‘ਸਿੱਖ ਰਹਤ
ਮਰਯਾਦਾ’ ਕਿਤਾਬਚਾ ਕਿਸੇ ਗੁਰੂ ਪਾਤਿਸ਼ਾਹ ਜੀ ਵਲੋਂ ਨਹੀਂ ਬਣਾਇਆ ਗਿਆ।
ਸ਼੍ਰੋ ਕਮੇਟੀ ਦੁਆਰਾ ਇਸ ਦਾ ਰਚਨ-ਕਾਲ਼ ਸੰਨ 1931 ਤੋਂ 1945
ਹੈ। ਰਹਤ ਮਰਯਾਦਾ ਦੇ ਖਰੜੇ ਦੀ ਪ੍ਰਵਾਨਗੀ ਸ਼੍ਰੋ.
ਕਮੇਟੀ ਨੇ ਮਤਾ ਨੰਬਰ 149 ਮਿਤੀ 12-10-36 ਨੂੰ ਦੇ ਦਿੱਤੀ ਸੀ। ਇਹ ਖਰੜਾ
ਲੱਗਭੱਗ 9 ਸਾਲ ਪਿਆ ਰਿਹਾ, ਪਰ ਇੱਸ ਵਿੱਚ ਬ੍ਰਾਹਮਣਵਾਦੀ ਇੱਛਾ ਅਨੁਸਾਰ ਹੋਰ ਭੰਨ ਤੋੜ
ਕਰਨ ਦੇ ਮਨਸੂਬੇ ਬਣਦੇ ਗਏ। ਮੁੜ ਮਿਤੀ 7-1-45 ਨੂੰ ਇਸ ਵਿੱਚ ਵਾਧੇ ਘਾਟੇ ਕਰਨ ਦੀ
ਸਿਫ਼ਾਰਸ਼ ਸ਼੍ਰੋ. ਕਮੇਟੀ ਦੀ ਧਾਰਮਿਕ ਸਲਾਹਕਾਰ ਕਮੇਟੀ ਵਲੋਂ ਕੀਤੀ ਗਈ।
ਸ਼੍ਰੋ. ਕਮੇਟੀ ਨੇ ਇਸ ਅਨੁਸਾਰ ਕੀਤੇ ਵਾਧਿਆਂ ਅਤੇ ਘਾਟਿਆਂ
ਨੂੰ ਆਪਣੇ ਮਤਾ ਨੰਬਰ 97 ਮਿਤੀ 3-2-45 ਰਾਹੀਂ ਪ੍ਰਵਾਨਗੀ ਦੇ ਦਿੱਤੀ। ਦੂਜਾ
ਸੰਸਾਰ ਯੁੱਧ (ਸੰਨ 1939-45) 2 ਸਤੰਬਰ, 1945 ਨੂੰ ਖ਼ਤਮ ਹੋਇਆ। ਰਹਤ ਮਰਯਾਦਾ ਬਣਦਿਆਂ
ਬਣਦਿਆਂ ਦੂਜਾ ਸੰਸਾਰ ਯੁੱਧ ਤਾਂ ਸ਼ੁਰੂ ਹੋ ਕੇ ਸਮਾਪਤ ਹੋਗਿਆ ਗਿਆ, ਪਰ ਇੱਸ ਮਰਯਾਦਾ ਨੇ
ਸਿੱਖਾਂ ਵਿੱਚ ਨਵੀਂ ਜੰਗ ਦੇ ਬੀਜ ਜ਼ਰੂਰ ਬੀਜ ਦਿੱਤੇ।
ਕਈ ਪ੍ਰਸ਼ਨ ਪੈਦਾ ਹੁੰਦੇ ਹਨ।
ਕੀ ਸ਼੍ਰੋ. ਕਮੇਟੀ ਵਲੋਂ ਇਸ ਰਹਤ ਮਰਯਾਦਾ ਨੂੰ ਸਿੱਖ ਕੌਮ ਲਈ ਲਾਗੂ ਕਰਨ ਦਾ ਕੋਈ ਸੰਕੇਤ
ਇੱਸ ਕਿਤਾਬਚੇ ਵਿੱਚ ਦਿੱਤਾ ਗਿਆ ਹੈ? ਉੱਤਰ ਹੈ ਨਹੀਂ। ਜੇ
ਹੈ, ਤਾਂ ਦੱਸੋ?
ਕੀ ਸ਼੍ਰੀ ਅਕਾਲ ਤਖ਼ਤ ਵਲੋਂ ਇਸ ਕਿਤਾਬਚੇ
ਨੂੰ ਪ੍ਰਵਾਨਗੀ ਦਿੱਤੀ ਗਈ ਹੈ? ਉੱਤਰ ਹੈ ਨਹੀਂ,
ਕਿਉਂਕਿ ਸ਼੍ਰੀ ਅਕਾਲ ਤਖ਼ਤ ਵਲੋਂ ਇਸ ਨੂੰ ਬਣਾਇਆ ਹੀ ਨਹੀਂ ਗਿਆ ਤੇ ਨਾ ਹੀ ਉਸ ਦੇ
ਸੇਵਾਦਾਰ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਕੀ ਇਸ ਮਰਯਾਦਾ ਦੇ ਕਿਤਾਬਚੇ ਨੂੰ ਸ਼੍ਰੀ
ਅਕਾਲ ਤਖ਼ਤ ਵਲੋਂ ਸਿੱਖ ਕੌਮ ਲਈ ਲਾਗੂ ਕਰਨ ਦਾ ਕੋਈ ਆਦੇਸ਼ ਹੈ? ਉੱਤਰ ਹੈ ਨਹੀਂ।
ਜੇ ਹੈ, ਤਾਂ ਦੱਸੋ?
ਕੁੱਝ ਪ੍ਰਸਿੱਧ
ਪ੍ਰਚਾਰਕਾਂ ਵਲੋਂ ਹਜ਼ਾਰਾਂ ਸੰਗਤਾਂ ਦੇ ਇਕੱਠ ਵਿੱਚ ਕਿਹਾ ਗਿਆ ਹੈ ਕਿ ਉਹ ਸ਼੍ਰੀ ਗੁਰੂ
ਗ੍ਰੰਥ ਸਾਹਿਬ ਜੀ ਨੂੰ ਸਮਰਪਤ ਹਨ ਅਤੇ ਇੱਸ ਦੇ ਸੱਚ ਦੀ ਆਵਾਜ਼ ਬੁਲੰਦ ਕਰਦੇ ਰਹਿਣਗੇ।
ਉਨ੍ਹਾਂ ਇਹ ਵੀ ਨਾਲ਼ ਹੀ ਕਿਹਾ ਕਿ ਉਹ ਸ਼੍ਰੀ ਅਕਾਲ ਤਖ਼ਤ ਵਲੋਂ ਪ੍ਰਵਾਨਤ ‘ਸਿੱਖ ਰਹਤ
ਮਰਯਾਦਾ’ ਦੇ ਪਾਬੰਦ ਹਨ। ਕਿਸੇ ਨੇ ਕਿਹਾ ਕਿ ਉਹ ਪੰਥ ਪ੍ਰਵਾਨਤ ‘ਸਿੱਖ ਰਹਤ ਮਰਯਾਦਾ’
ਨੂੰ ਪੂਰਨ ਤੌਰ 'ਤੇ ਮੰਨਦੇ ਹਨ ਅਤੇ ਬਾਕੀਆਂ ਨੂੰ ਵੀ ਮੰਨਣ ਲਈ ਕਿਹਾ ਗਿਆ, ਤਾਂ ਜੁ
ਸਿੱਖ ਏਕਤਾ ਕਾਇਮ ਹੋਵੇ। ਇਹ ਆਪਸ ਵਿੱਚ ਵਿਰੋਧੀ ਬਿਆਨ ਹਨ।
ਜਿਹੜਾ ਸਿੱਖ ਸ਼੍ਰੀ
ਗੁਰੂ ਗ੍ਰੰਥ ਸਾਹਿਬ ਨੂੰ ਸਮਰਪਤ ਹੋਵੇ ਉਹ ਦਸਮ ਗ੍ਰੰਥ ਦੀਆਂ ਰਚਨਾਵਾਂ, ਜੋ ਸਿੱਖ ਰਹਤ
ਮਰਯਾਦਾ ਵਿੱਚ ਬ੍ਰਾਹਮਣਵਾਦੀ ਪ੍ਰਭਾਵ ਨਾਲ਼ ਵਾੜੀਆਂ ਗਈਆਂ, ਨੂੰ ਕਿਵੇਂ ਸਮਰਪਤ ਹੋ ਸਕਦਾ
ਹੈ? ਜੇ ਸਿੱਖਾਂ ਦਾ ਗੁਰੂ ਇੱਕੋ ਹੀ ਹੈ, ਤਾਂ ਉਸ ਦੀ ਬਾਣੀ ਤੋਂ ਬਾਹਰ ਦੀਆਂ
ਰਚਨਾਵਾਂ ਕਿਵੇਂ ਅਪਨਾਈਆਂ ਜਾ ਸਕਦੀਆਂ ਹਨ ਤੇ ਗੁਰੂ ਦਾ ਦਰਜਾ ਰੱਖ ਸਕਦੀਆਂ ਹਨ?
ਮਾਨਯੋਗ ਪ੍ਰਚਾਰਕਾਂ ਨੂੰ ਬੇਨਤੀ ਹੈ ਕਿ
ਉਹ ਸ਼੍ਰੀ ਗੁਰ ਗ੍ਰੰਥ ਸਾਹਿਬ ਜੀ ਤੋਂ ਬਾਹਰੋਂ ਨਿੱਤ-ਨੇਮ ਅਤੇ ਅੰਮ੍ਰਿਤ ਛਕਾਉਣ ਵਿੱਚ
ਪਾਈਆਂ ਰਚਨਾਵਾਂ ਨੂੰ ਕਿੱਸ ਪੱਖ ਤੋਂ ਮਾਨਤਾ ਦਿੰਦੇ ਹਨ? ਕੀ ਰਹਤ ਮਰਯਾਦਾ
ਬਣਾਉਣ ਵਾਲ਼ੀ ਕਮੇਟੀ, ਜਿਸ ਨੂੰ ਤੁਸੀਂ ਪੰਥ ਆਖਦੇ ਹੋ, ਨੂੰ ਇਹ ਅਧਿਕਾਰ ਸੀ ਕਿ ਉਹ ਸ਼੍ਰੀ
ਗੁਰੂ ਅਰਜੁਨ ਸਾਹਿਬ ਜੀ ਦਾ ਬਣਾਇਆ ਸਿੱਖ ਕੌਮ ਦਾ ਪੱਕਾ ਨਿੱਤ-ਨੇਮ (ਸ਼੍ਰੀ ਗੁਰੂ ਗ੍ਰੰਥ
ਸਾਹਿਬ ਜੀ ਦੀ ਛਾਪੇ ਦੀ ਬੀੜ ਦੇ ਪਹਿਲੇ 13 ਪੰਨੇ) ਬਦਲ ਦੇਵੇ ਅਤੇ ਅਪ੍ਰਵਾਨਤ ਰਚਨਾਵਾਂ
ਪਾ ਕੇ ਮਿਲ਼ਗੋਭਾ ਬਣਾ ਦੇਵੇ?
ਕੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਬ ਉੱਚ ਹਨ ਕਿ ਸ਼੍ਰੋ.ਕਮੇਟੀ
ਜਾਂ ਪੰਥ। ਤੁਸੀਂ ਵੀ ਜਾਣਦੇ ਹੋ ਕਿ ਗੁਰੂ ਪਹਿਲਾਂ ਹੈ, ਤੇ ਪੰਥ ਬਾਅਦ ਵਿੱਚ ਹੈ। ਪੰਥ ਠੀਕ ਸੇਧ ਦੇਣ ਵਾਸਤੇ ਬਣਦਾ ਹੈ, ਕਿ ਗ਼ਲਤ ਰਾਹੇ ਪਾਉਣ ਦੇ?
ਪੰਥੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਛੱਡ ਕੇ ਬਾਹਰ ਕਿਉਂ
ਝਾਂਕੇ?
ਪੰਥ ਤਾਂ ਗੁਰੂ ਜੀ ਵਲੋਂ ਬਣਾਇਆ ਇੱਕ ਰਸਤਾ ਹੈ।
ਰਸਤਾ ਵੱਡਾ ਨਹੀਂ, ਗੁਰੂ ਵੱਡਾ ਹੈ।
ਪ੍ਰਚਾਰਕ ਵੀਰੋ! ਜੇ ਸੱਚ ਮੁੱਚ
ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਤ ਹੋ ਤਾਂ ਜਾਪੁ, ਚੌਪਈ, ਸਵੱਯੇ ਆਦਿਕ
ਬ੍ਰਾਹਮਣਵਾਦੀ ਰਚਨਾਵਾਂ ਨੂੰ ਕਿਉਂ ਸਮਰਪਤ ਹੁੰਦੇ ਹੋ, ਜੋ ਦਸਵੇਂ ਪਾਤਿਸ਼ਾਹ ਜੀ ਵਲੋਂ ਆਦਿ
ਬੀੜ ਦੀ ਸੰਪੂਰਨਤਾ ਸਮੇਂ ਧੁਰ ਕੀ ਬਾਣੀ ਵਜੋਂ ਦਮਦਮੀ ਬੀੜ ਵਿੱਚ ਦਰਜ ਹੀ ਨਹੀਂ ਕਰਵਾਈਆਂ
ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਭਾਗ ਹੀ ਨਹੀਂ ਬਣੀਆਂ?
ਜਿਸ ਰਹਤ ਮਰਯਾਦਾ ਹੇਠ ਤੁਸੀਂ ਸਿੱਖ
ਕੌਮ ਨੂੰ ਇਕੱਠਾ ਕਰਨਾ ਚਾਹੁੰਦੇ ਹੋ ਪਹਿਲਾਂ ਉਸ ਵਿੱਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਤੋਂ ਬਾਹਰੋਂ ਪਾਈਆਂ ਕੱਚੀਆਂ ਰਚਨਾਵਾਂ ਨੂੰ ਕੱਢੋ। ਕੱਚੀਆਂ ਨੂੰ ਬਾਹਰ ਕੱਢ ਕੇ
ਹੀ ਤੁਸੀਂ ਸੱਚੀਆਂ ਨਾਲ਼ ਸਿੱਖਾਂ ਨੂੰ ਜੋੜ ਸਕਦੇ ਹੋ। ਜੇ ਸੱਚੀਆਂ ਦੇ ਨਾਲ਼ ਕੱਚੀਆਂ ਨੂੰ
ਵੀ ਪੜ੍ਹਾਈ ਜਾਣਾ ਹੈ, ਤਾਂ ਸੱਚੀਆਂ ਦੀ ਕੀ ਅਹਿਮੀਅਤ ਰਹਿ ਗਈ? ਮਨੁੱਖੀ ਗ਼ਲਤੀ ਨੂੰ
ਮਨੁੱਖ ਹੀ ਠੀਕ ਕਰਦੇ ਹੁੰਦੇ ਹਨ। ਅਸਮਾਨੋ ਕਿਸੇ ਫ਼ਰਿਸ਼ਤੇ ਨੇ ਗ਼ਲਤੀਆਂ ਠੀਕ ਕਰਨ ਲਈ ਨਹੀਂ
ਉਤਰਨਾ ਤੇ ਨਾ ਹੀ ਸ਼੍ਰੋ. ਕਮੇਟੀ ਜਾਂ ਕਿਸੇ ਪੰਥ ਨੇ। ਉਹ ਅਸਮਾਨੀ ਫ਼ਰਿਸ਼ਤੇ ਖ਼ੁਦ ਤੁਸੀਂ
ਹੀ ਹੋ। ਆਪਣਾ ਫ਼ਰਜ਼ ਪਛਾਣੋ ਤੇ ਕੌਮ ਨੂੰ ਸਹੀ ਗੁਰਮਤਿ ਵਾਲ਼ੀ ਸੇਧ ਦਿਓ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਇਹੀ ਕਹਿੰਦਾ ਹੈ ਕਿ ਜੋ
ਰਚਨਾਵਾਂ ਦਸਵੇਂ ਪਾਤਿਸ਼ਾਹ ਜੀ ਨੇ ਪਾ ਕੇ ਦਮਦਮੀ ਬੀੜ ਨੂੰ ਸੰਪੂਰਨ ਕਰ ਕੇ ਗੁਰਤਾ-ਗੱਦੀ
ਬਖ਼ਸ਼ੀ ਸੀ ਉਹ ਰਚਨਾਵਾਂ ਹੀ ਗੁਰੂ ਦਾ ਦਰਜਾ ਰੱਖਦੀਆਂ ਹਨ । ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਤੋਂ ਬਾਹਰ ਜੋ ਵੀ ਰਚਨਾਵਾਂ ਹਨ, ਭਾਵੇਂ, ਉਹ ‘ਨਾਨਕ’ ਮੁਹਰ ਛਾਪ ਨਾਲ਼ ਵੀ ਲਿਖੀਆਂ ਹੋਣ,
ਜਿਵੇਂ ਸੋਢੀ ਮਿਹਰਵਾਨ ਦਾ ਗ੍ਰੰਥ, ਗੁਰੂ ਦਾ ਦਰਜਾ ਨਹੀਂ ਰੱਖ ਸਕਦੀਆਂ, ਭਾਵੇਂ, ਉਹ
ਕਿੰਨੀਆਂ ਵੀ ਮਹਾਨ ਕਿਉਂ ਨਾ ਹੋਣ। ਜੋ ਗੁਰੂ ਦਾ ਦਰਜਾ ਹੀ ਨਹੀਂ
ਰੱਖਦੀਆਂ ਉਹ ਰਚਨਾਵਾਂ ਨਿੱਤ-ਨੇਮ ਅਤੇ ਅੰਮ੍ਰਿਤ ਦੀਆਂ ਬਾਣੀਆਂ ਵਿੱਚ ਕਿਵੇਂ ਸ਼ਾਮਲ ਹੋ
ਸਕਦੀਆਂ ਹਨ? ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਤ ਓਹੀ ਹੋ ਸਕਦਾ ਹੈ ਜੋ
ਕੇਵਲ ਇਸੇ ਸ਼ਬਦ ਗੁਰੂ ਜੀ ਦੀਆਂ ਬਾਣੀਆਂ ਨੂੰ ਹੀ ਨਿੱਤ-ਨੇਮ ਅਤੇ ਅੰਮ੍ਰਿਤ ਵਿੱਚ ਸ਼ਾਮਲ
ਕਰਦਾ ਹੈ।
ਬਹੁਤ ਹੀ ਅਫ਼ਸੋਸ ਦੀ ਗੱਲ!!!
ਆਮ ਸਿੱਖ ਤਾਂ ਦਸਮ ਗ੍ਰੰਥ ਨਾ ਪੜ੍ਹਿਆ ਹੋਣ ਕਰਕੇ ਧੋਖਾ ਖਾਣ,
ਪਰ ਪ੍ਰਚਾਰਕ ਕਿਉਂ ਧੋਖੇ ਵਿੱਚ ਰਹਿਣ, ਜੋ ਆਪ ਪਹਿਲਾਂ ਸੱਭ ਕੁੱਝ ਪੜ੍ਹ ਸੋਚ ਸਮਝ ਕੇ
ਚੱਲਦੇ ਹੋਣ।
-
ਜਾਪੁ ਅਤੇ ਕ੍ਰਿਸ਼ਨਾਵਤਾਰ ਵਿੱਚ ਦੇਵੀ ਜੂ ਕੀ ਉਸਤਤਿ ਇਕੋ ਤਰ੍ਹਾਂ ਦੀਆਂ ਰਚਨਾਵਾਂ ਹਨ।
- ਚੌਪਈ ਤਾਂ ਸ਼ਿਵ
ਜੀ ਦੇ 12 ਜੋਤ੍ਰਿਲਿੰਗਮਾ ਵਿੱਚੋਂ ਇੱਕ ਮਹਾਂਕਾਲ਼ ਦੇਵਤੇ ( ਇਸ ਦਾ ਮੰਦਰ ਉਜੈਨ ਵਿੱਚ
ਹੈ) ਅੱਗੇ ਕੀਤੀ ਕਵੀ ਦੀ ਬੇਨਤੀ ਹੈ ਤੇ ਤੁਸੀਂ ਇਸ ਨੂੰ ਕਿਵੇਂ ਪ੍ਰਵਾਨ ਕਰ ਰਹੇ ਹੋ?
ਜੇ ਮਹਾਂਕਾਲ਼ ਨੂੰ ਹੀ ਅਕਾਲ ਪੁਰਖ ਮੰਨਣਾ ਹੈ ਤਾਂ ਫਿਰ ਸਿੱਖਾਂ ਨੂੰ ਵੀ ਉਜੈਨ ਵਿੱਚ
ਮਹਾਕਾਲ਼ ਦੇ ਮੰਦਰ ਦੀ ਯਾਤਰਾ ਦਾ ਉਪਦੇਸ਼ ਦੇਣਾ ਪਵੇਗਾ। ਕੀ ਅਜਿਹਾ ਕਰੋਗੇ?
- ਸਵੱਯੇ ਇੱਕ
ਧਾਰਮਿਕ ਕਵਿਤਾ ਹੈ, ਜਿਵੇਂ ਢਾਢੀ ਵਾਰਾਂ ਵੀ ਧਾਰਮਿਕ ਕਵਿਤਾਵਾਂ ਹੀ ਹੁੰਦੀਆਂ ਹਨ।
ਇਹ ਵਾਰਾਂ ਨਿੱਤ-ਨੇਮ ਵਿੱਚ ਅਤੇ ਅੰਮ੍ਰਿਤ ਦੀਆਂ ਬਾਣੀਆਂ ਕਿਵੇਂ ਆ ਸਕਦੀਆਂ ਹਨ?
‘ਰਹਿਤ ਮਰਯਾਦਾ’ ਵਿੱਚ ਲਿਖੀ ਅਰਦਾਸਿ
ਵਿੱਚ ਭਗਉਤੀ / ਦੁਰਗਾ / ਪਾਰਬਤੀ ਨੂੰ ਗੁਰੂ ਨਾਨਕ ਤੋਂ ਵੀ ਪਹਿਲਾਂ ਸਲਾਮ ਕੀਤੀ ਜਾ ਰਹੀ
ਹੈ। ਕੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਸੇ ਦੇਵੀ ਦੀ ਪੂਜਾ ਦੀ ਆਗਿਆ
ਦਿੰਦੇ ਹਨ? ਜੇ ਨਹੀਂ ਤਾਂ ਇਸ ਭਗਉਤੀ ਨੂੰ ਬਾਹਰ ਦਾ ਰਸਤਾ ਦਿਖਾਉਣ ਤੋਂ ਬਿਨਾਂ ਕਿਵੇਂ
ਰਹਿਤ ਮਰਯਾਦਾ ਨੂੰ ਸਮਰਪਤ ਹੋ ਰਹੇ ਹੋ? ਤੁਹਾਨੂੰ ਪਤਾ ਹੈ ਕਿ ‘ਵਾਰ ਦੁਰਗਾ ਕੀ’ ਦਾ
ਸਿਰਲੇਖ ਬਦਲ ਕੇ ‘ਵਾਰ ਸ਼੍ਰੀ ਭਗਉਤੀ ਜੀ ਕੀ ਪਾਤਿਸ਼ਾਹੀ 10’ ਧੋਖੇ ਨਾਲ਼ ਲਿਖ ਕੇ ਸਿੱਖ
ਕੌਮ ਦੀਆਂ ਅੱਖਾਂ ਵਿੱਚ ਘੱਟੇ ਦੀਆਂ ਮੁੱਠਾਂ ਭਰ ਭਰ ਕੇ ਪਾਈਆਂ ਗਈਆਂ ਹਨ।
ਕੀ ਤੁਹਾਨੂੰ ਇਹ ਨਹੀਂ ਪਤਾ ਕਿ ‘ਵਾਰ ਦੁਰਗਾ ਕੀ’ ਦੀ 55ਵੀਂ
ਪਉੜੀ ਖ਼ੁਦ ਬਿਆਨ ਕਰਦੀ ਹੈ ਕਿ ਕਵੀ ਨੇ ਇਹ ਵਾਰ, ਦੁਰਗਾ ਦਾ ਪਾਠ ਬਣਾਇਆ ਹੈ, ਇੱਕ ਪਉੜੀ
ਨਹੀਂ ਸਾਰੀਆਂ ਪਉੜੀਆਂ ਹੀ ਦੁਰਗਾ ਦਾ ਪਾਠ ਹੈ। ਇਸ ਦੁਰਗਾ ਦੀ ਪਉੜੀ ਨੂੰ ਅਰਦਾਸਿ
ਵਿੱਚ ਪੜ੍ਹਨਾ ਕੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਲੁਕਾਉਣ ਦੇ ਬਰਾਬਰ ਨਹੀਂ ਹੈ?
ਮਾਨਯੋਗ ਪ੍ਰਚਾਰਕ
ਵੀਰੋ! ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਦਾ ਮਾਰਗ ਕੇਵਲ ਸ਼੍ਰੀ ਗੁਰ ਗ੍ਰੰਥ
ਸਾਹਿਬ ਜੀ ਦੀ ਬਾਣੀ ਦੀ ਅਗਵਾਈ ਵਿੱਚ ਹੀ ਦਰਸ਼ਾਇਆ ਜਾ ਸਕਦਾ ਹੈ। ਜੇ ਤੁਸੀਂ ਕੱਚੀਆਂ
ਰਚਨਾਵਾਂ ਨੂੰ ਵੀ ਨਾਲ਼ ਲੈ ਕੇ ਚੱਲਦੇ ਰਹੇ, ਤਾਂ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ
ਇੱਕ ਹੋਰ ਸ਼ਰੀਕ ਮੰਨਣ ਤੁੱਲ ਹੋਵੇਗਾ, ਜਿਸ ਦੀ ਗੁਰਬਾਣੀ ਨਿਖੇਧੀ ਕਰਦੀ ਹੈ। ਸ਼੍ਰੋ. ਕਮੇਟੀ
ਦੁਆਰਾ ਕੀਤੀ ਗਈ ਗ਼ਲਤੀ ਨੂੰ ਅੱਜ ਗੁਰੂ ਗਿਆਨ ਦੀ ਰੌਸ਼ਨੀ ਵਿੱਚ
ਖੋਜ ਦੁਆਰਾ ਪਤਾ ਲੱਗਣ 'ਤੇ ਵੀ ਦੁਹਰਾਈ ਜਾਣਾਂ ਇਉਂ ਹੈ ਜਿਵੇਂ ਅੱਖੀਂ ਦੇਖ ਕੇ ਵੀ ਮੱਖੀ
ਨਿਗਲ਼ ਜਾਣਾ।