Share on Facebook

Main News Page

ਸੰਗਤ ਟੀ.ਵੀ. ਉੱਤੇ ਬ੍ਰਾਹਮਣਵਾਦੀ ਏਜੰਡਾ ;
ਅੰਮ੍ਰਿਤ ਦੀਆਂ ਬਾਣੀਆਂ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੋਣ ‘ਤੇ ਚੀਕ ਚਿਹਾੜਾ ਪਾਉਣ ਵਾਲਿਆਂ ਨੂੰ ਸਵਾਲ

-: ਪ੍ਰੋ. ਕਸ਼ਮੀਰਾ ਸਿੰਘ USA

ਮਿਤੀ 11 ਮਈ, 2016 ਨੂੰ ਸੰਗਤ ਟੀ ਵੀ ਚੈਨਲ ਵਾਲ਼ੇ ਇੱਕ ਵਿਗਿਆਪਨ ਵਿੱਚ ਕੁੱਝ ਕੇਸ਼ਾ ਧਾਰੀ ਸਿੱਖਾਂ ਵਲੋਂ ਵਾਰੀ ਵਾਰੀ ਕੀਤੀ ਇਕ ਬੇਨਤੀ ਦਿਖਾ ਰਹੇ ਸਨ। ਬੇਨਤੀਕਾਰ ਕਹਿ ਰਹੇ ਸਨ : ਅਮਕੇ ਦਿਨ ਅਮਕੇ ਸਥਾਨ ਉੱਤੇ ਇੱਕ ਮੀਟਿੰਗ ਰੱਖੀ ਗਈ ਹੈ ਜਿੱਸ ਵਿੱਚ ਦੋ ਬਾਣੀਆਂ ਨਾਲ ਅੰਮ੍ਰਿਤ ਛਕਾਉਣ ਵਾਲ਼ਿਆਂ ਵਿਰੁੱਧ ਸਖ਼ਤੀ ਵਰਤਣ ਵਾਰੇ ਵਿਚਾਰ ਕੀਤੀ ਜਾਵੇਗੀ; ਉਹ ਕਹਿ ਰਹੇ ਸਨ ਕਿ ਜੋ ਗੁਰੂ ਗੋਬਿੰਦ ਸਿੰਘ ਜੀ ਦਾ ਬਣਾਇਆ ਪੰਜ ਬਾਣੀਆਂ ਦਾ ਕਾਨੂਨ ਹੈ, ਉਸ ਨੂੰ ਤੋੜਿਆ ਨਹੀਂ ਜਾ ਸਕਦਾ; ਉਹ ਕਹਿ ਰਹੇ ਸਨ ਕਿ ਅਜਿਹੇ ਲੋਕ ਸਿੱਖਾਂ ਵਿੱਚ ਵੰਡੀਆਂ ਪਾਉਣ ਦਾ ਕੰਮ ਕਰ ਰਹੇ ਹਨ।

ਗਿਆਨ ਅੰਜਨੁ ਗੁਰੂ ਦੇ ਹੁੰਦਿਆਂ ਬੇਨਤੀਕਾਰ ਕੇਸ਼ਾਧਾਰੀ ਸਿੱਖਾਂ ਦੇ ਅਗਿਆਨ ਅੰਧੇਰੁ ਦਾ ਵਿਨਾਸ਼ ਨਾ ਹੋਵੇ, ਇਹ ਗੱਲ ਕੋਈ ਜਚਦੀ ਨਹੀਂ ਤੇ ਨਾ ਹੀ ‘ਸੁਖਮਨੀ’ ਪੜ੍ਹੀ ਦੀ ਕਦੇ ਕੋਈ ਵਿਚਾਰ ਕੀਤੀ ਜਾਪਦੀ ਹੈ, ਤੋਤਾ ਰਟਨੀ ਪਾਠ ਤਾਂ ਬੜੇ ਕੀਤੇ ਹੋਣਗੇ!!!

  1. ਇਨ੍ਹਾਂ ਸਿੱਖ ਵੀਰਾਂ ਨੂੰ ਇਹ ਹੀ ਨਹੀਂ ਪਤਾ ਕਿ ਗੁਰੂ ਦਸਵੇਂ ਪਾਤਿਸ਼ਾਹ ਜੀ ਵਲੋਂ ਪੰਜ ਬਾਣੀਆਂ ਪੜ੍ਹਨ ਅਤੇ ਉਨ੍ਹਾਂ ਦੇ ਸਰੂਪ ਵਾਰੇ ਪੁਰਾਤਨ ਸ੍ਰੋਤ ਜਿਵੇਂ ‘ਗੁਰ ਸ਼ੋਭਾ’ ਰਚਿਤ ਕਵੀ ਸੈਨਾ ਸਿੰਘ (ਸੈਨਾਪਤੀ) ਰਚਨ-ਕਾਲ਼ ਸੰਨ 1701 ਤੋਂ 1711 (ਖ਼ਾਲਸ ਸਾਜਣ ਤੋਂ 2 ਤੋਂ 12 ਸਾਲ ਪਿੱਛੋਂ), ‘ਕੁਲਿਆਤ’ ਰਚਿਤ ਭਾਈ ਨੰਦ ਲਾਲ ਸਿੰਘ ਜੀ (ਦਸਵੇਂ ਪਾਤਿਸ਼ਾਹ ਜੀ ਦਾ ਅਨਿੰਨ ਸਮਕਾਲੀ ਸਿੱਖ) ਆਦਿਕ ਕੋਈ ਜ਼ਿਕਰ ਨਹੀਂ ਕਰਦੇ। ਉਨ੍ਹਾਂ ਕਿਹੜੀ ਬਾਣੀ ਪੜ੍ਹੀ , ਕੋਈ ਜ਼ਿਕਰ ਨਹੀਂ ਹੈ। ਸਪੱਸ਼ਟ ਹੈ ਕਿ ਬਾਕੀ ਗੁਰੂ ਪਾਤਿਸ਼ਾਹਾਂ ਵਲੋਂ ਸਿੱਖੀ ਪ੍ਰਵੇਸ਼ ਸਮੇਂ ਪੜ੍ਹੀ ਜਾਂਦੀ ਬਾਣੀ ਤੋਂ ਜੇ ਕੋਈ ਵੱਖਰੀ ਰਚਨਾ ਪੜ੍ਹੀ ਜਾਂਦੀ, ਤਾਂ ਹੀ ਜ਼ਿਕਰ ਕਰਦੇ। ਪੰਜਾਂ ਬਾਣੀਆਂ ਦਾ ਕਾਲ਼ਾ ਜਾਦੂ ਸ਼੍ਰੋ. ਕਮੇਟੀ ਨੇ ਕੀਤਾ ਸੀ।

  2. ਅੰਮ੍ਰਿਤ ਛਕਾਉਣ ਤੋਂ ਕਈ ਸਾਲਾਂ ਪਿੱਛੋਂ ਦੀਆਂ ਬ੍ਰਾਹਮਣਵਾਦੀ ਅੰਸ਼ਾਂ ਵਾਲ਼ੀਆਂ ਲਿਖਤਾਂ ਵਿੱਚ ਅੰਮ੍ਰਿਤ ਦੀਆਂ ਕਿਹੜੀਆਂ ਬਾਣੀਆਂ ਗੁਰੂ ਜੀ ਨੇ ਪੜ੍ਹੀਆਂ, ਇਨਾਂ ਵਾਰੇ ਅਟਕਲ਼ ਪੱਚੂ ਲਾਉਣ ਵਾਲ਼ੇ ਕੁੱਝ ਗ੍ਰੰਥ

    ਜਿਵੇਂ ...
    - ‘ਗੁਰਬਿਲਾਸ ਪਾਤਿਸ਼ਾਹੀ ਦਸਵੀਂ’
    (ਲਿਖਣ-ਕਾਲ ਸੰਨ 1751, ਖ਼ਾਲਸਾ ਸਾਜਣ ਤੋਂ 43 ਸਾਲ ਪਿੱਛੋਂ) ਕ੍ਰਿਤ ਕੁਇਰ ਸਿੰਘ,
    - ‘ਹਿਸਟਰੀ ਆਫ਼ ਸਿਖਸ’
    ਕ੍ਰਿਤ ਖ਼ੁਸ਼ਵੰਤ ਰਾਇ ਲਿਖਣ-ਕਾਲ਼ ਸੰਨ 1754 (ਖ਼ਾਲਸਾ ਸਾਜਣ ਤੋਂ 46 ਸਾਲਾਂ ਪਿੱਛੋਂ ਦੀ ਲਿਖਤ),
    - ‘ਬੰਸਾਵਲੀ ਨਾਮਾ’
    ਕੇਸਰ ਸਿੰਘ ਛਿੱਬਰ ਨੇ ਸੰਨ 1769-70 (ਖ਼ਾਲਸਾ ਸਾਜਣ ਤੋਂ 61 ਸਾਲਾਂ ਪਿੱਛੋਂ ਲਿਖਿਆ),
    - ‘ਪ੍ਰਾਚੀਨ ਪੰਥ ਪ੍ਰਕਾਸ਼’
    (ਸੰਨ 1841 ਵਿੱਚ, ਖ਼ਾਲਸਾ ਸਾਜਣ ਤੋਂ 133 ਸਾਲ ਪਿੱਛੋਂ ਲਿਖਿਆ) ਰਚਿੱਤ ਭਾਈ ਰਤਨ ਸਿੰਘ ਭੰਗੂ ,
    - ‘ਸੂਰਜ ਪ੍ਰਕਾਸ਼’
    (ਸੰਨ 1843 ਵਿੱਚ, ਖ਼ਾਲਸਾ ਸਾਜਣ ਤੋਂ 135 ਸਾਲ ਪਿੱਛੋਂ ਲਿਖਿਆ) ਰਚਿੱਤ ਕਵੀ ਸੰਤੋਖ ਸਿੰਘ,
    - ‘ਕਲਗੀਧਰ ਚਮਤਕਾਰ
    ’ ਰਚਿਤ ਭਾਈ ਵੀਰ ਸਿੰਘ (ਜੀਵਨ ਕਾਲ਼ ਸੰਨ 1872-1957),
    - ‘ਪੰਥ ਪ੍ਰਕਾਸ਼’
    (ਸੰਨ 1880 ਵਿੱਚ, ਖ਼ਾਲਸਾ ਸਾਜਣ ਤੋਂ 172 ਸਾਲ ਪਿੱਛੋਂ ਦੀ ਲਿਖਤ) ਰਚਿਤ ਗਿਆਨੀ ਗਿਆਨ ਸਿੰਘ ਆਦਿਕ ਕਈ ਗ੍ਰੰਥ ਆਪਸ ਵਿੱਚ ਅੰਮ੍ਰਿਤ ਦੀਆਂ ਬਾਣੀਆਂ ਵਾਰੇ ਇੱਕ-ਮੱਤ ਨਹੀਂ ਹਨ ਅਤੇ ਬਹੁਤੇ ਗ੍ਰੰਥਾਂ ਨੇ ਬ੍ਰਾਮਣਵਾਦੀ ਰਚਨਾਵਾਂ ਨੂੰ ਹੀ ਬੜ੍ਹਾਵਾ ਦਿੱਤਾ ਹੈ।

    ਜਿਵੇਂ ...

    - ਕੁਇਰ ਸਿੰਘ ਅਨੁਸਾਰ ਮੰਤ੍ਰ ਪੜ੍ਹੇ ਗਏ ( ਪੜ੍ਹਤੇ ਹ੍ਵੈ ਉਦਾਸ ਹੋ ਮੰਤ੍ਰਨ ਕੋ।),
    - ਖ਼ੁਸ਼ਵੰਤ ਰਾਇ ਅਨੁਸਾਰ ਪੰਜ ਸਵੱਯੇ ਪੜ੍ਹੇ ਗਏ,
    - ਕੇਸਰ ਸਿੰਘ ਛਿੱਬਰ ਅਨੁਸਾਰ ਜਪੁ ਅਤੇ ਅਨੰਦੁ (ਪੰਜ ਪਉੜੀਆਂ) ਪੜ੍ਹੇ,
    - ਰਤਨ ਸਿੰਘ ਭੰਗੂ ਅਨੁਸਾਰ ‘ਚੰਡੀ ਦੀ ਵਾਰ (ਅਸਲੀ ਨਾਮ ਵਾਰ ਦੁਰਗਾ ਕੀ) ਅਤੇ 32 ਸਵੱਯੇ (ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰੋਂ ਹੀ) ਪੜ੍ਹੇ ਗਏ,
    - ਗਿਆਨੀ ਗਿਆਨ ਸਿੰਘ ਅਨੁਸਾਰ ਪੰਜ-ਪੰਜ ਪਉੜੀਆਂ ਜਪੁ ਅਤੇ ਜਾਪੁ ( ਜਾਪੁ ਵਿੱਚ ਕੇਵਲ ਛੰਦ ਹਨ), ਦਸ ਸਵੱਯੇ (ਕਿਹੜੇ ਅਤੇ ਕਿੱਥੋਂ ਸ਼ੁਰੂ ਤੇ ਸਮਾਪਤ ਹੁੰਦੇ? ਕੋਈ ਪਤਾ ਨਹੀਂ), ਚੌਪਈ (ਕਿਹੜੀ, ਕਿੱਥੋਂ ਤੋਂ ਕਿੱਥੇ ਤਕ? ਕੋਈ ਪਤਾ ਹੀਂ), ਅਨੰਦ (ਕਿੰਨੀਆਂ ਪਉੜੀਆਂ ਕੋਈ ਜ਼ਿਕਰ ਨਹੀਂ) ਰਚਨਾਵਾਂ ਪੜ੍ਹੀਆਂ (ਤਿੰਨ ਰਚਨਾਵਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰੋਂ),
    - ਕਵੀ ਸੰਤੋਖ ਸਿੰਘ ਅਨੁਸਾਰ ਜਪੁ ਜੀ, ਸਵੱਯੇ (ਕਿੰਨੇ ਅਤੇ ਕਿਹੜੇ? ਕੋਈ ਪਤਾ ਨਹੀਂ) ਅਤੇ ਅਨੰਦੁ ਪੰਜ ਪਉੜੀ ਰਚਨਾਵਾਂ ਪੜ੍ਹੀਆਂ (ਦੋ ਰਚਨਾਵਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਅਤੇ ਇੱਕ ਰਚਨਾ ਬਾਹਰੋਂ)। ਇਨ੍ਹਾਂ ਗ੍ਰੰਥਾਂ ਨੇ ਹੀ ਸਿੱਖਾਂ ਵਿੱਚ ਵੰਡੀਆਂ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ।
    - ਭਾਈ ਵੀਰ ਸਿੰਘ ਨੇ ਕਲਗੀਧਰ ਚਮਤਕਾਰ ਵਿੱਚ ਅੰਮ੍ਰਿਤ ਦੀਆਂ ਬਾਣੀਆਂ ਦਾ ਕੋਈ ਵੇਰਵਾ ਨਹੀਂ ਦਿੱਤਾ।
    - ਰਹਿਤਨਾਮਿਆਂ ਵਿੱਚ ਅੰਮ੍ਰਿਤ ਦੀਆਂ ਬਾਣੀਆਂ ਵਾਰੇ ਸੂਚਨਾ ਡਾ. ਪਿਆਰਾ ਸਿੰਘ ਪਦਮ ਦੀ ਪੁਸਤਕ ‘ਰਹਿਤਨਾਮੇ’ ਤੇ ਆਧਾਰਤ ਇਉਂ ਹੈ-

    ਰਹਿਤਨਾਮਾ ਭਾਈ ਦਇਆ ਸਿੰਘ ਪਿਆਰਾ-
    ਜਪੁ ਜੀ, ਚੌਪਈ (ਕਿਹੜੀ? ਕੋਈ ਵੇਰਵਾ ਨਹੀਂ), ਪੰਜ ਸਵੱਯੇ ਅਤੇ ਪੰਜ ਪਉੜੀ ਅਨੰਦ-ਰਚਨਾਵਾਂ ਪੜੀਆਂ, ‘ਜਾਪੁ’ ਪੜ੍ਹੇ ਦਾ ਕੋਈ ਜ਼ਿਕਰ ਨਹੀਂ ਹੈ।

    ਰਹਿਤਨਾਮਾ ਭਾਈ ਚੌਪਾ ਸਿੰਘ ਦਰਬਾਰੀ ਕਵੀ- ਕੇਵਲ ਸਵੱਯੇ ਪੜ੍ਹੇ (ਕਿਹੜੇ? ਕੋਈ ਪਤਾ ਨਹੀਂ)। ਹੋਰ ਕੋਈ ਬਾਣੀ ਨਹੀਂ ਪੜ੍ਹੀ। ਅੰਮ੍ਰਿਤ ਛਕਾ ਕੇ ਗੁਰੂ ਜੀ ਨੇ ‘ਦੇਹ ਸਿਵਾ ਬਰ---’। ਸਵੱਯਾ ਪੜ੍ਹਿਆ।

  3. ਨੋਟ: ਇਹ ਰਹਿਤਨਾਮੇ ਕਿਸੇ ਪੰਥ ਦੋਖੀ ਨੇ ਸਿੱਖਾਂ ਦੇ ਨਾਂ ਵਰਤ ਕੇ ਲਿਖੇ ਜਾਪਦੇ ਹਨ। ਗੁਰੂ ਜੀ ਦੁਰਗਾ ਦੇਵੀ ਤੋਂ ਬਰ ਮੰਗਣ ਵਾਲ਼ਾ ਸਵੱਯਾ ਅਤੇ ਚੌਪਈ ਆਦਿਕ ਨਹੀਂ ਪੜ੍ਹ ਸਕਦੇ ਸਨ। ਏਨੀਆਂ ਲਿਖਤਾਂ ਹੁੰਦਿਆਂ ਹੋਇਆਂ ਕੀ ਬੇਨਤੀਕਾਰਾਂ ਨੂੰ ਅਜੇ ਵੀ ਅੰਮ੍ਰਿਤ ਦੀਆਂ ਬਾਣੀਆਂ ਦੀ ਅਸਲੀਅਤ ਦਾ ਪਤਾ ਨਹੀਂ ਲੱਗਾ? ਅਜੇ ਵੀ ਉਹ ਜਾਪੁ, ਚੌਪਈ, ਸਵੱਯੇ ਆਦਿਕ ਦਾ ਹੀ ਰੌਲ਼ਾ ਪਾ ਰਹੇ ਹਨ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਗੁਰੂ ਰੂਪ ਰਚਨਾਵਾਂ ਦਾ ਕੋਈ ਚੇਤਾ ਨਹੀਂ।

  4. ਕੀ ਬੇਨਤੀਕਾਰਾਂ ਕੋਲ਼ ਕੋਈ ਨਵੀਂ ਖੋਜ ਹੈ? ਜੇ ਹੈ ਤਾਂ ਉਹ ਸਪੱਸ਼ਟ ਕਰਨ। ਹਵਾ ਵਿੱਚ ਸੋਟੇ ਮਾਰਨ ਦਾ ਕੋਈ ਲਾਭ ਨਹੀਂ। ਬੇਨਤੀਕਾਰਾਂ ਨੂੰ ਕਿੱਥੋਂ ਇ਼ਲਮ ਆਇਆ ਕਿ ਗੁਰੂ ਜੀ ਨੇ ਕੋਈ ਖ਼ਾਸ ਪੰਜ ਬਾਣੀਆਂ ਹੀ ਪੜ੍ਹੀਆਂ? ਬੇਨਤੀਕਾਰਾਂ ਕੋਲ਼ ਜੇ ਕਵੀ ਸੈਨਾ ਸਿੰਘ ਦੀ ਸੰਨ 1711 ਦੀ ਲਿਖਤ ਨਾਲੋਂ ਕੋਈ ਹੋਰ ਨੇੜੇ ਦੀ ਲਿਖਤ ਹੈ ਤਾਂ ਉਹ ਜੱਗ ਜ਼ਾਹਰ ਕਰਨ ਜਿੱਸ ਵਿੱਚ ਅੰਮ੍ਰਿਤ ਦੀਆਂ ਬਾਣੀਆਂ ਦਾ ਵੇਰਵਾ ਦਿੱਤਾ ਗਿਆ ਹੋਵੇ। ਜਾਗਰੂਕ ਸਿੱਖਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਦਾ ਪ੍ਰਕਾਸ਼ ਹੁੰਦਿਆਂ ਬੁੱਧੂ ਨਹੀਂ ਬਣਾਇਆ ਜਾ ਸਕਦਾ। ਬੇਨਤੀ ਹੈ ਕਿ ਆਪ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲ਼ੀ ਸੋਚ ਦੇ ਧਾਰਨੀ ਬਣੋ। ਦੁਨੀਆਂ ਦਾ ਕੋਈ ਗ੍ਰੰਥ ਇੱਸ ਗੁਰੂ-ਗ੍ਰੰਥ ਦੀ ਬ੍ਰਾਬਰੀ ਨਹੀਂ ਕਰ ਸਕਦਾ।

    ਸੰਗਤ ਟੀ ਵੀ ਚੈਨਲ ਰਾਹੀਂ ਬੇਨਤੀ ਕਰਦੇ ਕੇਸ਼ਾਧਾਰੀ ਸਿੱਖ ਦੱਸਣ ਕਿ ਦਸਵੇਂ ਪਾਤਿਸ਼ਾਹ ਜੀ ਨੇ ਕਿੱਸ ‘ਗ੍ਰੰਥ’ ਨੂੰ ਗੁਰੂ-ਗੱਦੀ ਬਖ਼ਸ਼ ਕੇ ਆਪ ਮੱਥਾ ਟੇਕਿਆ ਸੀ? ਕੀ ਗੁਰੂ ਜੀ ਨੇ ਜਾਪੁ, ਚੌਪਈ, ਸਵੱਯੇ, ਵਾਰ ਦੁਰਗਾ ਕੀ ਆਦਿਕ ਦੁਰਗਾ ਅਤੇ ਮਹਾਂਕਾਲ਼ ਦੀ ਉਸਤਤ ਕਰਦੀਆਂ ਰਚਨਾਵਾਂ ਨੂੰ ਮੱਥਾ ਟੇਕਿਆ ਸੀ? ਜੇ ਨਹੀਂ ਤਾਂ ਉਹ ਕਿਉਂ ਇਨ੍ਹਾਂ ਕੱਚੀਆਂ ਰਚਨਾਵਾਂ ਦਾ ਪ੍ਰਚਾਰ ਕਰ ਕੇ ਬ੍ਰਾਹਮਣਵਾਦੀ ਏਜੰਡਾ ਲਾਗੂ ਕਰਨ ਵਿੱਚ ਸਹਾਇਤਾ ਕਰ ਰਹੇ ਹਨ? ਜੇ ਗੁਰੂ ਜੀ ਨੇ ਦਮਦਮੀ ਬੀੜ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਗੁਰ-ਗੱਦੀ ਦਿੱਤੀ ਸੀ ਤੇ ਉਸ ਨੂੰ ਮੱਥਾ ਟੇਕਿਆ ਸੀ ਤਾਂ ਅੰਮ੍ਰਿਤ ਦੀਆਂ ਬਾਣੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰੋਂ ਲੈਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਜਿੱਸ ਬਾਣੀ ਦੀ ਵਰਤੋਂ ਧੰਨੁ ਗੁਰੂ ਨਾਨਕ ਪਾਤਿਸ਼ਾਹ ਤੋਂ ਧੰਨੁ ਗੁਰੂ ਤੇਗ਼ ਬਹਾਦੁਰ ਪਾਤਿਸ਼ਾਹ ਤਕ ਸਿੱਖੀ ਪ੍ਰਵੇਸ਼ ਲਈ ਵਰਤੀ ਗਈ ਸੀ, ਉਹ ਹੀ ਬਾਣੀ ਦਸਵੇਂ ਪਾਤਿਸ਼ਾਹ ਜੀ ਨੇ ਵਰਤੀ ਸੀ ਕਿਉਂਕਿ ਗੁਰੂ-ਜੋਤਿ ਇੱਕੋ ਹੀ ਸੀ। ਬਾਣੀ ਉਹੋ ਹੀ ਸੀ ਕੇਵਲ ਸਿੱਖੀ ਪ੍ਰਵੇਸ਼ ਦੀ ਵਿਧੀ ਹੀ ਬਦਲੀ ਗਈ ਸੀ। ਨੌਵੇਂ ਗੁਰੂ ਜੀ ਤਕ ਕਿਸੇ ਵੀ ਗੁਰੂ ਪਾਤਿਸ਼ਾਹ ਨੇ ਜਾਪੁ, ਚੌਪਈ, ਸਵੱਯੇ ਆਦਿਕ ਨਹੀਂ ਪੜ੍ਹੇ ਸਨ।

  5. ਕੀ ਸੰਗਤ ਚੈਨਲ ਰਾਹੀਂ ਸਿੱਖਾਂ ਪ੍ਰਤੀ ਤੁਹਾਡੀਆਂ ਕੀਤੀਆਂ ਬੇਨਤੀਆਂ ਤੋਂ ਇਹ ਸਪੱਸ਼ਟ ਨਹੀਂ ਹੁੰਦਾ ਕਿ ਤੁਸੀਂ ਸਿੱਖ ਗੁਰਦੁਆਰਿਆਂ ਵਿੱਚ, ਜਾਪੁ ਸਵੱਯੇ ਚੌਪਈ ਆਦਿਕ ਕੱਚੀਆਂ ਅੰਮ੍ਰਿਤ ਦੀਆਂ ਬਾਣੀਆਂ ਦੀ ਦੁਹਾਈ ਪਾ ਕੇ, ਅਖੌਤੀ ਦਸਮ ਗ੍ਰੰਥ ਦਾ ਗੁਰਦੁਆਰਿਆਂ ਵਿੱਚ ਪ੍ਰਕਾਸ਼ ਕਰਨ ਦਾ ਜ਼ਰੀਆ ਬਣ ਰਹੇ ਹੋ? ਕੀ ਤੁਸੀਂ ਅਜਿਹਾ ਕਰਕੇ ਸਿੱਖੀ-ਮਾਰੂ ਸਨਾਤਨਵਾਦੀ ਜਥੇਬੰਦੀਆਂ ਦਾ ਸਿੱਖੀ ਵਿਰੋਧੀ ਏਜੰਡਾ ਨਹੀਂ ਲਾਗੂ ਕਰ ਰਹੇ? ਕੀ ਤੁਸੀ ਅਜਿਹੀਆਂ ਬੇਨਤੀਆਂ ਕਰ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਹੋਰ ਸ਼ਰੀਕ ਪ੍ਰਵਾਨ ਨਹੀਂ ਕਰ ਰਹੇ ਹੋ? ਕੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੁਹਾਨੂੰ ਇਹ ਆਗਿਆ ਦਿੰਦੀ ਹੈ ਕਿ ਤੁਸੀਂ ਸੱਚੇ ਗੁਰੂ ਦਾ ਇੱਕ ਹੋਰ ਸ਼ਰੀਕ ਪ੍ਰਵਾਨ ਕਰ ਲਓ? ਕੀ ਤੁਸੀਂ ਸ਼ਰੀਕ ਸ਼ਬਦ ਦੇ ਅਰਥ ਕਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਆਪ ਪੜ੍ਹੇ ਹਨ? ਕੀ ਤੁਹਾਨੂੰ ਪਤਾ ਹੈ ਕਿ ‘ਸਰੀਕ’ (ਉੱਚਾਰਣ ਸ਼ਰੀਕ) ਸ਼ਬਦ ਇੱਕ ਵਾਰੀ ਅਤੇ ‘ਸਰੀਕੁ’ ਸ਼ਬਦ 10 ਵਾਰੀ ਧੁਰ ਕੀ ਬਾਣੀ ਵਿੱਚ ਵਰਤਿਆ ਗਿਆ ਹੈ? ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੀ ਗੁਰੂ ਪਰਮੇਸ਼ਰ ਦਾ ਸ਼ਰੀਕ ਕੋਈ ਸ਼ਰੀਕ ਪ੍ਰਵਾਨ ਨਹੀਂ ਕਰਦੇ ਤਾਂ ਤੁਸੀਂ ਕਿਸੇ ਸ਼ਰੀਕ ਦੀਆਂ ਕੱਚੀਆਂ ਰਚਨਾਵਾਂ ਨੂੰ ਕਿਵੇਂ ਮਾਨਤਾ ਦੇ ਰਹੇ ਹੋ? ਜੇ ਧੰਨੁ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਜੀ ਨੇ ਜਾਪੁ, ਸਵੱਯੇ ਅਤੇ ਚੌਪਈ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਨ ਦੇ ਯੋਗ ਨਹੀਂ ਸਮਝਿਆ {ਜੇ ਇਨ੍ਹਾਂ ਰਚਨਾਵਾਂ ਦੀ ਗੁਰੂ-ਕਾਲ਼ ਸਮੇਂ ਹੋਂਦ ਮੰਨ ਵੀ ਲਈ ਜਾਵੇ} ਤਾਂ ਤੁਹਾਨੂੰ ਇਹ ਹੱਕ ਕਿੱਸ ਨੇ ਦਿੱਤਾ ਕਿ ਤੁਸੀਂ ਇਨ੍ਹਾਂ ਨੂੰ ਅੰਮ੍ਰਿਤ ਦੀਆਂ ਬਾਣੀਆਂ ਕਹੀ ਜਾਵੋ? ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਲਾਂ ਬੱਧੀ ਮੱਥਾ ਟੇਕਦਿਆਂ ਕੀ ਤੁਹਾਨੂੰ ਸੱਚੀ ਅਤੇ ਕੱਚੀ ਬਾਣੀ ਦਾ ਹੁਣ ਤਕ ਕੋਈ ਪਤਾ ਨਹੀਂ ਲੱਗਾ? ਅਰਦਾਸਿ ਵਿੱਚ ਰੋਜ਼ਾਨਾ ਮੰਗਿਆ ਜਾਂਦਾ ‘ਬਿਬੇਕ ਦਾਨ’ ਤੁਹਾਡੇ ਉੱਤੇ ਕੋਈ ਅਸਰ ਕਿਉਂ ਨਹੀਂ ਕਰਦਾ? ਤੁਸੀਂ ‘ਬਿਬੇਕ ਦੀਪੁ ਮਲੀਨ’ ਨੂੰ ਧੁਰ ਕੀ ਬਾਣੀ ਦੀ ਰੌਸ਼ਨੀ ਨਾਲ਼ ਕੀ ਅਗਲੇ ਕਿਸੇ ਜਨਮ ਵਿੱਚ ਰੁਸ਼ਨਾਓਗੇ? ਕੀ ਤੁਸੀਂ ਸਾਬਤ ਕਰ ਰਹੇ ਹੋ ਕਿ ਕੇਸ਼ਾਧਾਰੀ ਸਿੱਖ ਹਿੰਦੂ ਹੀ ਹੁੰਦੇ ਹਨ, ਕਿਉਂਕਿ ਤੁਸੀਂ ਦੁਰਗਾ ਮਹਾਂਕਾਲ਼ ਦੀ ਉਸਤਤ ਵਾਲ਼ੀਆਂ ਰਚਨਾਵਾਂ ਨੂੰ ਬੜ੍ਹਾਵਾ ਦੇ ਰਹੇ ਹੋ?

  6. ਅੰਮ੍ਰਿਤ ਦੀਆਂ ਪੰਜ ਬਾਣੀਆਂ ਦਾ ਕਾਲ਼ਾ ਜਾਦੂ ਸਿੱਖਾਂ ਉੱਤੇ ਸੰਨ 1931 ਤੋਂ 1945 ਤਕ ਸ਼੍ਰੋ ਕਮੇਟੀ ਵਲੋਂ ਬਣਾਈ ਸਿੱਖ ਰਹਿਤ ਮਰਿਯਾਦਾ ਨੇ ਕੀਤਾ। ਇਹ ਜਾਦੂ ਤੁਹਾਡੇ ਵੀ ਸਿਰ ਚੜ੍ਹ ਕੇ ਬੋਲ ਰਿਹਾ ਹੈ। ਇੱਸ ਜਾਦੂ ਨੇ ਹੀ ਸਿੱਖਾਂ ਨੂੰ ਸੱਚੇ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ਼ੋਂ ਤੋੜ ਕੇ ਗੁਰੂ ਜੀ ਦੇ ਇੱਕ ਹੋਰ ਸ਼ਰੀਕ ਨਾਲ਼ ਜੋੜਨਾ ਸ਼ੁਰੂ ਕੀਤਾ ਸੀ। ਏਜੰਡਾ ਸਨਤਨਵਾਦੀਆਂ ਦਾ ਸੀ ਪਰ ਸ਼੍ਰੋ. ਕਮੇਟੀ ਰਾਹੀਂ ਲਾਗੂ ਕਰਵਾਇਆ ਗਿਆ ਤਾਂ ਜੁ ਸਿੱਖਾਂ ਨੂੰ ਵਿਰੋਧ ਕਰਨ ਦਾ ਮੌਕਾ ਹੀ ਨਾ ਮਿਲ਼ੇ। (ਹੁਣ ਵੀ ਕੁੱਝ ਇਹੋ ਜਿਹੇ ਹੀ ਹਾਲਾਤ ਹਨ)। ਇਸੇ ਤਰ੍ਹਾਂ ਹੀ ਹੋਇਆ, ਸੱਠ ਸਾਲਾਂ ਤੋਂ ਵੱਧ ਸਮਾਂ ਇਸ ਜਾਦੂ ਨੇ ਸਿੱਖਾਂ ਨੂੰ ਆਪਣੇ ਨਸ਼ੇ ਵਿੱਚ ਰੱਖਿਆ।

    ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਸਿੱਖ ਕੌਮ ਨੂੰ ਹਲੂਣਾ ਦੇ ਕੇ ਇੱਸ ਸਨਾਤਨਵਾਦੀ ਜਾਦੂਮਈ ਨਸ਼ੇ ਵਿੱਚੋਂ ਨਿਕਲ਼ਣ ਲਈ ਜਗਾਇਆ ਤੇ ਹੁਣ ਸਿੱਖਾਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਤੇ ਸੁੱਚੀ ਵਿਚਾਰਧਾਰਾ ਨੂੰ ਸਮਝਣ ਪ੍ਰਤੀ ਜਾਗਰੂਕਤਾ ਆ ਰਹੀ ਹੈ, ਭਾਵੇਂ ਤੁਹਾਡੇ ਵਰਗੇ ਸੱਜਣ ਇੱਸ ਜਾਗਰੂਕਤਾ ਤੋਂ ਬਹੁਤ ਤੰਗ ਹਨ।

  7. ਕੀ ਤੁਸੀਂ ਸ਼੍ਰੋ. ਕਮੇਟੀ ਨੂੰ ਸਰਬੱਤ ਖ਼ਾਲਸਾ ਮੰਨ ਕੇ, ਤਾਂ ਹੀ ਰਹਿਤ ਮਰਯਾਦਾ ਵਿੱਚ ਸਨਾਤਨਵਾਦੀ ਸੋਚ ਨਾਲ਼ ਪਾਈਆਂ ਕੱਚੀਆਂ ਬਾਣੀਆਂ ਨੂੰ ਬੜ੍ਹਾਵਾ ਦੇ ਰਹੇ ਹੋ? ਜੇ ਹਾਂ ਵਿੱਚ ਜਵਾਬ ਹੈ ਤਾਂ ਦੱਸੋ ਸ਼੍ਰੋ. ਕਮੇਟੀ ਨੇ ਸੰਨ 1999 ਵਿੱਚ ਹਿੰਦੀ ਭਾਸ਼ਾਂ ਵਿੱਚ ਗੁਰੂ ਸਾਹਿਬਾਨ ਦਾ ਅਪਮਾਨ ਕਰਦੀ ‘ਸਿੱਖੋਂ ਕਾ ਇਤਿਹਾਸ’ ਨਾਂ ਦੀ ਕਿਤਾਬ ਕਿਉਂ ਆਪਣੀ ਮੁਹਰ ਹੇਠ ਛਪਾਈ ਸੀ, ਜਿਸ ਨੂੰ ਜਾਗਰੂਕ ਸਿੱਖਾਂ ਦੇ ਵਿਰੋਧ ਕਾਰਨ ਬਾਅਦ ਵਿੱਚ ਪਾਬੰਦੀ-ਸ਼ੁਦਾ ਕਰਾਰ ਦੇ ਦਿੱਤਾ ਗਿਆ ਸੀ? ਕੀ ਸਰਬੱਤ ਖ਼ਾਲਸੇ ਦਾ ਅਰਥ ਸਿੱਖੀ ਦੀਆਂ ਜੜ੍ਹਾਂ ਵਿੱਚ ਤੇਲ ਦੇਣਾ ਹੁੰਦਾ ਹੈ ਜਿਹੜਾ ਸ਼੍ਰੋ. ਕਮੇਟੀ ਨੇ ਇਹ ਮਨਹੂਸ ਕਿਤਾਬ ਲਿਖ ਕੇ ਦਿੱਤਾ? ਕੀ ਇਹ ਕਿਤਾਬ ਸਨਾਤਨਵਾਦੀ ਜਥੇਬੰਦੀਆਂ ਦੇ ਸਰਕਾਰੀ ਡੰਡੇ ਨੇ ਧੱਕੇ ਅਤੇ ਜ਼ੋਰ ਨਾਲ਼ ਨਹੀਂ ਲਿਖਵਾਈ ਸੀ? ਜੇ ਇਹ ਸੰਸਥਾ ਸਨਾਤਨਵਾਦੀ ਡੰਡੇ ਦੇ ਦਬਾਅ ਹੇਠ ਹੀ ਕੰਮ ਕਰਦੀ ਹੈ ਤਾਂ ਤੁਸੀਂ ਇਸ ਦੀ ਬਣਾਈ ਰਹਿਤ ਮਰਯਾਦਾ ਵਿੱਚ ਪਾਈਆਂ ਅੰਮ੍ਰਿਤ ਦੀਆਂ ਸਨਾਤਨਵਾਦੀ ਰਚਨਾਵਾਂ ਨੂੰ ਕਿਵੇਂ ਮਾਨਤਾ ਦੇ ਰਹੇ ਹੋ? ਸ਼੍ਰੋ. ਕਮੇਟੀ ਦੁਆਰਾ ਸੌਦਾ ਸਾਧ ਦੇ ਮੁਆਮਲੇ ਵਿੱਚ ਕੀਤੀ ਸਿੱਖ ਜਗਤ ਦੀ ਬਦਨਾਮੀ, ਪੰਜਾਂ ਪਿਆਰਿਆਂ ਨਾਲ਼ ਹੈਂਕੜ ਵਾਲ਼ਾ ਵਰਤਾਉ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ ਨੂੰ ਮਾਰੀ ਸੱਟ ਪਿੱਛੋਂ ਵੀ ਤੁਸੀਂ ਇੱਸ ਸੰਸਥਾ ਦੇ ਆਗੂਆਂ ਨੂੰ ਸਰਬੱਤ ਖ਼ਾਲਸਾ ਹੀ ਮੰਨੀ ਜਾ ਰਹੇ ਹੋ ਤੇ ਇਸ ਦੀਆਂ ਪਾਈਆਂ ਸਨਾਤਨਵਾਦੀ ਅੰਮ੍ਰਿਤ ਦੀਆਂ ਬਾਣੀਆਂ ਨੂੰ ਬੜ੍ਹਾਵਾ ਦੇ ਰਹੇ ਹੋ? ਜੇ ਸ਼੍ਰੋ. ਕਮੇਟੀ ਸਰਬੱਤ ਖ਼ਾਲਸਾ ਸੀ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਸਮੇਂ ਇਸ ਨੇ ਦੋਸ਼ੀਆਂ ਨੂੰ ਫੜ ਕੇ ਸਜ਼ਾ ਦੇਣ ਲਈ ਸਰਕਾਰ ਨੂੰ ਕੋਈ ਚਿਤਾਵਨੀ ਦੇਣ ਲਈ ਕੋਈ ਮਤਾ ਕਿਉਂ ਨਹੀਂ ਪਾਸ ਕੀਤਾ?

  8. ਤੁਹਾਨੂੰ ਇਹ ਭੁਲੇਖਾ ਕਿਵੇਂ ਪੈ ਗਿਆ ਕਿ ਜਾਗਰੂਕ ਸਿੱਖਾਂ ਨੇ ਯੂ. ਏ. ਈ. ਅਤੇ ਵਰਜੀਨੀਆਂ ਵਿੱਚ ਸੱਚੇ ਗੁਰੂ, ਸਿੱਖ ਕੌਮ ਦੇ ਗੁਰੂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਕੇਵਲ ਦੋ ਬਾਣੀਆਂ ਹੀ ਅੰਮ੍ਰਿਤ ਛਕਾਉਣ ਸਮੇਂ ਪੜ੍ਹੀਆਂ ਹਨ? ਉਨ੍ਹਾਂ ਨੇ ਪੰਜ ਬਾਣੀਆਂ ਹੀ ਪੜ੍ਹੀਆਂ ਸਨ- ਜਪੁ, ਸੋਦਰੁ, ਸੋ ਪੁਰਖੁ, ਸੋਹਿਲਾ ਅਤੇ ਅਨੰਦ ਸਾਹਿਬ। ਕੀ ਤੁਸੀਂ ਦਸਵੇਂ ਪਾਤਿਸ਼ਾਹ ਜੀ ਵਲੋਂ ਸੰਪੂਰਨ ਕੀਤੀ ਬੀੜ ਦੀਆਂ ‘ਸੋ ਦਰੁ’, ‘ਸੋ ਪੁਰਖੁ’ ਅਤੇ ‘ਸੋਹਿਲਾ’ ਤਿੰਨ ਬਾਣੀਆਂ ਨੂੰ ਬਾਣੀਆਂ ਵੀ ਨਹੀਂ ਮੰਨਦੇ? ਜੇ ਨਹੀਂ ਮੰਨਦੇ? ਤਾਂ ਸ਼ਾਇਦ ਤੁਹਾਨੂੰ ਸਿੱਖ ਅਖਵਾਉਣ ਦਾ ਵੀ ਕੋਈ ਹੱਕ ਨਹੀਂ ਹੈ। ਫਿਰ ਤਾਂ ਤੁਹਾਨੂੰ ਦੁਰਗਾ ਮਹਾਂਕਾਲ਼ ਦੇ ਸਿੱਖ ਨਾ ਕਿਹਾ ਜਾਵੇ ਤਾਂ ਹੋਰ ਕੀ ਕਿਹਾ ਜਾਵੇ?

  9. ਕੀ ਤੁਸੀਂ ਮੰਨਦੇ ਹੋ ਕਿ ਗੁਰੂ-ਪਰਮੇਸ਼ਰ ਸੱਭ ਤੋਂ ਸਮਰੱਥ ਹੈ?
    - ਕੀ ਤੁਸੀਂ ਮੰਨਦੇ ਹੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਧੰਨੁ ਸ਼੍ਰੀ ਗੁਰੂ ਅਰਜੁਨ ਸਾਹਿਬ ਜੀ ਵਲੋਂ ਬਣਾਇਆ ਗਿਆ ਅਤੇ ਧੰਨੁ ਗੁਰੂ ਦਸਵੇਂ ਪਾਤਿਸ਼ਾਹ ਜੀ ਵਲੋਂ ਪ੍ਰਵਾਨਤ ਨਿੱਤ-ਨੇਮ ਵਿੱਚ ਵਾਧ- ਘਾਟ ਕਰਨ ਦਾ ਹੱਕ ਕਿਸੇ ਕੋਲ਼ ਨਹੀਂ ਹੈ?
    - ਕੀ ਤੁਸੀਂ ਮੰਨਦੇ ਹੋ ਕਿ ਪੰਜ ਪਿਆਰੇ, ਸ਼੍ਰੋ. ਕਮੇਟੀ, ਜਥੇਦਾਰ, ਖ਼ਾਲਸਾ ਪੰਥੀ, ਸਰਬੱਤ ਖ਼ਾਲਸਾ ਆਦਿਕ ਕੋਈ ਵੀ ਗੁਰੂ ਪਦਵੀ ਤੋਂ ਉੱਚਾ ਨਹੀਂ ਹੈ?
    - ਕੀ ਤੁਸੀਂ ਮੰਨਦੇ ਹੋ ਕਿ ਗੁਰੂ ਦਾ ਸਾਜਿਆ ਹੋਇਆ ਕੋਈ ਵੀ ਗੁਰੂ ਤੋਂ ਉੱਚਾ ਨਹੀਂ ਹੋ ਸਕਦਾ?
    - ਕੀ ਤੁਸੀਂ ਮੰਨਦੇ ਹੋ ਕਿ ਗੁਰੂ-ਪਰਮੇਸ਼ਰ ਦਾ ਕੋਈ ਸ਼ਰੀਕ ਨਹੀਂ ਨਹੀਂ ਬਣ ਸਕਦਾ?
    - ਕੀ ਤੁਸੀਂ ਮੰਨਦੇ ਹੋ ਕਿ ਸਿੱਖਾਂ ਦੇ ਇੱਕੋ ਇੱਕ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ? ਕੀ ਤੁਸੀਂ ਮੰਨਦੇ ਹੋ ਕਿ ਨੌਂਵੇ ਗੁਰੂ ਜੀ ਦੀ ਬਾਣੀ ਖ਼ੁਦ ਦਸਵੇਂ ਪਾਤਿਸ਼ਾਹ ਜੀ ਨੇ ਆਦਿ ਬੀੜ ਵਿੱਚ ਦਰਜ ਕਰਵਾ ਕੇ ਇਸ ਨੂੰ ਸੰਪੂਰਨਤਾ ਬਖ਼ਸ਼ੀ ਸੀ?

    ਜੇ ਉੱਤਰ ਹਾਂ ਵਿੱਚ ਹੈ ?

    - ਤਾਂ ਦੱਸੋ ਕਿ ਦਸਵੇਂ ਪਾਤਿਸ਼ਾਹ ਜੀ ਵਲੋਂ ਪ੍ਰਵਾਨਤ ਕੀਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿੱਤ-ਨੇਮ ਵਿੱਚ ਸ਼੍ਰੋ. ਕਮੇਟੀ ਨੇ ਕਿਉਂ ਵਾਧੇ ਕੀਤੇ?
    - ਸ਼੍ਰੋ. ਕਮੇਟੀ ਨੂੰ ਕਿੱਸ ਗੁਰੂ ਜੀ ਵਲੋਂ ਹੱਕ ਦਿੱਤਾ ਗਿਆ ਸੀ ਕਿ ਉਹ ਜਾਪੁ, ਸਵੱਯੇ ਅਤੇ ਚੌਪਈ ਨੂੰ ਨਿੱਤ-ਨੇੱਮ ਅਤੇ ਅੰਮ੍ਰਿਤ ਦੀਆਂ ਬਾਣੀਆਂ ਵਿੱਚ ਸ਼ਾਮਲ ਕਰੇ?
    - ਜੇ ਸ਼੍ਰੋ. ਕਮੇਟੀ ਗੁਰੂ ਤੋਂ ਉੱਚੀ ਨਹੀਂ ਹੈ ਤਾਂ ਇਸ ਕਮੇਟੀ ਨੇ ਸਿੱਖਾਂ ਨੂੰ ਸਨਾਤਨਵਾਦ ਦੀ ਝੋਲ਼ੀ ਵਿੱਚ ਕਿਉਂ ਪਾਇਆ?

  10. ਕੀ ਤੁਸੀਂ ਮੰਨਦੇ ਹੋ ਕਿ ਗੁਰੂ ਅਤੇ ਕਰਤਾਰ ਭੁੱਲਦੇ ਨਹੀਂ ਹਨ? ਜੇ ਤੁਸੀਂ ਇਹ ਮੰਨਦੇ ਹੋ ? ਤਾਂ ਇਹ ਵੀ ਮੰਨ ਲਓ ਕਿ ਦਸਵੇਂ ਪਾਤਿਸ਼ਾਹ ਜੀ ਨੇ ਕੋਈ ਵੀ ਗੁਰੂ-ਕ੍ਰਿਤ ਬਾਣੀ ਆਦਿ ਬੀੜ ਸੰਪੂਰਨ ਕਰਨ ਸਮੇਂ ਕਿਸੇ ਭੁੱਲ ਕਾਰਣ ਬੀੜ ਤੋਂ ਬਾਹਰ ਨਹੀਂ ਰਹਿਣ ਦਿੱਤੀ। ਫਿਰ ਇਹ ਵੀ ਮੰਨ ਲਓ ਕਿ ਜਾਪੁ, ਚੌਪਈ ਅਤੇ ਸਵੱਯੇ ਆਦਿਕ ਰਚਨਾਵਾਂ ਗੁਰੂ-ਕ੍ਰਿਤ ਧੁਰ ਕੀ ਬਾਣੀ ਨਹੀਂ ਹਨ ਕਿਉਂਕਿ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹਨ। ਫਿਰ ਇਹ ਵੀ ਮੰਨ ਲਓ ਕਿ ਅਜਿਹੀਆਂ ਰਚਨਾਵਾਂ ਨਿੱਤ-ਨੇਮ ਅਤੇ ਅੰਮ੍ਰਿਤ ਦੀਆਂ ਬਾਣੀਆਂ ਨਹੀਂ ਬਣ ਸਕਦੀਆਂ ਕਿਉਂਕਿ ਗੁਰੂ-ਕ੍ਰਿਤ ਨਹੀਂ। ਜੇ ਤੁਸੀਂ ਕਿਸੇ ਕਾਰਣ ਮੰਨਦੇ ਹੋ ਕਿ ਗੁਰੂ ਕਰਤਾਰ ਭੁੱਲਣਹਾਰ ਹਨ, ਤਾਂ ਤੁਹਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਝੂਠੇ ਨੱਕ ਰਗੜਨ ਅਤੇ ਝੂਠੀ ਸਿੱਖੀ ਧਾਰਨ ਕਰਨ ਦਾ ਕੋਈ ਲਾਭ ਨਹੀਂ। ਫਿਰ ਤੁਸੀਂ ਸਿੱਖੀ ਵੇਸ਼ ਵਿੱਚ ਸਿੱਖੀ ਨੂੰ ਢਾਹ ਪਉਣ ਵਾਲ਼ੇ ਸਨਾਤਨਮੱਤ ਦੇ ਪ੍ਰਚਾਰਕ ਹੀ ਹੋ ਤੇ ਖ਼ੁਦ ਹੀ ਸਿੱਖਾਂ ਵਿੱਚ ਪਹਿਲਾਂ ਹੀ ਪਈਆਂ ਵੰਡੀਆਂ ਨੂੰ ਹੋਰ ਪੱਕਾ ਕਰ ਰਹੇ ਹੋ।

    ਫਿਰ ਤਾਂ ਸੰਗਤ ਟੀ ਵੀ ਚੈਨਲ ਵੀ ਤੁਹਾਡੀਆਂ ਬੇਨਤੀਆਂ ਰਾਹੀਂ ਸਨਾਤਨਵਾਦ ਨੂੰ ਹੀ ਬੜ੍ਹਾਵਾ ਦੇ ਰਿਹਾ ਹੈ। ਨਹੀਂ? ਆਉਣ ਵਾਲ਼ੀ ਪੀੜ੍ਹੀ ਨੂੰ ਕੋਈ ਯੋਗ ਅਗਵਾਈ ਦਿਓ ਤਾਂ ਜੁ ਤੁਹਾਡਾ ਯੋਗਦਾਨ ਸਿੱਖ ਕੌਮ ਚੇਤੇ ਰੱਖੇ।

    ਖ਼ਾਲਸਾ ਨਿਊਜ਼ ਰਾਹੀਂ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top