ਪਿਛਲੇ ਦਿਨੀਂ ਅਨੰਦਪੁਰ ਸਾਹਿਬ ਹੋਲੇ ਮਹੱਲੇ ਦੇ ਮੇਲੇ ਦੌਰਾਨ
ਚਮਕੌਰ ਸਾਹਿਬ ਜਾਣ ਦਾ ਮੌਕਾ ਮਿਲਿਆ, ਬਹੁਤ ਦੁੱਖ ਲੱਗਾ ਇਹ
ਦੇਖ ਕਿ ਕੀ ਕਾਰ ਸੇਵਾ, ਵਿਨਾਸ਼ ਸੇਵਾ ਦਾ ਰੂਪ ਧਾਰਨ ਕਰ ਗਈ ਜਿਸਨੇ ਕੋਈ ਵੀ ਪੁਰਾਤਨ
ਸਰੋਤ ਨਹੀਂ ਰਹਿਣ ਦਿੱਤਾ, ਨਾ ਉਹ ਕੱਚੀ ਗੜੀ, ਜਿਥੇ ਗੁਰੂ ਸਾਹਿਬ ਤੇ ਸਾਹਿਬਜ਼ਾਦਿਆਂ ਨਾਲ
ਗੁਰੂ ਦੇ ਜਾਨ ਤੋਂ ਪਿਆਰੇ ਸਿੰਘ ਠਹਿਰੇ ਸੀ ਤੇ ਨਾ ਉਹ ਰਣਤੱਤੇ ਮੈਦਾਨ ਦੀ ਕੋਈ ਝਲਕ,
ਜਿਥੇ ਗੁਰੂ ਪੁੱਤਰਾਂ ਤੇ ਜੁਝਾਰੂ ਸਿੰਘਾਂ ਨੇ ਵੈਰੀਆਂ ਦੇ ਦੰਦ ਖੱਟੇ ਕੀਤੇ ਸੀ।
ਬਸ ਸਾਰੇ ਇਤਿਹਾਸ ਨੂੰ ਇਨ੍ਹਾਂ ਅਖੌਤੀ ਕਾਰ ਸੇਵਾ ਵਾਲਿਆਂ
ਮਾਰਬਲ ਦਾ ਢਾਂਚਾ ਬਣਾ ਕੇ ਰਖ ਦਿੱਤਾ, ਜਿਸ ਵਿੱਚ ਸਭ ਤੋਂ ਵੱਡਾ ਯੋਗਦਾਨ ਸਾਡੇ
ਆਮ ਭੋਲੇ ਭਾਲੇ ਸਿੱਖਾਂ ਦਾ ਕਸੂਰ ਲਗਦਾ ਏ, ਜਿਨਾਂ ਸੇਵਾ ਦੇ ਨਾਮ 'ਤੇ ਖੁਦ ਅਣਜਾਣਪੁਣੇ
ਵਿੱਚ ਇਹਨਾਂ ਦਾ ਸਾਥ ਦਿੱਤਾ ਤੇ ਇਹਨਾ ਵੇਹਲੜ ਤੇ ਅਕਲੋਂ ਹੀਣੇ ਸਾਧਾਂ ਨੂੰ ਕਰੋੜਾਂ
ਰੁਪਇਆ ਦੀਆਂ ਗੱਡੀਆਂ 'ਤੇ ਚੜਾ ਦਿੱਤਾ ਤੇ ਏਹ ਆਪਣੇ ਵੱਡੇ ਵੱਡੇ ਡੇਰੇ ਬਣਾ ਕਿ ਬੈਠ ਗਏ।
...ਤੇ ਹੁਣ ਕੁੱਝ ਜਾਗਰੂਕ ਸੰਗਤਾਂ ਵਲੋਂ ਇਹਨਾਂ ਦਾ ਏਸ ਪਖੋਂ
ਵਿਰਾਸਤਾਂ ਨੂੰ ਤਬਾਹ ਕਰਨ ਕਾਰਣ ਵਿਰੋਧ ਹੋਇਆ, ਤਾਂ ਇਹਨਾਂ ਫਿਰ ਭੋਲੀਆਂ ਭਾਲੀਆਂ ਸੰਗਤਾਂ
ਨੂੰ ਲੁੱਟਣ ਦਾ ਨਵਾਂ ਤਰੀਕਾ ਲੱਭ ਲਿਆ।
ਹੁਣ ਏਹ ਚਮਕੌਰ ਸਾਹਿਬ ਗੜੀ ਦੇ
ਬਾਹਰਵਾਰ ਬਣੇ ਗੁਰਦੁਆਰਾ ਸਾਹਿਬ ਅੱਗੇ ਇਕ ਗੋਲਕ ਰੱਖ ਕੇ ਬੈਠ ਗਏ ਹਨ ਤੇ ਜਿਸ 'ਤੇ
ਲਿਖਿਆ ਹੋਇਆ ਏ ਕਿ ਗੁਰਦੁਆਰਾ ਸਾਹਿਬ ਨੂੰ ਪੁਰਾਤਨ ਦਿੱਖ ਦੇਣ ਦੀ ਕਾਰ ਸੇਵਾ, ਜੋ ਸਿੱਧੇ
ਜਾ ਅਸਿੱਧੇ ਰੂਪ ਵਿਚ ਆਮ ਸਿੱਖ ਸੰਗਤਾਂ ਦੀਆਂ ਜੇਬਾਂ 'ਤੇ ਡਾਕਾ ਹੈ, ਤੇ ਇਹਨਾਂ
ਦੀ ਕਮਾਈ ਲਈ ਕਈ ਸਾਲ ਲਈ ਸਾਧਨ।
ਇਹਨਾਂ ਹਥੋਂ ਕਾਰ ਸੇਵਾ ਦੇ ਨਾਮ 'ਤੇ ਲੁੱਟੇ ਜਾਣ ਤੋਂ ਚੰਗਾ ਕਿਸੇ ਲੋੜਵੰਦ ਦੀ ਸਿੱਧੀ
ਮਦਦ ਕੀਤੀ ਜਾਵੇ, ਤਾਂ ਜੋ ਏਹਨਾਂ ਹਥੋਂ ਉਹ ਤਾਕਤ ਖੋਹ ਲਈ ਜਾਵੇ, ਜਿਸ ਨੇ ਸਾਡੇ ਵਡਮੁੱਲੇ
ਇਤਿਹਾਸ ਦਾ ਬਹੁਤਾਤ ਹਿੱਸਾ ਵਿਗਾੜ ਕੇ ਰੱਖ ਦਿੱਤਾ।