਗਤ ਵਿੱਚ ਮਿਲ਼ ਕੇ ਧੰਨੁ ਧੰਨੁ ਕਰਿਆ ਕਰੋ ਇਵੇਂ ਹੀ ਗਯੰਦ ਭੱਟ ਨੇ ਸ਼੍ਰੀ ਗੁਰੂ ਰਾਮਦਾਸ ਜੀ ਨੂੰ ‘ਧੰਨੁ’ ‘ਧੰਨੁ’ ਕਰੋ ਅਤੇ ‘ਵਾਹਿ’ ‘ਵਾਹ’ ਕਰੋ ਲਿਖਿਆ ਹੈ ਤੇ ਸਮਾਨਾਰਥਕ ਸ਼ਬਦਾਂ ਦੀ ਵਰਤੋਂ ਦੇ ਦੋਵੇਂ ਢੰਗ ਵਰਤੇ ਹਨ।

ਚਲਦਾ...


ਟਿੱਪਣੀ: ਪ੍ਰੋ. ਕਸ਼ਮੀਰਾ ਸਿੰਘ ਜੀ ਨੇ ਬਹੁਤ ਵੱਡਮੁੱਲੀ ਜਾਣਕਾਰੀ ਦਿੱਤੀ ਹੈ, ਪਰ ਕਈ ਪਾਠਕਾਂ ਨੇ ਇੱਥੇ ਦਿੱਤੀ ਜਾਣਕਾਰੀ ਨੂੰ ਗਲਤ ਰੰਗਤ ਦੇਣ ਦੀ ਕੋਸ਼ਿਸ਼ ਕਰਨੀ ਹੈ... ਜਿਵੇਂ ਕਿ ਹੁਣ ਗੁਰੂ ਗ੍ਰੰਥ ਸਾਹਿਬ 'ਤੇ ਉਂਗਲ ਚੁੱਕਣ ਲੱਗ ਪਏ ਆ... ਵਗੈਰਾ ਵਗੈਰਾ... ਸਾਡਾ ਗੁਰੂ ਗ੍ਰੰਥ ਸਾਹਿਬ 'ਤੇ ਅਟੱਲ ਵਿਸ਼ਵਾਸ ਹੈ, ਜੋ ਕੋਈ ਹਿਲਾ ਨਹੀਂ ਸਕਦਾ... ਪਰ ਛਪਾਈ ਦੌਰਾਨ ਕੀਤੀਆਂ ਗਲਤੀਆਂ ਨੂੰ ਸਾਹਮਣੇ ਲਿਆਉਣਾ ਵੀ ਸਾਡਾ ਫਰਜ਼ ਹੈ।

- ਸੰਪਾਦਕ ਖ਼ਾਲਸਾ ਨਿਊਜ਼


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top