Share on Facebook

Main News Page

ਜਰਨਲ ਸ਼ੁਬੇਗ ਸਿੰਘ ਦਾ ਤਜ਼ੁਰਬਾ ਅਤੇ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਜ਼ਬਾ ਇੱਕ ਇਤਿਹਾਸ ਨੂੰ ਜਨਮ ਦੇ ਗਿਆ...!
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਜੂਨ 1984 ਦਰਬਾਰ ਸਾਹਿਬ ਵਿੱਚ ਭਾਰਤੀ ਨਿਜ਼ਾਮ ਵੱਲੋਂ ਫੌਜਾਂ ਝੜਾਕੇ ਵਰਤਾਏ, ਘੱਲੂਘਾਰੇ ਨੂੰ ਬੇਸ਼ੱਕ 32 ਵਰੇ ਹੋ ਚੁੱਕੇ ਹਨ, ਲੇਕਿਨ ਇਸ ਦਾ ਦਰਦ ਹਰ ਦਿਨ ਵੱਧਦਾ ਹੀ ਜਾ ਰਿਹਾ ਹੈ। ਨਵੀਂ ਪੀੜੀ ਇਸ ਘਿਣਾਉਣੇ ਹਮਲੇ ਦੀ ਤਹਿ ਤੱਕ ਜਾਣ ਵਾਸਤੇ ਬੜੀ ਉਤਾਵਲੀ ਹੈ। ਉਹ ਇਸ ਕੁਕਰਮ ਵਿੱਚ ਸ਼ਾਮਲ ਲੋਕਾਂ ਦੀ ਬਦਨੀਤੀ ਨੂੰ ਜੱਗ ਜਾਹਰ ਕਰਦਿਆਂ, ਗੁਨਾਹਗਾਰਾਂ ਦੀ ਸ਼ਨਾਖਤ ਕਰਕੇ, ਉਹਨਾਂ ਨੂੰ ਦੁਨੀਆਂ ਦੇ ਇਤਿਹਾਸ ਦੇ ਕਟਿਹੜੇ ਵਿੱਚ ਮੁਜਰਮਾਂ ਵਾਲੇ ਪਾਸੇ ਖੜਾ ਕਰਕੇ ਅਵਾਮ ਨੂੰ ਦੱਸਣਾ ਚਾਹੁੰਦੀ ਹੈ ਕਿ ਕਿਸੇ ਅਖੌਤੀ ਲੋਕਤੰਤਰ ਵੱਲੋਂ ਸਰਬਤ ਦੇ ਭਲੇ ਦੀ ਤਰਜਮਾਨੀ ਕਰਨ ਵਾਲੇ ਰੂਹਾਨੀ ਅਸਥਾਨ ਅਤੇ ਇੱਕ ਦੇਸ਼ ਭਗਤ ਕੌਮ ਉੱਤੇ ਅਜਿਹਾ ਹਮਲਾ ਕਰਕੇ ਕਿਵੇਂ ਮਨੁੱਖੀ ਤੇ ਮੌਲਿਖ ਅਧਿਕਾਰਾਂ ਦਾ ਘਾਣ ਕੀਤਾ ਗਿਆ ਹੈ। ਨਾਲ ਨਾਲ ਉਹਨਾਂ ਦੇ ਅੰਦਰ ਇੱਕ ਹੋਰ ਵੀ ਜਗਿਆਸਾ ਹੈ ਕਿ ਦੁਨੀਆਂ ਦੀ ਅਹਿਮ ਫੌਜੀ ਤਾਕਤ, ਭਾਰਤ ਵਰਗੇ ਦੇਸ਼, ਜਿਸ ਨੂੰ ਰੂਸ ਤੇ ਬਰਤਾਨੀਆਂ ਵਰਗੇ ਦੇਸ਼ਾਂ ਦੀ ਇਮਦਾਦ ਹੋਵੇ, ਨਾਲ ਕੇਵਲ ਮੁੱਠੀ ਭਰ ਸਿੰਘ ਕਿਵੇਂ ਤਿੰਨ ਚਾਰ ਦਿਨ ਟਕਰਾਉਂਦੇ ਰਹੇ।

ਸਰਕਾਰਾਂ ਜਦੋਂ ਵੀ ਕੋਈ ਹਮਲਾ ਕਰਦੀਆਂ ਹਨ ਤਾਂ ਨਾਲ ਨਾਲ ਇਹ ਯਤਨ ਵੀ ਹੁੰਦਾ ਹੈ ਕਿ ਹਮਲੇ ਤੋਂ ਬਾਅਦ ਆਪਣੀ ਸਫਾਈ ਕਿਵੇਂ ਪੇਸ਼ ਕੀਤੀ ਜਾਵੇ। ਸਾਹਮਣੇ ਖੜੇ ਲੋਕਾਂ ਨੂੰ ਅਤਿ ਖੂੰਨਖਾਰ ਦੱਸਿਆ ਜਾਂਦਾ ਹੈ ਅਤੇ ਖੁਦ ਨੂੰ ਬੜੇ ਲਾਚਾਰ ਤੇ ਮਜਬੂਰ ਬਣਾਕੇ ਪੇਸ਼ ਕੀਤਾ ਜਾਂਦਾ ਹੈ ਤਾਂ ਕਿ ਹਮਲੇ ਦੌਰਾਨ ਹੋਈਆਂ ਵਧੀਕੀਆਂ ਅਤੇ ਜਬਰ ਵਾਲੇ ਪਾਸੇ ਕਦੇ ਧਿਆਨ ਹੀ ਨਾ ਜਾਵੇ, ਜਿੱਥੇ ਕਿਸੇ ਸਰਕਾਰਾਂ ਨੂੰ ਅਜਿਹੇ ਹਮਲਿਆਂ ਵਿੱਚ ਮੂੰਹ ਦੀ ਖਾਣੀ ਪਵੇ ਜਾਂ ਫਿਰ ਸਰਕਾਰ ਦੀ ਆਸ ਤੋਂ ਵੱਧਕੇ ਅੱਗੋਂ ਟੱਕਰ ਮਿਲੇ ਅਤੇ ਨੁਕਸਾਨ ਕਿਆਸ ਅਰਾਈਆਂ ਦਾ ਬੰਨਾਂ ਟੱਪ ਜਾਵੇ, ਤਦ ਸਰਕਾਰ ਆਪਣੀ ਬੇਸ਼ਰਮੀ ਅਤੇ ਨਲਾਇਕੀ ਨੂੰ ਛੁਪਾਉਣ ਵਾਸਤੇ ਸਾਹਮਣੀ ਧਿਰ ਉੱਤੇ ਵੱਡੇ ਬਲੇਮ ਵੀ ਲਗਾਉਂਦੀ ਹੈ, ਜਿਵੇਂ ਕਿ ਦਰਬਾਰ ਸਾਹਿਬ ਦੇ ਹਮਲੇ ਬਾਰੇ ਭਾਰਤੀ ਸਰਕਾਰ ਜਾਂ ਫੌਜੀ ਅਧਿਕਾਰੀਆਂ ਨੇ ਆਪਣੇ ਬਿਆਨਾਂ ਵਿੱਚ ਸਿੱਖਾਂ ਦੇ ਖਿਲਾਫ਼ ਲਗਾਇਆ ਸੀ।

ਸਰਕਾਰੀ ਧਿਰ ਨੇ ਬਹੁਤ ਕੁਫਰ ਤੋਲੇ ਕਿ ਦਰਬਾਰ ਸਾਹਿਬ ਵਿੱਚ ਬੈਠੇ ਲੋਕਾਂ ਕੋਲ ਟੈਂਕ ਤੋੜਣ ਅਤੇ ਜਹਾਜ਼ ਡੇਗਣ ਵਾਲੇ ਹਥਿਆਰ ਵੀ ਮੌਜੂਦ ਸਨ। ਇਹ ਹਥਿਆਰ ਕਿੱਥੋਂ ਆਏ ਇਸ ਦਾ ਜਵਾਬ ਪਹਿਲਾਂ ਦੀ ਦੇ ਦਿੱਤਾ ਕਿ ਸਾਡੇ ਗਵਾਂਢੀ ਮੁਲਕ ਨੇ ਦੇਸ਼ ਦੇ ਟੁਕੜੇ ਕਰਨ ਵਾਸਤੇ, ਦਰਬਾਰ ਸਾਹਿਬ ਵਿੱਚ ਬੈਠੇ ਲੋਕਾਂ ਨੂੰ ਅਜਿਹੇ ਹਥਿਆਰਾਂ ਦੇ ਵੱਡੇ ਭੰਡਾਰ ਦਿਤੇ ਹਨ, ਬੇਸ਼ੱਕ ਇਸ ਗੱਲ ਵਿਚ ਉਹਨਾਂ ਦੀ ਆਪਣੀ ਨਲਾਇਕੀ ਵੀ ਜਾਹਰ ਹੁੰਦੀ ਹੈ ਕਿ ਫਿਰ ਤੁਹਾਡੀ ਸੁਰੱਖਿਆ ਅਤੇ ਖੁਫੀਆ ਜਾਣਕਾਰੀ ਕਿੱਥੇ ਹੈ, ਜਿਸ ਨੂੰ ਏਡੇ ਵੱਡੇ ਭੰਡਾਰ ਕਿਸੇ ਸਰਹਦ ਤੋਂ ਲੰਘਣ ਸਮੇਂ ਨਜਰ ਨਹੀਂ ਆਏ। ਸਿੱਖਾਂ ਨੂੰ ਗੁਨਾਹਗਾਰ ਸਾਬਤ ਕਰਨ ਵਾਸਤੇ ਅਜਿਹੀਆਂ ਕਹਾਣੀਆਂ ਘੜੀਆਂ ਗਈਆਂ ਸਨ, ਲੇਕਿਨ ਸੱਚ ਕੁੱਝ ਹੋਰ ਸੀ।

ਪਹਿਲੀ ਗੱਲ ਤਾਂ ਇਹ ਕਿ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਵੇਲੇ ਸੰਵਿਧਾਨ, ਕਾਨੂੰਨ ਅਤੇ ਜੰਗੀ ਮਾਪਦੰਡਾਂ ਨੂੰ ਪੂਰੀ ਤਰਾਂ ਅੱਖੋਂ ਪਰੋਖੇ ਕੀਤਾ ਗਿਆ ਅਤੇ ਇਹ ਹਮਲਾ ਜਰੂਰਤ ਨਾ ਹੋਣ ਦੇ ਬਾਵਜੂਦ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਸਤੇ ਕੀਤਾ ਗਿਆ ਸੀ। ਸਰਕਾਰ ਦੀ ਮਨਸ਼ਾ ਇਹ ਸੀ ਕਿ ਇੱਕ ਦਿਨ ਭਾਰੀ ਫੋਰਸ ਦਰਬਾਰ ਸਾਹਿਬ ਉੱਤੇ ਚਾੜੀ ਜਾਵੇਗੀ, ਜਿਹੜੀ ਅੰਦਰ ਬੈਠੇ ਸਿਦਕਵਾਨ ਅਤੇ ਸਿਰਲੱਥ ਮਰਜੀਵੜਿਆਂ ਨੂੰ ਬਾਹਵਾਂ ਪਿੱਛੇ ਬੰਨ•ਕੇ ਬਾਹਰ ਲੈ ਆਵੇਗੀ ਤੇ ਫਿਰ ਕੁੱਝ ਦਿਨ ਕੈਮਰੇ ਸਾਹਮਣੇ ਉਹਨਾਂ ਦਾ ਜਲੂਸ ਕੱਢਿਆ ਜਾਵੇਗਾ, ਪਰ ਸਰਕਾਰ ਨੂੰ ਇਹ ਪਤਾ ਨਹੀਂ ਸੀ ਕਿ ਅੰਦਰ ਬੈਠੇ ਲੋਕ ਕਿਸੇ ਖਾਸ ਰੂਹਾਨੀ ਸੋਮੇਂ ਦਾ ਰਸ ਪੀ ਪੀਕੇ ਪਰਪੱਕ ਹੋਏ, ਜਨਮ ਅਤੇ ਮੌਤ ਦੇ ਬੰਧਨ ਤੋਂ ਪਾਸੇ ਹਟਕੇ ਕਿਸੇ ਮਕਸਦ ਵਿੱਚ ਨਿਸਚਾ ਟਿਕਾਈ ਬੈਠੇ ਹਨ ਅਤੇ ਇਹ ਲੋਕ ਸਧਾਰਨ ਨਹੀਂ ਸਨ,ਜਿਹਨਾਂ ਦੀ ਜਜ਼ਬੇ ਅਤੇ ਤਜਰਬੇ ਦੇ ਦੋ ਮੁਜੱਸਮੇ ਅਗਵਾਈ ਕਰ ਰਹੇ ਹਨ।

ਕੋਈ ਸ਼ੱਕ ਨਹੀਂ ਹੈ ਕਿ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸਿਦਕ ਦਿਲੀ ਤੇ ਧਾਰਮਿਕ ਵਿਸ਼ਵਾਸ਼ ਨੇ ਉਥੇ ਮੌਜੂਦ ਗਿਣਤੀ ਦੇ ਸਿੰਘਾਂ ਨੂੰ ਮਾਨਸਿਕ ਤੌਰ ਉੱਤੇ ਇੰਜ ਤਿਆਰ ਕਰ ਲਿਆ ਸੀ ਕਿ ਉਹਨਾਂ ਸਿੰਘਾਂ ਨੂੰ ਟੈਂਕ ਜਾਂ ਖਿਡਾਉਣੇ ਹੀ ਨਜਰ ਆਉਂਦੇ ਸਨ। ਜਿੰਦਗੀ ਉਹਨਾਂ ਨੂੰ ਇੱਕ ਜਾਮੇਂ ਵਾਂਗੂੰ ਪ੍ਰਤੀਤ ਹੋ ਰਹੀ ਸੀ ਕਿ ਮੌਤ ਆਉਣ ਉੱਤੇ ਚੋਲਾ ਬਦਲ ਲਿਆ ਜਾਵੇਗਾ,ਪਰ ਕਿਸੇ ਕਿਸਮ ਦਾ ਖੌਫ਼ ਮਨ ਵਿੱਚ ਨਹੀਂ ਸੀ ਕਿਸੇ ਵੀ ਕੰਮ ਵਾਸਤੇ ਜਾਂ ਕਿਸੇ ਮਿਸ਼ਨ ਨੂੰ ਮੰਜ਼ਿਲ ਉੱਤੇ ਪਹੁੰਚਾਉਣ ਲਈ ਮਜਬੂਤ ਮਾਨਸਿਕਤਾ ਅਤੇ ਅਡੋਲ ਇਰਾਦੇ ਦੀ ਜਰੂਰਤ ਹੁੰਦੀ ਹੈ ਅਤੇ ਇਹ ਸਭ ਕੁੱਝ ਗੁਰੂ ਦੇ ਓਟ ਆਸਰੇ ,ਬਾਣੀ ਦੀ ਸਮਝ ਅਤੇ ਇੱਕ ਯੋਗ ਅਗਵਾਈ ਨਾਲ ਹੀ ਸੰਭਵ ਹੁੰਦਾ ਹੈ, ਜਿਸ ਦੀ ਪੂਰਤੀ ਬਾਬਾ ਜਰਨੈਲ ਸਿੰਘ ਭਿੰਡਰਾਵਾਲਿਆਂ ਨੇ ਕਰ ਦਿੱਤੀ ਤੇ ਸਿੰਘਾਂ ਦੇ ਹੌਂਸਲੇ ਬੁਲੰਦ ਹੋ ਗਏ।

ਇਹ ਸਭ ਕੁੱਝ ਹੋਣ ਤੋਂ ਬਾਅਦ ਵੀ ਇੱਕ ਤਕਨੀਕ ਦੀ ਲੋੜ ਹੁੰਦੀ ਹੈ ਕਿ ਸੀਮਤ ਸਾਧਨ ਨਾਲ ਕਿਸੇ ਵੱਡੇ ਖਤਰੇ ਨਾਲ ਕਿਵੇਂ ਟਕਰਾਇਆ ਜਾ ਸਕਦਾ ਹੈ, ਲੇਕਿਨ ਉਥੇ ਕਿਸੇ ਸੁੱਘੜ ਜਰਨੈਲ ਦੀ ਅਗਵਾਈ ਦੀ ਜਰੂਰਤ ਹੋਰ ਵੀ ਵਧੇਰੇ ਮਹਿਸੂਸ ਹੁੰਦੀ ਹੈ, ਜਿਥੇ ਭਾਰਤ ਵਰਗੀ ਵੱਡੀ ਫੌਜੀ ਸ਼ਕਤੀ ਸਾਹਮਣੇ ਖੜੀ ਹੋਵੇ ਅਤੇ ਦੁਨੀਆਂ ਦੀਆਂ ਵੱਡੀਆਂ ਤਾਕਤਾਂ ਰੂਸ ਅਤੇ ਬਰਤਾਨੀਆਂ ਉਸ ਦੇ ਸਹਿਯੋਗੀ ਬਣਕੇ ਨਾਲ ਖੜੇ ਹੋਣ। ਇਹ ਘਾਟ ਵੀ ਉਸ ਸਮੇਂ ਪੂਰੀ ਹੋ ਗਈ ਜਦੋਂ ਬੰਗਲਾ ਦੇਸ਼ ਦੀ ਆਜ਼ਾਦੀ ਵਾਸਤੇ ਭਾਰਤੀ ਫੌਜ ਵਿੱਚੋਂ ਇੱਕ ਕਾਬਲ ਜਰਨੈਲ ਜਿਹੜਾ ਮੁਕਤੀ ਬਹਿਣੀ ਬਣਾਕੇ ਗੁਰੀਲਾ ਯੁਧ ਲੜਕੇ ਹਜ਼ਾਰਾਂ ਪਾਕਿਸਤਾਨੀ ਫੌਜੀਆਂ ਨੂੰ ਹਥਿਆਰ ਸੁੱਟਣ ਵਾਸਤੇ ਮਜਬੂਰ ਕਰ ਦਿੱਤਾ ਸੀ। ਜਿਸ ਦੀਆਂ ਰਗਾਂ ਵਿੱਚ ਭਾਈ ਮਹਿਤਾਬ ਸਿੰਘ ਮੀਰਾਕੋਟੀਏ ਦਾ ਪੰਥਕ ਖੂਨ ਦੌਰਾ ਕਰਦਾ ਸੀ ,ਭਾਰਤੀ ਨਿਜ਼ਾਮ ਨੇ ਇਸ ਕਰਮਯੋਗੀ ਨੂੰ ਤਰਕੀ ਦੇਣ ਦੀ ਥਾਂ ਦੂਸ਼ਣ ਲਾ ਕੇ ਜਬਰੀ ਸੇਵਾ ਮੁਕਤ ਕਰ ਦਿੱਤਾ ਸੀ, ਜਿਸ ਕਰਕੇ ਇਹ ਜਰਨੈਲ ਸ. ਸ਼ੁਬੇਗ ਸਿੰਘ ਵੀ ਇੱਕ ਜਖਮੀ ਸ਼ੇਰ ਵਾਲੀ ਅਵਸਥਾ ਵਿੱਚ ਵਿਚਰ ਰਿਹਾ ਸੀ।

ਜਰਨਲ ਸ਼ੁਬੇਗ ਸਿੰਘ ਨੇ ਦਰਬਾਰ ਸਾਹਿਬ ਵਿੱਚ ਮਜੂਦ ਗਿਣਤੀ ਦੇ ਸਿੰਘਾਂ ਨੂੰ ਗੁਰੀਲਾ ਯੁੱਧ ਦੇ ਹੁਨਰ ਸਮਝਾਏ ਅਤੇ ਨਾਲ ਨਾਲ ਬਾਬਾ ਜਰਨੈਲ ਸਿੰਘ ਉਹਨਾਂ ਨੂੰ ਰੂਹਾਨੀ ਨਿਯਮ ਦਿਰੜ ਕਰਵਾਉਂਦੇ ਰਹੇ ਤਾਂ ਇਹ ਸਿੰਘ ਸਧਾਰਨ ਸਿਪਾਹੀ ਨਹੀਂ ਸਗੋਂ ਸੰਤ ਸਿਪਾਹੀ ਬਣਕੇ ਅਜਿਹੀ ਅਵਸਥਾ ਦੇ ਮਲਿਕ ਬਣ ਗਏ ਸਨ ਕਿ ਬਾਰੂਦ ਨਾਲ ਜਾਂ ਕਿਸੇ ਹਥਿਆਰ ਨਾਲ ਕਿਸੇ ਟੈਂਕ ਨੂੰ ਤੋੜਣ ਤੋਂ ਅਸਫਲ ਰਹਿਣ ਤੋਂ ਬਾਅਦ ਵੀ ਹੌਂਸਲਾ ਹਾਰਨ ਦੀ ਥਾਂ ਉਸ ਫੌਲਾਦੀ ਟੈਂਕ ਨੂੰ ਦੰਦਾਂ ਨਾਲ ਚਬਾ ਜਾਣ ਦੀ ਹਿੰਮਤ ਵੀ ਰੱਖਦੇ ਸਨ। ਉਹਨਾਂ ਦੇ ਹੱਥਾਂ ਵਿੱਚ ਫੜੇ ਮਾਮੂਲੀ ਹਥਿਆਰ ਤੇ ਗੋਲੀ ਸਿੱਕਾ ਉਹਨਾਂ ਦੇ ਅੰਤਰ ਆਤਮਿਕ ਬਲ ਅਤੇ ਨਿਪੁੰਨਤਾ ਸਾਹਮਣੇ ਫਿੱਕਾ ਨਜਰ ਆਉਂਦਾ ਸੀ। ਹਮਲੇ ਦੇ ਕੁੱਝ ਘੰਟਿਆਂ ਬਾਅਦ ਹੀ ਭਾਰਤੀ ਫੌਜ ਦੀਆਂ ਅੱਖਾਂ ਖੁੱਲ ਗਈਆਂ ਸਨ ਕਿ ਅਸੀਂ ਜੋ ਕੁੱਝ ਸੋਚਕੇ ਆਏ ਸੀ ਇੱਥੇ ਉਸ ਤੋਂ ਸਭ ਕੁੱਝ ਉਲਟਾ ਨਜਰ ਆ ਰਿਹਾ ਹੈ। ਲੱਖਾਂ ਕਰੋੜਾਂ ਰੁਪੈ ਸਿਖਲਾਈਆਂ ਉੱਤੇ ਖਰਚ ਕਰਕੇ ਤਿਆਰ ਕੀਤੇ ਕਮਾਂਡੋਂ, ਸਿੰਘਾਂ ਦੀ ਗਰਜ਼ ਨਾਲ ਸੁੱਕੇ ਪੱਤਿਆਂ ਵਾਂਗੂੰ ਝੜ ਰਹੇ ਸਨ।

ਇਸ ਹਮਲੇ ਦੀ ਅਗਵਾਈ ਕਰਦੇ ਭਾਰਤੀ ਫੌਜ ਦੇ ਜਰਨੈਲਾਂ ਨੂੰ ਆਪਣੇ ਮੂੰਹੋਂ ਕਹਿਣ ਵਾਸਤੇ ਮਜਬੂਰ ਹੋਣਾ ਪਿਆ ਕਿ ਕਾਸ਼ ! ਅਜਿਹੇ ਕੁੱਝ ਸੈਂਕੜੇ ਫੌਜੀ ਹੀ ਮੇਰੇ ਕੋਲ ਹੋਣ ਤਾਂ ਮੈਂ ਗਵਾਂਢੀ ਮੁਲਕ ਨੂੰ ਕੁੱਝ ਘੰਟਿਆਂ ਵਿੱਚ ਹੀ ਫਤਿਹ ਕਰ ਸਕਦਾ ਹਾਂ। ਇੱਕ ਵੀ ਸਿੰਘ ਵੱਲੋਂ ਆਤਮ ਸਮਰਪਣ ਨਾ ਕਰਨਾ ਵੀ ਭਾਰਤੀ ਫੌਜ ਦੀ ਵੱਡੀ ਨਕਾਮਯਾਬੀ ਸੀ, ਪਰ ਸਿੰਘਾਂ ਦਾ ਇਸ ਤਰਾਂ ਲੜਣਾ ਅਤੇ ਦੁਨੀਆਂ ਦੀ ਮੰਨੀ ਪਰਮੰਨੀ ਸ਼ਕਤੀ ਨੂੰ ਏਨੇ ਦਿਨ ਭੁੱਖੇ ਭਾਣੇ, ਅਜਿਹੀ ਟੱਕਰ ਦੇਣ ਪਿੱਛੇ ਉਹਨਾਂ ਉੱਤੇ ਗੁਰੂ ਦੀ ਮਿਹਰ, ਬਾਣੀ ਦਾ ਰਸ , ਇਤਿਹਾਸ ਦਾ ਸਹਾਰਾ ਤਾਂ ਹੈ ਹੀ ਸੀ, ਪਰ ਨਾਲ ਨਾਲ ਇਹਨਾਂ ਦੋ ਜਰਨੈਲਾਂ, ਜਿਹੜਾ ਇੱਕ ਨਾਮ ਕਰਕੇ ਜਰਨੈਲ ਸੀ ‘‘ਬਾਬਾ ਜਰਨੈਲ ਸਿੰਘ ਭਿੰਡਰਾਵਾਲੇ’’ ਤੇ ਦੂਜਾ ਹਕੀਕਤ ਵਿੱਚ ਇੱਕ ਮਹਾਨ ਸਿੱਖ ਜਰਨੈਲ ਦੀ ਅੰਸ ਹੋਣ ਦੇ ਨਾਲ ਨਾਲ ਅਜੋਕੇ ਆਧੁਨਿਕ ਯੁੱਗ ਦੇ ਫੌਜੀ ਹੁਨਰ ਦਾ ਮਾਹਿਰ ਸੀ, ਇਸ ਵਾਸਤੇ ਬੇਸ਼ੱਕ ਸਾਡਾ ਇਸ ਹਮਲੇ ਵਿੱਚ ਵੱਡਾ ਨੁਕਸਾਨ ਹੋਇਆ,ਜੋ ਕਦੇ ਭੁੱਲਿਆ ਨਹੀ ਜਾ ਸਕਦਾ,ਪਰ ਸਾਡੇ ਸੂਰਮਿਆਂ ਨੇ ਜੋ ਜੌਹਰ ਵਿਖਾਏ ਅਤੇ ਹੱਸ ਹੱਸਕੇ ਸ਼ਹੀਦੀਆਂ ਦਿੱਤੀਆਂ, ਉਹ ਸਾਡੇ ਵਾਸਤੇ ਫਖਰ ਵਾਲੀ ਗੱਲ ਹੈ ਅਤੇ ਸਦਾ ਰਹੇਗੀ, ਪਰ ਇਹ ਸਭ ਕੁੱਝ ਤਦ ਹੀ ਸੰਭਵ ਹੋਇਆ ਜਦੋਂ ਦੋ ਜਰਨੈਲ ਇੱਕ ਸੁਰ ਹੋ ਕੇ ਮੋਢੇ ਨਾਲ ਮੋਢਾ ਡਾਹਕੇ ਸਾਫਦਿਲੀ ਨਾਲ ਤੁਰੇ ਅਤੇ ਫਤਿਹ ਦਾ ਮੁਕਾਮ ਹਾਸਲ ਕਰ ਗਏ। ਇਥੇ ਇਹ ਆਖਣਾ ਹੀ ਵਾਜਿਬ ਹੈ ਕਿ ਅਜੋਕੇ ਸਮੇਂ ਦੌਰਾਨ ਧਿਰਾਂ ਵਿੱਚ ਵੰਡਕੇ ਖੁਆਰ ਹੋ ਰਹੇ ਖਾਲਸਾ ਪੰਥ ਨੂੰ ਦਰਬਾਰ ਸਾਹਿਬ ਦੇ ਹਮਲੇ ਵਿਚਲੇ ਹਲਾਤਾਂ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਦੋ ਜਰਨੈਲ ਇੱਕ ਦਾ ਜਜਬਾ ਤੇ ਦੂਜੇ ਦਾ ਤਜ਼ੁਰਬਾ ਇੱਕ ਨਵੇਂ ਅਤੇ ਫਖਰ ਵਾਲੇ ਇਤਿਹਾਸ ਨੂੰ ਜਨਮ ਦੇ ਗਏ ਹਨ। ਗੁਰੂ ਰਾਖਾ !!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top