Share on Facebook

Main News Page

ਅੰਬੇਦਕਰ ਦੇ ਸਿੱਖ ਨਾ ਬਣਨ ਬਾਰੇ ਘੜੀ ਝੂਠੀ ਕਹਾਣੀ ਦਾ ਸੱਚ
-: ਵਰਪਾਲ ਸਿੰਘ, ਨਿਊਜ਼ੀਲੈਂਡ

ਕਈ ਝੂਠੀਆਂ ਕਹਾਣੀਆਂ ਆਰ ਐਸ ਐਸ ਦੇ ਬ੍ਰਾਹਮਣੀ ਦਿਮਾਗਾਂ ਨੇ ਸਿੱਖਾਂ ਬਾਰੇ ਘੜ ਕੇ ਪ੍ਰਚਲਤ ਕਰ ਦਿੱਤੀਆਂ ਹਨ, ਜਿਹਨਾਂ ਦਾ ਦੁਹਰਾ ਮਕਸਦ ਹੈ।

- ਇਕ, ਇਹਨਾਂ ਕਹਾਣੀਆਂ ਨਾਲ ਸਿੱਖਾਂ ਅਤੇ ਸਿੱਖੀ ਦਾ ਸਿੱਧਾ ਨੁਕਸਾਨ ਕਰਨਾ।
- ਦੂਜਾ, ਬ੍ਰਹਾਮਣਾਂ ਨੂੰ ਹੋਣ ਵਾਲੇ ਨੁਕਸਾਨ ਨੂੰ ਸਿੱਖਾਂ ਵੱਲ ਧੱਕ ਦੇਣਾ।

ਇਸ ਗੰਦੀ ਨੀਤੀ ਦੀ ਇਕ ਉਧਾਰਣ ਹੈ ਅੰਬੇਦਕਰ ਦੇ ਸਿੱਖ ਨਾ ਬਣਨ ਬਾਰੇ ਘੜੀ ਝੂਠੀ ਕਹਾਣੀ। ਜਿਹੜੀਆਂ ਕਹਾਣੀਆਂ ਨੂੰ ਆਮ ਮਾਨਤਾ ਦੇ ਦਿੱਤੀ ਗਈ ਹੈ ਅਤੇ ਜਿਸਨੂੰ ਸਹਿਰਦ ਸਿੱਖ ਵੀ ਸੱਚ ਮੰਨ ਕੇ ਦੁਹਰਾ ਦਿੰਦੇ ਹਨ, ਉਹਨਾਂ ਮੁਤਾਬਕ:

  1. "ਅੰਬੇਦਕਰ ਆਪਣੀ ਜਾਤ-ਬਰਾਦਰੀ ਵਾਲਿਆਂ ਨੂੰ ਨਾਲ ਲੈ ਕੇ ਸਿੱਖ ਬਣਨ ਆਇਆ ਸੀ, ਪਰ ਮਾਸਟਰ ਤਾਰਾ ਸਿੰਘ ਨੇ ਬਹਾਨਾ ਬਣਾ ਕੇ ਉਹਨਾਂ ਨੂੰ ਸਿੱਖ ਸਜਾਉਣ ਤੋਂ ਨਾਂਹ ਕਰ ਦਿੱਤੀ ਤਾਂ ਕਿ ਜੱਟਾਂ ਦੀ ਤਾਕਤ ਨੂੰ ਨੁਕਸਾਨ ਨਾ ਪਹੁੰਚੇ। ਜੇਕਰ ਕਰੋੜਾਂ ਦਲਿਤ ਸਿੱਖ ਬਣ ਜਾਂਦੇ ਤਾਂ ਬਹੁ-ਗਿਣਤੀ ਉਹਨਾਂ ਦੀ ਹੋਣੀ ਸੀ।"

  2. ਕਹਾਣੀ ਦੇ ਇਸ ਰੂਪ ਵਿਚ ਸੁਣਾਉਣ ਵਾਲਾ ਇਹ ਭੁਲ ਜਾਂਦਾ ਹੈ ਕਿ ਮਾਸਟਰ ਤਾਰਾ ਸਿੰਘ ਜੱਟ ਨਹੀਂ ਸੀ। ਇਸਦੇ ਦੂਜੇ ਰੂਪ ਵਿਚ ਮਾਸਟਰ ਤਾਰਾ ਸਿੰਘ ਦੀ ਆਪਣੀ ਖਤਰੀ ਜਾਤ ਨੂੰ ਦਲਿਤਾਂ ਤੋਂ ਚਿੜ ਦੀ ਗੱਲ ਵੀ ਕਹਿ ਦਿੱਤੀ ਜਾਂਦੀ ਹੈ। ਪਰ ਸੁਣਾਉਣ ਵਾਲਾ ਇਕ ਗੱਲ ਭੁੱਲ ਜਾਂਦਾ ਹੈ - ਸਿੱਖ ਬਣਨ ਲਈ ਮਾਸਟਰ ਤਾਰਾ ਸਿੰਘ ਤੋਂ ਇਜਾਜਤ ਲੈਣ ਦਾ ਵਿਧਾਨ ਕਦੋਂ ਸ਼ੁਰੂ ਹੋਇਆ ਅਤੇ ਕਦੋਂ ਤੱਕ ਚੱਲਿਆ?? ਮਾਸਟਰ ਤਾਰਾ ਸਿੰਘ ਨੂੰ ਆਪ ਨੂੰ ਅਤੇ ਪ੍ਰੋ ਸਾਹਿਬ ਸਿੰਘ, ਆਦਿ ਨੂੰ ਕਿਸਨੇ "ਆਗਿਆ" ਦਿੱਤੀ ਸੀ ਕਿ ਉਹ ਸਿੱਖ ਬਣ ਜਾਣ? ਜੇਕਰ ਅੱਜ ਕਿਸੇ ਨੂੰ ਕਿਸੇ ਕੋਲੋਂ "ਆਗਿਆ" ਲੈਣ ਦੀ ਲੋੜ ਨਹੀਂ ਪੈਂਦੀ ਤਾਂ ਉਹਨਾਂ ਜਮਾਨਿਆਂ ਵਿਚ ਅੰਬੇਦਕਰ ਨੂੰ ਸਿੱਖ ਬਣਨ ਲਈ ਮਾਸਟਰ ਤਾਰਾ ਸਿੰਘ ਦੀ ਆਗਿਆ ਦੀ ਲੋੜ ਕਿਉਂ ਪਈ ਹੋਵੇਗੀ? ਸਿਰਫ ਤਰਕ ਦੇ ਅਧਾਰ ਤੇ ਹੀ ਕਹਾਣੀ ਝੂਠੀ ਪੈ ਜਾਂਦੀ ਹੈ।

  3. ਹੁਣ ਆਪਾਂ ਆਈਏ ਅੱਖੀ ਡਿਠੀਆਂ ਗਵਾਹੀਆਂ ਵੱਲ। "ਪ੍ਰੀਤਲੜੀ" ਮੈਗਜ਼ੀਨ ਨੇ ਪੰਜਾਬ ਵਿਚ ਕਾਮਰੇਡੀ ਸੋਚ ਦੀਆਂ ਡੂੰਘੀਆਂ ਜੜ੍ਹਾਂ ਲਾਉਣ ਵਿਚ ਇਕ ਅਹਿਮ ਭੂਮਕਾ ਨਿਭਾਈ ਹੈ। ਬ੍ਰਾਹਮਣੀ ਮਨੌਤ ਹੈ ਕਿ ਜਿੰਨਾ ਚਿਰ ਪੰਜਾਬ ਦੀ ਭਾਖਾ, ਸਭਿਆਚਾਰ, ਰੋਜਾਨਾ ਦੀ ਜਿੰਦਗੀ ਵਿਚੋਂ ਗੁਰੂ ਦੀ ਸੋਚ ਦੀ ਜਗਾ੍ਹ ਰਾਸ਼ਟਰਵਾਦ ਦੀ ਖੰਡ ਵਿਚ ਲਪੇਟੀ ਮਾਰਕਸ ਦੀ ਕੌੜੀ ਸੋਚ ਨੂੰ ਨਹੀਂ ਬਿਠਾ ਦਿੱਤਾ ਜਾਂਦਾ ਉਨੀਂ ਦੇਰ ਤੱਕ ਉਹ ਸਿੱਖਾਂ ਨੂੰ ਕੰਟਰੋਲ ਨਹੀਂ ਕਰ ਸਕਦੇ। ਇਸ ਮਨੌਤ ਨੂੰ ਅਮਲੀ ਰੂਪ ਦੇਣ ਵਿਚ ਵੀ "ਪ੍ਰੀਤਲੜੀ" ਮੈਗਜ਼ੀਨ ਨੇ ਪੰਜਾਬ ਵਿਚ ਕਈ ਦਹਾਕਿਆਂ ਤੱਕ ਕੰਮ ਕੀਤਾ। ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਆਪਣੇ ਪਰਿਵਾਰ ਵਿਚ ਆਈਆਂ ਤਬਦੀਲੀਆਂ (ਜਿਸ ਵਿਚ ਕਿਸੇ ਸਮੇਂ ਗਾਤਰਾ ਪਾਉਣ ਵਾਲਾ ਗੁਰਬਖਸ਼ ਸਿੰਘ "ਪ੍ਰੀਤ ਲੜੀ" ਅੱਜ ਦੀਆਂ ਪੁਸ਼ਤਾਂ ਤੱਕ ਪਹੁੰਚਦੇ ਪਹੁੰਚਦੇ ਸਿਗਰਟਾਂ, ਸ਼ਰਾਬ ਪੀਣ ਵਾਲਿਆਂ/ਵਾਲੀਆਂ ਦੀ ਲੜੀ ਬਣ ਗਿਆ) ਉਸ ਦੀ "ਅਣਥੱਕ" ਮਿਹਨਤ ਦੀ ਜਿਉਂਦੀ ਜਾਗਦੀ ਤਸਵੀਰ ਹੈ।

  4. ਇਸੇ "ਪ੍ਰੀਤਲੜੀ" ਮੈਗਜ਼ੀਨ ਨੇ ਜੁਲਾਈ 1999 ਵਿਚ ਗੁਰਨਾਮ ਸਿੰਘ ਮੁਕਤਸਰ, ਜਿਸਨੂੰ ਉਦੋਂ ਕੋਈ ਟਾਂਵਾਂ ਬੰਦਾ ਹੀ ਜਾਣਦਾ ਸੀ, ਦਾ ਇਕ ਲੇਖ "ਕੀ ਸਿੱਖ ਬਣੇ ਦਲਿਤਾਂ ਨੂੰ ਪੂਰਾ ਸਨਮਾਨ ਦਿੱਤਾ ਜਾਵੇਗਾ" ਛਾਪਿਆ। ਇਸ ਲੇਖ ਵਿਚ ਗੁਰਨਾਮ ਸਿੰਘ ਨੇ ਸਿੱਖ ਸਿਧਾਂਤਾਂ ਤੇ ਪੋਲੇ ਪੋਲੇ ਸੱਟਾਂ ਪਾਰੀਆਂ ਸਨ, ਜਿਸ ਦੇ ਹਿੱਸੇ ਵਜੋਂ ਅੰਬੇਦਕਰ-ਮਾਸਟਰ ਤਾਰਾ ਸਿੰਘ ਵਾਲੀ ਝੂਠੀ ਕਹਾਣੀ ਲਿਖਤੀ ਰੂਪ ਵਿਚ ਸ਼ਾਇਦ ਪਹਿਲੀ ਵਾਰ ਛਪੀ ਸੀ। ਗੁਰਨਾਮ ਸਿੰਘ ਮੁਕਤਸਰ ਦਾ "ਪ੍ਰੀਤਲੜੀ" ਤੋਂ ਲੈ ਕੇ ਬਲਾਂ-ਵਾਲੇ-ਸਾਧ ਤੱਕ ਦਾ ਸਫਰ ਵੀ ਆਪਣੇ ਆਪ ਵਿਚ ਸਿੱਖ ਕੌਮ ਲਈ ਇਕ ਸਬਕ ਹੈ ਕਿ ਦੁਸ਼ਮਣ ਕਿਵੇਂ ਕੰਮ ਕਰ ਰਿਹਾ ਹੈ।

  5. ਇਸ ਝੂਠੀ ਕਹਾਣੀ ਦੇ ਜਵਾਬ ਵਿਚ ਦਿੱਲੀ ਦੇ ਸੁੰਦਰ ਸਿੰਘ ਬਾਵਾ ਦੀ ਅੱਖੀਂ-ਡਿੱਠੀ ਗਵਾਹੀ "ਪ੍ਰੀਤਲੜੀ" ਦੇ ਸਤੰਬਰ 1999 ਦੇ ਅੰਕ ਵਿਚ "ਅੱਖੀਂ ਵੇਖਿਆ ਇਤਿਹਾਸ" ਸਿਰਲੇਖ ਹੇਠ ਛਪੀ। ਹੁਣ ਇਹ ਸਵਾਲ ਦਿਮਾਗ ਵਿਚ ਆਉਣਾ ਲਾਜਮੀ ਹੈ ਕਿ "ਪ੍ਰੀਤਲੜੀ" ਵਰਗੇ ਮੈਗਜ਼ੀਨ ਨੇ ਇਹ ਸੰਦਰ ਸਿੰਘ ਬਾਵਾ ਦੀ ਗਵਾਹੀ ਛਾਪ ਕਿਵੇਂ ਦਿੱਤੀ? ਉਸਦਾ ਜਵਾਬ ਮਿਲਦਾ ਹੈ ਲੇਖ ਤੋਂ ਪਹਿਲਾਂ ਲਿਖਿਆ "ਸੰਪਾਦਕੀ ਨੋਟ"। ਇਸ ਨੋਟ ਵਿਚ ਸੰਪਾਦਕਾ ਪੂਨਮ ਸਿੰਘ ਨੇ ਕਿਹਾ: "ਲੇਖਕ, ਪ੍ਰੀਤਲੜੀ ਦੇ ਬਹੁਤ ਪੁਰਾਣੇ ਸਨੇਹੀ ਹਨ, ਜ਼ਿੰਦਾਦਿਲ ਅਤੇ ਨਿਰਮਾਣ, ਜਵਾਨਾਂ ਜਿਹੇ ਬਜ਼ੁਰਗ"। ਜਾਪਦਾ ਹੈ ਕਿ ਇਹ ਸੁਨੇਹਾ ਸੀ ਉਹਨਾਂ ਕਾਮਰੇਡਾਂ ਲਈ ਜਿਹਨਾਂ ਨੇ ਇਹ ਲੇਖ ਪੜ੍ਹ ਕੇ ਗੁੱਸਾ ਕਰਨਾ ਸੀ। ਗੁੱਸਾ ਕਿਉਂ? ਇਹ ਤੁਹਾਨੂੰ ਇਸ ਲੇਖ ਵਿਚੋਂ ਹੇਠਾਂ ਦਿੱਤੇ ਹਿੱਸੇ ਨੂੰ ਪੜ੍ਹ ਕੇ ਪਤਾ ਲੱਗ ਜਾਵੇਗਾ।

-------"ਪ੍ਰੀਤਲੜੀ" ਦੇ ਸਤੰਬਰ 1999 ਦੇ ਅੰਕ ਵਿਚ, Page 41-42-------

"ਹੁਣ ਅੱਗੇ ਸ੍ਰੀ ਮਾਨ ਬਾਬਾ ਡਾ ਅੰਬੇਡਕਰ ਸਾਹਿਬ ਬਾਰੇ ਬੇਨਤੀ ਹੈ ਕਿ ਬਾਬਾ ਸਾਹਿਬ ਨੇ 1935-37 ਵਿਚ ਕਰੋੜਾਂ ਦਲਿਤਾਂ ਸਮੇਤ ਸਿੱਖ ਬਣ ਜਾਣ ਲਈ ਆਪਣੇ ਆਪ ਨੂੰ ਪੂਰੀ ਤਰਾਂ੍ਹ ਤਿਆਰ ਕਰ ਲਿਆ ਸੀ। ਬੰਬਈ ਵਿਚ ਖਾਲਸਾ ਕਾਲਜ ਦੀ ਸਥਾਪਨਾ ਹੋ ਚੁੱਕੀ ਸੀ। ਬਾਬਾ ਸਾਹਿਬ ਅੰਮ੍ਰਿਤਸਰ ਵਿਖੇ ਇਕ ਸਿੱਖ ਧਾਰਮਿਕ ਜਲੂਸ ਵਿਚ ਸ਼ਾਮਲ ਵੀ ਹੋਏ ਸਨ। ਸਾਰੇ ਹਿੰਦੁਸਤਾਨ ਵਿਚ "ਅਛੂਤਾਂ" ਦੀ ਗਿਣਤੀ ਚੁਥਾਈ ਦੇ ਬਰਾਬਰ ਸੀ, ਜਿਨ੍ਹਾਂ ਨੂੰ ਵਿਦਿਆ ਪੜ੍ਹਨ ਜਾਂ ਕੋਈ ਉਚੇਚਾ ਕਿੱਤਾ ਕਰਨ ਦੀ ਆਗਿਆ ਨਹੀਂ ਸੀ, ਜਿਸ ਕਰਕੇ ਇਹ ਲੋਕ ਬਹੁਤ ਪਛੜੇ ਹੋਏ ਸਨ। ਅਜਿਹੇ ਕਹੇ ਜਾਂਦੇ ਨੀਚ ਲੋਕਾਂ ਦੀ ਸੰਭਾਲ ਗੁਰੂ ਘਰ ਦਾ ਵਿਸ਼ੇਸ਼ ਕਰਮ ਰਿਹਾ ਹੈ। ਗੁਰੂ ਨਾਨਕ ਦੇਵ ਜੀ ਨੇ ਏਥੋਂ ਤਕ ਫੁਰਮਾਇਆ ਹੈ, "ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ"। ਪੰਜਾਬ ਅੰਦਰ ਛੂਤ-ਛਾਤ ਦਾ ਇੰਨਾ ਪ੍ਰਭਾਵ ਨਹੀਂ ਸੀ ਜਿੰਨਾ ਬਾਕੀ ਦੇਸ਼ ਵਿਚ ਰਿਹਾ ਹੈ। ਪਰ ਕੁੱਝ ਸਾਲਾਂ ਅੰਦਰ, ਵਿਦਿਆ ਦੇ ਪ੍ਰਚਾਰ ਅਤੇ ਸਮੁਚੇ ਤੌਰ 'ਤੇ ਆਈ ਜਾਗ੍ਰਤੀ ਨੇ ਇਨ੍ਹਾਂ ਲੋਕਾਂ (ਦਲਿਤਾਂ) ਦੀ ਸੋਚਨੀ ਨੂੰ ਬਦਲਿਆ ਅਤੇ ਵਿਸ਼ੇਸ਼ ਕਰਕੇ ਬ੍ਰਾਹਮਣੀ ਦਬਾਉ ਦੇ ਜੂਲੇ ਨੂੰ ਜੋ ਸਦੀਆਂ ਤੋਂ ਇਨ੍ਹਾਂ ਦੇ ਗਲੇ ਪਿਆ ਹੋਇਆ ਸੀ, ਲਾਹ ਸੁੱਟਣ ਦਾ ਮਨ ਬਣਾਇਆ।

ਡਾ ਅੰਬੇਡਕਰ ਸਾਹਿਬ ਦੀ ਅਗਵਾਈ ਹੇਠ ਹਿੰਦੂ ਮਤ ਤਿਆਗ ਕੇ ਸਿੱਖ ਮਤ ਗ੍ਰਹਿਣ ਕਰਨ ਦਾ ਮਨ ਬਣਾਇਆ। ਇਸਦੇ ਪ੍ਰਚਾਰ ਲਈ ਨਨਕਾਣਾ ਸਾਹਿਬ ਗੁਰਦੁਆਰਾ ਕਮੇਟੀ ਨੇ ਨੌ ਸੱਜਣਾਂ ਦਾ ਜੱਥਾ, ਸ. ਨਰੈਣ ਸਿੰਘ ਜੀ ਮੈਨੇਜਰ ਦੀ ਸਰਕਰਦਗੀ ਹੇਠ ਜਨਵਰੀ 1936 ਵਿਚ ਮਹਾਂਰਾਸ਼ਟਰ ਭੇਜਿਆ। ਇਸ ਵਿਚ ਸੰਤ ਤੇਜਾ ਸਿੰਘ ਜੀ, ਗਿਆਨੀ ਇੰਦਰ ਸਿੰਘ ਜੀ, ਭਾਈ ਸਮੁੰਦ ਸਿੰਘ ਜੀ ਦਾ ਰਾਗੀ ਜੱਥਾ ਸ਼ਾਮਲ ਸੀ। ਬੰਬਈ ਪੁੱਜਕੇ ਕੁੱਝ ਗੁਰਮਤ ਬਾਰੇ ਟਰੈਕਟ ਅੰਗ੍ਰੇਜੀ ਤੇ ਮਰਾਠੀ ਵਿਚ ਛਪਾਏ। ਮਿਤੀ 11-12 ਜਨਵਰੀ (1936) ਨੂੰ ਪੂਨੇ ਵਿਖੇ "ਅਛੂਤ" ਜਾਤੀ ਦੇ ਲੋਕਾਂ, ਖਾਸ ਕਰਕੇ ਮਹਾਰ ਜਾਤੀ ਦੀ, ਇਕ ਕਾਨਫਰੰਸ ਸੀ। ਇਸ ਨਨਕਾਣਾ ਸਾਹਿਬ ਦੇ ਜਥੇ ਨੇ ਸਾਂਝਾ ਲੰਗਰ ਚਾਲੂ ਕੀਤਾ ਤੇ ਟਰੈਕਟ ਵੀ ਵੰਡੇ। ਪੰਗਤਾਂ ਲਾ ਕੇ ਸਾਂਝਾ ਲੰਗਰ ਛਕਾਇਆ, ਜਿਸਦਾ ਬਹੁਤ ਪ੍ਰਭਾਵ ਪਿਆ। ਡਾ ਅੰਬੇਡਕਰ ਇਸ ਕਾਨਫਰੰਸ ਦੇ ਸਰਪ੍ਰਸਤ ਸਨ ਜੋ ਬਹੁਤ ਖੁਸ਼ ਹੋਏ। ਇਸ ਸਾਰੀ ਕਾਰਵਾਈ ਦੀ ਰਿਪੋਰਟ ਸ. ਨਰੈਣ ਸਿੰਘ ਮੈਨੇਜਰ ਨੇ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਨੂੰ ਦਿੱਤੀ ਕਿ ਕੇਂਦਰੀ ਜਥੇਬੰਦੀ ਹੋਣੀ ਚਾਹੀਦੀ ਹੈ। ਸ਼੍ਰੋਮਣੀ ਕਮੇਟੀ ਵਲੋਂ 13 ਅਪ੍ਰੈਲ 1936 ਨੂੰ "ਸਰਬ ਹਿੰਦ ਸਿੱਖ ਮਿਸ਼ਨ" ਦੇ ਨਾਮ ਦੀ ਸੰਸਥਾ ਸਥਾਪਤ ਕਰਕੇ ਕੁੱਝ ਫੰਡ ਉਸਨੂੰ ਸੌਂਪਿਆ ਗਿਆ। ਅੱਗੇ ਡਾ ਅੰਬੇਡਕਰ ਜੀ ਨਾਲ "ਅਛੂਤਾਂ" ਨੂੰ ਸਿੱਖੀ ਦਾਇਰੇ ਅੰਦਰ ਲਿਆਉਣ ਲਈ ਅਧਿਕਾਰ, ਮਿਸ਼ਨ ਨੂੰ ਸੌਂਪੇ ਜਿਸਦੇ ਪ੍ਰਧਾਨ ਮਾਸਟਰ ਤਾਰਾ ਸਿੰਘ, ਜਨਰਲ ਸਕੱਤਰ ਸ. ਸੁਜਾਨ ਸਿੰਘ ਸਰਹਾਲੀ ਅਤੇ ਸਕੱਤਰ ਸ. ਕੇਹਰ ਸਿੰਘ ਹੈਡਮਾਸਟਰ ਥਾਪੇ ਗਏ। 13 ਅਪ੍ਰੈਲ 1936 ਨੂੰ ਬਣੇ "ਸਰਬ ਹਿੰਦ ਸਿੱਖ ਮਿਸ਼ਨ" ਨੇ ਡਾ ਅੰਬੇਡਕਰ ਨਾਲ "ਅਛੂਤਾਂ" ਦੇ ਸਿੱਖ ਧਰਮ ਵਿਚ ਪ੍ਰਵੇਸ਼ ਕਰਨ ਬਾਰੇ ਗੱਲਬਾਤ ਜਾਰੀ ਕੀਤੀ। ਅਤੇ ਡਾ ਸ੍ਰੀ ਅੰਬੇਡਕਰ ਦੀ ਸਲਾਹ ਨਾਲ ਅੰਮ੍ਰਿਤਸਰ ਵਿਚ "ਗੁਰਮਤਿ ਪ੍ਰਚਾਰ ਕਾਨਫ੍ਰੰਸ" ਹੋਈ। ਡਾ ਅੰਬੇਡਕਰ ਜੀ ਤੇ ਉਨ੍ਹਾਂ ਦੇ ਕਈ ਸਾਥੀ ਪੁੱਜੇ ਹੋਏ ਸਨ। ਇਸ ਕਾਨਫ੍ਰੰਸ ਅੰਦਰ ਪ੍ਰੋ: ਬਾਵਾ ਹਰਕ੍ਰਿਸ਼ਨ ਸਿੰਘ ਜੀ ਦੇ ਪ੍ਰਭਾਵਸ਼ਾਲੀ ਭਾਸ਼ਨ ਦੇ ਉੱਤਰ ਵਿਚ ਡਾ ਅੰਬੇਡਕਰ ਜੀ ਨੇ ਬੋਲਦੇ ਹੋਏ ਸਪਸ਼ਟ ਸ਼ਬਦਾਂ ਵਿਚ ਆਪਣਾ ਤੇ ਆਪਣੇ ਸਾਥੀਆਂ ਦਾ ਸਿੱਖੀ ਧਾਰਨ ਕਰਨ ਦਾ ਵਿਚਾਰ ਪ੍ਰਗਟਾਇਆ।

ਹੁਣ ਡਾ ਅੰਬੇਡਕਰ ਜੀ ਨੇ, ਜੋ ਥੋੜ੍ਹਾ ਸਮਾਂ ਪਹਿਲਾਂ ਹੀ ਲਾਅ ਕਾਲਜ ਬੰਬਈ ਦੇ ਪ੍ਰਿੰਸੀਪਲ ਦੇ ਪਦ ਤੋਂ ਰਿਟਾਇਰ ਹੋਏ ਸਨ, "ਅਛੂਤ" ਜਾਤੀਆਂ ਅੰਦਰ ਸਿੱਖੀ ਪ੍ਰਚਾਰ ਲਈ ਅਤੇ "ਅਛੂਤ" ਵਿਦਿਆਰਥੀਆਂ ਦੀ ਉਚੇਰੀ ਪੜ੍ਹਾਈ ਦੇ ਪ੍ਰਬੰਧ ਲਈ, "ਸਰਬ ਹਿੰਦ ਸਿੱਖ ਮਿਸ਼ਨ" ਪਾਸੋਂ ਇਕ ਛਾਪਾਖਾਨਾ, ਜਿਸ ਵਿਚ ਉਨ੍ਹਾਂ ਦਾ ਅਖਬਾਰ ਛਪਣਾ ਸੀ, ਤੇ ਇਕ ਡਿਗਰੀ ਕਾਲਜ ਖੋਲ੍ਹਿਆ ਜਾਣਾ ਪ੍ਰਵਾਨ ਕਰਵਾਇਆ। ਕਾਲਜ ਵਾਸਤੇ 17642 ਗੱਜ ਜਮੀਨ, ਮਾਟੁੰਗਾ ਕਲੋਨੀ ਵਿਚ ਇਕ ਲੱਖ ਉਨਾਸੀ ਹਜਾਰ ਛੇ ਸੌ ਤਿਹੱਤਰ (1,79,673) ਰੁਪਏ ਤੋਂ ਬੰਬਈ ਸਰਕਾਰ ਪਾਸੋਂ ਖਰੀਦ ਕੀਤੀ ਅਤੇ ਪ੍ਰੈਸ ਵਾਸਤੇ ਨਾਇਗਾਮ ਪਲਾਟਸ ਨਾਮੀ ਜਗ੍ਹਾ 75,000/- ਰੁਪਏ ਵਿਚ ਲੈਣ ਦਾ ਫੈਸਲਾ ਕੀਤਾ। ਤੇ ਸ਼ੈੱਡ ਖੜ੍ਹਾ ਕਰਕੇ ਛੋਟਾ ਜਿਹਾ ਪ੍ਰੈਸ ਲਗਾ ਲਿਆ ਜਿਸ ਤੇ ਡਾਕਟਰ ਜੀ ਦਾ ਅਖਬਾਰ "ਜਨਤਾ" ਛਪਣਾ ਸ਼ੁਰੂ ਹੋ ਗਿਆ। ਸ੍ਰੀਮਾਨ ਡਾਕਟਰ ਸਾਹਿਬ ਜਰਮਨੀ ਤੋਂ ਕਾਲਜ ਦੀ ਇਮਾਰਤ ਦਾ ਪਲੈਨ ਬਣਵਾ ਲਿਆਏ ਸਨ ਜੋ ਸ਼ੁਰੂ ਕੀਤਾ। ਇਹ ਸ. ਨਰੈਣ ਸਿੰਘ ਜੀ ਮੈਨੇਜਰ ਗੁਰਦੁਆਰਾ ਕਮੇਟੀ ਨਨਕਾਣਾ ਸਾਹਿਬ ਦੀ ਸਪੁਰਦਗੀ ਹੇਠ ਰਾਤ ਦਿਨ ਲਗ ਕੇ 22 ਮਾਰਚ 1937 ਤੋਂ ਸ਼ੁਰੂ ਹੋਇਆ, ਜਿਸ ਵਿਚ ਡਾ ਅੰਬੇਡਕਰ ਜੀ ਵੱਡੀ ਦਿਲਚਸਪੀ ਲੈਂਦੇ ਸੀ, ਆਉਂਦੇ ਜਾਂਦੇ ਸਲਾਹ ਮਸ਼ਵਰਾ ਦੇਂਦੇ ਸੀ। ਅਤੇ ਰਾਤ ਦਿਨ ਬਿਲਡਿੰਗ ਦਾ ਕੰਮ ਚਲਦਾ ਸੀ ਕਿਉਂਕਿ 20 ਜੂਨ ਤੋਂ 10 ਜੁਲਾਈ ਦੀਆਂ ਕਲਾਸਾਂ ਚਾਲੂ ਕਰਨੀਆਂ ਸਨ।

ਪਰ ਸ੍ਰੀਮਾਨ ਡਾ ਅੰਬੇਡਕਰ ਜੀ ਨੇ ਆਉਣਾ ਜਾਣਾ ਛੱਡ ਦਿਤਾ। ਸਾਰੀ ਬਿਲਡਿੰਗ, ਕਾਲਜ ਦੀ ਲਬਾਰਟਰੀ ਅਤੇ ਫਰਨੀਚਰ ਆਦਿ ਹਰ ਤਰ੍ਹਾਂ ਨਾਲ ਤਿਆਰ ਹੋ ਗਿਆ ਅਤੇ ਸਿੱਖੀ ਵਿਚ ਡਾ ਸ੍ਰੀ ਅੰਬੇਡਕਰ ਜੀ ਅਤੇ ਹੋਰਨਾਂ ਦੇ ਪ੍ਰਵੇਸ਼ ਲਈ ਇਕ ਵਫਦ ਪੰਜਾਬ ਤੋਂ 22 ਮਈ ਨੂੰ ਪੁੱਜ ਗਿਆ, ਜਿਸ ਵਿਚ ਮਾਸਟਰ ਸੁਜਾਨ ਸਿੰਘ ਜਨਰਲ ਸਕੱਤਰ, ਪ੍ਰਧਾਨ ਜਥੇਦਾਰ ਤੇਜਾ ਸਿੰਘ, ਗੁਰਦੁਆਰਾ ਕਮੇਟੀ ਨਨਕਾਣਾ ਸਾਹਿਬ, ਪ੍ਰੋ ਬਾਵਾ ਹਰਿਕ੍ਰਿਸ਼ਨ ਸਿੰਘ ਜੀ ਖਾਲਸਾ ਕਾਲਜ ਅੰਮ੍ਰਿਤਸਰ, ਪਿੰ੍ਰਸੀਪਲ ਕਸ਼ਮੀਰਾ ਸਿੰਘ ਅਤੇ ਸ. ਈਸ਼ਰ ਸਿੰਘ ਜੀ ਮਝੈਲ ਸਨ। ਪ੍ਰੰਤੂ ਇਸ ਵਫਦ ਦੇ ਪੁੱਜਣ ਤੋਂ ਕੁੱਝ ਦਿਨ ਪਹਿਲਾਂ ਹੀ ਸ੍ਰੀਮਾਨ ਡਾ ਅੰਬੇਡਕਰ ਜੀ ਬੰਬਈ ਤੋਂ 60-70 ਮੀਲ ਦੂਰ ਸਮੁੰਦਰ ਵਿਚ ਜੰਜੀਰਾ ਨਾਮ ਦੇ ਟਾਪੂ ਤੇ ਜਾ ਚੁੱਕੇ ਸਨ। ਵਫਦ ਨੇ ਉਨ੍ਹਾਂ ਦੇ ਪਿਛੇ ਜਾਣ ਦਾ ਫੈਸਲਾ ਕੀਤਾ ਤੇ ਬੰਬਈ ਤੋਂ ਸ. ਨਰੈਣ ਸਿੰਘ ਮੈਨੇਜਰ ਤੇ ਬੰਬਈ ਦੇ ਸ. ਗੁਰਦਿੱਤ ਸਿੰਘ ਸੇਠੀ ਨੂੰ ਨਾਲ ਲੈ ਕੇ ਸਟੀਮਰ ਵਿਚ ਬੈਠ ਕੇ ਸਾਰੇ ਸ੍ਰੀਮਾਨ ਡਾ ਅੰਬੇਡਕਰ ਜੀ ਕੋਲ ਪੁੱਜ ਗਏ। ਡਾਕਟਰ ਸਾਹਿਬ ਅਚਨਚੇਤ ਵਫਦ ਨੂੰ ਵੇਖ ਕੇ ਹੈਰਾਨ ਹੋਏ। ਉਹ ਦਿਨ ਤੇ ਅਗਲਾ ਦਿਨ ਡਾਕਟਰ ਜੀ ਨਾਲ ਗੱਲਬਾਤ ਹੁੰਦੀ ਰਹੀ ਅਤੇ ਅਖੀਰ ਡਾਕਟਰ ਅੰਬੇਡਕਰ ਜੀ ਨੇ ਹਿੰਦੂ ਲੀਡਰਾਂ ਦੇ ਸਿਰ ਭਾਂਡਾ ਭੰਨਦੇ ਹੋਏ ਕਿਹਾ ਕਿ "ਲੀਡਰਾਂ ਨੇ ਕਈ ਤਰ੍ਹਾਂ ਦੇ ਭਰੋਸੇ ਤੇ ਲਾਲਚ ਦੇ ਕੇ ਮੇਰੇ ਹੋਰ "ਅਛੂਤ" ਲੀਡਰਾਂ ਨੂੰ ਮੇਰੇ ਨਾਲੋਂ ਪਾੜ ਲਿਆ ਹੋਇਆ ਹੈ ਤੇ ਉਨ੍ਹਾਂ ਹਿੰਦੂ ਰਹਿਣਾ ਹੀ ਮੰਨ ਲਿਆ ਹੈ। ਇਸ ਲਈ ਮੈਂ ਮਜਬੂਰ ਹੋ ਗਿਆ ਹਾਂ।" ਸ੍ਰੀਮਾਨ ਜੀ ਡਾ ਅੰਬੇਡਕਰ ਜੀ ਦਾ ਸਪਸ਼ਟ ਜੁਆਬ ਸੁਣ ਕੇ ਸਾਰਾ ਜੱਥਾ ਵਾਪਸ ਸਟੀਮਰ ਰਾਹੀਂ ਬੰਬਈ ਆ ਗਿਆ।

ਇਨ੍ਹਾਂ ਦਿਨਾਂ ਵਿਚ ਹੀ ਸ੍ਰੀ ਗਾਂਧੀ ਜੀ ਨੇ ਮਰਨ-ਵਰਤ ਧਾਰ ਕੇ ਸਰਕਾਰ ਉਤੇ ਇਹ ਦਬਾਉ ਪਾ ਦਿੱਤਾ ਸੀ ਕਿ ਉਹ "ਅਛੂਤ" ਜਾਤੀਆਂ ਨੂੰ ਪਛੜੀਆਂ ਹੋਈਆਂ ਹਿੰਦੂ ਸ਼੍ਰੇਣੀਆਂ ਕਰਾਰ ਦੇ ਕੇ ਉਨ੍ਹਾਂ ਵਾਸਤੇ ਵਿਸ਼ੇਸ਼ ਰਿਆਇਤਾਂ ਦਾ ਐਲਾਨ ਕਰੇ। ਉਸਦੇ ਮਨ ਅੰਦਰ ਇਹ ਭੈ ਸੀ ਕਿ ਅੱਠ ਕਰੋੜ "ਅਛੂਤ" ਸਿੱਖ ਬਣ ਜਾਂਦੇ ਹਨ ਤਾਂ ਦੇਸ ਅੰਦਰ ਇਕ ਹੋਰ ਵੱਡੀ ਘੱਟ-ਗਿਣਤੀ ਖੜ੍ਹੀ ਹੋ ਜਾਏਗੀ (ਇਕ ਤਾਂ ਮੁਸਲਮਾਨ ਸਨ ਹੀ) ਅਤੇ ਇਸ ਨਾਲ ਹਿੰਦੂ ਗਿਣਤੀ ਘਟ ਜਾਣ ਦਾ ਹਿੰਦੂਆਂ ਤੇ ਸਮੁੱਚੇ ਤੌਰ ਤੇ ਬਹੁਤ ਮੰਦਾ ਅਸਰ ਪਵੇਗਾ।

ਉਸ ਸਮੇਂ ਪੰਡਤ ਮਦਨ ਮੋਹਨ ਮਾਲਵੀਆ ਵਾਈਸਰਾਏ ਹਿੰਦ ਦੀ ਅਗਜ਼ੈਕਟਿਵ ਕੌਂਸਲ ਦੇ ਮੈਂਬਰ ਸੀ। ਉਨ੍ਹਾਂ ਦੇ ਜੋਰ ਦੇਣ ਤੇ ਸਰਕਾਰ ਵਲੋਂ "ਅਛੂਤਾਂ" ਨੂੰ ਹਿੰਦੂ ਪਛੜੀਆਂ ਸ਼੍ਰੇਣੀਆਂ ਹੋਣ ਨਾਤੇ ਵਿਸ਼ੇਸ਼ ਰਿਆਇਤਾਂ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਜਿਸ ਤੇ ਇੱਕੀ ਦਿਨ ਭੁੱਖੇ ਰਹਿਣ ਪਿਛੋਂ ਗਾਂਧੀ ਜੀ ਨੇ ਆਪਣਾ ਵਰਤ ਖਤਮ ਕੀਤਾ। ਗਾਂਧੀ ਜੀ ਦੇ ਵਰਤ ਤੇ ਅਛੂਤਾਂ ਬਾਰੇ ਸਰਕਾਰ ਵਲੋਂ ਜਾਰੀ ਹੋਏ ਐਲਾਨ ਦਾ ਹੀ ਪ੍ਰਭਾਵ ਸੀ ਜਿਸਨੇ "ਅਛੂਤ" ਲੀਡਰਾਂ ਦੇ ਤੇ ਉਨ੍ਹਾਂ ਰਾਹੀਂ "ਅਛੂਤ" ਜਨਤਾ ਨੂੰ ਸਿੱਖ ਧਰਮ ਵਿਚ ਬਦਲੀ ਨਾ ਕਰਨ ਦੀ ਪ੍ਰੇਰਨਾ ਦਿੱਤੀ ਕਿਉਂਕਿ ਉਨ੍ਹਾਂ ਪ੍ਰਤੀ ਐਲਾਨ ਹੋਈਆਂ ਰਿਆਇਤਾਂ ਦਾ ਲਾਭ ਉਹ ਹਿੰਦੂ ਰਹਿ ਕੇ ਹੀ ਲੈ ਸਕਦੇ ਸੀ, ਜਿਸ ਲਈ ਸਿੱਖ ਬਣਨ ਵਾਲੀ ਪਕੜ ਹੁਣ ਉਨ੍ਹਾਂ ਦੇ ਹਿਰਦੇ ਵਿਚ ਨਹੀਂ ਸੀ। ਇਹ ਸੀ ਕਾਰਨ ਵਫਦ ਨਾਲ ਜੰਜੀਰੇ ਅੰਦਰ ਸ੍ਰੀ ਮਾਨ ਡਾ ਅੰਬੇਡਕਰ ਜੀ ਨਾਲ ਹੋਈ ਗੱਲ ਸਮੇਂ ਡਾਕਟਰ ਜੀ ਦੇ ਵਤੀਰੇ ਦਾ, ਜਿਸ ਨਾਲ ਹੀ ਸ੍ਰੀ ਮਾਨ ਡਾ ਅੰਬੇਡਕਰ ਜੀ ਨੇ ਕਾਲਜ ਚਲਾਉਣ ਦਾ ਵਤੀਰਾ ਵੀ ਬਦਲ ਦਿੱਤਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top