ਭਾਈ ਪਿੰਦਰਪਾਲ ਸਿੰਘ ਜੀ

ਵਾਹਿ ਗੁਰੂ ਜੀ ਕਾ ਖਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ।

ਪਿਛਲੇ ਲੰਮੇ ਸਮੇਂ ਤੋਂ ਆਪ ਜੀ ਸ਼ਬਦ ਦੀ ਵਿਚਾਰ ਰਾਹੀ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਨੂੰ ਸੰਗਤਾਂ ਤਾਈ ਪੁਜਦਾ ਕਰ ਰਹੇ ਹੋ । ਆਪ ਜੀ ਦੀ ਇਸ ਸੇਵਾ ਨੂੰ ਮੁਖ ਰੱਖਦੇ ਹੋਏ, ਅਕਾਲ ਤਖਤ ਸਾਹਿਬ ਵੱਲੋਂ ਆਪ ਜੀ ਨੂੰ ਭਾਈ ਸਾਹਿਬ ਦੀ ਉਪਾਧੀ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਜਿਵੇ ਕਿ ਆਪ ਜੀ ਜਾਣਦੇ ਹੀ ਕਿ ਰਾਗੀ ਸਿੰਘਾਂ ਅਤੇ ਕਥਾਕਾਰਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚੋਂ ਕੁਝ ਚੋਣਵੇਂ ਸ਼ਬਦਾਂ ਦਾ ਹੀ ਕੀਰਤਨ ਅਤੇ ਕਥਾ ਕੀਤੀ ਜਾਂਦੀ ਹੈ। ਬਹੁਤ ਸਾਰੇ ਅਜੇਹੇ ਸ਼ਬਦ ਹਨ ਜਿਨ੍ਹਾਂ ਦਾ ਕੀਰਤਨ ਜਾਂ ਕਥਾ ਨਹੀ ਕੀਤੀ ਗਈ। ਇਸੇ ਤਰ੍ਹਾਂ ਹੀ ਕੁਝ ਹੋਰ ਮਸਲੇ ਹਨ ਜਿਨ੍ਹਾਂ ਬਾਰੇ ਪ੍ਰਚਾਰਕ ਹੀ ਨਹੀ ਸਗੋਂ ਯੂਨੀਵਰਸਿਟੀਆਂ ਦੇ ਵਿਦਵਾਨ ਵੀ ਗੱਲ ਕਰਨ ਤੋਂ ਪਾਸਾ ਵੱਟ ਜਾਂਦੇ ਹਨ। ਆਪ ਜੀ ਦੇ ਤਜਰਬੇ, ਖੋਜ ਅਤੇ ਸਟੇਜ ਤੋਂ ਗੱਲ ਕਰਨ ਦੀ ਜੁਰਅਤ ਨੂੰ ਵੇਖਦੇ ਹੋਏ ਆਪ ਜੀ ਨਾਲ ਕੁਝ ਨੁਕਤੇ ਸਾਂਝੇ ਕਰਨੇ ਚਾਹੁੰਦੇ ਹਾਂ ਤਾਂ ਜੋ ਆਪ ਜੀ ਰਾਹੀ ਸੰਗਤਾਂ ਵਿੱਚ ਜਾਗਰਤੀ ਲਿਆ ਕਿ ਗੁਰਬਾਣੀ ਦੀ ਰਹਿਨੁਮਾਈ ਵਿੱਚ ਸਹੀ ਹੱਲ ਲੱਭੇ ਜਾ ਸਕਣ।

੧) ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 927 ਉਪਰ ਦਰਜ ਸ਼ਬਦ, “ਰਾਗੁ ਰਾਮਕਲੀ ਮਹਲਾ ੫ ॥ ਰਣ ਝੁੰਝਨੜਾ ਗਾਉ ਸਖੀ ਹਰਿ ਏਕੁ ਧਿਆਵਹੁ ॥ ਸਤਿਗੁਰੁ ਤੁਮ ਸੇਵਿ ਸਖੀ ਮਨਿ ਚਿੰਦਿਅੜਾ ਫਲੁ ਪਾਵਹੁ”॥ ਸਬੰਧੀ ਬੇਨਤੀ ਹੈ ਕਿ ਇਥੇ ਇਸ ਸ਼ਬਦ ਦਿਆ ਸਿਰਫ ਦੋ ਪੰਗਤੀਆਂ ਹੀ ਦਰਜ ਹਨ ਜਦੋ ਕਿ ਹੱਥ ਲਿਖਤ ਬੀੜਾਂ ਵਿਚ ਇਹ ਪੂਰਾ ਸ਼ਬਦ ਦਰਜ ਹੈ। ਇਸ ਦਾ ਕੀ ਕਾਰਨ ਹੋ ਸਕਦਾ ਹੈ?

੨) ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1253 ਉਪਰ ਦਰਜ ਸੂਰਦਾਸ ਜੀ ਦਾ ਸ਼ਬਦ, “ਛਾਡਿ ਮਨ ਹਰਿ ਬਿਮੁਖਨ ਕੋ ਸੰਗੁ”॥ ਇਥੇ ਵੀ ਸਿਰਫ ਇਕ ਪੰਗਤੀ ਹੀ ਦਰਜ ਹੈ। ਹੱਥ ਲਿਖਤ ਬੀੜਾਂ ਵਿੱਚ ਇਹ ਸ਼ਬਦ ਪੂਰਾ ਦਰਜ ਹੈ। ਇਸ ਸ਼ਬਦ ਦੇ ਅਖੀਰ ਵਿੱਚ ਕੋਈ ਅੰਕ ਵੀ ਨਹੀ ਹੈ ਜਦੋ ਕਿ ਇਸ ਤੋਂ ਪਹਿਲੇ ਸ਼ਬਦ ਦੇ ਅਖੀਰ ਤੇ 6 ਅਤੇ ਇਸ ਤੋਂ ਅਗਲੇ ਸ਼ਬਦ ਦੇ ਅਖੀਰ ਤੇ 8 ਅੰਕ ਦਰਜ ਹੈ । ਕੀ ਇਸ ਸ਼ਬਦ ਦਾ ਅੰਕ 7 ਨਹੀ ਹੋਣਾ ਚਾਹੀਦਾ?

੩) ਗੁਰੂ ਗ੍ਰੰਥ ਸਾਹਿਬ ਜੀ ਵਿਚ ਇਕ ਰਚਨਾ ਅਜੇਹੀ ਵੀ ਦਰਜ ਹੈ ਜਿਸ ਦੇ ਲੇਖ ਬਾਰੇ ਕੋਈ ਜਾਣਕਾਰੀ ਦਰਜ ਨਹੀ ਹੈ। ਰਾਗਮਾਲਾ ਬਾਰੇ ਆਪ ਜੀ ਦਾ ਕਿ ਵਿਚਾਰ ਹੈ ਕਿ ਇਸ ਦਾ ਕਰਤਾ ਕੌਣ ਹੈ ਅਤੇ ਇਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਸਾਹਿਬ ਜੀ ਨੇ ਆਪ ਦਰਜ ਕੀਤਾ ਸੀ ਜਾਂ ਪਿਛੋਂ ਕਿਸੇ ਨੇ ਦਰਜ ਕੀਤਾ ਹੈ?

੪) ਅਕਾਲ ਤਖਤ ਤੋਂ ਭਾਈ ਸਾਹਿਬ ਦੀ ਉਪਾਧੀ ਦਾ ਮਤਲਬ ਸਿੱਧਾ ਜਿਹਾ ਬਣਦਾ ਹੈ ਕਿ ਤੁਸੀਂ ਗੁਰਮਤਿ ਪ੍ਰਚਾਰ ਸਮੇ ਅਕਾਲ ਤਖਤ ਸਾਹਿਬ ਅਤੇ ਅਕਾਲ ਤਕਤ ਸਾਹਿਬ ਵੱਲੋ ਪ੍ਰਵਾਨ ਕਿਤੀ ਗਈ ਮਰਿਆਦਾ ਨੂੰ ਸਮਰਪਿਤ ਹੋ । ਕੀ ਕਾਰਣ ਹੈ ਕਿ ਤੁਸੀਂ ਅਕਾਲ ਤਖਤ ਦੀ ਮਰਿਆਦਾ ਦੇ ਵਿਰੋਧੀ ਗੁਰਦਵਾਰਿਆਂ ਵਿੱਚ ਵੀ ਕਥਾ ਕਰਦੇ ਹੋ ਅਤੇ ਕਦੇ ਉਹਨਾ ਨੂੰ ਇਸ ਮਰਿਆਦਾ ਨੂੰ ਲਾਗੂ ਕਰਨ ਲਈ ਆਖਦੇ ਵੀ ਨਹੀਂ ?

ਭਾਈ ਪਿੰਦਰਪਾਲ ਸਿੰਘ ਜੀ, ਅਸੀਂ ਆਸ ਕਰਦੇ ਹਾਂ ਕਿ ਆਪ ਜੀ ਖੋਜੀ ਵਿਦਵਾਨ ਅਤੇ ‘ਭਾਈ ਸਾਹਿਬ’ ਹੋਣ ਦੇ ਨਾਤੇ ਆਪਣੀ ਕੌਮੀ ਜਿੰਮੇਵਾਰੀ ਨੂੰ ਸਮਝਦੇ ਹੋਏ, ਫਰੀਮੌਟ (ਕੇਲੀਫੋਰਨਿਆ) ਦੀ ਸਟੇਜ ਤੋਂ ਉਪ੍ਰੋਕਤ ਸ਼ਬਦਾਂ ਦੀ ਕਥਾਂ ਕਰਕੇ ਕੌਮ ਨੂੰ ਇਕ ਨਿੱਗਰ ਸੇਧ ਦਿਓਗੇ।

ਅਗਰ ਆਪ ਗੁਰੂ ਗ੍ਰੰਥ ਸਾਹਿਬ ਜੀ ਦੇ ਇਹਨਾ ਸ਼ਬਦਾਂ ਵਾਰੇ ਸਵਾਲਾਂ ਤੋਂ ਕਿਸੇ ਵੀ ਬਹਾਨੇ ਪਾਸਾ ਵੱਟਣ ਦੀ ਕੋਸ਼ਿਸ਼ ਕਰਦੇ ਹੋ ਤਾਂ ਆਪ ਜੀ ਦੀ ਸੇਵਾ ਅਤੇ ਭਾਈ ਸਾਹਿਬ ਦੀ ਉਪਾਧੀ ਤੇ ਪ੍ਰਸ਼ਨ ਚਿੰਨ ਲਗਣੇ ਸੁਭਾਵਿਕ ਹਨ ਕਿ ਕੀ ਕਾਰਣ ਹੈ ਆਪ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਦੀ ਵਿਚਾਰ ਤਾਂ ਛੱਡ ਸਕਦੇ ਹੋ ਪਰ ਜੋ ਰਚਨਾ ਸਾਡੀ ਗੁਰੂ ਨਹੀਂ, ਉਸ ਨੂੰ ਪੜਨ ਲਈ ਸੰਗਤ ਵਿੱਚ ਪ੍ਰਚਾਰ ਕਰਦੇ ਹੋ।

ਧੰਨਵਾਦ

ਸਮੂਹ ਸੇਵਾਦਾਰ ਵਰਲਡ ਸਿੱਖ ਫੈਡਰੇਸ਼ਨ