Share on Facebook

Main News Page

ਅਖੌਤੀ ਦਮਦਮੀ ਟਕਸਾਲ ਦੇ ਪਿਛੋਕੜ ਦਾ ਸੱਚ
-: ਡਾ. ਹਰਜਿੰਦਰ ਸਿੰਘ ਦਿਲਗੀਰ

ਚੌਕ ਮਹਿਤਾ ਡੇਰਾ ਦਾ ਪਿਛੋਕੜ

ਚੌਕ ਮਹਿਤਾ ਡੇਰੇ ਵਾਲੇ ਆਪਣੇ ਆਪ ਨੂੰ ਦਮਦਮੀ ਟਕਸਾਲ ਕਹਿੰਦੇ ਹਨ। ਮਹਿਤਾ ਚੌਕ ਵਿਚ ਕਾਇਮ ਮੌਜੂਦਾ ਡੇਰੇ ਨੂੰ ਬਣਾਉਣ ਵਾਲੇ ਗਿਆਨੀ ਕਰਤਾਰ ਸਿੰਘ (ਜਨਮ 1932, ਪੁੱਤਰ ਚੰਦਾ ਸਿੰਘ, ਵਾਸੀ ਪੁਰਾਣੇ ਭੂਰੇ/ ਭੂਰਾ ਕੋਹਨਾ) ਸਨ। ਉਹ ਗਿਆਨੀ ਗੁਰਬਚਨ ਸਿੰਘ (ਜਨਮ 1902, ਪੁੱਤਰ ਰੂੜ ਸਿੰਘ, ਵਾਸੀ ਅਖਾੜਾ, ਜ਼ਿਲ੍ਹਾ ਲੁਧਿਆਣਾ) ਦੇ ਚੇਲੇ ਸਨ। ਗਿਆਨੀ ਗੁਰਬਚਨ ਸਿੰਘ ਅੱਗੋਂ ਗਿਆਨੀ ਸੁੰਦਰ ਸਿੰਘ (ਜਨਮ 1883, ਪੁੱਤਰ ਖ਼ਜ਼ਾਨ ਸਿੰਘ, ਵਾਸੀ ਭਿੰਡਰ ਕਲਾਂ, ਜ਼ਿਲ੍ਹਾ ਫ਼ੀਰੋਜ਼ਪੁਰ) ਦੇ ਚੇਲੇ ਸਨ, ਜੋ ਪਿੰਡ ਭਿੰਡਰਾਂਵਾਲਾ ਦੇ ਰਹਿਣ ਵਾਲੇ ਸਨ, ਜਿਸ ਕਰ ਕੇ ਉਹ ਭਿੰਡਰਾਂਵਾਲੇ ਵਜੋਂ ਵੀ ਜਾਣ ਲਗ ਪਏ ਸਨ। ਗਿਆਨੀ ਸੁੰਦਰ ਸਿੰਘ ਇਕ ਆਮ ਕਿਰਸਾਨ ਤੇ ਪਰਚਾਰਕ ਸਨ; ਉਨ੍ਹਾਂ ਦਾ ਕਿਸੇ ਹੋਰ ਡੇਰੇ ਜਾਂ ਅਖੌਤੀ ਸੰਪਰਦਾ ਨਾਲ ਕੋਈ ਸਬੰਧ ਨਹੀਂ ਸੀ; ਹਾਂ ਉਹ ਕਦੇ ਕਦੇ ਗਿਆਨੀ ਬਿਸ਼ਨ ਸਿੰਘ ਮੁਰਾਲਾ ਕੋਲ ਜਾਇਆ ਜ਼ਰੂਰ ਕਰਦੇ ਸਨ। ਹੌਲੀ-ਹੌਲੀ ਉਨ੍ਹਾਂ ਦਾ ਪਿੰਡ ਭਿੰਡਰਾਂ ਵਾਲਾ ਘਰ ਇਕ ਨਿੱਕਾ ਡੇਰਾ ਬਣ ਗਿਆ ਸੀ। ਗਿਆਨੀ ਸੁੰਦਰ ਸਿੰਘ ਦਾ ਚੇਲਾ ਗਿਆਨੀ ਗੁਰਬਚਨ ਸਿੰਘ ਸੀ। ਗੁਰਬਚਨ ਸਿੰਘ ਆਪਣੇ ਵਿਆਹ (1920) ਤੋਂ 4-5 ਸਾਲ ਬਾਅਦ ਗਿਆਨੀ ਸੁੰਦਰ ਸਿੰਘ ਦੇ ਡੇਰੇਤੇ ਪਿੰਡ ਭਿੰਡਰ ਕਲਾਂ ਵਿਚ ਆ ਗਿਆ।

ਸੁੰਦਰ ਸਿੰਘ ਦੀ ਮੌਤ, 47 ਸਾਲ ਦੀ ਉਮਰ ਵਿਚ, 15 ਫ਼ਰਵਰੀ 1930 ਦੇ ਦਿਨ ਹੋਈ ਤੇ ਇਸ ਮਗਰੋਂ ਭਿੰਡਰ ਕਲਾਂ ਦਾ ਡੇਰਾ ਉਸ ਨੇ ਸੰਭਾਲ ਲਿਆ। 1930 ਤਕ ਭਿੰਡਰਾਂ ਡੇਰੇ ਦਾ ਨਾਂ ਭਿੰਡਰਾਂ ਜਥਾ ਵੀ ਨਹੀਂ ਸੀ; ਇਹ ਸਿਰਫ਼ ਇਕ ਡੇਰਾ ਸੀ; ਗਿਆਨੀ ਗੁਰਬਚਨ ਸਿੰਘ ਨੇ ਇਸ ਨੂੰ ਜਥਾ ਭਿੰਡਰਾਂ ਬਣਾ ਕੇ ਪਰਚਾਰ ਦੌਰੇ ਸ਼ੁਰੂ ਕਰ ਦਿੱਤੇ। ਜਦ ਗਿਆਨੀ ਗੁਰਬਚਨ ਸਿੰਘ ਨੇ (28 ਜੂਨ 1969 ਦੇ ਦਿਨ) ਚੜ੍ਹਾਈ ਕੀਤੀ ਤਾਂ ਉਨ੍ਹਾਂ ਪਿੱਛੋਂ ਡੇਰੇ ਅਤੇ ਗੱਦੀ ਦਾ ਝਗੜਾ ਹੋਇਆ। ਗਿਆਨੀ ਗੁਰਬਚਨ ਸਿੰਘ ਦਾ ਪਰਵਾਰ ਇਹ ਗੱਦੀ ਗਿਆਨੀ ਕਰਤਾਰ ਸਿੰਘ (ਜੋ ਕਿ ਇਕ ਸਾਬਕਾ ਪਟਵਾਰੀ ਸਨ) ਭੂਰਾ ਕੋਹਨਾ (ਜ਼ਿਲ੍ਹਾ ਅੰਮ੍ਰਿਤਸਰ) ਦੇ ਰਹਿਣ ਵਾਲੇ ਸਨ, ਨੂੰ ਇਸ ਕਰ ਕੇ ਨਹੀਂ ਦੇਣੀ ਚਾਹੁੰਦਾ ਸੀ ਕਿਉਂਕਿ ਉਹ ਮਾਝੇ ਦੇ ਸਨ (ਹਰਦੀਪ ਸਿੰਘ ਡਿਬਡਿਬਾ ਨੇ ਆਪਣੀ ਕਿਤਾਬ ਸਾਕਾ ਨੀਲਾ ਤਾਰਾ ਤੋਂ ਬਾਅਦ ਵਿਚ ਇਸ ਦੀ ਚੋਖੀ ਤਫ਼ਸੀਲ ਦਿੱਤੀ ਹੋਈ ਹੈ)।

ਗਿਆਨੀ ਗੁਰਬਚਨ ਸਿੰਘ ਦਾ ਪਰਵਾਰ ਗੱਦੀ ਆਪਣੇ ਇਲਾਕੇ, ਮਾਲਵੇ, ਵਿਚ ਹੀ ਰਖਣੀ ਚਾਹੁੰਦਾ ਸੀ ਤੇ ਇਸ ਕਰ ਕੇ ਉਨ੍ਹਾਂ ਨੇ ਮੋਹਣ ਸਿੰਘ ਨੂੰ ਗੱਦੀ ਦੇ ਦਿੱਤੀ। ਦੂਜੇ ਪਾਸੇ ਗਿਆਨੀ ਕਰਤਾਰ ਸਿੰਘ ਨੇ ਚੌਕ ਮਹਿਤਾ ਵਿਚ ਜ਼ਮੀਨ ਲੈ ਕੇ ਆਪਣਾ ਡੇਰਾ ਬਣਾ ਲਿਆ ਤੇ ਇਸ ਦਾ ਨਾਂ ਜਥਾ ਭਿੰਡਰਾਂ-ਮਹਿਤਾ ਰੱਖ ਲਿਆ। ਉਹ 21 ਅਗਸਤ 1977 ਦੇ ਦਿਨ ਇਕ ਐਕਸੀਡੈਂਟ ਵਿਚ ਚੜ੍ਹਾਈ ਕਰ ਗਏ। ਉਨ੍ਹਾਂ ਜਾਣ ਤੋਂ ਪਹਿਲਾਂ ਆਪਣੇ ਜਥੇ ਨੂੰ ਅਖੌਤੀ ਦਮਦਮੀ ਟਕਸਾਲ ਕਹਿਣਾ ਸ਼ੁਰੂ ਕਰ ਦਿੱਤਾ ਸੀ।

ਗਿਆਨੀ ਕਰਤਾਰ ਸਿੰਘ ਦਾ ਵਾਰਸ ਬਾਬਾ ਜਰਨੈਲ ਸਿੰਘ (ਪੁੱਤਰ ਜੋਗਿੰਦਰ ਸਿੰਘ, ਵਾਸੀ ਰੋਡੇ) ਸੀ, ਜੋ 6 ਜੂਨ 1984 ਦੇ ਦਿਨ ਸ਼ਹੀਦ ਹੋ ਗਿਆ। ਉਸ ਮਗਰੋਂ ਠਾਕਰ ਸਿੰਘ (ਮੌਤ 24 ਦਸੰਬਰ 2004) ਇਸ ਡੇਰੇ ਦਾ ਮੁਖੀ ਬਣਿਆ ਜੋ 20 ਸਾਲ ਝੂਠ ਬੋਲਦਾ ਰਿਹਾ (ਉਹ ਵੀ ਗੁਰੁ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ) ਕਿ ਬਾਬਾ ਜਰਨੈਲ ਸਿੰਘ ਸ਼ਹੀਦ ਨਹੀਂ ਹੋਏ ਤੇ ਜਿਊਂਦੇ ਹਨ। ਠਾਕਰ ਸਿੰਘ ਮਗਰੋਂ ਹਰਨਾਮ ਸਿੰਘ ਧੁੰਮਾ ਇਸ ਡੇਰੇ ਦਾ ਮੁਖੀ ਬਣਿਆ।

ਅਖੌਤੀ ਦਮਦਮੀ ਟਕਸਾਲ ਦੇ ਪਿਛੋਕੜ ਦਾ ਸੱਚ

ਜਿਨ੍ਹਾਂ ਪੁਰਾਣੇ ਸਾਧਾਂ ਦਾ ਨਾਂ ਭਿੰਡਰਾਂ-ਮਹਿਤਾ ਜਥੇ ਵਾਲੇ ਆਪਣੇ ਮੋਢੀ ਕਹਿ ਕੇ ਵਰਤਦੇ ਹਨ ਉਨ੍ਹਾਂ ਨੇ ਵੀ ਦਮਦਮੀ ਟਕਸਾਲ ਤਾਂ ਕੀ ਖ਼ਾਲੀ ਟਕਸਾਲ ਲਫ਼ਜ਼ ਵੀ ਕਦੇ ਨਹੀਂ ਵਰਤਿਆ ਸੀ; ਮਿਸਾਲ ਵਜੋਂ ਇਸ ਜੱਥੇ ਦੀਆਂ ਆਪਣੀਆਂ ਲਿਖਤਾਂ ਮੁਤਾਬਿਕ ਗਿਆਨੀ ਗੁਰਬਚਨ ਸਿੰਘ ਭਿੰਡਰਾਂ ਤੋਂ ਪਹਿਲਾਂ ਇਨ੍ਹਾਂ ਦੀ ਲੜੀ ਇਹ ਹੈ: ਗਿਆਨੀ ਸੁੰਦਰ ਸਿੰਘ, ਬਿਸ਼ਨ ਸਿੰਘ ਮੁਰਾਲਾ, ਹਰਨਾਮ ਸਿੰਘ ਬੇਦੀ, ਗਿਆਨੀ ਭਗਵਾਨ ਸਿੰਘ, ਗਿਆਨੀ ਦਯਾ ਸਿੰਘ, ਗਿਆਨੀ ਸੰਤ ਸਿੰਘ, ਗਿਆਨੀ ਗੁਰਦਾਸ ਸਿੰਘ, ਗਿਆਨੀ ਸੂਰਤ ਸਿੰਘ, ਬਾਬਾ ਗੁਰਬਖ਼ਸ਼ ਸਿੰਘ, ਬਾਬਾ ਦੀਪ ਸਿੰਘ/ਭਾਈ ਮਨੀ ਸਿੰਘ।

ਇਨ੍ਹਾਂ ਵਿਚੋਂ ਬਾਬਾ ਗੁਰਬਖ਼ਸ ਸਿੰਘ ਸ਼ਹੀਦਾਂ ਮਿਸਲ ਦੇ ਆਗੂ ਸਨ ਅਤੇ ਉਹ ਦਰਬਾਰ ਸਾਹਿਬ ਵਿਚ ਪਹਿਲੀ ਦਸੰਬਰ 1764 ਦੇ ਦਿਨ ਅਹਿਮਦ ਸ਼ਾਹ ਦੁਰਾਨੀ ਅਤੇ ਨਾਸਿਰ ਖ਼ਾਨ ਬਲੋਚ ਦੀ ਸਾਂਝੀ ਦੀ ਫ਼ੌਜ ਨਾਲ ਲੜਦੇ ਸ਼ਹੀਦ ਹੋਏ ਸਨ; ਇਨ੍ਹਾਂ ਨੂੰ ਇਸ ਜਥੇ ਵਾਲਿਆਂ ਜ਼ਬਰਦਸਤੀ ਖ਼ੁਦ ਨਾਲ ਜੋੜ ਲਿਆ ਹੈ। ਬਾਬਾ ਗੁਰਬਖ਼ਸ਼ ਸਿੰਘ ਤੋਂ ਮਗਰੋਂ ਇਹ ਗਿਆਨੀ ਸੂਰਤ ਸਿੰਘ ਨੂੰ ਉਨ੍ਹਾਂ ਦਾ ਚੇਲਾ ਬਣਾ ਕੇ ਪੇਸ਼ ਕਰਦੇ ਹਨ। ਸੂਰਤ ਸਿੰਘ ਨਿਰਮਲਾ ਝੰਗ ਜ਼ਿਲ੍ਹੇ ਵਿਚ ਚਨਿਓਟ ਦੇ ਰਾਮ ਚੰਦ ਦਾ ਪੁੱਤਰ ਸੀ ਤੇ ਬਨਾਰਸ ਦੇ ਪੰਡਤਾਂ ਤੋਂ ਪੜ੍ਹ ਕੇ ਆਇਆ ਸੀ। (ਇਸ ਜਥੇ ਵਾਲੇ ਸੂਰਤ ਸਿੰਘ ਨੂੰ ਭਾਈ ਮਨੀ ਸਿੰਘ ਅਤੇ ਬਾਬਾ ਗੁਰਬਖ਼ਸ਼ ਸਿੰਘ ਦਾ ਚੇਲਾ ਦਸਦੇ ਹਨ। ਇਹ ਨਿਰਾ ਝੂਠ ਹੈ। ਭਾਈ ਮਨੀ ਸਿੰਘ 24 ਜੂਨ 1734 (ਅਤੇ ਬਾਬਾ ਗੁਰਬਖ਼ਸ਼ ਸਿੰਘ 1 ਦਸੰਬਰ 1764) ਦੇ ਦਿਨ ਸ਼ਹੀਦ ਹੋਏ ਸਨ; ਭਾਈ ਮਨੀ ਸਿੰਘ ਦੀ ਸ਼ਹੀਦੀ ਦੇ ਵੇਲੇ ਤਕ ਤਾਂ ਇਹ ਜੰਮਿਆ ਹੀ ਨਹੀਂ ਸੀ। ਦਰਅਸਲ ਇਹ ਇਕ ਨਿਰਮਲਾ ਪੁਜਾਰੀ ਸੀ। ਇਸ ਨੇ 1780 ਦੇ ਕਰੀਬ ਅੰਮ੍ਰਿਤਸਰ ਦੇ ਇਕ ਬੁੰਗੇ ਵਿਚ ਪੱਕੇ ਡੇਰੇ ਲਾ ਲਏ ਸਨ। ਭਾਈ ਮਨੀ ਸਿੰਘ ਦੇ ਨਾਂ ਨਾਲ ਜੋੜੀ ਜਾਣ ਵਾਲੀ ਰਚਨਾ ਭਗਤ ਰਤਨਾਵਲੀ, ਜਿਸ ਨੂੰ ਸਿੱਖਾਂ ਦੀ ਭਗਤਮਾਲਾ ਵੀ ਕਹਿੰਦੇ ਹਨ (ਤੇ ਪ੍ਰੇਮ ਰਤਨਾਵਲੀ ਵੀ) ਇਸੇ ਦੀ ਲਿਖੀ ਹੋਈ ਹੈ।

ਇਹ ਸੂਰਤ ਸਿੰਘ ਤੋਂ ਮਗਰੋਂ ਗੁਰਦਾਸ ਸਿੰਘ (1773-1790) ਤੇ ਉਸ ਦੇ ਭਰਾ ਗਿਆਨੀ ਸੰਤ ਸਿੰਘ (1778-1832) ਨੂੰ ਉਸ ਦੇ ਵਾਰਸ ਤੇ ਆਪਣੇ ਜਥੇ ਦੇ ਮੁਖੀ ਦਸਦੇ ਹਨ। ਗੁਰਦਾਸ ਸਿੰਘ ਇਸ ਸੂਰਤ ਸਿੰਘ ਦਾ ਵੱਡਾ ਤੇ ਸੰਤ ਸਿੰਘ ਸਭ ਤੋਂ ਛੋਟਾ ਪੁੱਤਰ ਸੀ। ਸੰਤ ਸਿੰਘ ਨਿਰਮਲਾ ਸੀ ਤੇ ਦਿਲੋਂ ਪੂਰਾ ਹਿੰਦੂ ਸੀ ਅਤੇ ਉਸ ਦੇ ਘਰ ਦੇ ਮੁਖ ਗੇਟ ਤੇ ਤਾਂ ਹਿੰਦੂ ਦੇਵਤੇ ਗਣੇਸ਼ ਦਾ ਬੁੱਤ ਵੀ ਲੱਗਾ ਹੋਇਆ ਸੀ। ਸੰਤ ਸਿੰਘ ਨਿਰਮਲਾ ਤੋਂ ਮਗਰੋਂ ਇਹ ਜਥਾ ਦਯਾ ਸਿੰਘ ਨੂੰ ਆਪਣਾ ਅਗਲਾ ਮੁਖੀ ਕਹਿੰਦਾ ਹੈ। ਜਦ ਕਿ ਤਵਾਰੀਖ਼ ਦਸਦੀ ਹੈ ਕਿ ਸੰਤ ਸਿੰਘ ਗਿਆਨੀ ਦਾ ਵਾਰਸ ਉਸ ਦਾ ਪੁੱਤਰ ਗੁਰਮੁਖ ਸਿੰਘ ਸੀ ਜਿਸ ਨੂੰ ਹੀਰਾ ਸਿੰਘ ਡੋਗਰੇ ਨੇ ਸੰਧਾਵਾਲੀਆਂ ਦਾ ਸਾਥ ਦੇਣ ਕਾਰਨ 1843 ਦੇ ਅਖ਼ੀਰ ਵਿਚ ਮਰਵਾ ਦਿੱਤਾ ਸੀ। ਗੁਰਬਿਲਾਸ ਪਾਤਸਾਹੀ ਛੇਵੀਂ (ਜਿਸ ਨੂੰ ਸੋਹਨ ਕਵੀ ਦੀ ਲਿਖਤ ਕਹਿ ਕੇ ਪਰਚਾਰਿਆ ਜਾਂਦਾ ਹੈ) ਉਹ ਇਸ ਗੁਰਮੁਖ ਸਿੰਘ (ਜੋ ਅਕਾਲ ਤਖ਼ਤ ਦਾ ਪੁਜਾਰੀ ਸੀ) ਅਤੇ ਉਸ ਦੇ ਸਾਥੀ ਦਰਬਾਰਾ ਸਿੰਘ (ਜੋ ਦਰਬਾਰ ਸਾਹਿਬ ਦਾ ਪੁਜਾਰੀ ਸੀ) ਨੇ 1835-40 ਦੇ ਵਿਚਕਾਰ ਲਿਖਿਆ ਸੀ। ਸੋ ਇਸ ਵੇਲੇ ਤਕ ਇਹ ਬਨਾਰਸ ਦੇ ਨਿਰਮਲਿਆਂ (ਸੂਰਤ ਸਿੰਘ, ਸੰਤ ਸਿੰਘ ਤੇ ਗੁਰਮੁਖ ਸਿੰਘ) ਦਾ ਇਕ ਗਰੁਪ ਸੀ ਜਿਹੜੇ ਦਰਬਾਰ ਸਾਹਿਬ ਦੇ ਪੁਜਾਰੀ ਸਨ। ਗੁਰਮੁਖ ਸਿੰਘ ਦਾ ਪੁੱਤਰ ਪ੍ਰਦੁਮਣ ਸਿੰਘ (ਮੌਤ 20 ਨਵੰਬਰ 1877) ਵੀ ਪੁਜਾਰੀ ਵਾਲਾ ਕੰਮ ਕਰਦਾ ਰਿਹਾ ਸੀ।

ਸੰਤ ਸਿੰਘ ਗਿਆਨੀ ਤੋਂ ਮਗਰੋਂ ਭਿੰਡਰਾਂ-ਮਹਿਤਾ ਜਥੇ ਵਾਲੇ ਆਪਣੇ ਜਥੇ ਨੂੰ ਦਯਾ ਸਿੰਘ (ਦਯਾ ਸਿੰਘ ਦੇ ਪੁੱਤਰ ਨੂੰ ਇਕ ਕਤਲ ਕੇਸ ਵਿਚ ਫ਼ਾਂਸੀ ਦੀ ਸਜ਼ਾ ਹੋਈ ਸੀ), ਭਗਵਾਨ ਸਿੰਘ (ਮਜੀਠ ਬੁੰਗੇ ਵਾਲਾ), ਹਰਨਾਮ ਸਿੰਘ ਬੇਦੀ (ਡੇਰਾ ਬਾਬਾ ਜੋਗਾ ਸਿੰਘ) ਤੇ ਬਿਸ਼ਨ ਸਿੰਘ ਮੁਰਾਲਾ (1852-1905) ਨਾਲ ਜੋੜ ਦੇਂਦੇ ਹਨ। ਇਨ੍ਹਾਂ ਚਾਰਾਂ ਦਾ ਭਿੰਡਰਾਂ-ਮਹਿਤਾ ਜਥੇ ਨਾਲ ਕੋਈ ਸਬੰਧ ਨਹੀਂ ਸੀ; ਅਤੇ, ਦਰਅਸਲ ਇਸ ਵੇਲੇ ਤਕ ਇਹ ਕੋਈ ਜਥਾ ਹੀ ਨਹੀਂ ਸੀ। ਹਕੀਕਤ ਇਹ ਹੈ ਕਿ ਗਿਆਨੀ ਸੁੰਦਰ ਸਿੰਘ ਭਿੰਡਰਾਂ ਕੁਝ ਸਮਾਂ ਬਿਸ਼ਨ ਸਿੰਘ ਮੁਰਾਲਾ ਦੇ ਡੇਰੇ ਤੇ ਸੇਵਾ ਜ਼ਰੂਰ ਕਰਦੇ ਰਹੇ ਸੀ; ਪਰ ਬਿਸ਼ਨ ਸਿੰਘ (ਮੌਤ 1907) ਨੇ ਆਪਣਾ ਵਾਰਿਸ ਪ੍ਰੇਮ ਸਿੰਘ ਮੁਰਾਲਾ ਨੂੰ ਬਣਾਇਆ ਸੀ ਤੇ ਉਹ ਉਸ ਆਪਣਾ ਸਾਰਾ ਜੀਵਨ (ਮੌਤ 1950) ਉਸ ਮੁਰਾਲਾ ਡੇਰੇ ਦੇ ਮੁਖੀ ਰਹੇ ਸਨ।

ਉਪਰ ਦੇ ਸਾਰੇ ਨੁਕਤਿਆਂ ਤੋਂ ਸਪਸ਼ਟ ਹੁੰਦਾ ਹੈ ਕਿ 1977 ਤੋਂ ਪਹਿਲਾਂ ਲਫ਼ਜ਼ ਦਮਦਮੀ ਟਕਸਾਲ ਦਾ ਕੋਈ ਵਜੂਦ ਨਹੀਂ ਸੀ। ਫਿਰ ਇਹ ਹੋਂਦ ਵਿਚ ਕਿਵੇਂ ਆਇਆ? ਜਿਵੇਂ ਉਪਰ ਜ਼ਿਕਰ ਕੀਤਾ ਹੈ ਕਿ ਜੱਥਾ ਭਿੰਡਰਾਂ-ਮਹਿਤਾ (ਗਿਆਨੀ ਕਰਤਾਰ ਸਿੰਘ) ਅਤੇ ਜੱਥਾ ਭਿੰਡਰਾਂ (ਗਿਆਨੀ ਮੋਹਨ ਸਿੰਘ) ਦੇ ਵੱਖ ਵੱਖ ਵਜੂਦ ਚਲ ਰਹੇ ਸਨ ਤੇ ਮਾਲਵੇ ਤੇ ਮਾਝੇ ਦਾ ਸਵਾਲ ਪੂਰੀ ਤਰ੍ਹਾਂ ਕਾਇਮ ਸੀ। ਗਿਆਨੀ ਮੋਹਨ ਸਿੰਘ ਆਪਣੀ ਪੁਜ਼ੀਸ਼ਨ ਤੋਂ ਸੰਤੁਸ਼ਟ ਸਨ, ਪਰ ਗਿਆਨੀ ਕਰਤਾਰ ਸਿੰਘ ਆਪਣੇ ਜੱਥੇ ਦਾ ਫੈਲਾਅ ਕਰਨਾ ਚਾਹੁੰਦੇ ਸਨ ਤਾਂ ਜੋ ਉਨ੍ਹਾਂ ਦੀ ਸਿੱਖੀ ਸੇਵਕੀ ਵਿਚ ਵਾਧਾ ਹੋਵੇ। ਇਸ ਕਰ ਕੇ ਉਨ੍ਹਾਂ ਨੇ ਆਪਣੇ ਜੱਥੇ ਨੂੰ ਬਾਬਾ ਦੀਪ ਨਾਲ ਅਤੇ ਇਸ ਨੂੰ ਦਮਦਮੀ ਟਕਸਾਲ ਕਹਿਣਾ ਸ਼ੁਰੂ ਕਰ ਦਿੱਤਾ ਜੋੜਿਆ (ਪਹਿਲਾਂ ਇਨ੍ਹਾਂ ਨੇ ਆਪਣੇ ਜੱਥੇ/ਅਖੌਤੀ ਟਕਸਾਲ ਨੂੰ ਭਾਈ ਮਨੀ ਸਿੰਘ ਨਾਲ ਜੋੜਿਆ ਸੀ)ਙ ਕਿਉਂਕਿ ਬਾਬਾ ਦੀਪ ਸਿੰਘ ਵੀ ਮਾਝੇ ਦੇ ਪਿੰਡ ਪਹੂ ਵਿੰਡ ਦੇ ਸਨ; ਇਸ ਕਰ ਕੇ ਗਿਆਨੀ ਕਰਤਾਰ ਸਿੰਘ ਜੀ ਨੇ ਇਸ ਅਖੌਤੀ ਟਕਸਾਲ ਨੂੰ ਭਾਈ ਮਨੀ ਸਿੰਘ ਤੋਂ ਵੀ ਅੱਗੇ ਗੁਰੂ ਗੋਬਿੰਦ ਸਿੰਘ ਜੀ ਨਾਲ ਜੋੜ ਕੇ ਇਸ ਦਾ ਪਰਚਾਰ ਕਰਨਾ ਸ਼ੁਰੂ ਕਰ ਦਿੱਤਾ।

ਇਕ ਹੋਰ ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ ਕਿਸੇ ਦੇ ਨਾਂ ਨਾਲ ਸੰਤ ਵੀ ਨਹੀਂ ਸੀ ਲਿਖਿਆ ਮਿਲਦਾ। ਪੁਰਾਣੀਆਂ ਸਾਰੀਆਂ ਲਿਖਤਾਂ ਵਿਚ ਇਨ੍ਹਾਂ ਨੂੰ ਗਿਆਨੀ ਲਿਖਿਆ ਮਿਲਦਾ ਹੈ। ਸੰਤ ਲਫ਼ਜ਼ ਗਿਆਨੀ ਕਰਤਾਰ ਸਿੰਘ ਤੇ ਬਾਬਾ ਜਰਨੈਲ ਸਿੰਘ ਤੋਂ ਸ਼ੁਰੂ ਹੋਇਆ ਹੈ।

ਇਨ੍ਹਾਂ ਦੇ ਡੇਰਿਆਂ ਵਿਚ ਉਦਾਸੀ-ਨਿਰਮਲਾ ਹਿੰਦੂ ਕਰਮ ਕਾਂਡ ਕਿਉਂ ਹੈ?

ਗਿਆਨੀ ਗੁਰਬਚਨ ਸਿੰਘ ਭਿੰਡਰਾਂ (ਇਸ ਜਥੇ ਦੇ ਅਸਲ ਮੋਢੀ ਅਤੇ ਇਨ੍ਹਾਂ ਦੀ ਮਰਿਆਦਾ ਬਣਾਉਣ ਵਾਲੇ) ਉਦਾਸੀਆਂ ਅਤੇ ਨਿਰਮਲਿਆਂ ਦੇ ਡੇਰਿਆਂ ਤੋਂ ਪੜ੍ਹੇ ਹੋਏ ਸਨ। ਉਨ੍ਹਾਂ ਨੇ ਰਾਮਾਇਣ, ਮਹਾਂਭਾਰਤ, ਯੋਗ ਵਸ਼ਿਸ਼ਟ ਤੇ ਵੇਦਾਂ ਦੀ ਪੜ੍ਹਾਈ ਕੀਤੀ ਸੀ ਤੇ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਉਨ੍ਹਾਂ ਨੇ ਫ਼ਰੀਦਕੋਟੀ, ਯਾਨਿ ਨਿਰਮਲਾ ਟੀਕਾ, ਤੋਂ ਲਈ ਸੀ। ਇਸੇ ਕਰ ਕੇ ਉਹ ਉਸੇ ਅਸਰ ਹੇਠਾਂ ਸਨ ਅਤੇ ਵੇਦਾਂਤ ਤੇ ਹੋਰ ਹਿੰਦੂ ਕਰਮ ਕਾਂਡ ਨੂੰ ਨਿਭਾਉਂਦੇ ਸਨ; ਉਹ ਤਾਂ ਇਹ ਵੀ ਕਹਿੰਦੇ ਸਨ ਕਿ ਗੁਰੂ ਨਾਨਕ ਸਾਹਿਬ ਦਾ ਅਵਤਾਰ ਵਿਸ਼ਨੂ ਦੇ ਕਹਿਣ ਤੇ ਹੋਇਆ ਸੀ (ਇਹ ਸਾਰੀਆਂ ਗੱਲਾਂ ਉਹ ਆਪਣੀ ਕਿਤਾਬ ਵਿਚ ਲਿਖ ਗਏ ਹਨ ਅਤੇ ਉਨ੍ਹਾਂ ਦਾ ਜਥਾ ਵੀ ਹਰ ਜਗਹ ਸ਼ਾਨ ਨਾਲ ਲਿਖਦਾ ਹੈ। ਇਹ ਸਾਰਾ ਕੁਝ ਉਨ੍ਹਾਂ ਦੀਆਂ ਕਿਤਾਬਾਂ ਅਤੇ ਵੈਬ ਸਾਈਟ ਤੇ ਵੀ ਅੱਜ ਵੀ ਮੌਜੂਦ ਹੈ। ਮੈਂ ਇਹ ਸਾਰੀਆਂ ਗੱਲਾਂ ਉਨ੍ਹਾਂ ਦੀ ਆਪਣੀ ਲਿਖਤ ਖਾਲਸਾ ਜੀਵਨ ਵਿਚੋਂ ਲਈਆਂ ਹਨ)।

ਇਹੀ ਕਾਰਨ ਹੈ ਕਿ ਇਸ ਡੇਰੇ ਨੇ ਹਰ ਥਾਂ ਤੇ ਅਕਾਲ ਤਖ਼ਤ ਸਾਹਿਬ ਦੀ ਰਹਿਤ ਮਰਿਆਦਾ ਦੀ ਜਗਹ ਨਿਰਮਲਿਆਂ ਤੇ ਉਦਾਸੀਆਂ ਦੀਆਂ ਬਨਾਰਸ ਦੀਆਂ ਹਿੰਦੂ ਕਰਮ ਕਾਂਡ ਦੀਆਂ ਮਰਿਆਦਾ ਸ਼ੁਰੂ ਕੀਤੀਆਂ ਹੋਈਆਂ ਹਨ। ਗਿਆਨੀ ਗੁਰਬਚਨ ਸਿੰਘ ਦੀ ਮਰਿਆਦਾ ਹਿੰਦੂ ਮੰਦਰਾਂ ਦੀ ਮਰਿਆਦਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਤੋਂ ਤਕਰੀਬਨ ਸਾਰੀ ਹੀ ਉਲਟ ਹੈ। ਇਨ੍ਹਾਂ ਦੀ ਅਸਲੀਅਤ ਜਾਣਨ ਵਾਸਤੇ ਗਿਆਨੀ ਗੁਰਬਚਨ ਸਿੰਘ ਲਿਖਤ ਕਿਤਾਬ ਖਾਲਸਾ ਜੀਵਨ ਜ਼ਰੂਰ ਪੜ੍ਹਨੀ ਚਾਹੀਦੀ ਹੈ।

2 ਜਨਵਰੀ 2005 ਤੋਂ ਹਰਨਾਮ ਸਿੰਘ ਧੁੰਮਾ ਇਸ ਡੇਰੇ ਦਾ ਮੁਖੀ ਬਣਿਆ ਹੈ; ਉਸ ਨੇ ਤਾਂ ਇਸ ਡੇਰੇ ਨੂੰ ਪੂਰਾ ਹੀ ਬ੍ਰਾਹਮਣੀ ਡੇਰਾ ਬਣਾ ਦਿੱਤਾ ਹੈ; ਉਂਞ ਤਾਂ ਇਸ ਡੇਰੇ ਦੀ ਮਰਿਆਦਾ ਗਿਆਨੀ ਗੁਰਬਚਨ ਸਿੰਘ ਤੋਂ ਹੀ ਨਿਰਮਲਾ ਤੇ ਉਦਾਸੀ ਮਰਿਆਦਾ ਸੀ। ਹੁਣ ਉਥੇ ਭਾਵੇਂ ਗੁਰੁ ਗ੍ਰੰਥ ਸਾਹਿਬ ਤਾਂ ਜ਼ਰੂਰ ਮੌਜੂਦ ਹੈ ਪਰ ਉਥੇ ਸਾਰੀਆਂ ਰਸਮਾਂ ਤੇ ਮਰਿਆਦਾ ਬਾਨਾਰਸ ਦੇ ਮੰਦਰਾਂ ਤੇ ਬਾਨਾਰਸ ਦੇ ਠੱਗਾਂ ਵਾਲੀ ਹੀ ਚਲਦੀ ਹੈ।

ਉਂਞ ਤਾਂ ਜਿਸ ਸੰਤ ਸਿੰਘ ਗਿਆਨੀ ਨੂੰ ਇਹ ਆਪਣੇ ਇਕ ਮੁਖੀ ਲਿਖਦੇ ਹਨ, ਉਸ ਬਾਰੇ ਹਰ ਜਗਹ ਸਾਫ਼ ਲਿਖਿਆ ਮਿਲਦਾ ਹੈ ਕਿ ਉਹ ਨਿਰਮਲਾ ਸੀ। ਉਹ ਦਿਲੋਂ ਪੂਰਾ ਹਿੰਦੂ ਸੀ ਅਤੇ ਉਸ ਦੇ ਘਰ ਦੇ ਮੁਖ ਗੇਟ ਤੇ (ਹਾਥੀ ਦੇ ਸਿਰ ਵਾਲੇ) ਹਿੰਦੂ ਦੇਵਤੇ ਗਣੇਸ਼ ਦਾ ਬੁੱਤ ਲੱਗਾ ਹੋਇਆ ਸੀ। ਇਸ ਗੇਟ ਦੀਆਂ ਤਸਵੀਰਾਂ ਅੱਜ ਵੀ ਮੌਜੂਦ ਹਨ।

ਗੁਰੂ ਗ੍ਰੰਥ ਸਾਹਿਬ ਦਾ ਮੁਕੰਮਲ ਸਰੂਪ ਕਿਸੇ ਦਮਦਮਾ ਸਾਹਿਬ ਵਿਚ ਤਿਆਰ ਹੋਇਆ?

1678 ਵਿਚ ਗੁਰੂ ਗੋਬਿੰਦ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦਾ ਨਵਾਂ ਮੁਕੰਮਲ ਸਰੂਪ ਤਿਆਰ ਕਰਵਾਉਣਾ ਸ਼ੁਰੂ ਕੀਤਾ। ਉਸ ਵਕਤ ਗੁਰੂ ਗ੍ਰੰਥ ਦਾ ਸਰੂਪ ਤਿਆਰ ਕਰਵਾਉਣਾ ਸ਼ੁਰੂ ਕੀਤਾ। ਉਸ ਵਕਤ ਗੁਰੂ ਗ੍ਰੰਥ ਸਾਹਿਬ ਦੀ ਆਦਿ ਬੀੜ ਧੀਰਮੱਲੀਆਂ ਕੋਲ ਸੀ। ਧੀਰ ਮੱਲ ਆਪ ਤਾਂ 16 ਨਵੰਬਰ 1677 ਦੇ ਦਿਨ ਔਰੰਗਜ਼ੇਬ ਦੀ ਕੈਦ ਵਿਚ ਮਰ ਚੁੱਕਾ ਸੀ ਤੇ ਉਸ ਦੇ ਵੱਡੇ ਪੁੱਤਰ ਰਾਮ ਚੰਦ ਨੂੰ 24 ਜੁਲਾਈ 1678 ਦੇ ਦਿਨ ਔਰੰਗਜ਼ੇਬ ਨੇ ਚਾਂਦਨੀ ਚੌਕ ਦਿੱਲੀ ਵਿਚ ਕਤਲ ਕਰਵਾ ਦਿੱਤਾ ਸੀ। ਰਾਮ ਚੰਦ ਮਗਰੋਂ ਉਸ ਦਾ ਛੋਟਾ ਭਰਾ, ਭਾਰ ਮੱਲ, ਧੀਰ ਮੱਲ ਦਾ ਵਾਰਿਸ ਬਣਿਆ। 9 ਅਗਸਤ 1678 ਦੇ ਦਿਨ ਰਾਮ ਚੰਦ ਦੀ ਅੰਤਿਮ ਰਸਮ ਤੇ ਗੁਰੂ ਸਾਹਿਬ ਨੇ ਭਾਈ ਮਨੀ ਸਿੰਘ ਨੂੰ ਬਕਾਲਾ (ਹੁਣ ਬਾਬਾ ਬਕਾਲਾ) ਭੇਜਿਆ। ਰਸਮ ਪੂਰੀ ਹੋਣ ਮਗਰੋਂ ਭਾਈ ਮਨੀ ਸਿੰਘ ਨੇ ਭਾਰ ਮੱਲ ਨੂੰ ਆਖਿਆ ਕਿ ਗੁਰੂ ਸਾਹਿਬ ਨਵਾਂ ਸਰੂਪ ਤਿਆਰ ਕਰਨਾ ਚਾਹੁੰਦੇ ਹਨ, ਇਸ ਕਰ ਕੇ ਉਹ ਕੁਝ ਦਿਨਾਂ ਵਾਸਤੇ ਆਦਿ ਬੀੜ ਦੇ ਦੇਵੇ। ਭਾਰ ਮੱਲ ਨੇ ਬੀੜ ਚੱਕ ਨਾਨਕੀ ਭੇਜਣ ਵਾਸਤੇ ਅਸਿੱਧੇ ਤਰੀਕੇ ਨਾਲ ਨਾਂਹ ਕਰ ਦਿੱਤੀ ਅਤੇ ਆਖਿਆ ਕਿ ਮੈਂ ਹੁਣ ਬਕਾਲਾ ਛੱਡ ਕੇ ਕਰਤਾਰਪੁਰ (ਜਲੰਧਰ) ਰਹਿਣ ਲੱਗ ਪੈਣਾ ਹੈ। ਗੁਰੂ ਸਾਹਿਬ ਕਿਸੇ ਨੂੰ ਉੱਥੇ ਭਜ ਕੇ ਆਦਿ ਬੀੜ ਦਾ ਉਤਾਰਾ ਕਰਵਾ ਲੈਣ (ਇਹ ਬੀੜ ਦੁੱਰਾਨੀ ਦੇ ਹਮਲੇ ਵੇਲੇ 1757 ਵਿਚ ਸੜ ਗਈ ਸੀ; ਹੁਣ ਉਨ੍ਹਾਂ ਕੋਲ ਕੁਝ ਖਾਰੀਆਂ ਬੀੜਾਂ ਦੇ ਉਤਾਰੇ ਹਨ, ਅਸਲ ਬੀੜ ਨਹੀਂ ਹੈ)ਙ ਇਸ ਮਗਰੋਂ ਗੁਰੂ ਸਾਹਿਬ ਭਾਈ ਮਨੀ ਰਾਮ (ਸਿੰਘ) ਨੇ ਗੁਰੂ ਸਾਹਿਬ ਦੀ ਹਦਾਇਤ ਤੇ ਗੁਰੂ ਤੇਗ਼ ਬਹਾਦਰ ਸਾਹਿਬ ਦੀ ਬਾਣੀ ਸ਼ਾਮਿਲ ਕਰਵਾ ਕੇ ਦਮਦਮੀ ਸਰੂਪ ਤਿਆਰ ਕੀਤਾ। ਕਿਉਂਕਿ ਇਹ ਸਰੂਪ ਦਮਦਮਾ ਸਾਹਿਬ (ਅਨੰਦਪੁਰ ਸਾਹਿਬ) ਵਿਚ ਮੁਕੰਮਲ ਕੀਤਾ ਗਿਆ ਸੀ ਇਸ ਕਰ ਕੇ ਇਸ ਨੂੰ ਦਮਦਮੀ ਬੀੜ ਨਾਂ ਦਿੱਤਾ ਗਿਆ ਸੀ। ਤਲਵੰਡੀ ਸਾਬੋ ਦਾ ਨਾਂ ਗੁਰੂ ਗ੍ਰੰਥ ਸਾਹਿਬ ਨਾਲ ਇਸ ਕਰ ਕੇ ਜੁੜ ਗਿਆ ਕਿਉਂਕਿ ਬਾਬਾ ਦੀਪ ਸਿੰਘ ਨੇ ਇਸ ਜਗਹ ਤੇ ਭਾਈ ਮਨੀ ਸਿੰਘ ਵਾਲੀ ਦਮਦਮੀ ਬੀੜ ਦੇ ਚਾਰ ਉਤਾਰੇ ਕਰਵਾਏ ਸਨ। ਦਮਦਮਾ ਸਾਹਿਬ ਅਨੰਦਪੁਰ ਵਾਲਾ ਹੋਣ ਬਾਰੇ ਪੁਰਾਣੀਆਂ ਲਿਖਤਾਂ ਵਿਚ ਕਈ ਹਵਾਲੇ ਮਿਲਦੇ ਹਨ:

1. ਸਵਰੂਪ ਸਿੰਘ ਕੌਸ਼ਿਸ਼, ਗੁਰੂ ਕੀਆਂ ਸਾਖੀਆਂ
2. ਸੇਵਾ ਸਿੰਘ, ਸ਼ਹੀਦ ਬਿਲਾਸ
3. ਕੋਇਰ ਸਿੰਘ, ਗੁਰਬਿਲਾਸ ਪਾਤਸਾਹੀ 10: ਸਤਰਨ ਸੈ ਸ਼ਿਵ ਨੈਣ ਭਨ, ਪੁਨ ਅਗਨੀ ਪਰਮਾਣੁ, ਆਦਿ ਸਿੰਘਾਸਣ ਦਮਦਮਾ, ਰਾਜ ਧਰਾ ਗੁਰ ਜਾਣ।
4. ਸੁੱਖਾ ਸਿੰਘ, ਗੁਰਬਿਲਾਸ ਪਾਤਸਾਹੀ ਦਸਵੀਂ: ਆਦ ਸਿੰਘਾਸਣ ਦਮਦਮਾ, ਜਾਨਤ ਸਗਲ ਜਹਾਨ, ਜੋ ਏਹ ਕਾਰ ਸੋ ਪੂਜ ਹੈ ਪੈ ਹੈ ਪਰਮ ਨਿਧਾਨ।

ਬਾਬਾ ਦੀਪ ਸਿੰਘ ਅਤੇ ਅਖੌਤੀ ਦਮਦਮੀ ਟਕਸਾਲ

1748 ਵਿਚ ਜਦ ਸਾਰੇ ਸਿੱਖ ਜੱਥਿਆਂ ਨੂੰ 11 ਮਿਸਲਾਂ ਵਿਚ ਵੰਡਿਆ ਗਿਆ ਸੀ ਤਾਂ ਇਕ ਮਿਸਲ ਦਾ ਨਾਂ "ਸ਼ਹੀਦਾਂ ਮਿਸਲ" ਵੀ ਸੀ। ਇਸ ਮਿਸਲ ਦੇ ਪਹਿਲੇ ਜਥੇਦਾਰ (ਬਾਬਾ) ਦੀਪ ਸਿੰਘ ਪੁੱਤਰ ਭਾਈ ਭਗਤਾ ਖਹਿਰਾ ਸਨ। ਆਪ ਦਾ ਜੱਦੀ ਪਿੰਡ ਪਹੂ-ਵਿੰਡ (ਜ਼ਿਲ੍ਹਾ ਅੰਮ੍ਰਿਤਸਰ) ਸੀ। ਦੀਪ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਪਾਹੁਲ ਹਾਸਿਲ ਕੀਤੀ ਸੀ। ਉਸ ਨੇ ਕੁਝ ਚਿਰ ਗੁਰੂ ਜੀ ਦੀ ਸੰਗਤ ਵੀ ਕੀਤੀ ਸੀ। ਉਹ ਬਹੁਤ ਜਾਂਬਾਜ਼ ਜਰਨੈਲ ਸੀ। ਜਦ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੀ ਆਜ਼ਾਦੀ ਦੀ ਜੱਦੋਜਹਿਦ ਦੀ ਅਗਵਾਈ ਕੀਤੀ ਤਾਂ ਉਸ ਨੇ ਇਸ ਮੁਹਿੰਮ ਵਿਚ ਵਧ ਚੜ੍ਹ ਕੇ ਹਿੱਸਾ ਪਾਇਆ ਸੀ। ਪਹਿਲਾਂ ਵੀ ਜਦ 1733 ਵਿਚ ਸਿੱਖ ਫ਼ੌਜਾਂ ਨੂੰ ਤਰੁਣਾ ਦਲ ਤੇ ਬੁੱਢਾ ਦਲ ਵਿਚ ਵੰਡਿਆ ਗਿਆ ਸੀ ਤਾਂ ਬਾਬ ਦੀਪ ਸਿੰਘ ਦਾ ਜਥਾ ਬੁੱਢਾ ਦਲ ਦਾ ਹਿੱਸਾ ਬਣਿਆ ਸੀ। ਬੁੱਢਾ ਦਲ ਦੇ ਪੰਜ ਜਥੇ ਬਣਾਏ ਗਏ ਸਨ। ਇਨ੍ਹਾਂ ਦੇ ਮੁਖੀ ਸਨ: (1) ਦੀਪ ਸਿੰਘ (2) ਜੀਵਨ ਸਿੰਘ ਤੇ ਵੀਰ ਸਿੰਘ (3) ਕਾਹਨ ਸਿੰਘ ਤੇ ਭਾਈ ਬਿਨੋਦ ਸਿੰਘ (4) ਧਰਮ ਸਿਘ ਤੇ ਕਰਮ ਸਿੰਘ (5) ਦਸੌਂਧਾ ਸਿੰਘ। ਇਨ੍ਹਾਂ ਪੰਜਾਂ ਦਾ ਡੇਰਾ (ਟਿਕਾਣਾ) ਦਰਬਾਰ ਸਾਹਿਬ ਕੰਪਲੈਕਸ ਵਿਚ ਰੱਖਿਆ ਗਿਆ ਸੀ। ਬਾਬਾ ਦੀਪ ਸਿੰਘ ਦਾ ਜਥਾ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਦਾ ਹੁੰਦਾ ਸੀ; ਉਦੋਂ ਵੀ ਕੋਈ ਅਖੌਤੀ ਦਮਦਮੀ ਟਕਸਾਲ ਨਾਂ ਮੌਜੂਦ ਨਹੀਂ ਸੀ।

ਪੁਰਾਣੀਆਂ ਲਿਖਤਾਂ ਵਿਚ ਦੀਪ ਸਿੰਘ ਨੂੰ ਸਿਰਫ਼ ਇਕ ਜਰਨੈਲ ਤੇ ਇਸ ਮਿਸਲ ਸ਼ਹੀਦਾਂ ਦਾ ਮੁਖੀ ਲਿਖਿਆ ਮਿਲਦਾ ਹੈ। ਉਸ ਨੂੰ ਕਿਤੇ ਵੀ ਕਿਸੇ ਟਕਸਾਲ ਦਾ ਮੁਖੀ ਨਹੀਂ ਲਿਖਿਆ ਹੋਇਆ।

ਬਾਬਾ ਜਰਨੈਲ ਸਿੰਘ ਅਤੇ ਅਖੌਤੀ ਦਮਦਮੀ ਟਕਸਾਲ ਇਹ ਇਤਫ਼ਾਕ ਹੈ ਕਿ ਇਸ ਜਥੇ ਨੂੰ ਬਾਬਾ ਜਰਨੈਲ ਸਿੰਘ ਰੋਡੇ (12.2.1947 6.6.1986) ਵਰਗੀ ਹਸਤੀ ਮਿਲ ਗਈ, ਜਿਸ ਨੇ ਸਿੱਖ ਤਵਾਰੀਖ਼ ਵਿਚ ਇਕ ਐਸਾ ਜ਼ਲਜ਼ਲਾ ਲੈ ਆਂਦਾ, ਜਿਸ ਨਾਲ ਬਾਕੀ ਜੱਥੇ ਆਪਣਾ ਨਾਂ ਗੁਆ ਬੈਠੇ। ਉਹ ਆਪ ਤਾਂ ਸ਼ਹੀਦ ਹੋ ਕੇ ਤਵਾਰੀਖ਼ ਵਿਚ ਆਪਣੀ ਲਾਸਾਨੀ ਥਾਂ ਬਣਾ ਗਿਆ।

ਪਰ, ਇਸ ਦਾ ਇਕ ਬਹੁਤ ਵੱਡਾ ਨੁਕਸਾਨ ਇਹ ਹੋਇਆ ਕਿ ਅਖੌਤੀ ਦਮਦਮੀ ਟਕਸਾਲ ਨੂੰ ਗੁਰੂ ਸਾਹਿਬ ਦਾ ਬਣਾਏ ਜੱਥੇ ਵਜੋਂ ਪਰਚਾਰਨ ਦੇ ਝੂਠ ਦੀ ਸ਼ੁਰੂਆਤ ਵੀ ਹੋ ਗਈ। ਬਾਬਾ ਜਰਨੈਲ ਸਿੰਘ ਦੀ ਸ਼ਖ਼ਸੀਅਤ ਅਤੇ ਸ਼ਹੀਦੀ ਕਰ ਕੇ ਲੋਕ ਇਸ ਝੂਠ ਨੂੰ ਸੱਚ ਮੰਨਣ ਲਗ ਪਏ।

ਦਰਅਸਲ ਬਾਕੀ ਜਥੇਬੰਦੀਆਂ ਅਤੇ ਜਥੇ (ਸਣੇ ਅਖੰਡ ਕੀਰਤਨੀ ਜਥਾ ੳਤੇ ਨਿਹੰਗ ਜੱਥੇ) ਬੇਵਜਹ ਡਰ ਗਏ ਅਤੇ ਸੱਚ ਦੀ ਜਗਹ ਝੂਠ ਕਾਇਮ ਹੋ ਗਿਆ। ਜਦ ਕਿ ਹਕੀਕਤ ਇਹ ਹੈ ਕਿ ਨਾ ਗੁਰੂ ਜੀ ਨੇ ਕੋਈ ਅਖੌਤੀ ਟਕਸਾਲ ਬਣਾਈ ਸੀ, ਨਾ ਬਾਬਾ ਦੀਪ ਸਿੰਘ ਇਸ ਦੇ ਮੁਖੀ ਸਨ ਤੇ ਨਾ ਹੀ ਇਹ ਭਿੰਡਰਾਂ-ਮਹਿਤਾ ਜੱਥਾ ਗੁਰਮਤਿ ਦਾ ਧਾਰਨੀ ਹੈ। ਇਹ ਤਾਂ ਉਦਾਸੀ-ਨਿਰਮਲਾ ਸੋਚ ਅਤੇ ਵੇਦਾਂਤ ਦੇ ਕਰਮ ਕਾਂਡ ਵਾਲੇ ਲੋਕਾਂ ਦਾ ਜੱਥਾ ਹੈ।

ਪੁਰਾਣੀਆਂ ਕਿਤਾਬਾਂ ਤੇ ਹੋਰ ਲਿਖਤਾਂ ਅਤੇ ਅਖੌਤੀ ਦਮਦਮੀ ਟਕਸਾਲ

ਅਖੌਤੀ ਦਮਦਮੀ ਟਕਸਾਲ ਨਾਂ ਦੀ ਕੋਈ ਚੀਜ਼ 1977 ਤੋਂ ਪਹਿਲਾਂ ਮੌਜੂਦ ਨਹੀਂ ਸੀ। ਦੁਨੀਆਂ ਭਰ ਦੀ ਕਿਸੇ ਇਕ ਕਿਤਾਬ ਵਿਚ ਵੀ ਇਹ ਨਾਂ ਨਹੀਂ ਆਉਂਦਾ। 1977 ਤੋਂ ਪਹਿਲਾਂ ਛਪੀਆਂ, ਚੌਕ ਮਹਿਤਾ ਵਾਲਿਆਂ ਦੀਆਂ ਆਪਣੀਆਂ, ਕਿਤਾਬਾਂ ਵਿਚ ਵੀ ਜਥਾ ਭਿੰਡਰਾਂ-ਮਹਿਤਾ ਹੀ ਲਿਖਿਆ ਮਿਲਦਾ ਹੈ। ਦੂਜੇ ਡੇਰੇ (ਮੋਹਣ ਸਿੰਘ) ਵਾਲੇ ਵੀ ਆਪਣੇ ਆਪ ਨੂੰ ਜਥਾ ਭਿੰਡਰਾਂ ਹੀ ਲਿਖਦੇ ਸਨ। ਉਨ੍ਹਾਂ ਦੀਆਂ ਆਪਣੀਆਂ, ਕਿਤਾਬਾਂ ਵਿਚ ਵੀ ਜਥਾ ਭਿੰਡਰਾਂ ਹੀ ਲਿਖਿਆ ਮਿਲਦਾ ਹੈ; ਉਹ ਕਿਤੇ ਕਿਤੇ ਭਿੰਡਰਾਂ ਟਕਸਾਲ ਵੀ ਲਿਖ ਦੇਂਦੇ ਸਨ। ਪਰ ਅਖੋਤੀ ਦਮਦਮੀ ਟਕਸਾਲ ਲਫ਼ਜ਼ ਕਿਤੇ ਲਿਖਿਆ ਨਹੀਂ ਮਿਲਦਾ। ਨਾ ਤਾਂ ਕਦੇ ਗਿਆਨੀ ਸੁੰਦਰ ਸਿੰਘ ਨੇ ਖ਼ੁਦ ਨੂੰ ਦਮਦਮੀ ਟਕਸਾਲ ਕਿਹਾ ਸੀ ਤੇ ਨਾ ਗਿਆਨੀ ਗੁਰਬਚਨ ਸਿੰਘ ਨੇ। ਕਿਸੇ ਲਿਖਤ ਵਿਚ ਇਹ ਲਫ਼ਜ਼ ਨਹੀਂ ਮਿਲਦਾ; ਗਿਆਨੀ ਗੁਰਬਚਨ ਸਿੰਘ ਦੀ ਆਪਣੀ ਲਿਖੀ (1977 ਤੋਂ ਪਹਿਲਾਂ ਦੀ) ਲਿਖਤ ਵਿਚ ਵੀ ਇਸ ਲਫ਼ਜ਼ ਦੀ ਵਰਤੋਂ ਨਹੀਂ ਮਿਲਦੀ। ਕੋਇਰ ਸਿੰਘ, ਸੁੱਖਾ ਸਿੰਘ, ਕਵੀ ਸੰਤੋਖ ਸਿੰਘ, ਗਿਆਨੀ ਗਿਆਨ ਸਿੰਘ, ਭਾਈ ਵੀਰ ਸਿੰਘ, ਗਿਆਨੀ ਦਿੱਤ ਸਿੰਘ, ਪ੍ਰ. ਗੁਰਮੁਖ ਸਿੰਘ, ਭਾਈ ਵੀਰ ਸਿੰਘ, ਮੋਹਨ ਸਿੰਘ ਵੈਦ, ਮਾਸਟਰ ਤਾਰਾ ਸਿੰਘ, ਪ੍ਰੋ. ਪੂਰਨ ਸਿੰਘ, ਪ੍ਰਿੰਸੀਪਲ ਗੰਗਾ ਸਿੰਘ, ਭਾਈ ਕਾਹਨ ਸਿੰਘ ਨਾਭਾ ਦੀ ਕਿਸੇ ਲਿਖਤ ਵਿਚ ਅਖੌਤੀ ਦਮਦਮੀ ਟਕਸਾਲ ਲਫ਼ਜ਼ ਕਿਤੇ ਲਿਖਿਆ ਨਹੀਂ ਮਿਲਦਾ। ਮਹਾਨ ਕੋਸ਼, ਜੋ 1930 ਵਿਚ ਛਪਿਆ ਸੀ, ਵਿਚ ਵੀ ਦਮਦਮੀ ਟਕਸਾਲ ਲਫ਼ਜ਼ ਵੀ ਕਿਤੇ ਨਹੀਂ ਮਿਲਦਾ। 1977 ਤਕ ਦੀ ਕਿਸੇ ਅਖ਼ਬਾਰ, ਰਿਸਾਲੇ ਵਿਚ ਇਹ ਲਫ਼ਜ਼ ਨਹੀਂ ਮਿਲਦਾ। ਮੇਰਾ ਚੈਲੰਜ ਹੈ ਕਿ 1977 ਤੋਂ ਪਹਿਲਾਂ ਛਪੀ ਕਿਸੇ ਇਕ ਕਿਤਾਬ ਜਾਂ ਕਿਸੇ ਵੀ ਸੋਮੇ ਵਿਚ ਲਫ਼ਜ਼ ਦਮਦਮੀ ਟਕਸਾਲ ਦਿਖਾ ਦੇਣ ਤਾਂ ਮੈਂ ਇਸ ਜਥੇ ਅੱਗੇ ਸਿਰ ਝੁਕਾ ਦੇਵਾਂਗਾ ਤੇ ਸਦਾ ਵਾਸਤੇ ਇਨ੍ਹਾਂ ਦਾ ਸੇਵਾਦਾਰ ਬਣ ਜਾਵਾਂਗਾ।

ਚੌਕ ਮਹਿਤਾ ਡੇਰਾ ਦੀ ਮੌਜੂਦਾ ਪੁਜ਼ੀਸ਼ਨ

ਬਾਬਾ ਜਰਨੈਲ ਸਿੰਘ ਦੀ ਸ਼ਹੀਦੀ (7 ਜੂਨ 1984) ਮਗਰੋਂ ਠਾਕਰ ਸਿੰਘ ਨੂੰ ਇਸ ਡੇਰੇ ਦਾ ਕਾਰ ਮੁਖ਼ਤਾਰ (ਮੈਨੇਜਰ) ਮੰਨ ਲਿਆ ਗਿਆ। ਕਈ ਸਾਲ ਮਗਰੋਂ ਉਸ ਨੂੰ ਡੇਰੇ ਦਾ ਮੁਖੀ ਵੀ ਮੰਨ ਲਿਆ ਗਿਆ। ਉਸ ਦੀ ਮੌਤ 24 ਦਸੰਬਰ 2004 ਦੇ ਦਿਨ ਹੋਈ। ਠਾਕਰ ਸਿੰਘ ਮਗਰੋਂ ਇਸ ਡੇਰੇ ਦੇ ਮੁਖੀ ਦਾ ਮਸਲਾ ਸਾਹਮਣੇ ਆਇਆ ਤਾਂ ਪਹਿਲਾਂ ਤਾਂ ਭਾਈ ਮੁਹਕਮ ਸਿੰਘ ਦਾ ਨਾਂ ਚਲਦਾ ਰਿਹਾ (ਜੋ ਇਕ ਇਕ ਸੁਚੱਜੀ ਚੋਣ ਹੋਣੀ ਸੀ) ਪਰ ਜਦ ਇਹ ਗੱਲ ਖ਼ੁਫ਼ੀਆ ਥਰਡ ਏਜੰਸੀ ਤੱਕ ਪੁੱਜੀ ਤਾਂ ਉਹ ਬਹੁਤ ਚੌਕਸ ਹੋ ਗਏ ਅਤੇ ਭਾਈ ਮੁਹਕਮ ਸਿੰਘ ਨੂੰ ਮੁਖੀ ਬਣਨ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ।

ਇਸ ਵਿਚ ਕੇ.ਪੀ.ਐਸ. ਗਿੱਲ (ਹਜ਼ਾਰਾਂ ਸਿੱਖ ਨੌਜਵਾਨਾਂ ਦੇ ਕਾਤਲ ਪੰਜਾਬ ਦਾ ਸਾਬਕਾ ਪੁਲ ਮੁਖੀ) ਨੇ ਬਹੁਤ ਰੋਲ ਅਦਾ ਕੀਤਾ। ਹਰਨਾਮ ਸਿੰਘ ਧੁੰਮਾ ਨਾਲ ਉਸ ਦੀ ਬਹੁਤ ਨੇੜਤਾ ਸੀ। ਇਹ ਨੇੜਤਾ 14 ਅਕਤੂਬਰ 1992 ਦੇ ਦਿਨ ਉਦੋਂ ਬਣੀ ਸੀ ਜਦ ਦੋਹਾਂ ਵਿਚਕਾਰ ਚੌਕ ਮਹਿਤਾ ਵਿਚ ਖ਼ੁਫ਼ੀਆ ਮਟਿੰਗ ਹੋਈ ਸੀ ਤੇ ਉਸ ਮਗਰੋਂ ਗਿੱਲ ਨੇ ਹਰਨਾਮ ਸਿੰਘ ਧੁੰਮਾ ਨੂੰ ਕਨੇਡਾ ਤੇ ਅਮਰੀਕਾ ਦਾ ਵੀਜ਼ਾ ਦਿਵਾਇਆ ਸੀ। ਉਸ ਨੇ ਅਮਰੀਕਾ ਵਿਚ ਬੈਠੇ ਹਰਨਾਮ ਸਿੰਘ ਨਾਲ ਰਾਬਤਾ ਬਣਾਇਆ। ਪਰ ਹਰਨਾਮ ਸਿੰਘ ਉਦੋਂ ਤਕ ਅਮਰੀਕਾ ਦੀ ਸ਼ਹਰੀਅਤ ਲੈ ਚੁਕਾ ਸੀ ਤੇ ਉਸ ਨੂੰ ਭਾਰਤ ਆਉਣ ਜਾਂ ਰਹਿਣ ਵਾਸਤੇ ਵੀਜ਼ੇ ਦੀ ਲੋੜ ਸੀ।ਥਰਡ ਏਜੰਸੀ ਨੇ ਧੁੰਮਾ ਨੂੰ ਭਾਰਤ ਦੇ ਪੱਕੇ ਵੀਜ਼ੇ ਦਾ ਵਾਅਦਾ ਕੀਤਾ। ਪਰ ਇਸ ਨਿਸ਼ਾਨੇ ਦੇ ਰਾਹ ਵਿਚ ਇਕ ਵੱਡੀ ਰੁਕਾਵਟ ਸੀ ਜਸਬੀਰ ਸਿੰਘ ਰੋਡੇ ਅਤੇ ਬਾਬਾ ਜਰਨੈਲ ਸਿੰਘ ਦਾ ਵੱਡਾ ਪੁੱਤਰ। ਜਸਬੀਰ ਸਿੰਘ ਦਾ ਕੇ.ਪੀ. ਗਿੱਲ ਨਾਲ ਕੋਈ ਵਧੀਆ ਸਬੰਧ ਨਹੀਂ ਸੀ। ਇਹ ਮਸਲਾ ਥਰਡ ਏਜੰਸੀ ਨੇ ਹੱਲ ਕਰ ਦਿੱਤਾ। ਥਰਡ ਏਜੰਸੀ ਦਾ ਜਸਬੀਰ ਸਿੰਘ ਨਾਲ ਸਬੰਧ ਐਮ.ਕੇ. ਧਰ ਰਾਹੀਂ 1988 ਤੋਂ ਹੀ ਜੁੜਿਆ ਹੋਇਆ ਸੀ। ਥਰਡ ਏਜੰਸੀ ਨੇ ਜਸਬੀਰ ਸਿੰਘ ਨੂੰ ਲਾਰਾ ਲਾਇਆ ਕਿ ਹਰਨਾਮ ਸਿੰਘ ਨੂੰ ਵਕਤੀ ਤੌਰ ਤੇ ਚੌਕ ਮਹਿਤਾ ਡੇਰੇ ਦਾ ਮੁਖੀ ਬਣਾਉਣਾ ਹੈ ਤੇ ਇਸ ਨਾਲ ਮੋਹਕਮ ਸਿੰਘ ਦਾ ਨਾਂ ਪਿੱਛੇ ਪੈ ਜਾਵੇਗਾ ਤੇ ਫਿਰ ਹਰਨਾਮ ਸਿੰਘ ਤੋਂ ਉਸ (ਜਸਬੀਰ ਸਿੰਘ) ਨੂੰ ਮੁਖੀ ਬਣਾ ਦਿੱਤਾ ਜਾਵੇਗਾ। ਇਸ ਕਰ ਕੇ ਜਸਬੀਰ ਸਿੰਘ ਨੇ ਆਪਣਾ ਹੱਕ ਜਿਤਾਉਣਾ ਬੰਦ ਕਰ ਦਿੱਤਾ ਤੇ ਇੰਞ ਹਰਨਾਮ ਸਿੰਘ ਧੁੰਮਾ 2 ਜਨਵਰੀ 2005 ਦੇ ਦਿਨ ਇਸ ਡੇਰੇ ਦਾ ਮੁਖੀ ਬਣਿਆ। ਧੁੰਮਾ ਭਾਰਤ ਵਿਚ ਵੀਜ਼ੇ ਤੇ ਹੈ ਅਤੇ ਥਰਡ ਏਜੰਸੀ ਜਦ ਚਾਹੇ ਉਸ ਦਾ ਵੀਜ਼ਾ ਕੈਂਸਲ ਕਰ ਕੇ ਵਾਪਿਸ ਅਮਰੀਕਾ ਭੇਜ ਸਕਦੀ ਹੈ। ਇਸ ਕਰ ਕੇ ਹਰਨਾਮ ਸਿੰਘ ਧੁੰਮਾ ਥਰਡ ਏਜੰਸੀ ਦੇ ਹੁਕਮ ਨੂੰ ਕਦੇ ਮੋੜ ਨਹੀਂ ਸਕਦਾ। ਥਰਡ ਏਜੰਸੀ ਵਿਚ ਆਰ.ਐਸ.ਐਸ. ਦਾ ਪੂਰਾ ਗ਼ਲਬਾ ਹੈ ਤੇ ਸਿੱਖ ਮਸਲੇ ਤੇ ਉਹ ਇਕ ਹਨ; ਇਸੇ ਕਰ ਕੇ ਚੌਕ ਮਹਿਤਾ (ਯਾਨਿ ਅਖੌਤੀ ਦਮਦਮੀ ਟਕਸਾਲ) ਆਰ.ਐਸ.ਐਸ. ਦੀ ਮਰਿਆਦਾ ਨੂੰ ਚੌਕ ਮਹਿਤਾ ਡੇਰੇ ਵਿਚ ਕਿਸ਼ਤਾਂ ਵਿਚ ਲਾਗੂ ਕਰ ਰਹੀ ਹੈ।

ਅੱਜ ਚੌਕ ਮਹਿਤਾ ਡੇਰਾ ਥਰਡ ਏਜੰਸੀ ਅਤੇ ਆਰ.ਐਸ.ਐਸ. ਦੀ ਜਕੜ ਵਿਚ ਹਨ। ਭਾਈ ਮੋਹਕਮ ਸਿੰਘ ਤੇ ਬਾਬਾ ਜਰਨੈਲ ਸਿੰਘ ਦੇ ਹੋਰ ਸਾਥੀਆਂ ਅਤੇ ਚੇਲਿਆਂ ਦੀ ਉਥੇ ਹੁਣ ਕੋਈ ਜਗਹ ਨਹੀਂ ਹੈ। ਹੁਣ ਥਰਡ ਏਜੰਸੀ ਦੀਆਂ ਕਿਤਾਬਾਂ ਵਿਚ ਹਰਨਾਮ ਸਿੰਘ ਦਾ ਨਾਂ ਜਸਬੀਰ ਸਿੰਘ ਰੋਡੇ ਤੋਂ ਵੀ ਵਧ ਵਫ਼ਾਦਾਰਾਂ ਵਿਚ ਗਿਣਿਆ ਜਾਂਦਾ ਹੈ।

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top