Share on Facebook

Main News Page

ਰੱਦ ਹੋਇਆਂ ਨੂੰ ਘਰ ਜਾ ਜਾ ਕੇ ਮਾਨਤਾ ਦੇਣੀ ਕਿਹੜੀ ਪੰਥ ਪ੍ਰਸਤੀ ਦਾ ਹਿੱਸਾ ਹੈ...?
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਕਦੀਂ ਅੱਜ ਤੱਕ ਕਿਤੋਂ ਨਾ ਤਾਂ ਇਹ ਪੜਿਆ ਸੀ ਅਤੇ ਨਾ ਹੀ ਸੁਣਿਆ ਸੀ ਕਿ ਬੱਕਰਾ ਕਸਾਈ ਕੋਲ ਸੁਝਾਅ ਦੇਣ ਗਿਆ ਹੋਵੇ, ਕਿ ਭਾਈ ਤੂੰ ਸਾਡਾ ਝਟਕਾ ਵੀ ਕਰੀ ਚੱਲ ਪਰ ਆਪਾਂ ਅਮਨ ਸ਼ਾਂਤੀ ਕਾਇਮ ਰੱਖਣੀ ਹੈ ਕਿਉਂਕਿ ਬੱਕਰੇ ਨੂੰ ਵੀ ਪਤਾ ਹੈ ਕਸਾਈ ਦਾ ਦਰ ਗੁਜਰ ਵੀ ਮੇਰਾ ਗਲ ਵੱਢਕੇ ਹੀ ਹੁੰਦਾ ਹੈ ਅਤੇ ਕਸਾਈ ਵੀ ਜਾਣਦਾ ਹੈ ਕਿ ਜੇ ਮੈਂ ਬਕਰੇ ਨਾਲ ਦੋਸਤੀ ਕਰ ਲਈ ਤਾਂ ਮੇਰਾ ਗੁਜ਼ਾਰਾ ਵੀ ਨਾਮੁੰਮਕਿਨ ਹੈ, ਲੇਕਿਨ ਇਨਸਾਨ ਦੀ ਫਿਤਰਤ ਐਸੀ ਹੈ ਕਿ ਉਹ ਗਿਰਾਵਟ ਦੀ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ।

ਹੁਣ ਤੱਕ ਸਾਰੀਆਂ ਪੰਥਕ ਜਥੇਬੰਦੀਆਂ ਅਤੇ ਕੁੱਝ ਉਨ੍ਹਾਂ ਲੋਕਾਂ ਨੂੰ ਜਿਹੜੇ ਸਿਰਫ ਸਿੱਖਾਂ ਪੂਰਨ ਆਜ਼ਾਦੀ ਨੂੰ ਹੀ ਸਿੱਖ ਮਸਲਿਆਂ ਦਾ ਹੱਲ ਆਖਦੇ ਹਨ, ਨੂੰ ਇਹ ਗਿਲਾ ਰਿਹਾ ਹੈ ਕਿ ਇੱਕ ਬਾਦਲ ਪਰਿਵਾਰ ਹੈ ਜਿਹੜਾ ਸਿੱਖਾਂ ਨੂੰ ਕਿਸੇ ਬੰਨੇ ਨਹੀਂ ਲੱਗਣ ਦਿੰਦਾ। ਬਾਦਲ ਦਲੀਆਂ ਨੇ ਸਿੱਖਾਂ ਦੀ ਰਾਜਸੀ ਨੁਮਾਇੰਦਾ ਜਮਾਤ ਅਕਾਲੀ ਦਲ, ਸਿੱਖ ਪਾਰਲੀਮੈਂਟ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖਤ ਸਾਹਿਬ ਵਰਗੀਆਂ ਸਰਵ ਉਚ ਸੰਸਥਾਵਾਂ ਨੂੰ ਆਪਣੇ ਕਬਜ਼ੇ ਵਿੱਚ ਲਿਆ ਹੋਇਆ ਹੈ ਅਤੇ ਸਮਾਂ ਬ ਸਮਾਂ ਇਹਨਾਂ ਸੰਸਥਾਵਾਂ ਉੱਤੇ ਬਿਠਾਏ ਆਪਣੇ ਕਰਿੰਦਿਆਂ ਤੋਂ ਸਿੱਖਾਂ ਦੇ ਜੜੀ ਤੇਲ ਦਿਵਾਉਣ ਦੀਆਂ ਕੋਝੀਆਂ ਕਾਰਵਾਈਆਂ ਕਰਵਾਈਆਂ ਜਾ ਰਹੀਆਂ ਹਨ।

ਇਹਨਾਂ ਲੋਕਾਂ ਵੱਲੋਂ ਹਰ ਪੰਥਕ ਜੋੜਮੇਲੇ ਜਾਂ ਗੁਰਪੁਰਬਾਂ ਉੱਪਰ ਲਗੀਆਂ ਸਟੇਜਾਂ ਤੋਂ ਬਾਦਲ ਦਲ ਨੂੰ ਮੁੱਢੋਂ ਨਕਾਰ ਦੇਣ ਦੀਆਂ ਅਪੀਲਾਂ ਵੀ ਕੀਤੀਆਂ ਜਾਂਦੀਆਂ ਹਨ ਅਤੇ ਸਿੱਖਾਂ ਨੂੰ ਇਹ ਪਾਠ ਵੀ ਪੜਾਇਆ ਜਾਂਦਾ ਹੈ, ਕਿ ਜਿੰਨਾਂ ਚਿਰ ਉਹ ਬਾਦਲ ਦਲੀਆਂ ਨੂੰ ਇਹਨਾਂ ਸੰਸਥਾਵਾਂ ਵਿੱਚੋਂ ਬਾਹਰ ਨਹੀਂ ਵਗਾਹ ਮਾਰਦੇ ਓਨਾਂ ਚਿਰ ਆਪਣੇ ਭਲੇ ਦੀ ਗੱਲ ਨੂੰ ਕਿਆਸਣਾ ਵੀ ਗਲਤ ਫਹਿਮੀ ਹੋਵੇਗੀ। ਇਹਨਾਂ ਲੋਕਾਂ ਵੱਲੋਂ ਇਹ ਪ੍ਰਚਾਰ ਵੀ ਬੜੇ ਜ਼ੋਰਾਂ ਨਾਲ ਕੀਤਾ ਗਿਆ ਹੈ ਕਿ ਤਖਤਾਂ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਅਤੇ ਪੰਜਾਬ ਦੀ ਬਾਦਲ ਸਰਕਾਰ ਨੂੰ ਮਾਨਤਾ ਨਾ ਦਿਓ, ਪਿਛਲੇ ਦਿਨੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਤੋਂ ਰੋਹ ਵਿੱਚ ਆਏ ਸਿੱਖ ਜਜਬਾਤਾਂ ਦੇ ਆਪ ਮੁਹਾਰੇ ਜੁੜੇ ਇਕੱਠ ਨੂੰ, ਸਰਬੱਤ ਖਾਲਸਾ ਦਾ ਨਾਮ ਦੇ ਕੇ ਜਥੇਦਾਰਾਂ ਨੂੰ ਰੱਦ ਕਰਕੇ ਆਪਣੇ ਵੱਖਰੇ ਜਥੇਦਾਰ ਵੀ ਬਣਾਏ, ਬਾਦਲ ਦਲ ਅਤੇ ਪੰਜਾਬ ਸਰਕਾਰ ਨੂੰ ਸਿੱਖਾਂ ਦੀ ਬਰਬਾਦੀ ਦਾ ਮੁੱਖ ਦੋਸ਼ੀ ਵੀ ਗਰਦਾਨਿਆ ਸੀ।

ਇਹ ਪ੍ਰਚਾਰ ਸੁਣ ਸੁਣਕੇ ਅਤੇ ਸਿੱਖ ਪੰਥ ਦੀ ਰੋਜ਼ ਦਿਹਾੜੇ ਹੋ ਰਹੀ ਬਦਨਾਮੀ ਤੇ ਨਿਘਾਰੂ ਹਾਲਤ ਨੂੰ ਵੇਖਦਿਆਂ ਕੁੱਝ ਲੋਕਾਂ ਅੰਦਰਲਾ ਪੰਥਕ ਪਿਆਰ ਜਾਗਿਆ, ਖਡੂਰ ਸਾਹਿਬ ਦੇ ਕਾਂਗਰਸੀ ਐਮ.ਐਲ.ਏ. ਨੇ ਆਪਣੀ ਮੈਂਬਰੀ ਹੀ ਤਿਆਗ ਦਿੱਤੀ, ਦਹਾਕਿਆਂ ਤੋਂ ਅਕਾਲ ਤਖਤ ਸਾਹਿਬ ਉੱਤੇ ਖੰਡੇ ਬਾਟੇ ਦੀ ਪਾਹੁਲ ਦੇਣ ਦੀ ਸੇਵਾ ਨਿਭਾਉਣ ਵਾਲੇ, ਪੰਜ ਪਿਆਰਿਆਂ ਨੇ ਆਪਣਾ ਏਨੇ ਵੱਡੇ ਮਾਣ ਸਤਿਕਾਰ ਵਾਲੇ ਰੁੱਤਬੇ ਦੀ ਪ੍ਰਵਾਹ ਨਾ ਕਰਦਿਆਂ ਹਕੂਮਤ ਅਤੇ ਸਿੱਖੀ ਉੱਤੇ ਕਾਬਜ਼ ਟੋਲੇ ਦੇ ਸਾਹਮਣੇ ਹਿੱਕ ਡਾਹਕੇ ਖੜੇ ਹੋ ਗਏ ਹਨ। ਕਿਸੇ ਨੇ ਬਾਦਲ ਦਲੀਆਂ ਦੀ ਈਨ ਨਾ ਮੰਨਦਿਆਂ ਬਾਦਲਾਂ ਦੇ ਚਹੇਤਿਆਂ ਨੂੰ ਸਿਰਪਾਓ ਦੇਣ ਤੋਂ ਨਾਂਹ ਕਰ ਦਿੱਤੀ, ਹੁਣ ਤਾਂ ਹੱਦ ਹੀ ਹੋ ਗਈ, ਜਦੋਂ ਇੱਕ ਅਰਦਾਸੀਏ ਸਿੰਘ ਭਾਈ ਬਲਬੀਰ ਸਿੰਘ ਫਰਾਂਸ਼ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਹੀ ਸਿਰਪਾਓ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ, ਬੇਸ਼ੱਕ ਉਸ ਦਾ ਤਬਾਦਲਾ ਕਰ ਦਿੱਤਾ ਗਿਆ ਹੈ, ਲੇਕਿਨ ਉਸ ਗੁਰਪਿਆਰੇ ਨੇ ਆਪਣੀ ਜਮੀਰ ਨੂੰ ਨਹੀਂ ਬਦਲਿਆ।

ਦੂਸਰੇ ਪਾਸੇ ਅਖੌਤੀ ਸਰਬੱਤ ਖਾਲਸਾ ਦੇ ਪ੍ਰਬੰਧਕ ਕੁੱਝ ਇੱਕ ਖਾਲਿਸਤਾਨ ਹਮਾਇਤੀਆਂ ਨੂੰ ਨਾਲ ਲੈ ਕੇ ਕਾਤਲ ਦੇ ਘਰੋਂ ਰਹਿਮ ਮੰਗਣ ਗਏ ਹਨ, ਪਰ ਜਿਸਦੇ ਮੁੰਹ ਲਹੂ ਲੱਗਾ ਹੋਵੇ ਉਹ ਕਿਵੇਂ ਬਦਲ ਸਕਦਾ ਹੈ। ਅਮਨਸ਼ਾਂਤੀ ਦਾ ਪੈਗਾਮ ਲੈ ਕੇ ਜਾਣ ਵਾਲਿਆਂ ਨੂੰ ਅਖੀਰ ਹਵਾਲਾਤ ਦੀ ਹਵਾ ਹੀ ਖਾਣੀ ਪਈ। ਦਾਸ ਲੇਖਕ ਨੇ ਪਹਿਲਾਂ ਵੀ ਇਹ ਗੱਲ ਬੜੀ ਦਲੇਰੀ ਨਾਲ ਲਿਖਕੇ ਸਿੱਖ ਸੰਗਤ ਅਤੇ ਕੁੱਝ ਉਹਨਾਂ ਧਿਰਾਂ ਨੂੰ ਜਿਹਨਾਂ ਨੇ ਸਿੱਖਾਂ ਵਾਸਤੇ ਸੰਘਰਸ਼ ਵਿੱਚ ਨਿਗਰ ਯੋਗਦਾਨ ਪਾਇਆ ਹੈ, ਜਗਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਕੁੱਝ ਲੋਕਾਂ ਦੀ ਬਾਦਲ ਦਲੀਆਂ ਨਾਲ ਪਿਛਲੇ ਦਰਵਾਜ਼ੇ ਦੀ ਸਾਂਝ ਹੈ ਅਤੇ ਉਹ ਨਿਝਿਜਕ ਹੋ ਕੇ ਸਿੱਖਾਂ ਦੀ ਆਜ਼ਾਦੀ ਨੂੰ ਰੱਦ ਵੀ ਕਰਦੇ ਹਨ ਅਤੇ ਆਜ਼ਾਦੀ ਮੰਗਣ ਵਾਲਿਆਂ ਨੂੰ ਹਨੋਰੇ ਵੀ ਕੱਸਦੇ ਹਨ ਕਿ ਅਸੀਂ ਅਜ਼ਾਦੀ ਭਾਵ ਖਾਲਿਸਤਾਨ ਦੇ ਹਮਾਇਤੀ ਨਹੀਂ ਪਰ ਇਹ ਹੁਣ ਹੋਰ ਸਾਡੇ ਸਾਥੀਆਂ ਨੇ ਸੋਚਣਾ ਹੈ ਕਿ ਉਹਨਾਂ ਨੇ ਸਾਡੇ ਨਾਲ ਕਿਵੇਂ ਚੱਲਣਾ ਹੈ, ਲੇਕਿਨ ਹੈਰਾਨੀ ਹੈ ਕਿ ਘਾਹ ਤੇ ਘੋੜੇ ਦੀ ਦੋਸਤੀ ਕਿਵੇਂ ਨਿਭ ਰਹੀ ਹੈ।

ਜਿਸ ਸਰਕਾਰ ਨੂੰ, ਜਿਸ ਪਰਿਵਾਰ ਨੂੰ, ਜਿਸ ਪਾਰਟੀ ਨੂੰ ਇਕੱਤਰ ਹੋਏ ਲੱਖਾਂ ਸਿੱਖਾਂ ਦੇ ਇਕੱਠ ਵਿੱਚ ਸਭ ਕਾਸੇ ਦਾ ਜਿੰਮੇਵਾਰ ਠਹਿਰਾਇਆ ਹੋਵੇ ਤੇ ਫਿਰ ਉਸ ਪਾਰਟੀ, ਉਸ ਪਰਿਵਾਰ ਅਤੇ ਉਸ ਸਰਕਾਰ ਕੋਲ ਜਾਣ ਦੀ ਕਿਹੜੀ ਮਜਬੂਰੀ ਸੀ?

ਅੱਜ ਲੋੜ ਤਾਂ ਇਸ ਨਿਜ਼ਾਮ ਦਾ ਤਖਤਾ ਪਲਟਣ ਦੀ ਹੈ, ਪਰ ਉਹ ਆਗੂ ਜਿਹੜੇ ਤਖਤਾ ਪਲਟਾਉਣ ਦੀ ਜਿੰਮੇਵਾਰੀ ਦੀ ਪੱਗ ਬੰਨੀ ਫਿਰਦੇ ਹੋਣ ਤੇ ਅਚਾਨਕ ਫਿਰ ਉਸ ਸਰਕਾਰ, ਉਸ ਪਰਿਵਾਰ ਅਤੇ ਉਸ ਪਾਰਟੀ ਦੇ ਘਰ ਮੀਟਿੰਗ ਕਰਨ ਵਾਸਤੇ ਜਾ ਕੇ, ਉਸ ਨੂੰ ਮਾਨਤਾ ਦੇਣ ਤਾਂ ਫਿਰ ਇਸ ਦਾ ਸੁਨੇਹਾ ਸਿੱਖ ਸੰਗਤ ਵਿੱਚ ਕਿਵੇਂ ਦਾ ਜਾਂਦਾ ਹੈ? ਇਹ ਅੰਦਾਜ਼ਾ ਸਿੱਖ ਸੰਗਤ ਖੁਦ ਹੀ ਲਗਾ ਲਵੇ ਅਤੇ ਇਸ ਫਰਕ ਨੂੰ ਵੀ ਚੰਗੀ ਤਰਾਂ ਸਮਝ ਲਵੇ ਕਿ ਇੱਕ ਪਾਸੇ ਤਾਂ ਉਹ ਲੋਕ ਹਨ ਜਿਹਨਾਂ ਦਾ ਅੰਦਰਲਾ ਜਾਗ ਰਿਹਾ ਹੈ ਅਤੇ ਉਹ ਆਪਣੀ ਰੋਟੀ ਰੋਜ਼ੀ ਅਤੇ ਆਪਣੇ ਰੁਤਬਿਆਂ ਦੀ ਪਰਵਾਹ ਕੀਤੇ ਬਿਨਾਂ ਗੁਰੁਪਿਆਰ ਵਿੱਚ ਆ ਕੇ ਪੰਥ ਪ੍ਰਸਤ ਹੋਣ ਦਾ ਸਬੂਤ ਦੇ ਰਹੇ ਹਨ, ਇੱਕ ਲੋਕ ਜਿਹੜੇ ਪੰਥਕ ਹੋਣ ਦਾ ਢੰਡੋਰਾ ਪਿੱਟਦੇ ਹਨ ਉਹ ਰੱਦ ਹੋਇਆਂ ਨੂੰ ਘਰ ਜਾ ਜਾ ਕੇ ਮਾਨਤਾ ਦੇ ਰਹੇ ਹਨ..!

ਗੁਰੂ ਰਾਖਾ!!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top