Share on Facebook

Main News Page

ਫੜ ਲਉ - ਫੜ ਲਉ !
-: ਲਖਵਿੰਦਰ ਸਿੰਘ ‘ਕੁਹਾੜ’
ਕਲਮਬੋਲੀ, ਨਵੀਂ ਮੁੰਬਈ-410218
ਮੋਬਾਇਲ : 086930-63137

ਧੰਨ-ਧੰਨ ਸ੍ਰੀ ਗੁਰੂ ਅਮਰਦਾਸ ਜੀ ਨੇ ਬੜੇ ਹੀ ਸੁੰਦਰ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਹੋਏ ਹਨ। ਯਾਦ ਰੱਖਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਰੇ ਹੀ ਸ਼ਬਦ ਬੜੇ ਸੁੰਦਰ ਹਨ। ਸਿਰਫ ਸਾਨੂੰ ਸਮਝਣ ਦੀ ਲੋੜ ਹੈ।

ਅੰਕ 920 ’ਤੇ ਲਿਖਿਆ ਪੜ੍ਹਨ ਨੂੰ ਮਿਲਦਾ ਹੈ-
ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ॥
ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ॥

ਬੜੇ ਹੀ ਸੌਖੇ ਤੇ ਸਪੱਸ਼ਟ ਅਰਥ ਸਮਝ ਆਉਂਦੇ ਹਨ- ਹੇ ਸਤਿਗੁਰੂ ਦੇ ਪਿਆਰੋ ਸਿੱਖੋ- ਆਵੋ ਥਿਰ-ਥਿਰ ਰਹਿਣ ਵਾਲੇ ਪ੍ਰਮਾਤਮਾ ਵਿੱਚ ਜੋੜਨ ਵਾਲੀ ਬਾਣੀ (ਰਲ ਕੇ) ਗਾਵੋ।
ਆਪਣੇ ਗੁਰੂ ਦੀ ਬਾਣੀ ਗਾਵੋ, ਇਹ ਬਾਣੀ ਹੋਰ ਸਭ ਬਾਣੀਆਂ ਨਾਲੋਂ ਸ਼ਿਰੋਮਣੀ ਹੈ।

ਜਿਨ ਕਉ ਨਦਰਿ ਕਰਮ ਹੋਵੈ ਹਿਰਦੈ ਤਿਨਾ ਸਮਾਣੀ॥
ਇਹ ਬਾਣੀ ਉਹਨਾਂ ਬੰਦਿਆਂ ਦੇ ਹਿਰਦੇ ਵਿੱਚ ਹੀ ਟਿਕਦੀ ਹੈ, ਜਿਨ੍ਹਾਂ ਉੱਤੇ ਪ੍ਰਮਾਤਮਾ ਦੀ ਮੇਹਰ ਦੀ ਨਜ਼ਰ ਹੋਵੇ।

ਪੀਵਹੁ ਅੰਮ੍ਰਿਤ ਸਦਾ ਰਹਹੁ ਹਰਿ ਰੰਗਿ ਜਪਿਹੁ ਸਾਰਿਗ ਪਾਣੀ॥
ਅਰਥ- ਹੇ ਪਿਆਰੇ ਗੁਰਸਿੱਖੋ, ਪ੍ਰਮਾਤਮਾ ਦਾ ਨਾਮ ਸਿਮਰੋ, ਪ੍ਰਮਾਤਮਾ ਦੇ ਪਿਆਰ ਵਿੱਚ ਸਦਾ ਜੁੜੇ ਰਹੋ। ਇਹ (ਅਨੰਦ ਦੇਣ ਵਾਲਾ, ਆਤਮਕ ਹੁਲਾਰਾ ਪੈਦਾ ਕਰਨ ਵਾਲਾ) ਨਾਮ ਜਲ ਪੀਓ।
ਫਿਰ ਅਖੀਰ ਵਿੱਚ ਪਾਤਸ਼ਾਹ ਕਹਿੰਦੇ ਹਨ ਕਿ-
ਕਹੈ ਨਾਨਕੁ ਸਦਾ ਗਾਵਹੁ ਏਹ ਸਚੀ ਬਾਣੀ॥
ਨਾਨਕ ਆਖਦਾ ਹੈ ਕਿ (ਹੇ ਗੁਰਸਿਖੋ) ਪ੍ਰਮਾਤਮਾ ਦੀ ਸਿਫ਼ਤ-ਸੁਲਾਹ ਵਾਲੀ ਇਹ ਬਾਣੀ ਸਦਾ ਗਾਵੋ (ਇਸੇ ਵਿੱਚ ਆਤਮਕ ਆਨੰਦ ਹੈ। ਗੁਰੂ ਜੀ ਫਰਮਾਉਂਦੇ ਹਨ- ਤੂੰ ਸਦੀਵ ਹੀ ਇਸ ਸੱਚੀ ਗੁਰਬਾਣੀ ਦਾ ਕੀਰਤਨ ਕਰ।

ਅੱਜ ਦੇ ਹਾਲਾਤਾਂ ਬਾਰੇ ਇੱਕ ਪੰਛੀ ਝਾਤ ਮਾਰੀਏ ਤਾਂ ਜ਼ਿਆਦਾ ਕਰਕੇ, ਖਾਸ ਕਰਕੇ ਗੁਰਦੁਆਰਿਆਂ ’ਚ ਨਾ ਤਾਂ ਕੋਈ ਸੱਚ ਬੋਲ ਕੇ ਰਾਜ਼ੀ ਏ, ਤੇ ਨਾ ਹੀ ਕੋਈ ਸੱਚ ਸੁਣ ਕੇ ਰਾਜ਼ੀ ਏ। ਬੱਸ ਸਾਰੇ ਜਣੇ ਜਿਨ੍ਹਾਂ ਵਿੱਚ ਗੁਰਦੁਆਰੇ ਦੇ ਪ੍ਰਧਾਨ (ਕਮੇਟੀਆਂ), ਗ੍ਰੰਥੀ, ਕੀਰਤਨੀਏ, ਕਥਾ-ਵਾਚਕ, ਢਾਡੀ, ਇੱਕ ਅੱਧੇ ਨੂੰ ਛੱਡ ਕੇ ਇਹ ਹੀ ਕਹਿਣਗੇ ਕਿ ਛੱਡੋ ਜੀ, ਜਿਵੇਂ ਸਾਰਾ ਪ੍ਰਬੰਧ ਪਹਿਲਾਂ ਤੋਂ ਚੱਲ ਰਿਹਾ ਹੈ ਉਵੇਂ ਹੀ ਚੱਲਣ ਦਿਉ। ਕਿਉਂਕਿ ਅਸੀਂ ਪਹਿਲਾਂ ਕਈ ਕੱਚੀਆਂ ਕਥਾ, ਕਹਾਣੀਆਂ ਪਾਖੰਡੀ ਬਾਬਿਆਂ ਕੋਲੋਂ ਸੁਣਦੇ ਆ ਰਹੇ ਹਾਂ ਤੇ ਕਈਆਂ ਬਾਣੀਆਂ ਦੀਆਂ ਧਾਰਨਾ ਵੀ ਸੁਣਦੇ ਆ ਰਹੇ ਹਾਂ। ਫਿਰ ਕਈ ਸਿੱਖ ਵਿਦਵਾਨਾਂ ਨੇ ਦਿਨ-ਰਾਤ ਇੱਕ ਕਰਕੇ ਸੱਚ ਦੀ ਖੋਜ ਕਰਕੇ ਜਦੋਂ ਪੰਥ ਅੱਗੇ ਸੱਚ ਰੱਖਿਆ ਤਾਂ ਸਾਡੇ ਮੁਖੀਆਂ ਨੇ, ਜਥੇਦਾਰਾਂ ਨੇ, ਵਿਦਵਾਨਾਂ ਦਾ ਮਾਨ-ਸਨਮਾਨ ਤਾਂ ਕੀ ਕਰਨਾ ਸੀ ਉਲਟਾ ਉਹਨਾਂ ਨੂੰ ਪੰਥ ਵਿੱਚੋਂ ਸ਼ੇਕ ਦਿੱਤਾ। ਅੱਜ ਵੀ ਕੁੱਝ ਇਸ ਤਰ੍ਹਾਂ ਹੀ ਹੋ ਰਿਹਾ ਹੈ। ਬੱਸ ਜਿਹੜਾ ਸੱਚ ਬੋਲੇ ਉਸ ਨੂੰ "ਫੜ ਲਉ-ਫੜ ਲਉ" ਹੋ ਜਾਂਦੀ ਹੈ।

ਦਾਸ ਨਾਲ ਅਕਸਰ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਹੀ ਰਹਿੰਦੀਆਂ ਹਨ। ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਈ ਗ੍ਰੰਥ (ਅਖੌਤੀ ਗ੍ਰੰਥ, ਅਸ਼ਲੀਲ ਗ੍ਰੰਥ) ਸਥਾਪਤ ਕਰ ਦਿੱਤੇ ਗਏ ਹਨ ਜਾਂ ਕਰਾ ਦਿੱਤੇ ਗਏ ਹਨ। ਜਿਵੇਂ ਕਿ ਸੂਰਜ ਪ੍ਰਕਾਸ਼, ਸੌ ਸਾਖੀ, ਸਾਖੀ ਭਾਈ ਬਾਲਾ ਜੀ ਦੀ ਆਦਿ, ਇਹਨਾਂ ਵਿੱਚੋਂ ਸਭ ਤੋਂ ਖਤਰਨਾਕ ਤੇ ਗੰਦਾ ਗ੍ਰੰਥ ਹੈ- ਬਚਿੱਤਰ ਨਾਟਕ। ਸਾਡੇ ਆਗੂਆਂ, ਗ੍ਰੰਥੀਆਂ ਤੇ ਪ੍ਰਧਾਨਾਂ ਨੇ ਬਿਨਾ ਸੋਚੇ ਸਮਝੇ ਤੇ ਪੜੇ ਬਿਨਾ ਹੀ ਇਨ੍ਹਾਂ ਦੀ ਕਥਾ ਸ਼ਾਮ ਨੂੰ ਹਰ ਰੋਜ਼ ਕਰਨੀ ਚਾਲੂ ਕਰ ਦਿੱਤੀ ਹੈ। (ਕੁਝ ਕੁ ਗੁਰਦੁਆਰੇ ਛੱਡ ਕੇ ਜਿੱਥੇ ਕਮੇਟੀਆਂ ਤੇ ਸਟਾਫ ਪੜੇ ਲਿਖੇ ਹਨ)। ਇਨ੍ਹਾਂ ਅਖੌਤੀ ਗ੍ਰੰਥਾਂ ਵਿੱਚ ਕੁੱਝ ਵੀ ਚੰਗਾ ਨਹੀਂ ਲਿਖਿਆ ਹੋਇਆ। ਜਾਂ ਤਾਂ ਝੂਠੀਆਂ ਕਹਾਣੀਆਂ ਹਨ ਜਾਂ ਗੰਦ ਨਾਲ ਭਰੇ ਪਏ ਹਨ। ਇਹਨਾਂ ਤੋਂ ਸਿੱਖਿਆ ਵੀ ਕੋਈ ਨਹੀਂ ਮਿਲਦੀ। ਕਿੰਨੀ ਮਾੜੀ ਗੱਲ ਹੈ ਕਿ ਗੁਰੂ ਸਾਹਿਬਾਨਾਂ ਦੀ ਪਵਿੱਤਰ ਗੁਰਬਾਣੀ ਨੂੰ ਛੱਡ ਕੇ ਅਖੌਤੀਆਂ ਦੇ ਪਿੱਛੇ ਪਏ ਹੋਏ ਹਾਂ। ਜੇਕਰ ਇਨ੍ਹਾਂ ਨੂੰ ਕੋਈ ਗੁਰਦੁਆਰੇ ਸਾਹਿਬ ਦੇ ਅੰਦਰ ਬੜੇ ਪਿਆਰ ਨਾਲ ਕਹਿ ਦੇਵੇ ਕਿ ਇਹ ਅਖੌਤੀ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁੰਦਿਆਂ ਸਾਨੂੰ ਇਹਨਾਂ ਦੇ ਬਰਾਬਰ ਦਾ ਕੋਈ ਹੋਰ ਗ੍ਰੰਥ ਸਥਾਪਤ ਨਹੀਂ ਕਰਨਾ ਚਾਹੀਦਾ। ਤਾਂ ਫਿਰ ਹੋ ਜਾਂਦੀ ਹੈ "ਫੜ ਲਉ- ਫੜ ਲਉ" । ਕੋਈ ਕਿਸੇ ਦੀ ਨਹੀਂ ਸੁਣਦਾ। "ਫੜ ਲਉ-ਫੜ ਲਉ" ਉਹੋ ਲੋਕ ਕਰਦੇ ਹਨ, ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਟੁਟੇ ਹੋਏ ਹੁੰਦੇ ਹਨ।

ਕਬੀਰ ਬੈਸਨਉ ਕੀ ਕੂਕਰਿ ਭਲੀ ਸਾਕਤ ਕੀ ਬੁਰੀ ਮਾਇ
(ਅੰਗ- 1364 ਸਲੋਕ ਭਗਤ ਕਬੀਰ ਜੀ)

ਭਗਤ ਕਬੀਰ ਜੀ ਅਰਥ ਇਸ ਤਰ੍ਹਾਂ ਕਰ ਰਹੇ ਹਨ ਕਿ- ਹੇ ਕਬੀਰ (ਕਿਸੇ) ਭਗਤ ਦੀ ਕੁੱਤੀ ਭੀ ਭਾਗਾਂ ਵਾਲੀ ਜਾਣ, ਪਰ ਰੱਬ ਤੋਂ ਟੁੱਟੇ ਹੋਏ ਬੰਦੇ ਦੀ ਮਾਂ ਭੀ ਮੰਦ-ਭਾਗਾ ਹੈ।

ਇਸ ਲੇਖ ਵਿੱਚ ਕੁੱਝ ਹੱਡ-ਬੀਤੀਆਂ ਤੇ ਕੁੱਝ ਜੱਗ-ਬੀਤੀਆਂ ਦਾ ਜ਼ਿਕਰ ਕਰ ਰਿਹਾ ਹਾਂ। ਪਹਿਲਾਂ ਮੈਂ ਆਪਣੇ ਬਾਰੇ ਦੱਸ ਦਿਆਂ। ਮੈਂ ਨਾ ਤਾਂ ਕੋਈ ਪੇਸ਼ੇ ਵਜੋਂ ਲੇਖਕ ਹਾਂ, ਨਾ ਕੋਈ ਬੁਲਾਰਾ, ਨਾ ਕੋਈ ਜ਼ਿਆਦਾ ਪੜਿਆ-ਲਿਖਿਆ, ਨਾ ਕੋਈ ਧਨਾਢ ਅਤੇ ਨਾ ਹੀ ਕਿਸੇ ਧਾਰਮਿਕ ਜਾਂ ਰਾਜਨੀਤਕ ਪਾਰਟੀ ਨਾਲ ਸੰਬੰਧਤ ਹਾਂ। ਸਿਰਫ਼ ਤੇ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਸਮਰਪਤ ਹਾਂ। ਨਾ ਹੀ ਕੋਈ ਆਪਣੇ ਖਾਨਦਾਨ ਵਿੱਚ ਵਿਦਵਾਨ ਹੈ ਤੇ ਨਾ ਹੀ ਕੋਈ ਲੀਡਰ ਹੈ। ਪੜ੍ਹਨ ਦਾ ਤੇ ਲਿਖਣ ਦਾ ਕਾਫ਼ੀ ਸ਼ੌਕ ਹੈ। ਉਹ ਹੀ ਸਿਰਫ਼ ਜ਼ਿਆਦਾ ਕਰ ਕੇ ਪੰਜਾਬੀ, ਜਿਵੇਂ ਕਿ ਸਿੱਖ ਇਤਿਹਾਸ + ਗੁਰ ਇਤਿਹਾਸ ਅਤੇ ਗੁਰਬਾਣੀ ਵਿਆਖਿਆ ਸਮੇਤ। ਬਚਪਨ ਵਿੱਚ ਕੁੱਝ ਝੂਠੀਆਂ ਕਥਾ ਕਹਾਣੀਆਂ ਹੀ ਪਿੰਡਾਂ ਵਿੱਚ ਪਾਖੰਡੀ ਬਾਬੇ ਸੁਣਾਉਂਦੇ ਹੁੰਦੇ ਸਨ। ਭਾਵੇਂ ਕਿ ਬਚਪਨਾ ਹੋਣ ਕਰਕੇ ਦਿਮਾਗ ’ਤੇ ਅਸਰ ਜ਼ਿਆਦਾ ਪੈਂਦਾ ਸੀ। ਕਿਤਾਬਾਂ ਵਿੱਚ ਕਥਾ ਕਹਾਣੀਆਂ ਵੀ ਝੂਠੀਆਂ ਹੀ ਪੜ੍ਹਨ ਨੂੰ ਮਿਲੀਆਂ। ਹੁਣ ਕੁਝ ਹੋਸ਼ ਆਈ ਤਾਂ ਚੰਗੇ ਲੇਖਕਾਂ ਦੀਆਂ ਚੰਗੀਆਂ ਕਿਤਾਬਾਂ ਪੜ੍ਹਨ ਨੂੰ ਮਿਲੀਆਂ ਤਾਂ ਅਸਲੀਅਤ ਦਾ ਕਾਫ਼ੀ ਪਤਾ ਲੱਗਾ ਅਤੇ ਪਿਛਲਾ ਪੜਿਆ-ਸੁਣਿਆ ਸਾਰਾ ਹੀ ਝੂਠ ਸਮਝ ਕੇ ਨਕਾਰਾ ਕਰ ਦਿੱਤਾ। ਤੇ ਅੱਗੇ ਤੋਂ ਖੋਜੀਆਂ ਦੇ ਆਧਾਰ ’ਤੇ ਲਿਖੀਆਂ ਹੋਈਆਂ ਕਿਤਾਬਾਂ (ਜਾਂ ਗ੍ਰੰਥ) ਪੜ੍ਹਨੇ ਸ਼ੁਰੂ ਕੀਤੇ। ਲੇਖਕਾਂ ਦੇ ਨਾਂ ਲਿਖਾਂਗਾ ਤਾਂ ਲਿਸਟ ਬਹੁਤ ਲੰਬੀ ਹੋ ਜਾਵੇਗੀ। ਇਸ ਦਾ ਮਤਲਬ ਇਹ ਨਹੀਂ ਕਿ ਮੈਂ ਦਿਨ-ਰਾਤ ਕਿਤਾਬਾਂ ਹੀ ਪੜ੍ਹਦਾ ਰਹਿੰਦਾ ਹਾਂ। ਆਪਣਾ ਬਿਜ਼ਨਸ ਕਰਦਾ ਹਾਂ, ਭਾਵ ਕਿਰਤ ਕਮਾਈ ਵੀ ਕਰਦਾ ਹਾਂ। ਪੜ੍ਹਨ-ਲਿਖਣ ਨੂੰ ਸਵੇਰੇ ਤੇ ਰਾਤ ਨੂੰ ਹੀ ਸਮਾਂ ਮਿਲਦਾ ਹੈ।

ਸਿੱਖ ਕੌਮ ਦੇ ਮਹਾਨ ਬੰਦਿਆਂ ਨਾਲ ਵੀ ਕਈ ਵਾਰੀ ਕਈ ਚਰਚਾਵਾਂ ਕੀਤੀਆਂ ਹਨ। ਜਿਵੇਂ ਕਿ- ਬਾਬਾ ਠਾਕੁਰ ਸਿੰਘ (ਮੁਖੀ ਦਮਦਮੀ ਟਕਸਾਲ)। ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਬਾਬਾ ਦੀ ਸੁਆਸਾਂ ਦਾ ਕੋਈ ਪਤਾ ਨਹੀਂ, ਤੁਸੀਂ ਸੰਗਤ ਵਿੱਚ ਤੇ ਗੁਰੂ ਦੀ ਹਜ਼ੂਰੀ ਵਿੱਚ ਕਈ ਸਾਲਾਂ ਤੋਂ ਕਈ ਵਾਰੀ ਝੂਠ ਬੋਲਿਆ ਕਿ ਸੰਤ ਜਰਨੈਲ ਸਿੰਘ ਚੜ੍ਹਦੀ ਕਲਾ ’ਚ ਹਨ। ਬਾਬਾ ਜੀ ਆਪ ਤਾਂ ਘੱਟ ਬੋਲੇ ਪਰ ਉਹਨਾਂ ਦੇ ਸੇਵਾਦਾਰ (ਚਮਚੇ) ਤਾਂ ਮੇਰੇ ਗਲ ਪੈ ਗਏ। ਉਹ ਕਹਿਣ ਲੱਗੇ ਕਿ ਅਮਰੀਕਾ ਦੇ ਵਿੱਚ ਇੱਕ ਸਿੰਘ ਨੇ ਇਹ ਗੱਲ ਕਹਿ ਦਿੱਤੀ ਸੀ ਤੇ ਉਸ ਦੀ ਜ਼ੁਬਾਨ ਵਿੱਚ ਕੀੜੇ ਪੈ ਗਏ ਸਨ। ਤੇ ਨਾਲੇ ਉਹਨਾਂ (ਮੁੰਡਿਆਂ) ਨੇ ਮੈਨੂੰ ਇੱਕ ਹੋਰ ਧਮਕੀ ਵੀ ਦਿੱਤੀ ਕਿ ਜੇਕਰ ਬਾਬੇ ਨੂੰ ਕੁਝ ਹੋ ਗਿਆ ਤਾਂ ਇਸ ਦਾ ਜ਼ੁੰਮੇਵਾਰ ਤੂੰ ਹੋਵੇਂਗਾ। ਮੈਂ ਉਹਨਾਂ ਨੂੰ ਆਖਿਆ ਕਿ ਇਹ ਮਰਿਆ ਸੱਪ ਮੈਂ ਜ਼ਰੂਰ ਆਪਣੇ ਗਲੇ ਪਾਉਣਾ ਏ। ਕਰ-ਕਰਾ ਕੇ ਮੈਂ ਉੱਥੋਂ ਨਿਕਲ ਆਇਆ।

ਫਿਰ ਬਾਬਾ ਰਾਮ ਸਿੰਘ ਜੀ ਨਾਲ ਮੁਲਾਕਾਤ ਹੋਈ (ਮੁਖੀ ਦਮਦਮੀ ਟਕਸਾਲ)। ਉਹਨਾਂ ਦੀ ਸ਼ਬਦਾਵਲੀ ਕੋਈ ਏਨੀ ਚੰਗੀ ਨਹੀਂ ਸੀ। ਉਹ ਵੀ ਸਵਾਲਾਂ ਦੇ ਜਵਾਬ ਦੇਣੋਂ, ਆਕੀ ਹੀ ਸਨ। ਉੱਥੋਂ ਵੀ ਨਿਰਾਸ਼ਾ ਹੀ ਪੱਲੇ ਪਈ। ਉਹਨਾਂ ਵਿੱਚ ਕਰੋਧ ਤੇ ਰੁੱਖਾਪਨ ਹੀ ਦੇਖਣ ਨੂੰ ਮਿਲਿਆ।

ਫਿਰ ਬਾਬਾ ਹਰਨਾਮ ਸਿੰਘ ਜੀ ਧੁੰਮਾ ਨਾਲ ਸਮਾਂ ਲੈ ਕੇ ਮੁਲਾਕਾਤ ਕੀਤੀ (ਕੋਈ 72-73 ਮਿੰਟ ਗੱਲਬਾਤ ਹੋਈ)। ਉਹਨਾਂ ਨੇ ਵੀ ਕੋਈ ਜਵਾਬ ਤਾਂ ਤਸੱਲੀਬਖਸ਼ ਨਹੀਂ ਦਿੱਤਾ ਪਰ ਉਹਨਾਂ ਦੀ ਸ਼ਬਦਾਵਲੀ ਬਹੁਤ ਵਧੀਆ ਸੀ, ਸਲਾਹੁਣਯੋਗ ਸੀ।

ਫਿਰ ਅਵਤਾਰ ਸਿੰਘ, ਬਿਧੀਚੰਦੀਆ (ਸੁਰ ਸਿੰਘ ਵਾਲੇ) ਨਾਲ ਮੁਲਾਕਾਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਉਹ ਆਪਣੇ ਆਪ ਨੂੰ ਬਾਬਾ ਬਿਧੀਚੰਦੀਆਂ ਦੀ ਪੀੜੀ ਦੱਸ ਰਹੇ ਸਨ ਤੇ ਦਾਸ ਨੇ ਸਿਰਫ ਏਨਾ ਹੀ ਕਿਹਾ ਸੀ ਕਿ ਬਾਬਾ ਜੀ ਸਿੱਖ ਇਤਿਹਾਸ ਮੈਂ ਪੜਿਆ ਹੈ ਕਿ ਬਾਬਾ ਬਿਧੀ ਚੰਦ ਦਾ ਤਾਂ ਵਿਆਹ ਹੀ ਨਹੀਂ ਸੀ ਹੋਇਆ। ਬੱਸ ਏਨਾ ਗੱਲ ਕਹਿਣ ਦੀ ਦੇਰ ਸੀ ਫਿਰ ਹੋ ਗਈ "ਫੜ ਲਉ-ਫੜ ਲਉ"। ਫਿਰ ਉਹਨਾਂ ਨੇ ਇਹ ਗੱਲ ਕਹਿ ਕੇ ਫਤਹਿ ਬੁਲਾ ਦਿੱਤੀ ਕਿ ਅਸੀਂ ਤਾਂ ਅੱਠ-ਅੱਠ ਘੰਟੇ ਸਿਮਰਨ ਕਰਨ ਵਾਲੇ ਹਾਂ, ਤੁਸੀਂ ਤਾਂ ਵਿਹਲੇ ਹੋ। ਹੁਣ ਇਹਨਾਂ ਨੂੰ ਕੌਣ ਆਖੇ ਕਿ ਅਸੀਂ ਵਿਹਲੇ ਨਹੀਂ, ਵਿਹਲੇ ਤਾਂ ਤੁਸੀਂ ਹੋ। ਅਸੀਂ ਤਾਂ ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਕੇ ਗ੍ਰਹਿਸਤੀ ਜੀਵਨ ਨਿਭਾਅ ਰਹੇ ਹਾਂ, ਭਾਵ ਸੱਚੀ-ਸੁੱਚੀ ਮਿਹਨਤ ਕਰਕੇ ਆਪਣੇ ਪਰਿਵਾਰ ਪਾਲ ਰਹੇ ਹਾਂ। ਇਹ ਵੀ ਕ੍ਰੋਧ ਤੇ ਅਹੰਕਾਰ ਨਾਲ ਲਿੱਬੜੇ ਹੋਏ ਦੇਖੇ ਗਏ। ਇਹਨਾਂ ਨੇ ਵੀ ਲੜਾਈ ਨੂੰ ਹੀ ਅਵਾਜ਼ਾਂ ਮਾਰੀਆਂ।

ਹੋਰ ਵੀ ਕਈ ਪੰਥ ਦਰਦੀਆਂ ਨਾਲ ਗੱਲਾਂਬਾਤਾਂ ਹੁੰਦੀਆਂ ਹੀ ਰਹਿੰਦੀਆਂ ਹਨ। ਜਿਵੇਂ ਕਿ ਬਲਜੀਤ ਸਿੰਘ ਦਿੱਲੀ ਵਾਲੇ ਤੇ ਹੋਰ ਵੀ ਕਈ। ਪਰ ਇਹਨਾਂ ਨਾਲ ਵਿਚਾਰ-ਵਟਾਂਦਰਾ ਕਰਦਿਆਂ ਮਜ਼ਾ ਹੀ ਕੁਝ ਹੋਰ ਹੁੰਦਾ ਹੈ। ਕਿਉਂਕਿ ਇਹ ਆਪ ਵੀ ਗੁਰਬਾਣੀ ਨਾਲ ਰਤੇ ਹੁੰਦੇ ਹਨ।

ਇੱਥੇ ਇੱਕ ਤਾਜ਼ੀ ਘਟਨਾ ਦਾ ਜ਼ਿਕਰ ਕਰਨਾ ਜ਼ਰੂਰੀ ਹੈ। 19-02-2016 ਨੂੰ ਸ਼ਾਮੀਂ 7 ਵਜੇ ਕਲਮਬੋਲੀ, ਨਵੀਂ ਮੁੰਬਈ ਦੇ ਗੁਰਦੁਆਰੇ ਦੇ ਅੰਦਰ ਮੀਟਿੰਗ ਚੱਲ ਰਹੀ ਸੀ। ਮਾਮਲਾ ਕੋਈ ਏਨਾ ਗੰਭੀਰ ਨਹੀਂ ਸੀ। ਫੈਸਲਾ ਠੀਕ-ਠਾਕ ਹੋ ਗਿਆ। ਬਾਅਦ ਵਿੱਚ ਗੁਰਦੁਆਰੇ ਦਾ ਹੈੱਡ-ਗ੍ਰੰਥੀ ਆਇਆ ਅਤੇ ਕਹਿਣ ਲੱਗਾ ਕਿ ਦਸਮ ਗ੍ਰੰਥ ਵਿੱਚ ਕੁੱਝ ਵੀ ਅਸ਼ਲੀਲ ਨਹੀਂ ਹੈ। ਤੇ ਸਾਰਿਆਂ ਨੇ ਚੁੱਪ ਕਰਕੇ ਨੀਵੀਂ ਹੀ ਪਾਈ ਰੱਖੀ। ਕਿਸੇ ਨੇ ਕੋਈ ਜਵਾਬ ਨਾ ਦਿੱਤਾ।

ਪੰਜਾਬੀ ਦੇ ਵਿੱਚ ਕਹਾਵਤ ਹੈ- ‘‘ਪਿੰਡ ਨੂੰ ਅੱਗ ਲਾ ਕੇ (ਡੱਬੂ) ਕੁੱਤਾ ਰੂੜੀ ’ਤੇ’’। ਉਹ ਵੀ ਕੁੱਝ ਇਸ ਤਰ੍ਹਾਂ ਹੀ ਵਾਪਰਿਆ। (ਗ੍ਰੰਥੀ) ਭਾਈ ਜੀ ਕਹਿਣ ਲੱਗਾ ਕਿ ਕਿਹੜਾ ਕਹਿੰਦਾ ਹੈ ਕਿ ਦਸਮ ਗ੍ਰੰਥ ਵਿੱਚ ਅਸ਼ਲੀਲਤਾ ਹੈ, ਉਹ ਹੱਥ ਖੜੇ ਕਰੋ। ਕਿਸੇ ਨੇ ਵੀ ਹੱਥ ਖੜਾ ਨਾ ਕੀਤਾ। ਇਸ ਨੂੰ ਪੁੱਛਣ ਵਾਲਾ ਹੋਵੇ ਕਿ ਤੂੰ ਕੌਣ ਹੁੰਦਾ ਏਂ ਸੰਗਤ ਦੇ ਹੱਥ ਖੜੇ ਕਰਾਉਣ ਵਾਲਾ? ਉਹ ਵੀ ਗੁਰਦੁਆਰੇ ਦੇ ਅੰਦਰ। ਫਿਰ ਉਸਨੇ ਕਿਹਾ ਕਿ ਇਸ ਦਾ ਮਤਲਬ ਕਿ ਦਸਮ ਗ੍ਰੰਥ ਨਾਲ ਸਾਰੇ ਸਹਿਮਤ ਹਾਂ। ਇਸ ਕਰਕੇ ਕੋਈ ਹੱਥ ਖੜੇ ਨਹੀਂ ਕਰ ਰਿਹਾ। ਪਰ ਗੁਰੂ ਦੇ ਸਿੱਖ ਦੀ ਜ਼ਮੀਰ ਕਦੀ ਮਰੀ ਨਹੀਂ ਹੋ ਸਕਦੀ। ਮੇਰੀ ਵੀ ਸੁੱਤੀ ਹੋਈ ਜ਼ਮੀਰ ਜਾਗ ਪਈ ਤੇ ਮੈਂ ਖਲੋ ਕੇ ਕਹਿ ਦਿੱਤਾ ਕਿ ਮੈਂ ਸਬੂਤਾਂ ਦੇ ਅਧਾਰ ਤੇ ਕਹਿ ਸਕਦਾ ਹਾਂ ਕਿ ਦਸਮ ਗ੍ਰੰਥ ਗੰਦਾ ਹੈ ਤੇ ਅਸ਼ਲੀਲਤਾ ਨਾਲ ਭਰਿਆ ਪਿਆ ਹੈ।

ਬੱਸ ਏਨੀ ਗੱਲ ਕਹਿਣ ਦੀ ਦੇਰ ਸੀ ਕੋਈ ਢਾਈ-ਤਿੰਨ ਸੌ ਬੰਦਾ (ਵਿੱਚ ਨੌਜਵਾਨ ਪੜੇ-ਲਿਖੇ ਵੀ ਸਨ) ਮੇਰੇ ਗਲ ਪੈ ਗਿਆ। ਫਿਰ ਹੋ ਗਈ "ਫੜ ਲਉ-ਫੜ ਲਉ"। "ਫੜ ਲਉ-ਫੜ ਲਉ" ਵੀ ਚੰਗੀ ਹੋਈ। ਇਹਨਾਂ ਸੂਰਬੀਰਾਂ ਬਹਾਦਰਾਂ ਨੂੰ ਇਹ ਵੀ ਸ਼ਰਮ ਨਾ ਆਈ ਕਿ ਇਹ ਇੱਕ ਬੰਦਾ ਹੈ ਤੇ ਅਸੀਂ ਢਾਈ-ਤਿੰਨ ਸੌ। ਇਹ ਸਾਡੀ ਕਾਹਦੀ ਬਹਾਦਰੀ ਹੈ। ਫਿਰ ਫੋਨ ਕਰਕੇ ਹੋਰ ਵੀ ਕਈਆਂ ਨੂੰ ਬੁਲਾ ਲਿਆ। ਕਿਸੇ ਨੇ ਬੋਲਣ ਲੱਗਿਆਂ ਕੁੱਝ ਵੀ ਨਾ ਸੋਚਿਆ ਤੇ ਨਾ ਹੀ ਕਿਸੇ ਨੇ ਮੇਰੀ ਉਮਰ ਦਾ ਹੀ ਲਿਹਾਜ਼ ਕੀਤਾ।

ਕਿਸੇ ਮਾਈ ਦੇ ਲਾਲ ਨੇ ਇਹ ਵੀ ਪੁੱਛਣ ਦੀ ਜ਼ੁੱਅਰਤ ਨਾ ਕੀਤੀ ਕਿ ਤੂੰ ਕਿਸ ਅਧਾਰ 'ਤੇ ਇਹ ਕਹਿ ਰਿਹਾ ਹੈਂ ਕਿ ਦਸਮ ਗ੍ਰੰਥ ਗੰਦਾ ਹੈ, ਸਾਨੂੰ ਸਬੂਤ ਦੇ। ਪਰ ਸਾਰੇ ਹੀ ਬੱਬਰ ਸ਼ੇਰ ਖਾਣ ਨੂੰ ਆਉਣ, ਪਰ ਕਿਸੇ ਦੀ ਹਿੰਮਤ ਵੀ ਨਾ ਪਵੇ ਹੱਥ ਲਾਉਣ ਦੀ। ਤੇ ਜਿਹੜਾ ਭਾਈ ਸੀ ਬਾਹਾਂ ਖੜੀਆਂ ਕਰਾਉਣ ਵਾਲਾ ਉਹ ਕਿਤੇ ਦਿਸਿਆ ਹੀ ਨਹੀਂ। ਉਸ ਦੀ ਹਾਲਤ ਉਸ ਕਹਾਵਤ ਵਰਗੀ ਹੋ ਨਿੱਬੜੀ ਜਿਹੜੀ ਉੱਪਰ ਜ਼ਿਕਰ ਕਰ ਕੇ ਆਇਆ ਹਾਂ। "ਫੜ ਲਉ-ਫੜ ਲਉ" ਕਰਨ ਵਾਲੇ ਉਹੋ ਹੀ ਸਨ ਜਿਹੜੇ ਹਰ ਰੋਜ਼ ਸਤਿਨਾਮ-ਵਾਹਿਗੁਰੂ ਦਾ ਸ਼ਾਮ ਨੂੰ ਘੰਟਾ-ਘੰਟਾ ਜਾਪ ਕਰਦੇ ਹਨ। ਇਹ ਉਹੋ ਹੀ ਲੋਕ ਹਨ ਜਿਹੜੇ ਪਾਖੰਡੀ ਸਾਧਾਂ ਦੇ ਚੇਲੇ ਅਖਵਾਉਂਦੇ ਹਨ। ਕਿਸੇ ਨੇ ਬੜਾ ਸੋਹਣਾ ਲਿਖਿਆ ਹੈ ਕਿ ਬੁੱਧੀਮਾਨ ਕਿਸੇ ਮੂਰਖ ਨੂੰ ਮੂਰਖ ਕਹਿਣ ਤੋਂ ਪਹਿਲਾਂ ਸੌ ਵਾਰੀ ਸੋਚਦਾ ਹੈ, ਲੇਕਿਨ ਮੂਰਖ ਕਿਸੇ ਬੁੱਧੀਮਾਨ ਨੂੰ ਕਹਿਣ ਤੋਂ ਪਹਿਲਾਂ ਇੱਕ ਵਾਰੀ ਵੀ ਨਹੀਂ ਸੋਚਦਾ। ਇਹ ਵੀ ਸੱਚ ਹੈ ਕਿ ਸਿਆਣਿਆਂ ਦੀ ਕਦੇ ਭੀੜ ਨਹੀਂ ਹੁੰਦੀ, ਤੇ ਭੀੜਾਂ ਕਦੇ ਸਿਆਣੀਆਂ ਵੀ ਨਹੀਂ ਹੁੰਦੀਆਂ। ਫਿਰ ਕੁੱਝ ਦਿਨ ਮੀਟਿੰਗਾਂ ਵੀ ਹੁੰਦੀਆਂ ਰਹੀਆਂ ਕਿ ਇਸ ਨੂੰ ਗੁਰਦੁਆਰੇ ਨਾ ਆਉਣ ਦਿੱਤਾ ਜਾਵੇ, ਵਗੈਰਾ....ਵਗੈਰਾ।

ਫਿਰ ਜਿਹੜੇ ਆਪਣੀਆਂ ਬਾਹਵਾਂ ਉੱਪਰ ਨੂੰ ਟੁੰਗੀ ਫਿਰਦੇ ਸੀ, ਜਿਹੜੇ ਕਹਿੰਦੇ ਸੀ "ਫੜ ਲਉ-ਫੜ ਲਉ" ਉਹ ਵੀ ਦਾਸ ਨੂੰ ਹਰ ਰੋਜ਼ ਮਿਲਦੇ ਰਹੇ, ਪਰ ਹੁਣ ਉਨ੍ਹਾਂ ਦਾ ਮਿਲਣਾ ਕੁੱਝ ਵੱਖਰਾ ਸੀ। ਜਿਵੇਂ ਝੂਠਾ ਬੰਦਾ ਕਿਸੇ ਦੇ ਅੱਗੇ ਅੱਖ ਨਹੀਂ ਚੁੱਕ ਸਕਦਾ, ਉਹਨਾਂ ਦਾ ਵੀ ਉਹੋ ਹਾਲ ਸੀ। ਫਿਰ ਕਈਆਂ ਨੂੰ ਮੈਂ ਇਸ ਘਟਨਾ ਬਾਰੇ ਪੁੱਛਿਆ ਵੀ ਪਰ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ।

ਇਹਨਾਂ "ਫੜ ਲਉ-ਫੜ ਲਉ" ਵਾਲਿਆਂ ਨੇ ਕੋਈ ਗ੍ਰੰਥ ਕਿਤਾਬ ਤਾਂ ਕਿਤੇ ਰਹੀ, ਇਹਨਾਂ ਨੇ ਕਦੇ ਸਿੱਖ ਰਹਿਤ ਮਰਿਯਾਦਾ ਵੀ ਨਹੀਂ ਪੜੀ ਹੋਵੇਗੀ। ਤੇ ਰੌਲਾ ਪਾਉਣ ਲਈ ਸਭ ਤੋਂ ਅੱਗੇ।

ਮੈਂ ਇਹਨਾਂ ਨੂੰ ਬੜਾ ਵਾਸਤਾ ਪਾਇਆ ਕਿ ਵੀਰ ਜੀ ਮੇਰੀ ਵੀ ਗੱਲ ਸੁਣੋ। ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਹੋਰ ਵੀ ਕਈ ਗ੍ਰੰਥ ਪਏ ਹਨ ਗੁਰਦੁਆਰੇ ਤੇ ਆਪਾਂ ਪੜ੍ਹ ਕੇ ਸ਼ੰਕੇ ਦੂਰ ਕਰ ਲੈਂਦੇ ਹਾਂ। ਲੋੜ ਪਈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਹਾਜ਼ਰ ਹਨ, ਉਹ ਵੀ ਵੇਖ ਲਵਾਂਗੇ। ਪਰ ਉਹ ਸੂਰਮੇ ਮੇਰੀ ਗੱਲ ਕਿੱਥੇ ਸੁਣਨ ਵਾਲੇ ਸਨ। ਨਾਲੇ ਧਮਕੀ ਵੀ ਦੇ ਦਿੱਤੀ ਕਿ ਜੇਕਰ ਤੂੰ ਦੁਬਾਰਾ ਇਸ ਤਰ੍ਹਾਂ ਦੀ ਗਲਤੀ ਕੀਤੀ ਜਾਂ ਝੂਠ ਬੋਲਿਆ (ਉਹ ਮੇਰੇ ਸੱਚ ਨੂੰ ਝੂਠ ਕਹਿ ਰਹੇ ਸਨ) ਤਾਂ ਦੇਖ ਲੈਣਾ ਤੇਰਾ ਹਾਲ ਕੀ ਕਰਾਂਗੇ।

ਕਿਸੇ ਨੇ ਪੁਛਿਆ ਕਿ ਇਹ ਮਿਰਚ ਕਿਸ ਮੌਸਮ ਵਿੱਚ ਲੱਗਦੀ ਹੈ। ਜਵਾਬ ਆਇਆ, ਇਸ ਦਾ ਕੋਈ ਮੌਸਮ ਨਹੀਂ ਹੁੰਦਾ, ਜਦੋਂ ਸੱਚ ਬੋਲੋ ਉਦੋਂ ਲੱਗ ਜਾਂਦੀ ਏ।

ਮਾਰਟਿਨ ਲੂਥਰ, ਆਪਣੀ ਕਿਤਾਬ ਵਿੱਚ ਲਿਖਦਾ ਹੈ ਕਿ ਸਾਡਾ ਜੀਵਨ ਉਸ ਦਿਨ ਖਤਮ ਹੋਣ ਲੱਗਦਾ ਹੈ ਜਦੋਂ ਅਸੀਂ ਮਹੱਤਵਪੂਰਨ ਮਸਲਿਆਂ ’ਤੇ ਚੁੱਪ ਸਾਧ ਲੈਂਦੇ ਹਾਂ।

ਮੈਂ ਇਹਨਾਂ ਸੂਰਬੀਰ ਬਹਾਦਰ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਜੇਕਰ ਤੁਸੀਂ ਏਨੇ ਹੀ ਸੂਰਮੇ ਹੋ ਤਾਂ ਸਿੱਖੀ ਦੇ ਦੁਸ਼ਮਣਾਂ ਦੀ ਲਿਸਟ ਬਹੁਤ ਲੰਬੀ ਹੈ, ਉਹ ਮੈਂ ਦੇ ਦੇਨਾਂ ਤੇ ਉਹਨਾਂ ਨੂੰ ਜਾ ਕੇ ਮਾਰੋ। ਗੁਰੂ ਇਹਨਾਂ ਨੂੰ ਸੁਮੱਤ ਬਖਸ਼ੇ।

ਗੁਰਬਾਣੀ ਬੜੇ ਸੋਹਣੇ ਢੰਗ ਨਾਲ ਸਮਝਾਉਂਦੀ ਹੈ-
ਹਰਿ ਜਸ ਸੁਨਹਿ ਨ ਹਰਿ ਗੁਨ ਗਾਵਹਿ॥ ਬਾਤਨ ਹੀ ਅਸਮਾਨ ਗਿਰਾਵਹਿ॥ ਐਸੇ ਲੋਗਨ ਸਿਉ ਕਿਆ ਕਹੀਐ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ- ਪੰਨਾ 332)
ਅਰਥ- ਐਸੇ ਬੰਦੇ ਜਿਹੜੇ ਨਾ ਤਾਂ ਕਦੇ ਪ੍ਰਭੂ ਦੀ ਸਿਫਤਿ-ਸਲਾਹ ਸੁਣਦੇ ਹਨ ਤੇ ਨਾ ਹੀ ਹਰੀ ਦੇ ਗੁਣ ਗਾਉਂਦੇ ਹਨ, ਸਿਰਫ ਗੱਲਾਂ-ਗੱਲਾਂ ’ਚ ਹੀ ਅਸਮਾਨ ਨੂੰ (ਛੂ ਲੈਂਦੇ ਹਨ) ਢਾਉਂਦੇ ਹਨ। ਅਜਿਹੇ ਬੰਦਿਆਂ ਨੂੰ ਭਲੀ ਮੱਤ ਦੇਣਾ ਕੋਈ ਲਾਭ ਨਹੀਂ। ਇਹੋ ਜਿਹੇ ਲੋਕਾਂ ਨੂੰ ਬੰਦਾ ਕੀ ਆਖੇ।

ਸ਼ੇਖ ਫਰੀਦ ਜੀ ਵੀ ਕਹਿ ਰਹੇ ਹਨ ਕਿ-
ਜਿਨਾ ਪਛਾਤਾ ਸਚੁ ਚੁੰਮਾ ਪੈਰ ਮੂੰ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ- ਪੰਨਾ 488)
ਅਰਥ- ਜਿਨ੍ਹਾਂ ਨੇ ਇਹ ਸਮਝ ਲਿਆ ਹੈ ਕਿ ਤੂੰ ਸਦਾ ਕਾਇਮ ਰਹਿਣ ਵਾਲਾ ਹੈ ਮੈਂ ਉਹਨਾਂ ਦੇ ਪੈਰ ਚੁੰਮਦਾ ਹਾਂ।

ਆਉ ਅਸਲੀ ਮੁੱਦੇ ਵੱਲ ਆਈਏ- ਫਿਰ ਬੰਦੇ ਵੀ ਉਹੋ ਵੇਖਣ ਨੂੰ ਮਿਲਣਗੇ ਜਿਨ੍ਹਾਂ ਦਾ ਕੋਈ ਥਾਂ ਟਿਕਾਣਾ ਹੀ ਨਹੀਂ ਹੁੰਦਾ। ਜਿਨ੍ਹਾਂ ਨੂੰ ਘਰੇ ਵੀ ਕੋਈ ਨਹੀਂ ਪੁੱਛਦਾ, ਉਹ ਵੀ ਆਪਣੇ ਆਪ ਨੂੰ ਮੰਨੇ-ਪ੍ਰਮੰਨੇ ਵਿਦਵਾਨ ਸਮਝਣ ਲੱਗ ਪੈਂਦੇ ਹਨ। ਕਈਆਂ ਨੂੰ ਤਰਤੀਬ ਵਿੱਚ ਦਸ ਗੁਰੂ ਸਾਹਿਬਾਨਾਂ ਦੇ ਨਾਮ ਵੀ ਨਹੀਂ ਆਉਂਦੇ ਹੋਣਗੇ ਤੇ ਉਹੋ ਸਵਾਲ ਕੁਝ ਇਸ ਤਰ੍ਹਾਂ ਦੇ ਪੁੱਛਣਗੇ। ਜਿਵੇਂ ਕਿ-

- ਤੂੰ ਪੜਿਆ ਕਿੰਨਾ ਏਂ ?
- ਤੇਰਾ ਪਿੰਡ ਕਿਹੜਾ ਏ ?
- ਤੂੰ ਪਾਠ ਕਰ ਲੈਂਦਾ ਏਂ ?
- ਤੂੰ ਕੰਮ ਕੀ ਕਰਦਾ ਏਂ ?
- ਤੈਨੂੰ ਅਰਦਾਸ ਕਰਨੀ ਆਉਂਦੀ ਏ ?
- ਤੂੰ ਬੀੜ ਤੋਂ ਪਾਠ ਕਰ ਲੈਂਦਾ ਏਂ ?
- ਤੂੰ ਅੰਮ੍ਰਿਤ ਕਿਹੜੇ ਬਾਬੇ ਕੋਲੋਂ ਛਕਿਆ ਏ ?
- ਆ ਗਾਤਰਾ ਕਿਉਂ ਪਾਇਆ ਈ ?
- ਤੂੰ ਇਕੱਲਾ ਈ ਸੱਚਾ ਏਂ ? ਅਸੀਂ ਸਾਰੇ ਪਾਗਲ ਹਾਂ।
- ਤੂੰ ਗੁਰੂ ਨਾਲੋਂ ਜ਼ਿਆਦਾ ਸਿਆਣਾ ਏਂ ?
- ਹੁਣ ਤੂੰ ਏਦਾਂ ਕਰ ਹੱਥ ਜੋੜ ਕੇ ਮੁਆਫੀ ਮੰਗ ਲੈ, ਤੇ ਅੱਗੇ ਤੋਂ ਇੱਦਾਂ ਦੀ ਗਲਤੀ ਨਾ ਕਰੀਂ। ਨਹੀਂ ਤਾਂ......

ਹੁਣ ਪਾਠਕ ਵੀਰ ਆਪ ਹੀ ਅੰਦਾਜ਼ਾ ਲਾ ਲੈਣ ਕਿ ਇਹ ਕਿੰਨੀ ਕੁ ਕਰਤੂਤ ਦੇ ਮਾਲਕ ਹੋਣਗੇ, ਜਿਹੜੇ ਇਸ ਤਰ੍ਹਾਂ ਦੇ ਸਵਾਲ ਕਰਦੇ ਹੋਣਗੇ। ਅਸਲ ਵਿੱਚ ਕਸੂਰ ਇਨ੍ਹਾਂ ਦਾ ਵੀ ਕੋਈ ਨਹੀਂ। ਹੋ ਸਕਦਾ ਹੈ ਕਿ ਇਹ ਜਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ, ਉਹ ਮਾਹੌਲ ਵੀ ਏਦਾਂ ਦਾ ਈ ਹੋਵੇਗਾ। ਇਹਨਾਂ ਦੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਇਹਨਾਂ ਨੇ ਸੰਗਤ ਹੀ ਝੂਠਿਆਂ ਤੇ ਪਾਖੰਡੀ ਸਾਧਾਂ ਦੀ ਕੀਤੀ ਹੈ, ਗੁਰਸਿੱਖਾਂ ਦੀ ਨਹੀਂ। ਫਿਰ ਦਸਮ ਗ੍ਰੰਥੀਆਂ ਨੂੰ ਕੋਈ ਹੋਰ ਗੱਲ ਨਹੀਂ ਆਉਂਦੀ ਤੇ ਇਹ ਦੋ-ਤਿੰਨ ਸਵਾਲ ਹੋਰ ਖੜੇ ਕਰ ਦਿੰਦੇ ਹਨ। ਆਪਣੀ ਬੰਦੂਕ ਦੂਜਿਆਂ ਦੇ ਮੋਢਿਆਂ ਤੇ ਰੱਖ ਕੇ ਚਲਾਉਂਦੇ ਹਨ। ਜਿਵੇਂ ਕਿ-

  1. ਅਸੀਂ ਤਾਂ ਬਾਬਾ ਦੀਪ ਸਿੰਘ ਨੂੰ ਮੰਨਦੇ ਹਾਂ। ਦਸਮ ਗ੍ਰੰਥ ਉਹਨਾਂ ਦਾ ਹੀ ਲਿਖਿਆ ਹੋਇਆ ਹੈ।
  2. ਵੀਹਵੀਂ ਸਦੀ ਦੇ ਸਾਡੇ ਮਹਾਨ ਸੰਤ, ਸ਼ਹੀਦ, ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਹੋਏ ਹਨ ਅਸੀਂ ਤਾਂ ਦਸਮ ਗ੍ਰੰਥ ਪੜਿਆ ਹੀ ਉਨ੍ਹਾਂ ਕੋਲੋਂ ਹੈ।
  3. ਕਿੰਨੇ ਤਕੜੇ ਵਿਦਵਾਨ ਹੋਏ ਨੇ ਸੰਤ ਸਿੰਘ ਮਸਕੀਨ। ਦਸਮ ਗ੍ਰੰਥ ਤਾਂ ਉਹ ਵੀ ਪੜ੍ਹਦੇ ਹੁੰਦੇ ਸਨ। ਤੁਸੀਂ ਉਹਨਾਂ ਨਾਲੋਂ ਵੀ ਜ਼ਿਆਦਾ ਸਿਆਣੇ ਹੋ ਗਏ ਹੋ। ਉਹੋ ਤਾਂ ਦਸਮ ਗ੍ਰੰਥ ਦੀ ਹਰ ਰੋਜ਼ ਕਥਾ ਕਰਦੇ ਹੁੰਦੇ ਸਨ ਸੰਗਤ ਵਿੱਚ। ਜਦ ਇਹ ਬਚਿੱਤਰ ਨਾਟਕ ਗੁਰੂ ਸਾਹਿਬ ਦੀ ਕਿਰਤ ਮੰਨਦੇ ਹਨ ਫਿਰ ਤੁਹਾਨੂੰ ਮੰਨਣ ਵਿੱਚ ਕੀ ਤਕਲੀਫ ਹੁੰਦੀ ਹੈ।

ਪਹਿਲੀ ਗੱਲ ਇਹਨਾਂ ਤਿੰਨਾਂ ਵਿੱਚੋਂ ਹੀ ਸਿੱਖਾਂ ਦਾ (ਸਾਡਾ) ਕੋਈ ਵੀ ਗੁਰੂ ਨਹੀਂ ਹੈ।

ਪਹਿਲਾ ਸਵਾਲ - ਬਾਬਾ ਦੀਪ ਸਿੰਘ ਜੀ (ਸ਼ਹੀਦ) ਮਹਾਨ ਸੂਰਬੀਰ ਜੋਧੇ ਹੋਏ ਹਨ। ਜਿਨ੍ਹਾਂ ਦੀ ਅੱਧੀ ਤੋਂ ਜ਼ਿਆਦਾ ਧੌਣ ਵੱਢੀ ਗਈ ਸੀ, ਤਾਂ ਵੀ ਮੈਦਾਨ ਦੇ ਜੰਗ ਵਿੱਚ ਡਟੇ ਰਹੇ ਤੇ ਆਪਣੇ ਬੋਲਾਂ ਨੂੰ ਪੁਗਾਉਂਦੇ ਹੋਏ, ਤੇ ਦੁਸ਼ਮਣਾਂ ਨੂੰ ਪਛਾੜਦੇ (ਮਾਰਦੇ ਹੋਏ) ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ) ਅੰਦਰ ਸ਼ਹੀਦੀ ਜਾਮ ਪੀ ਗਏ ਭਾਵ ਸ਼ਹੀਦ ਹੋ ਗਏ। ਸ਼ਹੀਦਾਂ ਦੀ ਲਿਸਟ ਵਿੱਚ ਬਾਬਾ ਦੀਪ ਸਿੰਘ ਜੀ ਦਾ ਸਿਰਮੌਰ ਨਾਂ ਆਉਂਦਾ ਹੈ। ਇਹ ਸਿੱਖ ਕੌਮ ਦੇ ਮਹਾਨ ਸ਼ਹੀਦ ਹੋਏ ਹਨ। ਕਈ ਵਿਦਵਾਨ ਤੇ ਢਾਡੀ ਵੀਰ ਇਹ ਵੀ ਕਹਿੰਦੇ ਹਨ ਕਿ ਬਾਬਾ ਦੀਪ ਸਿੰਘ ਜੀ, ਸੀਸ ਤਲੀ ਦੇ ਰੱਖ ਕੇ ਲੜੇ ਸਨ। ਜਦੋਂ ਕਿ ਇਹ ਗੱਲ ਬਿਲਕੁਲ ਹੀ ਨਾ ਮੰਨਣਯੋਗ ਹੈ। ਇਹ ਬਾਬਾ ਦੀਪ ਸਿੰਘ ਜੀ ਦੀ ਵਡਿਆਈ ਨਹੀਂ ਕਰ ਰਹੇ, ਸਗੋਂ ਇਹ ਬਾਬਾ ਜੀ ਦੀ ਸ਼ਹੀਦੀ ਨਾਲ ਬੇ-ਇਨਸਾਫੀ ਵੀ ਕਰ ਰਹੇ ਹਨ।

ਦੂਜਾ - ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਹੀਦੀ ਨੂੰ ਇਨ੍ਹਾਂ ਲੋਕਾਂ ਨੇ ਰੱਜ ਕੇ ਰੋਲਿਆ। ਸੰਤ ਸਿਰਫ਼ ਦਮਦਮੀ ਟਕਸਾਲ ਦੇ ਹੀ ਨਹੀਂ, ਸਗੋਂ ਪੂਰੀ ਕੌਮ ਦੇ ਸ਼ਹੀਦ ਸਨ। ਪੂਰੀ ਸਿੱਖ ਕੌਮ ਨੇ ਤਾਂ ਸੰਤਾਂ ਨੂੰ ਸ਼ਹੀਦ ਮੰਨ ਲਿਆ, ਪਰ ਟਕਸਾਲ ਵਾਲਿਆਂ ਨੇ ਅਜੇ ਵੀ ਨਹੀਂ ਮੰਨਿਆ ? ਅਸਲ ਵਿੱਚ ਅੱਜ ਵੀ ਕਈ ਰਾਗੀ, ਢਾਡੀ, ਗ੍ਰੰਥੀ ਤੇ ਲੇਖਕ ਸੰਤਾਂ ਦੇ ਨਾਂ ’ਤੇ ਰੋਟੀਆਂ ਸੇਕ ਰਹੇ ਹਨ। ਜਦੋਂ ਕਿ ਸੰਤਾਂ ਦੀ ਸ਼ਹੀਦੀ ਨਾਲ ਇਨ੍ਹਾਂ ਦਾ ਦੂਰ ਦਾ ਵੀ ਵਾਸਤਾ ਨਹੀਂ ਹੁੰਦਾ। ਸੰਤ ਤਾਂ ਇਹ ਵੀ ਕਹਿੰਦੇ ਹੁੰਦੇ ਸਨ ਕਿ ਜਿਸ ਦਿਨ ਅਕਾਲ ਤਖਤ ਤੇ ਫੌਜ ਨੇ ਚੜਾਈ ਕਰ ਦਿੱਤੀ, ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਕੀ ਇਹਨਾਂ ਨੇ ਖਾਲਿਸਤਾਨ ਦੀ ਨੀਂਹ ਰੱਖ ਦਿੱਤੀ ਹੈ ? ਕੀ ਇਹ 21 ਸਾਲ ਤੱਕ ਸੁੱਤੇ ਹੀ ਰਹੇ ਸਨ ਕਿ ਸੰਤ ਜਿਊਂਦੇ ਹਨ। ਇਹਨਾਂ ਵਿੱਚੋਂ ਕਿਸੇ ਦੀ ਵੀ ਜਮੀਰ ਨਾ ਜਾਗੀ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਤਾਂ ਇਹ ਵੀ ਕਹਿੰਦੇ ਹੁੰਦੇ ਸੀ, ਜਿਹੜੇ ਦੋ ਨੂੰ ਬਾਪੂ ਮੰਨਦੇ ਹੋਣ ਲੋਕ ਉਹਨਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਨ। ਸਿੱਖਾਂ ਦਾ ਬਾਪੂ ਵੀ ਇੱਕੋ-ਇੱਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਹੈ। ਸਿੱਖਾਂ ਦਾ ਸਿਰ ਸਿਰਫ ਗੁਰੂ ਅੱਗੇ ਝੁਕਣਾ ਚਾਹੀਦਾ ਹੈ। ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਹੁੰਦਿਆਂ ਕਿਸੇ ਹੋਰ ਗ੍ਰੰਥ ਨੂੰ ਵੀ ਮੱਥੇ ਟੇਕਣ ਉਹ ਪੱਕੇ ਹਰਾਮ ਦੇ ਹਨ, ਉਹਨਾਂ ਤੇ ਕਦੇ ਕਿਸੇ ਸਿੱਖ ਨੇ ਵਿਸ਼ਵਾਸ ਨਹੀਂ ਕਰਨਾ। (ਸਪੀਚ- 9 ਮਈ 1984)

ਹੁਣ ਟਕਸਾਲੀਉ ਤੁਸੀਂ ਦੱਸੋ ਕੀ ਬਣਨਾ ਹੈ ?

ਦੁਬਾਰਾ ਵੀਰਾਂ ਨੂੰ ਫਿਰ ਬੇਨਤੀ ਹੈ ਕਿ ਜੇਕਰ ਕੁਝ ਫੜਨਾ ਹੀ ਹੈ ਤਾਂ ਆਪਣੇ ਅਹੰਕਾਰ ਨੂੰ ਫੜੋ। ਆਪਣੇ ਕ੍ਰੋਧ ਨੂੰ ਫੜੋ। ਜਾਂ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ ਰੂਪੀ ਪੱਲਾ ਫੜੋ।

ਰਹੀ ਗੱਲ ਦਸਮ ਗ੍ਰੰਥ ਦੀ ਵਿਆਖਿਆ ਦੀ, ਇਹ ਵੀਰ ਕਿਤੇ ਵੀ ਦਿਖਾ ਦੇਣ ਜਾਂ ਸੁਣਾ ਦੇਣ ਦਸਮ ਗ੍ਰੰਥ ਦੀ ਪੂਰੀ ਵਿਆਖਿਆ। ਹਾਂ ਟੁਕ ਮਾਤਰ ਕੁਝ ਪੰਕਤੀਆਂ ਦੀ ਵਿਆਖਿਆ ਜ਼ਰੂਰ ਸੁਣਨ ਨੂੰ ਮਿਲਦੀ ਹੈ। ਸੰਗਤ ਵਿੱਚ ਦਸਮ ਗ੍ਰੰਥ ਦੀ ਵਿਆਖਿਆ ਤਾਂ ਕਿਤੇ ਦੂਰ ਦੀ ਗੱਲ ਰਹੀ, ਇਸ ਗ੍ਰੰਥ ਦੀ ਵਿਆਖਿਆ ਤਾਂ ਪਤੀ-ਪਤਨੀ ਇਕੱਠੇ ਬੈਠ ਕੇ ਨਹੀਂ ਸੁਣ-ਪੜ੍ਹ ਸਕਦੇ।

ਤੀਜਾ - ਰਹੀ ਗੱਲ ਮਸਕੀਨ (ਬਾਰੇ) ਦੀ। ਇਸ ਦੀਆਂ ਅੱਜ ਵੀ ਆਡੀਉ-ਵੀਡੀਉ ਸੁਣਨ-ਵੇਖਣ ਨੂੰ ਮਿਲ ਜਾਣਗੀਆਂ ਤੇ ਕਈ ਕਿਤਾਬਾਂ ਵੀ ਪੜ੍ਹਨ ਨੂੰ ਮਿਲ ਜਾਣਗੀਆਂ। ਇਹ ਜ਼ਿਆਦਾ ਕਰਕੇ ਹਿੰਦੂ ਮਿਥਿਹਾਸ ਜਾਂ ਭੂਤਾਂ ਪ੍ਰੇਤਾਂ ਦੀਆਂ ਹੀ ਗੱਲਾਂ ਕਰਦੇ ਹੁੰਦੇ ਸੀ ਜਾਂ ਫਿਰ ਸ਼ੇਖ ਸਾਦੀ ਦੀਆਂ ਜ਼ਿਆਦਾ ਗੱਲਾਂ ਕਰਕੇ ਇਕ ਘੰਟਾ ਪੂਰਾ ਕਰ ਜਾਂਦੇ ਹੁੰਦੇ ਸਨ। ਉਪਰੋਕਤ ਤਿੰਨਾਂ ਵਿੱਚੋਂ ਕਿਸੇ ਨੇ ਵੀ ਇਹ ਨਹੀਂ ਲਿਖਿਆ ਜਾਂ ਬੋਲਿਆ ਕਿ ਦਸਮ ਗ੍ਰੰਥ ਨੂੰ ਗੁਰੂ ਮੰਨੋ ਜਾਂ ਪੜਿਆ-ਸੁਣਿਆ ਕਰੋ।

ਚੌਥੇ ਵਿਅਕਤੀ ਦਾ ਨਾਂ ਮੈਂ ਹੋਰ ਲਿਖ ਦੇਂਦਾ ਹਾਂ। ਭਾਈ ਜੋਗਾ ਸਿੰਘ (ਕਵੀਸ਼ਰੀ ਜਥਾ) ਜੋਗੀ। ਪਹਿਲਾਂ (ਨਿੱਕਾ ਹੁੰਦਾ) ਮੈਂ ਜੋਗੀ ਦੀਆਂ ਕੈਸੇਟਾਂ ਬੜੇ ਚਾਅ ਨਾਲ ਸੁਣਦਾ ਹੁੰਦਾ ਸੀ। ਪਰ ਜਦੋਂ ਅਸਲੀਅਤ ਦਾ ਪਤਾ ਲੱਗਾ ਤੇ ਸੋਚਿਆ, ਜਿੰਨਾ ਸਿੱਖ ਇਤਿਹਾਸ ਦਾ ਬੇੜਾ ਗਰਕ ਭਾਈ ਜੋਗਾ ਸਿੰਘ ਜੋਗੀ ਨੇ ਕੀਤਾ ਸ਼ਾਇਦ ਹੀ ਕਿਸੇ ਨੇ ਕੀਤਾ ਹੋਵੇ। ਇਸ ਨੇ ਜ਼ਿਆਦਾ ਮਿਥਿਹਾਸ ਤੇ ਝੂਠ ਹੀ ਬੋਲਿਆ ਤੇ ਸੰਗਤਾਂ ਨੂੰ ਖੁਸ਼ ਕਰਨ ਲਈ ਚੁਟਕਲੇ ਵੀ ਕਾਫ਼ੀ ਸੁਣਾਏ। ਇਹ ਬੰਦਾ ਅੱਜ ਵੀ ਜਿਉਂਦਾ ਹੈ, ਇਸ ਨੂੰ ਪੁਛਿਆ ਵੀ ਜਾ ਸਕਦਾ ਹੈ।

ਇੱਕ ਗੱਲ ਯਾਦ ਆ ਗਈ। ਇੱਕ ਜੱਜ ਕੋਲ ਅਦਾਲਤ ਵਿੱਚ ਇੱਕ ਕੇਸ ਆਇਆ। ਉਹ ਕੇਸ ਇਸ ਤਰ੍ਹਾਂ ਸੀ ਕਿ ਇੱਕ ਬੱਚਾ ਸੀ ਤੇ ਉਸ ਦੀਆਂ ਦੋ ਮਾਵਾਂ ਸਨ। ਇੱਕ ਅਸਲੀ ਤੇ ਇੱਕ ਨਕਲੀ। ਪਰ ਦੋਵੇਂ ਹੀ ਜਨਾਨੀਆਂ ਉਸ ਬੱਚੇ ਤੇ ਆਪਣਾ-ਆਪਣਾ ਹੱਕ ਜਮਾ ਰਹੀਆਂ ਸਨ। ਇੱਕ ਕਹਿ ਰਹੀ ਸੀ ਕਿ ਇਹ ਬੱਚਾ ਮੇਰਾ ਹੈ ਤੇ ਦੂਜੀ ਕਹਿ ਰਹੀ ਸੀ ਕਿ ਇਹ ਬੱਚਾ ਮੇਰਾ ਹੈ। ਜੱਜ ਨੂੰ ਕੋਈ ਸਮਝ ਨਹੀਂ ਸੀ ਆ ਰਹੀ। ਇਕ ਦਿਨ ਜੱਜ ਨੇ ਆਖਰੀ ਫੈਸਲਾ ਸੁਣਾ ਦਿੱਤਾ ਤੇ ਕਹਿਣ ਲੱਗਾ ਕਿ ਮੈਨੂੰ ਤੁਹਾਡੇ ਕੇਸ ਦੀ ਸਮਝ ਨਹੀਂ ਆ ਰਹੀ। ਇਸ ਕਰਕੇ ਮੈਂ ਇੱਕ ਤਲਵਾਰ ਮੰਗਾ ਰਿਹਾ ਹਾਂ ਤੇ ਇਸ ਬੱਚੇ ਦੇ ਦੋ ਟੁਕੜੇ ਕਰ ਕੇ ਇੱਕ-ਇੱਕ ਟੁਕੜਾ ਤੁਹਾਡੀ ਝੋਲੀ ਵਿੱਚ ਪਾ ਦੇਂਦਾ ਹਾਂ। ਕੀ ਤੁਹਾਨੂੰ ਮੇਰਾ ਫੈਸਲਾ ਮਨਜ਼ੂਰ ਹੈ ? ਇਹ ਸੁਣ ਕੇ ਮਤਰੇਈ ਮਾਂ (ਨਕਲੀ ਮਾਂ) ਜੱਜ ਦੇ ਸਾਹਮਣੇ ਆਪਣੀ ਚੁੰਨੀ ਦੀ ਝੋਲੀ ਬਣਾ ਕੇ ਖਲੋ ਗਈ ਤੇ ਆਖਣ ਲੱਗੀ, ਜੱਜ ਸਾਬ ਮੈਨੂੰ ਤੁਹਾਡਾ ਫੈਸਲਾ ਸਿਰ ਮੱਥੇ। ਮੈਨੂੰ ਤੁਹਾਡਾ ਫੈਸਲਾ ਮਨਜ਼ੂਰ ਹੈ। ਮੇਰੀ ਝੋਲੀ ਵਿੱਚ ਮੇਰਾ ਪੁੱਤਰ ਅੱਧਾ ਪਾ ਦਿੱਤਾ ਜਾਵੇ। ਤੇ ਜਿਹੜੀ ਅਸਲੀ ਮਾਂ ਸੀ ਉਹ ਉੱਚੀ-ਉੱਚੀ ਧਾਹਾਂ ਮਾਰ ਕੇ ਰੋਣ ਲੱਗ ਪਈ ਤੇ ਜੱਜ ਦੇ ਸਾਹਮਣੇ ਹੱਥ ਜੋੜ ਕੇ ਕਹਿਣ ਲੱਗੀ ਕਿ ਜੱਜ ਸਾਬ ਮੈਂ ਝੂਠੀ ਹਾਂ। ਇਹ ਬੱਚਾ ਇਸ ਦਾ ਹੀ ਹੈ। ਕ੍ਰਿਪਾ ਕਰਕੇ ਤੁਸੀਂ ਬੱਚੇ ਦੇ ਦੋ ਟੁਕੜੇ ਨਾ ਕਰਿਉ ਜੇ। ਇਹ ਬੱਚਾ ਇਸ ਨੂੰ ਦੇ ਦਿਉ। ਜੱਜ ਸਾਬ ਇਹ ਬੱਚਾ ਇਸ ਨੂੰ ਦਿੱਤਾ ਜਾਵੇ ਤੇ ਮੈਨੂੰ ਝੂਠ ਬੋਲਣ ਦੀ ਸਜ਼ਾ ਦਿੱਤੀ ਜਾਵੇ। ਜੱਜ ਨੇ ਝੱਟ ਸਮਝ ਲਿਆ ਕਿ ਅਸਲੀ ਮਾਂ ਕਿਹੜੀ ਹੈ ਤੇ ਮਤਰੇਈ ਮਾਂ ਕਿਹੜੀ ਹੈ। ਜੱਜ ਨੇ ਬੱਚਾ ਅਸਲੀ ਮਾਂ ਦੀ ਝੋਲੀ ਵਿੱਚ ਪਾ ਦਿੱਤਾ। ਨਕਲੀ ਨੂੰ ਸਜ਼ਾ ਦਿੱਤੀ। ਅੱਜ ਵੀ ਜੇਕਰ ਕੋਈ ਸਿਆਣਾ ਜੱਜ ਇਸ ਤਰ੍ਹਾਂ ਦੇ ਕੇਸ ਦਾ ਫੈਸਲਾ ਆਪਣੀ ਮੱਤ ਅਨੁਸਾਰ ਕਰ ਦੇਵੇਗਾ ਤਾਂ ਦਸਮ ਗ੍ਰੰਥੀਏ ਆਪਣੇ ਗਲ ਵਿੱਚ ਪਿਆ ਪਰਨਾ ਜੱਜ ਦੇ ਅੱਗੇ ਕਰ ਦੇਵੇਗਾ ਝੋਲੀ ਬਣਾ ਕੇ ਤੇ ਆਖੇਗਾ ਜੱਜ ਸਾਬ ਤੁਹਾਡਾ ਹੁਕਮ ਸਿਰ ਮੱਥੇ।

ਇੱਕ ਦਸਮ ਗ੍ਰੰਥੀਆ ਉੱਠ ਕੇ ਭਾਸ਼ਨ ਦੇਣ ਲੱਗਿਆ ਕਿ ਦੇਖੋ ਮੁਸਲਮਾਨਾਂ ਨੇ ਕਦੇ ਵੀ ਆਪਣੇ ਕੁਰਾਨ ਵਿਰੁੱਧ ਜਾਂ ਮੁਹੰਮਦ ਸਾਹਿਬ ਵਿਰੁੱਧ ਕਦੀ ਕੁਝ ਨਹੀਂ ਬੋਲੇ ਤੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਤੇ ਉਹਨਾਂ ਦੇ ਗ੍ਰੰਥ ਬਾਰੇ ਕਿੰਨਾ ਮਾੜਾ ਬੋਲਦੇ ਹੋ ? ਉਸ ਨੂੰ ਵੀ ਇਹ ਹੀ ਕਿਹਾ ਗਿਆ ਸੀ ਕਿ ਵੀਰ ਜੀ ਤੁਸੀਂ ਬਿਲਕੁਲ ਸੱਚ ਬੋਲ ਰਹੇ ਹੋ। ਜੇਕਰ ਤੁਸੀਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦਾ ਹੋਰ ਕੋਈ ਗ੍ਰੰਥ ਨਾ ਰੱਖੋ। ਫਿਰ ਉਹੋ ਦਸਮ ਗ੍ਰੰਥੀਆ ਮੈਨੂੰ ਕਹਿਣ ਲੱਗਾ ਕਿ ਤੂੰ ਜਸੂ ਮਸੀਹ ਦੇ ਪਿਤਾ ਦਾ ਨਾਂ ਦੱਸ ਸਕਦਾ ਏਂ ? ਦੇਖੋ ਇਨ੍ਹਾਂ ਦੇ ਦਿਮਾਗ ? ਮੈਂ ਬਥੇਰਾ ਰੌਲਾ ਪਾਇਆ ਕਿ ਭਾਈ ਸਾਹਿਬ ਮੈਨੂੰ ਕੀ ਲੋੜ ਪਈ ਜਸੂ ਮਸੀਹ ਦੇ ਪਿਉ ਦੇ ਨਾਂ ਜਾਨਣ ਦੀ। ਮੈਂ ਤਾਂ ਤੇਰੇ ਪਿਉ ਦਾ ਵੀ ਨਾਂ ਨਹੀਂ ਜਾਣਦਾ, ਤੇ ਨਾਲੇ ਮੈਂ ਤੁਹਾਡੇ ਪਿਉਆਂ ਦੇ ਨਾਮ ਜਾਣ ਕੇ ਲੈਣਾ ਵੀ ਕੀ ਏ ?

ਮੈਨੂੰ ਇੱਕ ਹੋਰ ਵਿਅਕਤੀ ਮਿਲਿਆ ਤੇ ਕਹਿਣ ਲੱਗਾ ਕਿ ਉਸ ਦਿਨ ਗੁਰਦੁਆਰੇ ਕੀ ਹੋਇਆ ਸੀ ? ਮੈਂ ਕਿਹਾ ਕਿ ਕੁੱਝ ਨਹੀਂ। ਉਹੋ ਵੀਰ ਕਹਿਣ ਲੱਗਾ ਕਿ ਮੈਨੂੰ ਪਤਾ ਲੱਗਾ ਸੀ ਕਿ ਤੂੰ ਸੰਗਤ ਵਿੱਚ ਕਿਹਾ ਸੀ ਕਿ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦਾ। ਮੈਂ ਉਸ ਨੂੰ ਕਿਹਾ ਕਿ ਤੂੰ ਖੁਦ ਸੋਚ ਕਿ ਏਨੀ ਗੱਲ ਕਹਿ ਸਕਦਾ ਹਾਂ। ਉਹ ਕਿੱਥੇ ਮੰਨਣ ਵਾਲਾ ਸੀ ? ਉਸ ਨੇ ਕਿਹਾ ਕਿ ਮੈਂ ਕਈ ਬੰਦਿਆਂ ਕੋਲੋਂ ਪੁੱਛਿਆ ਏ ਤੂੰ ਏਦਾਂ ਹੀ ਕਿਹਾ ਏ ਤੇ ਨਾਲੇ ਏਥੇ ਤਾਂ ਪੂਰਾ ਰੌਲਾ ਪਿਆ ਹੋਇਆ ਏ। ਮੇਰੇ ਵੀਰੋ ਦੇਖੋ ਏਨਾ ਲੋਕਾਂ ਦੀਆਂ ਚਾਲਾਂ ਕਿਵੇਂ ਬਦਨਾਮ ਕਰ ਰਹੇ ਹਨ ਤੇ ਨਾਲੇ ਕਿਵੇਂ ਸਾਨੂੰ ਗੁਰੂ ਨਾਲੋਂ ਤੋੜਿਆ ਜਾ ਰਿਹਾ ਏ। ਜਿੰਨਾ ਹੋ ਸਕੇ ਉੱਨਾ ਹੀ ਇਸ ਤਰ੍ਹਾਂ ਦੇ ਅਨਸਰਾਂ ਤੋਂ ਬਚਣਾ ਚਾਹੀਦਾ ਹੈ। ਅੱਗੋਂ ਹੋਰ ਪੜ•ੋ। ਉਹ ਵੀਰ ਕਹਿਣ ਲੱਗਾ ਕਿ ਮੈਂ ਗੁਰਦੁਆਰੇ ਦੀ ਕਮੇਟੀ ਨੂੰ ਕਹਿ ਦਿੱਤੀ ਹੈ ਕਿ ਇਸ ਬੰਦੇ ਨੂੰ ਗੁਰਦੁਆਰੇ ਦੇ ਅੰਦਰ ਬਿਲਕੁਲ ਹੀ ਨਾ ਆਉਣ ਦਿਉ। ਮੈਂ ਕਿਹਾ ਚਲੋ ਵੀਰ ਜੀ ਚੰਗਾ ਕੀਤਾ ਜੇ। ਹੈਰਾਨਗੀ ਇਸ ਗੱਲ ਦੀ ਹੁੰਦੀ ਏ ਕਿ ਜਿਸ ਨੂੰ ਘਰ ਜਾਂ ਬਾਹਰ ਕੋਈ ਨਹੀਂ ਪੁੱਛਦਾ ਉਹ ਵੀ ਉਲਟੇ ਸਿੱਧੇ ਸਵਾਲ ਕਰਨ ਲੱਗ ਪੈਂਦਾ ਹੈ।

ਭਗਤ ਕਬੀਰ ਜੀ ਇਹਨਾਂ ਦੀ ਹਾਲਤ ਵੀ ਕੁਝ ਇਸ ਤਰ੍ਹਾਂ ਬਿਆਨਦੇ ਹਨ-
ਮੇਰੀ ਮਤਿ ਬਾਉਰੀ ਮੈ ਰਾਮੁ ਬਿਸਾਰਿਓ ਕਿਨ ਬਿਧਿ ਰਹਨਿ ਰਹਉ ਰੇ।
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ- ਪੰਨਾ 482)
ਅਰਥ- ਬਾਉਰੀ- ਕਮਲੀ। ਰਹਿਨ ਰਹਉ- ਜ਼ਿੰਦਗੀ ਗੁਜਾਰਾ।
ਮੇਰੀ ਅਕਲ ਮਾਰੀ ਗਈ ਹੈ, ਕਿਉਂਕਿ ਮੈਂ ਸਰਬ ਵਿਆਪਕ ਸੁਆਮੀ ਨੂੰ ਭੁਲਾ ਦਿੱਤਾ ਹੈ। ਮੈਂ ਕਿਸ ਤਰ੍ਹਾਂ ਪਵਿੱਤਰ ਜੀਵਨ, ਰਹੁ-ਰੀਤੀ ਬਸਰ ਕਰ ਸਕਦੀ ਹਾਂ।

ਕਿਸੇ ਕਵੀ ਦੇ ਬੜੇ ਪਿਆਰੇ ਬੋਲ ਨੇ-
ਨਹੀਂ ਸਾਡੇ ਵਿੱਚ ਤਿੰਨ ਚਾਰ ਡੋਗਰੇ, ਕੌਮ ਵਿੱਚ ਕਈ ਨੇ ਹਜ਼ਾਰ ਡੋਗਰੇ।
ਇੱਕ ਵੱਡੇ ਡੋਗਰੇ ਦਾ ਛੋਟਾ ਡੋਗਰਾ, ਛੋਟੇ ਡੋਗਰੇ ਦੇ ਵੀ ਕਈ ਹਜ਼ਾਰ ਡੋਗਰੇ।
ਦੇਸ਼ਾਂ ਪ੍ਰਦੇਸ਼ਾਂ ਵਿੱਚ ਠੇਕੇ ਲੈ ਰਹੇ, ਹੈਣ ਬੜੇ ਵਡੇ ਠੇਕੇਦਾਰ ਡੋਗਰੇ।
ਬਹੁਤ ਬੁੱਧੀਮਾਨ ਤੇ ਡਰਾਮੇਬਾਜ਼ ਨੇ ਹੇਰਾ-ਫੇਰੀ ਵਿੱਚ ਨੇ ਹੁਸ਼ਿਆਰ ਡੋਗਰੇ।

ਗੁਰੂ ਇਨ੍ਹਾਂ ਵੀਰਾਂ ਨੂੰ ਸੁਮੱਤ ਬਖਸ਼ੇ। ਦੁਬਾਰਾ ਫਿਰ ਇਹਨਾਂ ਵੀਰਾਂ (ਸੱਜਣਾਂ) ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਬਾਕੀ ਦੇ ਸਾਰੇ ਅਖੌਤੀ ਗ੍ਰੰਥ ਛੱਡ ਕੇ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਹੀ ਵਿਚਾਰ ਕਰਨ। ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਆਖਿਆ ਸਹਿਤ ਸਮਝ ਆ ਜਾਵੇਗੀ ਤਾਂ ਫਿਰ ਹੋਰ ਕਿਸੇ ਗ੍ਰੰਥ ਦੀ ਭੁੱਖ ਹੀ ਨਹੀਂ ਰਹੇਗੀ।

ਇਹੁ ਸਚੁ ਸਭਨਾ ਕਾ ਖਸਮੁ ਹੈ ਜਿਸੁ ਬਖਸੇ ਸੋ ਜਨ ਪਾਵਹੇ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ- ਪੰਨਾ 922)
ਇਹ ਸੱਚ ਸਾਰਿਆਂ ਦਾ ਸ਼੍ਰੋਮਣੀ ਸਾਹਿਬ ਹੈ। ਕੇਵਲ ਉਹ ਪੁਰਸ਼ ਹੀ ਇਸ ਨੂੰ ਪਾਉਂਦਾ ਹੈ, ਜਿਸ ਨੂੰ ਉਹ ਪ੍ਰਦਾਨ ਕਰਦਾ ਹੈ।

ਇਹ ਲੇਖ ਕਿਸੇ ਵੀ ਮਾਈ-ਭਾਈ ਦੇ ਬਿਲਕੁਲ ਖਿਲਾਫ ਨਹੀਂ ਲਿਖਿਆ ਗਿਆ। ਫਿਰ ਵੀ ਜਿੱਥੇ ਲੋੜ ਪਈ ਨਾਂ ਵਰਤਣ ਦੀ ਉੱਥੇ ਨਾਮ ਲਿਖਣ ਤੋਂ ਵੀ ਸੰਕੋਚ ਨਹੀਂ ਕੀਤਾ ਗਿਆ। ਕਈ ਮੇਰੇ ਵੀਰ ਆਮ ਹੀ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਸੱਚ ਕੌੜਾ ਹੁੰਦਾ ਹੈ। ਪਰ ਮੈਂ ਤਾਂ ਕਹਿੰਦਾ ਹਾਂ ਕਿ ਸੱਚ ਸ਼ਹਿਦ ਨਾਲੋਂ ਵੀ ਮਿੱਠਾ ਹੁੰਦਾ ਹੈ, ਕਦੀ ਬੋਲ ਕੇ ਜਾਂ ਸੁਣ ਕੇ ਤਾਂ ਵੇਖੋ। ਫਿਰ ਵੀ ਜੇਕਰ ਕਿਸੇ ਭੈਣ-ਭਰਾ ਦੇ ਮਨ ਨੂੰ ਧੱਕਾ ਲੱਗਾ ਹੋਵੇਗਾ ਜਾਂ ਲਿਖਦਿਆਂ ਕੋਈ ਗਲਤੀ ਹੋ ਗਈ ਹੋਵੇਗੀ ਤਾਂ ਦਾਸ ਨੂੰ ਮੁਆਫ ਕਰ ਦੇਣਾ।

ਸ਼ੇਅਰ-
ਮਾਨਾ ਕਿ ਹਮ ਛਪ ਨਾ ਪਾਏ ਪੁਸਤਕ ਯਾ ਅਖਬਾਰੋ ਮੇਂ।
ਲੇਕਿਨ ਯੇ ਕਯਾ ਕਮ ਹੈ ਆਪਣੀ ਗਿਣਤੀ ਹੈ ਖ਼ੁਦਦਾਰੋ ਮੇਂ।
ਹਮ ਤੋ ਪੱਥਰ ਹੈਂ ਜੋ ਗਹਿਰੇ ਗੜੇ ਰਹੇ ਬੁਨਿਆਦੋ ਮੇਂ।
ਸ਼ਾਇਦ ਤੁਮਕੋ ਨਜ਼ਰ ਨਾ ਆਏ, ਇਸ ਲੀਏ ਮੀਨਾਰੋ ਮੇਂ।

ਅੰਤ ਵਿੱਚ- ਪਰਵਾਹ ਨਾਹੀ ਕਿਸੇ ਕੇਰੀ ਬਾਝ ਸਚੇ ਨਾਹੁ ॥ (ਆਸਾ ਦੀ ਵਾਰ)

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top