Share on Facebook

Main News Page

ਸ਼ਰੀਕ - ਗੁਰੂ ਪਰਮੇਸ਼ਰ ਦਾ !!!
-: ਪ੍ਰੋ. ਕਸ਼ਮੀਰਾ ਸਿੰਘ USA

ਧੰਨੁ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਖ਼ਸ਼ੇ ਗਿਆਨ ਦੀ ਰੌਸ਼ਨੀ ਵਿੱਚ ਗੁਰੂ ਪਰਮੇਸ਼ਰ ਦੇ ‘ਸ਼ਰੀਕ’ ਦੀ ਹੋਂਦ ਵਾਰੇ ਵਿਚਾਰ ਕਰਨੀ , ਲੇਖ ਦਾ ਮੁੱਖ ਵਿਸ਼ਾ ਹੈ। ਗੁਰਬਾਣੀ ਅਨੁਸਾਰ ਗੁਰੂ ਪਰਮੇਸ਼ਰ ਦਾ ਕੋਈ ਸ਼ਰੀਕ ਬਣ ਕੇ ਇਨ੍ਹਾਂ ਅਭੁੱਲ ਹਸਤੀਆਂ ਦੀ ਬਰਾਬਰੀ ਨਹੀਂ ਹੋ ਸਕਦਾ। ਗੁਰਬਾਣੀ ਗਿਆਨ ਦੇ ਧੁਰੰਤਰ ਵਿਦਵਾਨਾਂ ਦੇ ਹੁੰਦਿਆਂ, ਗੁਰਬਾਣੀ ਦੇ ਇਸ ਉਪਦੇਸ਼ ਦੇ ਉਲ਼ਟ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ‘ਸ਼ਰੀਕ’ ਪੈਦਾ ਕੀਤਾ ਜਾ ਚੁੱਕਾ ਹੈ। ਕਹਿਣ ਤੋਂ ਭਾਵ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖੀ, ਗੁਰਮਤਿ, ਅਤੇ ਸੱਚੀ ਵਚਾਰਧਾਰਾ ਨੂੰ ਖੋਰਾ ਲੱਗਣਾ ਸ਼ੁਰੂ ਹੋ ਚੁੱਕਾ ਹੈ।

ਸੰਨ 1897 ਵਿੱਚ ਸ਼ਰੀਕ ਰੂਪੀ ਗ੍ਰੰਥ ਬਣਾਕੇ ਪਹਿਲਾਂ ਇੱਸ ਦਾ ਨਾਂ ‘ਦਸਮ ਸ਼੍ਰੀ ਗੁਰੂ ਗ੍ਰੰਥ ਸਾਹਿਬ’ ਰੱਖਿਆ ਗਿਆ ਤੇ ਜਾਗਰੂਕ ਸਿੱਖਾਂ ਵਲੋਂ ਵਿਰੋਧ ਹੋਣ ਤੇ ‘ਗੁਰੂ’ ਸ਼ਬਦ ਨੂੰ ਸਿਰਲੇਖ ਵਿੱਚੋਂ ਹਟਾ ਦਿੱਤਾ ਗਿਆ। ਇਹ ‘ਸ਼ਰੀਕ’ ਗੁਰਬਾਣੀ ਸਿਧਾਂਤਾਂ/ਸਿੱਖੀ ਵਿਚਾਰਧਾਰਾ ਦੇ ਵਿਰੋਧੀ ਬਿੱਪਰਵਾਦ/ਸਨਾਤਨਵਾਦ/ਬ੍ਰਾਹਮਣਵਾਦ/ਮਨੂਵਾਦ ਦੁਆਰਾ ਸਿੱਖਾਂ ਨੂੰ ਆਪਣੀ ਬੁੱਕਲ਼ ਵਿੱਚ ਸਮੇਟ ਲੈਣ ਦੀ ਡੂੰਘੀ ਚਾਲ ਵਜੋਂ ਪ੍ਰਗਟ ਕੀਤਾ ਗਿਆ ਹੈ। ਸਿੱਖਾਂ ਉੱਤੇ ਰਾਜ ਕਰਨ ਵਾਲ਼ੀ ਅੰਗ੍ਰੇਜ਼ ਸਰਕਾਰ ਵੀ ਇਸ ਸ਼ਰੀਕ ਨੂੰ ਪੈਦਾ ਕਰਨ ਵਿੱਚ ਭਾਈਵਾਲ਼ ਸੀ, ਕਿਉਂਕਿ ਉਹ ਵੀ ਸਿੱਖਾਂ ਵਿੱਚ ਫੁੱਟ ਪਾ ਕੇ ਰਾਜ ਦਾ ਸੁੱਖ ਜਾਰੀ ਰੱਖਣਾ ਚਾਹੁੰਦੀ ਸੀ। ਮੁਗ਼ਲ ਰਾਜ ਦੀ ਗੱਲ ਕਰੀਏ ਤਾਂ ਬਿੱਪਰਵਾਦ ਵਲੋਂ ਦੂਜੇ ਗੁਰੂ ਜੀ ਦੇ ਸਾਹਿਬਜ਼ਾਦੇ ਸ਼੍ਰੀ ਦਾਤੂ ਜੀ ਨੂੰ ਤੀਜੇ ਗੁਰੂ ਜੀ ਦਾ ‘ਸ਼ਰੀਕ’ ਅਤੇ ਚਉਥੇ ਗੁਰੂ ਜੀ ਦੇ ਸਾਹਿਬਜ਼ਾਦੇ ਸ਼੍ਰੀ ਪ੍ਰਿਥੀ ਚੰਦ ਨੂੰ ਪੰਜਵੇਂ ਗੁਰੂ ਜੀ ਦਾ ‘ਸ਼ਰੀਕ’ ਬਣਾਉਣ ਲਈ ਬਿੱਪਰਵਾਦ ਵਲੋਂ ਅਸਫ਼ਲ ਯਤਨ ਕੀਤੇ ਗਏ ਸਨ। ਧੰਨੁ ਸ਼੍ਰੀ ਗੁਰੂ ਤੇਗ਼ ਬਹਾਦੁਰ ਪਾਤਿਸ਼ਾਹ ਜੀ ਦੇ 22 ‘ਸ਼ਰੀਕ’ ਬਕਾਲ਼ੇ ਗੱਦੀਆਂ ਲਾ ਕੇ ਬੈਠ ਗਏ ਸਨ ਜਦੋਂ ਅੱਠਵੇਂ ਗੁਰੂ ਜੀ ਨੇ ਜੋਤੀ ਜੋਤਿ ਸਮਾਉਣ ਸਮੇਂ ਕਿਹਾ ਸੀ ‘ਬਾਬਾ ਬਕਾਲ਼ੇ’। ਸੱਚੇ ਗੁਰੂ ਜੀ ਦੇ ਪ੍ਰਗਟ ਹੋਣ ਤੇ ਨਕਲੀ 22 ‘ਸ਼ਰੀਕ’ ਸਿਰ ਉੱਤੇ ਪੈਰ ਰੱਖ ਕੇ ਦੌੜ ਗਏ ਸਨ। ਸ਼ਰੀਰ ਦੇ ਬਰਾਬਰ ਸ਼ਰੀਰ-ਗੁਰੂ ਖੜ੍ਹਾ ਕਰਨ ਦੀਆਂ ਬਿੱਪਰਵਾਦੀ ਚਾਲਾਂ ਨੂੰ ਗੁਰੂ ਪਾਤਿਸ਼ਾਹਾਂ ਨੇ ਕਾਮਯਾਬ ਨਹੀਂ ਹੋਣ ਦਿੱਤਾ ਸੀ।

ਦਸਵੇਂ ਪਾਤਿਸ਼ਾਹ ਜੀ ਨੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਸੰਨ 1708 ਵਿੱਚ ਸ਼ਰੀਰ ਗੁਰੂ ਦੀ ਪਰੰਪਰਾ ਨੂੰ ਸਦਾ ਲਈ ਸਿੱਖੀ ਵਿੱਚ, ਬੰਦ ਕਰ ਕੇ, ‘ਗ੍ਰੰਥ ਗੁਰੂ’ ਦੀ ਪ੍ਰੰਪਰਾ ਨੂੰ ਚਾਲੂ ਕਰ ਦਿੱਤਾ ਸੀ। ਇਸ ਘਟਨਾ ਨਾਲ਼ ਸਿੱਖੀ- ਮਾਰੂ ਜਥੇਬੰਦੀਆਂ ਨੇ ਆਪਣੇ ਕੰਨ ਖੜ੍ਹੇ ਕਰ ਲਏ ਤੇ ‘ਗ੍ਰੰਥ ਗੁਰੂ’ ਦੇ ਬਰਾਬਰ ਇੱਕ ਸ਼ਰੀਕ ‘ਗ੍ਰੰਥ’ ਨੂੰ ਖੜ੍ਹਾ ਕਰਨ ਦੀਆਂ ਚਾਲਾਂ ਵਿੱਚ ਪੂਰੇ ਜ਼ੋਰ ਨਾਲ਼ ਜੁੱਟ ਗਈਆਂ ਸਨ ਤੇ ਸੰਨ 1897 ਵਿੱਚ ਕਾਮਯਾਬ ਹੋ ਗਈਆਂ।

ਇੱਸ ਸ਼ਰੀਕ ਨੂੰ ਅਹੁਦੇ ਉੱਤੇ ਪੱਕਾ ਕਰਨ ਲਈ ਸ਼੍ਰੋ. ਕਮੇਟੀ ਵੀ ਪਿੱਛੇ ਨਹੀਂ ਰਹੀ ਜਿੱਸ ਨੇ ਇਸ ਸ਼ਰੀਕ ਦੀਆਂ ਕੁੱਝ ਰਚਨਾਵਾਂ ਸੰਨ 1931 ਤੋਂ 1945 ਤਕ ਬਣਾਈ ‘ਸਿੱਖ ਰਹਤ ਮਰਯਾਦਾ’ ਵਿੱਚ , ਪੰਜਵੇਂ ਗੁਰੂ ਜੀ ਦਾ ਬਣਾਇਆ ਨਿੱਤ-ਨੇਮ ਭੰਗ ਕਰ ਕੇ, ਸਿੱਖਾਂ ਲਈ ਆਪਣੇ ਵਲੋਂ ਬਣਾਏ ਨਿੱਤ-ਨੇਮ ਅਤੇ ਅੰਮ੍ਰਿਤ ਦੀਆਂ ਬਾਣੀਆਂ ਵਿੱਚ ਰਲ਼ਾ ਕੇ ਸੱਚੀਆਂ ਬਾਣੀਆਂ ਮਿਲ਼ਗੋਭਾ ਕਰ ਦਿੱਤੀਆਂ। ਇਸ ਨਾਲ਼ ਹੀ ਬ੍ਰਾਹਮਣਵਾਦ ਦੀਆਂ ਜੜ੍ਹਾਂ ਸਿੱਖੀ ਵਿੱਚ ਪਰਵੇਸ਼ ਹੋ ਕੇ ਪੱਕੀਆਂ ਹੋ ਗਈਆਂ। ਅੱਜ ਦੀ ਸ਼੍ਰੋ. ਕਮੇਟੀ ਨੇ ਇਸ ਸ਼ਰੀਕ ਦੀ ‘ਗ੍ਰੰਥ ਗੁਰੂ’ ਨਾਲ਼ ਬਰਾਬਰੀ ਦੀ ਹੋਂਦ ਦੀ ਮਿਆਦ ਨੂੰ ਅਗਾਂਹ ਹੋਰ ਵਧਾਉਣ ਲਈ ਆਪ ਹੀ ‘ਸਿੱਖ ਰਹਤ ਮਰਯਾਦਾ’ ਵਿੱਚ ਸੰਸ਼ੋਧਨ ਕਰ ਕੇ ਕੀਰਤਨ ਵਾਲ਼ੀ ਮੱਦ ਵਿੱਚ ਲਿਖ ਦਿੱਤਾ ਕਿ ਸਾਧ ਸੰਗਤਿ ਵਿੱਚ ‘ਸ਼ਰੀਕ ਦਸਮ ਗ੍ਰੰਥ’ ਦੀਆਂ ਰਚਨਾਵਾਂ ਵੀ ਪੜ੍ਹੀਆਂ ਜਾ ਸਕਦੀਆਂ ਹਨ। ਇਸ ਸੰਸ਼ੋਧਨ ਨੇ ਸਿੱਖਾਂ ਲਈ ਵਿਰੋਧ ਕਰਨ ਦਾ ਕੋਈ ਰਾਹ ਨਹੀਂ ਛੱਡਿਆ। ਸਿੱਖ ਵਿਰੋਧ ਕਰਨ ਵੀ ਤਾਂ ਕਿੱਸ ਅੱਗੇ? ਸਿੱਖ ਕੌਮ ਦੀ ਵਾਗਡੋਰ ਬਿੱਪਰਵਾਦ ਦੇ ਹੱਥਾਂ ਵਿੱਚ ਜਾ ਚੁੱਕੀ ਹੈ। ਸ਼੍ਰੋ. ਕਮੇਟੀ ਦਾ ਮੁੱਖ ਸਕੱਤਰ ਆਰ.ਐੱਸ.ਐੱਸ ਨਾਲ਼ ਸੰਬੰਧਤ ਹੈ।

ਇੱਕੋ ਇੱਕ ਪੰਥ (ਰਸਤਾ) ਬਚਿਆ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕੋ ਇੱਕ ਗੁਰੂ ਅਤੇ ਗੁਰੂ ਦੀ ਸੱਚੀ ਵਿਚਾਰਧਾਰਾ ਨੂੰ ਪੱਕੇ ਤੌਰ 'ਤੇ ਮੰਨਣ ਵਾਲ਼ੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਥਾਨਕ ਸੰਗਤਾਂ, ਸਿੱਖ ਪ੍ਰਚਾਰਕ ਅਤੇ ਹੋਰ ਜਾਗਰੂਕ ਗੁਰੂ ਕੇ ਸਿੱਖ ਇੱਕ-ਮੁੱਠ ਹੋਣ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬ-ਉੱਚਤਾ ਨੂੰ ਬਹਾਲ ਕਰਨ ਲਈ ਆਪਣੇ ਆਪਣੇ ਉਪਲੱਬਧ ਢੰਗ ਤਰੀਕੇ ਨਾਲ਼ ਡਟ ਕੇ ਪਹਿਰਾ ਦੇਣ ਅਤੇ ਹਰ ਯੋਗ ਸਾਧਨ ਰਾਹੀਂ ਥਾਂ-ਥਾਂ ਸੰਗਤਾਂ ਵਿੱਚ ਸੱਚ ਦਾ ਹੋਕਾ ਦਿੰਦਿਆਂ ਪ੍ਰਚਾਰ ਕਰਨ।

‘ਸ਼ਰੀਕ’ ਲਫ਼ਜ਼ ਅ਼ਰਬੀ ਭਾਸ਼ਾ ਦਾ ਹੈ ਤੇ ਇਸ ਦਾ ਅਰਥ ਹੈ- ਸ਼ਿਰਕ ਜਾਂ ਹਿੱਸਾ ਰੱਖਣ ਵਾਲ਼ਾ, ਬਰਾਬਰੀ ਕਰਨ ਵਾਲ਼ਾ। ਸੰਸਕ੍ਰਿਤ ਭਾਸ਼ਾ ਵਿੱਚ ‘ਸ਼੍ਰੀਕ’ ਲਫ਼ਜ਼ ਦਾ ਅਰਥ ਹੈ - ਸ਼ੋਭਨੀਕ, ਪਰ ਵਿਚਾਰ ਵਿੱਚ ਅ਼ਰਬੀ ਭਾਸ਼ਾ ਦਾ ਸ਼ਬਦ ਹੀ ਲਿਆ ਗਿਆ ਹੈ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰ ਪਰਮੇਸ਼ਰ ਦਾ ਸ਼ਰੀਕ ਪ੍ਰਵਾਨ ਨਹੀਂ ਹੈ, ਗੁਰਬਾਣੀ ਵਿੱਚੋਂ ਕੁੱਝ ਪਰਮਾਣ ਹੇਠਾਂ ਦਿੱਤੇ ਜਾ ਰਹੇ ਹਨ:-

ਗੁਰਬਾਣੀ ਵਿੱਚ ‘ਸ਼ਰੀਕੁ’ ਸ਼ਬਦ 10 ਵਾਰੀ (ਪੰਨੇ-301/9, 547/7, 549/13, 592/2, 597/3, 723/8, 853/10, 1026/16, 1082/4 ਅਤੇ 1242/6) ਉੱਤੇ ਵਰਤਿਆ ਗਿਆ ਹੈ।

ਸ਼ਰੀਕੁ: ਇਹ ਸ਼ਬਦ ਇੱਕ-ਵਚਨ (ਉਕਾਰਾਂਤ ਦਾ ਇੱਕ ਲੱਛਣ), ਪੁਲਿੰਗ ਨਾਂਵ ਹੈ।

1. ਤੇਰਾ ਸਰੀਕੁ ਕੋ ਨਾਹੀ ਜਿਸ ਨੋ ਲਵੈ ਲਾਇ ਸੁਣਾਇਆ ॥ (ਗਗਸ 301/9)
ਅਰਥ- ਹੇ ਪ੍ਰਭੂ! ਸੰਸਾਰ ਵਿੱਚ ਤੇਰਾ ਕੋਈ ਵੀ ਸ਼ਰੀਕ ਨਹੀਂ ਹੈ ਜਿਸ ਨੂੰ ਬਰਾਬਰ ਦੀ ਗੱਦੀ ਦੇ ਕੇ ਤੇਰੇ ਵਰਗਾ ਆਖੀਏ। ਲਵੈ ਲਾਇ-ਬਰਾਬਰੀ ਦੇ ਕੇ।

2. ਜਿਸ ਨੋ ਤੂ ਦੇਹਿ ਤਿਸੁ ਸਭੁ ਕਿਛੁ ਮਿਲੈ ਕੋਈ ਹੋਰੁ ਸਰੀਕੁ ਨਾਹੀ ਤੁਧੁ ਪਾਸਿ ॥ (ਗਗਸ 549/7)

3. ਤੁਧੁ ਜੇਵਡੁ ਹੋਰੁ ਸਰੀਕੁ ਹੋਵੈ ਤਾ ਆਖੀਐ ਤੁਧੁ ਜੇਵਡੁ ਤੂਹੈ ਹੋਈ ॥ (ਗਗਸ 549/13)

4. ਤਿਸ ਕਾ ਸਰੀਕੁ ਕੋ ਨਹੀ ਨਾ ਕੋ ਕੰਟਕੁ ਵੈਰਾਈ ॥ (ਗਗਸ 592/2)
ਕੰਟਕੁ ਵੈਰਾਈ- ਕੰਡੇ ਦੀ ਚੋਭ ਵਾਂਗ ਦੁਖੀ ਕਰਨ ਵਾਲ਼ਾ।

5. ਅਵਰੁ ਨ ਦੀਸੈ ਕਿਸੁ ਸਾਲਾਹੀ ਤਿਸਹਿ ਸਰੀਕੁ ਨ ਕੋਈ ॥ (ਗਗਸ 597/3)
ਅਰਥ- ਉਸ ਪ੍ਰਭੂ ਵਰਗਾ ਕੋਈ ਹੋਰ ਨਹੀਂ ਜਾਪਦਾ ਜਿਸ ਦੀ ਮੈਂ ਕੋਈ ਸਿਫ਼ਤਿ ਕਰਾਂ, ਕਿਉਂਕਿ ਉਸ ਦਾ ਕੋਈ ਸ਼ਰੀਕ ਨਹੀਂ ਹੈ।

6. ਜਿਸੁ ਨਾਹੀ ਕੋਇ ਸਰੀਕੁ ਕਿਸੁ ਲੇਖੈ ਹਉ ਗਨੀ ॥ (ਗਗਸ 723/8)
ਅਰਥ- ਜਿਸ ਪ੍ਰਭੂ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ, ਮੈਂ ਕਿਸ ਗਿਣਤੀ ਵਿਚ ਹਾਂ ਕਿ ਉਸ ਦੇ ਗੁਣ ਬਿਆਨ ਕਰ ਸਕਾਂ?

7. ਇਸੁ ਹਰਿ ਧਨ ਕਾ ਕੋਈ ਸਰੀਕੁ ਨਾਹੀ ਕਿਸੈ ਕਾ ਖਤੁ ਨਾਹੀ ਕਿਸੈ ਕੈ ਸੀਵ ਬੰਨੈ ਰੋਲੁ ਨਾਹੀ ਜੇ ਕੋ ਹਰਿ ਧਨ ਕੀ ਬਖੀਲੀ ਕਰੇ ਤਿਸ ਕਾ ਮੁਹੁ ਹਰਿ ਚਹੁ ਕੁੰਡਾ ਵਿਚਿ ਕਾਲਾ ਕਰਾਇਆ ॥ (ਗਗਸ 853/10)
ਅਰਥ- ਗੁਰਮੁਖ ਪਿਆਰਿਹੁ! ਇਹ ਹਰਿ ਨਾਮ-ਧਨ (ਐਸੀ ਜਾਇਦਾਦ ਹੈ ਕਿ) ਇਸ ਦਾ ਕੋਈ ਸ਼ਰੀਕ ਨਹੀਂ ਬਣ ਸਕਦਾ (ਇਸ ਉਤੇ) ਕੋਈ ਜੱਦੀ ਹੱਕ ਨਹੀਂ ਬਣਾ ਸਕਦਾ, ਕਿਸੇ ਕੋਲ ਇਸ ਦੀ ਮਲਕੀਅਤ ਦਾ ਪਟਾ ਭੀ ਨਹੀਂ ਹੋ ਸਕਦਾ । (ਜਿਵੇਂ ਜ਼ਿਮੀਂਦਾਰਾਂ ਦਾ ਜ਼ਮੀਨ ਦੇ) ਵੱਟ-ਬੰਨੇ ਦਾ ਰੌਲਾ (ਪੈ ਸਕਦਾ ਹੈ), ਇਸ ਹਰਿ-ਧਨ ਦਾ ਕੋਈ ਅਜਿਹਾ ਰੌਲਾ ਭੀ ਨਹੀਂ ਹੋ ਸਕਦਾ । (ਕਿਸੇ ਗੁਰਮੁਖ ਨੂੰ ਵੇਖ ਕੇ) ਜੇ ਕੋਈ ਮਨੁੱਖ ਇਸ ਨਾਮ-ਧਨ ਦੀ (ਖ਼ਾਤਰ) ਈਰਖਾ ਕਰਦਾ ਹੈ, ਉਸ ਨੂੰ ਸਗੋਂ ਹਰ ਪਾਸੇ ਫਿਟਕਾਰ ਹੀ ਪੈਂਦੀ ਹੈ ।
ਖਤੁ- ਨਾਂਵ ਇੱਕ-ਵਚਨ ਪੁਲਿੰਗ ਸ਼ਬਦ ਹੈ, ਅਰਥ-ਪਟਾ, ਮਲਕੀਅਤ। ਸੀਵ ਬੰਨੈ- ਵੱਟ-ਬੰਨੇ ਦਾ। ਰੋਲੁ- ਰੌਲ਼ਾ। ਪੁਲਿੰਗ ਇੱਕ-ਵਚਨ ਨਾਂਵ ਸ਼ਬਦ ਹੈ।

8. ਤਿਸਹਿ ਸਰੀਕੁ ਨ ਦੀਸੈ ਕੋਈ ਆਪੇ ਅਪਰ ਅਪਾਰਾ ਹੇ ॥2॥ (ਗਗਸ 1026/16)
ਅਰਥ- ਉਸ ਦਾ ਕੋਈ ਸ਼ਰੀਕ ਨਹੀਂ ਹੈ ਕਿਉਂਕਿ ਉਹ ਬਿਅੰਤ ਹੈ।

9. ਤਿਸਹਿ ਸਰੀਕੁ ਨਾਹੀ ਰੇ ਕੋਈ ॥ ਕਿਸ ਹੀ ਬੁਤੈ ਜਬਾਬੁ ਨ ਹੋਈ ॥ ਨਾਨਕ ਕਾ ਪ੍ਰਭੁ ਆਪੇ ਆਪੇ ਕਰਿ ਕਰਿ ਵੇਖੈ ਚੋਜ ਖੜਾ॥16॥1॥10॥ (ਗਗਸ 1082/4)
ਪਦ ਅਰਥ- ਰੇ-ਹੇ ਭਾਈ! ਤਿਸਹਿ ਸਰੀਕੁ-ਉਸ (ਪ੍ਰਭੂ) ਦਾ ਸ਼ਰੀਕ (ਬਰਾਬਰ ਦਾ) । ਬੁਤਾ-ਬੁੱਤਾ, ਕੰਮ । ਬੁਤੈ-ਬੁੱਤੈ, ਕੰਮ ਵਿਚ (ਅਧਿਕਰਣ ਕਾਰਕ ਇੱਕ-ਵਚਨ)। ਕਿਸ ਹੀ ਬੁਤੈ-(ਉਸ ਦੇ) ਕਿਸੇ ਭੀ ਕੰਮ ਵਿਚ । ਜਬਾਬੁ-ਉਜ਼ਰ, ਇਨਕਾਰ । ਕਰਿ-ਕਰ ਕੇ । ਚੋਜ-ਤਮਾਸ਼ੇ {ਪੁਲਿੰਗ ਬਹੁ-ਵਚਨ}

ਅਰਥ-ਹੇ ਭਾਈ! ਕੋਈ ਭੀ ਜੀਵ ਸ਼ਰੀਕ ਹੋ ਕੇ ਉਸ (ਪਰਮਾਤਮਾ) ਦੇ ਬਰਾਬਰ ਦਾ ਨਹੀਂ ਹੈ । ਉਸ ਦੇ ਕਿਸੇ ਭੀ ਕੰਮ ਵਿਚ ਕਿਸੇ ਪਾਸੋਂ ਇਨਕਾਰ ਨਹੀਂ ਹੋ ਸਕਦਾ । ਨਾਨਕ ਦਾ ਪ੍ਰਭੂ (ਹਰ ਥਾਂ) ਆਪ ਹੀ ਆਪ ਹੈ । ਉਹ ਆਪ ਹੀ ਤਮਾਸ਼ੇ ਕਰ ਕਰਕੇ ਖੜਾ ਆਪ ਹੀ ਵੇਖ ਰਿਹਾ ਹੈ ।16।1।10।

10. ਹੋਰੁ ਸਰੀਕੁ ਹੋਵੈ ਕੋਈ ਤੇਰਾ ਤਿਸੁ ਅਗੈ ਤੁਧੁ ਆਖਾਂ ॥ (ਗਗਸ 1242/6)
ਅਰਥ- ਹੇ ਪ੍ਰਭੂ! ਜੇ ਕੋਈ ਹੋਰ ਤੇਰੇ ਬਰਾਬਰ ਦਾ ਹੋਵੇ ਤਾਂ ਹੀ ਉਸ ਦੇ ਸਾਹਮਣੇ ਮੈਂ ਤੇਰਾ ਜ਼ਿਕਰ ਕਰਾਂ (ਪਰ ਤੇਰੇ ਵਰਗਾ ਹੋਰ ਕੋਈ ਨਹੀਂ ਹੈ, ਸੋ) ਤੇਰੀ ਸਿਫ਼ਤਿ-ਸਾਲਾਹ ਮੈਂ ਤੇਰੇ ਅੱਗੇ ਹੀ ਕਰ ਸਕਦਾ ਹਾਂ (ਤੇਰੇ ਵਰਗਾ ਮੈਂ ਤੈਨੂੰ ਹੀ ਆਖ ਸਕਦਾ ਹਾਂ)।

ਸ਼ਰੀਕ ਤੋਂ ਬਣਿਆਂ ‘ਸ਼ਰੀਕੀ’: ਅਰਥ ਬਰਾਬਰੀ-
ਸ਼ਰੀਕੀ: ਜਿਸੁ ਨਾਲਿ ਸੰਗਤਿ ਕਰਿ ਸਰੀਕੀ ਜਾਇ ਕਿਆ ਰੂਆਵਣਾ ॥
ਅਰਥ- ਜਿਸ ਮਾਲਕ ਦੇ ਆਸਰੇ ਸਦਾ ਜੀਊਣਾ ਹੈ, ਉਸੇ ਨਾਲ ਹੀ ਬਰਾਬਰੀ ਕਰ ਕੇ (ਜੇ ਦੁੱਖ ਪ੍ਰਾਪਤ ਹੋਇਆ ਤਾਂ ਫਿਰ ਉਸੇ ਪਾਸ) ਜਾ ਕੇ ਪੁਕਾਰ ਕਰਨ ਦਾ ਕੋਈ ਲਾਭ ਨਹੀਂ ਹੋ ਸਕਦਾ ।
ਉਪਰੋਕਤ ਵਿਚਾਰ ਤੋਂ ਸਪੱਸ਼ਟ ਹੈ ਕਿ ਰੱਬ ਦਾ ਕੋਈ ਸ਼ਰੀਕ ਨਹੀਂ ਜੰਮ ਸਕਦਾ। ਗੁਰੂ ਅਤੇ ਪ੍ਰਭੂ ਵਿੱਚ ਕੀ ਅੰਤਰ ਹੈ? ਗੁਰਬਾਣੀ ਵਿੱਚੋਂ ਪ੍ਰਮਾਣ ਮਿਲ਼ਦੇ ਹਨ ਕਿ ਗੁਰ ਪਰਮੇਸ਼ਰ ਵਿੱਚ ਕੋਈ ਭੇਦ ਨਹੀਂ ਹੈ। ਜੇ ਰੱਬ ਦਾ ਸ਼ਰੀਕ ਨਹੀਂ ਤਾਂ ਗੁਰੂ ਦਾ ਵੀ ਕੋਈ ਸ਼ਰੀਕ ਨਹੀਂ ਹੋ ਸਕਦਾ। ਜੇ ਰੱਬ ਭੁੱਲਣਹਾਰ ਨਹੀਂ ਤਾਂ ਗੁਰੂ ਵੀ ਭੁੱਲਣਹਾਰ ਨਹੀਂ ਹੈ, ਬਾਕੀ ਸੱਭ ਭੁੱਲਣਹਾਰ ਹਨ। ਸਿੱਖ ਕੌਮ ਦੇ ਗੁਰੂ ਅੱਜ ‘ਰਾਗਮਾਲ਼ਾ’ ਰਚਨਾ ਤੋਂ ਬਿਨਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਸਪੱਸ਼ਟ ਹੈ ਕਿ ਰੱਬ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਭੁੱਲਣ ਵਿੱਚ ਨਹੀਂ ਹਨ, ਸਗੋਂ ਭੁੱਲਿਆਂ ਨੂੰ ਮਾਰਗ ਉੱਤੇ ਪਾਉਣ ਵਾਲ਼ੇ ਹਨ।

ਗੁਰਬਾਣੀ ਵਿੱਚੋਂ ਕੁੱਝ ਪ੍ਰਮਾਣ ਸਾਬਤ ਕਰਦੇ ਹਨ ਕਿ ਗੁਰੂ ਅਤੇ ਪ੍ਰਭੂ ਦੋਵੇਂ ਹੀ ਭੁਲਿਆਂ ਨੂੰ ਮਾਰਗ ਪਾਉਂਦੇ ਹਨ ਅਤੇ ਦੋਵੇਂ ਭੁੱਲਣਹਾਰ ਨਹੀਂ, ਪ੍ਰਮਾਣ ਇਉਂ ਹਨ:-

ੳ. ਜਿਸਹਿ ਦਿਖਾਲਾ ਵਾਟੜੀ ਤਿਸਹਿ ਭੁਲਾਵੈ ਕਉਣੁ ॥ ਜਿਸਹਿ ਭੁਲਾਈ ਪੰਧ ਸਿਰਿ ਤਿਸਹਿ ਦਿਖਾਵੈ ਕਉਣੁ॥ (ਗਗਸ 952/12)
ਅ. ਭੂਲੇ ਕਉ ਗੁਰਿ ਮਾਰਗਿ ਪਾਇਆ॥ (ਗਗਸ 864/4)
ੲ. ਭੁਲਿਆਂ ਆਪਿ ਸਮਝਾਇਸੀ ਜਾ ਕਉ ਨਦਰਿ ਕਰੇ ॥ਨਾਨਕ ਨਦਰੀ ਬਾਹਰੀ ਕਰਣ ਪਲਾਹ ਕਰੇ॥67॥ (ਗਗਸ 1421/6)
ਸ. ਭੂਲੇ ਮਾਰਗੁ ਜਿਨਹਿ ਬਤਾਇਆ ॥ ਐਸਾ ਗੁਰੁ ਵਡਭਾਗੀ ਪਾਇਆ ॥1॥ (ਗਗਸ 803/18)
ਹ. ਭੂਲਾ ਮਾਰਗਿ ਪਾਇਓਨੁ ਗੁਣ ਅਵਗੁਣ ਨ ਬੀਚਾਰਿ ॥ ਨਾਨਕ ਤਿਸੁ ਸਰਣਾਗਤੀ ਜਿ ਸਗਲ ਘਟਾ ਆਧਾਰੁ॥4॥ (ਗਗਸ 49/5)
ਕ. ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ॥ 61/7
ਖ. ਭੁਲਣ ਵਿਚਿ ਕੀਆ ਸਭੁ ਕੋਈ ਕਰਤਾ ਆਪਿ ਨ ਭੁਲੈ ॥ (ਗਗਸ 1344/9)
ਸ਼ਰੀਰਕ ਤਲ ਉੱਤੇ ਗੁਰੂ ਅਤੇ ਪਰਮੇਸ਼ਰ ਵਿੱਚ ਭਾਵੇਂ ਅੰਤਰ ਹੈ ਪਰ ਅਧਿਅਤਮਕ ਤਲ ਉੱਤੇ ਕੋਈ ਅੰਤਰ ਨਹੀਂ ਹੈ। ਗੁਰੂ ਨੇ ਗੁਰਬਾਣੀ ਵਿੱਚ ਉਹੀ ਲਿਖਿਆ ਅਤੇ ਕਿਹਾ ਜੋ ਪਰਮੇਸ਼ਰ ਦੇ ਅਟੱਲ ਨਿਯਮ-ਰੂਪ ਹੁਕਮ ਅਨੁਸਾਰ ਸੀ (ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ॥ (ਗਗਸ 763/6)

ਪ੍ਰਮਾਣ ਦੇਖੋ :-
ਗ. ਗੁਰੁ ਪਾਰਬ੍ਰਹਮੁ ਸਦਾ ਨਮਸਕਾਰਉ॥ (ਗਗਸ 864/9)
ਘ. ਗੁਰੁ ਮਰਮੇਸਰੁ ਏਕੁ ਹੈ ਸਭ ਮਹਿ ਰਹਿਆ ਸਮਾਇ॥ (ਗਗਸ 53/5)
ਙ. ਗੁਰੁ ਮੇਰੀ ਪੂਜਾ ਗੁਰੁ ਗੋਬਿੰਦੁ॥ ਗੁਰੁ ਮੇਰਾ ਪਾਰਬ੍ਰਹਮੁ ਗੁਰੁ ਭਗਵੰਤੁ॥ (ਗਗਸ 864/14)
ਚ. ਗੁਰੁ ਪਰਮੇਸਰੁ ਗੁਰੁ ਗੋਬਿੰਦੁ॥ਗੁਰੁ ਕਰਤਾ ਗੁਰੁ ਸਦ ਬਖਸੰਦੁ॥ (ਗਗਸ 1080/16)
ਛ. ਗੁਰੁ ਪਰਮੇਸਰੁ ਗੁਰੁ ਗੋਵਿੰਦੁ॥ਗੁਰੁ ਦਾਤਾ ਦਇਆਲ ਬਖਸਿੰਦੁ॥ (ਗਗਸ 897/18)
ਜ. ਨਾਨਕ ਸੋਧੇ ਸਿੰਮ੍ਰਿਤਿ ਬੇਦ॥ਪਾਰਬ੍ਰਹਮ ਗੁਰ ਨਾਹੀ ਭੇਦ॥ (ਗਗਸ 1142/8)
ਝ. ਆਪਿ ਨਾਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ॥ (ਗਗਸ 1395/6)
ਞ. ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ॥ (ਗਗਸ 1385/7)
ਟ. ਹਰਿ ਗੁਰੁ ਨਾਨਕੁ ਜਿਨ ਪਰਸਿਅਉ ਸਿ ਜਨਮ ਮਰਣ ਦੁਹ ਥੇ ਰਹਿਓ॥5॥ (ਗਗਸ 1386/8)


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top