ਸਿੱਖ
ਪ੍ਰਚਾਰਕਾਂ 'ਤੇ ਹੋਏ ਜਾਨਲੇਵਾ ਹਮਲੇ ਦੇ ਘਟਨਾਕ੍ਰਮ ਬਾਰੇ ਸਭ ਪਾਸਿਓਂ ਨਿੰਦਾ ਹੋ ਰਹੀ
ਹੈ, ਜੋ ਹੋਣੀ ਵੀ ਚਾਹੀਦੀ ਹੈ। ਅਜਿਹੀ ਨੀਚ ਹਰਕਤ ਕਿਸੇ ਵੀ
ਇਨਸਾਨ ਲਈ ਸ਼ੋਭਨੀਕ ਨਹੀਂ, ਪਰ ਜਦੋਂ ਇਸ ਵਿਚ ਸਿੱਖ ਅਕਸ਼ ਵਾਲਾ ਕੋਈ ਸ਼ਾਮਲ ਹੋਵੇ, ਤਾਂ ਇਹ
ਮੂਲੋਂ ਹੀ ਘਟੀਆ ਕੰਮ ਹੈ, ਕਿਉਂਕਿ ਇੱਕ ਸਿੱਖ ਵਾਸਤੇ ਅਜਿਹਾ ਕਾਰਾ ਗੁਰਮਤਿ ਦੀ
ਦ੍ਰਿਸ਼ਟੀ ਤੋਂ ਹੀ ਮਾੜਾ ਤੇ ਵਿਵਰਜਿਤ ਹੈ। ਪਰ ਮੈਂ ਇੱਥੇ ਇੱਕ ਖਾਸ ਨੁਕਤੇ ਵੱਲ ਧਿਆਨ
ਦਿਵਾਉਣਾ ਚਾਹੁੰਦਾ ਹਾਂ। ਹੁਣ ਤਾਂ ਸਾਰੇ ਕਹਿ ਰਹੇ ਹਨ ਕਿ ਭਰਾ ਮਾਰੂ ਜੰਗ ਤੋਂ ਬਚਣਾ
ਚਾਹੀਦਾ ਹੈ, ਪਰ...
੧. ਕੀ ਭਰਾ ਮਾਰੂ ਜੰਗ ਅਜੇ ਸ਼ੁਰੂ ਹੋਣੀ
ਹੈ? ਜਦੋਂ ਕਿ ਅਜਿਹੇ ਘਟਨਾਕ੍ਰਮ ਵਿੱਚ ਸਿੱਖ ਚਿਹਰੇ ਮੋਹਰੇ ਵਾਲੇ ਹੀ ਹਮਲਾਵਰ
ਬਣੇ।
੨. ਜਦੋਂ ਮੀਡੀਆ ਵਿੱਚ ਜਾਂ ਹੋਰ ਥਾਵਾਂ 'ਤੇ ਚੱਕ ਦਿਓ, ਮਾਰ
ਦਿਓ, ਸੋਧ ਦਿਆਂਗੇ, ਵੇਖ ਲਵਾਂਗੇ, ਫਲਾਨੇ ਵਾਂਗ ਹੋਣੀ ਚਾਹੀਦੀ ਹੈ, ਆਦਿ ਵਰਗੀਆਂ
ਧਮਕੀਆਂ ਵਿਚਾਰਧਾਰਕ ਮਤਭੇਦਾਂ ਕਾਰਣ ਕਈ ਸਿਖ ਅਖਵਾਉਂਦੇ ਲੋਕ, ਦੂਜੇ ਸਿੱਖ ਭਰਾਵਾਂ ਨੂੰ
ਦਿੰਦੇ ਹਨ, ਉਦੋਂ ਬਹੁਤੇ ਲੋਕਾਂ ਦਾ ਪ੍ਰਤੀਕਰਮ ਹਾਂ ਭਰਪੂਰ ਕਿਉਂ ਹੁੰਦਾ ਹੈ?
੩. ਸ਼ਰੇਆਮ ਮੀਡੀਆ ਵਿੱਚ ਸਿਰ ਕਲਮ ਕਰਨ
'ਤੇ ਹੋਰ ਕਈ ਧਮਕੀਆਂ ਨੂੰ ਪੰਥ ਸੇਵਾ ਅਤੇ ਬਹਾਦਰੀ ਦਾ ਪ੍ਰਤੀਕ ਸਮਝਣ ਵਾਲੇ ਲੋਕ,
ਅਜਿਹੇ ਮਾਹੌਲ ਲਈ ਜ਼ਿੰਮੇਵਾਰ ਨਹੀਂ?
੪. ਕੀ ਸਿੱਖੀ ਦਾ ਇਹ ਅਸੂਲ ਨਹੀਂ ਕਿ ਜ਼ੁਲਮ ਨੂੰ ਰੋਕਣ ਵਾਸਤੇ
ਹਥਿਆਰ ਦੀ ਵਰਤੋਂ ਹੋਵੇ, ਨਾ ਕਿ ਵੀਚਾਰਧਾਰਕ ਮਤਭੇਦ ਰੱਖਣ ਵਾਲੇ ਨੂੰ ਸਬਕ
ਸਿਖਾਉਣ ਵਾਸਤੇ?
੫. ਫਿਰ ਆਪਣੇ ਹੀ ਸਿੱਖ ਭਰਾਵਾਂ ਨੂੰ ਮਾਰਨ, ਧਮਕੀਆਂ ਦੇਣ,
ਉਨ੍ਹਾਂ ਦੀ ਪੱਗਾਂ ਲਾਹੁਣ, ਤੇ ਕੁਟਮਾਰ ਕਰਨ ਦੇ ਇਸ ਨਖਿੱਧ ਵਰਤਾਰੇ ਨੂੰ ਪੰਥ
ਸੇਵਾ ਮੰਨਣ ਵਾਲੇ ਲੋਕਾਂ ਨੂੰ ਮੂਰਖ ਤੇ ਗੁਰਮਤ ਵਿਰੋਧੀ ਕਿਉਂ ਨਾ ਕਰਾਰ ਦਿਤਾ ਜਾਵੇ?
੬. ਕੀ ਇੱਕ ਵੀ ਅਜਿਹੀ ਮਿਸਾਲ ਮਿਲ ਸਕਦੀ ਹੈ, ਜਿਥੇ
ਵੀਚਾਰਧਾਰਕ ਵਖਰੇਵੇਂ ਹਥਿਆਰ ਨਾਲ ਹਲ ਹੋਏ ਹੋਣ? ਕੀ ਇਸ ਤਰ੍ਹਾਂ ਵੈਰ ਵਿਰੋਧ ਤੇ
ਵਿਚਾਰਧਾਰਕ ਵਖਰੇਵੇਂ ਹੋਰ ਡੂੰਘੇ ਤੇ ਖਤਰਨਾਕ ਨਹੀਂ ਹੋ ਜਾਂਦੇ?
(ਨੋਟ ਕੀਤਾ ਜਾ ਰਿਹਾ ਹੈ ਕਿ
ਜਿਹੜੇ ਲੋਕ ਸੋਧਣ ਦੀਆਂ ਪੋਸਟਾਂ, ਕੁਮੇਂਟ ਤੇ ਬਿਆਨ ਦਿੰਦੇ ਹਨ, ਵਾਪਰੀ ਘਟਨਾ ਮੌਕੇ ਕਿਵੇਂ
ਸ਼ਰੀਫ ਬਣਕੇ ਮਾੜਾ ਹੋਇਆ, ਗਲਤ ਹੈ, ਵਗੈਰਾ ਆਖ ਕੇ ਸੱਚੇ ਤੇ ਹਮਦਰਦ ਬਣਨ ਦੀ ਕੋਸ਼ਿਸ ਕਰਕੇ,
ਝੂਠੇ ਕਿਰਦਾਰ ਤੇ ਮੁਖੌਟਾ ਚਾੜ੍ਹ ਲੈਂਦੇ ਹਨ, ਪਰ ਆਪਣੀ ਸੋਚਣੀ ਤੇ ਵਿਹਾਰ ਨਹੀਂ ਬਦਲਦੇ)