Share on Facebook

Main News Page

ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਿਉਂ ਕੀਤਾ ਗਿਆ? ਇਸ ਦਾ ਪ੍ਰਤੀਕਰਮ ਕੀ ਹੋਇਆ? ਅਤੇ ਜੂਨ ੧੯੮੪ ਦਾ ਘੱਲੂਘਾਰਾ
-:
ਅਵਤਾਰ ਸਿੰਘ ਮਿਸ਼ਨਰੀ 510 432 5827 singhstudent@gmail.com

 

ਗੁਰੂ ਨਾਨਕ ਸਾਹਿਬ ਤੋਂ ਬਲਕਿ ਰੱਬੀ ਭਗਤਾਂ ਤੋਂ ਲੈ ਕੇ, ਗੁਰੂ ਅਰਜਨ ਸਾਹਿਬ ਤੱਕ, ਸਭ ਰੱਬੀ ਭਗਤਾਂ ਅਤੇ ਸਿੱਖ ਗੁਰੂਆਂ ਨੇ, ਸੱਚ ਧਰਮ ਦਾ ਪ੍ਰਚਾਰ ਰੱਬੀ ਗਿਆਨ ਦੁਆਰਾ ਸ਼ਾਂਤਮਈ ਢੰਗ ਨਾਲ ਕੀਤਾ। ਵਕਤੀਆ ਹਕੂਮਤਾਂ ਤੇ ਉਨ੍ਹਾਂ ਦੇ ਝੋਲੀ ਚੁੱਕਾਂ, ਕਟੜਵਾਦੀ ਬ੍ਰਾਹਮਣਾਂ ਅਤੇ ਮੁੱਲਾਂ ਮੌਲਾਣਿਆਂ ਨੇ ਹਮੇਸ਼ਾਂ ਇਸ ਦਾ ਵਿਰੋਧ ਕੀਤਾ। ਕਟੜਵਾਦੀ ਬ੍ਰਾਹਮਣਾਂ ਅਤੇ ਮੁੱਲਾਂ ਮੌਲਾਣਿਆਂ ਨੇ ਤਾਂ ਇਸ ਕਰਕੇ ਕੀਤਾ ਕਿ ਉਨ੍ਹਾਂ ਦੁਆਰਾ ਫੈਲਾਏ ਭਰਮਜਾਲ-ਕਰਮਕਾਂਡਾਂ ਦਾ ਰੱਬੀ ਭਗਤਾਂ ਅਤੇ ਸਿੱਖ ਗੁਰੂਆਂ ਨੇ ਕਰੜਾ ਵਿਰੋਧ ਕਰਕੇ, ਭੋਲੀ ਭਾਲੀ ਜਨਤਾ ਨੂੰ ਜਾਗਰੂਕ ਬਣਾਇਆ। ਇਸ ਨਾਲ ਇਨ੍ਹਾਂ ਲੋਕਾਂ ਦੀ ਧਰਮ ਦੇ ਨਾਂ ਤੇ ਚਲਾਈ ਹੋਈ ਰੋਜੀ ਰੋਟੀ ਵਾਲੀ ਦੁਕਾਨਦਾਰੀ ਉੱਤੇ ਅਸਰ ਪਿਆ ਅਤੇ ਅਜਿਹੇ ਲੋਕਾਂ ਵਲੋਂ ਹੀ ਹਕੂਮਤ ਦੇ ਕੰਨ ਭਰੇ ਗਏ ਕਿ ਜੇ ਵੇਲੇ ਸਿਰ ਰੱਬੀ ਭਗਤਾਂ ਅਤੇ ਸਿੱਖ ਗੁਰੂਆਂ ਦੀਆਂ ਸਰਗਰਮੀਆਂ ਤੇ ਕਰੜੀ ਨਿਗ੍ਹਾ ਨਾਂ ਰੱਖੀ ਗਈ, ਤਾਂ ਇਹ ਲੋਕ ਹਕੂਮਤ ਦਾ ਤਖ਼ਤਾ ਪਲਟ ਦੇਣਗੇ।

 

ਇਸ ਮਾਮਲੇ ਵਿੱਚ ਸਿੱਧ, ਜੋਗੀ, ਉਦਾਸੀ, ਬ੍ਰਾਹਮਣ, ਮੌਲਾਣੇ, ਸ਼੍ਰੀਚੰਦੀਏ, ਪ੍ਰਿਥੀਚੰਦੀਏ, ਚੰਦੂਸ਼ਾਹੀਏ, ਬੀਰਬਲ ਬ੍ਰਾਹਮਣ ਆਦਿਕ ਜਿੱਥੇ ਵਕਤੀਆ ਹਕੂਮਤਾਂ ਦੇ ਕੰਨ ਭਰਦੇ ਰਹੇ ਓਥੇ ਤੁਰਾਨ ਦੇ ਰਹਿਣ ਵਾਲੇ ਮੁਹੰਮਦ ਬਾਕੀ ਬਿਲਾ ਦੇ ਚੇਲੇ ਸ਼ੇਖ ਅਹਿਮਦ ਸਰਹੱਦੀ, ਉਸ ਦੇ ਚੇਲੇ ਮੁਰਤਜ਼ਾ ਖਾਂ ਜੋ ਅਤਿ ਕਟੜਵਾਦੀ ਚਿਸ਼ਤੀ ਮੁਸਲਮਾਨ ਸਨ ਅਤੇ ਉਹ ਸਿਰਫ ਤੇ ਸਿਰਫ ਹਰ ਪਾਸੇ ਇਸਲਾਮ ਹੀ ਇਸਲਾਮ ਦੇਖਣਾ ਚਾਹੁੰਦੇ ਸਨ, ਦਾ ਵੀ ਸਿੱਧਾ ਹੱਥ ਸੀ। ਇਵੇਂ ਸੌੜੀ ਸੋਚ ਵਾਲੇ ਧਾਰਮਿਕ ਆਗੂ ਅੱਗ ਬਲੂਲੇ ਹੋ ਉੱਠੇ ਜੋ ਪਹਿਲੇ ਵੀ ਆਪਸ ਵਿੱਚ ਲੜ ਰਹੇ ਸਨ- ਖਹਿ ਮਰਦੇ ਬਹੁ ਬਾਹਣ ਮੌਲਾਣੇ (ਭਾ. ਗੁ) ਸਾਡੇ ਬਹੁਤੇ ਢਾਡੀ ਅਤੇ ਪ੍ਰਚਾਰਕ ਇਕੱਲੇ ਚੰਦੂ ਤੇ ਦੋਸ਼ ਲਾਉਂਦੇ ਆ ਰਹੇ ਹਨ ਪਰ ਚੰਦੂ ਤਾਂ ਇੱਕ ਮਾਮੂਲੀ ਅਹਿਲਕਾਰ ਸੀ। ਚੰਦੂ ਨੇ ਰਿਸ਼ਤਾ ਕਰਨ ਵੇਲੇ ਗੁਰੂ ਕਿਆਂ ਵਿਰੁੱਧ ਕਬੋਲ ਬੋਲੇ ਸਨ ਕਿ ਚੁਬਾਰੇ ਦੀ ਇੱਟ ਮੋਰੀ ਨਾਲ ਲਾ ਆਏ ਹੋ, ਸਿੱਖ ਸੰਗਤ ਨੇ ਇਸ ਦਾ ਕਰੜਾ ਵਿਰੋਧ ਕੀਤਾ।

 

ਇਤਿਹਾਸਕਾਰ ਮੋਹਸਨਫਾਨੀ ਵੀ ਲਿਖਦਾ ਹੈ ਕਿ ਰੱਬੀ ਭਗਤਾਂ ਅਤੇ ਸਿੱਖ ਗੁਰੂਆਂ ਦੇ ਸੱਚੇ-ਸੁੱਚੇ ਤੇ ਸਿਧੇ-ਸਾਦੇ ਸੁਨਹਿਰੀ ਉਪਦੇਸ਼ਾਂ ਕਰਕੇ ਧੜਾ-ਧੜ ਹਿੰਦੂ ਅਤੇ ਮੁਸਲਮਾਨ ਸਿੱਖੀ ਧਾਰਨ ਕਰ ਰਹੇ ਸਨ। ਭਾਵੇਂ ਜਾਤ ਅਭਿਮਾਨੀਆਂ ਅਤੇ ਕਟੜਵਾਦੀਆਂ ਨੇ ਅਕਬਰ ਬਾਦਸ਼ਾਹ ਦੇ ਵੀ ਕੰਨ ਭਰੇ ਪਰ ਅਕਬਰ ਖੁਲ੍ਹ-ਦਿਲਾ ਹੋਣ ਕਰਕੇ, ਇਨ੍ਹਾਂ ਨੂੰ ਮੂੰਹ ਦੀ ਖਾਣੀ ਪਈ। ਅਕਬਰ ਬਾਦਸ਼ਾਹ ਕਈ ਵਾਰ ਗੁਰੂ ਦਰਬਾਰ ਆਇਆ, ਗੁਰੂਆਂ ਦੀ ਸਿਖਿਆ ਤੋਂ ਪ੍ਰਭਾਵਿਤ ਹੋਇਆ, ਕਿਰਸਾਨਾਂ ਦਾ ਮਾਲੀਆ ਅਤੇ ਹਿੰਦੂਆਂ ਦੇ ਤੀਰਥਾਂ ਦਾ ਟੈਕਸ ਵੀ ਮੁਆਫ ਕਰ ਗਿਆ। ਹੁਣ ਅਕਬਰ ਦੀ ਮੌਤ ਤੋਂ ਬਾਅਦ, ਉਸ ਦੇ ਸ਼ਰਾਬੀ-ਕਬਾਬੀ ਪੁੱਤਰ ਜਹਾਂਗੀਰ ਨੂੰ, ਇਨ੍ਹਾਂ ਕਟੜਵਾਦੀਆਂ ਨੇ, ਇਸ ਕਰਕੇ ਰਾਜ ਗੱਦੀ ਤੇ ਬੈਠਾਇਆ ਕਿ ਜਹਾਂਗੀਰ ਇਸਲਾਮ ਦੇ ਪ੍ਰਚਾਰ ਨਾਲ ਸਿੱਖ ਲਹਿਰ ਨੂੰ ਖਤਮ ਕਰ ਦੇਵੇਗਾ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਇਹ ਲਹਿਰ ਸਗੋਂ ਹੋਰ ਵਧੇ ਫੁੱਲੇਗੀ!

 

ਇਸ ਸਬੰਧ ਵਿੱਚ ਜਹਾਂਗੀਰ ਖੁਦ ਵੀ ਆਪਣੀ ਸਵੈ ਜੀਵਨੀ "ਤੁਜ਼ਕਿ ਜਹਾਂਗੀਰੀ" ਵਿੱਚ ਲਿਖਦਾ ਹੈ ਕਿ "ਬਿਆਸ ਦਰਿਆ ਕੰਡੇ, ਗੋਇੰਦਵਾਲ ਨਗਰ ਵਿੱਚ, ਇੱਕ ਪੀਰਾਂ ਬਜੁਰਗਾਂ ਦੇ ਭੇਸ ਵਿੱਚ, ਅਰਜਨ ਨਾਮ ਦੇ ਹਿੰਦੂ ਨੇ ਬਹੁੱਤ ਸਾਰੇ ਭੋਲੇ ਭਾਲੇ ਹਿੰਦੂਆਂ ਬਲਕਿ ਬੇਸਮਝ ਮੁਸਲਮਾਨਾਂ ਨੂੰ ਵੀ ਆਪਣੇ ਮਗਰ ਲਾ ਕੇ, ਆਪਣੀ ਪੀਰੀ ਦਾ ਢੋਲ ਉੱਚਾ ਵਜਾਇਆ ਹੋਇਆ ਸੀ। ਲੋਕ ਉਸ ਨੂੰ ਗੁਰੂ ਆਖਦੇ ਸਨ। ਤਿੰਨ ਚਾਰ ਪੀੜ੍ਹੀਆਂ ਤੋਂ ਇਹ ਦੁਕਾਨ ਚਲ ਰਹੀ ਸੀ ਤੇ ਚਿਰਾਂ ਤੋਂ ਮੈਂ ਸੋਚ ਰਿਹਾ ਸੀ ਸੀ ਇਸ ਝੂਠ ਦੀ ਦੁਕਾਨ ਨੂੰ ਬੰਦ ਕੀਤਾ ਜਾਵੇ ਜਾਂ ਇਸ ਗੁਰੂ ਨੂੰ ਇਸਲਾਮ ਵਿੱਚ ਲਿਆਂਦਾ ਜਾਵੇ। ਇਨ੍ਹਾਂ ਦਿਨਾਂ ਚ' ਹੀ ਹਕੂਮਤ ਦਾ ਬਾਗੀ ਖੁਸਰੋ ਇਧਰ ਆਇਆ, ਇਸ ਗੁਰੂ ਨੇ ਉਸ ਦੇ ਮੱਥੇ ਤੇ ਕੇਸਰ ਦਾ ਟਿੱਕਾ ਲਾ ਕੇ, ਜਿੱਥੇ ਉਸ ਦੀ ਕਾਮਯਾਬੀ ਦੀ ਅਰਦਾਸ ਕੀਤੀ ਓਥੇ ਮਾਲੀ ਸਹਾਇਤਾ ਵੀ ਕੀਤੀ ਜਦੋਂ ਮੈਨੂੰ ਇਸ ਦਾ ਪਤਾ ਲਗਾ ਤਾਂ ਮੈਂ ਹੁਕਮ ਕੀਤਾ ਕਿ ਇਸ ਗੁਰੂ ਨੂੰ ਪਕੜ ਕੇ, ਮੇਰੇ ਹਵਾਲੇ ਕੀਤਾ ਜਾਵੇ ਉਸ ਦਾ ਘਰ ਘਾਟ ਬੱਚੇ ਅਤੇ ਮਾਲ ਅਸਬਾਬ ਮੁਰਤਜਾ ਖਾਂ ਦੇ ਹਵਾਲੇ ਕਰਕੇ, ਇਸ ਨੂੰ ਯਾਸਾ ਦੰਡ ਦੇ ਕੇ ਮਾਰ ਦਿੱਤਾ ਜਾਵੇ (ਯਾਸਾ ਦੰਡਪੁਰਾਣੇ ਮੰਗੋਲੀਆ ਲੋਕ ਜਿਨ੍ਹਾਂ ਦਾ ਵਹਿਸ਼ੀਪੁਣਾ ਮਸ਼ਹੂਰ ਹੈ, ਦਿਆ ਕਰਦੇ ਸਨ, ਜਿਸ ਵਿੱਚ ਕਿਸੇ ਵਿਸ਼ੇਸ਼ ਧਰਮੀ-ਪੁਰਖ ਨੂੰ ਬਿਨਾਂ ਖੂਨ ਡੋਲ੍ਹੇ ਮਾਰਿਆ ਜਾਂਦਾ ਸੀ ਕਿ ਉਸ ਦੇ ਖੂਨ ਤੋਂ ਹੋਰ ਸ਼ਹੀਦ ਨਾਂ ਪੈਦਾ ਹੋ ਜਾਣ) ਸੋ ਇਸ ਤਰੀਕੇ ਨਾਲ ੩੦ ਮਈ ਸੰਨ ੧੬੦੬ ਨੂੰ ਗੁਰੂ ਅਰਜਨ ਸਾਹਿਬ ਨੂੰ ਭਿਆਨਕ ਤਸੀਹੇ ਦੇ ਕੇ, ਸ਼ਹੀਦ ਕਰ ਦਿੱਤਾ ਗਿਆ।

 

ਇਸ ਸ਼ਹੀਦੀ ਦਾ ਪ੍ਰਤੀ ਕਰਮ ਇਹ ਹੋਇਆ ਕਿ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਨੇ, ਗੁਰੂ-ਪਿਤਾ ਦੇ ਆਦੇਸ਼ ਤੇ ਚਲਦਿਆਂ ਅਕਾਲ ਤਖ਼ਤ ਦੀ ਰਚਨਾ ਕੀਤੀ। ਮੀਰੀ ਪੀਰੀ ਦੀਆਂ ਤਲਵਾਰਾਂ ਪਹਿਣ ਲਈਆਂ, ਦੂਰ-ਦੂਰ ਹੁਕਨਾਮੇ ਭੇਜ ਦਿੱਤੇ ਕਿ ਹੁਣ ਸਿੱਖ ਰਸਤਾਂ ਬਸਤਾਂ ਦੇ ਨਾਲ ਜਵਾਨੀਆਂ, ਸ਼ਸ਼ਤਰ, ਘੋੜੇ ਰੱਖਣ, ਸ਼ਿਕਾਰ ਖੇਡਣ ਅਤੇ ਜੰਗੀ ਪੱਧਰ ਤੇ’ ਸ਼ਸ਼ਤਰ ਵਿਦਿਆ ਦਾ ਅਭਿਆਸ ਕਰਨ। ਇਸ ਤਰ੍ਹਾਂ ਥੋੜੇ ਚਿਰ ਵਿੱਚ ਹੀ ਗੁਰੂ ਦੀ ਫੌਜ ਤਿਆਰ ਹੋ ਗਈ। ਗੁਰੂ ਜੀ ਨੇ ਜਾਲਮ ਹਕੂਮਤ ਨਾਲ ਚਾਰ ਜੰਗਾਂ ਲੜੀਆਂ ਜਿਨ੍ਹਾਂ ਵਿੱਚ ਸਰਕਾਰ ਨੂੰ ਕਰਾਰੀ ਹਾਰ ਹੋਈ ਲੋਕ ਇਨਸਾਫ ਲਈ ਦਿੱਲੀ ਦਾ ਤਖ਼ਤ ਛੱਡ, ਅਕਾਲ ਤਖ਼ਤ, ਗੁਰੂ ਦੀ ਸ਼ਰਣ ਆਉਣ ਲੱਗ ਪਏ। ਮੁਗਲੀਆਂ ਹਕੂਮਤ ਦੀਆਂ ਜੜਾਂ ਖੋਖਲੀਆਂ ਹੋ ਗਈਆਂ ਅਤੇ ਜਹਾਂਗੀਰ ਨੂੰ ਸੁਲਾਹ ਲਈ ਗੁਰੂ ਦੀ ਸ਼ਰਣ ਆਉਣਾ ਪਿਆ। ਸਤਵੇਂ, ਅਠਵੇਂ ਗੁਰੂ ਸਮੇਂ ਸ਼ਾਂਤ ਮਹੌਲ ਦੇ ਨਾਲ ਵੀ, ਗੁਰੂ ਦਰਬਾਰ ਵਿੱਚ ਸਿੱਖ ਫੌਜ ਬਰਕਰਾਰ ਰਹੀ। ਨੌਵੇਂ ਗੁਰੂ ਨੇ ਵੀ ਧਰਮ ਦੀ ਖਾਤਰ ਮਜ਼ਲੂਮ ਦੀ ਰੱਖਿਆ ਲਈ ਆਪਾ ਕੁਰਬਾਨ ਕੀਤਾ। ਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਨੂੰ ਖੰਡੇ ਦੀ ਪਹੁਲ ਦੇ, ਖ਼ਾਲਸਾ ਫੌਜ ਦਾ ਲਕਬ ਦਿੰਦੇ, ਸਦਾ ਤਿਆਰ ਬਰ ਤਿਆਰ ਰਹਿਣ ਦਾ ਆਦੇਸ਼ ਦਿੱਤਾ। ਔਰੰਗਜ਼ੇਬ ਦੀ ਜ਼ਾਲਮ ਹਕੂਮਤ ਅਤੇ ਅਕਿਰਤਘਣ ਪਹਾੜੀ ਰਾਜਿਆਂ ਨਾਲ ੧੪ ਜੰਗਾਂ ਬੇਇਨਸਾਫੀ ਅਤੇ ਜ਼ੁਲਮ ਦੇ ਵਿਰੁੱਧ ਲੜੀਆਂ। ਬਾਬਾ ਬੰਦਾ ਸਿੰਘ ਬਹਾਦਰ ਨੇ ੮ ਸਾਲ ਰਾਜ ਕੀਤਾ, ਗੁਰੂ ਨਾਨਕ ਗੁਰੂ ਗੋਬਿੰਦ ਦੇ ਨਾਂ ਦਾ ਸਿੱਕਾ ਚਲਾਇਆ, ਜਗੀਰਦਾਰਾ ਸਿਸਟਮ ਖਤਮ ਕਰਕੇ, ਜਮੀਨਾਂ ਕਿਰਤੀ ਕਾਮੇ ਕਿਰਸਾਨਾਂ ਨੂੰ ਵੰਡੀਆਂ।

 

ਸਿੱਖ ਮਿਸਲਾਂ ਵੀ ਨੇ ਵੀ ਜ਼ਾਲਮ ਹਕੂਮਤ ਨੂੰ ਵਖਤ ਪਾਈ ਰੱਖਿਆ ਅਤੇ ਮਹਾਂਰਾਜਾ ਰਣਜੀਤ ਸਿੰਘ ਦੀ ਅਗਵਾਈ ਵਿੱਚ ੫੦ ਸਾਲ ਰਾਜ ਕੀਤਾ ਜੋ ਫੁੱਟ ਕਰਕੇ ਜਾਂਦਾ ਰਿਹਾ ਅਤੇ ਅੱਜ ਤੱਕ ਨਹੀਂ ਮਿਲਿਆ। ਗੁਰਦੁਆਰਿਆਂ ਉੱਤੇ ਮਹੰਤ ਕਾਬਜ਼ ਹੋ ਗਏ, ਜੋ ਭਾਰੀ ਕੁਰਬਾਨੀਆਂ ਕਰਕੇ ਕੱਢਣੇ ਪਏ। ਫਿਰ ਸਿੰਘ ਸਭਾ ਲਹਿਰ ਪੈਦਾ ਹੋਈ, ਸਿੱਖੀ ਦਾ ਪ੍ਰਚਾਰ ਹੋਇਆ ਪਰ ਇਨ੍ਹਾਂ ਕਰਮਕਾਂਡੀ ਮਹੰਤਾਂ ਦਾ ਅਸਰ ਖਤਮ ਨਹੀਂ ਗਿਆ। ਜੂਨ ੧੯੮੪ ਵਿੱਚ ਫਿਰ ਬਹਾਦਰ ਸਿੱਖ ਕੌਮ ਜਿਸ ਨੇ ਭਾਰਤ ਨੂੰ ਅਜ਼ਾਦ ਕਰਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਨੂੰ ਭੁਲਾ ਕੇ, ਅਕ੍ਰਿਤਘਣਤਾ ਦਾ ਸਬੂਤ ਦਿੰਦੇ ਹੋਏ, ਪੰਚਮ ਪਾਤਸ਼ਾਹ ਦੇ ਸ਼ਹੀਦੀ ਪੁਰਬ ਤੇ ਇਕੱਤਰ ਹੋਈਆਂ ਹਜਾਰਾਂ ਸੰਗਤਾਂ ਸਮੇਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ ਭਾਰਤੀ ਹਕੂਮਤ ਨੇ ਹਮਲਾ ਕਰਕੇ, ਸਿੱਖਾਂ ਦੇ ਇਤਿਹਾਸਕ ਦਸਤਾਵੇਜ ਜੋ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਸਾਂਭੇ ਪਏ ਸਨ ਨੂੰ ਲੁੱਟਿਆ, ਸਾੜਿਆ ਅਤੇ ਖੁਰਦ-ਬੁਰਦ ਕੀਤਾ। ਨਿਹੱਥੇ ਸਿੱਖ ਆਗੂਆਂ ਅਤੇ ਸੰਗਤਾਂ ਨੂੰ ਦ੍ਰਿੰਦਗੀ ਦਾ ਨਾਚ ਨੱਚਦੇ ਹੋਏ, ਰਫਲਾਂ ਦੀਆਂ ਗੋਲੀਆਂ ਤੇ ਤੋਪਾਂ ਦੇ ਗੋਲਿਆਂ ਨਾਲ ਭੁੰਨਿਆਂ ਅਤੇ ਬਚ ਗਈਆਂ ਸਿੱਖ ਔਰਤਾਂ ਨਾਲ ਬਲਾਤਕਾਰ ਕੀਤੇ ਜਿਵੇਂ ਮਹੰਤ ਨਰੈਣੂ ਨੇ ਨਨਕਾਣਾ ਸਾਹਿਬ ਵਿਖੇ ਨਿਹੱਥੇ ਸਿੰਘਾਂ ਤੇ ਕੀਤਾ ਸੀ। ਓਧਰ ਬਾਬਾ ਜਰਨੈਲ ਸਿੰਘ, ਜਨਰਲ ਸ਼ੁਬੇਗ ਸਿੰਘ, ਬੱਬਰ ਖਾਲਸਾ ਅਤੇ ਹੋਰ ਪੰਥਕ ਜਥੇਬੰਦੀਆਂ ਦੀ ਕਮਾਨ ਹੇਠ, ਮੁਠੀ ਭਰ ਸਿੱਖਾਂ ਨੇ, ਪੰਚਮ ਪਾਤਸ਼ਾਹ ਦੀ ਸ਼ਹੀਦੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ, ਮੁਕਾਬਲਾ ਕਰਕੇ ਦੱਸ ਦਿੱਤਾ ਕਿ ਅਜੇ ਸਾਡੇ ਵਿੱਚ ਸਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ, ਗੁਰੂ ਤੇਗ ਬਹਾਦਰ ਦੀ ਕੁਰਬਾਨੀ, ਸਾਹਿਬਜ਼ਾਦੇ, ਅਨੇਕਾਂ ਅਕੀਦਤਮੰਦ ਅਤੇ ਬਹਾਦਰ ਸਿੰਘ ਸਿੰਘਣੀਆਂ ਦੀ ਸ਼ਹੀਦੀ ਦੇ ਵਾਰਸ ਹੋਣ ਦਾ ਜ਼ਜਬਾ ਅਤੇ ਖੂਨ ਗਰਮ ਹੈ।

 

ਸੋ ਰੱਬੀ ਭਗਤਾਂ ਅਤੇ ਸਿੱਖ ਗੁਰੂਆਂ ਨੇ ਤਾਂ ਜ਼ੁਲਮ ਅੱਗੇ ਗੋਡੇ ਨਹੀਂ ਸਨ ਟੇਕੇ, ਪਰ ਅੱਜ ਅਸੀਂ ਗੁਰੂ-ਹੁਕਮਾਂ ਨੂੰ ਛਿੱਕੇ ਟੰਗ, ਡੇਰੇਦਾਰ ਸਾਧਾਂ-ਸੰਤਾਂ ਅੱਗੇ ਹੱਥ ਜੋੜੀ ਖੜੇ ਹਾਂ। ਖ਼ਾਲਸਾ ਪੰਥ ਨੂੰ ਕਈ ਸੰਪ੍ਰਦਾਵਾਂ ਅਤੇ ਡੇਰਿਆਂ ਵਿੱਚ ਵੰਡੀ ਬੈਠੇ ਹਾਂ ਜੋ ਆਏ ਦਿਨ ਸਾਨੂੰ ਲੁੱਟ ਕੇ, ਸਾਡਾ ਸ਼ੋਸ਼ਣ ਕਰ ਰਹੇ ਹਨ। ਗੁਰੂ ਅਰਜਨ ਸਾਹਿਬ ਦੀ ਸਭ ਤੋਂ ਵੱਡੀ ਦੇਣ ਸੰਸਾਰ ਵਾਸਤੇ ਰੱਬੀ ਭਗਤਾਂ ਅਤੇ ਗੁਰਆੂਂ ਦੀ ਬਾਣੀ ਦੀ ਸੰਪਾਦਨਾ ਹੈ ਜੋ ਸਾਇੰਟੇਫਿਕ ਰੱਬੀ ਗਿਆਨ ਦਾ ਸਰਬਸਾਂਝਾ ਭੰਡਾਰ ਹੈ। ਜਿਸ ਨੂੰ "ਪੋਥੀ ਪਰਮੇਸ਼ਰ ਕਾ ਥਾਨ" ਕਹਿੰਦੇ ਫਰਮਾਇਆ-ਗ੍ਰੰਥ ਰਿਦਾ ਗੁਰ ਕਾ ਇਹ ਜਾਨੋ ਊਤਮ ਹੈ ਸਰਬ ਸਮੇਂ ਸ੍ਰਬ ਥਾਂਨ ਰਹੈ ਹੈਂ (ਸੂਰਜ ਪ੍ਰਕਾਸ਼) ਕਿਉਂਕਿ ਦੇਹ ਸਰੀਰ ਹਰ ਵੇਲੇ ਹਰ ਥਾਂ ਨਹੀਂ ਹੋ ਸਕਦੇ, ਜੋ ਬਿਨਸਣਹਾਰ ਹਨ। ਇਸ ਗ੍ਰੰਥ ਵਿੱਚ ਨੌਵੇਂ ਗੁਰੂ ਤੇਗ ਬਹਾਦਰ ਦੀ ਬਾਣੀ ਦਰਜ ਕਰ, ਦਸਵੇਂ ਪਾਤਸ਼ਾਹ ਨੇ ਗੁਰ-ਗੱਦੀ ਦੇ ਕੇ, ਗੁਰੂ ਗ੍ਰੰਥ ਸਾਹਿਬ ਕਹਿ ਸੀਸ ਨਿਵਾਇਆ ਅਤੇ ਹੁਕਮ ਕੀਤਾ-ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ॥ ਇਸ ਗੁਰੂ ਗ੍ਰੰਥ ਦੇ ਉਪਦੇਸ਼ ਸਰਬੱਤ ਦਾ ਭਲਾ ਮੰਗਦੇ ਹਨ-ਜਗਤੁ ਜਲੰਦਾ ਰਖਿ ਲੇ ਆਪਣੀਕ੍ਰਿਪਾ ਧਾਰਿ॥ (੮੫੩) ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ (੧੩੪੯) ਨਾ ਕੋ ਬੈਰੀ ਨਹੀਂਬਿਗਾਨਾ, ਸਗਲ ਸੰਗਿ ਹਮ ਕੋ ਬਨਿ ਆਈ॥ (੧੨੯੯) ਵਿਦਿਆ ਵੀਚਾਰੀ ਤਾਂ ਪਰਉਪਕਾਰੀ॥ (੩੫੬) ਘਾਲਿ ਖਾਇਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥ (੧੨੪੫) ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤੁ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨਾ ਛਾਡੈ ਖੇਤੁ॥ (੧੧੦੫)

 

ਸੱਚ ਨਾਲ ਝੂਠ ਹਮੇਸ਼ਾਂ ਟਕਰਾਂਦਾ ਰਿਹਾ ਅਤੇ ਟਕਰਉਂਦਾ ਰਹੇਗਾ। ਓਦੋਂ ਮੁਗਲੀਆ ਹਕੂਮਤ ਸਿੱਖਾਂ ਨਾਲ ਟਕਰਾ ਰਹੀ ਸੀ, ਫਿਰ ਸਿੱਖ ਰਾਜ ਦੇ ਖਾਤਮੇ ਤੇ ਮਹੰਤਾਂ ਦੇ ਰੂਪ ਵਿੱਚ ਬ੍ਰਾਹਮਣ ਟਕਰਾਇਆ ਅਤੇ ਅੱਜ ਭੇਖਧਾਰੀ ਸਾਧ ਲਾਣਾ, ਸਿੱਖ ਸੰਸਥਾਵਾਂ ਵਿੱਚ ਘੁਸੜ ਅਤੇ ਹਕੂਮਤ ਦਾ ਵੋਟ ਬੈਂਕ ਬਣਕੇ ਟਕਰਾ ਰਿਹਾ ਹੈ। ਸਿੱਖਾਂ ਦੀ ਸਿਰਮੌਰ ਸੰਸਥਾ ਅਕਾਲ ਤਖਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਅਜ਼ਾਦ ਨਹੀਂ ਓਥੇ ਵੀ ਆਰ. ਐਸ. ਐਸ. ਦੀ ਪਿਛਲੱਗ ਭਾਜਪਾ ਦੀ ਪਿਉਂਦ ਵਾਲੇ ਬਾਦਲੀ ਬ੍ਰਾਹਮਣ ਕਾਬਜ ਹਨ। ਯਾਦ ਰੱਖੋ ਜੋ ਕੌਮਾਂ ਇਕੱਠੀਆਂ ਹੋ ਕੇ ਦੁਸ਼ਮਣ ਦਾ ਮੁਕਾਬਲਾ ਕਰਦੀਆਂ ਨੇ, ਉਹ ਸਦਾ ਜੇਤੂ ਰਹਿੰਦੀਆਂ ਹਨ। ਸੋ ਸਾਨੂੰ ਵੀ ਅੱਜ ਗੁਰੂ ਅਰਜਨ ਸਾਹਿਬ ਦੀ ਅਦੁੱਤੀ ਸ਼ਹਾਦਤ ਅਤੇ ਜੂਨ ੮੪ ਨੂੰ ਯਾਦ ਰੱਖਦੇ ਹੋਏ, ਆਪਣੇ ਸਾਰੇ ਮਤ-ਭੇਦ ਖ਼ਤਮ ਕਰਕੇ, ਗੁਰੂ ਗ੍ਰੰਥ ਦੇ ਖ਼ਾਲਸਾ ਪੰਥ ਵਿੱਚ ਸ਼ਾਮਲ ਹੋ, ਇੱਕ ਗ੍ਰੰਥ, ਇੱਕ ਪੰਥ ਅਤੇ ਇੱਕ ਨਾਨਾਕਸ਼ਾਹੀ ਕੈਲੰਡਰ ਦੇ ਸਿਧਾਂਤ ਨੂੰ ਪ੍ਰਵਾਨ ਕਰ ਲੈਣਾ ਚਾਹੀਦਾ ਹੈ। ਗੁਰਬਾਣੀ ਦੇ ਪਾਠ-ਕੀਰਤਨ ਠੇਕੇ ਤੇ ਕਰਾਉਣ ਦੀ ਬਜਾਏ ਆਪ ਸਮਝ ਪੜ੍ਹ, ਸਮਝ ਵਿਚਾਰ ਕੇ, ਉਸ ਤੇ ਅਮਲ ਕਰਨਾ ਅਤੇ ਇਸ ਅਮੁੱਲ ਖਜ਼ਾਨੇ ਨੂੰ ਦੁਨੀਆਂ ਦੀ ਹਰੇਕ ਬੋਲੀ ਵਿੱਚ ਵੰਡਣ ਦੀ ਸੇਵਾ ਕਰਨੀ ਚਾਹੀਦੀ ਹੈ। ਇਹ ਹੀ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਅਤੇ ਸ਼ਹੀਦ ਸਿੰਘ-ਸਿੰਘਣੀਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top