Share on Facebook

Main News Page

ਸਿੱਖ ਅਕਾਲ ਦੇ ਪੁਜਾਰੀ ਜਾਂ ਤੰਬਾਕੂ, ਧਤੂਰਾ, ਗਾਂਜਾ, ਪੋਸਤ, ਅਫੀਮ ਅਤੇ ਸੱਪਾਂ ਦੇ ਡੰਗ ਮਰਵਾ ਨਸ਼ਾ ਪੂਰਾ ਕਰਨ ਵਾਲੇ ਸ਼ਿਵ ਦੀ ਪਤਨੀ ਸ਼ਿਵਾ ਦੇ ?
-: ਅਵਤਾਰ ਸਿੰਘ ਮਿਸ਼ਨਰੀ

ਸਿੱਖ ਦੀ ਪਰਿਭਾਸ਼ਾ ਗੁਰਬਾਣੀ ਵਿਖੇ ਸਿਖਿਆਰਥੀ ਦੀ ਹੈ। ਸਿੱਖਾਂ ਦਾ ਸ਼ਬਦ-ਗੁਰੂ, ਗੁਰੂ ਗ੍ਰੰਥ ਸਾਹਿਬ ਹੈ। ਸ਼ਬਦ ਸਦੀਵੀ ਪ੍ਰਕਾਸ਼ਮਾਨ ਹੁੰਦਾ ਹੈ। ਸਾਰੇ ਗੁਰੂ ਗ੍ਰੰਥ ਸਾਹਿਬ ਵਿਖੇ ਆਪਣੇ ਮੂਲ ਨਾਲ ਜੁੜਨ ਦੀ ਬਾਰ ਬਾਰ ਸਿਖਿਆ ਦਿੱਤੀ ਗਈ ਹੈ। ਗੁਰੂ ਨਾਨਕ ਸਾਹਿਬ ਦੇ ਦਸਵੇਂ ਜਾਂਨਸ਼ੀਨ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਂਦੇ ਹੁਕਮ ਕੀਤਾ ਸੀ- ਸਭ ਸਿਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ॥ ਸਿੱਖ ਕਿਸੇ ਦੇਵੀ ਦਾ ਪੁਜਾਰੀ ਨਹੀਂ।

ਪੂਜਾ ਬਾਰੇ ਵੀ ਗੁਰੂ ਗ੍ਰੰਥ ਸਾਹਿਬ ਦਾ ਫੁਰਮਾਨ ਹੈ- ਪੂਜਾ ਕੀਚੈ ਨਾਮੁ ਧਿਆਈਐ ਬਿਨੁ ਨਾਵੈਂ ਪੂਜ ਨ ਹੋਈ॥(੪੮੯) ਪੂਜਹੁ ਰਾਮੁ ਏਕੁ ਹੀ ਦੇਵਾ॥ (੪੮੪) ਸੇਵਕ ਸਿੱਖ ਪੂਜਣ ਸਭਿ ਅਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ॥ (੬੬੯) ਗੁਰਸਿੱਖਾਂ ਵਿੱਚ "ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ" ਵਿਧਾਨ ਹੈ।

 

ਗੁਰੂ ਗ੍ਰੰਥ ਸਾਹਿਬ ਤੋਂ ਬਾਹਰੀ ਗ੍ਰੰਥਾਂ ਅਤੇ ਇਤਿਹਾਸਕ ਸਰੋਤਾਂ ਵਿਖੇ ਸਿੱਖ ਦੁਸ਼ਮਣਾਂ ਵੱਲੋਂ ਬੇਈਮਾਨੀ ਨਾਲ ਰਲਾ ਕਰਕੇ ਕਲਪਿਤ ਦੇਵੀ ਦੇਵਤਿਆਂ ਦੀ ਵੀ ਪੂਜਾ ਕਰਨ ਦਾ ਕੋਝਾ ਉਪਦੇਸ਼ ਦਿੱਤਾ ਗਿਆ ਹੈ। ਡੇਰੇਦਾਰ ਅਤੇ ਸੰਪ੍ਰਦਾਈ ਵੀ ਕਿਰਤਮ ਦੀ ਪੂਜਾ ਦਾ ਪ੍ਰਚਾਰ ਕਰਦੇ ਹਨ। ਇਸ ਮਨੌਤ ਨੂੰ ਪੱਕਿਆਂ ਕਰਨ ਵਾਸਤੇ ਉਨ੍ਹਾਂ ਅਤੇ ਸਿੱਖ ਵਿਰੋਧੀਆਂ ਨੇ ਬਹੁਤ ਸਾਰੇ ਗ੍ਰੰਥ ਰਚੇ ਜਿਨ੍ਹਾਂ ਵਿੱਚ ਦਸਮ ਗ੍ਰੰਥ ਵੀ ਇੱਕ ਅਸ਼ਲੀਲ ਗ੍ਰੰਥ ਹੈ। ਜਿਸ ਨੂੰ ਅੱਜ ਕਲ੍ਹ ਡੇਰੇਦਾਰ ਅਤੇ ਸੰਪ੍ਰਦਾਈ ਦਸਮ ਗੁਰੂ ਗ੍ਰੰਥ ਸਾਹਿਬ ਕਹਿ ਕੇ ਵੀ ਪ੍ਰਚਾਰ ਕਰਦੇ ਹਨ। 

 

ਅੱਜ ਕੱਲ੍ਹ ਅਕਾਲੀ ਦਲ ਦੀ ਭਾਈਵਾਲ ਭਾਜਪਾ ਅਤੇ ਰਾਸ਼ਟਰੀਆ ਸਿੱਖ ਸੰਗਤ ਨੇ ਸਿੱਖਾਂ ਨੂੰ ਸ਼ਿਵ (ਦੁਰਗਾ ਪਾਰਬਤੀ) ਦੇਵੀ ਦਾ ਉਪਾਸ਼ਕ ਸਿੱਧ ਕਰਨ ਵਾਸਤੇ ਦੇਹ ਸ਼ਿਵਾ ਬਰ ਮੋਹਿ ਇਹੇ ਦਾ ਛੋਛਾ ਛੱਡਿਆ ਹੈ ਜਿਸ ਦਾ ਜਾਗਤ-ਜਮੀਰ ਸਿੱਖ ਆਪੋ ਆਪਣੇ ਵਸੀਲਿਆਂ ਨਾਲ ਜੁਵਾਬ ਦੇ ਰਹੇ ਹਨ। ਦਾਸ ਵੀ ਮਿਸ਼ਨਰੀ ਪ੍ਰਚਾਰਕ ਅਤੇ ਲੇਖਕ ਹੋਣ ਦੇ ਨਾਤੇ ਇਸ ਸ਼ਿਵਾ, ਸੂਰਜ ਅਤੇ ਚੰਦ ਆਦਿਕ ਕਲਪਿਤ ਦੇਵੀ ਦੇਵਤਿਆਂ ਬਾਰੇ ਲਿਖ ਰਿਹਾ ਹੈ।

 

ਆਓ ਸਭ ਤੋਂ ਪਹਿਲਾਂ ਇਸ ਕਵਿਤਾ ਦੀ ਵਿਆਖਿਆ ਕਰ ਲਈਏ- ਸਵੈਯਾ॥ ਦੇਹ ਸ਼ਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨ ਟਰੋਂ॥ ਨ ਡਰੋਂ ਅਰਿ ਸੋਂ ਜਬ ਜਾਇ ਲਰੋਂ॥ ਨਿਸਚੈ ਕਰ ਆਪਨੀ ਜੀਤ ਕਰੋਂ॥ ਅਰੁ ਸਿਖ ਹੋ ਆਪਨੇ ਹੀ ਮਨ ਕੋ, ਇਹ ਲਾਲਚ ਹਉ ਗੁਣ ਤਉ ਉਚਰੋਂ॥ ਜਬ ਆਵ ਕੀ ਅੳਧ ਨਿਧਾਨ ਬਨੈ, ਅਤਿ ਹੀ ਰਨ ਮੈਂ ਤਬ ਜੂਝ ਮਰੋਂ॥ (ਚੰਡੀ ਚਰਿਤ੍ਰ ਉਕਤ ਬਿਲਾਸ ਅੰਕ ੨੩੨)  

 

ਭਾਈ ਕਾਨ੍ਹ ਸਿੰਘ ਨ੍ਹਾਭਾ ਰਚਿਤ ਮਹਾਨਕੋਸ਼ ਅਨੁਸਾਰ-ਸ਼ਿਵਾ ਭਾਵ ਸ਼ਿਵ ਦੀ ਇਸਤ੍ਰੀ ਦੁਰਗਾ, ਪਾਰਬਤੀ (ਧਰ ਧਿਆਨ ਮਨ ਸ਼ਿਵਾ ਕੋ ਤੱਕੀ ਪੁਰੀ ਕੈਲਾਸ਼-ਚੰਡੀ-੧) ਸ਼ਿਵ (ਸ਼ਿਵਜੀ,ਮਹਾਂਦੇਵ) ਸ਼ਿਵਾ (ਪਾਰਬਤੀ) ਦਾ ਪਤੀ। ਸ਼ਿਵਾ (ਪਾਰਬਤੀ) ਦੇ ਹੋਰ ਵੀ ਕਈ ਨਾਮ ਹਨ ਜਿਵੇਂ- ਪਰੀ, ਪਦਮਨੀ, ਪਾਰਬਤੀ, ਪਰਮ ਰੂਪਾ॥ ਸ਼ਿਵਾ ਬਾਸਵੀ, ਬ੍ਰਹਮੀ ਰਿਧ ਕੂਪਾ॥ (ਚੰਡੀ-੨੨੮) ਅਤੇ ਨਮੋ ਹਿੰਗੁਲਾ, ਪਿੰਗੁਲਾ, ਤੋਤਲਾਯੰ॥ ਨਮੋ ਕਰਤਿ, ਕਿਆਨੀ ਸ਼ਿਵਾ ਸੀਤਲਾਯੰ॥ ਆਦਿਕ ਸ਼ਿਵਾ ਦੇ ਨਾਮ ਹਨ।

 

 ਜਦ ਦੈਂਤਾਂ ਨੇ ਅਨੇਕਾਂ ਦੇਵਤੇ ਮਾਰ ਦਿੱਤੇ ਅਤੇ ਉਨ੍ਹਾਂ ਦਾ ਸਭ ਕੁਝ ਖੋਹ ਲਿਆ ਤਾਂ ਬਾਕੀ ਦੇਵਤੇ ਡਰਦੇ ਮਾਰੇ ਸ਼ਿਵਾ (ਦੁਰਗਾ) ਦੀ ਓਟ ਤੱਕ ਕੇ ਕੈਲਾਸ਼ ਪਰਬਤ ਤੇ ਆ ਗਏ(ਧਾਰਿ ਧਿਆਨ ਮਨ ਸ਼ਿਵਾ ਕੋ ਤੱਕੀ ਪੁਰੀ ਕੈਲਾਸ਼) ਅਤੇ (ਬਸੇ ਸ਼ਿਵਪੁਰੀ ਜਾਇ) 

 

ਸ਼ਿਵਾ ਦਾ ਅਰਥ ਅਕਾਲ ਪੁਰਖ ਕਰਨ ਵਾਲੇ ਦੱਸਣਗੇ ਕਿ ਅਕਾਲ ਪੁਰਖ ਸਰਬ ਨਿਵਾਸੀ ਹੈ ਜਾਂ ਕੈਲਾਸ਼ ਪਰਬਤ ਤੇ ਰਹਿੰਦਾ ਹੈ ਜਾਂ ਓਥੇ ਮੰਨੀ ਗਈ ਦੇਵੀ ਸ਼ਿਵਾ (ਪਾਰਬਤੀ ਦੁਰਗਾ) ਰਹਿੰਦੀ ਹੈ। ਮੁਕਦੀ ਗੱਲ ਦੇਹ ਸ਼ਿਵਾ ਬਰ ਮੋਹਿ ਇਹੈ ਵਾਲੇ ਸਵਯੈ ਵਿੱਚ ਸ਼ਿਵਾ ਦਾ ਅਰਥ ਦੁਰਗਾ ਭਵਾਨੀ ਹੈ ਤੇ ਵਰ ਮੰਗਣ ਵਾਲਾ ਸਾਕਤ ਮਤੀਆ (ਸ਼ਿਵਾ ਉਪਾਸ਼ਕ) ਸ਼ਯਾਮ ਕਵੀ ਹੈ ਜਿਸ ਨੇ ਕ੍ਰਿਸ਼ਨਾ ਅਵਤਾਰ ਦੇ ਅੰਕ ੨੪੮੯ ਤੇ ਵੀ ਇਸੇ ਭਾਵ ਨੂੰ ਉਜਾਗਰ ਕੀਤਾ ਹੈ- ਅਬ ਰੀਝ ਕੈ ਦੇਹੁ ਵਹੈ ਹਮ ਜੋਊ ਹਉਂ ਬਿਨਤੀ ਕਰ ਜੋਰ ਕਰੋਂ॥ ਹੇ ਰਵਿ ਹੇ ਸਸਿ ਹੇ ਕਰੁਨਾਨਿਧ ਮੇਰੀ ਅਬੈ ਬਿਨਤੀ ਸੁਨਿ ਲੀਜੈ॥ ਅਉਰ ਨ ਮਾਂਗਤ ਹਉੇ ਤੁਮ ਤੇ ਕਛੁ ਚਾਹਤ ਹਉ ਚਿਤ ਮੈ ਸੋਈ ਕੀਜੈ॥ ਸ਼ੱਤ੍ਰਨ ਸਿਉ ਅਤਿ ਹੀ ਰਨ ਭੀਤਰ ਜੂਝ ਮਰੋ ਕਹਿ ਸਾਚ ਪਤੀਜੈ॥ ਸੰਤ ਸਹਾਇ ਸਦਾ ਜਗ ਮਾਇ ਕ੍ਰਿਪਾ ਕਰਿ ਸਯਾਮ ਇਹੈ ਬਰੁ ਦੀਜੈ॥੧੯੦੦॥ (ਦ. ੍ਰੰ-੪੯੫ ਕ੍ਰਿਸ਼ਨਾ ਅਵਤਾਰ) 

 

ਹੋਰ ਦੇਖੋ ਅਕਾਲ ਦਾ ਪੁਜਾਰੀ ਗੁਰੂ ਗੋਬਿੰਦ ਸਿੰਘ ਰਵਿ (ਸੂਰਜ) ਅਤੇ ਸਸਿ (ਚੰਦ੍ਰਮਾਂ) ਅੱਗੇ ਬੇਨਤੀ ਕਰਦਾ ਦਰਸਾਇਆ ਗਿਆ ਹੈ ਜਦ ਕਿ ਗੁਰੂ ਨਿਰੰਕਾਰ ਕਰਣਹਾਰ ਕਰਤਾਰ ਦਾ ਹੀ ਉਪਾਸ਼ਕ ਹੈ। ਵਰ ਤੇ ਸਰਾਪ ਦੇਣੇ ਗੁਰਮਤਿ ਦੇ ਸਿਧਾਂਤ ਨਹੀਂ ਹਨ। ਗੁਰੂ ਕਦੀ ਕਿਸੇ ਨੂੰ ਵਰ ਜਾਂ ਸਰਾਪ ਨਹੀਂ ਦਿੰਦਾ ਸਗੋਂ ਬਖਸ਼ਿਸ਼ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਅਕਾਲ ਪੁਰਖ ਦੀ ਉਸਤਤਿ ਹੈ ਅਤੇ ਉਸ ਅੱਗੇ ਹੀ ਅਰਦਾਸ ਕੀਤੀ ਗਈ ਹੈ ਪਰ ਬ੍ਰਾਹਮਣੀ ਮਤ ਦੇ ਗ੍ਰੰਥ ਅਤੇ ਦਸਮ ਗ੍ਰੰਥ ਵਰਾਂ ਸਰਾਪਾਂ ਦੀਆਂ ਕਲਪਿਤ ਕਥਾ ਕਹਾਣੀਆਂ ਨਾਲ ਭਰਿਆ ਪਿਆ ਹੈ।

 

ਸੋ ਹੁਣ ਗੁਰਸਿੱਖਾਂ ਨੇ ਸੋਚਣਾ ਹੈ ਕਿ ਓਨ੍ਹਾਂ ਨੇ ਰਾਸ਼ਟਰੀ ਧਰਮ ਗੀਤ- ਤੂ ਠਾਕੁਰੁ ਤੁਮ ਪਹਿ ਅਰਦਾਸਿ (੨੬੮) ਵਾਲੇ ਗੁਰੂ ਸ਼ਬਦ ਨੂੰ ਬਨਾਉਣਾ ਹੈ ਜਾਂ ਸਾਕਤ ਮੱਤੀਏ ਧਤੂਰੇ ਭੰਗ ਅਫੀਮ ਸ਼ਰਾਬ ਦਿਕ ਮਾਰੂ ਨਸ਼ਿਆਂ ਦੇ ਰਸੀਏ ਸ਼ਿਵਜੀ ਦੀ ਘਰਵਾਲੀ ਸ਼ਿਵਾ (ਪਾਰਬਤੀ ਦੁਰਗਾ) ਨੂੰ। ਸਿੱਖਾਂ ਸੇਵਕਾਂ ਨੂੰ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਆਪ ਪੜ੍ਹਨ, ਵਿਚਾਰਨ ਅਤੇ ਧਾਰਨ ਕਰਦੇ ਸਮੇ ਗੁਰਬਾਣੀ ਦੇ ਮੂਲ ਸਿਧਾਂਤ (ਮੂਲ ਮੰਤਰ-ਮੰਗਲਾ ਚਰਨ) ਨੂੰ ਧਿਆਨ ਵਿੱਚ ਰੱਖਣ, ਜਿਸ ਵਿੱਚ ਅਕਾਲ ਪੁਰਖ ਦੇ ਮੁਕੰਮਲ ਸਰੂਪ ਦਾ ਬਾਖੂਬੀ ਵਰਨਣ ਕੀਤਾ ਗਿਆ ਹੈ।

 

ਭਗਤਾਂ ਅਤੇ ਗੁਰੂ ਸਹਿਬਾਨਾਂ ਵੇਲੇ ਭਾਰਤ ਵਿੱਚ ਬਹੁਤੇ ਬ੍ਰਾਹਮਣ ਹਿੰਦੂ ਅਤੇ ਮੁਗਲ ਮੁਸਲਮਾਨ ਸਨ। ਹਿੰਦੂਆਂ ਚੋਂ ਬ੍ਰਾਹਮਣ ਪੁਜਾਰੀ, ਜੋਗੀ ਅਤੇ ਸਿਧ ਪੀਰ ਅਤੇ ਮੁਸਲਮਾਨਾਂ ਚੋਂ ਮੁਲਾਂ ਮੁਲਾਣੇ ਕਾਜ਼ੀ ਆਦਿਕ ਸਨ। ਸਨਾਤਨੀ ਹਿੰਦੂਆਂ ਦੇ ਚਾਰ ਵੇਦ, ਛੇ ਸ਼ਾਂਸ਼ਤ੍ਰ, ਅਠਾਰਾਂ ਪੁਰਾਣ ਅਤੇ ਸਤਾਈ ਸਿਮ੍ਰਤੀਆਂ ਆਦਿਕ ਗ੍ਰੰਥ ਅਤੇ ਮੁਸਲਮਾਨਾਂ ਦਾ ਕੁਰਾਨੇ ਪਾਕਿ ਤੇ ਸ਼ਰਾ ਦੇ ਗ੍ਰੰਥ ਸਨ। ਸਭਿਆ, ਸ਼ਬਦਾਵਲੀ, ਰੀਤੋ ਰਿਵਾਜ, ਮਨੌਤਾਂ, ਬੋਲੀ, ਬੋਲਚਾਲ ਮੁਗਲਾਂ ਅਤੇ ਸਨਾਤਨੀ ਬ੍ਰਾਹਮਣੀ ਹਿੰਦੂਆਂ ਵਾਲਾ ਸੀ। ਅਰਬੀ ਫਾਰਸੀ, ਹਿੰਦੀ ਅਤੇ ਸੰਸਕ੍ਰਿਤ ਆਦਿਕ ਬੋਲੀਆਂ ਦਾ ਬੋਲਬਾਲਾ ਸੀ। ਸੋ ਰੱਬੀ ਭਗਤਾਂ ਅਤੇ ਗੁਰੂਆਂ ਨੇ ਉਪਦੇਸ਼ ਦਿੰਦੇ ਸਮੇ ਉਨ੍ਹਾਂ ਦੀ ਸ਼ਬਦਾਵਲੀ, ਰੀਤਾਂ ਰਸਮਾਂ, ਮਿਥਾਂ, ਮਨੌਤਾਂ, ਬੋਲੀ ਅਤੇ ਅਕੀਦਿਆਂ ਦਾ ਇਸਤੇਮਾਲ ਕੀਤਾ ਹੈ। ਜਿਵੇਂ ਅੱਲ੍ਹਾ, ਰਾਮ, ਅਜਰਾਈਲ, ਭਿਸਤ-ਦੋਜਕ, ਬ੍ਰਹਮਾ, ਬਿਸ਼ਨ, ਮਹੇਸ਼, ਭਵਾਨੀ, ਪਾਰਬਤੀ, ਕ੍ਰਿਸ਼ਨ, ਹਨੂੰਮਾਨ, ਨਰਕ-ਸਵਰਗ,ਅਨੇਕਾਂ ਦੇਵੀ ਦੇਵਤਿਆਂ, ਮੰਦਰਾਂ ਮਸਜਦਾਂ, ਮੱਠਾਂ ਮਜਾਰਾਂ ਅਤੇ ਸਿੱਧਾਂ ਪੀਰਾਂ ਜੋਗੀਆਂ ਆਦਿਕ ਦਾ ਨਾਂ ਵਰਤ ਕੇ ਰੱਬੀ ਉਪਦੇਸ਼ ਦਿੱਤੇ ਹਨ।

 

ਉਸ ਵੇਲੇ ਦੇ ਰਾਜੇ, ਜੋਗੀ, ਮੁੱਲਾਂ ਮੁਲਾਣੇ ਅਤੇ ਉਚਜਾਤੀ ਬ੍ਰਾਹਮਣ ਇਹ ਸਭ, ਆਮ ਜਨਤਾ ਨੂੰ ਵਹਿਮਾਂ ਭਰਮਾਂ ਅਤੇ ਤਾਕਤ ਦੇ ਡਰਾਵਿਆਂ ਨਾਲ ਲੁੱਟ ਰਹੇ ਸਨ। ਰੱਬੀ ਭਗਤਾਂ ਅਤੇ ਗੁਰੂਆਂ ਨੇ ਸੱਚੇ ਸੁੱਚੇ ਅਤੇ ਗਿਆਨ ਵਿਗਿਆਨ ਭਰਪੂਰ ਉਪਦੇਸ਼ਾਂ ਅਤੇ ਕਿਰਤ ਕਮਾਈ, ਸੇਵਾ, ਸਿਮਰਨ, ਪਰਉਪਕਾਰ ਆਦਿਕ ਲੋਕ ਭਲਾਈ ਦੇ ਕਰਮ ਕਰਕੇ ਜਨਤਾ ਵਿੱਚ ਕ੍ਰਾਂਤੀ ਪੈਦਾ ਕਰਕੇ ਪੁਜਰੀਵਾਦ ਦਾ ਜੂਲਾ ਜਨਤਾ ਦੇ ਗਲੋਂ ਲਾਹ ਦਿੱਤਾ। ਕੀ ਹਿੰਦੂ ਤੇ ਕੀ ਮੁਸਲਮਾਨ ਧੜਾ ਧੜ ਗੁਰਮਤਿ ਧਾਰਨ ਲੱਗ ਪਏ। ਜਿਸਦਾ ਹੰਕਾਰੀ-ਮੁਤੱਸਬੀ ਮੁਸਲਮਾਨਾਂ ਅਤੇ ਜਾਤਪਾਤੀ ਬ੍ਰਾਹਮਣਾਂ ਨੇ ਕਰੜਾ ਵਿਰੋਧ ਕੀਤਾ। ਇਸ ਸਬੰਧ ਵਿੱਚ ਜੰਗ ਯੁੱਧ ਅਤੇ ਸ਼ਹੀਦੀਆਂ ਵੀ ਹੋਈਆਂ। ਹਰ ਵਾਰ ਜਾਗੀ ਜਨਤਾ ਅੱਗੇ ਇਨ੍ਹਾਂ ਨੂੰ ਹਾਰਨਾ ਪਿਆ। ਫਿਰ ਛਾਤਰ ਦਿਮਾਗ ਬ੍ਰਾਹਮਣ ਨੇ ਸੋਚਿਆ ਕਿ ਜੰਗਾਂ ਯੁੱਧਾਂ ਵਿੱਚ ਸਾਡੇ ਜੂਲੇ ਹੇਠੋਂ ਨਿਕਲ ਕੇ ਜਾਗ੍ਰਤ ਹੋ ਚੁੱਕੀ ਜਨਤਾ ਨੂੰ ਹੁਣ ਅਸੀਂ ਵੱਸ ਨਹੀਂ ਕਰ ਸਕਦੇ ਪਰ ਇਨ੍ਹਾਂ ਦੇ ਧਰਮ ਅਤੇ ਇਤਿਹਾਸਕ ਗ੍ਰੰਥਾਂ ਵਿੱਚ ਬ੍ਰਾਹਮਣਵਾਦ ਦਾ ਰਲਾ ਕਰ ਦੇਈਏ ਤਾਂ ਸਮਾ ਪਾ ਕੇ ਸਿੱਖ ਧਰਮ ਨੂੰ ਮੰਨਣਵਾਲੇ ਲੋਕ ਫਿਰ ਸਾਡੇ ਵਹਿਮਾਂ ਭਰਮਾਂ ਅਤੇ ਕਰਮਕਾਡਾਂ ਦੇ ਜਾਲਾਂ ਵਿੱਚ ਫਸਕੇ ਸਾਡੀ ਪੂਜਾ ਕਰਨ ਲੱਗ ਜਾਣਗੇ। ਛਾਤਰ ਬ੍ਰਾਹਮਣ ਨੇ ਇੱਕ ਹੋਰ ਚਾਲ ਚੱਲੀ ਕਿ ਹੁਣ ਸਾਨੂੰ ਬ੍ਰਾਹਮਣ, ਪੁਜਾਰੀ ਆਚਾਰੀਆ ਆਦਿਕ ਦੀ ਥਾਂ ਸੰਤ ਸ਼ਬਦ ਆਪਣੇ ਨਾਲ ਲਾ ਲੈਣਾ ਚਾਹੀਦਾ ਹੈ। ਐਸਾ ਕਰਕੇ ਇਹ ਬ੍ਰਾਹਮਣ ਉਦਾਸੀਆਂ, ਨਿਰਮਲਿਆਂ ਅਤੇ ਭਗਵੇ ਸੰਤਾਂ ਦੇ ਭੇਖ ਵਿੱਚ ਸਿੱਖਾਂ ਵਰਗੀਆਂ ਸਾਬਤ ਸੂਰਤ ਸ਼ਕਲਾਂ ਬਣਾ ਕੇ, ਸਾਡੇ ਧਰਮ ਅਸਥਾਨਾਂ ਵਿੱਚ ਪ੍ਰਵੇਸ਼ ਕਰ ਗਿਆ। ਜੋ ਹੁਣ ਸੰਪ੍ਰਦਾਵਾਂ, ਡੇਰਿਆਂ, ਸਾਧਾਂ ਸੰਤਾਂ ਅਤੇ ਜਾਤਪਾਤੀ ਬਰਾਦਰੀ ਦੇ ਨਾਂ ਤੇ ਬਣੇ ਧਰਮ ਅਸਥਾਨਾਂ ਦੇ ਰੂਪ ਵਿੱਚ ਗੁਰਮਤਿ ਨੂੰ ਵੰਗਾਰ ਅਤੇ ਦਹਾੜ ਰਿਹਾ ਹੈ।

 

ਧਾਰਮਿਕ ਅਤੇ ਰਾਜਨੀਤਕ ਸਭਾ ਸੁਸਾਇਟੀਆਂ ਅਤੇ ਸੰਸਥਾਵਾਂ ਵਿੱਚ ਵੀ ਘੁਸੜ ਚੁੱਕਾ ਹੈ। ਕੀ ਅਕਾਲੀ ਦਲ, ਕੀ ਸ਼੍ਰੋਮਣੀ ਕਮੇਟੀ, ਕੀ ਟਕਸਾਲ ਅਤੇ ਕੀ ਤਖਤਾਂ ਦੇ ਜਥੇਦਾਰ ਸਭ ਵਿੱਚ ਸਿੱਖੀ ਸਰੂਪ ਧਾਰ ਕੇ ਵੜ ਚੁੱਕਾ ਹੈ। ਅਕਾਲ ਤਖਤ ਦੇ ਜਥੇਦਾਰ ਗਿ. ਪੂਰਨ ਸਿੰਘ ਦੇ ਰੂਪ ਵਿੱਚ ਸਿੱਖਾਂ ਨੂੰ ਲਵ ਕੁਛ ਦੀ ਉਲਾਦ ਐਲਾਨ ਚੁੱਕਾ ਹੈ। ਸਿੱਖ ਵੇਦਾਂਤੀ ਵੀ ਬਣ ਗਿਆ ਹੈ। ਪੰਜਾਬ ਦੀ ਅਖੌਤੀ ਅਕਾਲੀ ਸਰਕਾਰ ਵਿੱਚ ਰਾਸ਼ਟਰੀਆ ਸਿੱਖ ਸੰਗਤ, ਭਾਰਤੀ ਜਨਤਾ ਪਾਰਟੀ ਅਤੇ ਡੇਰੇਦਾਰਾਂ ਦੇ ਰੂਪ ਵਿੱਚ ਮੌਜਾਂ ਮਾਣ ਅਤੇ ਹਕੂਮਤ ਕਰ ਰਿਹਾ ਹੈ। ਡੇਰੇਦਾਰ ਰਾਧਾ ਸੁਆਮੀਆਂ ਨੂੰ ਇਤਿਹਾਸਕ ਗੁਰਦੁਆਰੇ ਢਾਉਣ ਤੇ ਵੀ ਕਲੀਨ ਚਿੱਟਾਂ ਦੇ ਰਿਹਾ ਹੈ। ਚੋਣਾਂ ਸਮੇ ਨਸ਼ੇ ਵੰਡ ਕੇ ਸਿੱਖ ਜਵਾਨੀਆਂ ਨੂੰ ਬਰਬਾਦ ਕਰਦਾ ਆ ਰਿਹਾ ਹੈ। ਗੁਰਦੁਆਰਿਆਂ ਵਿੱਚ ਸ਼ਿਵ ਲਿੰਗ ਪ੍ਰਗਟ ਹੋਣ ਦੇ ਛੋਛੇ ਛੱਡ ਰਿਹਾ ਹੈ।

 

ਹੁਣ ਇਸ ਨੇ ਨਵਾਂ ਛੋਛਾ ਛੱਡਿਆ ਹੈ ਕਿ ਸਿੱਖਾਂ ਦਾ ਰਾਸ਼ਟਰੀ ਗੀਤ ਦੇਹ ਸ਼ਿਵਾ ਬਰ ਮੋਹਿ ਇਹੈ ਵਾਲਾ ਹੋਣਾਂ ਚਾਹੀਦਾ ਹੈ ਤਾਂ ਕਿ ਹੌਲੀ ਹੌਲੀ ਸਿੱਖ ਵੀ ਅਖੌਤੀ ਦਸਮ ਗ੍ਰੰਥ ਜੋ ਬ੍ਰਾਹਮਣੀ ਗ੍ਰੰਥਾਂ ਦਾ ਉਲੱਥਾ ਹੈ ਦੇ ਰਾਹੀਂ ਕੇਸਾਧਾਰੀ ਹਿੰਦੂ ਬਣ ਜਾਣ। ਦੇਖੋ ਸਿੱਖੋ! ਤੁਹਾਡਾ ਗੁਰੂ ਜਦ ਸ਼ਿਵਜੀ ਤੋਂ ਵਰ ਮੰਗਦਾ ਹੈ ਫਿਰ ਤੁਹਾਨੂੰ ਸ਼ਿਵ ਪੂਜਨ ਵਿੱਚ ਕੀ ਇਤਰਾਜ ਹੈ? ਤ੍ਰਿਬੇਣੀ ਅਤੇ ਹੇਮਕੁੰਟ ਵਰਗੇ ਹਿੰਦੂ ਤੀਰਥਾਂ ਤੇ ਜਾ ਕੇ ਗੁਰੂ ਤੇਗ ਬਹਾਦਰ ਪੁਤਰ ਦਾ ਵਰ ਅਤੇ ਹੇਮਕੁੰਟ ਤੇ ਗੁਰੂ ਗੋਬਿੰਦ ਸਿੰਘ ਦੁਸ਼ਟ ਦਮਨ ਦੇ ਰੂਪ ਵਿੱਚ ਦੁਰਗਾ ਤੋਂ ਪੰਥ ਚਲਾਉਣ ਦਾ ਵਰ ਮੰਗਦੇ ਦਰਸਾ ਕੇ ਸਿੱਖਾਂ ਦੀ ਅੰਨ੍ਹੀ ਸ਼ਰਦਾ ਨੂੰ ਕੈਸ਼ ਕੀਤਾ ਗਿਆ ਹੈ ਜਦ ਕਿ ਗੁਰਬਾਣੀ ਅਖੌਤੀ ਤੀਰਥ ਇਸ਼ਨਾਨਾਂ,ਵਰਾਂ-ਸਰਾਪਾਂ ਅਤੇ ਕਰਮਕਾਂਡਾਂ ਦਾ ਭਰਵਾਂ ਖੰਡਨ ਕਰਦੀ ਹੈ। ਸਾਧਾਂ ਸੰਤਾਂ ਤੇ ਡੇਰਿਆਂ ਦੇ ਰੂਪ ਵਿੱਚ ਸਿੱਖਾਂ ਨੂੰ ਵੀ ਕੇਵਲ ਪੂਜਾ ਪਾਠ ਕਰਾਉਣ ਅਤੇ ਸੇਵਾ ਦੇ ਰੂਪ ਵਿੱਚ ਵੱਡੀਆਂ ਵੱਡੀਆਂ ਭੇਟਾ ਚੜ੍ਹਾਈ ਜਾਣ ਦੇ ਆਹਰੇ ਲਾ ਕੇ, ਗੁਰਬਾਣੀ ਸਿਧਾਂਤਾਂ ਤੋਂ ਦੂਰ ਕੀਤਾ ਜਾ ਰਿਹਾ ਹੈ। 

 

ਅੱਜ ਜੇ ਕਿਤੇ ਇੰਟ੍ਰਨੈੱਟ ਨਾਂ ਹੁੰਦਾ ਅਤੇ ਸਿੱਖ ਭਾਰਤ ਤੋਂ ਬਾਹਰ ਨਾਂ ਗਏ ਹੁੰਦੇ ਤਾਂ ਇਹ ਬ੍ਰਾਹਮਣ ਅਤੇ ਸਾਧ ਸੰਤ ਪੁਜਾਰੀਵਾਦ ਦਾ ਦੈਂਤ ਸਿੱਖ ਸਿਧਾਂਤਾਂ ਅਤੇ ਸਿੱਖ ਸਰੂਪ ਨੂੰ ਨਿਕਲ ਗਿਆ ਹੁੰਦਾ। ਸਿੱਖਾਂ ਦੀਆਂ ਜੁਝਾਰੂ ਜਥੇਬੰਦੀਆਂ ਵੀ ਆਪਣਾ ਰਾਸ਼ਟਰੀ ਗਾਣ ਦੇਹ ਸ਼ਿਵਾ ਬਰ ਮੋਹਿ ਇਹੈ ਬਣਾਈ ਬੈਠੀਆਂ ਤੇ ਨਿਤਾਪ੍ਰਤੀ ਗਾਇਣ ਕਰ ਰਹੀਆਂ ਹਨ। ਰਾਗੀ ਢਾਢੀ ਵੀ ਸੰਘ ਪਾੜ ਪਾੜ ਕੇ ਦੇਹ ਸ਼ਿਵਾ ਬਰ ਮੋਹਿ ਇਹੈ ਦੇ ਜੋਰਦਾਰ ਜੈਕਾਰੇ ਬੁਲਾਈ ਜਾ ਰਹੇ ਹਨ। ਸਿੱਖੋ ਜਾਗੋ! ਕੁਝ ਹੋਸ਼ ਕਰੋ ਅਤੇ ਗਾਫਲਤਾ ਚੋਂ ਬਾਹਰ ਨਿਕਲਦੇ ਹੋਏ ਘਟੋ ਘਟ ਗੁਰਦੁਆਰਿਆਂ ਅਤੇ ਗੁਰਬਾਣੀ ਕੀਰਤਨਾਂ ਵਿੱਚ ਤਾਂ ਸ਼ਿਵਾ ਤੋਂ ਵਰ ਨਾਂ ਮੰਗੋ। ਇੱਕ ਪਾਸੇ ਅਕਾਲ ਦੇ ਪੁਜਾਰੀ ਤੇ ਦੂਜੇ ਪਾਸੇ ਭੰਗ, ਧਤੂਰਾ, ਅਫੀਮ, ਪੋਸਤ, ਡੋਡੇ ਅਤੇ ਤੰਬਾਕੂ ਆਦਿਕ ਨਸ਼ੇ ਪੀਣ ਅਤੇ ਸੱਪਾਂ ਦੇ ਡੰਗ ਮਰਵਾ ਕੇ ਨਸ਼ਾ ਪੂਰਾ ਕਰਨ ਵਾਲੇ ਸ਼ਿਵਜੀ ਦੀ ਪਤਨੀ ਸ਼ਿਵਾ (ਪਾਰਬਤੀ) ਅੱਗੇ ਅਰਦਾਸਾਂ ਕਰਕੇ- ਖਸਮੁ ਛੋਡਿ ਦੂਜੈ ਲੱਗੇ ਡੁਬੇ ਸੇ ਵਣਜਾਰਿਆ॥ (੪੭੦) ਭਾਵ ਬ੍ਰਾਹਮਣਵਾਦ ਦੀ ਗੰਗਾ ਵਿੱਚ ਕਿਉਂ ਡੁੱਬ ਰਹੇ ਹੋ? 

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top