Share on Facebook

Main News Page

ਦੇਖਹੁ ਪਸਾਰਿ ਨੈਨ...
ਦੁਸ਼ਮਣ ਸੋਚ ਨੇ ਪਿਛੇ ਬੈਠਕੇ 'ਦਸਮ' ਦੇ ਨਾਮ ਹੇਠ ਪ੍ਰਚਾਰ ਕਰ ਕਰ ਕੇ, ਸਾਡੇ ਅੰਦਰ ਬਚਿੱਤਰੀ ਜ਼ਹਿਰ ਦੇ ਸੰਸਕਾਰ ਰੱਖ ਦਿਤੇ

-: ਪ੍ਰੋ. ਦਰਸ਼ਨ ਸਿੰਘ ਖਾਲਸਾ

ਇਨ ਮੈਂ ਕਛੁ ਤੇਰੋ ਰੇ ਨਾਹਨਿ ਦੇਖੋ ਸੋਚ ਬਿਚਾਰੀ ॥1॥

ਗੁਰਸਿੱਖਾ ਜਨਮ ਬਿਰਥਾ ਜਾ ਰਿਹਾ ਹੈ, ਕਦੀ ਤਾਂ ਧੜਿਆਂ, ਸੰਪਰਦਾਵਾਂ, ਅੰਧੇ ਆਗੂਆਂ ਦੇ ਦਿਤੇ ਅਗਿਆਨਤਾ ਦੇ ਅੰਧੇਰੇ ਜਨੂਨ ਤੋਂ ਬਾਹਰ ਨਿਕਲ ਕੇ ਗੁਰੂ ਦੀ ਬਖਸ਼ੀ ਬਿਬੇਕ ਬੁੱਧੀ ਨਾਲ ਕੁਛ ਸੋਚ। ਤੇਰੇ ਜਨਮ ਨਾਲ ਹੀ ਤੇਰਾ ਸੋਸ਼ਨ ਹੋਣ ਲੱਗ ਪਿਆ ਸੀ, ਜਿਸਦੀ ਕਹਾਣੀ ਤੇਰੇ ਜੀਵਨ ਜੇਡੀ ਹੀ ਲੰਬੀ ਹੈ।

ਗੁਰਸਿੱਖਾ ਤੂੰ ਸੱਚ ਹੈਂ, ਕਿਉਂਕਿ ਤੈਨੂੰ ਸੱਚ ਵਿਚੋਂ ਸਿਰਜਿਆ ਗਿਆ ਹੈ, ਪਰ ਇਸ ਸੱਚ ਨੂੰ ਕਤਲ ਕਰਨ ਲਈ ਹਮੇਸ਼ਾਂ ਤਲਵਾਰ ਵਾਲੇ ਹੱਥ ਦਾ ਚਿਹਰਾ ਤੇਰੇ ਅਤੀ ਸਤਿਕਾਰਤ ਕਿਸੇ ਸਿੱਖ ਦਾ ਦਿਸਦਾ ਹੈ, ਜਾਂ ਫਿਰ ਸਤਿਕਾਰਤ ਸਿੱਖ ਦੇ ਨਕਾਬ ਅਤੇ ਨਾਮ ਹੇਠ ਵਰਤਿਆ ਗਿਆ ਹੈ, ਤਾਂਕਿ ਤੂੰ ਆਪਣੇ ਦੁਸ਼ਮਨ ਦੀ ਪਛਾਣ ਨਾ ਕਰ ਸਕੇਂ ਅਤੇ ਦੁਸ਼ਮਣ ਹੱਥੋਂ ਹੋਣ ਵਾਲੀ ਮੌਤ ਨੂੰ ਆਪਣੀ ਮੁਕਤੀ ਸਮਝ ਲਏਂ।

ਅੱਜ ਬੇਸ਼ਕ ਇਸ ਤਲਵਾਰ ਦੇ ਵਾਰ ਦੀ ਪੀੜਾ ਨਾਲ ਕੁੱਛ ਬਿਬੇਕ ਬੁੱਧੀ ਵੀਰਾਂ ਦੀ ਕੁਰਲਾਹਟ ਉਠ ਰਹੀ ਹੈ, ਕਿ ਲੋਕੋ ਸ੍ਰੀ ਅਕਾਲ ਤਖਤ, ਪੰਥ, ਧਾਰਮਿਕ ਸੰਪਰਦਾਵਾਂ, ਅਤੇ ਪੁਰਾਤਨ ਸਿੱਖਾਂ ਦੇ ਨਾਮ ਦੀ ਦੁਰਵਰਤੋਂ ਕਰਕੇ ਸਿੱਖੀ ਨੂੰ ਲਹੂ ਲੁਹਾਣ ਕੀਤਾ ਜਾ ਰਿਹਾ ਹੈ, ਤੈਨੂੰ ਗੁੰਮਰਾਹ ਕਰਨ ਲਈ ਇਨ੍ਹਾਂ ਦੇ ਨਾਵਾਂ ਦੀ ਵਰਤੋਂ ਨਾਲ ਅਨੇਕਾਂ ਗ੍ਰੰਥ ਰਹਿਤਨਾਮੇ ਲਿਖੇ ਗਏ। ਇਨ੍ਹਾਂ ਨਾਵਾਂ ਉਹਲੇ ਛੁਪੇ ਦੁਸ਼ਮਣ ਚਿਹਰੇ ਪਛਾਣੋ, ਨਹੀਂ ਤਾਂ ਖਤਮ ਹੋ ਜਾਵੋਗੇ ਅਤੇ ਇਤਹਾਸ ਦੇ ਪੰਨਿਆਂ 'ਤੇ ਇਹ ਲਿਖਿਆ ਮਿਲੇਗਾ “ਖਾ ਕੇ ਜ਼ਖਮ ਜਬ ਦੇਖਾ ਸਿਤਮਗ਼ਰ ਕੀ ਤਰਫ, ਤੋ ਅਪਨੇ ਹੀ ਦੋਸਤੋਂ ਸੇ ਮੁਲਾਕਾਤ ਹੋ ਗਈ” ਲੋਕ ਇਹੋ ਹੀ ਆਖਦੇ ਹਨ ਕਿ ਅਕਾਲ ਤਖਤ ਨੇ ਛੇਕ ਦਿੱਤਾ, ਟਕਸਾਲ ਵਾਲਿਆਂ ਨੇ ਭੁਪਿੰਦਰ ਸਿੰਘ ਪ੍ਰਚਾਰਕ ਨੂੰ ਗੋਲੀ ਮਾਰ ਦਿੱਤੀ, ਰਹਿਤ ਮਰੀਯਾਦਾ ਦੇ ਪੰਥਕ ਫੈਸਲੇ ਨਾਲ ਹੀ ਤਾਂ ਮਾਹਕਾਲ, ਕਾਲਕਾ, ਭਗੳਤੀ, ਨੇ ਆਕੇ ਅੰਮ੍ਰਿਤ ਤਿਆਰ ਕੀਤਾ ਹੈ, ਜੋ ਅਸੀਂ ਛੱਕ ਲਿਆ ਅਤੇ ਛੱਕ ਰਹੇ ਹਾਂ ਬੱਸ। ਅਸੀਂ ਅੱਜ ਭੀ ਆਪਣੇ ਹੀ ਪਿਆਰੇ ਨਾਵਾਂ ਹੱਥੋਂ ਹੁੰਦੀ ਮੁਕਤੀ ਸਮਝ ਰਹੇ ਹਾਂ, ਪਿੱਛੇ ਛੁਪੇ ਦੁਸ਼ਮਣ ਦੀ ਪਛਾਣ ਨਹੀਂ ਕਰ ਰਹੇ।

ਬੱਸ ਦੁਸ਼ਮਣ ਦੀ ਤੈਨੂੰ ਖਤਮ ਕਰਨ ਦੀ ਇਹ ਚਾਲ ਅੱਜ ਹੀ ਨਹੀਂ ਤੇਰੇ ਜਨਮ ਨਾਲ ਸ਼ੁਰੂ ਹੋ ਗਈ ਸੀ। ਸਰੂਪ ਕਰਕੇ ਅਤੇ ਸਿਧਾਂਤ ਕਰਕੇ ਖਤਮ ਕਰਨ ਲਈ ਸਦੀਆਂ ਤੋਂ ਤੇਰੇ ਹੀ ਚੇਹਰਿਆਂ ਵਿਚ ਤੇਰੇ ਹੀ ਨਾਵਾਂ ਹੇਠ ਭਿਆਨਕ ਹਮਲੇ ਹੋ ਰਹੇ ਹਨ, ਜਿਸ ਨੂੰ ਅੱਜ ਤੱਕ ਤੂੰ ਨਹੀਂ ਸਮਝ ਸੱਕਿਆ। ਇਸ ਦਰਦਨਾਕ ਕਹਾਣੀ ਦੇ ਕੁਛ ਪੈਰੇ ਮੈਂ ਸੋਚਣ ਲਈ ਤੇਰੇ ਸਾਹਮਣੇ ਰੱਖ ਰਿਹਾ ਹਾਂ।

ਬ੍ਰਾਹਮਣਵਾਦ ਦੀ ਮਾਰੂ ਜਕੜ ਵਿਚੋਂ ਕੱਢ ਕੇ ਗੁਰੂ ਨਾਨਕ ਜੀ ਨੇ ਸਿੱਖੀ ਦਾ ਅਰੰਭ ਕੀਤਾ ਤਾਂ ਆਰੰਭ ਵਿੱਚ ਹੀ ਸਿੱਖ ਸਰੂਪ ਅਤੇ ਸਿੱਖ ਸਿਧਾਂਤ 'ਤੇ ਹਮਲਾਵਰ ਹੋਣ ਵਾਲੇ ਸਿੱਖ ਨਾਮ ਹੇਠ ਭਾਈ ਬਾਲਾ ਅਤੇ ਗੁਰੂ ਪ੍ਰਵਾਰ ਵਿਚੋਂ ਸ੍ਰੀ ਚੰਦ ਦੋ ਨਾਮ ਸਾਹਮਣੇ ਆ ਗਏ।

ਪਿੰਡ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਗੁਰੂ ਅੰਗਦ ਸਾਹਿਬ ਨੂੰ ਪਿੰਡੋਂ ਕਢਾਉਣ ਵਾਲਾ ਇਕ ਭੇਖਧਾਰੀ ਸਾਧ ਤਪਾ ਸੀ।

ਸੰਗਤ ਦੇ ਸਾਹਮਣੇ ਗੁਰੂ ਅਮਰ ਦਾਸ ਜੀ ਨੂੰ ਲੱਤ ਮਾਰ ਕੇ ਬੇਅਦਬੀ ਕਰਨ ਦੀ ਜ਼ੁੱਰਤ ਕਰਨ ਵਾਲਾ ਗੁਰੂ ਅੰਗਦ ਸਾਹਿਬ ਜੀ ਦਾ ਪੁਤਰ ਦਾਤੂ ਸੀ। ਸੰਗਤ ਇਸ ਲੱਤ ਮਾਰਨ ਦੀ ਬੇਅਦਬੀ ਦੇ ਇਤਿਹਾਸ ਨੂੰ ਗੁਰੂ ਅਮਰ ਦਾਸ ਜੀ ਦੀ ਨਿਮਰਤਾ ਕਹਿ ਕੇ ਜਰ ਲੈਂਦੀ ਹੈ। ਗੁਰੂ ਅਮਰ ਦਾਸ ਜੀ ਦਾ ਹੁਕਮ ਮੰਨ ਕੇ ਆਖਰ ਸਭ ਨੇ ਗੁਰੂ ਰਾਮ ਦਾਸ ਜੀ ਦੇ ਅੱਗੇ ਸੀਸ ਨਿਵਾ ਦਿਤਾ “ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿਥੈ ਗੁਰੂ ਆਪੁ ਰਖਿਆ ॥ ਕੋਈ ਕਰਿ ਬਖੀਲੀ ਨਿਵੈ ਨਾਹੀ ਫਿਰਿ ਸਤਿਗੁਰੂ ਆਣਿ ਨਿਵਾਇਆ” ਜੇਹੜਾ ਨਾ ਨਿਵਿਆਂ ਉਹ ਗੁਰੂ ਪੁਤਰ ਮੋਹਣ ਸੀ।

ਗੁਰੂ ਅਰਜਨ ਸਾਹਿਬ ਜੀ ਦਾ ਸਭ ਤੋਂ ਵੱਡਾ ਸਿਧਾਂਤਕ ਅਤੇ ਜਾਨੀ ਦੁਸ਼ਮਨ ਪ੍ਰਿਥੀਚੰਦ ਵੱਡਾ ਭਰਾ ਸੀ।

ਗੁਰੂ ਹਰ ਗੋਬਿੰਦ ਸਾਹਿਬ ਨੂੰ ਜਾਨੋ ਮਾਰਨ ਦੀਆਂ ਸਕੀਮਾ ਬਨਾਣ ਵਾਲਾ ਤਾਇਆ ਪ੍ਰਿਥੀਚੰਦ ਸੀ।

ਗੁਰੂ ਹਰ ਰਾਏ ਸਾਹਿਬ ਦੇ ਫੈਸਲੇ ਤੋਂ ਅਤੇ ਗੁਰੂ ਘਰ ਤੋਂ ਬੇਮੁਖ ਹੋਣ ਵਾਲਾ ਰਾਮ ਰਾਏ ਗੁਰੂ ਪੁਤਰ ਸੀ।

ਗੁਰੂ ਹਰਕਿਸ਼ਨ ਸਾਹਿਬ ਨਾਲ ਗੱਦੀ ਦੀ ਈਰਖਾ ਰੱਖ ਕੇ ਦੁਸ਼ਮਣੀ ਪਾਲਣ ਵਾਲਾ ਵੱਡਾ ਭਰਾ ਰਾਮ ਰਾਏ ਸੀ।

ਗੁਰੂ ਤੇਗ ਬਹਾਦਰ ਸਾਹਿਬ 'ਤੇ ਗੋਲੀ ਚਲਵਾਉਣ ਵਾਲਾ ਧੀਰ ਮੱਲ ਗੁਰੂ ਪੁਤਰ ਸੀ।

ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਅਤੇ ਮਾਤਾ ਜੀ ਨੂੰ ਸ਼ਹੀਦ ਕਰਵਾਉਣ ਵਾਲਾ ਨਮਕ ਹਰਾਮ ਗੰਗੂ ਰਸੋਈਆ ਸੀ। ਘਰ ਦੀ ਰਸੋਈ ਦੀ ਜ਼ੁੰਮੇਵਾਰੀ ਕਿਸੇ ਆਪਣੇ ਤੇ ਵਿਸ਼ਵਾਸ਼ ਕਰਕੇ ਹੀ ਦਿਤੀ ਜਾਂਦੀ ਹੈ। ਪਰ ਧੋਖਾ।

ਇਸੇ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਹੱਥੀਂ ਆਪਣੀ ਮੌਜੂਦਗੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸਮੇਤ ਸੱਚ ਕੀ ਬਾਣੀ ਦਾ ਸੰਪੂਰਣ ਸੱਚ, ਸਿੱਖ ਦਾ ਨਿਤਨੇਮ, ਪਾਹੁਲ (ਅੰਮ੍ਰਿਤ) ਸਭ ਕੁੱਛ ਇਕੱਤਰ ਕਰਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਅਤੇ ਗੁਰਗੱਦੀ 'ਤੇ ਸੁਸ਼ੋਬਤ ਕਰ ਦਿੱਤਾ, ਤਾਂ ਕਿ ਬਾਅਦ ਵਿੱਚ ਕੋਈ ਗੁਰੂ ਦੇ ਨਾਮ ਹੇਠ ਸਿੱਖੀ ਨਾਲ ਧ੍ਰੋਹ ਧੋਖਾ ਨਾ ਕਰ ਸਕੇ।

ਪਰ ਦੁਸ਼ਮਨ ਬਾਜ਼ ਨਾ ਆਇਆ, ਉਸਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਸਿੱਖ ਸ਼ਕਤੀ ਨੂੰ ਬਰਬਾਦ ਕਰਨ ਲਈ ਸਿੱਖੀ ਵਿੱਚ ਸਤਿਕਾਰੇ ਜਾਣ ਵਾਲੇ ਦੋ ਨਾਮ ਚੁਣ ਲਏ। ਜ਼ਰਾ ਧਿਆਨ ਨਾਲ ਦੇਖਿਓ ਜੇ ਉਸ ਤੋਂ ਬਾਅਦ ਸਿੱਖ ਸ਼ਕਤੀ ਦੀ ਬਰਬਾਦੀ ਦੇ ਦੋ ਅਪ੍ਰਾਧ ਕੁਕਰਮ ਉਹਨਾਂ ਦੋ ਨਾਵਾਂ ਹੇਠ ਹੀ ਹੋਏ। ਉਹਨਾਂ ਅਪਰਾਧਾਂ ਵਿੱਚ ਮਾਤਾ ਸੁੰਦਰੀ ਅਤੇ ਭਾਈ ਮਨੀ ਸਿੰਘ ਜੀ ਦੇ ਨਾਵਾਂ ਦੀ ਦੁਰਵਰਤੋਂ ਹੋਈ।

ਅਪਰਾਧ ਨੰਬਰ 1:

ਗੁਰੂ ਜੀ ਦੀ ਅਪਣੀ ਚੋਣ ਬੰਦਾ ਬਹਾਦਰ ਜਦੋਂ ਸਿੱਖ ਸ਼ਕਤੀ ਪਰਤੀਕ ਬਣਿਆ, ਤਾਂ ਉਸ ਵੱਕਤ ਮਾਤਾ ਸੁੰਦਰੀ ਜਿਸਨੂੰ ਸਰਕਾਰੀ ਰਜ਼ੀਨੇ ਤੇ ਨਿਰਭਰ ਦਿਖਾਇਆ ਗਿਆ ਉਸ ਨੂੰ ਮੁੱਖ ਪਾਤਰ ਬਣਾਕੇ, ਬੰਦਾ ਸਿੰਘ ਦੇ ਖਿਲਾਫ ਉਸਦੀ ਚਿੱਠੀ ਅਤੇ ਭਾਈ ਮਨੀ ਸਿੰਘ ਜੀ ਦੀ ਅਗਵਾਈ ਵਿੱਚ ਤੱਤ ਖਾਲਸੇ ਦੇ ਹੱਕ ਵਿੱਚ ਫੈਸਲਾ ਕਰਕੇ, ਸਿੱਖੀ ਵਿਚੋਂ ਦੁਰਕਾਰ ਦਿਤਾ ਗਿਆ। ਤਵਾਰੀਖ ਗੁਰੂ ਖਾਲਸਾ ਵਿੱਚ ਗਿਆਨੀ ਗਿਆਨ ਸਿੰਘ ਜੀ ਨੇ ਲਿੀਖਆ ਹੈ ਕਿ ਬੰਦਾ ਸਿੰਘ ਬਹਾਦਰ ਨੇ ਖਾਲਸੇ ਨੂੰ ਆਪਸ ਵਿੱਚ ਮਿਲਕੇ ਰਹਿਣ ਲਈ ਪ੍ਰੇਰਨਾ ਰੂਪ ਚਿੱਠੀ ਲਿਖੀ, ਪਰ ਖਾਲਸਾ ਅਖਵਾਉਣ ਵਾਲਿਆਂ ਨੇ ਇਹ ਮਿਲਵਰਤਨ ਪ੍ਰਵਾਣ ਨਾ ਕੀਤੀ, ਆਖਿਰ ਨਿਰਾਸ਼ਤਾ ਵਿੱਚ ਬੰਦਾ ਸਿੰਘ ਬਹਾਦਰ ਨੇ ਬਚਨ ਕੀਤਾ

ਏਸ ਪੰਥ ਦੀ ਅਗਵਾਨੀ ਜਦੋਂ ਤੱਕ ਨਿਹੰਗ ਤੇ ਗੁਰਦੁਵਾਰੀਏ ਪੁਜਾਰੀ ਹਨ, ਉਤਨਾ ਚਿਰ ਇਹ ਪੰਥ ਕਦੇ ਉੱਨਤੀ ਨਹੀਂ ਕਰੇਗਾ
(ਗਿਆਨੀ ਗਿਆਨ ਸਿੰਘ ਕ੍ਰਿਤ ਕਿਤਾਬ "ਸ਼ਮਸ਼ੇਰ ਖਾਲਸਾ" - ਭਾਗ ਪਹਿਲਾ pdf ਪੰਨਾਂ ਨੰਬਰ 63 'ਤੇ "ਬੰਦੇ ਦਾ ਦੀਪਮਾਲਾ ਪਰ ਆਉਣਾ" ਸਿਰਲੇਖ ਹੇਠ ਲਿਖਿਆ ਹੈ)

ਜਿਸ ਬੰਦਾ ਸਿੰਘ ਬਹਾਦਰ ਨੇ ਆਖਰੀ ਸੁਆਸਾਂ ਤੱਕ ਤਸੀਹੇ ਅਤੇ ਕੁਰਬਾਨੀ ਸਹਿਤ ਸਿੱਖੀ 'ਤੇ ਪਹਿਰਾ ਦਿੱਤਾ, ਉਸ ਦੀ ਜ਼ਾਲਮਾਂ ਨਾਲ ਆਖਰੀ ਲੜਾਈ ਅਤੇ ਪਕੜੇ ਜਾਣ ਸਮੇਂ ਬੰਦਾ ਉਡੀਕਦਾ ਰਿਹਾ ਕਿ ਅੱਜ ਤਾਂ ਗੁਰਸਿੱਖਾਂ ਇਕੋ ਪਿਆਰ ਨਿਭਾਉਂਦਿਆਂ ਖਾਲਸਾ ਮਦਦ ਲਈ ਆਵੇਗਾ, ਪਰ ਸਰਕਾਰ ਨਾਲ ਸਮਝੌਤਾ ਕਰ ਚੁਕੇ ਤੱਤ ਖਾਲਸਾ ਪੰਥ ਅਖਵਾਉਣ ਵਾਲਿਆਂ ਨੇ ਬੰਦਾ ਸਿੰਘ ਬਹਾਦਰ ਨਾਲ ਬੇਵਫਾਈ ਕੀਤੀ। ਅੱਜ ਤਿਨ ਸੌ ਸਾਲ ਬਾਅਦ ਸਾਨੂੰ ਬੰਦਾ ਸਿੰਘ ਬਹਾਦਰ ਯਾਦ ਆਇਆ।

ਉਹਨਾਂ ਹੀ ਨਾਵਾਂ ਥੱਲੇ ਅਪਰਾਧ ਨੰਬਰ 2

ਮਾਤਾ ਸੁੰਦਰੀ ਜੀ ਦੇ ਕਹਿਣ 'ਤੇ ਭਾਈ ਮਨੀ ਸਿੰਘ ਜੀ ਕੋਲੋਂ ਬ੍ਰਾਹਮਣੀ ਬਚਿੱਤਰ ਨਾਟਕ ਦੀਆਂ ਰਚਨਾਵਾਂ ਥਾਂ ਥਾਂ ਤੋਂ ਇਕੱਠੀਆਂ ਕਰਕੇ ਮਾਤਾ ਸੁੰਦਰੀ ਨੂੰ ਚਿੱਠੀ ਲਿਖੀ ਅਤੇ ਤ੍ਰਿਯਾ ਚਰਿੱਤਰ ਵਰਗੀਆਂ ਅਸ਼ਲੀਲ ਰਚਨਾਵਾਂ ਨੂੰ ਗੁਰੂ ਦਾ ਨਾਮ ਦਿੱਤਾ ਅਤੇ ਬਾਅਦ ਵਿੱਚ ਉਸ ਗ੍ਰੰਥ ਨੂੰ ਦਸਮ ਦੇ ਨਾਮ ਨਾਲ ਜੋੜਿਆ ਗਿਆ।

ਭਾਈ ਕ੍ਹਾਨ ਸਿੰਘ ਨਾਭਾ ਨੇ ਗੁਰਮਤ ਮਾਰਤੰਡ ਭਾਗ 2 ਵਿੱਚ (ਕਿਤਾਬ ਦਾ ਪੰਨਾਂ ਨੰਬਰ 570, pdf ਪੰਨਾਂ ਨੰਬਰ 178 'ਤੇ) ਲਿਖਿਆ ਹੈ ਕਿ:

"...ਪੰਥ ਨੇ ਦਸ਼ਮੇਸ਼ ਦੇ ਥਾਪੇ ਨਿਯਮ ਤੋਂ ਵਿਰੁਧ ਇਹ ਫੈਸਲਾ ਸ਼ਖਸੀ ਰਾਯੇ ਪੁਰ ਕੀਤਾ, ਚਾਹੀਦਾ ਇਹ ਸੀ ਕੇ ਦੀਵਾਨ ਦੀ ਸਰਬ ਸਮਤੀ ਨਾਲ ਗੁਰਮਤਾ ਸੋਧਿਆ ਜਾਂਦਾ, ਅਰ ਜਿਵੇਂ ਭਾਈ ਮਨੀ ਸਿੰਘ ਜੀ ਦੀ ਲਿਖੀ ਹੋਈ ਚੌਥੀ ਬੀੜ ਅਪ੍ਰਵਾਣ ਕੀਤੀ ਗਈ ਸੀ, ਤਿਵੇਂ ਇਸ ਬੀੜ ਦੀਆਂ ਪੋਥੀਆਂ ਵੱਖ ਵੱਖ ਕਰ ਦਿੱਤੀਆਂ ਜਾਂਦੀਆਂ। ਅਸੀਂ ਭਾਈ ਮਨੀ ਸਿੰਘ ਜੀ ਨੂੰ ਪੰਥ ਰਤਨ ਅਤੇ ਧਰਮ ਵੀਰ ਮੰਨਦੇ ਹੋਏ ਭੀ ਇਹ ਆਖਣੋ ਸੰਕੋਚ ਨਹੀਂ ਕਰਦੇ ਕੇ ਭਾਈ ਸਾਹਿਬ ਨੇ ਇਹ ਅਜੇਹੀ ਭੁਲ ਕੀਤੀ ਹੈ, ਜਿਸ ਤੋਂ ਅਪਾਰ ਹਾਨੀਂ ਪੁਜੀ ਹੈ, ਅਰ ਅਗੋਂ ਨੂੰ ਭੀ ਭਾਰੀ ਨੁਕਸਾਨ ਹੋਣ ਦਾ ਡਰ ਹੈ।"

ਇਹ ਲਫਜ਼ ਹਨ ਭਾਈ ਕਾਹਨ ਸਿੰਘ ਨਾਭਾ ਦੇ। ਇਹ ਦੋਨੋ ਕੰਮ ਗੁਰਮਤਿ ਅਨੁਸਾਰੀ ਵਿਚਾਰ ਵਟਾਂਦਰੇ ਨਾਲ ਨਹੀਂ ਕੀਤੇ ਗਏ, ਬਲਕਿ ਗੁਰਮਤਿ ਵਿਰੋਧੀ ਇੱਕ ਲਾਟਰੀ ਸਿਸਟਮ ਨਾਲ ਕੀਤੇ ਗਏ। ਪਰ ਕਦੀ ਅਸੀਂ ਸੋਚਿਆ ਕਿ ਗੁਰੂ ਦਾ ਫੈਸਲਾ ਵੱਡਾ ਹੈ ਕਿ ਭਾਈ ਮਨੀਂ ਸਿੰਘ ਦੇ ਨਾਮ ਹੇਠ ਕੀਤੇ ਅਖੌਤੀ ਫੈਸਲੇ ਨੂੰ ਵੱਡਾ ਮੰਨਣਾ ਹੈ। ਇਨ੍ਹਾਂ ਨਾਵਾਂ ਨੂੰ ਜਾਅਲੀ ਤੌਰ 'ਤੇ ਵਰਤ ਕੇ ਸਿੱਖੀ ਨਾਲ ਕੀ ਕੀ ਸਿਧਾਂਤਕ ਜ਼ੁਲਮ ਕੀਤੇ ਗਏ ਲਿਖਿਣ ਲਈ ਬਹਤ ਵੱਡੀ ਲਿਸਟ ਹੈ, ਪਰ ਜਿਹੜੇ ਸਿੱਖ ਦੁਸ਼ਮਣ ਵੀਚਾਰ ਪਿੱਛੇ ਬੈਠ ਕੇ ਇਨ੍ਹਾਂ ਨਾਵਾਂ ਦੀ ਦੁਰਵਰਤੋਂ ਕਰ ਰਹੇ ਹਨ, ਉਹਨਾ ਨੂੰ ਪਛਾਣੋ ਕਿ ਅਸੀਂ ਇਉਂ ਬਿਨਾ ਪੜਚੋਲ ਕੀਤੇ, ਸਿਰ ਝੁਕਾਕੇ ਸਿਰ ਲੁਹਾਂਦੇ ਰਹਾਂਗੇ।

ਕੀ ਇਹ ਉਪਰ ਵਾਲੇ ਸਾਰੇ ਪੈਰੇ ਇਹ ਸਾਬਤ ਨਹੀਂ ਕਰਦੇ ਕਿ ਗੁਰੂ ਅਤੇ ਸਿੱਖੀ 'ਤੇ ਜ਼ੁਲਮ ਕਰਨ ਵਾਲੇ ਬਹੁਤੇ ਆਪਣੇ ਹੀ ਅਖਵਾਂਉਦੇ ਸਨ। ਇਸ ਸਾਰੇ ਇਤਹਾਸ ਦੀ ਰੌਸ਼ਨੀ ਵਿਚ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਦੇਖ ਕੇ ਅਨਡਿਠ ਕਰਨ ਦੀ ਥਾਵੇਂ “ਦੇਖਹੁ ਪਸਾਰਿ ਨੈਨ” ਦੀ ਜਾਗ੍ਰਤੀ ਵਿਚ ਪੜਚੋਲ ਕਰਕੇ ਆਪਣੇ ਵਲੋਂ ਚਲਾਈ ਮਸੰਦ ਪ੍ਰਥਾ ਨੂੰ ਖਤਮ ਕਰਨ ਦਾ ਅਤੇ ਮਸੰਦਾਂ ਨੂੰ ਸਖਤ ਸਜਾਵਾਂ ਦੇਣ ਦਾ ਫੈਸਲਾ ਕੀਤਾ ਸੀ।

ਪਰ ਅਸੀਂ ਅੱਜ ਭੀ ਮਰੀਯਾਦਾ ਦੇ ਨਾਲ ਪੰਥ ਦੇ ਨਾਮ ਦੀ ਵਰਤੋਂ, ਦੂਜੇ ਗ੍ਰੰਥ ਦੇ ਨਾਲ ਦਸਮ ਦੀ ਵਰਤੋਂ, ਬ੍ਰਾਹਮਣੀ ਕਰਮ ਕਾਂਡੀ ਸੰਪਰਦਾਵਾਂ ਦੇ ਨਾਲ ਗੁਰੂ ਅਤੇ ਮਹਾਨ ਸ਼ਹੀਦ ਸਿੱਖਾਂ ਦੇ ਨਾਮ ਦੀ ਵਰਤੋਂ ਕਰਨ ਵਾਲਿਆਂ ਦੀ ਪੜਚੋਲ ਨਹੀਂ ਕਰ ਰਹੇ। ਅੱਜ ਫਿਰ ਪਛਾਨਣ ਦੀ ਲੋੜ ਹੈ। ਨਾ ਇਹ ਕੁਰਸੀਆਂ ਦੀ ਲੜਾਈ ਲੜਨ ਵਾਲਾ ਪ੍ਰਵਾਰ ਪ੍ਰੱਸਤੀ ਲਈ ਕੌਮ ਵੇਚ ਦੇਣ ਵਾਲਾ ਪੰਥ ਗੁਰੂ ਦਾ ਹੈ, ਨਾ ਦੇਵੀ ਦੇਵਤਿਆਂ ਦੀ ਉਪਾਸ਼ਣਾ ਅਤੇ ਲਵਕੁਸ਼ ਦੀ ਉਲਾਦ ਬਣਾਕੇ ਸਿੱਖੀ ਸਿਧਾਂਤ ਅਤੇ ਸਿੱਖੀ ਹੋਂਦ ਖਤਮ ਕਰਨ ਵਾਲਾ ਗ੍ਰੰਥ ਗੁਰੂ ਦਾ ਹੈ, ਗੁਰੂ ਅਤੇ ਸਿੱਖਾਂ ਦੇ ਨਾਮ ਵਰਤ ਕੇ ਸਿੱਖੀ ਨੂੰ ਬ੍ਰਾਹਮਣਵਾਦ ਦੇ ਕਰਮਕਾਂਡੀ ਸਾਗਰ ਵਿੱਚ ਗਰਕ ਕਰਨ ਜਾ ਰਹੀਆਂ ਡੇਰੇ ਅਤੇ ਸੰਪਰਦਾਵਾਂ ਗੁਰੂ ਦੀਆਂ ਨਹੀਂ ਹਨ, ਜਿਹਨਾਂ ਅੱਗੇ ਅਸੀਂ ਸਿਰ ਝੁਕਾਈ ਬੈਠੇ ਹਾਂ।

ਜੇ ਕੋਈ ਜਾਗਰਤ ਸਿੱਖ ਗੁਰੂ ਦੀ ਅਗਵਾਈ ਵਿਚ ਪੜਚੋਲ ਕਰਨ ਲਈ ਆਵਾਜ਼ ਦੇਂਦਾ ਹੈ, ਤਾਂ ਅਸੀਂ ਉਸ ਲਈ ਤਲਵਾਰਾਂ ਬੰਦੂਕਾਂ ਕੱਢ ਲੈਂਦੇ ਹਾਂ। ਅਸੀਂ ਸਿੱਖ ਅਖਵਾਂਦੇ ਹਾਂ, ਪਰ ਅੱਜ ਸਾਡੇ ਵਿਚੋਂ ਹੀ ਕੁਛ ਭੁੱਲੜ ਲੋਕ ਗਿਆਨੀ ਕੁਲਦੀਪ ਸਿੰਘ ਜੀ ਵਾਸ਼ਿੰਗਟਨ ਵਲੋਂ ਨਿਰੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਿਤਨੇਮ ਅਤੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਨਾਲ ਤਿਆਰ ਕੀਤੀ ਹੋਈ ਪਾਹੁਲ ਦਾ ਵਿਰੋਧ ਕਰਨ ਤੋਂ ਭੀ ਸੰਕੋਚ ਨਹੀਂ ਕਰ ਰਹੇ, ਕਿਉਂਕਿ ਦੁਸ਼ਮਣ ਸੋਚ ਨੇ ਪਿਛੇ ਬੈਠਕੇ ਦਸਮ ਦੇ ਨਾਮ ਹੇਠ ਪ੍ਰਚਾਰ ਕਰ ਕਰ ਕੇ ਸਾਡੇ ਅੰਦਰ ਬਚਿੱਤਰੀ ਜ਼ਹਿਰ ਦੇ ਸੰਸਕਾਰ ਰੱਖ ਦਿਤੇ ਹਨ। ਇਸੇ ਲਈ ਜ਼ੁਲਮ ਸਹਿ ਰਹੇ ਹਾਂ ਅਤੇ ਖੇਰੂੰ ਖੇਰੂੰ ਹੋਕੇ ਬਰਬਾਦ ਹੋ ਰਹੇ ਹਾਂ। ਕਿਉਂਕਿ ਗੁਰੂ ਦਸਮ ਪਾਤਸ਼ਾਹ ਜੀ ਦੇ ਫੈਸਲੇ ਨੂੰ ਮੰਨ ਕੇ ਇਕੋ ਇਕ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਚੇ ਸਿੱਖ ਨਹੀਂ ਬਣ ਰਹੇ।

ਜਾਨਿ ਅਜਾਨ ਭਏ ਹਮ ਬਾਵਰ ਸੋਚ ਅਸੋਚ ਦਿਵਸ ਜਾਹੀ ॥
ਇੰਦ੍ਰੀ ਸਬਲ ਨਿਬਲ ਬਿਬੇਕ ਬੁਧਿ ਪਰਮਾਰਥ ਪਰਵੇਸ ਨਹੀ ॥
2॥


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top