Share on Facebook

Main News Page

ਗਿ. ਕੁਲਦੀਪ ਸਿੰਘ ਵਰਜ਼ੀਨੀਆਂ ਤੇ ਸਾਥੀਆਂ ਦੀ ਹਮਾਇਤ ਅਤੇ ਸੰਗਤ ਦੇ ਨਕਾਰੇ ਸਰਕਾਰੀ ਮਸੰਦ ਜਥੇਦਾਰਾਂ ਦੀ ਜੋਰਦਾਰ ਨਿਖੇਧੀ
-: ਅਮਰੀਕਾ ਤੇ ਕੈਨੇਡਾ ਦੀਆਂ ਸਿੱਖ ਜੱਥੇਬੰਦੀਆਂ

(ਨਿਊਜ਼ ਬਿਉਰੋ ਕੈਲੇਫੋਰਨੀਆਂ) ਸੱਚੇ ਦਿਲੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਅਤੇ ਉਸ ਦੇ ਉਪਦੇਸ਼ਾਂ ਤੇ ਚੱਲਣ ਵਾਲੀਆਂ ਸਮੂਹ ਸਿੱਖ ਸੰਗਤਾਂ, ਪ੍ਰਚਾਰਕਾਂ ਅਤੇ ਪ੍ਰਬੰਧਕਾਂ ਵੱਲੋਂ ਗਿਆਨੀ ਕੁਲਦੀਪ ਸਿੰਘ ਜੀ ਵਰਜੀਨੀਆਂ ਅਤੇ ਉਨ੍ਹਾਂ ਦੇ ਸਾਥੀਆਂ ਦੀ ਪੂਰਨ ਹਮਾਇਤ ਅਤੇ ਸ਼ਾਲਾਘਾ ਕੀਤੀ ਜਾਂਦੀ ਹੈ ਜਿੰਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਬਾਣੀ ਪੜ੍ਹ ਕੇ, ਅਭਿਲਾਖੀਆਂ ਨੂੰ ਗੁਰਬਾਣੀ ਮਰਯਾਦਾ ਦੀ ਪਾਹੁਲ ਨਾਲ ਗੁਰੂ ਦੇ ਲੜ ਲਾਇਆ ਹੈ। ਗੁਰੂ ਗ੍ਰੰਥ ਸਾਹਿਬ ਹੀ ਸਿੱਖਾਂ ਵਾਸਤੇ ਸਰਬਉੱਚ ਗਿਆਨਾ ਦਾਤਾ ਗੁਰੂ ਹਨ। ਬਾਕੀ ਸੰਤਾਂ, ਗ੍ਰੰਥਾਂ ਅਤੇ ਸੰਪ੍ਰਦਾਵਾਂ, ਜਥੇਬੰਦੀਆਂ ਦੀਆਂ ਬਣਾਈਆਂ ਮਰਯਾਦਾਵਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਚੇ ਸੁੱਚੇ ਸਿਧਾਂਤਾਂ ਦੇ ਅਨੁਕੂਲ ਨਹੀਂ ਸਗੋਂ ਵਿਰੋਧੀ ਅਤੇ ਧੜੇਬੰਦੀਆਂ ਦੀਆਂ ਪ੍ਰਤੀਕ ਹਨ। ਗੁਰੂ ਸਾਹਿਬ ਵੀ ਫੁਰਮਾਂਦੇ ਹਨ ਕਿ- ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥ ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ ॥... ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥24॥ (ਗੁਰੂ ਗ੍ਰੰਥ) ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਬਲਕਿ ਸਿੱਖ ਮਿਸਲਾਂ ਤੱਕ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਗੁਰਸਿੱਖਾਂ ਲਈ ਰਹਿਤ ਮਰਯਾਦਾ ਸੀ। ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਅਧਾਰ ਬਣਾ ਕੇ ਜੀਵਨ ਜੀਂਦੇ ਅਤੇ ਜੀਵਨ ਸੇਧਾਂ ਲੈਂਦੇ ਸਨ।

ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਅਤੇ ਮਰਯਾਦਾ ਦਾ ਕਿਤਾਬਚਾ ਤਾਂ ਅੰਗ੍ਰੇਜੀ ਸਰਕਾਰ, ਸੰਪ੍ਰਦਾਵਾਂ ਅਤੇ ਕੁਝ ਜਥੇਬੰਦੀਆਂ ਨੇ ਰਲ ਕੇ ਖੜਾ ਕੀਤਾ ਸੀ। ਬਾਕੀ ਜੇ ਗੁਰੂ ਸਾਹਿਬ ਵੱਡ ਅਕਾਰੀ ਗੁਰੂ ਗ੍ਰੰਥ ਸਾਹਿਬ ਲਿਖ ਸਕਦੇ ਸਨ ਤਾਂ ਜੇ ਕੋਈ ਵੱਖਰੀ ਮਰਯਾਦਾ ਹੁੰਦੀ ਉਹ ਵੀ ਲਿਖ ਦਿੰਦੇ। ਅਜੋਕੀ ਮਰਯਾਦਾ ਵੀ ਸਮੁੱਚੇ ਪੰਥ ਵਿੱਚ ਪ੍ਰਵਾਣਿਤ ਨਹੀਂ, ਡੇਰੇ, ਸੰਪ੍ਰਦਾਵਾਂ, ਟਕਸਾਲਾਂ ਅਤੇ ਹੋਰ ਜਥੇਬੰਦੀਆਂ ਦੀ ਵੱਖ ਵੱਖ ਮਰਯਾਦਾ ਹੈ ਅਤੇ ਉਹ ਵੀ ਜੋ ਉਨ੍ਹਾਂ ਦੇ ਮੁਖੀਆਂ ਜਾਂ ਗੁਰਮਤਿ ਵਿਰੋਧੀ ਗ੍ਰੰਥਾਂ ਦੇ ਅਧਾਰ 'ਤੇ ਚਲਾਈ ਹੋਈ ਹੈ।

ਬਾਕੀ ਰੱਬੀ ਭਗਤਾਂ ਅਤੇ ਸਿੱਖ ਗੁਰੂਆਂ ਨੇ ਕਦੇ ਵੀ ਵਿਚਾਰ ਨਾਂ ਮਿਲਣ ਤੇ ਕਿਸੇ ਨੂੰ ਪੰਥ ਚੋਂ ਨਹੀਂ ਛੇਕਿਆ ਸਗੋਂ ਸਮਝਾਇਆ ਅਤੇ ਸਭ ਨੂੰ ਗਲੇ ਲਗਾਉਂਦੇ ਸਰਬਸਾਂਝਾ ਉਪਦੇਸ਼ ਦਿੱਤਾ ਹੈ- ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ...॥ ਅਤੇ ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ ॥ (ਗੁਰੂ ਗ੍ਰੰਥ) ਅਸੀਂ ਸਾਰੇ ਅਕਾਲ ਤਖਤ ਤੇ ਬੈਠੇ ਅਜੋਕੇ ਸਰਕਾਰੀ ਜਥੇਦਾਰ ਮਸੰਦਾਂ ਦੀ ਜੋਰਦਾਰ ਲਫਜਾਂ ਵਿੱਚ ਨਿਖੇਦੀ ਕਰਦੇ ਹਾਂ ਜੋ ਆਏ ਦਿਨ ਅਕਾਲ ਤਖਤ ਦੇ ਹੁਕਮਨਾਮੇ ਦੇ ਹਊਏ ਨਾਲ, ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖਾਂ, ਵਿਦਵਾਨਾਂ ਅਤੇ ਪੰਥਕ ਆਗੂਆਂ ਨੂੰ ਛੇਕੀ ਜਾਂਦੇ ਹਨ।

ਜਰਾ ਸੋਚੋ! ਕੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗੁਰੂ ਹਨ ਜਾਂ ਕੋਈ ਹੋਰ ਸੰਤ ਜਾਂ ਗ੍ਰੰਥ? ਜੇ ਨਹੀਂ ਤਾਂ ਫਿਰ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਰਲਗਡ ਕਿਉਂ ਕੀਤਾ ਜਾ ਰਿਹਾ ਹੈ? ਕੀ ਪਿਉ ਅਤੇ ਗੁਰੂ ਇੱਕ ਹੁੰਦਾ ਹੈ ਜਾਂ ਦੋ? ਭਲਿਓ ਸਾਡਾ ਸਭ ਦਾ ਪਿਉ ਅਕਾਲ ਪੁਰਖ, ਗੁਰੂ “ਗੁਰੂ ਗ੍ਰੰਥ ਸਾਹਿਬ”, ਵਿਧਾਨ ਗੁਰੂ ਗ੍ਰੰਥ ਦੀ ਬਾਣੀ, ਨਿਸ਼ਾਨ ਅਤੇ ਕੌਮੀ ਨਾਨਕਸ਼ਾਹੀ ਕੈਲੰਡਰ ਇੱਕ ਹੈ। ਜਿਹੜਾ ਵੀ ਸਿੱਖ ਇਸ ਸਿਧਾਂਤ ਨੂੰ ਮੰਨਦਾ ਹੈ ਉਹ ਇਨ੍ਹਾਂ ਸਰਕਾਰੀ ਮਸੰਦਾਂ ਲਈ ਪੰਥ ਦੋਖੀ ਹੈ। ਇਸ ਲਈ ਹੁਣ ਸਿੱਖ ਜਾਗ ਰਹੇ ਹਨ ਅਤੇ ਇਨ੍ਹਾਂ ਮਹੰਤੀ ਤੇ ਮਸੰਦੀ ਡੇਰੇਦਾਰਾਂ ਅਤੇ ਸੰਪ੍ਰਦਾਈਆਂ ਦੇ ਬ੍ਰਾਹਮਣੀਜਾਲ ਦੇ ਚੁੰਗਲ ਚੋਂ ਬਾਹਰ ਨਿਕਲ ਰਹੇ ਹਨ।

ਅਜਿਹੇ ਮਸੰਦਾਂ ਨੇ ਹੀ ਗੁਰੂ ਸ਼ਰੀਕ ਪ੍ਰਿਥੀਆ ਖੜਾ ਕੀਤਾ, ਗੁਰੂ ਤੇਗ ਬਹਾਦਰ ਵੇਲੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਵਾਜੇ ਬੰਦ ਕੀਤੇ, ਸ਼ੀਹੇਂ ਮਸੰਦ ਰਾਹੀਂ ਗੁਰੂ ਤੇ ਗੋਲੀ ਚਲਾਈ, ਬੰਦਾ ਸਿੰਘ ਬਹਾਦਰ ਦਾ ਵਿਰੋਧ ਕੀਤਾ, ਸ਼ਹੀਦ ਭਾਈ ਮਨੀ ਸਿੰਘ ਨੂੰ ਸਰਾਪ ਦਿੱਤਾ ਕਿ ਤੂੰ ਪੋਥੀਆਂ ਬਣਾ ਕੇ ਪ੍ਰਚਾਰ ਕਿਉਂ ਕੀਤਾ ਹੈ? ਫਿਰ ਸਿੰਘ ਸਭਾ ਦੇ ਮੋਢੀ ਪ੍ਰੋ. ਗੁਰਮੁਖ ਸਿੰਘ ਵਰਗੇ ਧੁਨੰਤਰ ਵਿਦਵਾਨ ਨੂੰ ਪੰਥ ਚੋਂ ਛੇਕਿਆ। ਬਾਬੂ ਤੇਜਾ ਸਿੰਘ, ਗਿਆਨੀ ਭਾਗ ਸਿੰਘ ਅੰਬਾਲਾ, ਬਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਪੁਸਤਕ ਦੇ ਵਿਦਵਾਨ ਬਜੁਰਬ ਲਿਖਾਰੀ ਸ੍ਰ. ਗੁਰਬਖਸ਼ ਸਿੰਘ ਕਾਲਾ ਅਫਗਾਨਾ, ਸਿੱਖ ਪੰਥ ਦੇ ਮਹਾਨ ਕੀਰਤਨੀਏਂ ਅਤੇ ਗੁਰਮੱਤੀ ਵਿਆਖਿਆਕਾਰ ਅਕਾਲ ਤਖਤ ਦੇ ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ ਜੀ ਅਤੇ ਰੋਜ਼ਾਨਾ ਸਪੋਕਸਮੈਨ ਦੇ ਸੰਪਾਦਕ ਸ੍ਰ. ਜੋਗਿੰਦਰ ਸਿੰਘ ਨੂੰ ਛੇਕਿਆ। ਗੁਰਮਤਿ ਦੇ ਪ੍ਰਚਾਰਕ ਤੇ ਲਿਖਾਰੀ ਪ੍ਰੋ. ਇੰਦਰ ਸਿੰਘ ਘੱਗਾ ਅਤੇ ਮਿਸ਼ਨਰੀ ਪ੍ਰੋ. ਸਰਬਜੀਤ ਸਿੰਘ ਧੂੰਦਾ ਜੀ ਨੂੰ ਬੇਵਜਾ ਧਮਕੀਆਂ ਤੇ ਤਨਖਾਹਵਾਂ ਨਾਲ ਪਰੇਸ਼ਾਨ ਕੀਤਾ। ਕੁਰਸੀਆਂ ਤੇ ਤਪੜਾਂ ਦੇ ਰੌਲੇ ਪਵਾ ਕੇ ਕਨੇਡੀਅਨ ਸਿੱਖਾਂ ਨੂੰ ਛੇਕਿਆ ਅਤੇ ਹੁਣ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਅੰਮ੍ਰਿਤ ਛਕਾਉਣ ਵਾਲੇ ਗਿਆਨੀ ਕੁਲਦੀਪ ਸਿੰਘ ਤੇ ਸਾਥੀਆਂ ਨੂੰ ਛੇਕ ਦਿੱਤਾ ਹੈ।

ਕੀ ਹੁਣ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਮੰਨਣ, ਸਰਕਾਰੀ ਜਥੇਦਾਰਾਂ ਜਾਂ ਸੰਪ੍ਰਦਾਈ ਸੰਤਾਂ ਦਾ? ਜਦ ਕਿ ਸਿੱਖ ਹਰ ਵੇਲੇ ਹਰ ਥਾਂ ਇਹ ਹੀ ਦੁਹਰਾਉਂਦੇ ਅਰਦਾਸ ਕਰਦੇ ਹਨ ਕਿ- ਸਭ ਸਿੱਖਨ ਕੁ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ॥ ਇਸ ਦਾ ਇਹ ਹੀ ਮਤਲਬ ਹੋਇਆ ਕਿ ਜਿਹੜਾ ਵੀ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਬਾਣੀ ਨੂੰ ਜੀਵਨਜਾਚ ਬਣਾਏਗਾ, ਉਹ ਪੰਥ ਦੋਖੀ ਅਤੇ ਜਿਹੜਾ ਇੰਨ੍ਹਾਂ ਕੱਚੀ ਬਾਣੀ ਵਾਲੇ ਗ੍ਰੰਥਾਂ ਅਤੇ ਸੰਤਾਂ ਦਾ ਹੁਕਮ ਮੰਨੇਗਾ ਉਹ ਹੀ ਪੰਥ ਹਿਤੈਸ਼ੀ ਹੋਏਗਾ। ਹੁਣ ਤਾਂ ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲਿਆਂ ਨੇ ਵੀ ਕਹਿ ਦਿੱਤਾ ਹੈ ਕਿ ਮੈਂ ਅਕਾਲ ਤਖਤ ਦਾ ਸਤਿਕਾਰ ਕਰਦਾ ਹਾਂ ਪਰ ਸੰਗਤ ਦੇ ਨਕਾਰੇ ਜਥੇਦਾਰਾਂ ਦਾ ਕਦਾਚਿਤ ਨਹੀਂ ਤੇ ਅਕਾਲ ਤਖਤ ਦੇ ਪੰਜਾਂ ਪਿਆਰਿਆਂ ਨੇ ਵੀ ਅਜੋਕੇ ਮਸੰਦ ਜਥੇਦਾਰਾਂ ਨੂੰ ਤਲਬ ਕੀਤਾ ਹਾਜਰ ਨਾਂ ਹੋਣ ਤੇ ਤਨਖਾਹੀਆ ਕਰਾਰ ਦਿੱਤਾ। ਹੁਣ ਸਿੱਖ ਸੰਗਤਾਂ ਅਤੇ ਪੰਥ ਹਿਤੇਸ਼ੀ ਜਥੇਬੰਦੀਆਂ ਨੇ ਸੋਚਣਾ ਹੈ ਕਿ ਉਨ੍ਹਾਂ ਹੁਣ ਗੁਰੂ ਗ੍ਰੰਥ ਦੇ ਖਾਲਸਾ ਪੰਥ ਨਾਲ ਖੜਨਾ ਹੈ ਜਾਂ ਡੇਰੇਦਾਰ, ਸੰਪ੍ਰਦਾਈ ਸੰਤਾਂ ਅਤੇ ਸਰਕਾਰੀ ਪੁਜਾਰੀਆਂ ਨਾਲ।

ਗੁਰਮਤਿ ਪ੍ਰਚਾਰਕ ਜਥੇਬੰਦੀਆਂ-

- ਸਿੰਘ ਸਭਾ ਇੰਟ੍ਰਨੈਸ਼ਨਲ (ਯੂ.ਐੱਸ.ਏ)
- ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ,
- ਵਰਲਡ ਸਿੱਖ ਫੈਡਰੇਸ਼ਨ,
- ਗੁਰੂ ਗ੍ਰੰਥ ਦਾ ਖਾਲਸਾ ਪੰਥ ਕਨੇਡਾ,
- ਇੰਟ੍ਰਨੈਸ਼ਨਲ ਸਿੰਘ ਸਭਾ ਕਨੇਡਾ,
- ਅਦਾਰਾ ਸਿੰਘ ਸਭਾ ਲੌਸ ਐਂਜਲਿਸ ਯੂ.ਐੱਸ.ਏ,
- ਮਿਸ਼ਨਰੀ ਸਰਕਲ ਸੈਕਰਾਮੈਂਟੋ ਅਤੇ ਸਹਿਯੋਗੀਆਂ ਵੱਲੋਂ ਸਾਝੇ ਤੌਰ 'ਤੇ ਮੀਟਿੰਗ ਕੀਤੀ ਗਈ ਜਿਸ ਵਿੱਚ ਸਰਬਸੰਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ-

ਮਤਾ- ਜੋ ਗਿਆਨੀ ਕੁਲਦੀਪ ਸਿੰਘ ਵਰਜ਼ੀਨੀਆਂ ਵਾਲਿਆਂ ਤੇ ਸਾਥੀਆਂ ਨੇ ਪਹੁਲ ਦੀ ਵਿਧੀ ਅਪਣਾਈ ਹੈ, ਉਸ ਦੀ ਅਸੀਂ ਸ਼ਾਲਾਘਾ ਕਰਦੇ ਹਾਂ ਕਿਉਂਕਿ ਉਨ੍ਹਾਂ ਨੇ ਪੁਰਾਣੀ ਗਲਤੀ ਵਿੱਚ ਸੁਧਾਰ ਹੀ ਕੀਤਾ ਹੈ। ਸਾਡੇ ਕੋਲ ਕੋਈ ਵੀ ਇਤਿਹਾਸਕ ਸਬੂਤ ਨਹੀਂ ਕਿ ਗੁਰੂ ਸਾਹਿਬ ਨੇ ਪਹੁਲ ਦੇਣ ਵੇਲੇ ਕਿਹੜੀਆਂ ਬਾਣੀਆਂ ਪੜ੍ਹੀਆਂ ਸਨ? ਰਹਿਤਨਾਮੇ ਵੀ ਇਸ ਸਬੰਧ ਵਿੱਚ ਇੱਕਮਤਿ ਨਹੀਂ ਹਨ। ਸੋ ਸਿੱਖਾਂ ਦੇ ਗਰੂ ਗ੍ਰੰਥ ਸਾਹਿਬ ਹੀ ਵਾਹਿਦ ਗੁਰੂ ਹਨ। ਇਸ ਲਈ ਗੁਰੂ ਗ੍ਰੰਥ ਸਾਹਿਬ ਨੂੰ ਅਸਲੀ ਗੁਰੂ ਮੰਨਣ ਅਤੇ ਉਸ ਦੀਆਂ ਸਿਖਿਆਵਾਂ ਤੇ ਚੱਲਣ ਵਾਲੀਆਂ ਸਮੂਹ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਗਿਆਨੀ ਕੁਲਦੀਪ ਸਿੰਘ ਵਰਜੀਨੀਆਂ ਤੇ ਸਾਥੀਆਂ ਦੀ ਹਮਾਇਤ ਅਤੇ ਸਿੱਖ ਸੰਗਤਾਂ ਤੇ ਪੰਜਾਂ ਪਿਆਰਿਆਂ ਵੱਲੋਂ ਨਕਾਰੇ ਹੋਏ ਸਰਕਾਰੀ ਜਥੇਦਾਰਾਂ ਦੀ ਪੁਰਜੋਰ ਨਿਖੇਧੀ ਕਰਦੀਆਂ ਹਾਂ।

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top