* ਢੱਡਰੀਆਂਵਾਲੇ ਨੇ ਹਮਲੇ ਦੀ ਸੀਬੀਆਈ ਜਾਂਚ ਮੰਗੀ
* ‘ਪੰਜ ਪਿਆਰਿਆਂ’ ਨੇ ਬਾਬਾ ਭੁਪਿੰਦਰ ਸਿੰਘ ਢੱਕੀ ਵਾਲਿਆਂ ਨੂੰ ਕੌਮੀ ਸ਼ਹੀਦ ਦਾ ਦਰਜਾ ਦਿੱਤਾ

ਗਗਨਦੀਪ ਅਰੋੜਾ
ਲੁਧਿਆਣਾ, 26 ਮਈ- ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਜਥੇ ’ਤੇ ਹੋਏ ਹਮਲੇ ਵਿੱਚ ਮਾਰੇ ਗਏ ਬਾਬਾ ਭੁਪਿੰਦਰ ਸਿੰਘ ਢੱਕੀ ਵਾਲਿਆਂ ਦੇ ਭੋਗ ਸਮਾਗਮ ’ਚ ਢੱਡਰੀਆਂ ਵਾਲਿਆਂ ਨੇ ਇਸ ਹਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕਰਦਿਆਂ ਐਲਾਨ ਕੀਤਾ ਕਿ ਉਨ੍ਹਾਂ ਦਾ ਜਥਾ ਹਰ ਮਹੀਨੇ ਸ਼ਹੀਦ ਭੁਪਿੰਦਰ ਸਿੰਘ ਢੱਕੀ ਵਾਲਿਆਂ ਦੇ ਨਾਂ ’ਤੇ ਸਮਾਗਮ ਕਰਵਾਏਗਾ।

...
ਸਮਾਗਮਾਂ ਦੌਰਾਨ ਲੋਕਾਂ ਨੂੰ ਹਮਲੇ ਦੀ ਸਾਰੀ ਕਹਾਣੀ ਦੱਸੀ ਜਾਏਗੀ ਅਤੇ ਨਾਲ ਹੀ ਇਹ ਦੱਸਿਆ ਜਾਏਗਾ ਕਿ ਕਿਵੇਂ ਸਰਕਾਰੀ ਦਬਾਅ ਕਾਰਨ ਪੁਲੀਸ ਇਸ ਕੇਸ ਸਬੰਧੀ ਕੁਝ ਨਹੀਂ ਕਰ ਸਕੀ। ਪਿੰਡ ਖਾਸੀ ਕਲਾਂ ਵਿੱਚ ਕਰਵਾਏ ਭੋਗ ਸਮਾਗਮ ਦੌਰਾਨ ਉਨ੍ਹਾਂ ਕਿਹਾ ਕਿ ਉਹ ਧਰਨੇ ਲਾਉਣ ਦੇ ਹੱਕ ਵਿੱਚ ਨਹੀਂ ਹਨ। ਉਹ ਸੰਗਤ ਨੂੰ ਅਪੀਲ ਕਰਨਗੇ ਕਿ ਸ਼ਾਂਤਮਈ ਢੰਗ ਨਾਲ ਡੀਸੀਆਂ ਨੂੰ ਇਸ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਸਬੰਧੀ ਮੰਗ ਪੱਤਰ ਦਿੱਤੇ ਜਾਣ।

ਭਾਈ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਹੋਰ ਕਿਸੇ ਕੋਲੋਂ ਇਨਸਾਫ਼ ਮਿਲੇ ਨਾ ਮਿਲੇ ਪਰ ਸੰਗਤ ਦੀ ਕਚਹਿਰੀ ਵਿੱਚੋਂ ਇਨਸਾਫ਼ ਜ਼ਰੂਰ ਮਿਲੇਗਾ। ਇਸ ਮੌਕੇ ‘ਪੰਜ ਪਿਆਰਿਆਂ’ ਨੇ ਭਾਈ  ਭੁਪਿੰਦਰ ਸਿੰਘ ਢੱਕੀ ਵਾਲਿਆਂ ਨੂੰ ਕੌਮੀ ਸ਼ਹੀਦ ਦਾ ਦਰਜਾ ਦਿੱਤਾ। ਭਾਈ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਦੀ ਹਮਲਾਵਰਾਂ ਅਤੇ ਸਾਜ਼ਿਸ਼ਘਾੜੇ ਨਾਲ ਕੋਈ ਰੰਜਿਸ਼ ਨਹੀਂ ਸੀ। ਅਸਲ ਵਿੱਚ ਹਾਲਾਤ ਇਹ ਹੋ ਚੁੱਕੇ ਹਨ ਕਿ ਸੱਚ ਬੋਲਣਾ ਗੁਨਾਹ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਬਾਣਾ ਧਰਮ ਦਾ ਪਾਇਆ ਹੈ, ਪਰ ਕੰਮ ਮਾਫੀਆ ਵਾਲੇ ਕਰ ਰਹੇ ਹਨ ਤੇ ਸਿੱਖ ਪ੍ਰਚਾਰਕਾਂ ਦੇ ਕਾਤਲਾਂ ’ਤੇ ਫੁੱਲ ਸੁੱਟੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਜਦੋਂ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿਰੋਧ ਵਿੱਚ ਸੜਕਾਂ ’ਤੇ ਬੈਠੇ ਸਨ, ਉਦੋਂ ਤੋਂ ਹੀ ਉਹ ਉਨ੍ਹਾਂ ਲੋਕਾਂ ਦੀਆਂ ਅੱਖਾਂ ਵਿੱਚ ਰੜਕਦੇ ਸਨ। ਉਨ੍ਹਾਂ ਨੂੰ ਪਹਿਲਾਂ ਸੜਕਾਂ ’ਤੇ ਵੀ ਗੋਲੀ ਮਰਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਦੋਂ ਯੋਜਨਾ ਸਿਰੇ ਨਹੀਂ ਚੜ੍ਹੀ ਸੀ। ਉਨ੍ਹਾਂ ਕਿਹਾ ਕਿ ਬੱਚੇ-ਬੱਚੇ ਨੂੰ ਪਤਾ ਹੈ ਕਿ ਹਮਲਾ ਕਰਨ ਵਾਲਾ ਕੌਣ ਹੈ, ਪਰ ਪੁਲੀਸ ਨੂੰ ਕੁਝ ਸਮਝ ਨਹੀਂ ਆ ਰਿਹਾ ਹੈ।

ਉਨ੍ਹਾਂ ਨੇ ਐਲਾਨ ਕੀਤਾ ਕਿ ਗੁਰਦੁਆਰਾ ਪਰਮੇਸ਼ਰ ਦੁਆਰ ਮਿਸ਼ਨ ਵੱਲੋਂ ਭਾਈ ਭੁਪਿੰਦਰ ਸਿੰਘ ਦੇ ਬੱਚਿਆਂ ਨੂੰ 5-5 ਲੱਖ ਰੁਪਏ ਦੀ ਐਫਡੀ ਅਤੇ ਉਨ੍ਹਾਂ ਦੀ ਪਤਨੀ ਨੂੰ ਹਰ ਮਹੀਨੇ 20 ਹਜ਼ਾਰ ਰੁਪਏ ਮਹੀਨਾ ਖ਼ਰਚਾ ਦਿੱਤਾ ਜਾਏਗਾ। ਅਮਰੀਕਾ ਦੀ ਗੁਰਮਤਿ ਪ੍ਰਚਾਰ ਸੰਸਥਾ ਨੇ ਐਲਾਨ ਕੀਤਾ ਕਿ ਭੁਪਿੰਦਰ ਸਿੰਘ ਦੇ ਦੋਵੇਂ ਬੱਚਿਆਂ ਦੀ ਪੜ੍ਹਾਈ ਦਾ ਖ਼ਰਚਾ ਸੰਸਥਾ ਕਰੇਗੀ।

ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਐਲਾਨ ਕੀਤਾ ਕਿ ਉਨ੍ਹਾਂ ਦਾ ਜਥਾ ਹਰ ਮਹੀਨੇ ਕੌਮੀ ਸ਼ਹੀਦ ਬਾਬਾ ਭੁਪਿੰਦਰ ਸਿੰਘ ਦੇ ਨਾਂ ’ਤੇ ਸਮਾਗਮ ਕਰਵਾਏਗਾ। ਲੋਕਾਂ ਨੂੰ ਹਮਲੇ ਦੀ ਅਸਲ ਕਹਾਣੀ ਦੱਸੀ ਜਾਏਗੀ, ਨਾਲ ਹੀ ਦੱਸਿਆ ਜਾਏਗਾ ਕਿ ਕਿਵੇਂ ਸਾਜ਼ਿਸ਼ਘਾੜਾ ਹਮਲੇ ਦੀ ਜ਼ਿੰਮੇਵਾਰੀ ਲੈਂਦਾ ਰਿਹਾ, ਪਰ ਸਰਕਾਰੀ ਦਬਾਅ ਕਾਰਨ ਪੁਲੀਸ ਕੁਝ ਨਹੀਂ ਕਰ ਸਕੀ। ਇਹ ਸਭ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਇਨਸਾਫ਼ ਨਹੀਂ ਮਿਲ ਜਾਂਦਾ।

ਸਮਾਗਮ ਦੌਰਾਨ ਬਾਬਾ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਉਹ ਅਕਾਲ ਤਖ਼ਤ ਅੱਗੇ ਸਿਰ ਝੁਕਾਉਂਦੇ ਹਨ, ਪਰ ਡੇਰਾ ਮੁਖੀ ਵਾਲੇ ਮਾਮਲੇ ਵਿੱਚ ‘ਨਕਾਰੇ’ ਜਥੇਦਾਰਾਂ ਨੂੰ ਨਹੀਂ ਮੰਨਦੇ। ਉਨ੍ਹਾਂ ਕਿਹਾ ਕਿ ਜਥੇਦਾਰ ਵਿਚੋਲੇ ਬਣ ਕੇ ਕਹਿ ਰਹੇ ਹਨ ਕਿ ਦੋਵੇਂ ਧਿਰਾਂ ਖ਼ੂਨੀ ਟਕਰਾਅ ਟਾਲਣ। ਉਨ੍ਹਾਂ ਕਿਹਾ ਕਿ ਵਿਚੋਲਿਆਂ ਵੱਲੋਂ ਉਨ੍ਹਾਂ ਨੂੰ ਖ਼ੂਨੀ ਧਿਰ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਸੰਗਤ ਨੇ ਨਕਾਰਿਆ ਹੈ, ਉਹ ਜੇ ਸਿੱਖਿਆ ਨਾ ਦੇਣ ਤਾਂ ਚੰਗਾ ਹੈ।