Share on Facebook

Main News Page

ਪੰਜੇ ਤਖ਼ਤਾਂ ਦੇ ਜਥੇਦਾਰ ਜਦੋਂ ਅੰਮ੍ਰਿਤ ਸੰਚਾਰ ਦੀ ਮਰਯਾਦਾ ਪ੍ਰਤੀ ਇੱਕ-ਮੱਤ ਨਹੀਂ ਹਨ, ਤਾਂ ਉਨ੍ਹਾਂ ਨੂੰ ਕੀ ਅਧਿਕਾਰ ਹੈ ਕਿ ਉਹ ਕਿਸੇ ਹੋਰ ਸਿੱਖ ਨੂੰ ਦੋਸ਼ੀ ਠਹਿਰਾੳਣ ? ਪੰਥ-ਛੇਕੂ ਕੁਹਾੜਾ ਚਲਾਉਣ ?
-: ਦਲਜੀਤ ਸਿੰਘ ਨਿਓਡਾ, ਇੰਡੀਆ
ਮੁਬਾਈਲ 98102 15729

ਐਡੀਟਰ ਸ਼ੇਰ-ਏ-ਪੰਜਾਬ, ਨਿਊਯਾਰਕ । ਗਰੇਵਾਲ ਜੀ ! ਸਤਿ ਸ੍ਰੀ ਅਕਾਲ ।

ਮੈਂ ਤੁਹਾਡੀ ਵੈਬਸਾਈਟ ਤੋਂ ਤੁਹਾਡੀ ਰਾਇ ਜ਼ਰੂਰ ਪੜਦਾ ਹਾਂ । ਤੁਸੀਂ ਸਦਾ ਸੰਪਰਦਾਈ ਕਟੜਤਾ ਦਾ ਵਿਰੋਧ ਕੀਤਾ ਹੈ । ਪਰ 20 ਮਈ ਦੀ ਲਿਖਤ ਤੁਹਾਡੇ ਜ਼ਮੀਰ ਦੀ ਅਵਾਜ਼ ਨਹੀਂ ਜਾਪਦੀ । ਇਉਂ ਲੱਗਦਾ ਹੈ ਜਿਵੇਂ ਟ੍ਰਾਈਸਟੇਟ ਤੇ ਵਰਜੀਨੀਆਂ ਦੀਆ ਕੁਝ ਉਨ੍ਹਾਂ ਗੁਰਦੁਆਰਾ ਕਮੇਟੀਆਂ ਦਾ ਪ੍ਰਭਾਵ ਕਬੂਲਿਆ ਹੈ, ਜਿਹੜੇ ਵਰਜੀਨੀਆਂ ਦੇ ਭਾਈ ਕੁਲਦੀਪ ਸਿੰਘ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪੰਜ ਬਾਣੀਆਂ ਪੜ੍ਹ ਕੇ ਕੀਤੇ ਅੰਮ੍ਰਿਤ ਸੰਚਾਰ ਸਬੰਧੀ ਵਿਰੋਧ ਵਿੱਚ ਰੌਲਾ ਪਾ ਰਹੀਆਂ ਹਨ । ਤੁਸਾਂ ਵੀ ਇਸ ਕਾਰਵਾਈ ਨੂੰ ਬੱਜਰ ਅਪਰਾਧ ਦੱਸਿਆ ਹੈ

ਮੈਂ ਤੁਹਾਡੇ ਰਾਹੀਂ ਤੁਹਾਡੇ ਸਮੇਤ ਉਨ੍ਹਾਂ ਉਪਰੋਕਤ ਕਿਸਮ ਦੇ ਸਾਰੇ ਚੌਧਰੀਆਂ ਨੂੰ ਕੁਝ ਸਵਾਲ ਕਰਨਾ ਚਹੁੰਦਾ ਹਾਂ । ਕਿਉਂਕਿ, ਮੈਨੂੰ ਸ਼ੱਕ ਪੈ ਰਿਹਾ ਹੈ ਕਿ ਐਸੇ ਲੋਕ ਕਿਸੇ ਸੰਪਰਦਾ ਦੇ , ਕਿਸੇ ਟਕਸਾਲ ਦੇ ਜਾਂ ਕਿਸੇ ਡੇਰੇਦਾਰ ਬਾਬੇ ਦੇ ਸਿੱਖ ਤਾਂ ਹੋ ਸਕਦੇ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਹੀਂ । ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚਲੀ ਧੁਰ ਕੀ ਬਾਣੀ ਪੜ੍ਹ ਕੇ ਤਿਆਰ ਕੀਤਾ ਅੰਮ੍ਰਿਤ ਪ੍ਰਵਾਨ ਨਹੀਂ । ਪਰ ਬਚਿਤ੍ਰ-ਨਾਟਕ (ਦਸਮ ਗ੍ਰੰਥ) ਵਰਗੇ ਅਸ਼ਲੀਲ ਪੋਥੇ ਦੀ ਰਚਨਾਵਾਂ ਪੜ੍ਹ ਕੇ ਤਿਆਰ ਕੀਤਾ ਪ੍ਰਵਾਨ ਹੈ ।

ਗਰੇਵਾਲ ਜੀ ! ਪ੍ਰਸਿੱਧ ਵਿਦਵਾਨ ਡਾ. ਰਤਨ ਸਿੰਘ ਜੱਗੀ ਅਨੁਸਾਰ ਤਖ਼ਤ ਸ੍ਰੀ ਹਜ਼ੂਰ ਸਾਹਿਬ 'ਤੇ ਅੰਮ੍ਰਿਤ ਸੰਚਾਰ ਵੇਲੇ ਪੰਜ ਦੀ ਥਾਂ ਸੱਤ ਬਾਣੀਆਂ ਪੱੜ੍ਹੀਆਂ ਜਾਂਦੀਆਂ ਹਨ । ਜਪਜੀ ਸਾਹਿਬ ਤੇ ਅਨੰਦ ਸਾਹਿਬ ਸਮੇਤ ਦੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਅਤੇ ਪੰਜ ਉਸ ਅਸ਼ਲੀਲ ਗ੍ਰੰਥ ਦੀਆਂ ਰਚਨਾਵਾਂ, ਜਿਸ ਨੂੰ ਖ਼ਾਲਸਾ ਪੰਥ ਨੇ ਅੱਜ ਤਕ ਕਦੇ ਵੀ ਮਾਨਤਾ ਨਹੀਂ ਦਿੱਤੀ । ਜਿਵੇਂ ਜਾਪ, 10 ਸਵਯੇ ਸ੍ਰਾਵਗ ਸੁਧ ... ਵਾਲੇ, ਚੌਪਈ ਅੜਿਲ ਵਗੈਰਾ ਸਮੇਤ, ਸ਼ਸ਼ਤਰ ਨਾਮ ਮਾਲਾ ਅਤੇ ਕਾਲ ਉਸਤਤ ਵਾਲੇ 33 ਸਵਯੇ ।

ਬੀਬੀਆਂ ਲਈ ਕੇਵਲ ਜਪਜੀ ਸਾਹਿਬ ਪੜ੍ਹ ਕੇ ਅਤੇ ਖੰਡੇ ਦੀ ਥਾਂ ਕ੍ਰਿਪਾਨ ਵਰਤ ਕੇ ਤਿਆਰ ਕੀਤਾ ਅੰਮ੍ਰਿਤ ਵੱਖਰਾ ਛਕਾਇਆ ਜਾਂਦਾ ਹੈ । ਕੀ ਇਹ ਬੱਜਰ ਅਪਰਾਧ ਨਹੀਂ ? ਕੀ ਇਹ ਮਰਯਾਦਾ ਦਾ ਉਲੰਘਣ ਨਹੀਂ ? ਇੱਸ ਪੱਖੋਂ ਕਦੇ ਉਪਰੋਕਤ ਕਿਸਮ ਦੇ ਚੌਧਰੀਆਂ ਨੇ ਜਾਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੇ ਰੋਸ ਪ੍ਰਗਟ ਕੀਤਾ ਹੈ ? ਕਦੇ ਕਿਸੇ ਨੂੰ ਇੰਜ ਢਿੱਡ ਪੀੜ ਹੋਈ ਹੈ, ਜਿਵੇਂ ਹੁਣ ਤੜਪ ਰਹੇ ਹਨ ?

ਜੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਬੀਬੀਆਂ ਲਈ ਇਕੱਲਾ ਜਪਜੀ ਸਾਹਿਬ ਪੜ੍ਹ ਕੇ ਅੰਮ੍ਰਿਤ ਬਣ ਸਕਦਾ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ (ਜਪੁ, ਸੋ ਦਰੁ, ਸੋ ਪੁਰਖ, ਸੋਹਿਲਾ ਤੇ ਅਨੰਦ ਸਾਹਿਬ) ਪੜ੍ਹ ਕੇ ਕਿਉਂ ਨਹੀਂ ?

ਜੇ ਤਖ਼ਤ ਹਜ਼ੂਰ ਸਾਹਿਬ ਦਾ ਪੂਜਾਰੀ ਇਤਨਾ ਵੱਡਾ ਅਪਰਾਧ ਕਰਕੇ ਪੰਥ ਨੂੰ ਪ੍ਰਵਾਨ ਹੈ, ਸ੍ਰੀ ਅਕਾਲ ਤਖ਼ਤ ਦਾ ਜਥੇਦਾਰ ਵੀ ਪੰਥਕ ਫੈਸਲੇ ਕਰਨ ਵੇਲੇ ਆਪਣੇ ਬਰਾਬਰ ਬੈਠਾਉਂਦਾ ਹੈ ਤਾਂ ਭਾਈ ਕੁਲਦੀਪ ਸਿੰਘ ਕਿਉਂ ਨਹੀਂ ਪ੍ਰਵਾਨ ? ਕੀ ਮਰਯਾਦਾ ਦਾ ਅਜਿਹਾ ਉਲੰਘਣ ਕਰਨ ਵਾਲੇ ਬੱਜਰ ਅਪਰਾਧੀ ਨੂੰ ਹੱਕ ਹੈ ਕਿ ਉਹ ਕੁਲਦੀਪ ਸਿੰਘ ਬਾਰੇ ਫੈਸਲਾ ਲੈਣ ਲਈ ਸ੍ਰੀ ਅਕਾਲ ਤਖ਼ਤ ਦੇ ਪੰਜਾਂ ਜਥੇਦਾਰਾਂ ਵਿੱਚ ਸ਼ਾਮਲ ਹੋਏ ?

ਸ਼੍ਰੋਮਣੀ ਕਮੇਟੀ ਵੱਲੋਂ ਛੱਪਦੀ, ਜਿਸ ਮਰਯਾਦਾ ਨੂੰ ਅਧਾਰ ਬਣਾ ਕੇ ਅੰਮ੍ਰਿਤ ਸੰਚਾਰ ਪ੍ਰਤੀ ਭਾਈ ਕੁਲਦੀਪ ਸਿੰਘ ਵਰਜੀਨੀਆਂ ਨੂੰ ਦੋਸ਼ੀ ਘੋਸ਼ਿਤ ਕੀਤਾ ਗਿਆ ਹੈ ਅਤੇ ਹੁਣ ਪੰਥ ਵਿੱਚੋਂ ਛੇਕਣ ਦੀਆਂ ਤਿਆਰੀਆਂ ਹੋ ਰਹੀਆਂ ਹਨ, ਕੀ ਅਜਿਹਾ ਫੈਸਲਾ ਲੈਣ ਵਾਲੇ ਤਖ਼ਤਾਂ ਦੇ ਪੰਜੇ ਜਥੇਦਾਰ ਉਸ ਮਰਯਾਦਾ ਪ੍ਰਤੀ ਇੱਕ ਮੱਤ ਹਨ ? ਜੇ ਪੰਜੇ ਆਪਸ ਵਿੱਚ ਸਹਿਮਤ ਨਹੀਂ ਤਾਂ ਕੀ ਉਨ੍ਹਾਂ ਨੂੰ ਅਧਿਕਾਰ ਹੈ ਕਿ ਉਹ ਕੋਈ ਪੰਥ-ਛੇਕੂ ਕੁਹਾੜਾ ਚਲਾ ਸਕਣ ?

ਬਹੁਤ ਵੱਡਾ ਸੁਆਲ ਇੱਕ ਹੋਰ ਵੀ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਛਪਦੀ ਰਹਿਤ ਮਰਯਾਦਾ ਨੂੰ, ਜਦੋਂ ਅੱਜ ਤਕ ਪੰਜਾਂ ਤਖ਼ਤਾਂ ਦੇ ਜਥੇਦਾਰਾਂ ਨੇ ਮਿਲ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਗੀ ਹੀ ਨਹੀਂ ਦਿੱਤੀ ਤਾਂ ਉਸ ਕਿਤਾਬਚੇ ਨੂੰ ਅਧਾਰ ਬਣਾ ਕੇ ਕੀ ਕਿਸੇ ਸਿੱਖ ਨੂੰ ਦੋਸ਼ੀ ਠਹਿਰਾਇਆ ਜਾ ਸਕਦਾ ਹੈ ?

ਤਖ਼ਤ ਸ੍ਰੀ ਹਜ਼ੂਰ ਸਾਹਿਬ ਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪੂਜਾਰੀਆਂ ਸਮੇਤ ਸਾਰੀਆਂ ਸਿੱਖ ਸੰਪਰਦਾਵਾਂ ਅੰਮ੍ਰਿਤ ਛਕਾਉਣ ਵੇਲੇ "ੴ ਤੋਂ ਨਾਨਕ ਹੋਸੀ ਭੀ ਸਚੁ ॥" ਤੱਕ ਮੂਲ-ਮੰਤਰ ਦਾ ਜਾਪ ਕਰਵਾਉਂਦੀਆਂ ਹਨ । ਜਦੋਂ ਕਿ ਸ਼੍ਰੋਮਣੀ ਕਮੇਟੀ ਦੀ ਮਰਯਾਦਾ ਮੁਤਾਬਿਕ ਮੂਲ-ਮੰਤ੍ਰ ੴ ਤੋਂ ਗੁਰਪ੍ਰਸਾਦਿ ॥ ਤੱਕ ਪ੍ਰਵਾਨ ਹੈ । ਕੀ ਇਹ ਮਰਯਾਦਾ ਦਾ ਘੋਰ ਉਲੰਘਣ ਨਹੀਂ ?

ਬਹੁਤ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਹਨ, ਜਿਹੜੀਆਂ ਅਜੇ ਤੱਕ ਬੀਬੀਆਂ ਨੂੰ ਅਤੇ ਮਜ਼ਹਬੀ ਸਿੰਘਾਂ ਨੂੰ ਇੱਕੋ ਬਾਟੇ ਵਿੱਚੋਂ ਅੰਮ੍ਰਿਤ ਨਹੀਂ ਛਕਾ ਰਹੀਆਂ, ਸਾਰੀ ਮਨੁਖਤਾ ਨੂੰ ਸਮਾਨਤਾ ਬਖ਼ਸ਼ਣ ਵਾਲੇ ਗੁਰਮਤਿ ਦ੍ਰਿਸ਼ਟੀਕੋਨ ਤੋਂ ਇਹ ਕਿੱਡਾ ਵੱਡਾ ਅਪਰਾਧ ਹੈ ? ਕਦੀ ਕਿਸੇ ਨੇ ਇਤਰਾਜ਼ ਕੀਤਾ ਹੈ ?

ਸ਼੍ਰੋਮਣੀ ਕਮੇਟੀ ਦੀ ਮਰਯਾਦਾ ਅਨੁਸਾਰ ਝਟਕਾ ਮੀਟ ਛਕਣ ਦੀ ਆਗਿਆ ਹੈ । ਦਿੱਲੀ ਕਮੇਟੀ ਦੁਕਾਨਾ 'ਤੇ ਜਾ ਕੇ ਝਟਕੇ ਬਕਰਿਆਂ ਉੱਤੇ ਮੋਹਰਾਂ ਲਾ ਕੇ ਹਰ ਰੋਜ਼ ਪ੍ਰਵਾਨਗੀ ਦਿੰਦੀ ਹੈ । ਪਰ, ਪੰਜਾਬੋ ਬਾਹਰਲੇ ਦੋਵੇਂ ਤਖ਼ਤ ਅਤੇ ਸਿੱਖ ਸੰਪਰਦਾਵਾਂ ਅੰਮ੍ਰਿਤ ਅਭਿਲਾਖੀਆਂ ਨੂੰ ਮੀਟ ਖਾਣ ਦੀ ਮਨਾਹੀ ਕਰਦੀਆਂ ਹਨ । ਕੀ ਇਹ ਮਰਯਾਦਾ ਦਾ ਉਲੰਘਣ ਨਹੀਂ ?

ਭਾਈ ਕੁਲਦੀਪ ਸਿੰਘ ਦੇ ਵਿਰੋਧ ਵਿੱਚ ਖੜੇ ਹੋਏ ਚੌਧਰੀ ਇਹ ਵੀ ਦੱਸਣ ਕਿ ਉਹ ਕਿਹੜੇ ਜਥੇਦਾਰਾਂ ਦਾ ਫੈਸਲਾ ਪ੍ਰਵਾਨ ਕਰੇ । ਕਿਉਂਕਿ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨੀਯਤ ਪੰਜ ਪਿਆਰੇ ਕਹੇ ਰਹੇ ਹਨ ਕਿ ਤਖ਼ਤਾਂ ਦੇ ਮਜੂਦਾ ਜਥੇਦਾਰਾਂ ਨੂੰ ਕੋਈ ਪੰਥਕ ਫੈਸਲਾ ਲੈਣ ਦਾ ਅਧਿਕਾਰ ਹੀ ਨਹੀਂ । ਕਿਉਂਕਿ ਸਰਸੇ ਵਾਲੇ ਸੌਦਾ ਸਾਧ ਨੂੰ ਪ੍ਰਵਾਨਗੀ ਦੇਣ ਦੇ ਮਾਮਲੇ ਵਿੱਚ ਉਹ ਪੰਥ ਵੱਲੋਂ ਨਿਕਾਰੇ ਹੋਏ ਹਨ ? ਸਰਬੱਤ ਖ਼ਾਲਸਾ ਵੱਲੋਂ ਥਾਪੇ ਨਵੇਂ ਜਥੇਦਾਰਾਂ ਦਾ ਅਜੇ ਫੈਸਲਾ ਆਉਣਾ ਹੈ, ਉਹ ਕੀ ਚੰਦ ਚਾੜ੍ਹਦੇ ਹਨ ਸਪਸ਼ਟ ਨਹੀਂ ।

ਇਕੱਠੇ ਹੋਏ ਚੌਧਰੀ ਇਹ ਵੀ ਸਪਸ਼ਟ ਕਰਨ ਕਿ ਉਨ੍ਹਾ ਦੇ ਪ੍ਰਬੰਧ ਹੇਠਲੇ ਗੁਰਦੁਆਰਿਆਂ ਵਿੱਚ ਸ਼੍ਰੋਮਣੀ ਕਮੇਟੀ ਵਾਲੀ ਮਰਯਾਦਾ ਨਿਭਾਈ ਜਾਂਦੀ ਹੈ ? ਜੇ ਨਹੀਂ ਤਾਂ ਉਨ੍ਹਾ ਨੂੰ ਕੇਵਲ ਅੰਮ੍ਰਿਤ ਸੰਚਾਰ ਪ੍ਰਤੀ ਰੌਲਾ ਪਾਉਣ ਅਤੇ ਭਾਈ ਕੁਲਦੀਪ ਸਿੰਘ ਦਾ ਪੰਥਕ ਬਾਈਕਾਟ ਕਰਨ ਦੀਆਂ ਧਮਕੀਆਂ ਦੇਣ ਦਾ ਕੀ ਅਧਿਕਾਰ ਹੈ ?

ਕੁਝ ਦਿਹਾੜੇ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ ਦਰਸ਼ਨ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਕੈਡਮੀ ਟ੍ਰਾਂਟੋ ਵਿੱਚ ਭਾਈ ਕੁਲਦੀਪ ਸਿੰਘ ਵਾਂਗ ਅੰਮ੍ਰਿਤ ਸੰਚਾਰ ਕੀਤਾ ਹੈ, ਉਸ ਬਾਰੇ ਹੁਣ ਹੋਰ ਕਿਹੜਾ ਫੈਸਲਾ ਲਵੋਗੇ ? ਕਿਉਂਕਿ, ਪੰਥ ਵਿੱਚੋਂ ਤਾਂ ਤੁਸੀਂ ਉਸ ਨੂੰ ਪਹਿਲਾਂ ਹੀ ਛੇਕ ਚੁੱਕੇ ਹੋ । ਕੀ ਹੁਣ ਕੁਲਦੀਪ ਸਿੰਘ ਵਾਂਗ ਉਸ ਦੇ ਸਿਰ ਦਾ ਮੁੱਲ ਵੀ ਰੱਖ ਦਿਓਗੇ ? ਕੀ ਅਜਿਹੇ ਤਾਲਬਾਨੀ ਕਾਰੇ ਗੁਰਮਤਿ ਅਨੁਸਾਰੀ ਹਨ ।

ਸੁਆਲ ਤਾਂ ਹੋਰ ਵੀ ਹਨ । ਪਰ ਅਖੀਰ ਵਿੱਚ ਆਪਣੇ ਸਾਰੇ ਭਰਾਵਾਂ ਨੂੰ ਇਹੀ ਬੇਨਤੀ ਕਰਦਾ ਹਾਂ ਕਿ ਐਵੇਂ ਗ਼ਰੀਬ ਮਾਰ ਨਾ ਕਰੋ । ਆਪਣੇ ਚਹੇਤੇ ਜਥੇਦਾਰਾਂ ਨੂੰ ਅਪੀਲ ਕਰੋ ਕਿ ਭਾਈ ਕੁਲਦੀਪ ਸਿੰਘ ਬਾਰੇ ਕੋਈ ਸਖ਼ਤ ਫੈਸਲਾ ਲੈਣ ਤੋਂ ਪਹਿਲਾਂ ਸਾਰੇ ਤਖ਼ਤਾਂ ਦੇ ਜਥੇਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰੌਸ਼ਨੀ ਵਿੱਚ ਮਰਯਾਦਾ ਪੱਖੋਂ ਪਹਿਲਾਂ ਆਪ ਇੱਕ ਮੱਤ ਹੋਣ ਤਾਂ ਕਿ ਸ੍ਰੀ ਅਕਾਲ ਤਖ਼ਤ ਦਾ ਕੌਮੀ ਏਕਤਾ ਦਾ ਕੁੰਡਾ ਹੋਰ ਕਮਜ਼ੋਰ ਨਾ ਹੋਵੇ । ਆਪਣੇ ਭਰਾਵਾਂ ਦੇ ਭਾਈਚਾਰਕ ਬਾਈਕਾਟ ਕਰਨ ਨਾਲ ਪੰਥ ਦਾ ਭਲਾ ਹੋਣ ਵਾਲਾ ਨਹੀਂ । ਕਦੋਂ ਤਕ ਐਸਾ ਕਰਦੇ ਰਹੋਗੇ ? ਪੰਥ ਦਾ ਭਲਾ ਤਾਂ ਇਸੇ ਵਿੱਚ ਹੈ ਕਿ ਸਾਰੀਆਂ ਧਿਰਾਂ ਸਿਰ ਜੋੜ ਕੇ ਮਿਲ ਬੈਠਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰੌਸ਼ਨੀ ਵਿੱਚ ਰਹਿਤ ਮਰਯਾਦਾ ਪੱਖੋਂ ਇਕਸਾਰਤਾ ਪੈਦਾ ਕਰਨ ।

ਗੁਰੂ ਦਾ ਉਪਦੇਸ਼ ਹੈ :
ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ॥ - ਬਸੰਤੁ (ਮ: 5) ਗੁਰੂ ਗ੍ਰੰਥ ਸਾਹਿਬ - ਪੰਨਾ 1185


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top