Share on Facebook

Main News Page

ਸਿੱਖਾਂ ਦਾ ਗੁਰੂ ਕੌਣ ?
-: ਪ੍ਰੋ. ਇੰਦਰ ਸਿੰਘ ‘ਘੱਗਾ’
(ਪੁਸਤਕ-ਪੜਿਆ ਬੂਝੈ ਸੋ ਪਰਵਾਣੁ)
INDER SINGH GHAGGA·THURSDAY, JUNE 23, 2016

ਉਪਰਲਾ ਸਿਰਲੇਖ ਪਾਠਕਾਂ ਨੂੰ ਚੁਭਵਾਂ ਲੱਗ ਸਕਦਾ ਹੈ। ‘ਸ਼ਰਧਾਵਾਨਾਂ’ ਨੂੰ ਸ਼ਰਾਰਤ ਪੂਰਨ ਮਹਿਸੂਸ ਹੋ ਸਕਦਾ ਹੈ। ਅਸਲ ਵਿਚ ਅਜਿਹਾ ਹੈ ਨਹੀਂ। ਕੁੱਝ ਕੌੜੇ ਸੱਚ ਤੁਹਾਡੇ ਸਨਮੁਖ ਰੱਖਣ ਲਗਿਆ ਹਾਂ, ਜਿਨ੍ਹਾਂ ਨੂੰ ਪੜ੍ਹ ਕੇ ਤੁਸੀਂ ਖ਼ੁਦ ਸੋਚਣ ਲਈ ਮਜਬੂਰ ਹੋ ਜਾਵੋਗੇ ਕਿ ‘ਸਿੱਖਾਂ ਦਾ ਗੁਰੂ ਕੌਣ ਹੈ? ਸੱਭ ਤੋਂ ਵੱਧ ਮੰਨਣਯੋਗ ਗਵਾਹੀ ਗੁਰਬਾਣੀ ਹੈ। ਸਿੱਖਾਂ ਨੇ ਜੋ ਕੰਮ ਕਰਨੇ ਹਨ, ਉਹ ਗੁਰਬਾਣੀ ਦੇ ਚਾਨਣ ਵਿਚ ਕਰਨੇ ਹੁੰਦੇ ਹਨ। ਗੁਰੂ ਜਾਂ ਰੱਬ ਕੌਣ ਹੈ, ਉਸ ਦਾ ਸਰੂਪ ਕਿਹੋ ਜਿਹਾ ਹੈ? ਅੱਜ ਸਿੱਖ ਨੇ ਕਿਥੋਂ ਅਗਵਾਈ ਲੈਣੀ ਹੈ, ਇਹ ਨਿਰਣਾ ਗੁਰਬਾਣੀ ਤੋਂ ਕਰਵਾਉਣਾ ਹੈ।

ਦੁਖਦਾਈ ਪਹਿਲੂ ਇਹ ਹੈ ਕਿ ਸਿੱਖ ਅਖਵਾਉਣ ਵਾਲਿਆਂ ਨੇ, ਖ਼ੁਦ ਗੁਰੂ ਗ੍ਰੰਥ ਸਾਹਿਬ ਅਰਥਾਂ ਸਮੇਤ ਪੜ੍ਹਿਆ ਹੀ ਨਹੀਂ। ਕੱਚ ਘਰੜ ਕਥਾਵਾਚਕਾਂ ਤੋਂ ਕਥਾ ਸੁਣੀ ਹੈ ਜਾਂ ਸਾਧਾਂ ਤੋਂ ਕੁਫ਼ਰ ਕਹਾਣੀਆਂ ਸੁਣੀਆਂ ਹਨ। ਬਹੁਗਿਣਤੀ ‘ਮਾਈ ਭਾਈ’ ਨੇ ਆਪਣੇ ਦਿਮਾਗ਼ ਦੀ ਕਦੀ ਵਰਤੋਂ ਹੀ ਨਹੀਂ ਕੀਤੀ। ਜੇਕਰ ਅਕਲ ਵਰਤੀ ਹੁੰਦੀ ਤਾਂ ਹਜ਼ਾਰਾਂ ਥਾਵਾਂ ’ਤੇ ‘ਸਿੱਖ’ ਮੱਥੇ ਰਗੜਦੇ, ਭੇਟਾਵਾਂ ਅਰਪਣ ਕਰਦੇ ਕਦੇ ਨਾ ਦਿਸਦੇ। ਇਕ ਕਰਤਾ ਪੁਰਖ ਨੂੰ ਮੰਨਦੇ, ਗੁਰਬਾਣੀ ਤੋਂ ਅਗਵਾਈ ਪ੍ਰਾਪਤ ਕਰਦੇ। ਗੁਰਬਾਣੀ ਨੇ ‘ਗੁਰੂ’ ਕਿਸ ਨੂੰ ਮੰਨਿਆ ਹੈ, ਆਉ ਪਰਮਾਣ ਪੜ੍ਹੀਏ :

- ਗੁਰੁ ਦਾਤਾ ਗੁਰੁ ਹਿਵੈ ਘਰੁ ਗੁਰੁ ਦੀਪਕੁ ਤਿਹ ਲੋਇ॥ (137)
- ਗੁਰੁ ਦਾਤਾ ਸਮਰਥੁ ਗੁਰੁ ਗੁਰੁ ਸਭ ਮਹਿ ਰਹਿਆ ਸਮਾਇ॥ ਗੁਰੁ ਪਰਮੇਸਰੁ ਪਾਰਬ੍ਰਹਮੁ ਗੁਰੁ ਡੁਬਦਾ ਲਏ ਤਰਾਇ॥2॥ (49)
- ਨਾਨਕ ਨਾਮੁ ਨ ਵੀਸਰੈ ਮੇਲੇ ਗੁਰੁ ਕਰਤਾਰ॥ (59)
- ਆਗੈ ਪੂਛ ਨ ਹੋਵਈ ਜਿਸੁ ਬੇਲੀ ਗੁਰੁ ਕਰਤਾਰੁ॥ (62)
- ਜੋ ਆਇਆ ਸੋ ਚਲਸੀ ਅਮਰੁ ਸੁ ਗੁਰੁ ਕਰਤਾਰੁ॥ (63)
- ਅਪਰੰਪਰ ਪਾਰਬ੍ਰਹਮੁ ਪਰਮੇਸਰੁ ਨਾਨਕ ਗੁਰੁ ਮਿਲਿਆ ਸੋਈ ਜੀਉ॥ (599)
- ਜਿਥੈ ਕੋ ਵੇਖੈ ਤਿਥੈ ਮੇਰਾ ਸਤਿਗੁਰੂ ਹਰਿ ਬਖਸਿਓਸੁ ਸਭੁ ਜਹਾਨੁ॥ (853)
- ਗੁਰੁ ਮੇਰੀ ਪੂਜਾ ਗੁਰੁ ਗੋਬਿੰਦੁ॥ ਗੁਰੁ ਮੇਰਾ ਪਾਰਬ੍ਰਹਮੁ ਗੁਰੁ ਭਗਵੰਤੁ॥
ਗੁਰੁ ਮੇਰਾ ਦੇਉ ਅਲਖ ਅਭੇਉ॥ ਸਰਬ ਪੂਜ ਚਰਨ ਗੁਰ ਸੇਉ॥1॥
ਗੁਰ ਬਿਨੁ ਅਵਰੁ ਨਾਹੀ ਮੈ ਥਾਉ॥ ਅਨਦਿਨੁ ਜਪਉ ਗੁਰੂ ਗੁਰ ਨਾਉ॥1॥ ਰਹਾਉ॥
ਗੁਰੁ ਮੇਰਾ ਗਿਆਨੁ ਗੁਰੁ ਰਿਦੈ ਧਿਆਨੁ॥ ਗੁਰੁ ਗੋਪਾਲੁ ਪੁਰਖੁ ਭਗਵਾਨੁ॥
ਗੁਰ ਕੀ ਸਰਣਿ ਰਹਉ ਕਰ ਜੋਰਿ॥ ਗੁਰੂ ਬਿਨਾ ਮੈ ਨਾਹੀ ਹੋਰੁ॥2॥ (864)

ਕਬੀਰ ਜੀ ਦਾ ਗੁਰੂ:
- ਤੂੰ ਸਤਿਗੁਰੁ ਹਉ ਨਉਤਨੁ ਚੇਲਾ॥ ਕਹਿ ਕਬੀਰ ਮਿਲੁ ਅੰਤ ਕੀ ਬੇਲਾ॥ (324)
- ਸੋ ਗੁਰੁ ਕਰਹੁ ਜਿ ਬਹੁਰਿ ਨ ਕਰਨਾ॥ ਸੋ ਪਦੁ ਰਵਹੁ ਜਿ ਬਹੁਰਿ ਨ ਰਵਨਾ॥ (327)
- ਗੁਰ ਪਰਸਾਦਿ ਐਸੀ ਬੁਧਿ ਸਮਾਨੀ॥ ਚੂਕਿ ਗਈ ਫਿਰਿ ਆਵਨ ਜਾਨੀ॥ (337)

ਨਾਮਦੇਵ ਜੀ ਦਾ ਗੁਰੂ:
- ਜੋਤੀ ਜੋਤਿ ਸਮਾਨੀ॥ ਮੈ ਗੁਰ ਪਰਸਾਦੀ ਜਾਨੀ॥ (657)
- ਗੁਰ ਪਰਸਾਦੀ ਜਾਨਿਆ॥ ਜਨੁ ਨਾਮਾ ਸਹਜ ਸਮਾਨਿਆ॥ (657)

ਧੰਨਾ ਜੀ ਦਾ ਗੁਰੂ
- ਗਿਆਨ ਪ੍ਰਵੇਸੁ ਗੁਰਹਿ ਧਨੁ ਦੀਆ, ਧਿਆਨੁ ਮਾਨੁ ਮਨ ਏਕ ਮਏ॥ (487)

ਰਵਿਦਾਸ ਜੀ ਦਾ ਗੁਰੂ
- ਇਉ ਗੁਰ ਪਰਸਾਦਿ ਨਰਕ ਨਹੀ ਜਾਤਾ॥ (487)

ਸਧਨਾ ਜੀ ਦਾ ਗੁਰੂ
- ਤਵ ਗੁਨ ਕਹਾ ਜਗਤ ਗੁਰਾ ਜਉ ਕਰਮ ਨ ਨਾਸੈ॥ (858)

ਭੀਖਨ ਜੀ ਦਾ ਗੁਰੂ
- ਗੁਰ ਪਰਸਾਦਿ ਕਹੈ ਜਨੁ ਭੀਖਨੁ ਪਾਵਉ ਮੋਖ ਦੁਆਰਾ॥ (659)

ਗੁਰਬਾਣੀ ਰਚਨਾਕਾਰ ਸਾਰੇ ਮਹਾਂਪੁਰਖਾਂ ਨੇ ਅਕਾਲ ਪੁਰਖ ਨੂੰ ਹੀ ਆਪਣਾ ਰਹਿਬਰ, ਆਗੂ ਮੁਖੀ ਜਾਂ ਗੁਰੂ ਸਵੀਕਾਰ ਕੀਤਾ ਹੈ। ਕਿਸੇ ਸਰੀਰ ਧਾਰੀ ਬੰਦੇ ਨੂੰ ਗੁਰੂ ਪ੍ਰਵਾਨ ਨਹੀਂ ਕੀਤਾ। ਸਮਾਂ ਬੀਤਦਿਆਂ ਆਪਣੇ ਗੁਰੂ ਸਾਹਿਬ ਦੇ ਉਪਕਾਰਾਂ ਦੀ ਬਦੌਲਤ ਸਿੱਖਾਂ ਨੇ ਆਪਣੇ ਮਹਾਂਪੁਰਖ, ਸਿਆਣਪ ਦੇ ਮੁਜੱਸਮੇ, ਬਹਾਦਰੀ ਦੀ ਸਿਖਰ ਤੇ ਪੁੱਜੇ, ਪਰਮ ਮਨੁੱਖਾਂ ਨੂੰ ਗੁਰੂ ਜਾਂ ਸਤਿਗੁਰੂ ਸਵੀਕਾਰ ਕਰ ਲਿਆ। ਮਨੁੱਖਤਾ ਦੇ ਵਿਚਕਾਰ ਅਜਿਹਾ ਰੱਬੀ ਰੂਪ, ਹੋਰ ਕੋਈ ਵਿਅਕਤੀ ਹੈ ਨਹੀਂ ਸੀ। ਰੱਬ ਬਾਰੇ ਸਾਰੇ ਧਰਮਾਂ ਦੀਆਂ ਆਪੋ ਆਪਣੀਆਂ ਮਨੌਤਾਂ ਸਨ। ਕਰਤਾ ਪੁਰਖ ਦੀ ਸ਼ਖ਼ਸੀਅਤ ਬਾਰੇ ਸਾਰਿਆਂ ਵਿਚ ਮਤਭੇਦ ਸਨ। ਬੇਅੰਤ ਗੁਣਾਂ ਨਾਲ ਭਰਪੂਰ, ਸਿੱਖ ਸੇਵਕਾਂ ਨੂੰ ਗੁਰੂ ਹੀ ਧਰਤੀ ਦਾ ਕਰਤਾਰ ਮਹਿਸੂਸ ਹੋ ਰਿਹਾ ਸੀ। ਸਿੱਖ ਸਮਾਜ ਵਿਚ ‘ਗੁਰੂ ਅਤੇ ਸਤਿਗੁਰੂ’ ਸ਼ਬਦ ਬੇਅੰਤ ਸਤਿਕਾਰ ਦੀਆਂ ਬੁਲੰਦੀਆਂ ’ਤੇ ਪੁੱਜ ਗਏ। ਇਹ ਭੀ ਧਿਆਨ ਵਿਚ ਰਹੇ ਕਿ ਇਕੋ ਸ਼ਬਦ ਦੇ ਪਰਕਰਣ ਅਨੁਸਾਰ ਅਰਥ ਵਖੋ ਵਖਰੇ ਹੋਇਆ ਕਰਦੇ ਹਨ। ਇਕ ਪ੍ਰਮਾਣ ਹੋਰ ਦੇ ਕੇ ਅੱਗੇ ਟੁਰਦੇ ਹਾਂ :

‘ਸਤਿਗੁਰੁ’ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ॥ ਓਹੁ ਅਬਿਨਾਸੀ ਪੁਰਖ ਹੈ, ਸਭ ਮਹਿ ਰਹਿਆ ਸਮਾਇ॥ (759)

ਅਕਾਲ ਪੁਰਖ ਦੇ ਨਾਲ ਨਾਲ ਮਨੁੱਖਤਾ ਦੇ ਸੱਚੇ ਹਮਦਰਦ ਦਸ ਮਹਾਪੁਰਖਾਂ ਨੂੰ ਅਸੀ ਗੁਰੂ ਪ੍ਰਵਾਨ ਕਰ ਲਿਆ ਹੈ, ਪਰ ਗੱਲ ਇਥੇ ਰੁਕੀ ਨਹੀਂ, ਸਮੇਂ ਦੇ ਬੀਤਣ ਨਾਲ ਸਿੱਖ ਅਵੇਸਲੇ ਹੋ ਗਏ। ਗੁਰਬਾਣੀ ਦੇ ਅਸੂਲਾਂ ਦੀ ਪਕੜ ਕਮਜ਼ੋਰ ਪੈ ਗਈ। ਆਪਣੇ ਭਾਈਚਾਰੇ ਵਿਚ ਗੁਰਬਾਣੀ ਦਾ ਚਾਨਣ ਨਾ ਫੈਲਾ ਸਕੇ। ਇਨ੍ਹਾਂ ਅਲਾਮਤਾਂ ਕਾਰਨ ਰਵਿਦਾਸ ਜੀ ਦੀ ਜਾਤ ਵਾਲੇ ਰਵਿਦਾਸੀਏ ਅਖਵਾਉਣ ਲੱਗ ਪਏ। ਗੁਰੂ ਅਰਜਨ ਸਾਹਿਬ ਵਲੋਂ ਬਖ਼ਸ਼ਿਆਂ ‘ਭਗਤ’ ਵਾਲਾ ਰੁਤਬਾ ਤਿਆਗ ਕੇ, ‘ਗੁਰੂ ਰਵਿਦਾਸ’ ਲਿਖਣਾ ਬੋਲਣਾ ਸ਼ੁਰੂ ਕਰ ਦਿਤਾ। ਕਬੀਰ ਜੀ ਦੇ ਸੇਵਕਾਂ ਨੇ ਉਨ੍ਹਾਂ ਨੂੰ ਗੁਰੂ ਸਵੀਕਾਰ ਕਰ ਲਿਆ। ਇਸੇ ਤਰਾਂ ਜਿਵੇਂ ਜਿਵੇਂ ਕਿਸੇ ਭਗਤ ਸਾਹਿਬ ਦੇ ਸੇਵਕਾਂ ਦੀ ਗਿਣਤੀ ਵਿਚ ਵਾਧਾ ਹੋਇਆ, ਉਨ੍ਹਾ ਨੇ ਆਪਣੇ ਭਗਤ ਜੀ ਨੂੰ ਗੁਰੂ ਜਾਂ ਸਤਿਗੁਰੁ ਲਿਖਣਾ ਬੋਲਣਾ ਸ਼ੁਰੂ ਕਰ ਦਿਤਾ। ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਵਿਚ ਅਕਾਲੀ ਸਰਕਾਰ ਵਲੋਂ, ‘ਸਤਿਗੁਰੂ ਰਵਿਦਾਸ’ ਵਿਭਾਗ ਖੋਲ੍ਹ ਕੇ, ਰਵਿਦਾਸ ਜੀ ਨੂੰ ਸਤਿਗੁਰੂ ਹੋਣ ਦੀ ਪ੍ਰਵਾਨਗੀ ਦੇ ਦਿਤੀ ਹੈ। ਇਸੇ ਯੂਨੀਵਰਸਿਟੀ ਵਿਚ ਇਕ ਇਕ ਹੋਰ ਵਿਭਾਗ ‘ਸਤਿਗੁਰੂ ਰਾਮ ਸਿੰਘ’ ਜੀ ਦੇ ਨਾਂ ’ਤੇ ਚਾਲੂ ਕਰ ਦਿਤਾ ਹੈ। 26 ਜੁਲਾਈ, 2015 ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ‘ਭਗਵਾਨ ਪਰਸ਼ੂਰਾਮ’ ਦਾ ਵਿਭਾਗ ਸ਼ੁਰੂ ਕਰਵਾ ਦਿਤਾ ਹੈ। ਹਾਲਾਂਕਿ ਇਸ ਦਾ ਗ਼ੈਰ ਬ੍ਰਾਹਮਣ ਹਿੰਦੂਆਂ ਨੇ ਸਖ਼ਤ ਵਿਰੋਧ ਕੀਤਾ ਹੈ। ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਬਿਆਨ ਦਿਤਾ ਹੈ ਕਿ ਅਸੀ ਇਹ ਵਿਭਾਗ ਚੱਲਣ ਨਹੀਂ ਦਿਆਂਗੇ। ਜਿਸ ਬ੍ਰਾਹਮਣ ਪਰਸ਼ੂਰਾਮ ਨੇ ਖੱਤਰੀਆਂ ਦੀਆਂ ਇੱਕੀ ਕੁਲਾਂ ਦਾ ਖ਼ਾਤਮਾ ਕੀਤਾ ਹੋਵੇ, ਕੀ ਉਹ ਸਤਿਕਾਰ ਦਾ ਪਾਤਰ ਹੋ ਸਕਦਾ ਹੈ? ਖ਼ੈਰ! ਨਤੀਜਾ ਕੋਈ ਨਿਕਲੇ ਬਾਦਲ ਜੀ ਨੂੰ ਤਾਂ ਬ੍ਰਾਹਮਣਵਾਦੀਆਂ ਦੀਆਂ ਵੋਟਾਂ ਚਾਹੀਦੀਆਂ ਹਨ, ਸਿੱਖੀ ਪਵੇ ਖੂਹ ਵਿਚ।

ਸਿੱਖਾਂ ਵਿਚ ਇਕ ਹੋਰ ਪ੍ਰੰਪਰਾ ਭੀ ਆਪਣੇ ਖੰਭ ਫੈਲਾ ਚੁੱਕੀ ਹੈ। ਉਹ ਹੈ ‘ਪੰਜ ਪਿਆਰੇ ਗੁਰੂ ਰੂਪ ਹਨ’। ਜੋ ਸਿੱਖ ਕੁੱਝ ਸਮਾਂ ਪਹਿਲਾਂ ਨਿਮਰਤਾ ਨਾਲ ਆਪਣਾ ਆਪਾ ਦਸਵੇਂ ਪਾਤਿਸ਼ਾਹ ਅੱਗੇ ਅਰਪਣ ਕਰ ਰਹੇ ਸਨ, ਖੰਡੇ ਕੀ ਪਾਹੁਲ ਪ੍ਰਾਪਤ ਕਰਦਿਆਂ ਹੀ ਉਹ ‘ਗੁਰੂ ਰੂਪ’ (?) ਹੋ ਗਏ। ਹਾਂ ਉਨ੍ਹਾਂ ਦੀ ਸੇਵਾ ਅਦੁੱਤੀ ਸੀ, ਸਿੱਖ ਰੂਪ ਵਿਚ ਜਿੰਨਾ ਸਤਿਕਾਰ ਕਰ ਸਕੀਏ, ਬਿਹਤਰ ਹੈ। ਪਰ ਪੰਜਾਂ ਸਿੰਘਾਂ ਨੂੰ ਗੁਰੂ ਨਾ ਬਣਾਈਏ। ਖ਼ੈਰ! ਉਹ ਪੰਜੇ ਸੂਰਮੇ ਤਾਂ ਆਪਣਾ ਫ਼ਰਜ਼ ਅਡੋਲ ਰਹਿ ਕੇ ਨਿਭਾ ਗਏ, ਜੀਵਨ ਸਫ਼ਲਾ ਕਰ ਗਏ। ਅੱਗੋਂ ਪੰਜਾਂ ਪਿਆਰਿਆਂ ਵਾਲੀ ਪ੍ਰਥਾ ਨੇ ਅਜਿਹਾ ਚਕਰਵਿਊ ਉਸਾਰਿਆ ਜਿਸ ਵਿਚ ਸਾਰਾ ਪੰਥ ਉਲਝ ਕੇ ਰਹਿ ਗਿਆ। ਨਾ ਇਸ ਨੂੰ ਛੱਡਣ ਜੋਗੇ, ਨਾ ਮੰਨਣ ਜੋਗੇ ਰਹੇ। ਗੱਲ ਅਸਲ ਵਿਚ ਇਉਂ ਹੈ ਕਿ ਕੋਈ ਭੀ ਪੰਜ ਬੰਦੇ ਇਕੱਠੇ ਕੀਤੇ। ਖ਼ਾਸ ਤਰਾਂ ਦੇ ਲੰਮੇ ਚੋਲੇ ਪਹਿਨਾਏ। ਹੱਥਾਂ ਵਿਚ ਕ੍ਰਿਪਾਨਾਂ ਫੜਾਈਆਂ। ਨੰਗੇ ਪੈਰ ਤੇ ਨੰਗੀਆਂ ਲੱਤਾਂ ਰੱਖ ਕੇ, ਬਣ ਗਏ ‘ਪੰਜ ਪਿਆਰੇ ਗੁਰੂ ਦਾ ਖ਼ਾਸ ਰੂਪ’। ਗੁਰਬਾਣੀ ਅਨੁਸਾਰ, ਇਨ੍ਹਾਂ ਦਾ ਜੀਵਨ ਤਾਂ ਦੂਰ ਦੀ ਗੱਲ, ਬਹੁਤਿਆਂ ਨੂੰ ਗੁਰਬਾਣੀ ਦੀਆਂ ਦੋ ਪੰਕਤੀਆਂ ਭੀ ਯਾਦ ਨਹੀਂ ਹੁੰਦੀਆਂ। ਕਈਆਂ ਦੇ ਜੀਵਨ ਵਿਚ ਕਮਜ਼ੋਰੀਆਂ ਹੁੰਦੀਆਂ ਹਨ। ਅਜਿਹੇ ਬਹੁਤ ਸਾਰੇ ਪ੍ਰਮਾਣ ਸਾਹਮਣੇ ਆ ਚੁੱਕੇ ਹਨ। ਕਹਿਣ ਨੂੰ ਪੰਜ ਪਿਆਰੇ, ‘ਗੁਰੂ ਰੂਪ’ ਹਨ।

ਅੱਗੇ ਮੰਨਿਆ ਜਾਂਦਾ ਹੈ ਕਿ ‘ਸਰਬੱਤ ਖ਼ਾਲਸਾ ਗੁਰੂ ਰੂਪ ਹੈ’। ਕਹਿਣ ਨੂੰ ਸਰਬੱਤ ਖ਼ਾਲਸਾ ਦਾ ਅਰਥ ਹੈ ਦੁਨੀਆਂ ਭਰ ਵਿਚ ਵਸਣ ਵਾਲੇ ਸਾਰੇ ਸਿੱਖ ਜਦੋਂ ਇਕੱਠੇ ਹੋ ਕੇ ਫ਼ੈਸਲਾ ਲੈਣ, ਉਹ ਸਰਬੱਤ ਖ਼ਾਲਸਾ ਦਾ ਫ਼ੈਸਲਾ ਹੈ। ਸਾਰੇ ਸਿੱਖ ਤਾਂ ਇਕ ਥਾਵੇਂ ਇਕੱਠੇ ਹੋ ਹੀ ਨਹੀਂ ਸਕਦੇ। ਜੇਕਰ ਕੋਈ ‘ਗਿੱਦੜ ਸਿੰਗੀ’ ਵਰਤ ਕੇ ਇਕੱਠੇ ਹੋ ਜਾਣ ਤਾਂ ਉਨ੍ਹਾਂ ਦੇ ਬੈਠਣ, ਖੜਨ ਦੀ ਥਾਂ ਨਹੀਂ ਹੋਵੇਗੀ। ਸਾਰਿਆਂ ਦੀਆਂ ਲੋੜਾਂ ਪੂਰੀਆਂ ਹੋ ਨਹੀਂ ਸਕਦੀਆਂ। ਫਿਰ ਦਲੀਲ ਦਿਤੀ ਜਾਂਦੀ ਹੈ, ਜੀ ਸਾਰੇ ਸਿੱਖਾਂ ਨੂੰ ਆਉਣ ਦੀ ਲੋੜ ਨਹੀਂ ਹੈ। ਉਨ੍ਹਾਂ ਦੇ ਚੁਣੇ ਹੋਏ ਮੁਖੀ ਆਉਣ ਤਾਂ ਭੀ ਸਰਬੱਤ ਖ਼ਾਲਸਾ ਹੀ ਬਣ ਜਾਂਦਾ ਹੈ। ਹੁਣ ਸ਼੍ਰੋਮਣੀ ਕਮੇਟੀ ਵਾਲੇ ਆਪਣੀ ਦਲੀਲ ਪੇਸ਼ ਕਰ ਦਿੰਦੇ ਹਨ। ਦੇਖੋ ਜੀ! ਸਾਰੇ ਸਿੱਖ ਪੰਥ ਦੀ ਚੁਣੀ ਹੋਈ ਸਿਰਮੌਰ ਜਥੇਬੰਦੀ, ਭਾਰਤ ਸਰਕਾਰ ਵਲੋਂ ਮਾਨਤਾ ਪ੍ਰਾਪਤ। ਇਸ ਦੇ ਚੁਣੇ ਹੋਏ ਮੈਂਬਰ ਜੋ ਫ਼ੈਸਲਾ ਕਰਨ, ਉਹੀ ‘ਸਰਬੱਤ ਖ਼ਾਲਸਾ’ ਦਾ ਫ਼ੈਸਲਾ ਮੰਨਿਆ ਜਾਣਾ ਚਾਹੀਦਾ ਹੈ। ਵਿਰੋਧੀ ਵਿਚਾਰਾਂ ਵਾਲੇ ਸਿੱਖ ਸ਼ੰਕਾ ਖੜਾ ਕਰਦੇ ਹਨ ਕਿ ਇਹ ਤਾਂ ਜਾਅਲੀ ਵੋਟਾਂ ਪੁਆ ਕੇ ਚੁਣੇ ਗਏ ਹਨ। ਇਹ ਨਸ਼ੇ ਅਤੇ ਪੈਸੇ ਵੰਡ ਕੇ ਵੋਟਾਂ ਖ਼ਰੀਦਦੇ ਹਨ। ਇਨ੍ਹਾਂ ਨੇ ਗੁੰਡਾ ਗਰਦੀ ਨਾਲ ਬੂਥਾਂ ’ਤੇ ਕਬਜ਼ਾ ਕਰ ਲਿਆ ਸੀ। ਇਹ ਤਾਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣ ਕੇ, ਗੋਲਕਾਂ ਲੁੱਟ ਕੇ ਖਾ ਗਏ। ਦੁਖਿਆਰੇ ਸਿੱਖਾਂ ਦੀ ਮਦਦ ਨਹੀਂ ਕਰਦੇ। ਧਰਮ ਕਾਰਜਾਂ ਵਾਸਤੇ ਆਇਆ ਪੈਸਾ ਰਾਜਨੀਤੀ ਵਿਚ ਰੋਹੜਦੇ ਹਨ। ਇਹ ਤਾਂ ਆਚਰਣਹੀਣ ਲੋਕ ਹਨ, ਸ਼ਰਾਬਾਂ ਪੀਂਦੇ ਹਨ...। ਆਪਸੀ ਖਹਿਬਾਜ਼ੀ ਕਾਰਨ ਇਕ ਦੂਜੇ ’ਤੇ ਅਜਿਹੇ ਗੰਦੇ ਮੰਦੇ ਇਲਜ਼ਾਮ ਲਾਉਣ ਵਾਲੇ ਖ਼ੁਦ ਕੀ ਦੁੱਧ ਧੋਤੇ ਪਾਕ ਪਵਿੱਤਰ ਹਨ? ਇਖਲਾਕਹੀਨ, ਬੇਈਮਾਨ ਗੁੰਡੇ ਅਨਸਰਾਂ ਨੂੰ ਫਿਰ ‘ਸਰਬੱਤ ਖ਼ਾਲਸਾ’ ਕਿਵੇਂ ਮੰਨ ਲਈਏ? ਕੀ ‘ਗੁਰੂ ਰੂਪ ਖ਼ਾਲਸਾ’ ਏਨਾ ਨਿਘਰਿਆ ਹੋਇਆ ਹੁੰਦਾ ਹੈ? ਅਜਿਹੇ ਲੋਕਾਂ ਵਲੋਂ ਲਏ ਫ਼ੈਸਲੇ ‘ਗੁਰੂ ਦੇ ਫ਼ੈਸਲੇ’ ਮੰਨੇ ਜਾ ਸਕਦੇ ਹਨ?

ਅੱਗੇ ਹੋਰ ਧਿਆਨ ਮਾਰੋ! ਸਿੱਖਾਂ ਦੀਆਂ ਰਾਜਨੀਤਕ ਜਥੇਬੰਦੀਆਂ ਗਿਣਤੀ ਤੋਂ ਬਾਹਰੀਆਂ ਹਨ। ਹਰ ਕੋਈ ਆਪੋ ਆਪਣੀ ਡਫ਼ਲੀ ਵਜਾਈ ਜਾ ਰਿਹਾ ਹੈ। ਖ਼ੁਦ ਨੂੰ ਸਭ ਤੋਂ ਵਧੀਆ ਸਿੱਖ ਮੰਨਦਾ ਹੈ, ਬਾਕੀ ਸਾਰੇ ਦੁੱਕੀ ਤਿੱਕੀ ਦਸਦਾ ਹੈ। ਇਸੇ ਤਰਾਂ ਧਰਮ ਦੇ ਨਾਂ ’ਤੇ ਹਜ਼ਾਰਾਂ ਜਥੇਬੰਦੀਆਂ ਆਪਣਾ ਰਾਗ ਅਲਾਪ ਰਹੀਆਂ ਨੇ। ਧਰਮ ਦਾ ਅਸਲੀ ਲੰਬੜਦਾਰ ਖ਼ੁਦ ਨੂੰ ਮੰਨਦੀਆਂ ਨੇ। ਬਾਕੀਆਂ ਨੂੰ ਕੱਚੇ ਪਿੱਲੇ ਮੰਨਦੀਆਂ ਹਨ। ਇਨ੍ਹਾਂ ਵਿਚੋਂ ‘ਸਰਬੱਤ ਖ਼ਾਲਸਾ’ ਸੱਦਣ ਦਾ ਹੱਕਦਾਰ ਕੌਣ ਹੋ ਸਕਦਾ ਹੈ? ਸਾਰੇ ਗੁਰੂ ਗ੍ਰੰਥ ਸਾਹਿਬ ਵਿਚ ਵਿਚਾਰਾਂ ਦਾ ਵਿਰੋਧ ਜਾਂ ਟਕਰਾਉ ਨਹੀਂ ਹੈ। ਜੋ ਸੇਧ ਗੁਰੂ ਨਾਨਕ ਬਾਬਾ ਜੀ ਨੇ ਬਖ਼ਸ਼ ਦਿਤੀ, ਬਾਕੀ ਸਾਰੇ ਮਹਾਂਪੁਰਖ ਉਸੇ ਸੇਧ ਵਿਚ ਚਲਦੇ ਰਹੇ ਹਨ। ਪਰ ਆਹ ‘ਗੁਰੂ ਰੂਪ ਖ਼ਾਲਸਾ ਤੇ ਸਰਬੱਤ ਖ਼ਾਲਸਾ’ ਇਕ ਦੂਜੇ ਦੀ ਪੱਗ ਲਾਹੁੰਦੇ ਹਨ। ਖ਼ੁਦ ਮੰਦੇ ਕੰਮ ਕਰਦੇ ਹਨ, ਦੂਜਿਆਂ ਨੂੰ ਖ਼ੂਬ ਬਦਨਾਮ ਕਰਦੇ ਹਨ। ਗਿਆਨ ਤੋਂ ਸਖਣੇ, ਗੁਰਬਾਣੀ ਤੋਂ ਅਣਜਾਣ, ਵਿਚਾਰ ਵਿਚ ਘਟੀਆ, ਆਚਰਣ ਵਿਚ ਨਖਿੱਧ, ਇਹ ‘ਸਰਬੱਤ ਖ਼ਾਲਸਾ’ ਹੋ ਸਕਦੇ ਹਨ?

ਸਾਰੇ ਡੇਰੇਦਾਰ ਸਾਧ ਭਾਵੇਂ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰ ਕੇ ਡੇਰਾ ਚਲਾਉਂਦੇ ਹਨ। ਅਸਲ ਵਿਚ ਵਿੰਗੇ ਟੇਢੇ ਢੰਗ ਨਾਲ ਉਹ ਪੂਜਾ ਆਪਣੀ ਹੀ ਕਰਾਉਂਦੇ ਹਨ। ਡੇਰੇਦਾਰਾਂ ਨੇ ਰਲ ਕੇ ਆਪਣੀ ਵਖਰੀ ਰਹਿਤ ਮਰਿਆਦਾ ਭੀ ਬਣਾ ਲਈ ਹੈ। ਉਂਝ ਸਾਰੇ ਡੇਰੇਦਾਰਾਂ ਦੀਆਂ ਮਰਿਆਦਾਵਾਂ ਇਕ ਦੂਜੇ ਨਾਲ ਨਹੀਂ ਮਿਲਦੀਆਂ। ਹਰ ਕੋਈ ਆਪਣੇ ‘ਸੰਤ’ ਨੂੰ ਸਭ ਤੋਂ ਮਹਾਨ ਦਸਦਾ ਹੈ। ਆਪਣੀ ਮਰਿਆਦਾ ਨੂੰ ਅਸਲੀ ਮਰਿਆਦਾ ਪ੍ਰਚਾਰਦਾ ਹੈ। ਇਸ ਤੋਂ ਅੱਗੇ ਪੰਜ ਜਥੇਦਾਰਾਂ ਦੀ ਆਪਸ ਵਿਚ ਨਹੀਂ ਬਣਦੀ। ਹਜ਼ੂਰ ਸਾਹਿਬ ਵਾਲੇ ਦੀ ਮਰਿਆਦਾ ਅਲੱਗ ਹੈ। ਪਟਨੇ ਵਾਲੇ ਦੀ ਵਖਰੀ ਹੈ। ਇਥੇ ਪੰਜਾਬ ਵਾਲੇ ਤਿੰਨੇ ਜਥੇਦਾਰ ਭੀ ਡੇਰਿਆਂ ਵਿਚੋਂ ਪੜ੍ਹੇ ਹਨ। ਉ€ਚੀ ਵਿਦਿਆ ਵਾਲਾ ਇਨ੍ਹਾਂ ਵਿਚੋਂ ਕੋਈ ਨਹੀਂ ਹੈ। ਬਾਹਰ ਵਾਲੇ ਜਥੇਦਾਰਾਂ ਦੀ ਗੱਲ ਨਾ ਭੀ ਕਰੀਏ। ਪੰਜਾਬ ਵਾਲੇ ਤਿੰਨੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸ੍ਰੀ ਬਾਦਲ ਜੀ ਦੇ ਅਧੀਨ ਹਨ। ਬਾਦਲ ਜੀ ਕਿਸੇ ਉਪਰਲੀ ਸ਼ਕਤੀ ਦੇ ਇਸ਼ਾਰੇ ਨਾਲ ਕੰਮ ਕਰਦੇ ਹਨ। ਇਨ੍ਹਾਂ ਵਿਚੋਂ ਸੋਚ ਕੇ ਦਸਣਾ ਕਿ ‘ਗੁਰੂ ਰੂਪ ਸਰਬੱਤ ਖ਼ਾਲਸਾ’ ਕਿਹੜਾ ਹੈ? ਉਹ ਸਰਬੱਤ ਖ਼ਾਲਸਾ ਦਸਣਾ ਜੋ ‘ਗੁਰਮਤਾ ਸੋਧ ਕੇ ਪੰਥ ਨੂੰ ਅਗਵਾਈ ਦੇ ਸਕੇ’।

ਹਾਲੀ ਤਾਂ ਸ਼ੁਕਰ ਹੈ ਅਕਾਲ ਪੁਰਖ ਦਾ ਕਿ ‘ਗੁਰੂ ਰੂਪ ਹੋ ਕੇ ਪੰਜ ਪਿਆਰੇ ਗੁਰਬਾਣੀ ਉਚਾਰਨ ਕਰਨ ਨਹੀਂ ਲੱਗੇ। ਗੁਰੂ ਨੂੰ ਤਾਂ ਬਾਣੀ ਉਚਾਰਨ ਕਰਨ ਦਾ ਪੂਰਾ ਅਧਿਕਾਰ ਹੁੰਦਾ ਹੈ। ‘ਪੰਜ ਸਿੰਘ ਸਾਹਿਬ ਗੁਰੂ ਰੂਪ’ ਹੋ ਕੇ ਹਕੁਮਨਾਮੇ ਤਾਂ ਜਾਰੀ ਕਰਨ ਲੱਗ ਹੀ ਪਏ ਹਨ। ਕੀ ਪਤਾ ਕਲ ਘਲੌਣ ਨੂੰ ਬਾਣੀ ਭੀ ਉਚਾਰਨ ਕਰਨੀ ਸ਼ੁਰੂ ਕਰ ਦੇਣ’’।

ਵੈਸੇ ਆਪਣੀਆਂ ਅੱਖਾਂ ਤੋਂ ‘ਸ਼ਰਧਾ ਦੀ ਪੱਟੀ’ ਉਤਾਰ ਕੇ ਧਿਆਨ ਨਾਲ ਵੇਖਣ ਦੀ ਖੇਚਲ ਕਰੋ। ਤੁਹਾਨੂੰ ਦਿਸ ਪੈਣਗੇ ਸਿੱਖ ਜੁੱਤੀਆਂ ਨੂੰ ਮੱਥਾ ਟੇਕਦੇ। ਲੋਕਾਂ ਦੇ ਪੈਰਾਂ ਦਾ ਮਿੱਟੀ ਘੱਟਾ ਮੱਥੇ ਨੂੰ ਲਾਉਂਦੇ। ਪੈਰ ਧੋਣ ਵਾਲੇ ਚੁਬੱਚੇ ਦਾ ਗੰਦਾ ਪਾਣੀ ਪੀਂਦੇ। ਤਲਾਵਾਂ, ਸਰੋਵਰਾਂ ਦਾ ਮੈਲਾ ਪਾਣੀ ਪੀਂਦੇ ਤੇ ਬੋਤਲਾਂ ਭਰ ਕੇ ਘਰਾਂ ਨੂੰ ਲਿਜਾਂਦੇ। ਤੇਲ, ਲੂਣ, ਝਾੜੂ, ਮਾਂਹ ਦੀ ਦਾਲ (ਜੋ ਹਿੰਦੂ ਦੇਵਤਿਆਂ ਨਮਿੱਤ ਦੇਣੀ ਮੰਨਦੇ ਹਨ) ਗੁਰਦਵਾਰੇ ਅਰਪਣ ਕਰਦੇ ਹਨ। ਬੇਰੀਆਂ, ਜੰਡਾਂ, ਕਿੱਕਰਾਂ, ਟਾਹਲੀਆਂ, ਥੜਿਆਂ ਅੱਗੇ ਲੰਮੇ ਪੈ ਕੇ ਨੱਕ ਰਗੜਦੇ ਹਨ। ਗ੍ਰੰਥੀਆਂ, ਪ੍ਰਧਾਨਾਂ, ਜਥੇਦਾਰਾਂ, ਕਥਾਵਾਚਕਾਂ, ਕੀਰਤਨੀਆਂ ਦੇ ਪੈਰਾਂ ’ਤੇ ਮੱਥੇ ਟੇਕਦੇ ਹਨ। ਜਿਨ੍ਹਾਂ ਥਾਵਾਂ ’ਤੇ ਮੱਥੇ ਟੇਕਦੇ ਹਨ, ਉਨ੍ਹਾਂ ਸਭਨਾਂ ਨੂੰ ਆਪਣੇ ਗੁਰੂ ਸਵੀਕਾਰ ਕਰਦੇ ਹਨ, ਤਾਂ ਹੀ ਝੁਕ ਕੇ ਮੱਥੇ ਟੇਕਦੇ ਹਨ।

ਸਿੱਖਾਂ ਦਾ ਤਾਂ ਇਕੋ ਗੁਰੂ, ਗੁਰੂ ਗ੍ਰੰਥ ਸਾਹਿਬ ਹੈ। ਆਹ ਹੋਰ ਬੇਅੰਤ ਗੁਰੂ ਕਿਵੇਂ ਪੈਦਾ ਹੋ ਗਏ? ਜ਼ਰੂਰ ਸੋਚਣਾ। ਪੰਜ ਪਿਆਰੇ ਗੁਰੂ ਰੂਪ, ਗੁਰੂ ਖ਼ਾਲਸਾ, ਗੁਰੂ ਰੂਪ ਸਾਧ ਸੰਗਤ...। ਨਾਲ ਹੀ ਆਖੀ ਜਾਣਗੇ, ‘ਸਾਡਾ ਗੁਰੂ ਕੇਵਲ ਸ਼ਬਦ ਗੁਰੂ ਹੈ। ਸਿਰਫ਼ ਗੁਰੂ ਗ੍ਰੰਥ ਸਾਹਿਬ ਹੀ ਸਾਡਾ ਗੁਰੂ ਹੈ। ਫਿਰ ਏਨੇ ਸਾਰੇ ਗੁਰੂ ਕਿਥੋਂ ਆ ਗਏ?

Source: https://www.facebook.com/notes/inder-singh-ghagga/


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top