Share on Facebook

Main News Page

ਧੁੰਮੇ ਨੂੰ ਬਚਾਉਣ ਦੀ ਹਰਕਤ ਬਾਦਲ ਵਾਸਤੇ ਘਾਤਕ ਹੋਵੇਗੀ
-: ਡਾ. ਹਰਜਿੰਦਰ ਸਿੰਘ ਦਿਲਗੀਰ

 (1)

ਹੁਣ ਇਸ ਵਿਚ ਕੋਈ ਸ਼ੱਕ ਨਹੀਂ ਰਿਹਾ ਕਿ 17 ਮਈ ਦੇ ਦਿਨ ਭਾਈ ਰਣਜੀਤ ਸਿੰਘ ਢੱਡਰੀਆਂਵਾਲਾ ’ਤੇ ਕੀਤੇ ਗਏ ਕਾਤਲਾਨਾ ਹਮਲੇ ਦੀ ਸਾਜ਼ਿਸ਼ ਹਰਨਾਮ ਸਿੰਘ ਧੁੰਮਾ ਮੁਖੀ ਚੌਕ ਮਹਿਤਾ ਡੇਰਾ ਨੇ ਰਚੀ ਸੀ, ਜਾਂ ਉਸ ਦੀਆਂ ਹਦਾਇਤਾਂ ਨਾਲ ਪਲਾਨ ਕੀਤੀ ਗਈ ਸੀ ਤੇ ਜਾਂ ਉਸ ਦੀ ਮਰਜ਼ੀ ਨਾਲ ਇਹ ਹਮਲਾ ਕੀਤਾ ਗਿਆ ਸੀ।

ਦੋਸ਼ੀਆਂ ਦੀ ਸ਼ਨਾਖ਼ਤ ਮਗਰੋਂ ਤਾਂ ਸਾਫ਼ ਹੋ ਚੁਕਾ ਹੈ ਕਿ ਉਹ ਸਿੱਧੇ ਹੀ ਹਰਨਾਮ ਸਿੰਘ ਧੁੰਮਾ ਦੇ ਸਾਥੀ ਜਾਂ ਚੇਲੇ ਹਨ, ਕਾਰ ਵੀ ਉਸੇ ਦੀ ਵਰਤੀ ਗਈ ਸੀ, ਬਾਣੇ ਵੀ ੳੇਸ ਦੇ ਡੇਰੇ ਦੇ ਸਨ। ਹੁਣ ਜਦ 21 ਮਈ ਦੇ ਦਿਨ ਜਦ ਚਾਰ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਤਾਂ ਅਦਾਲਤ ਵਿਚ ਹਰਨਾਮ ਸਿੰਘ ਧੁੰਮਾ ਦੇ ਸਾਥੀਆਂ/ਚੇਲਿਆਂ ਨੇ ਧੁੰਮਾ ਜ਼ਿੰਦਾਬਾਦ ਦੇ ਨਾਅਰੇ ਲਾਏ। ਇਸ ਦਾ ਸਾਫ਼ ਮਤਲਬ ਇਹ ਹੈ ਕਿ ਦੋਸ਼ੀਆਂ ਦੀ ਸ਼ਨਾਖ਼ਤ ਹੋ ਜਾਣ ਦੇ ਮਗਰੋਂ, ਉਨ੍ਹਾਂ ਦੇ ਹੱਕ ਵਿਚ ਨਾਅਰੇ ਲਾਉਣਾ, ਉਨ੍ਹਾਂ ਦੀ ਹਿਮਾਇਤ ਕਰਨਾ ਹੈ। ਇਹ ਸਾਫ਼ ਦਸਦਾ ਹੈ ਕਿ ਚੌਕ ਮਹਿਤਾ ਡੇਰਾ ਤੇ ਹਰਨਾਮ ਸਿੰਘ ਧੁੰਮਾ ਨੇ ਹੀ ਇਹ ਹਮਲਾ ਕਰਵਾਇਆ ਹੈ ਤੇ ਇਸੇ ਕਰ ਕੇ ਉਹ ਉਨ੍ਹਾਂ ਮੁਲਜ਼ਮਾਂ ਦੀ ਪਿੱਠ ’ਤੇ ਖੜ੍ਹੇ ਹਨ।

ਇਸ ਐਨੇ ਵੱਡੇ ਅਪਰੇਸ਼ਨ ਦਾ ਪੈਸਾ ਕਿਸ ਨੇ ਖ਼ਰਚਿਆ? ਇਸ ਨਹਿਰ ਦੇ ਦੋਹੀਂ ਪਾਸੀਂ ਅਕਸਰ ਪੁਲਸ ਦਾ ਨਾਕਾ ਰਹਿੰਦਾ ਹੈ। ਉਸ ਦਿਨ ਸਾਰੀ ਪੁਲਸ ਕਿੱਥੇ ਸੀ?

ਦੂਜੇ ਪਾਸੇ ਪੁਲੀਸ ਦੀ ਹੁਣ ਤਕ ਦੀ ਕਾਰਵਾਈ ਮਸ਼ਕੂਕ (ਸ਼ੱਕੀ) ਹੈ। ਪਹਿਲੀ ਗੱਲ ਤਾਂ ਧੁੰਮੇ ਦੇ ਬੰਦਿਆਂ ਨੂੰ ਪਤਾ ਕਿਵੇਂ ਲੱਗਾ ਕਿ ਉਨ੍ਹਾਂ ਚੌਹਾਂ ਮੁਲਜ਼ਮਾਂ ਨੂੰ ਕਿਸ ਵੇਲੇ ਤੇ ਕਿਸ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ। ਯਕੀਨਨ ਪੁਲਸ ਨੇ ਹੀ ਦੱਸਿਆ ਹੋਵੇਗਾ। ਦੂਜਾ, ਅਦਾਲਤ ਵਿਚ ਪੇਸ਼ ਕੀਤੇ ਜਾਣ ਵੇਲੇ ਮੁਲਜ਼ਮਾਂ ਦੇ ਚਿਹਰਿਆਂ ਤੋਂ ਸਾਫ਼ ਪਤਾ ਲਗਦਾ ਸੀ ਕਿ ਪੁਲਸ ਵੱਲੋਂ ਉਨ੍ਹਾਂ ਨੂੰ ਛਿਤਰੌਲ ਨਹੀਂ ਫੇਰਿਆ ਗਿਆ ਤੇ ਉਹ ਪੁਲਸ ਰੀਮਾਂਡ ਦੇ ਬਾਵਜੂਦ ਪੁਲਸ ਹਿਰਾਸਤ ਵਿਚ ਆਰਾਮ ਨਾਲ ਰਹੇ ਸਨ। ਅਜਿਹਾ ਜਾਪਦਾ ਹੈ ਕਿ ਚਾਰ ਦਿਨ ਪੁਲਸ ਇਸ ਗੱਲ ਦੀ ਰੀਹਰਸਲ ਕਰਵਾਊਂਦੀ ਰਹੀ ਹੈ ਕਿ ਉਨ੍ਹਾਂ ਨੇ ਕੀ ਬਿਆਨ ਦੇਣੇ ਹਨ। ਦੂਜਾ ਪੁਲਸ ਇਹ ਪਲਾਨਿੰਗ ਕਰਦੀ ਰਹੀ ਹੈ ਕਿ ਇਸ ਨੂੰ ‘ਜਜ਼ਬਾਤੀ ਝਗੜੇ’ ਦਾ ਰੂਪ ਕਿਵੇਂ ਦਿੱਤਾ ਜਾਵੇ। ਇੰਞ ਹੀ, ਪੁਲਸ ਨੇ ਹਰਨਾਮ ਸਿੰਘ ਧੁੰਮਾ ਤੋਂ ਵੀ ‘ਪੁੱਛ ਗਿੱਛ’ ਕੀਤੀ ਸੀ (ਦਰਅਸਲ ਦਿਖਾਵਾ ਕੀਤਾ ਸੀ) ਪਰ ਉਸ ਨੂੰ ਕੁਝ ਕਹੇ ਬਿਨਾ ਹੀ ਛੱਡ ਦਿੱਤਾ ਸੀ। ਇਸ ਦਾ ਮਤਲਬ ਇਹ ਹੈ ਕਿ ਇਸ ਸਮੇਂ ਪੁਲਸ ਨੇ ਉਸ ਨੂੰ ਸਮਝਾਇਆ ਹੋਵੇਗਾ ਕਿ ਉਸ ਨੇ ਕੀ ਬਿਆਨ ਦੇਣੇ ਹਨ।

ਉਨ੍ਹਾਂ ਦਾ ਬਿਆਨ ਕਿ ਦਸਮਗ੍ਰੰਥ ਦੇ ਖ਼ਿਲਾਫ਼ ਬੋਲਣ ਬਾਲਿਆਂ ਦਾ ਇਹੀ ਹਸ਼ਰ ਹੋਵੇਗਾ, ਵੀ ਬਕਵਾਸ ਹੈ। ਢੱਡਰੀਆਂ ਵਾਲਾ ਨੇ ਕਦੇ ਇਕ ਲਫ਼ਜ਼ ਵੀ ਇਸ ਕਿਤਾਬ ਬਾਰੇ ਕਦੇ ਵੀ ਨਹੀਂ ਬੋਲਿਆ। ਇਹ ਸਾਬਿਤ ਕਰਦਾ ਹੈ ਕਿ ਪੁਲਸ ਤੇ ਬਾਦਲ ਵੀ ਇਸ ਕਾਲਤਲਾਨਾ ਹਮਲੇ ਵਾਲਿਆਂ ਦੇ ਨਾਲ ਹਨ।

ਭਲਕ ਨੂੰ ਪੁਲਸ ਕੁਝ ਹੋਰ ਬੰਦਿਆਂ ਨੂੰ ਗ੍ਰਿਫ਼ਤਾਰ ਕਰ ਕੇ ਇਸ ਨੂੰ ਲਟਕਾ ਕੇ ਖ਼ਤਮ ਕਰਨਾ ਚਾਹਵੇਗੀ ਅਤੇ “ਸ਼ਰਧਾ ਵਿਚ ਗੁੱਸੇ ਵਿਚ ਆ ਕੇ ਹਮਲਾ ਕਰਨ” ਦੇ ਦੋਸ਼ ਲਾ ਕੇ ਪੰਜ ਸੱਤ ਬੰਦਿਆਂ ’ਤੇ ਰਸਮੀ ਮੁਕੱਦਮਾ ਚਲਾ ਕੇ ਉਨ੍ਹਾਂ ਨੂੰ ਗਵਾਹ ਨਾ ਮਿਲਣ ਕਰ ਕੇ ਬਰੀ ਕਰ ਦਿੱਤਾ ਜਾਵੇਗਾ ਜਾਂ ਚਾਰ ਕੂ ਬੰਦੇ, ਦੋ-ਦੋ, ਚਾਰ-ਚਾਰ ਸਾਲ ਵਾਸਤੇ ਕੈਦ ਕਰਵਾ ਦਿੱਤੇ ਜਾਣਗੇ। ਹਰਨਾਮ ਸਿੰਘ ਧੁੰਮਾ ਨੂੰ ਇਸ ਸਾਜ਼ਸ਼ ਦਾ ਭਾਈਵਾਲ ਹੋਣ ਦੇ ਨਾਂ ’ਤੇ ਕਦੇ ਵੀ ਗ੍ਰਿਫ਼ਤਾਰ ਨਹੀਂ ਕੀਤਾ ਜਾਵੇਗਾ।

 (2)

ਆਓ ਜ਼ਰਾ ਇਸ ਵਾਰਦਾਤ ਦੇ ਪਿਛੋਕੜ ਵੱਲ ਨਿਗਾਹ ਮਾਰ ਲਈਏ।

ਸਭ ਤੋਂ ਪਹਿਲਾਂ ਮਈ ਦੇ ਪਹਿਲੇ ਹਫ਼ਤੇ ਹਰਨਾਮ ਸਿੰਘ ਧੁੰਮਾ ਨੇ ਰਣਜੀਤ ਸਿੰਘ ਢੱਡਰੀਆਂਵਾਲਾ ਨੂੰ ਉਸ ਦਾ ਨਾਂ ਲੈ ਕੇ ‘ਪੰਥ ਦਾ ਗ਼ਦਾਰ’, ‘ਪੰਥ ਦੋਖੀ’ ਤੇ ‘ਦੁਸ਼ਟ’ ਕਿਹਾ ਸੀ। ਇਸ ਦੇ ਜਵਾਬ ਵਿਚ 8 ਮਈ ਦੇ ਦਿਨ ਪ੍ਰਮੇਸ਼ਰ ਦੁਆਰ ਵਿਚ ਇਕ ਸਮਾਗਮ ਵਿਚ ਰਣਜੀਤ ਸਿੰਘ ਨੇ ਧੁੰਮਾ ਦਾ ਨਾਂ ਲਏ ਬਿਨਾ ਉਸ ਨੂੰ ਸਰਕਾਰੀ ਸੰਤ ਤੇ ਬਾਘੜ ਬਿੱਲਾ (ਜੋ ਉਹ ਸ਼ਕਲ ਤੋਂ ਲਗਦਾ ਹੀ ਹੈ) ਦਾ ਨਾਂ ਦਿੱਤਾ ਸੀ। ਮੈਂ ਸਮਝਦਾ ਹਾਂ ਕਿ ਰਣਜੀਤ ਸਿੰਘ ਢੱਡਰੀਆਂਵਾਲਾ ਨੇ ਬਹੁਤ ਸਿਆਣਪ ਕੀਤੀ ਸੀ ਕਿ ਉਸ ਨੇ ਧੁੰਮੇ ਦਾ ਨਾਂ ਨਹੀਂ ਲਿਆ ਸੀ।

ਪਹਿਲੇ ਹਫ਼ਤੇ ਹਰਨਾਮ ਸਿੰਘ ਧੁੰਮਾ ਨੇ ਰਣਜੀਤ ਸਿੰਘ ਢੱਡਰੀਆਂਵਾਲਾ ਨੂੰ ਉਸ ਦਾ ਨਾਂ ਲੈ ਕੇ
‘ਪੰਥ ਦਾ ਗ਼ਦਾਰ’, ‘ਪੰਥ ਦੋਖੀ’ ਤੇ ‘ਦੁਸ਼ਟ’ ਕਿਹਾ ਸੀ।
ਇਸ ਦੇ ਜਵਾਬ ਵਿਚ 8 ਮਈ ਦੇ ਦਿਨ ਪ੍ਰਮੇਸ਼ਰ ਦੁਆਰ ਵਿਚ ਇਕ ਸਮਾਗਮ ਵਿਚ ਰਣਜੀਤ ਸਿੰਘ ਨੇ ਧੁੰਮਾ ਦਾ ਨਾਂ ਲਏ ਬਿਨਾ ਉਸ ਨੂੰ ਸਰਕਾਰੀ ਸੰਤ ਤੇ ਬਾਘੜ ਬਿੱਲਾ ਦਾ ਨਾਂ ਦਿੱਤਾ ਸੀ।

ਹੁਣ ਜੇ ਪੁਲਸ ਇਹ ਬਹਾਨਾ ਲਾਉਣਾ ਚਾਹਵੇਗੀ ਕਿ ਰਣਜੀਤ ਸਿੰਘ ਢੱਡਰੀਆਂ ਵਾਲਾ ਵੱਲੋਂ ਹਰਨਾਮ ਸਿੰਘ ਧੁੰਮਾ ਦੇ ਖ਼ਿਲਾਫ਼ ਬੋਲਣ ’ਤੇ ਹਰਨਾਮ ਸਿੰਘ ਧੁੰਮਾ ਦੇ ਪੈਰੋਕਾਰਾਂ ਨੇ ਗੁੱਸੇ ਵਿਚ ਆ ਕੇ ਐਕਸ਼ਨ ਕੀਤਾ, ਤਾਂ ਇਹ ਬਹਾਨਾ ਨਹੀਂ ਚਲੇਗਾ ਕਿਉਂਕਿ ਪਹਿਲਾ ਹਰਨਾਮ ਸਿੰਘ ਧੁੰਮਾ ਨੇ ਢੱਡਰੀਆਂ ਵਾਲਾ ਨੂੰ ਪੰਥ ਦੋਖੀ ਤੇ ਦੁਸ਼ਟ ਤੇ ਗ਼ਦਾਰ ਕਿਹਾ ਸੀ। ਸਗੋਂ ਦੋਸ਼ੀ ਤਾਂ ਹਰਨਾਮ ਸਿੰਘ ਧੁੰਮਾ ਹੈ, ਜਿਸ ਨੇ ਪਹਿਲ ਕੀਤੀ ਸੀ।

ਮੈਂ ਪੰਜ ਸਾਲ ਪਹਿਲਾਂ ਰਾਜ਼ ਖੋਲ੍ਹਿਆ ਸੀ ਕਿ ਹਰਨਾਮ ਸਿੰਘ ਧੁੰਮਾ ਨੂੰ ਕੇ.ਪੀ. ਗਿੱਲ ਅਤੇ ਇੰਟੈਲੀਜੈਂਸ ਬਿਊਰੋ ਯਾਨਿ ਥਰਡ ਏਜੰਸੀ ਨੇ ਅਮਰੀਕਾ ਤੋਂ ਲਿਆ ਕੇ ਚੌਕ ਮਹਿਤਾ ਡੇਰੇ ਦਾ ਮੁਖੀ ਬਣਾਇਆ ਸੀ ਤੇ ਇਸ ਵਾਸਤੇ ਥਰਡ ਏਜੰਸੀ ਵੱਲੋਂ ਜਸਬੀਰ ਸਿੰਘ ਰੋਡੇ ਨੂੰ ਵੀ ਉਸ ਦਾ ਸਾਥ ਦੇਣ ਦਾ ਹੁਕਮ ਦਿੱਤਾ ਗਿਆ ਸੀ। ਪਹਿਲਾਂ ਤਾਂ ਹਰਨਾਮ ਸਿੰਘ ਧੁੰਮਾ ਬਾਦਲ ਦੇ ਉਲਟ ਚਲਦਾ ਰਿਹਾ ਸੀ। ਪਰ ਜਦ ਦਿੱਲੀ ਤੋਂ ਉਸ ਨੂੰ ਹੁਕਮ ਆਇਆ ਤਾਂ ਉਹ ਸਿੱਧਾ ਹੀ ਬਾਦਲ ਦਾ ਗ਼ੁਲਾਮ ਬਣ ਗਿਆ। ਬਾਦਲ ਨੇ ਵੀ ਹਰਨਾਮ ਸਿੰਘ ਧੁੰਮਾ ਨੂੰ ਪੂਰੀ ਤਾਕਤ ਦਿੱਤੀ। ਬਾਦਲ ਨੇ ਤਾਂ ਉਸ ਨੂੰ ਅਕਾਲ ਤਖ਼ਤ ਦੇ ਅਖੌਤੀ ਜਥੇਦਾਰ ਤੋਂ ਵੀ ਵਧ ਤਾਕਤ ਦਿੱਤੀ। ਉਹ ਜੋ ਕੁਝ ਕਹਿੰਦਾ ਸੀ ਉਸ ਨੂੰ ਬਾਦਲ ਲਫ਼ਜ਼ ਬ ਲਫ਼ਜ਼ ਪੂਰੀ ਕਰਦਾ ਸੀ। ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਹੀ ਨਹੀਂ ਹਰ ਗੁਰਦੁਆਰੇ ਵਿਚ ਹਰਨਾਮ ਸਿੰਘ ਧੁੰਮਾ ਦਾ ਹੀ ਬੋਲ ਬਾਲਾ ਸੀ।ਹਰਨਾਮ ਸਿੰਘ ਧੁੰਮਾ ਸਮਝਦਾ ਸੀ ਕਿ ਬਾਦਲ ਤੋਂ ਬਾਅਦ ਉਹ ਪੰਜਾਬ ਦਾ ਹਾਕਮ ਹੈ ਤੇ ਉਹ ਜੋ ਮਰਜ਼ੀ ਕਰੇ ਪਿਆ ਉਸ ਨੂੰ ਟੋਕਣ ਵਾਲਾ ਕੋਈ ਨਹੀਂ ਤੇ ਉਸ ਦੇ ਖ਼ਿਲਾਫ਼ ਕੋਈ ਐਕਸ਼ਨ ਨਹੀਂ ਲਿਆ ਜਾਵੇਗਾ। ਇਹ ਬਿਲਕੁਲ ਉਵੇਂ ਹੀ ਸੀ ਜਿਵੇਂ 1988 ਵਿਚ ਜੇਲ੍ਹ ਵਿਚੋਂ ਰਿਹਾ ਕਰਨ ਮਗਰੋਂ ਸਰਕਾਰ ਨੇ ਜਸਬੀਰ ਸਿੰਘ ਰੋਡੇ ਨੂੰ ਪੂਰੀ ਖੁਲ੍ਹ ਦਿੱਤੀ ਹੋਈ ਸੀ।

ਪਰ ਰਣਜੀਤ ਸਿੰਘ ਢੱਡਰੀਆਂ ਦੇ ਮਾਮਲੇ ਵਿਚ ਹਰਨਾਮ ਸਿੰਘ ਧੁੰਮਾ ਬਹੁਤ ਅੱਗੇ ਨਿਕਲ ਗਿਆ। ਉਂਞ ਉਸ ਨੇ ਕਮਾਲ ਦੀ ਪਲਾਨਿੰਗ ਕੀਤੀ ਸੀ। ਉਸ ਦੇ ਸਾਥੀਆਂ ਨੇ ਭਾੜੇ ਦੇ ਕਾਤਲਾਂ ਦੀ ਮਦਦ ਨਾਲ ਚੰਬਲ ਘਾਟੀ ਦੇ ਡਾਕੂਆਂ ਵਾਂਙ ਕਾਰਵਾਈ ਕੀਤੀ ਸੀ। ਪਰ, ਉਹ ਮਹਾਂ ਬੇਵਕੂਫ਼ੀ ਕਰ ਬੈਠਾ। ਮੇਰਾ ਖ਼ਿਆਲ ਹੈ ਕਿ ਉਸ ਨੇ ਇਸ ਦੀ ਭਿਣਕ ਬਾਦਲ ਨੂੰ ਵੀ ਨਹੀਂ ਪੈਣ ਦਿੱਤੀ। ਉਸ ਨੇ ਇਸ ਨੂੰ ਯਕੀਨੀ ਸਮਝ ਲਿਆ ਸੀ ਕਿ ਬਾਦਲ ਉਸ ਦੀ ਮਦਦ ਕਰੇਗਾ। ਉਹ ਇਹ ਵੀ ਸਮਝਦਾ ਸੀ ਕਿ ਪੁਲਸ ਕਿਸੇ ਅਸਲੀ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕਰੇਗੀ ਤੇ ਉਲਟਾ ਢੱਡਰੀਆਂ ਵਾਲਾ ਦੇ ਮਰਨ ਮਗਰੋਂ ਦਹਿਸ਼ਤ ਫ਼ੈਲ ਜਾਵੇਗੀ। ਇੰਞ ਸ਼ਾਇਦ ਹੌਲੀ ਹੌਲੀ ਗੱਲ ਠੰਢੀ ਪੈ ਜਾਵੇਗੀ। ਪਰ ਉਸ ਦੀ ਬਦਕਿਸਮਤੀ ਨੂੰ ਉਸ ਦਾ ਵਾਰ ਖ਼ਾਲੀ ਗਿਆ।ਹਾਂ ਹਰਨਾਮ ਸਿੰਘ ਧੁੰਮਾ ਕੋਲ ਇਕ ਮੌਕਾ ਹੈ। ਉਹ ਅਮਰੀਕਨ ਸ਼ਹਿਰੀ ਹੈ ਤੇ ਉਹ ਚੁਪਚਾਪ ਅਮਰੀਕਾ ਨਿਕਲ ਜਾਵੇ ਤਾਂ ਉਸ ਦਾ ਬਚਾਅ ਹੋ ਸਕਦਾ ਹੈ। ਪਰ, ਉਹ ਮਹਾਂ ਬੇਵਕੂਫ਼ ਹੈ ਤੇ ਅਜਿਹਾ ਨਹੀਂ ਕਰੇਗਾ।

 (3)

ਇਹ ਕੇਸ ਬਾਦਲ ਵਾਸਤੇ ਵੀ ਬਹੁਤ ਖ਼ਤਰਨਾਕ ਮੁਕਾਮ ਬਣ ਗਿਆ ਹੈ। ਜੇ 2017 ਦੀਆਂ ਚੋਣਾਂ ਵਲ ਵੇਖਿਆ ਜਾਵੇ ਤਾਂ ਇਸ ਕੇਸ ਨੇ ਬਾਦਲ ਨੂੰ ਤਬਾਹ ਕਰ ਕੇ ਰੱਖ ਦੇਣਾ ਹੈ। ਧੁੰਮੇ ਦੀ ਹਿਮਾਇਤ ਕਰਨਾ ਬਾਦਲ ਵਾਸਤੇ ਖ਼ੁਦਕਸ਼ੀ ਕਰਨ ਦੇ ਬਰਾਬਰ ਹੋਵੇਗੀ। ਜੇ ਵੋਟ ਬੈਂਕ ’ਤੇ ਨਿਗਾਹ ਮਾਰੀ ਜਾਵੇ ਤਾਂ ਹਰਨਾਮ ਸਿੰਘ ਧੁੰਮਾ ਕੋਲ ਸਾਰੇ ਪੰਜਾਬ ਵਿਚ ਪੰਜ ਹਜ਼ਾਰ ਵੋਟ ਵੀ ਨਹੀਂ ਹੈ (ਸ਼ਾਇਦ ਮੈਂ ਏਨੀਆਂ ਵੋਟਾਂ ਵੀ ਜ਼ਿਆਦਾ ਕਹਿ ਬੈਠਾ ਹਾਂ)। ਧੁੰਮਾ ਬਹੁਤ ਬਦਨਾਮ ਹੋ ਚੁਕਾ ਹੈ। ਲੋਕਾਂ ਵਿਚ ਉਹ ਬਾਦਲ ਦਾ ਟਾਊਟ ਮੰਨਿਆ ਜਾਂਦਾ ਹੈ। ਲੋਕ ਉਸ ਨੂੰ ਨਾ ਸੰਤ ਮੰਨਦੇ ਹਨ ਤੇ ਨਾ ਪੰਥਕ। ਉਸ ਦੇ ਕਾਰਨ ਤਾਂ ਭਿੰਡਰਾਂਵਾਲਾ ਦਾ ਨਾਂ ਵੀ ਬਦਨਾਮ ਹੋ ਰਿਹਾ ਹੈ। ਉਸ ਦੇ ਐਕਸ਼ਨ ਨੇ ਉਸ ਨੂੰ ‘ਗੁੰਡਾ’ ਤੇ ‘ਮਾਫ਼ੀਆ ਡਾੱਨ’ ਵਰਗਾ ਬਣਾ ਦਿੱਤਾ ਹੈ ਤੇ ਚੌਕ ਮਹਿਤਾ ਡੇਰਾ ਨੂੰ ‘ਗੁੰਡਾ ਟਕਸਾਲ’ ਬਣਾ ਦਿੱਤਾ ਹੈ। ਦੂਜੇ ਪਾਸੇ ਢੱਡਰੀਆਂਵਾਲਾ ਦਾ ਆਧਾਰ ਦਿਨ ਬਦਿਨ ਵਧ ਰਿਹਾ ਹੈ। ਹੁਣ ਉਸ ਨਾਲ ਲੋਕ ਹਮਦਰਦੀ ਵੀ ਜੁੜ ਰਹੀ ਹੈ। ਉਹ ਹੀਰੋ ਤੇ ਜ਼ਿੰਦਾ ਸ਼ਹੀਦ ਬਣ ਕੇ ਉਭਰੇਗਾ। ਹਰਨਾਮ ਸਿੰਘ ਧੁੰਮਾ ਨੂੰ ਗ੍ਰਿਫ਼ਤਾਰ ਨਾ ਕਰਨ ਕਾਰਨ ਢੱਡਰੀਆਂ ਵਾਲਾ ਦਾ ਹਰ ਚੇਲਾ, ਪ੍ਰਸੰਸਕ ਤੇ ਹਮਦਰਦ ਬਾਦਲ ਦਾ ਪੱਕਾ ਵਿਰੋਧੀ ਬਣ ਜਾਵੇਗਾ ਤੇ ਇਸ ਨਾਲ 5 ਲੱਖ ਵੋਟ (ਘਟ ਤੋਂ ਘਟ 5 ਲੱਖ ਵੋਟ) ਬਾਦਲ ਦੇ ਖ਼ਿਲਾਫ਼ ਜਾਵੇਗੀ। ਏਨੀ ਵੋਟ ਬਾਦਲ ਨੂੰ ਬੁਰੀ ਤਰ੍ਹਾਂ ਹਰਾ ਕੇ ਰੱਖ ਦੇਵੇਗੀ।

ਸੋ ਬਾਦਲ ਹੁਣ ਕੁੜਿੱਕੀ ਵਿਚ ਹੈ। ਉਸ ਦੀ ਹਾਲਤ ਸੱਪ ਦੇ ਮੂੰਹ ਕੋਹੜ ਕਿਰਲੀ ਵਾਲੀ ਹੈ: ਛੱਡੇ ਤਾਂ ਅੰਨ੍ਹਾ, ਖਾਵੇ ਤਾਂ ਕੋਹੜੀ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top