Share on Facebook

Main News Page

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਉੱਤੇ ਸਨਾਤਨਵਾਦੀ ਸਿੱਖਾਂ ਵਲੋਂ ਹਮਲੇ !!!
-: ਪ੍ਰੋ. ਕਸ਼ਮੀਰਾ ਸਿੰਘ USA

ਧੰਨੁ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਜੀ ਨੇ ਸਿੱਖਾਂ ਨੂੰ ਸੰਨ 1708 ਵਿੱਚ ਇੱਕੋ ਇੱਕ ਜੁਗੋ ਜੁੱਗ ਅਟਲ ਗੁਰੂ ਧੰਨੁ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਸੀ, ਜਿਸ ਨਾਲ਼ ਦੇਹਧਾਰੀ ਗੁਰੂ ਵਾਲ਼ੀ ਪ੍ਰੰਪਰਾ ਨੂੰ ਸਦਾ ਲਈ ਬੰਦ ਕਰ ਦਿੱਤਾ ਸੀ।

ਸਨਾਤਨਵਾਦ/ ਬਿੱਪਰਵਾਦ/ਬ੍ਰਾਹਮਣਵਾਦ ਧੰਨੁ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਿਸ਼ਾਹ ਤੋਂ ਹੀ ਸਿੱਖੀ ਵਿਚਾਰਧਾਰਾ ਨੂੰ ਖ਼ਤਮ ਕਰਕੇ ਮੁੜ ਆਪਣੀ ਲਪੇਟ ਵਿੱਚ ਲੈਣ ਲਈ ਮੌਕੇ ਦੀ ਤਾੜ ਵਿੱਚ ਤੱਤਪਰ ਰਹਿੰਦਾ ਆਇਆ ਹੈ। ਗੁਰੂ ਸਾਹਿਬਾਨ ਦੇ ਹੁੰਦਿਆਂ ਇਹ ਸ਼ਰੀਰ ਰੂਪ ਵਿੱਚ ਸੱਚੇ ਗੁਰੂ ਦੇ ਬਰਾਬਰ ਕੱਚਾ-ਪਿੱਲਾ ਦੇਹਧਾਰੀ ਗੁਰੂ ਖੜ੍ਹਾ ਕਰਨ ਦਾ ਯਤਨ ਕਰਦਾ ਰਿਹਾ ਹੈ ਪਰ ਗੁਰੂ ਪਾਤਿਸ਼ਾਹਾਂ ਨੇ ਸਫਲ ਨਹੀਂ ਹੋਣ ਦਿੱਤਾ। ਭਾਈ ਦਾਤੂ ਜੀ ਵਲੋਂ ਭਰੀ ਸੰਗਤ ਵਿੱਚ ਤੀਜੇ ਗੁਰੂ ਜੀ ਨੂੰ ਲੱਤ ਮਾਰਨ ਅਤੇ ਭਾਈ ਪ੍ਰਿਥੀ ਚੰਦ ਵਲੋਂ ਆਪਣੇ ਸਕੇ ਭਰਾ ਪੰਜਵੇਂ ਗੁਰੂ ਜੀ ਦੇ ਬਰਾਬਰ ਗੱਦੀ ਲਾ ਕੇ ਬੈਠਣਾ ਆਦਿਕ ਕੋਈ ਲੁਕੀਆਂ ਇਤਿਹਾਸਕ ਘਟਨਾਵਾਂ ਨਹੀਂ ਹਨ। ਯੁਨਾਨ ਦੇ ਪ੍ਰਸਿੱਧ ਮੰਤਕੀ ਵਿਦਵਾਨ ਸੁਕਰਾਤ ਨੂੰ ਸਨਾਤਨਵਾਦ ਦੀਆਂ ਕੁਰੀਤੀਆਂ ਵਿਰੁੱਧ ਸੱਚ ਦੀ ਆਵਾਜ਼ ਉਠਾਉਣ ਲਈ ਮੌਕੇ ਦੇ ਹਾਕਮਾਂ ਵਲੋਂ ਮਿਲ਼ੀ ਸਜ਼ਾ ਅਨੁਸਾਰ ਜ਼ਹਿਰ ਦਾ ਪਿਆਲਾ ਪੀਣਾ ਪਿਆ ਸੀ ਤੇ ਅੰਤ ਸਮੇਂ ਅਡੋਲ ਰਿਹਾ।

ਸੰਨ 1708 ਤੋਂ ਬਾਅਦ ਅੱਜ ਇਹ ਸਨਾਤਨਵਾਦ ਧੰਨੁ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਜੀ ਦੇ ਥਾਪੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਨਕਲੀ ਗ੍ਰੰਥ ਰੂਪ ਗੁਰੂ (ਬਚਿੱਤਰ ਨਾਟਕ/ਦਸਮ ਗ੍ਰੰਥ)ਖੜਾ ਕਰਨ ਵਿੱਚ ਪੂਰੀ ਤਰ੍ਹਾਂ ਸਫਲ ਹੋ ਗਿਆ ਹੈ। ਦਸਵੇਂ ਗੁਰ ਜੀ ਦੇ ਹੁੰਦਿਆਂ ਕਿਸੇ ਨੂੰ ਇਹ ਹਿੰਮਤ ਨਹੀਂ ਪਈ ਕਿ ਉਹ ਗੁਰੂ ਜੀ ਨੂੰ ਦੁਰਗਾ ਮਾਈ ਦੇ ਪੁਜਾਰੀ ਕਹੇ। ਗੁਰੂ ਜੀ ਦੇ ਜੋਤੀ ਜੋਤਿ ਸਮਾਉਣ ਦੇ ਕਈ ਸਾਲਾਂ ਪਿੱਛੋਂ ਗੁਰੂ ਜੀ ਵਲੋਂ ਦੁਰਗਾ ਪਾਰਬਤੀ ਦੀ ਪੂਜਾ ਦੀਆਂ ਝੂਠੀਆਂ ਕਹਾਣੀਆਂ ਸਨਾਤਨਵਾਦ ਦੇ ਪ੍ਰਭਾਵ ਹੇਠ ਸਿੱਖਾਂ ਦੇ ਨਾਂ ਹੇਠ ਲਿਖੀਆਂ ਕਵਿਤਾਵਾਂ ਦੀਆਂ ਪੁਸਤਕਾਂ ਵਿੱਚ ਚੱਲੀਆਂ। ਆਪਣੀ ਚਾਲਾਕੀ ਵਰਤ ਕੇ ਬ੍ਰਾਹਮਣਵਾਦ ਆਪ ਪਿੱਛੇ ਰਿਹਾ ਤੇ ਸਿੱਖ ਲਿਖਾਰੀਆਂ ਦੇ ਨਾਂ ਹੇਠ ਹੀ ਝੂਠੀਆਂ ਕਹਾਣੀਆਂ ਪ੍ਰਚੱਲਤ ਕਰ ਦਿੱਤੀਆਂ। ਸਿੱਖ ਨਿਰਮਲੇ ਲਿਖਾਰੀ ਸਨਾਤਨਵਾਦ ਦੇ ਮੁਹਰੇ ਬਣਦੇ ਗਏ। ਕੁਇਰ ਸਿੰਘ, ਸੁਮੇਰ ਸਿੰਘ, ਗਿਆਨੀ ਗਿਆਨ ਸਿੰਘ, ਗਿਆਨੀ ਸੰਤੋਖ ਸਿੰਘ ਆਦਿਕਾਂ ਦੇ ਲਿਖੇ ਗ੍ਰੰਥ ਦਸਵੇਂ ਗੁਰੂ ਜੀ ਨੂੰ ਦੁਰਗਾ ਮਾਈ ਪਾਰਬਤੀ ਦੇ ਪੁਜਾਰੀ ਸਾਬਤ ਕਰ ਰਹੇ ਹਨ। ਜਾਗਰੂਕ ਸਿੱਖਾਂ ਦੇ ਸਿਰਾਂ ਦਾ ਮੁੱਲ ਪਾਉਣ ਵਾਲ਼ਿਓ ਕਦੇ ਇਨ੍ਹਾਂ ਰਚਨਾਵਾਂ ਦੇ ਲਿਖਾਰੀਆਂ ਨੂੰ ਵੀ ਲੰਮੇ ਹੱਥੀਂ ਲਿਆ ਹੈ? ਕਦੇ ਇਨ੍ਹਾਂ ਦੇ ਲਿਖੇ ਗ੍ਰੰਥਾਂ ਵਿਰੁੱਧ ਵੀ ਆਵਾਜ਼ ਬੁਲੰਦ ਕੀਤੀ ਹੈ? ਸੂਰਜ ਪ੍ਰਕਾਸ਼ ਦੀ ਤਾਂ ਕਥਾ ਵੀ ਬ੍ਰਾਹਮਣਵਾਦੀਆਂ ਨੇ ਗੁਰਦੁਆਰਿਆਂ ਵਿੱਚ ਚਾਲੂ ਕੀਤੀ ਹੋਈ ਹੈ ਕਦੇ ਇੱਸ ਨੂੰ ਰੋਕਣ ਦਾ ਖ਼ਿਆਲ ਤਕ ਆਇਆ?

ਸਨਾਤਨਵਾਦ ਦੀ ਸਫਲਤਾ ਦਾ ਕਾਰਣ ਖ਼ੁਦ ਸਿੱਖ ਹਨ, ਜਿਨ੍ਹਾਂ ਨੇ ਕੱਚੇ ਗੁਰੂ ਨੂੰ ਅਪਣਾਅ ਲਿਆ ਹੈ। ਭੋਲ਼ਿਓ! ਕੀ ਇੱਕ ਪੁੱਤਰ ਦੇ ਦੋ ਪਿਤਾ ਹੋ ਸਕਦੇ ਹਨ? ਜੇ ਨਹੀਂ ਤਾਂ ਇੱਕ ਸਿੱਖ ਦੇ ਦੋ ਗੁਰੂ ਕਿਵੇਂ ਹੋ ਗਏ? ਜੇ ਦੋ ਗੁਰੂ ਮੰਨਣੇ ਹਨ, ਤਾਂ ਫਿਰ ਤਾਂ ਮਨ ਦੀ ਸ਼ਰਧਾ ਦੇ ਦਾਣੇ ਦੀ ਦਾਲ਼ ਬਣ ਗਈ। ਜੇ ਦਾਲ਼ ਬਣ ਗਈ ਤਾਂ ਇਹ ਉੱਗੂ ਕਿਵੇਂ? ਇੱਕ ਪਿਤਾ ਦੀ ਸੱਚੀ ਬਾਣੀ ਦੇ ਹੁੰਦਿਆਂ ਕੱਚੇ ਪਿਓ ਦੀ ਬਾਣੀ ਕਿਵੇਂ ਅਪਨਾ ਲਈ? ਸੱਚੇ ਅਸਲੀ ਪਿਓ ਦੇ ਹੁੰਦਿਆਂ ਹੋਰ ਸੌਤੇਲਾ ਪਿਓ ਕਿਵੇਂ ਬਣਾਇਆ ਜਾ ਸਕਦਾ ਹੈ? ਕੀ ਸੱਚੇ ਅਸਲੀ ਪਿਓ ਦਾ ਕੋਈ ਹੋਰ ਸ਼ਰੀਕ ਬਣਾਇਆ ਜਾ ਸਕਦਾ ਹੈ? ਜੇ ਨਹੀਂ ਤਾਂ ਸਿੱਖਾਂ ਨੇ ਸੱਚੇ ਪਿਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦਸਮ ਗ੍ਰੰਥ ਨੂੰ ਕਿਉਂ ਸ਼ਰੀਕ ਮੰਨ ਲਿਆ? ਕੀ ਦਸਮ ਗ੍ਰੰਥ ਨੂੰ ਸੱਚੇ ਗੁਰੂ ਦਾ ਸ਼ਰੀਕ ਮੰਨਣ ਵਾਲ਼ੇ ਧੰਨੁ ਗੁਰੂ ਗੋਬਿੰਦ ਪਾਤਿਸ਼ਾਹ ਜੀ ਦੀ ਹੁਕਮ ਅਦੂਲੀ ਨਹੀਂ ਕਰ ਰਹੇ? ਕੀ ਇੱਕ ਸੁਹਾਗਣੀ ਸਿੱਖ ਇਸਤ੍ਰੀ ਦੇ ਦੋ ਪਤੀ (ਇੱਕ ਅਸਲੀ ਤੇ ਇੱਕ ਨਕਲੀ) ਹੋ ਸਕਦੇ ਹਨ? ਜੇ ਹੋ ਸਕਦੇ ਹਨ ਤਾਂ ਉਹ ਇਸਤ੍ਰੀ ਦੁਹਾਗਣੀ ਹੈ।ਜੇ ਨਹੀਂ ਤਾਂ ਸਿੱਖ ਇਸਤ੍ਰੀ ਨੇ ਦੂਜੇ ਪਤੀ ਨੂੰ ਕਿਉਂ ਅਪਨਾ ਲਿਆ ਹੈ? ਕੀ ਸਿੱਖ ਇਸਤ੍ਰੀ ਦੁਹਾਗਣੀ ਨਹੀਂ ਬਣ ਗਈ?

ਢੂਢੇਦੀਏ ਸੁਹਾਗ ਕੂ ਤਉ ਤਨਿ ਕਾਈ ਕੋਰ॥ ਜਿਨਾਂ ਨਾਉ ਸੁਹਾਗਣੀ ਤਿਨਾ ਝਾਕ ਨ ਹੋਰ॥114॥ (ਗਗਸ 1384/3)

ਅੱਜ ਦੇ ਸਮੇਂ ਇਹ ਸਨਾਤਨਵਾਦ ਇੰਨਾ ਤਕੜਾ ਹੋ ਚੁੱਕਾ ਹੈ ਕਿ ਇਸ ਨੇ ਸਿੱਖਾਂ ਨੂੰ ਖ਼ਰੀਦ ਕੇ ਸਿੱਖਾਂ ਨਾਲ਼ ਹੀ ਲੜਾਉਣਾ ਸ਼ੁਰੂ ਕਰ ਦਿੱਤਾ ਹੈ, ਆਪ ਪਾਸੇ ਹੋ ਕੇ ਸਿੱਖਾਂ ਨੂੰ ਸਿੱਖਾਂ ਕੋਲ਼ੋਂ ਮਰਦੇ ਦੇਖਣ ਲਈ ਤਰਲੋ-ਮੱਛੀ ਹੋ ਰਿਹਾ ਹੈ।

ਸਿੱਖਾਂ ਦੀਆਂ ਚੋਟੀ ਦੀਆਂ ਨੁਮਾਇੰਦਾ ਜਥੇਬੰਦੀਆਂ ਸੱਭ ਸਨਾਤਨਵਾਦ ਦੀ ਭੇਂਟ ਚੜ੍ਹ ਚੁੱਕੀਆਂ ਹਨ ਤੇ ਜੋ ਇੱਸ ਪੱਖੋਂ ਜਾਗਰੂਕ ਹੋ ਕੇ ਬਚੀਆਂ ਹਨ, ਉਨ੍ਹਾਂ ਨੂੰ ਹਰ ਤਰ੍ਹਾਂ ਸਨਾਤਨਵਾਦ ਦੀ ਭੇਟ ਚੜ੍ਹੇ ਸਿੱਖਾਂ ਵਲੋਂ ਹੀ ਡਰਾਇਆ ਅਤੇ ਧਮਕਾਇਆ ਜਾ ਰਿਹਾ ਹੈ। ਸਿੱਖ ਨੂੰ ਸਿੱਖ ਦਾ ਵੈਰੀ ਬਣਾ ਦਿੱਤਾ ਗਿਆ ਹੈ। ਸਿੱਖੋ ਕੀ ਤੁਸੀਂ ਆਪਣੀ ਕੌਮ ਨੂੰ ਆਪ ਹੀ ਨਹੀਂ ਖ਼ਤਮ ਕਰ ਰਹੇ? ਕੀ ਤੁਸੀਂ ਸਨਾਤਨਵਾਦ ਦਾ ਏਜੰਡਾ ਨਹੀਂ ਲਾਗੂ ਕਰ ਰਹੇ। ਸਿੱਖਾਂ ਨੂੰ ਮੁਗ਼ਲਾਂ ਨੇ ਖ਼ਤਮ ਕੀਤਾ ਤਾਂ ਬਾਕੀ ਸਿੱਖ ਭਰਾਵਾਂ ਨੇ ਹਾਅ ਦਾ ਨਾਹਰਾ ਮਾਰਿਆ। ਸਿੱਖਾਂ ਨੂੰ ਅੱਜ ਦੀਆਂ ਸਰਕਾਰਾਂ ਨੇ ਖ਼ਤਮ ਕੀਤਾ ਤਾਂ ਸਿੱਖਾਂ ਅੰਦਰ ਰੋਹ ਪੈਦਾ ਹੋਇਆ। ਹੁਣ ਤਾਂ ਸਿੱਖ ਹੀ ਸਿੱਖਾਂ ਨੂੰ ਖ਼ਤਮ ਕਰਨ ਤੇ ਤੁੱਲ ਗਏ ਹਨ ਤਾਂ ਹਾਅ ਦਾ ਨਾਹਰਾ ਕੌਣ ਮਾਰੇਗਾ? ਸਿੱਖੋ ਤੁਹਾਨੂੰ ਕੀ ਹੋ ਗਿਆ ਹੈ? ਜਿਸ ਬ੍ਰਾਹਮਣਵਾਦ ਨਾਲ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 35 ਬਾਣੀਕਾਰ ਯੋਧਿਆਂ ਨੇ ਗਿਆਨ ਵਿਚਾਰ ਦੀ ਟੱਕਰ ਲਈ ਤੇ ਆਮ ਜੰਤਾ ਨੂੰ ਸੌਖਾ ਅਧਿਆਤਮਕ ਮਾਰਗ ਦੱਸਿਆ, ਅੱਜ ਉਸ ਬ੍ਰਾਮਣਵਾਦ ਦਾ ਸਿੱਖ ਹੀ ਪਾਣੀ ਭਰਨ ਲ਼ੱਗੇ ਹੋਏ ਹਨ। ਜੇ ਬ੍ਰਾਹਮਣਵਾਦ ਦਾ ਏਜੰਡਾ ਹੀ ਲਾਗੂ ਕਰਨਾ ਹੈ, ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪ੍ਰਕਾਸ਼, ਉਪਦੇਸ਼ ਤੇ ਇਸ ਨੂੰ ਮੱਥਾ ਟੇਕਣ ਦਾ ਕੀ ਲਾਭ ਹੋਇਆ?

ਇਸ ਸਨਾਤਨਵਾਦ ਵਲੋਂ 660 ਤੋਂ ਵੱਧ ਪੁਸਤਕਾਂ ਸਿੱਖ ਇਤਹਾਸ ਦੀ ਸੱਚਾਈ ਨੂੰ ਖ਼ਤਮ ਕਰਨ ਲਈ ਲਿਖੀਆਂ ਜਾ ਚੁਕੀਆਂ ਹਨ, ਪਰ ਸਿੱਖਾਂ ਦੀਆਂ ਚੋਟੀ ਦੀਆਂ ਨੁਮਾਇੰਦਾ ਸੰਸਥਾਵਾਂ ਸਨਾਤਨਵਾਦੀ ਪ੍ਰਭਾਵ ਹੇਠ ਜਾਣ ਬੁੱਝ ਕੇ ਇਸ ਤੋਂ ਬੇਖ਼ਬਰ ਹਨ। ਸਿੱਖਾਂ ਦੇ ਸਿਰਾਂ ਦਾ ਮੁੱਲ ਪਾਉਣ ਵਾਲ਼ਿਓ ਜ਼ਰਾ ਸਿੱਖ ਇਤਿਹਾਸ ਨੂੰ ਮਲ਼ੀਆਮੇਟ ਕਰਨ ਵਾਲ਼ਿਆਂ ਵਿਰੁੱਧ ਵੀ ਆਵਾਜ਼ ਬੁਲੰਦ ਕੀਤੀ ਹੈ? ਸਿੱਖ ਗੁਰੂ ਪਾਤਿਸ਼ਾਹਾਂ ਅਤੇ ਬਾਣੀਕਾਰ ਭਗਤਾਂ ਦੀਆਂ ਤਸਵੀਰਾਂ ਇੱਕ ਗਊ ਦੀ ਫੋਟੋ ਉੱਤੇ ਲੱਗੀਆਂ ਦਿਖਾਈਆਂ ਜਾ ਰਹੀਆਂ ਹਨ। ਸਾਹਿਬਜ਼ਾਦਿਆਂ ਦੀ ਫ਼ੋਟੋ ਬਣਾ ਕੇ ਸ਼ਿਵ ਜੀ ਕੋਲੋਂ ਮਿਲ਼ਦੀ ਅਸ਼ੀਰਵਾਦ ਦਿਖਾਈ ਗਈ ਹੈ ਤੇ ਅਜਿਹਾ ਹੋਰ ਬਹੁਤ ਕੁਝ ਕੀਤਾ ਜਾ ਚੁੱਕਾ ਹੈ।

ਡਾਕਟਰ ਸੁੱਖਪਰੀਤ ਸਿੰਘ ਉੱਧੋਕੇ ਬੱਬਰ ਸ਼ੇਰ ਬਣ ਕੇ ਇਨ੍ਹਾਂ ਪੁਸਕਤਾਂ ਦੁਆਰਾ ਸਿੱਖ ਕੌਮ ਦੇ ਹੋ ਚੁੱਕੇ ਨੁਕਸਾਨ ਦਾ ਜ਼ਿਕਰ ਥਾਂ ਥਾਂ ਕਰ ਰਿਹਾ ਹੈ। ਜਾਗਰੂਕ ਸਿੱਖਾਂ ਦੇ ਸਿਰਾਂ ਦਾ ਮੁੱਲ ਪਾਉਣ ਵਾਲ਼ਿਓ ਤੁਹਾਡੇ ਕੋਲ਼ੋਂ ਤਾਂ ਡਾਕਟਰ ਸੁੱਖਪਰੀਤ ਸਿੰਘ ਉੱਧੋਕੇ ਸੌ ਗੁਣਾ ਚੰਗਾ ਹੈ, ਜੋ ਸਨਾਤਨਵਾਦ ਦੀਆਂ ਸਿੱਖੀ ਵਿਰੁੱਧ ਚੱਲੀਆਂ ਚਾਲਾਂ ਤੋਂ ਸੰਗਤਾਂ ਨੂੰ ਥਾਂ-ਥਾਂ ਜਾਣੂ ਕਰਵਾ ਰਿਹਾ ਹੈ ਤੇ ਸਨਾਤਨਵਾਦ ਦੇ ਪ੍ਰਭਾਵ ਤੋਂ ਬਚਣ ਲਈ ਸੁਚੇਤ ਕਰ ਰਿਹਾ ਹੈ ਕਿਉਂਕਿ ਤੁਸੀਂ ਤਾਂ ਆਪ ਸਨਾਤਨਵਾਦ ਦਾ ਏਜੰਡਾ ਲਾਗੂ ਕਰ ਰਹੇ ਹੋ। ਉਸ ਵੀਰ ਨੇ ਕੁੱਝ ਪੁਸਤਕਾਂ ਵੀ ਲਿਖੀਆਂ ਹਨ ਜੋ ਸਨਾਤਨਵਾਦ ਵਲੋਂ ਸਿੱਖ ਇਤਹਾਸ ਦੇ ਮਰੋੜੇ ਹੋਏ ਤੱਥਾਂ ਨੂੰ ਸ਼ੁੱਧ ਰੂਪ ਵਿੱਚ ਪੇਸ਼ ਕਰ ਰਹੀਆਂ ਹਨ।

ਸਿੱਖਾਂ ਨੂੰ ਕੀ ਹੋ ਗਿਆ ਹੈ? ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦਾ ਪ੍ਰਚਾਰ ਤੇ ਪਾਸਾਰ ਕਰਨ ਵਾਲ਼ਿਆਂ ਉੱਤੇ ਸਿੱਖ ਹੀ ਹਮਲਾਵਰ ਬਣ ਗਏ ਹਨ।

ਵਰਜੀਨੀਆਂ ਵਿੱਚ ਸੱਚੀਆਂ ਬਾਣੀਆਂ ਹੀ ਪੜ੍ਹੀਆਂ ਗਈਆਂ:

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ 13 ਪੰਨੇ ਧੰਨੁ ਸ਼੍ਰੀ ਗੁਰੂ ਅਰਜੁਨ ਸਾਹਿਬ ਪਾਤਿਸ਼ਾਹ ਵਲੋਂ ਖ਼ੁਦ ਬਣਾਇਆ, ਹਰ ਸਿੱਖ ਦਾ ਨਿੱਤ-ਨੇਮ ਹੈ ਜੋ ਦਸਵੇਂ ਪਾਤਿਸ਼ਾਹ ਜੀ ਵਲੋਂ ਵੀ ਪ੍ਰਵਾਨਤ ਹੈ ਅਤੇ ‘ਅਨੰਦੁ’ ਬਾਣੀ ਤੀਜੇ ਗੁਰੂ ਜੀ ਦੀ ਹੈ। ਕੀ ਇਹ ਦਸਵੇਂ ਪਾਤਿਸ਼ਾਹ ਜੀ ਵਲੋਂ ਪ੍ਰਵਾਨਤ ਬਾਣੀਆਂ ਪੜ੍ਹ ਕੇ ਛਕਾਇਆ ਅੰਮ੍ਰਿਤ ਮਨਮੱਤ ਹੈ? ਮਨੱਮਤ ਤਾਂ ਨਕਲੀ ਤੇ ਕੱਚੀਆਂ ਬਾਣੀਆਂ ਨਾਲ਼ ਛਕਾਇਆ ਅੰਮ੍ਰਿਤ ਹੁੰਦਾ ਹੈ। ਨਕਲੀ ਬਾਣੀਆਂ ਪੜ੍ਹਨ ਦੀ ਪ੍ਰੰਪਰਾ ਦਸਵੇਂ ਗੁਰੂ ਜੀ ਦੀ ਨਹੀਂ ਬਣਾਈ ਹੋਈ। ਭੋਲ਼ਿਓ ਇਹ ਮਨਮੱਤ ਤਾਂ ਸ਼੍ਰੋ. ਕਮੇਟੀ ਨੇ ਖ਼ੁਦ ਸੰਨ 1945 ਵਿੱਚ ਰਹਿਤ ਮਰਯਾਦਾ ਰਾਹੀਂ ਚਾਲੂ ਕੀਤੀ ਸੀ। ਇਹ ਰਹਿਤ ਮਰਯਾਦਾ ਦਸਵੇਂ ਗੁਰੂ ਜੀ ਦੀ ਨਹੀਂ ਬਣਾਈ ਹੋਈ; ਗਿਣਤੀ ਦੇ ਵੱਖ-ਵੱਖ 14 ਕੁ ਬੰਦਿਆਂ ਦੀ ਬਣਾਈ ਹੋਈ ਹੈ।

ਗੁਰੂ ਦੀ ਬਾਣੀ ਉਹੀ ਹੋ ਸਕਦੀ ਹੈ, ਜਿੱਸ ਵਿੱਚ ‘ਨਾਨਕ’ ਮੁਹਰ ਛਾਪ ਹੋਵੇ ਤੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋਵੇ। ਕਈ ਗ੍ਰੰਥਾਂ ਵਿੱਚ ‘ਨਾਨਕ’ ਮੁਹਰ ਵਰਤ ਕੇ ਨਕਲੀ ਰਚਨਾਵਾਂ ਵੀ ਕੀਤੀਆਂ ਮਿਲ਼ਦੀਆਂ ਹਨ, ਉਹ ਬਾਣੀ ਨਹੀਂ। ਇਸੇ ਤਰ੍ਹਾਂ ਹੀ ਦਸਵੀ ਪਾਤਿਸ਼ਾਹੀ ਸਿਰਲੇਖ ਵਰਤ ਕੇ ਵੀ ਲਿਖੀਆਂ ਨਕਲੀ ਰਚਨਾਵਾਂ ਮਿਲ਼ਦੀਆਂ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਧੁਰ ਕੀ ਬਾਣੀ ਦੇ ਦਰਜ ਹੋਣ ਤੋਂ ਬਿਨਾਂ ਜੋ ਕੁੱਝ ਵੀ ਬਾਹਰ ਰਹਿ ਗਿਆ ਹੈ ਦਸਵੇਂ ਪਾਤਿਸ਼ਾਹ ਜੀ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਨਹੀਂ ਹੈ। ਜੋ ਦਸਵੇਂ ਪਾਤਿਸ਼ਾਹ ਜੀ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਹੀ ਨਹੀਂ, ਉਹ ਰਚਨਾ ਅੰਮ੍ਰਿਤ ਛਕਾਉਣ ਲਈ ਅਤੇ ਨਿੱਤ-ਨੇਮ ਵਿੱਚ ਕਿਵੇਂ ਪੜ੍ਹੀ ਜਾ ਸਕਦੀ ਹੈ? ਦਸਵੇਂ ਪਾਤਿਸ਼ਾਹ ਜੀ ਚਾਹੁੰਦੇ ਤਾਂ ਜਾਪੁ, ਸਵੱਯੇ, ਚੌਪਈ ਆਦਿਕ ਸੱਭ ਕੁੱਝ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਓਦੋਂ ਦਰਜ ਕਰਵਾ ਸਕਦੇ ਸਨ (ਜੇ ਇਨ੍ਹਾਂ ਰਚਨਾਵਾਂ ਦੀ ਓਦੋਂ ਹੋਂਦ ਮੰਨ ਵੀ ਲਈ ਜਾਵੇ) ਜਦੋਂ ਉਨ੍ਹਾਂ ਪਿਤਾ ਗੁਰੂ ਜੀ ਦੀ ਬਾਣੀ ਨੂੰ ਆਦਿ ਬੀੜ ਵਿੱਚ ਵਰਜ ਕਰਵਾ ਕੇ ਉਸ ਨੂੰ ਸੰਪੂਰਨ ਕੀਤਾ ਸੀ।

ਭੋਲ਼ਿਓ !!! ਕਿਉਂ ਦਸਵੇਂ ਗੁਰੂ ਜੀ ਤੋਂ ਖ਼ੁਦ ਸਿਆਣੇ ਬਣਨ ਦੀਆਂ ਲੂੰਬੜ ਚਾਲਾਂ ਚੱਲ ਰਹੇ ਹੋ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਅੰਮ੍ਰਿਤ ਛਕਾ ਕੇ ਕੋਈ ਮਨਮੱਤ ਅਤੇ ਕਿਸੇ ਗੁਰੂ-ਪ੍ਰੰਪਰਾ ਦੀ ਉਲੰਘਣਾ ਨਹੀਂ ਹੋਈ। ਜੇ ਤੁਸੀਂ ਅਜਿਹੇ ਸਿੱਖਾਂ ਦੇ ਸਿਰਾਂ ਦਾ ਵੀ ਮੁੱਲ ਰੱਖ ਰਹੇ ਹੋ, ਤਾਂ ਯਾਦ ਰੱਖੋ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਨਹੀਂ ਬਖ਼ਸ਼ ਰਹੇ ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਵਰਜੀਨੀਆਂ ਵਿੱਚ ਪੜ੍ਹੀ ਗਈ ਜਿਸ ਨੂੰ ਆਪ ਦਸਵੇਂ ਪਾਤਿਸ਼ਾਹ ਜੀ ਨੇ ਆਪਣੇ ਹੱਥੀਂ ਦਰਜ ਕਰਵਾਇਆ ਸੀ। ਜੇ ਤੁਸੀਂ ਗੁਰੂ ਨੂੰ ਵੀ ਨਹੀਂ ਬਖ਼ਸ਼ ਰਹੇ ਤਾਂ ਗੁਰੂ ਤੁਹਾਨੂੰ ਕਿਵੇਂ ਬਖ਼ਸ਼ੇਗਾ?

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੱਲਾ ਫੜੋ। ਜੋ ਗੱਲ ਗੁਰੂ ਜੀ ਕਹਿੰਦੇ ਹਨ ਉਹ ਹੀ ਪੜ੍ਹਨ ਤੇ ਸੁਣਨ ਯੋਗ ਧੁਰ ਕੀ ਬਾਣੀ ਗੁਰਬਾਣੀ ਦਾ ਦਰਜਾ ਰੱਖਦੀ ਹੈ, ਦਸਵੇਂ ਪਾਤਿਸ਼ਾਹ ਜੀ ਦਾ ਹਰ ਸਿੱਖ ਨੂੰ ਇਹੀ ਹੁਕਮ ਹੈ ਤੇ ਇਹ ਸਿੱਖਾਂ ਦੇ ਸਿਰਾਂ ਦਾ ਮੁੱਲ ਰੱਖਣ ਤੇ ਇਸ ਮੁੱਲ ਦੀ ਪ੍ਰੋੜਤਾ ਕਰਨ ਵਾਲ਼ਿਆਂ ਉੱਤੇ ਵੀ ਲਾਗੂ ਹੁੰਦਾ ਹੈ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸਵੇਂ ਗੁਰੂ ਜੀ ਵਲੋਂ ਬਖ਼ਸ਼ੀ ਸੱਚ ਦੀ ਆਵਾਜ਼ ਦਾ ਹੋਕਾ ਦੇਣ ਵਾਲ਼ਿਆਂ ਨੂੰ ਸਨਾਤਨਵਾਦੀ ਹਮਲਿਆਂ ਨਾਲ਼ ਦਬਾਇਆ ਨਹੀਂ ਜਾ ਸਕਦਾ। ਸਿੱਖੋ ਪਿਛਲੇ 70 ਸਾਲਾਂ (ਸੰਨ 1945 ਤੋਂ) ਤੋਂ ਨਿੱਤ-ਨੇਮ ਅਤੇ ਅੰਮ੍ਰਿਤ ਦੀਆਂ ਬਾਣੀਆਂ ਪੜ੍ਹਨ ਵਾਰੇ ਜੇ ਕੋਈ ਭੁੱਲ ਕੀਤੀ ਜਾ ਰਹੀ ਸੀ ਤੇ ਹੁਣ ਸੱਚਾਈ ਦਾ ਪਤਾ ਲੱਗ ਗਿਆ ਹੈ ਕਿ ਇਹ ਗ਼ਲਤੀ ਸੀ, ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵੀ ਕੋਲ਼ੋਂ ਮੁਆਫ਼ੀ ਮੰਗ ਕੇ ਇਹ ਆਖੀਏ ਕਿ ਪਾਤਿਸ਼ਾਹ ਪਿਛਲੀਆਂ ਭੁੱਲਾਂ ਬਖ਼ਸ਼ ਲਓ, ਕਿਰਪਾ ਕਰੋ ਕਿ ਅਸੀ ਅੱਜ ਤੋਂ ਦਸਵੇਂ ਪਾਤਿਸ਼ਾਹ ਜੀ ਵਲੋਂ ਸੰਪੂਰਨ ਕੀਤੇ ਤੁਹਾਡੇ ਸਰੂਪ ਦੀ ਹੀ ਬਾਣੀ ਨਿੱਤ-ਨੇਮ ਅਤੇ ਅੰਮ੍ਰਿਤ ਦੀਆਂ ਬਾਣੀਆਂ ਵਜੋਂ ਪੜ੍ਹਾਂਗੇ। ਸਨਾਤਨਵਾਦ/ਬ੍ਰਾਹਮਣਵਾਦ/ਬਿੱਪਰਵਾਦ/ਬਿੱਪਰਨ ਦੀਆਂ ਰੀਤਾਂ ਤੋਂ ਸਿੱਖੀ ਨੂੰ ਬਚਾਉਣ ਅਤੇ ਸੱਭ ਸਿੱਖਾਂ ਵਿੱਚ ਪਿਆਰ ਤੇ ਏਕਤਾ ਦਾ ਬੋਲ-ਬਾਲਾ ਕਰਨ ਦਾ ਇਹੀ ਇੱਕ ਸਿੱਧ-ਪੱਧਰਾ ਰਸਤਾ ਹੈ। ਗੁਰੂ ਰਾਖਾ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top