Share on Facebook

Main News Page

ਕਾਲ ਤੁਹੀ ਕਾਲੀ ਤੁਹੀ - ਕੌਣ ?
-: ਸ. ਗੁਰਿੰਦਰ ਸਿੰਘ, 9810675989

ਸਿੱਖ ਅਕਾਲ ਦਾ ਪੁਜਾਰੀ ਜਾਂ ਖੋਪੜੀਆਂ ਦੀ ਮਾਲਾ ਪਾਉਣ ਵਾਲੀ ਦੇਵੀ ਕਾਲ/ਕਾਲੀ ਦਾ ?

ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤਕ (239 ਸਾਲ ਦੇ ਲੰਮੇ ਸਮੇਂ ਦੌਰਾਨ) ਸਿੱਖੀ ਨੂੰ ਉਨ੍ਹਾਂ ਉਚਾਈਆਂ ਉਤੇ ਪਹੁੰਚਾ ਦਿੱਤਾ ਗਿਆ ਜਿਥੇ ਗੁਰੂ ਗੋਬਿੰਦ ਸਿੰਘ ਜੀ ਨੂੰ ਅਪਣਾ ਖ਼ਾਲਸਾ ਅਪਣੇ ਤੋਂ ਵੀ ਜ਼ਿਆਦਾ ਸੁਚੇਤ ਤੇ ਜਿੰਮੇਂਵਾਰ ਦਿਸਿਆ, ਜਦ ਗੁਰੂ ਗੋਬਿੰਦ ਸਿੰਘ ਜੀ ਨੇ ਦਾਦੂ ਦੀ ਮਜ਼ਾਰ (ਕਬਰ) ਦੇ ਉਪਰ ਤੀਰ ਝੁਕਾ ਕੇ ਅਪਣੇ ਖਾਲ਼ਸੇ ਦਾ ਇਮਤਿਹਾਨ ਲਿਆ, ਇਹ ਵੇਖ ਕਿ ਗੁਰੂ ਰੂਪ ਖਾਲਸੇ ਨੇ ਇਤਰਾਜ਼ ਜਤਾਉਂਦਿਆਂ ਕਿਹਾ - ਗੁਰੂ ਸਾਹਿਬ ਜੀ ਤੁਸਾਂ ਸਾਨੂੰ ਆਪ ਸਿਖਾਇਆ ਹੈ ਕਿ ਗੁਰਸਿੱਖ ਦਾ ਸੀਸ ਕੇਵਲ ਸ਼ਬਦ ਗੁਰੂ (ਗੁਰੂ ਗ੍ਰੰਥ ਸਾਹਿਬ ਜੀ) ਅੱਗੇ ਝੁੱਕਣਾ ਚਾਹੀਦਾ ਹੈ। ਆਪਣੇ ਪਿਆਰੇ ਸਿੱਖਾਂ ਦੀ ਗੱਲ ਸੁਣ ਕੇ ਗੁਰੂ ਸਾਹਿਬ ਬੜੇ ਖੁਸ਼ ਹੋਏ ਅਤੇ ਕਿਹਾ - “ਅੱਜ ਮੈਨੂੰ ਯਕੀਨ ਹੋ ਗਿਆ ਹੈ ਕਿ ਸਿੱਖੀ ਉਪਰ ਕਿੰਨੀਆਂ ਔਂਕੜਾਂ ਆ ਜਾਣ ਸਿੱਖੀ ਦੇ ਬੂਟੇ ਨੂੰ ਕੋਈ ਉਖਾੜ ਨਹੀਂ ਸੁੱਟ ਸਕੇਗਾ”। ਤੁਸੀਂ ਸਾਰੇ ਅੱਜ ਦੇ ਇਸ ਇਮਤਿਹਾਨ ਵਿੱਚ ਖਰੇ ਉਤਰੇ ਹੋ। ਆਪਣੇ ਪਿਆਰੇ ਖਾਲਸਾ ਦਾ ਇਮਤਿਹਾਨ ਲੈਣ ਲਈ ਹੀ ਮੈਂ ਇਹ ਕੌਤਕ ਵਰਤਿਆ ਸੀ।

ਉਸ ਵਕਤ ਤਾਂ ਖਾਲਸਾ ਸੁਚੇਤ ਸੀ ਅਤੇ ਅਪਣੀ ਜਿੰਮੇਂਵਾਰੀ ਵੀ ਨਿਭਾ ਗਿਆ ਪਰ ਅੱਜ ਸਾਨੂੰ ਝਾਤ ਮਾਰਨੀ ਪਵੇਗੀ ਕਿਥੇ ਅੱਜ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ੧੭੦੮ ਵਾਲੇ ਹੁਕਮ (ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਯੋ ਗ੍ਰੰਥ) ਤੋਂ ਬਾਗੀ ਤਾਂ ਨਹੀਂ ਹੋ ਗਏ? ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਇੱਕ ਗੁਰੂ ਦੇ ਲੜ ਲਾਇਆ ਸੀ ਅਤੇ ਇੱਕ ਗੁਰੂ ਨੂੰ ਹੀ ਮੱਥਾ ਟੇਕਿਆ ਸੀ ਪਰ ਕਿਹੜੀ ਪੰਥ ਵਿਰੋਧੀ ਤਾਕਤਾਂ ਦੀ ਇੰਨੀ ਹਿੰਮਤ ਹੋ ਗਈ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਾਂ ਤੋਂ ਮੁਨਕਰ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦੇਵੀ ਦੇਵਤੇ, ਨੰਗੇਜ਼ਵਾਦ ਤੋਂ ਭਰਪੂਰ ਕਵੀ ਰਾਮ, ਕਵੀ ਸਿਆਮ, ਕਵੀ ਕਾਲ ਦੇ ਬਚਿੱਤਰ ਨਾਟਕ ਦੀ ਰਚਨਾ ਨੂੰ ਕਿਸੀ ਡੂੰਘੀ ਸਾਜਸ਼ ਤਹਿਤ “ਦਸਮ ਗ੍ਰੰਥ” ਨਾਂ ਦੇ ਕੇ ਇਸ ਨੂੰ ਸਿੱਖੀ ਦੇ ਵੇੜੇ ਵਿੱਚ ਦਾਖਲ ਕਰਣ ਵਿੱਚ ਕਾਮਯਾਬ ਰਹੇ ਅਤੇ ਹੁਣ ਇਸੇ ਨੂੰ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਾਂ ਦੇ ਕੇ, ਜੁਗੋ ਜੁਗ ਅਟੱਲ ਸਾਹਿਬ ਸ੍ਰੀ ਗਰੂ ਗ੍ਰੰਥ ਸਾਹਿਬ ਜੀ ਦੇ ਸ਼ਰੀਕ ਵੱਜੋਂ ਉਭਾਰਨ ਦੇ ਕੁਹਝੇ ਅਤੇ ਨਾ-ਬਖਸ਼ਣ ਯੋਗ ਅਪਰਾਧ ਕੀਤੇ ਜਾ ਰਹੇ ਹਨ। ਸਾਕਤ ਤੇ ਅਨਮਤੀਏ ਕਵੀ ਰਾਮ, ਕਵੀ ਸਿਆਮ ਦੀ ਰਚਨਾ ਬਚਿਤੱਰ ਨਾਟਕ ਉਤੇ ਦਸਮ ਪਿਤਾ ਦੇ ਨਾਂ ਦੀ ਵਰਤੋਂ ਕਰ ਕੇ ਉਸ ਉਪਰ “ਦਸਮ ਗ੍ਰੰਥ” ਛਾਪ ਕੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਬੇਅੰਤ ਸ਼ਰਧਾਲੂ ਗੁਰਸਿੱਖਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ।

* ਦਸਮ ਪਿਤਾ ਨੇ ਜਦ 1708 ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਸੀ ਤਾਂ ਕੀ ਉਸ ਵਕਤ ਕੋਈ ਹੋਰ ਦੂਜਾ ਗ੍ਰੰਥ ਵੀ ਨਾਲ ਸੀ ?

* ਦਸਮ ਪਿਤਾ ਕਿੱਥੇ ਇਹ ਵੀ ਕਹਿ ਗਏ ਸਨ ਕਿ ਮੈਂ ਤੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਚਲਿਆ ਹਾਂ ਬਾਦ ਵਿੱਚ ਤੁਸੀਂ ਅਪਣੀ ਮਰਜ਼ੀ ਨਾਲ ਹੋਰ ਹੋਰ ਗ੍ਰੰਥਾਂ ਦਾ ਵੀ ਗੁਰੂਆਂ ਦਾ ਨਾਂ ਵਰਤ ਕੇ ਪ੍ਰਕਾਸ਼ ਕਰ ਲੈਣਾ ?

ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦੇਵੀ ਦੇਵਤਿਆਂ ਦੀ ਹੋਂਦ ਨੂੰ ਰੱਦ ਕਰ ਕੇ ਸਭ ਤੋਂ ਉਪਰ ਅਲਖ ਪਾਰਬ੍ਰਹਮ ਨੂੰ ਮੰਨਣ ਦੀ ਗੱਲ ਆਖੀ ਗਈ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਵਿੱਚ ਕਿਤੇ ਵੀ (ਮਹਾਕਾਲ, ਕਾਲ ਕਾਲੀ) ਦੀ ਉਸਤਤਿ ਨਹੀਂ ਕੀਤੀ ਗਈ। ਦੇਵੀ-ਦੇਵਤੇ ਦੀ ਪੂਜਾ ਦਾ ਸਾਰਾ ਨਾਟਕ, ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਅੰਦਰ ਭਰਿਆ ਪਿਆ ਹੈ, ਅਤੇ ਕਿੰਨੇ ਹੀ ਸਫਿਆਂ ਵਿੱਚ ੨੪ ਅਵਤਾਰ (ਕ੍ਰਿਸ਼ਨ ਅਵਤਾਰ, ਰਾਮ ਅਵਤਾਰ, ਸੂਰਜ, ਚੰਦਰਮਾ, ਨਿਹਕਲੰਕੀ ਕਛੁ (ਕਛੂਆ) ਅਵਤਾਰ, ਮਛੁ (ਮਗਰਮੱਛ) ਅਵਤਾਰ, ਵਰਾਹ (ਵਿਸ਼ਟਾ ਖਾਣ ਵਾਲਾ ਸੂਰ ਜਾਂ ਸੂਅਰ) ਅਵਤਾਰ, ਬ੍ਰਹਮਾ, ਰੁਦ੍ਰ, ਜਲੰਧਰ ਅਵਤਾਰ ਅਤੇ ਚੰਡੀ ਉਸਤਤਿ ਵਰਗੇ ਆਦਿ ਬੇਤੁਕੇ ਦੇਵੀ/ਦੇਵਤੇ ਪੈਦਾ ਕਰ ਕੇ ਰੱਬ ਦੀ ਹੋਂਦ ਨੂੰ ਹੀ ਬਿਪਤਾ ਵਿੱਚ ਪਾ ਦਿੱਤਾ ਹੈ

ਬੈਰਾਹ (ਵਿਸ਼ਟਾ ਖਾਣ ਵਾਲਾ ਸੂਰ) ਅਵਤਾਰ ਕਛੁ (ਕਛੂਆ) ਅਵਤਾਰ ਮਛੁ (ਮਗਰਮੱਛ) ਅਵਤਾਰ

ਸਤਿਗੁਰ ਜੀ ਤਾਂ ਅਨੰਦ ਸਾਹਿਬ ਦੀ ਬਾਣੀ ਵਿੱਚ ਪੁਕਾਰ ਪੁਕਾਰ ਕੇ ਸਿੱਖਾਂ ਨੂੰ ਕਹਿ ਰਹੇ ਹਨ:

* ਆਵਹੁ! ਸਿੱਖ, ਸਤਿਗੁਰ ਕੇ ਪਿਆਰਿਹੋ, ਗਾਵਹੁ ਸਚੀ ਬਾਣੀ॥

ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ॥

* ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ ਬਾਣੀ ਤ ਕਚੀ ਸਤਿਗੁਰ ਬਾਝਹੁ ਹੋਰ ਕਚੀ ਬਾਣੀ॥

ਕਹਿੰਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ॥

* ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ॥ (ਗੁਰੂ ਗ੍ਰੰਥ ਸਾਹਿਬ ਜੀ)

ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ਼ ਸਚੀ ਬਾਣੀ ਨੂੰ ਹੀ ਅਪਣੇ ਜੀਵਨ ਦਾ ਆਧਾਰ ਬਣਾਇਆ ਜਾਵੇ ਕਿਉਂਕਿ ਕਚੀ ਬਾਣੀ ਨੂੰ ਕਹਿਣ ਵਾਲੇ ਅਤੇ ਉਸ ਨੂੰ ਸੁਣਨ ਵਾਲੇ ਵੀ ਕੱਚੇ ਸਿੱਖ ਹਨ। ਸਤਿਗੁਰੂ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਸਿੱਖਾਂ ਦੇ ਸਾਰੇ ਦੁਖ, ਰੋਗ ਅਤੇ ਕਲੇਸ਼ ਮਿਟਾ ਸਕਦੀ ਹੈ। ਪਰ ਅੱਜ ਤਾਂ ਕਿਸੇ ਦੇਵੀ ਦੇਵਤੇ ਦੇ ਸ਼ਸ਼ਤਰਾਂ ਨੂੰ ਹੀ ਖਾਲਸੇ ਦਾ ਪੀਰ ਬਣਾ ਕੇ ਉਸ ਦੀ ਪੂਜਾ ਕਰਵਾਉਣ ਲਈ ਕੋਹਝੇ ਜਤਨ ਕੀਤੇ ਜਾ ਰਹੇ ਹਨ:

ਅਸ ਕ੍ਰਿਪਾਨ ਖੰਡਹੁ ਖੜਗ ਤੁਪਕ ਤਬਰ ਅਰ ਤੀਰ। ਸੈਫ ਸਰੋਹੀ ਸੈਹਥੀ ਯਹ ਹਮਾਰੈ ਪੀਰ। ੩। ਤੀਰ ਤੁਹੀ ਸੈਹਥੀ ਤੁਹੀ ਤਬਰ ਤਲਵਾਰ ਨਾਮ ਤਿਹਾਰੋ ਜੋ ਜਪੈ ਭਏ ਸਿੰਧ ਭਵ ਪਾਰ। ੪। ਕਾਲ ਤੁਹੀ ਕਾਲੀ ਤੁਹੀ ਤੁਹੀ ਤੇਗ ਅਰ ਤੀਰ। ਤੁਹੀ ਨਿਸ਼ਾਨੀ ਜੀਤ ਕੀ ਆਜ ਤੁਹੀ ਜਗਬੀਰ। ੫।

ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਵਿਚੋਂ ਪੰਨਾ ੭੧੭ ਤੋਂ ੮੦੮ ਤਕ ਸ਼ਸ਼ਤਰ ਨਾਮ ਮਾਲਾ ਪੁਰਾਣ ਲਿਖਯਤੇ ਦਰਜ਼ ਹੈ, ਇਹ ਸ਼ਸ਼ਤਰ ਦੇਵੀ ਭਗਵਤੀ/ਦੁਰਗਾ ਨੇ ਹੱਥ ਵਿੱਚ ਫੜੇ ਹੋਏ ਹਨ (ਵੇਖੋ ਦੁਰਗਾ ਦੀ ਤਸਵੀਰ)। ਸ਼ਸ਼ਤ੍ਰਾਂ ਨੂੰ ਪੀਰ ਮੰਨ ਕੇ ਸ਼ਸ਼ਤਰਾਂ ਦੀ ਉਸਤਤਿ ਕਰਦਿਆਂ “ਕਾਲ ਤੁਹੀ ਕਾਲੀ ਤੁਹੀ “ਜਪਣ ਅਤੇ ਦੇਵੀ ਪੂਜਾ ਨਾਲ ਆਤਮਕ ਜੀਵਨ ਉੱਚਾ ਨਹੀਂ ਹੋਣਾ।

ਜੇ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਦੀ ਇਸ ਰਚਨਾ ਨੂੰ ਅਸੀਂ ਸਹੀ ਮੰਨ ਲੈਂਦੇ ਹਾਂ, ਤਾਂ ਅਸੀ ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਟੱਲ ਸ਼ਬਦ ਸ਼ਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗ ਬੳਰਾਨੰ॥ (ਗੁਰੂ ਗ੍ਰੰਥ ਸਾਹਿਬ, ਅੰਕ-੬੩੫) ਤੋਂ ਮੁਨਕਰ ਹੁੰਦੇ ਹਾਂ। ਦੇਵੀ ਦੇ ਸ਼ਸ਼ਤਰਾਂ ਨੂੰ ਪੀਰ ਮੰਨਣ ਦੀ ਇਸ ਖੇਡ ਵਿੱਚ ਸਾਡੇ ਕਹਿਣ ਦਾ ਮਤਲਬ ਇਹੀ ਨਿਕਲਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ “ਸ਼ਬਦ ਗੁਰ ਪੀਰਾ” (ਜਿਸ ਵਿੱਚ ਸਿਰਫ ਸ਼ਬਦ ਨੂੰ ਹੀ ਪੀਰਾ ਕਿਹਾ ਗਿਆ ਹੈ) ਸਾਨੂੰ ਸਵੀਕਾਰ ਨਹੀਂ।

ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਸ਼ਬਦ ਨਾਲ ਜੋੜਿਆ ਸੀ ਨਾ ਕਿ ਸ਼ਸ਼ਤਰਾਂ ਨਾਲ, ਸਿੱਖ ਦਾ ਸਿਰ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਝੁਕੱਦਾ ਹੈ।

ਜ਼ਰਾ ਸੋਚੋ! ਸ਼ਸ਼ਤਰ ਨੂੰ ਕਿਸ ਤਰ੍ਹਾਂ ਪੀਰ ਮੰਨਿਆ ਜਾ ਸਕਦਾ ਹੈ? ਜੇਕਰ ਇਹੀ ਸ਼ਸ਼ਤਰ ਜ਼ਾਲਮ ਦੇ ਹੱਥ ਵਿੱਚ ਹੋਵੇਗਾ ਤਾਂ ਕੀ ਉਹ ਜ਼ੁਲਮ ਨਹੀਂ ਕਰੇਗਾ?

ਇਸ ਲਈ ਸਪਸ਼ਟ ਹੈ ਕਿ ਸ਼ਸ਼ਤਰ ਪੀਰ ਨਹੀਂ। ਸਿੱਖ ਲਈ ਗੁਰੂ ਦਾ ਗਿਆਨ, ਗੁਰੂ ਦਾ ਸ਼ਬਦ (ਸਬਦ ਗੁਰ ਪੀਰਾ) ਹੀ ਪੀਰ ਹੋ ਸਕਦਾ ਹੈ।

ਆਓ ਵੇਖੀਏ! ਜਿਸ ਕਾਲ ਕਾਲੀ ਦਾ ਗਾਇਨ ਬੜੇ ਚਾਵ ਨਾਲ ਪੰਥ ਦੇ ਮਹਾਨ ਕੀਰਤਨੀਆਂ ਵੱਲੋਂ ਕੀਤਾ ਜਾ ਰਿਹਾ ਹੈ, ਬਚਿੱਤਰ ਨਾਟਕ /ਅਖੌਤੀ ਦਸਮ ਗ੍ਰੰਥ ਵਿੱਚ ਉਸ ਬਾਰੇ ਕੀ ਲਿਖਿਆ ਹੈ:

ਦੈਤਨ ਕੇ ਬਧ ਕਾਰਨ ਕੋ ਨਿਜ ਭਾਲ ਤੇ ਜੁਆਲ ਕੀ ਲਾਟ ਨਿਕਾਸੀ। ਕਾਲੀ ਪ੍ਰਤੱਛ ਭਈ ਤਿਹਤੇ

(ਇਤਿ ਸ੍ਰੀ ਮਾਰਕੰਡੇ ਪੁਰਾਣ ਚੰਡੀ ਚਰਿਤ੍ਰ ਉਕਤਿ ਬਿਲਾਸ ਰਕਤ ਬੀਜ ਬਧਹਿ ਨਾਮ ਪੰਚਮੋ ਧਿਆਇ, ਪੰਨਾ -੯੧)

{ਭਾਵ ਰਾਖਸ਼ਾਂ ਨੂੰ ਮਾਰਨ ਲਈ ਜਿਸ ਨੇ ਅਪਣੇ ਭਾਲ (ਮੱਥੇ) ਵਿਚੋਂ ਜਵਾਲਾ ਦੀ ਲਾਟਾਂ ਕੱਢੀਆਂ ਜਿਸ ਵਿਚੋਂ ਕਾਲੀ ਪ੍ਰਗਟ ਹੋਈ}

ਸੁਰੀ ਸੰਘਰੁ ਰਚਿਆ ਢੋਲ ਸੰਖ ਨਗਾਰੇ ਵਾਇਕੈ। ਚੰਡਿ ਚਿਤਾਰੀ ਕਾਲਿਕਾ ਮਨਿ ਬਾਹਲਲਾ ਰੋਹ ਬਢਾਇਕੈ।

ਨਿਕਲੀ ਮਥਾ ਫੋੜਿਕੈ ਜਣੁ ਫਤਿਹ ਨੀਸਾਨ ਬਜਾਇਕੈ। ਜਾਗਿ ਸੁ ਜੰਮੀ ਜੁਧ ਨੋ ਜਰਵਾਣਾ ਜਣੁ ਮਰੜਾਇਕੈ।

ਰਣੁ ਵਿਚਿ ਘੇਰਾ ਘਤਿਆ ਜਣੁ ਸੀਂਹ ਤੁਰਿਆ ਗਣਣਾਇਕੈ। ਆਪ ਵਿਸੂਲਾ ਹੋਇਆ ਤਿਹੁੰ ਲੋਕਾ ਤੇ ਖੁਣਸਾਇਕੈ।

ਰੋਹ ਸਿਧਾਇਆ ਚਕ੍ਰ ਪਾਣਿ ਕਰਿ ਨਦੰਗ ਖੜਗ ਉਠਾਇਕੈ। . . ਰਣਿ ਕਾਲੀ ਗੁਸਾ ਖਾਇ ਕੈ (ਵਾਰ ਦੁਰਗਾ ਕੀ 41 ਛੰਤ)

ਅਰਥ: - ਸੂਰਵੀਰਾਂ ਨੇ ਢੋਲ, ਸੰਖ ਅਤੇ ਨਗਾਰੇ ਵਜਾ ਕੇ ਯੁੱਧ ਸ਼ੁਰੂ ਕਰ ਦਿੱਤਾ। ਚੰਡੀ ਨੇ (ਆਪਣੇ) ਮਨ ਵਿੱਚ ਬਹੁਤ ਰੋਹ ਵਧਾ ਕੇ ਕਾਲਕਾ ਦਾ ਧਿਆਨ ਕੀਤਾ। (ਚੰਡੀ ਦਾ) ਮੱਥਾ ਫੋੜ ਕੇ (ਕਾਲਕਾ ਉਸ ਵਿੱਚ ਇਉਂ) ਨਿਕਲੀ ਮਾਨੋ ਜਿੱਤ ਦਾ ਧੌਂਸਾ ਵਜਾ ਕੇ ਨਿਕਲੀ ਹੋਵੇ। ਅਗਨੀ (ਜਾਗਿ) ਰੂਪੀ ਕਾਲਕਾ ਯੁੱਧ ਕਰਨ ਚਲ ਪਈ ਮਾਨੋ ਸ਼ਿਵ (ਮਰੜਾਇ) ਤੋਂ ਵੀਰ ਭਦ੍ਰ (ਪੈਦਾ ਹੋਇਆ ਹੋਵੇ) (ਕਾਲਕਾ ਨੇ) ਰਣ ਵਿੱਚ ਅਜਿਹਾ ਘੇਰਾ ਪਾ ਦਿੱਤਾ ਮਾਨੋ ਸ਼ੇਰ ਗਰਜ਼ਦਾ ਹੋਵੇ। ਤਿੰਨਾਂ ਲੋਕਾਂ ਉਤੇ ਖਿੱਝ ਕੇ ਆਪ ਬਹੁਤ ਕ੍ਰੋਧਵਾਨ ਹੋ ਗਿਆ। (ਦੁਰਗਾ ਅਤੇ ਕਾਲਕਾ) ਹੱਥ ਵਿੱਚ ਚੱਕਰ ਅਤੇ ਨਦੰਗ ਨਾਂ ਦੀ ਤਲਵਾਰ ਚੁੱਕ ਕੇ ਗੁੱਸੇ ਨਾਲ ਭਰੀਆਂ ਚਲ ਪਈਆਂ (ਵੇਰਵਾ: ਡਾ. ਰਤਨ ਸਿੰਘ ਜੱਗੀ ਪੁਸਤਕ ਦਸਮ ਗ੍ਰੰਥ ਭਾਗ-੧ ਵਾਰ ਦੁਰਗਾ ਕੀ)

ਇਥੇ ਕਾਲੀ/ਕਾਲ ਗੁੱਸਾ ਖਾਂਦੀ ਹੈ, ਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਰੱਬ ਤਾਂ ਮਿੱਠ ਬੋਲੜਾ ਹੈ, ਉਸ ਦਾ ਤੇ ਕੋਈ ਸਰੂਪ ਵੀ ਨਹੀਂ ਹੈ ਉਹ ਤੇ ਰੂਪ, ਰੇਖ ਤੇ ਰੰਗ ਤੋਂ ਕਿਤੇ ਦੂਰ ਹੈ, ਉਹ ਨਿਰਵੈਰ ਹੈ, ਪਰ ਇਥੇ ਤੇ ਕਾਲੀ ਦੁਸ਼ਮਣਾਈਆਂ ਨਿਭਾ ਰਹੀ ਹੈ, ਅਤੇ ਅਯਾਸ਼ ਇੰਦਰ ਦੇਵਤੇ ਦਾ ਖੋਹਿਆ ਹੋਇਆ ਰਾਜ ਭਾਗ ਵਾਪਸ ਦਿਵਾਉਣ ਲਈ ਰਾਖਸ਼ਾਂ ਦਾ ਖੂਨ ਪੀ ਰਹੀ ਹੈ। 

ਕੀ ਇਹੀ ਕਾਲ/ਕਾਲੀ ਗੁਰਸਿੱਖ ਦੇ ਰੱਬ ਤੇ ਇਸ਼ਟ ਹੈ?

ਸ੍ਰੀ ਕਾਲੀ ਕਾਸ਼ਟਕਮ (ਪੰਨਾ-੪੭) `ਤੇ ਲਿਖਿਆ ਹੈ … …. . ਜਿਨਕੇ ਕੰਠ ਮੇਂ ਰਹਨੇ ਵਾਲੀ ਮੁੰਡਮਾਲਾ ਸੇ ਨਿਰੰਤਰ ਰਕਤਸ੍ਰਾਵ ਹੋ ਰਹਾ ਹੈ, ਜੋ ਮਹਾਘੋਰ ਸ਼ਬਦ ਕਰਨੇ ਵਾਲੀ ਔਰ ਬੜੇ ਬੜੇ ਦਾਂਤ ਸੇ ਅਤਯੰਤ ਭੀਸਣ ਹੈ, ਨੰਗੀ, ਸ਼ਮਸ਼ਾਨ ਮੇਂ ਨਿਵਾਸ ਕਰਨੇ ਵਾਲੀ, ਬਿਖਰੇ ਬਾਲੋ ਵਾਲੀ ਏਵੰ ਮਹਾਕਾਲ ਸੇ ਰਤਿ ਕੇ ਲਿਏ ਸਰਵਥਾ ਵਯਗ੍ਰ ਰਹਤੀ ਹੈਂ, ਵਹੀ ਕਾਲਿਕਾ ਕੇ ਨਾਮ ਸੇ ਵਿਖਯਾਤ ਹੈ

ਸਰਬਕਾਲ ਹੈ ਪਿਤਾ ਅਪਾਰਾ ਦੇਬਿ ਕਾਲਕਾ ਮਾਤ ਹਮਾਰਾ (ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਪੰਨਾ -੭੩)

ਹੁ-ਬ-ਹੁ ਐਸਾ ਹੀ ਕਾਲ/ਕਾਲੀ ਦਾ ਸਰੂਪ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਦੇ ਪੰਨਾ ੮੧੦ ਤੇ ਲਿਖਿਆ ਹੈ

ਮੁੰਡ ਕੀ ਮਾਲ ਦਿਸਾਨ ਕੇ ਅੰਬਰ ਬਾਮ ਕਰਯੋ ਗਲ ਮੈ ਅਸਿ ਭਾਰੋ॥ ਲੋਚਨ ਲਾਲ ਕਰਾਲ ਦਿਪੈ ਦੋਊ ਭਾਲ ਬਿਰਾਜਤ ਹੈ ਅਨਿਯਾਰੋ॥

ਛੁਟੇ ਹੈਂ ਬਾਲ ਮਹਾ ਬਿਕਰਾਲ ਬਿਸਾਲ ਲਸੈ ਰਦ ਪੰਤਿ ਉਜਯਾਰੋ॥ ਛਾਡਤ ਜਵਾਲ ਲਏ ਕਰ ਬਯਾਲ ਸੁ ਕਾਲ ਸਦਾ ਪ੍ਰਤਿਪਾਲ ਤਿਹਾਰੋ

ਅਰਥਾਤ: ਜਿਸਦੇ ਗਲੇ ਵਿੱਚ ਖੋਪੜੀਆਂ ਦੀ ਮਾਲਾ, ਅਲਫ ਨੰਗੀ ਮਥੇ ਤੇ ਲਾਲ ਡਰਾਉਣੀ ਅੱਖਾਂ, ਖੁਲ੍ਹੇ ਵਾਲ, ਖੂਨ ਨਾਲ ਲਿਬੜੇ ਭਿਆਨਕ ਦੰਦ, ਮੁੰਹ ਚੌਂ ਨਿਕਲਦੀ ਅੱਗ, ਐਸਾ ਹੈ ਕਾਲ ਜੋ ਤੁਹਾਡਾ ਪਾਲਣਹਾਰ ਹੈ।

ਚੰਡੀ ਚਰਿਤ੍ਰ ਉਕਤਿ ਬਿਲਾਸ ਵਿੱਚ ਵੀ ਸਪਸ਼ਟ ਲਿਖਿਆ ਹੈ ਕਿ ਇਹ ਸਾਰੀ (55) ਪਉੜੀਆਂ ਦੁਰਗਾ ਪਾਠ ਦੀਆਂ ਹਨ ਅਰਥਾਤ ਦੇਵੀ ਉਸਤਤਿ ਹਨ ਅਤੇ ਜੋ ਵੀ ਇਸ ਨੂੰ ਗਾਵੇਗਾ ਉਹ ਜੂਨਾਂ ਵਿੱਚ ਨਹੀਂ ਭਟਕੇਗਾ। ਦੁਰਗਾ ਪਾਠ ਬਣਾਇਆ ਸਭੇ ਪਉੜੀਆ ਫੇਰਿ ਨਾ ਜੂਨੀ ਆਇਆ ਜਿਨਿ ਇਹ ਗਾਇਆ

ਗੁਰੂ ਗ੍ਰੰਥ ਸਾਹਿਬ ਜੀ ਦਾ ਫੈਸਲਾ “ ਤੂ ਕਹੀਅਤ ਹੀ ਆਦਿ ਭਵਾਨੀ॥ ਮੁਕਤਿ ਕੀ ਬਰੀਆ ਕਹਾ ਛਪਾਨੀ  (ਗੁਰੂ ਗ੍ਰੰਥ ਸਾਹਿਬ ਅੰਕ ੮੭੪) ਹੇ ਦੇਵੀ ਭਵਾਨੀ! ਤੂੰ ਸਿਰਫ ਕਹਿਣ ਨੂੰ ਆਦਿ, ਸਭ ਤੋਂ ਮੁੱਢਲੀ ਸ਼ਕਤੀ ਹੈ। ਪਰ ਮੁਕਤੀ ਦੇਣ ਵੇਲੇ ਤੂੰ ਕਿਥੇ ਛੁੱਪ ਜਾਂਦੀ ਹੈ? ਭਾਵ ਛੱਪ ਕੇ ਬਹਿਣ ਵਾਲੀ ਦੂਜਿਆਂ ਨੂੰ ਕਿਸ ਤਰ੍ਹਾਂ ਮੁਕਤਿ ਕਰ ਸਕਦੀ ਹੈ? ਸਿੱਖਾਂ ਲਈ ਮੁਕਤੀ ਦੇ ਦਾਤੇ ਕੇਵਲ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਹਨ ਜਿਸ ਉਪਰ ਸਿੱਖ ਨਿਤਾਪ੍ਰਤੀ ਬਲਿਹਾਰ ਜਾਂਦੇ ਹਨ ਐਸੇ ਗੁਰ ਕਉ ਬਲਿ ਬਲਿ ਜਾਈਐ ਆਪਿ ਮੁਕਤਿ ਮੋਹਿ ਤਾਰੈ” (ਗੁਰੂ ਗ੍ਰੰਥ ਸਾਹਿਬ ਜੀ)

ਹਰ ਗੁਰਸਿੱਖ ਦਾ ਫਰਜ਼ ਹੈ: ਸਾਹਿਬੁ ਸੰਕਟਵੈ ਸੇਵਕੁ ਭਜੈ॥ ਚਿਰੰਕਾਲ ਨਾ ਜੀਵੈ ਦੋਊ ਕੁਲ ਲਜੈ॥ (ਗੁਰੂ ਗ੍ਰੰਥ ਸਾਹਿਬ ਅੰਕ ੧੧੯੫)

ਅਰਥਾਤ: ਗੁਰੂ ਤੇ ਹਮਲਾ ਹੋਵੇ, ਸੰਕਟ ਆਵੇ ਅਤੇ ਸਿੱਖ ਦੌੜ ਜਾਵੇ, ਐਸਾ ਸਿੱਖ ਅਤੇ ਉਸਦੀ ਔਲਾਦ ਬਹੁਤਾ ਚਿਰ ਜੀ ਨਹੀਂ ਸਕਦੇ; ਜੇ ਜਿਉਂਦੇ ਹਨ ਤਾਂ ਬੁਜ਼ਦਿਲੀ, ਸ਼ਰਮਿੰਦਗੀ ਅਤੇ ਜ਼ਿੱਲਤ-ਭਰੀ ਜਿੰਦਗੀ।

ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਰੂਪੀ ਹਥਿਆਰ ਨਾਲ

ਗੁਰੂ ਗੋਬਿੰਦ ਸਿੰਘ ਜੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਉਤੇ ਹਮਲਾ ਜਾਰੀ ਹੈ।

ਗੁਰੂ ਦਾ ਵਾਸਤਾ ਹੈ ਤੁਹਾਨੂੰ, ਜਾਗੋ! ਸਾਵਧਾਨ ਹੋਵੋ ਅਤੇ ਆਪਣੇ ਘਰ ਨੂੰ ਬਰਬਾਦ ਹੋਣ ਤੋਂ ਬਚਾਉਣ ਲਈ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਟਲ ਸਿਧਾਂਤਾਂ ਦੀ ਛਤਰ-ਛਾਇਆ ਹੇਠ ਲਾਮਬੰਦ ਹੋਵੋ। ਚੌਧਰ, ਲੀਡਰੀ ਅਤੇ ਸੁਆਰਥ ਨੂੰ ਤਿਆਗ ਕੇ ਆਪੋ ਆਪਣੀਆਂ ਧੜਿਆਂ ਦੇ ਹਿਤਾਂ ਤੋਂ ਉਪਰ ਉਠੋ! ਸਮੇਂ ਦੀ ਨਜ਼ਾਕਤ ਨੂੰ ਸਮਝੋ ਅਤੇ ਪਛਾਣੋ। ਜੇਕਰ ਅਸੀਂ ਹੋਰ ਲਾਪਰਵਾਹੀ ਵਿਖਾਈ ਤਾਂ ਪਛਤਾਵੇ ਤੋਂ ਇਲਾਵਾ ਹੋਰ ਕੁੱਝ ਹੱਥ ਪੱਲੇ ਨਹੀਂ ਪੈਣਾ ਅਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਨੇ ਸਾਨੂੰ ਕਦੇ ਮੁਆਫ ਨਹੀਂ ਕਰ ਸਕਣਾ। ਇੱਕ ਸ਼ਾਇਰ ਅਸੂਲਾਂ ਨੂੰ ਬਚਾਉਣ ਖਾਤਰ ਬਹੁਤ ਖੂਬ ਬਿਆਂ ਕਰਦਾ ਹੈ:

ਅਸੂਲੋਂ ਪੇ ਜਬ ਆਂਚ ਆਏ ਤੋ ਟਕਰਾਨਾ ਜ਼ਰੂਰੀ ਹੈ, ਗਰ ਜ਼ਿੰਦਾ ਹੋ ਤੋ ਜ਼ਿੰਦਾ ਨਜ਼ਰ ਆਨਾ ਜ਼ਰੂਰੀ ਹੈ।

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top