Share on Facebook

Main News Page

ਅਮਲੀ ਚੰਗਾ ਹੈ ਜੋ ਗ਼ਲਤੀ (ਜਾਂ ਗੁਨਾਹ) ਨਹੀਂ ਕਰਦਾ ਅਤੇ ਸੋਫ਼ੀਆਂ ਨੂੰ ਠਗ ਠਗ ਲੈ ਜਾਂਦਾ ਹੈ ; ਚਰਿਤ੍ਰੋਪਾਖਿਆਨ ਦਾ ਚਰਿਤ੍ਰ ਨੰਬਰ ੨੭੬
-: ਗੁਰਮੀਤ ਸਿੰਘ (ਸਿੱਡਨੀ, ਆਸਟ੍ਰੇਲੀਆ)

ਸ਼ਾਇਦ, ਇਹ ਚਰਿਤ੍ਰ ਪੜ੍ਹ ਕੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨਿਜਮੈਂਟ ਕਮੇਟੀ ਦੇ ਝੋਲੀ-ਚੁੱਕ ਪ੍ਰਚਾਰਕ ਅਤੇ ਕਥਾਕਾਰ ਇਨ੍ਹਾਂ ਚਰਿਤ੍ਰਾਂ ਦੀ ਵੀ ਕਥਾ ਟੀ. ਵੀ. ਰਾਹੀਂ ਸਵੇਰ ਸਮੇਂ ਪਰਸਾਰਨ ਕਰਨੀ ਆਰੰਭ ਕਰ ਦੇਣ ਤਾਂ ਜੋ ਸਾਰੇ ਸੰਸਾਰ ਵਿਖੇ ਰਹਿੰਦੇ ਸਿੱਖ ਪਰਿਵਾਰ ਵੀ ਐਸੀ ਰਹਿਣੀ ਬਤੀਤ ਕਰਨੀ ਸ਼ੁਰੂ ਕਰ ਦੇਣ! ਦੇਖੋ, ਕਿਵੇਂ ਇੱਕ ਅਗਿਆਤ ਲੇਖਕ ਸਾਡੀਆਂ ਅੱਖਾਂ ਦੇ ਸ੍ਹਾਮਣੇ ਬਚਿਤ੍ਰ ਨਾਟਕ ਖੇਡ ਰਿਹਾ ਹੈ ਅਤੇ ਖ਼ਾਸ ਤੌਰ 'ਤੇ ਜਦੋਂ “ਗੁਰੂ ਗਰੰਥ ਸਾਹਿਬ” ਦਾ ਪ੍ਰਕਾਸ਼ ਹੋਇਆ ਹੁੰਦਾ ਹੈ!

ਚੌਪਈ
ਸੰਕ੍ਰਾਵਤੀ ਨਗਰ ਇੱਕ ਰਾਜਤ॥ ਜਨੁ ਸੰਕਰ ਕੇ ਲੋਕ ਬਿਰਾਜਤ।
ਸੰਕਰ ਸੈਨ ਤਹਾ ਕੋ ਰਾਜਾ। ਜਾ ਸਮ ਦੁਤਿਯ ਨ ਬਿਧਨਾ ਸਾਜਾ। ੧।

ਅਰਥ ਕਰਤਾ ਡਾ. ਰਤਨ ਸਿੰਘ ਜੱਗੀ ਅਤੇ ਡਾ. ਗੁਰਸ਼ਰਨ ਕੌਰ ਜੱਗੀ: ਸੰਕ੍ਰਾਵਤੀ ਨਾਂ ਦਾ ਇੱਕ ਨਗਰ ਸੀ, ਮਾਨੋ ਸ਼ੰਕਰ ਦਾ ਹੀ ਲੋਕ ਸ਼ੋਭਦਾ ਹੋਵੇ। ਸੰਕਰ ਸੈਨ ਉਥੋਂ ਦਾ ਰਾਜਾ ਸੀ, ਜਿਸ ਵਰਗਾ ਵਿਧਾਤਾ ਨੇ ਦੂਜਾ ਨਹੀਂ ਸਿਰਜਿਆ ਸੀ। ੧।

ਸੰਕਰ ਦੇ ਤਾ ਕੀ ਬਰ ਨਾਰੀ। ਜਨੁਕ ਆਪੁ ਜਗਦੀਸ ਸਵਾਰੀ।
ਰੁਦ੍ਰ ਮਤੀ ਦੁਹਿਤਾ ਤਿਹ ਸੋਹੈ। ਸੁਰ ਨਰ ਨਾਗ ਅਸੁਰ ਮਨ ਮੋਹੈ। ੨।
ਅਰਥ: ਸੰਕਰ ਦੇ (ਦੇਈ) ਉਸ ਦੀ ਸੁੰਦਰ ਇਸਤਰੀ ਸੀ, ਮਾਨੋ ਜਗਦੀਸ਼ ਨੇ ਆਪ ਸੰਵਾਰੀ ਹੋਵੇ। ਰੁਦ੍ਰ ਮਤੀ ਨਾਂ ਦੀ ਉਨ੍ਹਾਂ ਦੀ ਪੁੱਤਰੀ ਸੀ, ਜੋ ਦੇਵਤਿਆਂ, ਦੈਂਤਾਂ ਮੱਨੁਖਾਂ ਅਤੇ ਨਾਗਾਂ ਦਾ ਮਨ ਮੋਹੰਦੀ ਸੀ। ੨।

ਤਹਾ ਛਬੀਲ ਦਾਸ ਥੋ ਛਤ੍ਰੀ। ਰੂਪਵਾਨ ਛਬਿ ਮਾਨ ਅਤਿ ਅਤ੍ਰੀ।
ਤਾ ਪਰ ਅਟਕ ਕੁਅਰਿ ਕੀ ਭਈ। ਆਠ ਟੂਕ ਵਾ ਪਰ ਹੈਵ ਗਈ। ੩।
ਅਰਥ: ਉਥੇ (ਇਕ) ਛਬੀਲ ਦਾਸ ਨਾਂ ਦਾ ਛਤ੍ਰੀ ਰਹਿੰਦਾ ਸੀ, ਜੋ ਬਹੁਤ ਰੂਪਵਾਨ ਅਤੇ ਸੁੰਦਰ ਛਬੀ ਵਾਲਾ ਅਸਤ੍ਰਧਾਰੀ ਸੀ। ਉਸ ਉਤੇ ਰਾਜ ਕੁਮਾਰੀ ਮੋਹਿਤ ਹੋ ਗਈ ਅਤੇ ਅੱਠ ਟੋਟੇ ਹੋ ਕੇ ਨਿਛਾਵਰ ਹੋ ਗਈ। ੩।

ਦੋਹਰਾ
ਲਗਨ ਨਿਗੋਡੀ ਲਗਿ ਗਈ ਛੁਟਿਤ ਛਟਾਈ ਨਾਹਿ। ਮਤ ਭਈ ਮਨੁ ਮਦ ਪੀਆ ਮੋਹਿ ਰਹੀ ਮਨ ਮਾਹਿ। ੪।
ਅਰਥ: ਭੈੜੀ ਪ੍ਰੀਤ (ਜੋ ਇੱਕ ਵਾਰ) ਲਗ ਗਈ, (ਉਹ ਫਿਰ) ਛਡਿਆਂ ਛਡੀ ਨਹੀਂ ਜਾ ਸਕਦੀ। ਉਸ ਮਸਤ ਹੋ ਗਈ, ਮਾਨੋ ਸ਼ਰਾਬ ਪੀਤੀ ਹੋਵੇ ਅਤੇ ਮਨ ਵਿੱਚ ਮੋਹੀ ਗਈ। ੪।

ਚੌਪਈ
ਏਕ ਸਹਚਰੀ ਤਹਾ ਪਠਾਈ। ਚਿਤ ਜੁ ਹੁਤੀ ਕਹਿ ਤਾਹਿ ਸੁਨਾਈ।
ਸੋ ਚਲਿ ਸਖੀ ਸਜਨ ਪਹਿ ਗਈ। ਬਹੁ ਬਿਧਿ ਤਾਹਿ ਪ੍ਰਬੋਧਤ ਭਈ। ੫।
ਅਰਥ: (ਉਸ ਨੇ) ਇੱਕ ਦਾਸੀ ਉਥੇ (ਯਾਰ ਪਾਸ) ਭੇਜੀ ਅਤੇ ਜੋ (ਗੱਲ ਉਸ ਦੇ) ਮਨ ਵਿੱਚ ਸੀ, ਉਸ ਨੂੰ ਦਸ ਦਿੱਤੀ। ਉਹ ਸਖੀ ਚਲ ਕੇ ਯਾਰ ਪਾਸ ਪਹੁੰਚੀ ਅਤੇ ਕਈ ਤਰ੍ਹਾਂ ਨਾਲ ਉਸ ਨੂੰ ਸਮਝਾਉਣ ਲਗੀ। ੫।

ਅੜਿਲ
ਤਬੈ ਛਬੀਲੋ ਛੈਲ ਤਹਾ ਚਲਿ ਆਇਯੋ। ਰਮਿਯੋ ਤਰੁਨ ਬਹੁ ਭਾਤਿ ਕੁਅਰਿ ਸੁਖ ਪਾਇਯੋ।
ਲਪਟਿ ਲਪਟਿ ਤਰ ਜਾਇ ਪਿਯਰਵਹਿ ਭੁਜਨ ਭਰਿ। ਹੋ ਦ੍ਰਿੜ ਆਸਨ ਦੈ ਰਹਿਯੋ ਨ ਇਤ ਉਤ ਜਾਤਿ ਟਰਿ। ੬।
ਅਰਥ: ਤਦ ਉਹ ਸੁੰਦਰ (ਛਬੀਲ ਦਾਸ) ਨੌਜਵਾਨ ਉਥੇ ਚਲ ਕੇ ਆ ਗਿਆ। (ਉਸ) ਯੁਵਕ ਨਾਲ ਕਈ ਤਰ੍ਹਾਂ ਨਾਲ ਸੰਯੋਗ ਕਰ ਕੇ ਰਾਜ ਕੁਮਾਰੀ ਨੇ ਬਹੁਤ ਸੁਖ ਪ੍ਰਾਪਤ ਕੀਤਾ। ਉਹ ਪ੍ਰੀਤਮ ਨੂੰ ਭੁਜਾਵਾਂ ਵਿੱਚ ਲੈ ਕੇ ਬਹੁਤ ਲਿਪਟ ਰਹੀ ਸੀ (ਅਤੇ ਛਬੀਲ ਦਾਸ ਨੇ ਵੀ ਉਸ ਨੂੰ) ਦ੍ਰਿੜ੍ਹਤਾ ਪੂਰਵਕ ਆਸਣ ਦਿੱਤਾ ਹੋਇਆ ਸੀ ਅਤੇ ਇਧਰ ਉਧਰ ਹਿਲਣ ਨਹੀਂ ਦਿੰਦਾ ਸੀ। ੬।

ਦੋਹਰਾ
ਏਕ ਸੁਘਰ ਦੂਜੇ ਤਰੁਨਿ ਤ੍ਰਿਤੀਏ ਸੁੰਦਰ ਮੀਤ। ਬਸਿਯੋ ਰਹਤ ਨਿਸ ਦਿਨ ਸਦਾ ਪਲ ਪਲ ਚਿਤ ਜਿਮਿ ਚੀਤਿ। ੭।
ਅਰਥ: (ਉਸ ਦਾ) ਮਿਤਰ ਇੱਕ ਸੁਘੜ, ਦੂਜਾ ਜਵਾਨ ਅਤੇ ਤੀਜਾ ਸੁੰਦਰ ਸੀ। ਉਹ ਸਦਾ ਰਾਤ ਦਿਨ ਪਲ ਪਲ ਉਸ ਦੇ ਚਿਤ ਵਿੱਚ ਵਸਿਆ ਰਹਿੰਦਾ ਸੀ। ੭।

ਚੌਪਈ
ਇਕ ਦਿਨ ਮਿਤਿ ਇਮਿ ਬਚਨ ਬਖਾਨਾ। ਤਵ ਪਿਤ ਕੇ ਹੌ ਤ੍ਰਾਸ ਤ੍ਰਸਾਨਾ।
ਜੌ ਤੁਹਿ ਭਜਤ ਨ੍ਰਿਪਤਿ ਮੁਹਿ ਪਾਵੈ। ਪਕਰਿ ਕਾਲ ਕੇ ਧਾਮ ਪਠਾਵੈ। ੮।
ਅਰਥ: ਇੱਕ ਦਿਨ ਮਿਤਰ ਨੇ ਇਸ ਤਰ੍ਹਾਂ ਕਿਹਾ: ਤੇਰੇ ਪਿਤਾ ਦੇ ਡਰ ਕਰ ਕੇ (ਮੈਂ) ਬਹੁਤ ਡਰਿਆ ਹੋਇਆ ਹਾਂ। ਜੇ ਤੇਰੇ ਨਾਲ ਸੰਯੋਗ ਕਰਦਿਆਂ ਰਾਜਾ ਮੈਨੂੰ ਵੇਖ ਲਏ, ਤਾਂ ਪਕੜ ਕੇ ਯਮਲੋਕ ਭੇਜ ਦੇਵੇਗਾ। ੮।

ਬਿਹਸਿ ਕੁਅਰਿ ਅਸ ਤਾਹਿ ਬਖਾਨਾ॥ ਤੈ ਇਸਤ੍ਰਿਨ ਕੇ ਚਰਿਤ ਨ ਜਾਨਾ।
ਪੁਰਖ ਭੇਖ ਤੁਹਿ ਸੇਜ ਬੁਲਾਊ। ਤੌ ਮੈ ਤੁਮਰੀ ਯਾਰ ਕਹਾਊ। ੯।
ਅਰਥ: ਰਾਜ ਕੁਮਾਰੀ ਨੇ ਹਸ ਕੇ ਕਿਹਾ: ਤੁਸੀਂ ਇਸਤਰੀਆਂ ਦੇ ਚਰਿਤ੍ਰ ਨੂੰ ਨਹੀਂ ਜਾਣਦੇ। ਮੈਂ ਤੈਨੂੰ ਪੁਰਸ਼ ਭੇਸ ਵਿੱਚ ਸੇਜ ਉਤੇ ਬੁਲਾਵਾਂਗੀ, ਤਦ ਹੀ ਮੈਂ ਤੇਰੀ ਯਾਰ ਅਖਵਾਵਾਂਗੀ। ੯।

ਰੋਮਨਾਸਨੀ ਤਾਹਿ ਲਗਾਈ। ਸਕਲ ਸਮਸ ਤਿਹ ਦੂਰਿ ਕਰਾਈ।
ਕਰ ਮਹਿ ਤਾਹਿ ਤੰਬੂਰਾ ਦੀਯਾ। ਗਾਇਨ ਭੇਸ ਸਜਨ ਕੋ ਕੀਯਾ। ੧੦।
ਅਰਥ: ਉਸ (ਯਾਰ) ਨੂੰ ਰੋਮ ਨਾਸ ਕਰਨ ਵਾਲਾ (ਤੇਲ) ਲਗਾਇਆ ਅਤੇ ਉਸ ਦੀ ਦਾੜ੍ਹੀ-ਮੁੱਛਾਂ (ਦੇ ਸਾਰੇ ਵਾਲ) ਸਾਫ਼ ਕਰ ਦਿੱਤੇ। ਉਸ ਦੇ ਹੱਥ ਵਿੱਚ ਤੂੰਬੀ ਦੇ ਦਿੱਤੀ ਅਤੇ ਮਿਤਰ ਦਾ (ਇਕ) ਗਵੈਣ ਵਾਲਾ ਰੂਪ ਕਰ ਦਿੱਤਾ। ੧੦।

ਪਿਤਿ ਬੈਠੇ ਤਹਿ ਬੋਲਿ ਪਠਾਯੋ। ਭਲੇ ਭਲੇ ਗੀਤਾਨ ਗਵਾਯੋ।
ਸੁਨਿ ਸੁਨਿ ਨਾਦ ਰੀਝਿ ਨ੍ਰਿਪ ਰਹਿਯੋ। ਭਲੀ ਭਲੀ ਗਾਇਨ ਇਹ ਕਹਿਯੋ। ੧੧।
ਅਰਥ: (ਫਿਰ ਉਸ ਨੂੰ ਉਥੇ) ਬੁਲਵਾ ਲਿਆ, ਜਿਥੇ ਪਿਤਾ ਬੈਠਿਆ ਸੀ। (ਉਸ ਗਵੈਣ) ਤੋਂ ਚੰਗੇ ਚੰਗੇ ਗੀਤ ਗਵਾਏ। ਉਸ ਦਾ ਸੰਗੀਤ ਸੁਣ ਕੇ ਰਾਜਾ ਬਹੁਤ ਰੀਝ ਗਿਆ ਅਤੇ ਉਸ ਗਵੈਣ ਨੂੰ 'ਚੰਗਾ ਚੰਗਾ’ ਕਿਹਾ। ੧੧।

ਸੰਕਰ ਦੇ ਇਹ ਭਾਤਿ ਉਚਾਰੀ। ਸੁਨ ਗਾਇਨ ਤੈ ਬਾਤ ਹਮਾਰੀ।
ਪੁਰਖ ਭੇਸ ਧਰਿ ਤੁਮ ਨਿਤਿ ਐਯਹੁ। ਇਹ ਠਾ ਗੀਤਿ ਮਧੁਰਿ ਧੁਨਿ ਗੈਯਹੁ। ੧੨।
ਅਰਥ: ਸੰਕਰ ਦੇਈ ਨੇ ਇਸ ਤਰ੍ਹਾਂ ਕਿਹਾ: ਹੇ ਗਵੈਣ! ਤੂੰ ਮੇਰੀ (ਇਕ) ਗੱਲ ਸੁਣ। ਤੂੰ ਪੁਰਸ਼ ਦਾ ਭੇਸ ਧਾਰ ਕੇ ਨਿੱਤ ਇਥੇ ਆਇਆ ਕਰ ਅਤੇ ਇਥੇ ਮਿੱਠੀ ਧੁਨ ਵਾਲੇ ਗੀਤ ਗਾਇਆ ਕਰ। ੧੨।

ਯੌ ਸੁਨਿ ਪੁਰਖ ਭੇਸ ਤਿਨ ਧਰਾ। ਪ੍ਰਾਚੀ ਦਿਸਾ ਚਾਂਦ ਜਨ ਚਰਾ।
ਸਕਲ ਲੋਗ ਇਸਤ੍ਰੀ ਤਿਹ ਜਾਨੈ। ਤ੍ਰਿਯਾ ਚਰਿਤ੍ਰ ਨ ਮੂੜ ਪਛਾਨੈ। ੧੩।
ਅਰਥ: ਇਹ ਸੁਣ ਕੇ ਉਸ ਨੇ ਪੁਰਸ਼ ਦਾ ਭੇਸ ਧਾਰਨ ਕਰ ਲਿਆ। (ਇੰਜ ਲਗਦਾ ਸੀ) ਮਾਨੋ ਪੂਰਬ ਦਿਸ਼ਾ ਵਿੱਚ ਚੰਨ ਚੜ੍ਹਿਆ ਹੋਵੇ। ਸਾਰੇ ਲੋਕ ਉਸ ਨੂੰ ਇਸਤਰੀ ਸਮਝਦੇ ਸਨ, ਪਰ ਮੂਰਖ ਇਸਤਰੀ ਚਰਿਤ੍ਰ ਨੂੰ ਨਹੀਂ ਸਮਝਦੇ ਸਨ। ੧੩।

ਅੜਿਲ
ਮਿਤ੍ਰ ਪੁਰਖ ਕੌ ਭੇਸ ਧਰੇ ਨਿਤ ਆਵਈ। ਆਨ ਕੁਅਰਿ ਸੌ ਕਾਮ ਕਲੋਲ ਕਮਾਵਈ।
ਕੋਊ ਨ ਤਕਹ ਰੋਕਤ ਗਾਇਨ ਜਾਨਿ ਕੈ। ਹੋ ਤ੍ਰਿਯ ਚਰਿਤ੍ਰ ਕਹ ਮੂੜ ਨ ਸਕਹਿ ਪਛਾਨਿ ਕੈ। ੧੪।
ਅਰਥ: (ਉਹ) ਮਿਤਰ ਪੁਰਸ਼ ਦਾ ਭੇਸ ਧਾਰ ਕੇ ਆਉਂਦਾ ਸੀ ਅਤੇ ਆ ਕੇ ਰਾਜ ਕੁਮਾਰੀ ਨਾਲ ਕਾਮ-ਕ੍ਰੀੜਾ ਕਰਦਾ ਸੀ। ਉਸ ਨੂੰ ਗਵੈਣ ਸਮਝ ਕੇ ਕੋਈ ਵੀ ਨਹੀਂ ਰੋਕਦਾ ਸੀ। (ਕੋਈ ਵੀ) ਮੂਰਖ ਇਸਤਰੀ ਚਰਿਤ੍ਰ ਨੂੰ ਨਹੀਂ ਸਮਝਦਾ ਸੀ। ੧੪।

ਦੋਹਰਾ
ਇਹ ਛਲ ਸੌ ਤਾ ਸੌ ਸਦਾ ਨਿਸੁ ਦਿਨ ਕਰਤ ਬਿਹਾਰ। ਦਿਨ ਦੇਖਤ ਸਭ ਕੋ ਛਲੈ ਕੋਊ ਨ ਸਕੈ ਬਿਚਾਰ। ੧੫।
ਅਰਥ: ਇਸ ਛਲ ਨਾਲ ਉਹ ਉਸ (ਰਾਜ ਕੁਮਾਰੀ) ਨਾਲ ਰਾਤ ਦਿਨ ਰਮਣ ਕਰਦਾ ਸੀ। ਉਹ ਦਿਨ ਵਿੱਚ ਹੀ ਸਭ ਦੇ ਵੇਖਦੇ ਹੋਇਆਂ ਛਲ ਜਾਂਦਾ ਸੀ (ਪਰ ਇਸ ਭੇਦ ਨੂੰ) ਕੋਈ ਵੀ ਵਿਚਾਰ ਨਹੀਂ ਸਕਦਾ ਸੀ। ੧੫।

ਚੌਪਈ
ਸੰਕਰ ਦੇਵ ਨ ਤਾਹਿ ਪਛਾਨੈ। ਦੁਹਿਤਾ ਕੀ ਗਾਇਨ ਤਿਹ ਮਾਨੈ।
ਅਤਿ ਸ੍ਹਯਾਨਪ ਤੇ ਕੈਫਨ ਖਾਵੈ। ਮਹਾ ਮੂੜ ਨਿਤਿ ਮੂੰਡ ਮੁੰਡਾਵੈ। ੧੬।
ਅਰਥ: (ਰਾਜਾ) ਸੰਕਰ ਦੇਵ ਉਸ ਨੂੰ ਨਹੀਂ ਪਛਾਣਦਾ ਸੀ ਅਤੇ ਉਸ ਨੂੰ ਪੁੱਤਰੀ ਦੀ ਗਵੈਣ ਮੰਨਦਾ ਸੀ। ਉਹ ਬਹੁਤ ਸਿਆਣਪ ਨਾਲ ਨਸ਼ੇ ਕਰਦਾ ਸੀ ਅਤੇ ਮਹਾ ਮੂਰਖ (ਰਾਜਾ) ਨਿੱਤ ਛਲਿਆ ਜਾਂਦਾ ਸੀ। ੧੬।

ਖਹਾ ਭਯੋ ਜੋ ਚਤੁਰ ਕਹਾਇਸਿ। ਭੂਲਿ ਭਾਂਗ ਭੌਦੂ ਨ ਚੜਾਇਸਿ।
ਅਮਲੀ ਭਲੋ ਖਤਾ ਜੁ ਨ ਖਾਵੈ। ਮੂੰਡ ਮੂੰਡ ਸੋਫਿਨ ਕੋ ਜਾਵੈ। ੧੭।
ਅਰਥ: ਕੀ ਹੋਇਆ (ਜੇ ਉਹ) ਚਤੁਰ ਅਖਵਾਉਂਦਾ ਸੀ। (ਉਹ) ਭੌਂਦੂ ਭੁਲ ਕੇ ਵੀ ਭੰਗ ਨਹੀਂ ਪੀਂਦਾ ਸੀ। (ਉਸ ਨਾਲੋਂ ਤਾਂ) ਅਮਲੀ ਚੰਗਾ ਹੈ ਜੋ ਗ਼ਲਤੀ (ਜਾਂ ਗੁਨਾਹ) ਨਹੀਂ ਕਰਦਾ ਅਤੇ ਸੋਫ਼ੀਆਂ ਨੂੰ ਠਗ ਠਗ ਲੈ ਜਾਂਦਾ ਹੈ। ੧੭।

ਸੰਕਰ ਸੈਨ ਨ੍ਰਿਪਹਿ ਅਸ ਛਲਾ। ਕਹ ਕਿਯ ਚਰਿਤ ਸੰਕਰਾ ਕਲਾ।
ਤਿਹ ਗਾਇਨ ਕੀ ਦੁਹਿਤਾ ਗਨਿਯੋ। ਮੂਰਖ ਭੇਦ ਅਭੇਦ ਨ ਜਨਿਯੋ। ੧੮। ੧।

ਇਤਿ ਸ੍ਰੀ ਚਰਿਤ੍ਰ ਪਖ੍ਹਯਾਨੋ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੇਇ ਸੌ ਛਿਹਤਰਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ। ੨੭੬। ੫੩੩੪। ਅਫਜੂੰ।
ਅਰਥ: ਇਸ ਤਰ੍ਹਾਂ ਸੰਕਰ ਸੈਨ ਰਾਜੇ ਨੂੰ ਛਲਿਆ ਗਿਆ (ਅਤੇ ਇਸ ਢੰਗ ਦਾ) ਸੰਕਰਾ ਕਲਾ ਨੇ ਚਰਿਤ੍ਰ ਕੀਤਾ। (ਰਾਜੇ ਨੇ) ਉਸ ਨੂੰ ਪੁੱਤਰੀ ਦੀ ਗਵੈਣ ਸਮਝਿਆ। (ਉਸ) ਮੂਰਖ ਨੇ (ਇਸ ਗੱਲ ਦਾ) ਭੇਦ ਅਭੇਦ ਨ ਸਮਝਿਆ। ੧੮।

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੭੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ। ੨੭੬। ੫੩੩੪। ਚਲਦਾ।

ਕਿੰਨਾ ਚੰਗਾ ਹੋਵੇ ਕਿ ਜਦੋਂ ਬਚਿਤ੍ਰ ਨਾਟਕ ਦੇ ਅਖੌਤੀ ਦਸਮ ਗ੍ਰੰਥ ਦੀ ਪ੍ਰੌੜਤਾ ਕਰਨ ਵਾਲੇ ਪ੍ਰਚਾਰਕ, ਕਥਾਕਾਰ, ਸੰਤ-ਬਾਬੇ, ਹੈੱਡ-ਮਨਿਸਟਰ, ਗਰੰਥੀ, ਆਦਿਕ ਬਾਹਰਦੇ ਕਿਸੇ ਦੇਸ਼ ਵਿਖੇ ਆਉਣ ਤਾਂ ਉਨ੍ਹਾਂ ਨੂੰ ਐਸੇ ਚਰਿਤ੍ਰਾਂ ਦੀ ਵਿਆਖਿਆ ਕਰਨ ਲਈ ਮਜ਼ਬੂਰ ਕੀਤਾ ਜਾਵੇ ਤਾਂ ਜੋ ਐਸੇ ਲਵ-ਕੁੱਸ਼ ਦੇ ਵਾਰਸਾਂ ਨੂੰ ਕੁੱਝ ਸਮਝ ਆ ਸਕੇ ਕਿ ਉਹ ਪੈਸੇ ਦੇ ਲਾਲਚ ਕਰਕੇ, ਸਿੱਖਾਂ ਨੂੰ ਕਿਵੇਂ “ਗੁਰੂ ਗਰੰਥ ਸਾਹਿਬ” ਵਿੱਚ ਅੰਕਿਤ ਬਾਣੀ ਤੋਂ ਅਲੱਗ ਕਰ ਰਹੇ ਹਨ? ਕੀ ਐਸੇ ਵਿਭਚਾਰ ਦੇ ਪ੍ਰਚਾਰ ਸਦਕਾ, ਪੰਜਾਬ ਵਿਖੇ (Adultery, Apostasy and Intoxicants) ਦਾ ਬੋਲ-ਬਾਲਾ ਹੈ?

ਖਿਮਾ ਦਾ ਜਾਚਕ

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top