Share on Facebook

Main News Page

ਜੇ ਇਕ ਅਧ ਚੰਗੀ ਕਰੇ ਦੂਜੀ ਭੀ ਵੇਰਾਸਿ
-: ਸੰਪਾਦਕ ਖ਼ਾਲਸਾ ਨਿਊਜ਼

ਇਸ ਗੱਲ ਨਾਲ ਕਿਸੇ ਨੂੰ ਵੀ ਸ਼ੱਕ ਨਹੀਂ, ਕਿ ਭਾਈ ਰਣਜੀਤ ਸਿੰਘ, ਸਾਬਕਾ ਮੁੱਖ ਸੇਵਾਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਨਰਕਧਾਰੀ ਗੁਰਬਚਨ ਸਿੰਘ ਨੂੰ ਮਾਰਿਆ ਤੇ 14 ਸਾਲ ਤੋਂ ਵੀ ਉਪਰ ਜੇਲ ਕੱਟ, ਬਹੁਤ ਹੀ ਦਲੇਰੀ ਵਾਲਾ ਕੰਮ ਕੀਤਾ, ਜਿਸਨੇ ਸਿੱਖਾਂ 'ਚ ਨਵੀਂ ਰੂਹ ਫੂਕੀ, ਜਿਸ ਨਾਲ ਭਾਈ ਜੀ ਦਾ ਰੁਤਬਾ ਸਿੱਖਾਂ 'ਚ ਵੱਧਿਆ। ਪਰ ਕੀ ਇਸ ਨਾਲ ਇਹ ਜੋ ਵੀ ਕਰਣ ਉਸਨੂੰ ਅੱਖਾਂ ਮੀਚ ਕੇ ਮੰਨ ਲੈਣਾ ਚਾਹੀਦਾ ਹੈ, ਕੀ ਇਨਹਾਂ ਦੀ ਹਰ ਗੱਲ ਮੰਨਣੀ ਜਾਇਜ਼ ਹੈ? ਕਿਉਂ ਅਸੀਂ ਇੱਕੋ ਹੀ ਪੈਮਾਨਾ ਰੱਖਦੇ ਹਾਂ ਸੋਚਣ ਲੱਗੇ ਕਿ ਜੇ ਕਿਸੇ ਨੇ ਕਿਸੇ ਨੂੰ ਮਾਰਿਆ ਹੈ ਅਤੇ ਜੇਲ ਕੱਟੀ ਹੈ ਤਾਂ ਉਹ ਵਿਦਵਾਨ ਭੀ ਹੋ ਸਕਦਾ ਹੈ? ਬਹਾਦਰੀ ਤੇ ਵਿਦਵਤਾ ਦੋ ਵੱਖਰੇ ਪਹਿਲੂ ਹਨ।

ਕੀ ਜੇ ਕੋਈ ਡਾਕਟਰ ਹੈ ਤਾਂ, ਕੀ ਉਹ ਹਰ ਕਿਸੀ ਕਿਸਮ ਦਾ ਇਲਾਜ ਕਰ ਸਕਦਾ ਹੈ ? ਫਿਰ ਤਾਂ ਸਪੈਸ਼ਲਿਸਟ ਦੀ ਲੋੜ੍ਹ ਹੀ ਨਾ ਪਵੇ। Generla Physician ਹਰ ਕਿਸੀ ਬਿਮਾਰੀ ਬਾਰੇ ਜਾਣਦੇ ਜ਼ਰੂਰ ਹਨ, ਪਰ ਉਹ ਜਦੋਂ ਜਦੋਂ ਤੱਕ ਬਿਮਾਰੀ ਸਤਹੀ ਪੱਧਰ ਹੀ ਹੋਵੇ ੳਦੋਂ ਤੱਕ ਹੀ ਇਲਾਜ ਕਰ ਸਕਦੇ ਹਨ। ਪਰ ਫਿਰ ਉਹ ਸਪੈਸ਼ਲਿਸਟ ਨੂੰ ਰੈਫਰ refer ਕਰ ਦਿੰਦੇ ਹਨ, ਡੈਂਟਿਸਟ Dentist ਵੱਖਰਾ  ਹੈ, ਆਈ ਸਪੈਸ਼ਲਿਸਟ Eye specialist ਵੱਖਰਾ ਹੈ, ਬੱਚਿਆਂ ਦਾ ਵੱਖਰਾ ਹੈ, ਚਮੜੀ Skin ਦਾ ਵੱਖਰਾ ਹੈ, ਬੀਬੀਆਂ ਲਈ ਵੱਖਰਾ, ਦਿਲ ਦਾ ਵੱਖਰਾ ਹੈ, ਅੱਖਾਂ ਦਾ ਵੱਖਰਾ ਹੈ, ਹੱਡੀਆਂ ਦਾ ਵੱਖਰਾ ਹੈ... ਕੀ ਕਦੀ ਤੁਸੀਂ ਹੱਡੀਆਂ ਵਾਲੇ ਕੋਲੋਂ ਦੰਦਾਂ ਦਾ ਇਲਾਜ ਕਰਵਾਇਆ... ਫਿਰ ਅਸੀਂ ਧਰਮ ਦੇ ਖੇਤਰ 'ਚ ਕਿਉਂ ਅੰਨ੍ਹੇ ਹੋ ਜਾਂਦੇ ਹਾਂ?

ਇਨ੍ਹਾਂ ਦੀ ਵੀਡੀਓ 'ਤੇ ਇਕ ਸੱਜਣ ਨੇ ਕੁਮੈਂਟ ਕੀਤਾ ਕਿ "ਪਾਗਲ ਤਾਂ ਆਪਾਂ ਹਾਂ, ਕੌਮ ਦੇ ਦੁਸ਼ਮਨ ਨੂੰ ਮਾਰ ਕੇ 14 ਸਾਲ ਜੇਲ਼ ਕੱਟੀ, ਕੁਝ ਤਾਂ ਸੋਚ ਕੇ ਕੁਮੈਂਟ ਕਰੋ"

ਜੇ ਭਾਈ ਰਣਜੀਤ ਸਿੰਘ ਨੇ ਨਰਕਧਾਰੀ ਨੂੰ ਮਾਰਿਆ ਇਸ ਗੱਲ 'ਤੇ ਕਿਸੇ ਨੂੰ ਕੋਈ ਸ਼ੱਕ ਨਹੀਂ। ਪਰ ਕੀ ਇਸ ਨਾਲ ਉਹ ਵਿਦਵਾਨ ਭੀ ਹੋ ਗਏ? ਬਹਾਦਰੀ ਤੇ ਵਿਦਵਤਾ ਦੋ ਵੱਖਰੇ ਪਹਿਲੂ ਹਨ। ਇਸੇ ਤਰ੍ਹਾਂ ਅਸੀਂ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ ਵੀ ਕਰਦੇ ਹਾਂ.... ਜੀ ਉਹ ਦਸਮ ਗ੍ਰੰਥ ਪੜ੍ਹਦੇ ਸੀ, ਫਿਰ ਤੁਹਾਨੂੰ ਜ਼ਿਆਦਾ ਅਕਲ ਹੈ? ਓ ਭਲਿਓ, ਹਰ ਕਿਸੇ ਦਾ ਆਪਣਾ ਦਾਇਰਾ ਹੈ, ਕੋਈ ਬਹਾਦਰ ਹੈ, ਕੋਈ ਦਿਮਾਗੀ ਹੈ, ਕੋਈ ਵਿਦਵਾਨ ਹੈ, ਕੋਈ ਰਾਗੀ ਹੈ, ਕੋਈ ਪ੍ਰਚਾਰਕ ਹੈ... ਗੁਰੂ ਪੂਰਾ ਹੈ, ਸ਼ਾਇਦ ਕੋਈ ਵਿਰਲਾ ਹੋਵੇਗਾ, ਜਿਸ ਵਿੱਚ ਇਹ ਸਾਰੇ ਗੁਣ ਹੋਣ, ਪਰ ਹਾਲੇ ਤੱਕ ਤਾਂ ਕੋਈ ਨਹੀਂ ਦਿਖਿਆ, ਹਾਂ ਇਨ੍ਹਾਂ 'ਚੋਂ ਦੋ ਤਿੰਨ ਗੁਣ ਕਈਆਂ 'ਚ ਹੋ ਸਕਦੇ ਨੇ।

ਹਰ ਕਿਸੇ ਗੱਲ ਨੂੰ ਖੁੱਲੇ ਦਿਮਾਗ ਨਾਲ ਸੋਚਿਆ ਕਰੋ, ਭਾਵਨਾਵਾਂ 'ਚ ਵਹਿ ਕੇ "ਉਹ ਜੀ ਤੁਸੀਂ ਉਨ੍ਹਾਂ ਨਾਲੋਂ ਵੱਧ ਸਿਆਣੇ ਹੋ" ਵਾਲੀ ਰੱਟ ਛੱਡਣੀ ਪਵੇਗੀ, ਦਲੀਲ ਨਾਲ ਗੱਲ ਕਰਨੀ ਸਿੱਖੋ, ਕਿਸੇ ਦੇ ਲਾਈਲੱਗ ਨਾ ਬਣੋ। ਜਵਾਬ ਦੇਣ ਲੱਗਿਆਂ ਭਾਸ਼ਾ ਸਭਿਯਕ ਵਰਤੋ, ਸੰਯਮ ਰੱਖੋ, ਜੇ ਕਿਸੇ ਦਾ ਵਿਰੋਧ ਵੀ ਕਰਨਾ ਹੈ ਤਾਂ ਆਪਣੀ ਦਿਮਾਗ ਦਾ ਪੱਧਰ ਉੱਚਾ ਕਰੋ, ਨਾ ਕਿ ਆਵਾਜ਼।

ਇਸ ਵੀਡੀਓ ਵਿੱਚ ਜੋ ਭਾਈ ਰਣਜੀਤ ਸਿੰਘ ਨੇ ਕਿਹਾ ਹੈ, ਉਹ ਗੁਰਬਾਣੀ ਗੁਰਮਤਿ ਤੋਂ ਉਲਟ ਕਿਹਾ ਹੈ, ਸੁਣੀਆਂ ਸੁਣਾਈਆਂ ਗੱਲਾਂ, ਤੇ ਗੁਰਮਤਿ ਵਿਹੂਣੇ ਲੇਖਕਾਂ ਦੀ ਲਿਖਿਤ ਦਾ ਸਹਾਰਾ ਲਿਆ ਹੈ। ਇਨ੍ਹਾਂ ਨੇ ਆਪ ਅਖੌਤੀ ਦਸਮ ਗ੍ਰੰਥ ਪੜ੍ਹਿਆ ਹੋਵੇ, ਇਸ ਤਰ੍ਹਾਂ ਲਗਦਾ ਨਹੀਂ। ਤੇ ਜਿੰਨੇ ਵੀ ਸਾਧਾਂ ਦਾ ਨਾਮ ਲਿਆ ਹੈ, ਉਨ੍ਹਾਂ ਦੀ ਸਿੱਖੀ ਨੂੰ ਕੀ ਦੇਣ ਹੈ... ਸਿਵਾਏ ਪਖੰਡਾਂ ਤੋਂ। ਬੰਦਾ ਜਿਸ ਖਿੱਤੇ 'ਚ ਮੁਹਾਰਤ ਰੱਖੇ, ਉਸ ਬਾਰੇ ਗੱਲ ਕਰਨੀ ਜੱਚਦੀ ਹੈ, ਪਰ ਐਂਵੇਂ ਹਵਾ 'ਚ ਤੀਰ ਛੱਡੀ ਜਾਣੇ, ਪਖੰਡੀ ਸਾਧ ਬਾਬਿਆਂ ਨੂੰ ਖੁਸ਼ ਕਰਣ ਲਈ ਝੂਠ ਦਾ ਸਹਾਰਾ ਲੈਣਾ, ਕੋਈ ਅਕਲਮੰਦੀ ਨਹੀਂ।

ਇਸ ਲਈ ਗੁਰੂ ਸਾਹਿਬ ਵੀ ਕਹਿੰਦੇ ਹਨ:

ਮਹਲਾ ੨ ॥ ਹੋਇ ਇਆਣਾ ਕਰੇ ਕੰਮੁ ਆਣਿ ਨ ਸਕੈ ਰਾਸਿ ਜੇ ਇਕ ਅਧ ਚੰਗੀ ਕਰੇ ਦੂਜੀ ਭੀ ਵੇਰਾਸਿ ॥੫॥

ਅਰਥ: ਜੇ ਕੋਈ ਅੰਞਾਣ ਹੋਵੇ ਤੇ ਉਹ ਕੋਈ ਕੰਮ ਕਰੇ, ਉਹ ਕੰਮ ਨੂੰ ਸਿਰੇ ਨਹੀਂ ਚਾੜ੍ਹ ਸਕਦਾ; ਜੇ ਭਲਾ ਉਹ ਕਦੇ ਕੋਈ ਮਾੜਾ-ਮੋਟਾ ਇਕ ਕੰਮ ਕਰ ਭੀ ਲਵੇ, ਤਾਂ ਭੀ ਦੂਜੇ ਕੰਮ ਨੂੰ ਵਿਗਾੜ ਦਏਗਾ ।5।

ਇਹ ਭਾਈ ਰਣਜੀਤ ਸਿੰਘ ਦਾ ਅੰਞਾਣਪੁਣਾ ਹੀ ਹੈ, ਕਿ ਉਹ ਗੁਰਮਤਿ ਵਿਰੋਧੀ ਗੱਲਾਂ ਕਰ ਰਹੇ ਹਨ। ਆਪਣੇ ਕੀਤੇ ਹੋਏ ਚੰਗੇ ਕੰਮਾਂ ਤੋਂ ਬਾਅਦ ਇਸਹੋ ਜਿਹੋ ਕੰਮ ਕਰਕੇ, ਕੀਤੇ ਹੋਏ 'ਤੇ ਸਵਾਹ ਪਾ ਰਹੇ ਹਨ।

ਗੁਰੂ ਸੁਮੱਤ ਬਖਸ਼ੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top