Share on Facebook

Main News Page

ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਿਸ਼ਾਹ ਦੇ ਹੁੰਦਿਆਂ ਵੱਖਰੀ ‘ਸਿੱਖ ਰਹਿਤ ਮਰਯਾਦਾ' ਕਿਉਂ ਬਣਾਈ ਗਈ ?
-: ਪ੍ਰੋ. ਕਸ਼ਮੀਰਾ ਸਿੰਘ USA

ਸੰਨ 1931 ਤੋਂ 1945 ਤਕ 14 ਸਾਲਾਂ ਦਾ ਸਮਾਂ ਲਾ ਕੇ ਪੰਨਾਂ ਨੰਬਰ 9 ਤੋਂ 32 ਤੱਕ 24 ਪੰਨਿਆਂ ਵਾਲ਼ੀ ਸਿੱਖ ਰਹਿਤ ਮਰਯਾਦਾ ਬਣਾਈ ਗਈ। ਇਹ ਮਰਯਾਦਾ ਬਣਾਉਣ ਲਈ 25 ਵਿਅੱਕਤੀ ਲਾਏ ਗਏ। ਦੇਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ 14 ਸਾਲਾਂ ਵਿੱਚ ਇੱਕ ਵਿਅੱਕਤੀ ਦੇ ਲਿਖਣ ਲਈ ਕੇਵਲ ਇੱਕ ਪੰਨਾਂ ਹੀ ਹਿੱਸੇ ਆਉਂਦਾ ਹੈ। ਜੇ ਕਮੇਟੀ ਦੇ 11 ਮੈਂਬਰ ਵਿੱਚੋਂ ਕੱਢ ਦਿੱਤੇ ਜਾਣ, ਜਿਨ੍ਹਾਂ ਨੇ ਮਰਯਾਦਾ ਬਣਾਉਣ ਦੇ ਕਿਸੇ ਇਜਲਾਸ ਵਿੱਚ ਭਾਗ ਹੀ ਨਹੀਂ ਲਿਆ, ਤਾਂ ਬਾਕੀ ਬਚੇ 14 ਮੈਂਬਰਾਂ ਨੂੰ 14 ਸਾਲਾਂ ਵਿੱਚ ਮਰਯਾਦਾ ਲਿਖਣ ਲਈ 2 ਪੰਨੇ ਵੀ ਨਹੀਂ ਮਿਲ਼ਦੇ। ਇਨ੍ਹਾਂ ਪੰਨਿਆਂ ਉੱਤੇ ਕੋਈ ਆਪਣੀ ਕੀਤੀ ਖੋਜ ਨਹੀਂ ਲਿਖਣੀ ਸੀ, ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਅਨੁਸਾਰ ਲਿਖਣਾ ਸੀ ਕਿ ਸਿੱਖ ਨੇ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ।

ਇਸ ਦੇ ਟਾਕਰੇ ਤੇ ਕੇਵਲ ਇੱਕ ਸੱਜਣ ਭਾਈ ਕਾਨ੍ਹ ਸਿੰਘ ਨਾਭਾ ਨੇ 14 ਸਾਲਾਂ ਵਿੱਚ ‘ਇਨਸਾਈਕਲੋਪੀਡੀਆ ਆਫ਼ ਸਿੱਖਿਜ਼ਮ / ਗੁਰ ਸ਼ਬਦ ਰਤਨਾਕਰ / ਮਹਾਨਕੋਸ਼’ ਸਿੱਖ ਕੌਮ ਦੀ ਝੋਲ਼ੀ ਵਿੱਚ ਪਾ ਦਿੱਤਾ ਸੀ। 14 ਸਾਲਾਂ ਵਿੱਚ ਇੱਕ ਵਿਦਿਆਰਥੀ ਅੱਠਵੀਂ ਜਮਾਤ ਪਾਸ ਕਰ ਲੈਂਦਾ ਹੈ। ਭਾਰਤ ਦਾ ਲੰਬਾ ਚੌੜਾ ਸੰਵਿਧਾਨ ਲਿਖਣ ਲਈ ਵੀ 14 ਸਾਲ ਨਹੀਂ ਲੱਗੇ; ਕੇਵਲ 2 ਸਾਲ 11 ਮਹੀਨੇ ਅਤੇ 18 ਦਿਨਾਂ ਵਿੱਚ ਹੀ ਲਿਖਿਆ ਗਿਆ।
ਸਿੱਖ ਰਹਿਤ ਮਰਯਾਦਾ ਵਿੱਚ ਸਨਾਤਨਵਾਦੀ ਅੰਸ਼ ਦਾਖ਼ਲ ਕਰਨ ਵਾਲ਼ਿਆਂ ਨੇ ਹੀ ਇਸ ਨੂੰ ਤਦ ਤੱਕ ਲਟਕਾਈ ਰੱਖਿਆ, ਜਦ ਤੱਕ ਉਹਨਾਂ ਦੀ ਮਨਸ਼ਾ ਪੂਰੀ ਨਹੀਂ ਹੋ ਗਈ, ਤਾਂ ਹੀ ਇਹ 14 ਸਾਲਾਂ ਵਿੱਚ ਬਣੀ।

- ਸਿੱਖ ਰਹਿਤ ਮਰਯਾਦਾ ਬਣਨ ਤੋਂ ਪਹਿਲਾਂ ਸਿੱਖ ਕਿਵੇਂ ਜੀਵਨ ਜੀਉਂਦੇ ਸਨ?

- ਸੰਨ 1931 ਤੋਂ ਪਹਿਲਾਂ ਕੀ ਸਿੱਖ ਰਹਿਤ ਮਰਯਾਦਾ ਤੋਂ ਬਿਨਾਂ ਹੀ ਸਿੱਖ ਆਪਣਾ ਜੀਵਨ ਬਤੀਤ ਕਰਦੇ ਰਹੇ ਸਨ?

- ਕੀ ਸਿੱਖ ਓਦੋਂ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦੱਸੀ ਰਹਿਤ ਵਿੱਚ ਹੀ ਨਹੀਂ ਚੱਲਦੇ ਸਨ? ਕੀ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਕੀ ਧਾਰਮਿਕ ਤੌਰ ਤੇ ਕਰਨਾ ਤੇ ਕੀ ਨਹੀਂ ਕਰਨਾ?

- ਸੰਨ 1931 ਤੋਂ ਪਹਿਲਾਂ ਬਾਣੀ ਪੜ੍ਹਦੇ ਸਿੱਖ ਕੀ ਆਪਣਾ ਜੀਵਨ ਨਿੱਤ-ਨੇਮ ਤੋਂ ਬਿਨਾਂ ਹੀ ਗਵਾਈ ਜਾਂਦੇ ਸਨ?

- ਸਿੱਖਾਂ ਨੂੰ ਪਤਾ ਸੀ ਕਿ ਦਸਵੇਂ ਪਾਤਿਸ਼ਾਹ ਤਕ ਸਿੱਖ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਾਲ਼ਾ ਨਿੱਤ-ਨੇਮ ਹੀ ਕਰਦੇ ਸੰਨ। 1931 ਤੋਂ ਪਹਿਲਾਂ ਪੁਰਾਤਨ ਸਿੱਖਾਂ ਨੇ ਸ਼ਹੀਦੀਆਂ ਕੀ ਰਹਿਤ ਵਿੱਚ ਰਹਿਣ ਤੋਂ ਬਿਨਾਂ ਹੀ ਪਾ ਲਈਆਂ? ਕੀ ਉਨ੍ਹਾਂ ਸ਼ਹੀਦਾਂ ਨੇ 14 ਬੰਦਿਆਂ ਦੀ ਬਣਾਈ ਰਹਿਤ ਅਪਨਾਈ ਸੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਾਲ਼ੀ?

- ਸੰਨ 1931 ਤੋਂ ਪਹਿਲਾਂ ਕੀ ਸਿੱਖ ਅਰਦਾਸਿ ਨਹੀਂ ਕਰਦੇ ਸਨ? ਕੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਅਤੇ ਸਿੱਖਿਆ ਤੋਂ ਉੱਪਰ ਵੀ ਕੋਈ ਰਹਿਤ ਦੀ ਕਿਤਾਬ ਹੋ ਸਕਦੀ ਹੈ?

- ਜੇ ਨਹੀਂ ਤਾਂ ਫਿਰ ਸ਼੍ਰੋ.ਕਮੇਟੀ ਨੇ ‘ਸਿੱਖ ਰਹਿਤ ਮਰਯਾਦਾ’ ਨਾਂ ਦਾ ਕਿਤਾਬਚਾ ਕਿਉਂ ਬਣਾਇਆ?

- ਕੀ ਧੰਨੁ ਗੁਰੂ ਨਾਨਕ ਪਾਤਿਸ਼ਾਹ ਜੀ ਦੇ ਸਮੇਂ ਤੋਂ ਸਿੱਖੀ ਨੂੰ ਢਾਹ ਲਾਉਣ ਲਈ ਯਤਨਸ਼ੀਲ ਸਨਾਤਨਵਾਦੀ ਜਥੇਬੰਦੀਆਂ ਨੇ ਸ਼੍ਰੋ. ਕਮੇਟੀ ਦੀ ਮੁਹਰ ਹੇਠ ਆਪਣਾ ਉੱਲੂ ਸਿੱਧਾ ਨਹੀਂ ਕੀਤਾ?

{ਯਾਦ ਰਹੇ ਕਿ ਰਹਿਤ ਮਰਯਾਦਾ ਬਣਨ ਤੋਂ 6 ਸਾਲ ਪਹਿਲਾਂ ਸੰਨ 1925 ਵਿੱਚ ਆਰ.ਐੱਸ.ਐੱਸ ਸਥਾਪਤ ਹੋ ਚੁੱਕੀ ਸੀ, ਜਿਸ ਦਾ ਪਹਿਲਾ ਪ੍ਰਧਾਨ ਸ਼੍ਰੀ ਕੇ ਬੀ ਹੈੱਡਗਵਾਰ ਸੀ} ਜੇ ਯਕੀਨ ਨਹੀਂ ਤਾਂ ਸੰਨ 1999 ਵਿੱਚ ਸ਼੍ਰੋ. ਕਮੇਟੀ ਦੀ ਮੁਹਰ ਹੇਠ ਸਨਾਤਨੀ ਜਥੇਬੰਦੀਆਂ ਨੇ ‘ਸਿੱਖੋਂ ਕਾ ਇਤਿਹਾਸ’ ਨਾਂ ਦੀ ਕਿਤਾਬ ਸ਼੍ਰੋ. ਕਮੇਟੀ ਦੇ ਹੀ ਖ਼ਰਚ 'ਤੇ ਨਹੀਂ ਛਪਵਾਈ? ਕੀ ਇਸ ਕਿਤਾਬ ਵਿੱਚ ਗੁਰੂ ਸਾਹਿਬਾਨ ਦੀ ਪੁੱਜ ਕੇ ਨਿਰਾਦਰੀ ਨਹੀਂ ਕੀਤੀ ਗਈ? ਜੇ ਨਹੀਂ ਤਾਂ ਸ਼੍ਰੋ ਕਮੇਟੀ ਵਲੋਂ ਖ਼ੁਦ ਛਾਪੀ ਇਸ ਕਿਤਾਬ ਉੱਪਰ ਸਿੱਖਾਂ ਵਲੋਂ ਰੌਲ਼ਾ ਪਾਉਣ ਉੱਤੇ ਪਾਬੰਦੀ ਕਿਉਂ ਲਾ ਦਿੱਤੀ ਗਈ? ਇਸ ਮਨਹੂਸ ਕਿਤਾਬ ਉੱਤੇ ਕਿਸੇ ਲਿਖਾਰੀ ਦਾ ਨਾਂ ਕਿਉਂ ਨਹੀਂ ਲਿਖਿਆ ਗਿਆ? (ਵਿਸਥਾਰ ਲਈ ਸ. ਬਲਦੇਵ ਸਿੰਘ ਸਿਰਸੇ ਵਾਲ਼ਿਆਂ ਦੀ ਵੀਡੀਓ ਮੀਡੀਏ ਉੱਪਰ ਦੇਖੋ)

- ਸ਼੍ਰੋ. ਕਮੇਟੀ ਨੂੰ ਕੀ ਮਜ਼ਬੂਰੀ ਸੀ ਕਿ ਆਪਣੇ ਆਪ ਨੂੰ ਪੰਥ ਅਤੇ ਸਰਬੱਤ ਖ਼ਾਲਸਾ ਮੰਨਦੀ ਹੋਈ ਵੀ ਬ੍ਰਾਹਮਣਵਾਦ ਦੇ ਚੁੰਗਲ਼ ਵਿੱਚ ਫਸ ਗਈ ਅਤੇ ਆਪਣੇ ਹੀ ਗੁਰੂ ਸਾਹਿਬਾਨ ਦੀ ਘੋਰ ਨਿਰਾਦਰੀ ਵਾਲ਼ੀ ਪੁਸਤਕ ਆਪ ਹੀ ਲਿਖ ਦਿੱਤੀ?

- ਕੀ ਸਨਾਤਨਵਾਦ ਦੇ ਪ੍ਰਭਾਵ ਨੇ ਸ਼੍ਰੋ ਕਮੇਟੀ ਨੂੰ ਮਨ੍ਹਾਂ ਕੀਤਾ ਸੀ ਕਿ ਕਿਤਾਬ ਨੂੰ ਛਾਪਣ ਤੋਂ ਪਹਿਲਾਂ ਕੋਈ ਮੈਂਬਰ ਇਸ ਨੂੰ ਪੜ੍ਹ ਕੇ ਨਾ ਦੇਖੇ?

- ਕੀ ਇਸ ਤੋਂ ਸਮਝ ਨਹੀਂ ਲੱਗਦੀ ਕਿ ਸ਼੍ਰੋ. ਕਮੇਟੀ ਵੀ ਸਨਾਤਨਵਾਦ ਦੀ ਲੱਤ ਹੇਠੋਂ ਲੰਘ ਚੁੱਕੀ ਹੈ ਜਾਂ ਇਸ ਨੂੰ ਕਿਸੇ ਹੋਰ ਨੇ ਧੱਕਾ ਦੇ ਕੇ ਲੰਘਾਅ ਦਿੱਤਾ ਹੈ?

ਜਿਵੇਂ ਸੰਨ 1999 ਵਿੱਚ ਸ਼੍ਰੋ. ਕਮੇਟੀ ਨੂੰ ਵਰਤ ਕੇ ਸਨਾਤਨਵਾਦੀ ਆਮ ਅਤੇ ਖ਼ਾਸ ਸਿੱਖਾਂ ਨੂੰ ਬੁੱਧੂ ਬਣਾਉਣ ਅਤੇ ਸਨਾਤਨਵਾਦ ਦਾ ਟੀਕਾ ਲਾਉਣ ਵਿੱਚ ਸਫ਼ਲ ਹੋ ਗਏ ਇਵੇਂ ਹੀ ਸੰਨ 1931 ਤੋਂ 45 ਤਕ ਸ਼੍ਰੋ. ਕਮੇਟੀ ਵਲੋਂ ਬਣਾਈ ਸਿੱਖ ਰਹਿਤ ਮਰਯਾਦਾ ਵਿੱਚ ਸਨਾਤਨਵਾਦ ਦੇ ਪੱਕੇ ਟੀਕੇ ਲਉਣ ਵਿੱਚ ਉਹ ਸਫ਼ਲ ਹੋ ਗਏ।

ਜੇ ਅਜੇ ਵੀ ਯਕੀਨ ਨਹੀਂ ਤਾਂ ਸਿੱਖ ਰਹਿਤ ਮਰਯਾਦਾ ਵਿੱਚ ਕੀਰਤਨ ਮੱਦ ਪੜ੍ਹੋ ਜਿਸ ਵਿੱਚ ਸ਼੍ਰੋ. ਕਮੇਟੀ ਨੇ ਆਪੂੰ ਸਰਬੱਤ ਖ਼ਾਲਸਾ ਬਣ ਕੇ ਆਪ ਹੀ ਤਬਦੀਲੀ ਕਰ ਕੇ ਲਿਖਿਆ ਹੈ ਕਿ ਦਸ਼ਮ ਗ੍ਰੰਥ ਦੀਆਂ ਰਚਨਾਵਾਂ ਦਾ ਕੀਰਤਨ ਕੀਤਾ ਜਾ ਸਕਦਾ ਹੈ। ਕੀ ਸ਼੍ਰੋ. ਕਮੇਟੀ ਨੇ ਅਜਿਹਾ ਕਰ ਕੇ ਸਨਾਤਨਵਾਦ ਦਾ ਹੀ ਪੱਖ ਨਹੀਂ ਪੂਰਿਆ? ਕੀ ਸ਼੍ਰੋ. ਕਮੇਟੀ ਨੇ ਆਪ ਹੀ ਇਹ ਫੈਸਲਾ ਨਹੀਂ ਕਰ ਲਿਆ ਕਿ ਦਸ਼ਮ ਗ੍ਰੰਥ ਦਸਵੇਂ ਪਾਤਿਸ਼ਾਹ ਦੀ ਰਚਨਾ ਹੈ? ਕੀ ਸ਼੍ਰੋ. ਕਮੇਟੀ ਭੁੱਲ ਗਈ ਕਿ ਗੁਰ-ਗੱਦੀ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਮਿਲ਼ੀ ਹੈ, ਜਿਸ ਦੀ ਕੋਈ ਹੋਰ ਗ੍ਰੰਥ ਬਰਾਬਰੀ ਨਹੀਂ ਕਰ ਸਕਦਾ?
ਸਿੱਖ ਰਹਿਤ ਮਰਯਾਦਾ ਵੱਖਰੀ ਕਿਉਂ ਬਣਾਈ ਗਈ? ਕੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਆਪਣੇ ਆਪ ਵਿੱਚ ਸਿੱਖਾਂ ਲਈ ਸੱਭ ਤੋਂ ਵੱਡਾ ਰਹਿਤਨਾਮਾ ਨਹੀਂ ਹੈ?

ਸਿੱਖ ਰਹਿਤ ਮਰਯਾਦਾ ਵੱਖਰੀ ਬਣਾਉਣ ਦੇ ਕਾਰਣ:

  1. ਸਨਾਤਨਵਾਦ ਦੀ ਮਨਸ਼ਾ ਸੀ ਕਿ ਸਿੱਖਾਂ ਵਿੱਚ ਦੁਬਿਧਾ ਪਾ ਕੇ ਆਪਸੀ ਫੁੱਟ ਤੇ ਭਰਾ-ਮਾਰੂ ਜੰਗ ਦੇ ਬੀਜ ਬੀਜੇ ਜਾਣ।

  2. ਸਨਾਤਨਵਾਦ ਦੀ ਇਹ ਮਨਸ਼ਾ ਸੀ, ਸਿੱਖਾਂ ਨੂੰ ਧੰਨੁ ਗੁਰੂ ਅਰਜੁਨ ਸਾਹਿਬ ਪਾਤਿਸ਼ਾਹ ਵਲੋਂ ਬਣਾਈ ਅਤੇ ਧੰਨੁ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਵਲੋਂ ਦਮਦਮੀ ਬੀੜ ਤਿਆਰ ਸਮੇਂ ਪ੍ਰਵਾਨ ਕੀਤੀ ਨਿੱਤ-ਨੇਮ ਦੀ ਧੁਰ ਕੀ ਬਾਣੀ ਨਾਲੋਂ ਤੋੜਿਆ ਜਾਵੇ ਤੇ ਇਸ ਵਿੱਚ ਉਹ ਸਫ਼ਲ ਹੋ ਗਿਆ। ਇਸ ਦੁਬਿਧਾ ਨਾਲ਼ ਸਿੱਖਾਂ ਦਾ ਹੁਣ ਤਕ ਨੁਕਸਾਨ ਹੋ ਰਿਹਾ ਹੈ।

  3. ਸਨਾਤਨਵਾਦ ਦੀ ਇਹ ਮਨਸ਼ਾ ਸੀ ਕਿ ਸਿੱਖਾਂ ਦਾ ਧਿਆਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ ਬਾਹਰ ਕਿਸੇ ਹੋਰ ਸ਼ਰੀਕ ਨਾਲ਼ ਲਾਇਆ ਜਾਵੇ ਜਿਸ ਦੀ ਸਿੱਖਿਆ ਧੁਰ ਕੀ ਬਾਣੀ ਦੇ ਉਲ਼ਟ ਸਨਾਤਨਵਾਦੀ ਹੋਵੇ। ਸਿੱਖਾਂ ਦੇ ਪੁਰਾਤਨ ਨਿੱਤ-ਨੇਮ ਨੂੰ ਆਧਾਰ ਰੱਖ ਕੇ ਸਨਾਤਨਵਾਦ ਵਲੋਂ ਸਵੇਰ ਅਤੇ ਸ਼ਾਮ ਦੇ ਨਿੱਤ-ਨੇਮ ਵਿੱਚ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰੋਂ, ਕੱਚੀ ਬਾਣੀ ਦੀਆਂ ਦੇਵੀ ਦੇਵਤਿਆਂ ਦੀ ਸਿਫ਼ਤਿ ਵਾਲ਼ੀਆਂ ਰਚਨਾਵਾਂ ਨੂੰ ਦਸਵੇਂ ਗੁਰੂ ਜੀ ਦੀਆਂ ਆਖ ਕੇ ਜੋੜ ਦਿੱਤਾ ਗਿਆ। ਇਸ ਤਰ੍ਹਾਂ ਪਾਈ ਦੁਬਿਧਾ ਨਾਲ਼ ਸਿੱਖ ਫੁੱਟ ਦਾ ਸ਼ਿਕਾਰ ਹੋ ਕੇ ਭਰਾ-ਮਾਰੂ ਜੰਗ ਤੇ ਉੱਤਰ ਚੁੱਕੇ ਹਨ।

  4. ਪੰਜਵੇਂ ਗੁਰੂ ਜੀ ਵਲੋਂ ‘ਜਪੁ’ ਜੀ ਸਵੇਰ ਦਾ ਨਿੱਤ-ਨੇਮ ਨਿਰਧਾਰਤ ਕੀਤਾ ਸੀ, ਜਿੱਸ ਨੂੰ ਮਿਲ਼ਗੋਭਾ ਕਰਨ ਲਈ ਇਸ ਵਿੱਚ ਕ੍ਰਿਸ਼ਨਾਵਤਾਰ ਵਾਲ਼ੀ ਦੁਰਗਾ ਦੇ ਗੁਣਾਂ ਵਾਲ਼ਾ ਜਾਪੁ ਅਤੇ ਸਵੱਯੇ ਧੁਰ ਕੀ ਬਾਣੀ ਤੋਂ ਬਾਹਰੋਂ ਜੋੜੇ ਗਏ, ਜਿਸ ਨਾਲ਼ ਦੁਬਿਧਾ ਪੈਦਾ ਕੀਤੀ ਗਈ। ਸ਼ਾਮ ਦਾ ਨਿੱਤ-ਨੇਮ ਵੀ ਪੰਜਵੇਂ ਗੁਰੂ ਜੀ ਵਲੋਂ ਨਿਰਧਾਰਤ ਕੀਤਾ ਸੀ, ਜਿਸ ਵਿੱਚ ‘ਸੋ ਦਰੁ’ ਅਤੇ ‘ਸੋ ਪੁਰਖੁ’ ਦੇ ਕੇਵਲ 9 ਸ਼ਬਦ ਸਨ। ਦੁਬਿਧਾ ਅਤੇ ਫੁੱਟ ਪਾਉਣ ਲਈ ਇਸ ਨੂੰ ਵਧਾ ਕੇ ਚਰਿਤ੍ਰੋਪਾਖਿਆਨ ਵਿੱਚੋਂ ਮਹਾਂਕਾਲ਼ ਪੂਜਾ ਵਾਲ਼ੀ ਲੰਗੜੀ (ਅਧੂਰੀ) ਚੌਪਈ ਅਤੇ ਰਮਾਵਤਾਰ ਵਿੱਚੋਂ ਦੋ ਹੋਰ ਰਚਨਾਵਾਂ ਪਾ ਕੇ ਸਿੱਖਾਂ ਨੂੰ ਤ੍ਰਿਅ ਚਰਿੱਤ੍ਰ ਅਤੇ ਰਾਮਾਇਣ ਦੇ ਅੰਸ਼ ਪੜ੍ਹਨ ਵਿੱਚ ਲਾ ਦਿੱਤਾ ਗਿਆ।

  5. ਸਿੱਖਾਂ ਨੂੰ ਗੁਰੂ ਤੋਂ ਵੇਮੁਖ ਬਣਾਉਣਾ: ਪੰਜਵੇਂ ਗੁਰੂ ਜੀ ਦਾ ਬਣਾਇਆ ਨਿੱਤ-ਨੇਮ ( ਛਾਪੇ ਦੀ ਬੀੜ ਪਹਿਲੇ 13 ਪੰਨੇ) ਸਿੱਖਾਂ ਤੋਂ ਭੰਗ ਕਰਵਾ ਕੇ ਗੁਰੂ ਜੀ ਦੀ ਹ਼ੁਕਮ ਅ਼ਦੂਲੀ ਕਰਵਾਈ ਗਈ।

  6. ਸਿੱਖਾਂ ਵਿੱਚ ਦੁਬਿਧਾ ਪਾਉਣ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਉੱਤੇ ਨਿਰਧਾਰਤ ਸਿੱਖ ਦੀ ਅਰਦਾਸਿ ਬਦਲ਼ੀ ਗਈ। ਇਸ ਤਰਾਂ ਕਰ ਕੇ ਸਿੱਖਾਂ ਨੂੰ ਦੁਰਗਾ ਦੇਵੀ ਦੀ ਪੂਜਾ ਪਾਠ ਵਾਲ਼ੀ ਰਚਨਾ ਨਾਲ਼ ਜੋੜਿਆ ਗਿਆ। ‘ਵਾਰ ਦੁਰਗਾ ਕੀ’ ਰਚਨਾ ਦਾ ਆਪੂੰ ਹੀ ਸਿਰਲੇਖ ਬਦਲ ਕੇ ‘ਵਾਰ ਸ਼੍ਰੀ ਭਗਉਤੀ ਜੀ ਪਾਤਿਸ਼ਾਹੀ 10’ ਕਰ ਦਿੱਤਾ ਗਿਆ। ‘ਵਾਰ ਦੁਰਗਾ ਕੀ’ ਦੇ ਕਵੀ ਨੇ ਖ਼ੁਦ ਹੀ ਵਾਰ ਵਿੱਚ ਲਿਖਿਆ ਹੈ ਕਿ ਉਸ ਨੇ ਇਹ ਵਾਰ ਦੁਰਗਾ ਦੇਵੀ ਦਾ ਪਾਠ ਬਣਾਇਆ ਹੈ ਜਿਵੇਂ = "ਦੁਰਗਾ ਪਾਠ ਬਣਾਇਆ ਸਭੇ ਪਉੜੀਆਂ।55।" ਪਰ ਬ੍ਰਾਮਣਵਾਦ ਨੇ ਦਿਨ ਦਿਹਾੜੇ ਹੀ ਸਿੱਖਾਂ ਦੇ ਅੱਖੀ ਘੱਟਾ ਪਾ ਕੇ ਇਸ ਨੂੰ ‘ਪਾਤਿਸ਼ਾਹੀ 10’ ਦੇ ਸਿਰਲੇਖ ਨਾਲ਼ ਸ਼ਿੰਗਾਰ ਦਿੱਤਾ ਹੈ। ਧੁਰ ਕੀ ਬਾਣੀ ਤਾਂ ਕਹਿੰਦੀ ਹੈ- ਗੋਂਡ ॥ ਭੈਰਉ ਭੂਤ ਸੀਤਲਾ ਧਾਵੈ ॥ ਖਰ ਬਾਹਨੁ ਉਹੁ ਛਾਰੁ ਉਡਾਵੈ ॥1॥ ਹਉ ਤਉ ਏਕੁ ਰਮਈਆ ਲੈਹਉ ॥ ਆਨ ਦੇਵ ਬਦਲਾਵਨਿ ਦੈਹਉ ॥1॥ ਰਹਾਉ ॥ ਸਿਵ ਸਿਵ ਕਰਤੇ ਜੋ ਨਰੁ ਧਿਆਵੈ ॥ ਬਰਦ ਚਢੇ ਡਉਰੂ ਢਮਕਾਵੈ ॥2॥ ਮਹਾ ਮਾਈ ਕੀ ਪੂਜਾ ਕਰੈ ॥ ਨਰ ਸੈ ਨਾਰਿ ਹੋਇ ਅਉਤਰੈ ॥3॥ ਤੂ ਕਹੀਅਤ ਹੀ ਆਦਿ ਭਵਾਨੀ ॥ ਮੁਕਤਿ ਕੀ ਬਰੀਆ ਕਹਾ ਛਪਾਨੀ ॥4॥ ਗੁਰਮਤਿ ਰਾਮ ਨਾਮ ਗਹੁ ਮੀਤਾ ॥ ਪ੍ਰਣਵੈ ਨਾਮਾ ਇਉ ਕਹੈ ਗੀਤਾ॥5॥2॥6॥ (ਗਗਸ ਪੰਨਾਂ 874)

ਸਿੱਖਾਂ ਨੂੰ ਧੁਰ ਕੀ ਬਾਣੀ ਦੇ ਰੱਬੀ ਉਪਦੇਸ਼ ਨਾਲ਼ੋਂ ਤੋੜ ਕੇ ਦੁਰਗਾ ਦੇਵੀ ਨਾਲ਼ ਇੰਨਾ ਜੋੜਿਆ ਗਿਆ ਹੈ, ਕਿ ਅਰਦਾਸਿ ਸਮੇਂ ਅਰਦਾਸੀਏ ਸਿੱਖ ਤੋਂ ਪਹਿਲਾਂ ਦੁਰਗਾ ਦੇਵੀ ਦੀ ਜੈ ਕਰਵਾ ਕੇ, ਫਿਰ ਗੁਰੂ ਨਾਨਕ ਨਾਮ ਕਹਾਇਆ ਜਾਂਦਾ ਹੈ। ਸਨਾਤਨਵਾਦ ਨੇ ਸਿੱਖਾਂ ਨਾਲ਼ ਐਸੀ ਚਾਲਾਕੀ ਖੇਡੀ, ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 22 ਵਾਰਾਂ ਦੀਆਂ 400 ਤੋਂ ਵੱਧ ਪਉੜੀਆਂ ਨਾਲ਼ੋਂ ਦੁਰਗਾ ਦੇਵੀ ਦੇ ਪਾਠ ਵਾਲ਼ੀ ਇੱਕ ਪਉੜੀ ਨਾਲ਼ ਸਿੱਖਾਂ ਦਾ ਪਿਆਰ ਬਣਾ ਦਿੱਤਾ।

ਭਾਵੇਂ "ਆਸਾ ਦੀ ਵਾਰ" ਦੀਆਂ 24 ਪਉੜੀਆਂ ਦਾ ਕੀਰਤਨ ਕਈ ਥਾਈਂ ਰੋਜ਼ਾਨਾ ਕੀਤਾ ਜਾਂਦਾ ਹੈ, ਪਰ ਅਰਦਾਸਿ ਵਾਲ਼ੀ ਦੁਰਗਾ ਦੇਵੀ ਦੇ ਪਾਠ ਵਾਲ਼ੀ ਪਉੜੀ ਪੜ੍ਹਨ ਤੇ ਆਸਾ ਦੀ ਵਾਰ ਦੀਆਂ ਪੜ੍ਹੀਆਂ ਅਤੇ ਗਾਈਆਂ 24 ਪਉੜੀਆਂ ਸੱਭ ਤੁੱਛ ਬਣਾ ਦਿੱਤੀਆਂ ਜਾਂਦੀਆਂ ਹਨ। ਇਹ ਵੀ ਸੰਭਵ ਹੈ ਕਿ ਸਾਰੀ ‘ਵਾਰ ਦੁਰਗਾ ਕੀ’ ਦਾ ਕੀਰਤਨ ਵੀ ਧਰਮ ਸਥਾਨਾਂ ਉੱਤੇ ਸ਼ੁਰੂ ਹੋ ਜਾਵੇ, ਕਿਉਂਕਿ ਸ਼੍ਰੋ ਕਮੇਟੀ ਨੇ ਪਹਿਲਾਂ ਹੀ ਅਜਿਹੇ ਕੀਰਤਨ ਦੀ ਸਿੱਖ ਰਹਿਤ ਮਰਯਾਦਾ ਵਿੱਚ ਪ੍ਰਵਾਨਗੀ ਦਿੱਤੀ ਹੋਈ ਹੈ।

ਸਾਰ-ਅੰਸ਼: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਧੁਰ ਕੀ ਬਾਣੀ ਦੇ ਹੁੰਦਿਆਂ ਵੱਖਰੀ ਰਹਿਤ ਮਰਯਾਦਾ ਬਣਾ ਕੇ ਸਿੱਖਾਂ ਵਿੱਚ ਜ਼ਬਰਦਸਤ ਦੁਬਿਧਾ ਅਤੇ ਫੁੱਟ ਪਾਉਣ ਵਿੱਚ ਧੰਨੁ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਿਸ਼ਾਹ ਦੇ ਸਮੇਂ ਤੋਂ ਬਣੇ ਸਿੱਖੀ ਦੇ ਦੁਸ਼ਮਣਾਂ ਦੇ ਮਨਸੂਬੇ ਕਾਮਯਾਬ ਹੋ ਗਏ ਹਨ।

ਲਛਮਣ ਰੇਖਾ ਟਪਾਏ ਗਏ ਸਿੱਖਾਂ ਨੂੰ ਕੌਣ ਮੋੜ ਲਿਆਵੇਗਾ? ਕੇਵਲ ਤੇ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਏਸੇ ਗੁਰੂ ਜੀ ਦੀ ਧੁਰ ਕੀ ਬਾਣੀ ਦੇ ਨਿੱਤ-ਨੇਮੀ ਪ੍ਰਚਾਰਕ-ਗ੍ਰੰਥੀ, ਰਾਗੀ, ਢਾਢੀ, ਕਥਾਵਾਚਕ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਉੱਤੇ ਸਖ਼ਤੀ ਨਾਲ਼ ਪਹਿਰਾ ਦੇਣ ਵਾਲ਼ੇ ਧਰਮ ਸਥਾਨਾਂ ਦੇ ਸਿਆਣੇ ਪ੍ਰਬੰਧਕ। ਆਪਣੇ ਆਪ ਉਹ ਹੀ ਵਾਪਸ ਮੁੜਨਗੇ ਜੋ ਆਪਣੇ ਯਤਨਾਂ ਨਾਲ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਆਪ ਸਮਝਣਗੇ ਅਤੇ ਕੱਚੀਆਂ ਰਚਨਾਵਾਂ ਦੀ ਅਸਲੀਅਤ ਨੂੰ ਇਸ ਵਿਚਾਰਧਾਰਾ ਨਾਲ਼ ਬਣੀ ਬਿਬੇਕ ਬੁੱਧੀ ਨਾਲ਼ ਅਰਥਾਂ ਸਮੇਤ ਪੜ੍ਹ ਕੇ ਜਾਣਨਗੇ ਅਤੇ ਜਾਗਰੂਕ ਸਿੱਖ ਵਿਦਵਾਨਾਂ ਦੀਆਂ ਲਿਖਤਾਂ ਪੜ੍ਹਨਗੇ। ਸਿੱਖਾਂ ਵਿੱਚ ਮਰਯਾਦਾ ਦੇ ਨਾਂ 'ਤੇ ਪਾਈ ਦੁਬਿਧਾ ਵਿੱਚੋਂ ਨਿਕਲਣ ਅਤੇ ਏਕਤਾ ਦਾ ਇਹੋ ਇੱਕ ਢੰਗ ਹੈ।

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top