Share on Facebook

Main News Page

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਕੁਰਾਨ ਸ਼ਰੀਫ ਤੱਕ ਗੱਲ ਆ ਗਈ ਹੈ, ਹੁਣ ਮੁੱਕਣੀ ਕਿੱਥੇ ਹੈ...?
-: ਗੁਰਿੰਦਰਪਾਲ ਸਿੰਘ ਧਨੌਲਾ 9316176519

ਬੇਸ਼ੱਕ ਅੱਜ ਮਨੁੱਖ ਪੜ ਲਿਖ ਗਿਆ ਹੈ ਅਤੇ ਉਸ ਨੇ ਕੁੱਝ ਅਜਿਹੀਆਂ ਤਕਨੀਕਾਂ ਨੂੰ ਜਨਮ ਦਿੱਤਾ ਹੈ, ਜਿਸ ਨਾਲ ਉਹ ਕੁਦਰਤ ਦੇ ਬਹੁਤ ਸਾਰੇ ਭੇਦ ਜਾਨਣ ਵਿੱਚ ਵੀ ਸਫਲ ਹੋਇਆ ਹੈ। ਇਸ ਵਿੱਚ ਵੀ ਕੋਈ ਭੁਲੇਖਾ ਨਹੀਂ ਅਕਾਲ ਪੁਰਖ ਬੇਅੰਤ ਹੈ, ਉਸ ਨੂੰ ਕਿਸੇ ਵੀ ਦੁਨਿਆਵੀ ਤਕਨੀਕ ਨਾਲ ਜਾਣਿਆ ਨਹੀਂ ਜਾ ਸਕਦਾ, ਪਰ ਕੁਝ ਰੂਹਾਨੀ ਰਮਜ਼ਾਂ ਉਸ ਪ੍ਰਭੂ ਦੀ ਪ੍ਰਭਿਤਾ ਅਤੇ ਪ੍ਰਭੂਸਤਾ ਦੀ ਨਿਸ਼ਾਨ ਦੇਹੀ ਕਰਦੀਆਂ ਹਨ, ਜਿਸ ਨਾਲ ਮਨੁੱਖ ਨੂੰ ਆਪਣੀ ਹੋਂਦ ਦਿੱਸ ਪੈਂਦੀ ਹੈ, ਫਿਰ ਉਹ ਉਸਦੇ ਬੇਅੰਤ ਦੇ ਅੰਤ ਵਲ ਜਾਣਾ ਛੱਡਕੇ ਉਸਦੀ ਰਜ਼ਾ ਵਿੱਚ ਜੀਣਾ ਸਿੱਖ ਜਾਂਦਾ ਹੈ। ਉਹਨਾਂ ਰੂਹਾਨੀ ਰਮਜ਼ਾਂ ਨੂੰ ਹਰ ਪੈਗੰਬਰ, ਗੁਰੂ ,ਭਗਤ ਜਾਂ ਕੁੱਝ ਹੋਰ ਨਾਵਾਂ ਨਾਲ ਜਾਣੀਆਂ ਜਾਣ ਵਾਲ਼ੀਆਂ ਨਿਰਮਲ ਰੂਹਾਂ, ਨੇ ਲੱਭਿਆ ਜਾਂ ਪ੍ਰਗਟ ਕੀਤਾ ਅਤੇ ਸਾਡੀ ਭਲਾਈ ਤੇ ਸੌਖੇ ਪ੍ਰਭੂ ਮਿਲਾਪ ਵਾਸਤੇ ਲਿਖਤੀ ਰੂਪ ਦੇ ਦਿੱਤਾ। ਜਿਸ ਨੂੰ ਅੱਗੋਂ ਵੇਦਾਂ, ਸ਼ਾਸ਼ਤਰਾਂ, ਗ੍ਰੰਥ ਦਾ ਨਾਮ ਮਿਲਿਆ।

ਹਰ ਧਰਮ ਦੇ ਲੋਕਾਂ ਨੇ ਆਪਣੀ ਧਰਮ ਪੋਥੀ ਦਾ ਆਪਣੇ ਅਨੁਸਾਰ ਨਾਮਕਰਨ ਕੀਤਾ। ਮੁਸਲਿਮ ਭਾਈ ਚਾਰੇ ਨੇ ਕੁਰਾਨ ਸ਼ਰੀਫ, ਈਸਾਈਆਂ ਨੇ ਬਾਈਬਲ , ਹਿੰਦੂਆਂ ਨੇ ਬਹੁਤ ਸਾਰੇ ਗ੍ਰੰਥਾਂ ਨੂੰ ਮਾਨਤਾ ਦਿੱਤੀ, ਜਿਸ ਵਿੱਚ ਸ੍ਰੀ ਭਗਵਤ ਗੀਤਾ, ਰਮਾਇਣ, ਵੇਦ ਸਿਮਰਤੀਆਂ, ਪੁਰਾਣ ਆਦਿਕ ਸ਼ਾਮਿਲ ਹਨ। ਬਹੁਤ ਸਾਰੀਆਂ ਧਰਮ ਪੋਥੀਆਂ, ਧਾਰਮਿਕ ਇਬਾਰਤ ਉਚਾਰਨ ਵਾਲ਼ਿਆਂ ਨੇ ਖੁਦ ਨਹੀਂ ਲਿਖੀਆਂ ਜਾਂ ਲਿਖਵਾਈਆਂ, ਜਿਵੇਂ ਰਮਾਇਣ ਵੀ ਰਾਮ ਚੰਦਰ ਜੀ ਨੇ ਹੱਥੀਂ ਨਹੀਂ ਲਿਖੀ, ਲੇਕਿਨ ਸੰਸਾਰ ਦੇ ਸਭ ਤੋਂ ਨਵੀਨਤਮ ਅਤੇ ਨਿਆਰੇ ਧਰਮ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਪਾਤਸ਼ਾਹ ਨੇ ਜਿੱਥੇ ਆਪ ਬਾਣੀ ਉਚਾਰੀ, ਉਸ ਨੂੰ ਲਿਖਿਆ, ਨਾਲ ਨਾਲ ਕੁੱਝ ਉਹਨਾਂ ਰੂਹਾਨੀ ਇੰਨਕਲਾਬੀ ਮਹਾਂਪੁਰਖਾਂ ਦੀ ਰਚਿਤ ਬਾਣੀ ਵੀ ਇਕੱਤਰ ਕੀਤੀ, ਜਿਹੜੇ ਗੁਰੂ ਨਾਨਕ ਦੇ ਪ੍ਰਗਟ ਹੋਣ ਤੋਂ ਪਹਿਲਾਂ ਸੰਸਾਰ ਤੋਂ ਵਿਦਾਇਗੀ ਲੈ ਚੁੱਕੇ ਸਨ। ਇਹ ਬਾਣੀ ਅੱਗੇ ਅੱਗੇ ਸੰਭਾਲਦੇ ਹੋਵੇ, ਪੰਜਵੇਂ ਨਾਨਕ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਨੇ ਇਸ ਬਾਣੀ ਨੂੰ ਸੰਪਾਦਤ ਕਰਕੇ ਪੋਥੀ ਸਾਹਿਬ ਦਾ ਰੂਪ ਦਿੱਤਾ ਅਤੇ ਅੱਗੋਂ ਦਸਵੇਂ ਨਾਨਕ ਨੇ ਇਸ ਨੂੰ ਜਾਗਤ ਜੋਤ ਗੁਰੂ ਦਾ ਦਰਜ਼ਾ ਦੇ ਕੇ, ਗੁਰੂ ਗ੍ਰੰਥ ਸਾਹਿਬ ਬਣਾ ਦਿੱਤਾ ਅਤੇ ਇਸ ਰੱਬੀ ਬਾਣੀ ਨੂੰ ਕਿਸੇ ਵਿਸ਼ੇਸ਼ ਫਿਰਕੇ ਦੀ ਨਾ ਆਖਕੇ ਸਗੋਂ ਹਰ ਪ੍ਰਾਣੀ ਮਾਤਰ ਦੇ ਕਲਿਆਣ ਦਾ ਸੋਮਾ ਆਖਿਆ।

ਏਨੇ ਪਵਿੱਤਰ ਗ੍ਰੰਥਾਂ ਦੀ ਹੋਂਦ ਅਤੇ ਉਸ ਵਿੱਚ ਦਰਜ਼ ਰੱਬੀ ਸੰਦੇਸ਼, ਜਿਸ ਨੂੰ ਵੱਡੇ ਵੱਡੇ ਲਾਊਡ ਸਪੀਕਰਾਂ ਰਾਹੀਂ ਹਰ ਰੋਜ਼ ਘੰਟਿਆਂ ਬੱਧੀ ਪ੍ਰਚਾਰਿਆ ਜਾਂਦਾ ਹੈ, ਕਿਤੇ ਯੱਗ, ਕਿਤੇ ਹਵਨ, ਕਿਤੇ ਰੋਜ਼ੇ, ਨਮਾਜ਼ਾਂ, ਕਿਤੇ ਕੀਰਤਨ, ਅਖੰਡ ਪਾਠ ਆਦਿਕ ਹੁੰਦੇ ਹਨ, ਪਰ ਮਨੁੱਖ ਫਿਰ ਵੀ ਹੈਵਾਨੀਅਤ ਵਾਲੀ ਬਿਰਤੀ ਵਿੱਚੋਂ ਬਾਹਰ ਨਹੀਂ ਆ ਸਕਿਆ। ਅਜੋਕਾ ਮਨੁੱਖ ਇਨਾਂ ਬੇਵਾਹਰਾ ਹੋ ਗਿਆ ਹੈ ਕਿ ਉਸ ਨੇ ਪਹਿਲਾਂ ਰੰਗ ਨਸਲ ਦੇ ਅਧਾਰ ਉੱਤੇ, ਇਕ ਦੂਜੇ ਦੀ ਨਸਲਕੁਸ਼ੀ ਕੀਤੀ ਅਤੇ ਹੁਣ ਉਹਨਾਂ ਧਾਰਮਿਕ ਗ੍ਰੰਥਾਂ ਨਾਲ ਵੀ ਦੁਸ਼ਮਣੀ ਕਮਾਉਣ ਲੱਗ ਪਿਆ ਹੈ। ਸੰਸਾਰ ਭਰ ਵਿੱਚੋਂ ਭਾਰਤ ਹੀ ਅਜਿਹਾ ਇੱਕ ਦੇਸ਼ ਹੈ, ਜਿਥੇ ਧਰਮ ਗ੍ਰੰਥ ਦਾ ਸਭ ਤੋਂ ਵਧੇਰੇ ਅਪਮਾਨ ਹੁੰਦਾ ਹੈ। ਅਮਰੀਕਾ ਕਨੇਡਾ ਸਮੇਤ ਹੋਰ ਵਿਕਸਤ ਮੁਲਕਾਂ ਵਿਚ, ਭਾਵੇਂ ਉਹਨਾਂ ਦਾ ਸਾਡੇ ਧਰਮਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਪਰ ਉਥੇ ਕਦੇ ਇਸ ਤਰਾਂ ਧਰਮ ਗ੍ਰੰਥਾਂ ਦੀ ਬੇਅਦਬੀ ਨਹੀਂ ਹੋਈ। ਫਿਰ ਸਿਰਫ ਭਾਰਤ ਵਿੱਚ ਹੀ ਅਜਿਹਾ ਕਿਉਂ ਹੋ ਰਿਹਾ ਹੈ?

ਅੱਜਕੱਲ ਇਹ ਸਾਰਾ ਕੁੱਝ ਪੰਜਾਬ ਵਿੱਚ ਵਧੇਰੇ ਕਿਸ ਕਰਕੇ ਹੋ ਰਿਹਾ ਹੈ। ਭਾਰਤ ਪਾਕਿ ਦੀ ਵੰਡ ਤੋਂ ਲੈ ਕੇ ਅਨੇਕਾਂ ਵਾਰ ਅਜਿਹੀਆਂ ਘਟਨਾਵਾਂ ਹੋਈਆਂ ਹਨ। ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੋਵੇ, ਪਰ ਪਿਛਲੇ ਕੁੱਝ ਸਾਲਾਂ ਅਤੇ ਹੁਣ ਕੁੱਝ ਮਹੀਨਿਆਂ ਵਿੱਚ ਇਹ ਕੋਝੀਆਂ ਹਰਕਤਾਂ ਇੱਕ ਆਮ ਜਿਹੀ ਗੱਲ ਬਣ ਚੁੱਕੀਆਂ ਹਨ। ਦੋਸ਼ੀ ਵੀ ਨਹੀਂ ਲੱਭਦੇ ਹਰ ਰੋਜ਼ ਕੋਈ ਨਾ ਕੋਈ ਘਟਨਾ ਵੀ ਹੁੰਦੀ ਹੈ, ਸਮਝ ਤੋਂ ਬਾਹਰ ਹੈ ਕਿ ਇਹ ਕੀਹ ਹੋ ਰਿਹਾ ਹੈ। ਹੁਣ ਦੋ ਦਿਨ ਪਹਿਲਾਂ ਕਿਸੇ ਹਰਾਮਖ਼ੋਰ ਨੇ ਮਲੇਰਕੋਟਲਾ ਵਿਖੇ ਪਵਿੱਤਰ ਕੁਰਾਨ ਸ਼ਰੀਫ ਦੀ ਬੇਹੁਰਮਤੀ ਕਰ ਦਿੱਤੀ ਹੈ। ਸਾਰਾ ਮਲੇਰਕੋਟਲਾ ਇੱਕ ਦਮ ਬਲ ਉਠਿਆ ਹੈ। ਮੁਸਲਿਮ ਭਾਈ ਚਾਰੇ ਦੇ ਹਿਰਦੇ ਵਲੂੰਧਰੇ ਗਏ ਹਨ, ਪਰ ਪ੍ਰਸਾਸ਼ਨ ਮੂਕ ਦਰਸ਼ਕ ਬਣਿਆ ਨਜ਼ਰ ਆਉਂਦਾ ਹੈ। ਹੈਰਾਨੀ ਦੀ ਗੱਲ ਹੈ ਕਿ ਜੇ ਮੁੰਬਈ ਦੇ ਤਾਜ਼ ਹੋਟਲ ਉੱਤੇ ਹਮਲਾ ਹੋਵੇ, ਭਾਰਤੀ ਲੋਕਸਭਾ ਉੱਤੇ ਹਮਲਾ ਹੋਵੇ ਤਾਂ ਕੁੱਝ ਪਲਾਂ ਵਿੱਚ ਹਮਲਾਵਰਾਂ ਦੇ ਪੋਤੜੇ ਫਰੋਲ ਦਿੱਤੇ ਜਾਂਦੇ ਹਨ। ਪਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਬਰਗਾੜੀ ਕਾਂਡ ਦੀ ਜਾਂਚ ਉੱਤੇ ਸੀ.ਬੀ.ਆਈ. ਵੀ ਹੱਥ ਮਲ ਕੇ ਵਾਪਿਸ ਚਲੀ ਗਈ ਹੈ।

ਇਹ ਸਾਰੀਆਂ ਗੱਲਾਂ ਸ਼ੱਕ ਦੀ ਸੂਈ ਭਾਰਤੀ ਨਿਜ਼ਾਮ ਵਲ ਨੂੰ ਮੋੜਦੀਆਂ ਹਨ ਕਿ ਜੇ ਭਾਰਤੀ ਪ੍ਰਸਾਸ਼ਨ ਇਹਨਾਂ ਘਟਨਾਵਾਂ ਨੂੰ ਕਰਵਾਉਣ ਵਿੱਚ ਸਿੱਧੇ ਰੂਪ ਵਿੱਚ ਸ਼ਾਮਲ ਨਹੀਂ ਤਾਂ ਇਹ ਯਕੀਨ ਨਾਲ ਆਖਿਆ ਜਾ ਸਕਦਾ ਹੈ ਕਿ ਇਹਨਾਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ ਲੋਕਾਂ ਦਾ ਪਤਾ ਹੋਣ ਦੇ ਬਾਵਜੂਦ ਵੀ, ਭਾਰਤੀ ਨਿਜ਼ਾਮ ਦੋਸ਼ੀਆ ਤੋਂ ਡਰਦਾ ਹੈ ਅਤੇ ਉਹਨਾਂ ਨੂੰ ਹੱਥ ਨਹੀਂ ਪਾ ਸਕਦਾ, ਕਿਉਂਕਿ ਨਿਜ਼ਾਮ ਸਰਕਾਰ ਉੱਤੇ ਭਾਰੂ ਰਹਿੰਦਾ ਹੈ। ਭਾਰਤ ਵਿੱਚ ਸਰਕਾਰ ਕਿਸੇ ਦੀ ਹੋਵੇ ਪਰ ਨਿਜ਼ਾਮ ਕੱਟੜਵਾਦੀ ਹਿੰਦੂਤਵ, ਭਾਵ ਆਰ.ਐਸ.ਐਸ. ਹੀ ਹੈ। ਇਹ ਗੱਲ ਵੀ ਚਿੱਟੇ ਦਿਨ ਵਾਂਗੂੰ ਸਾਫ ਹੈ ਕਿ ਇਹਨਾਂ ਸਾਰੀਆਂ ਘਟਨਾਵਾਂ ਨੂੰ, ਭਾਰਤੀ ਘੱਟ ਗਿਣਤੀਆਂ ਵਿੱਚ ਦਹਿਸ਼ਤ ਫੈਲਾਉਣ ਵਾਸਤੇ ਅੰਜ਼ਾਮ ਦਿੱਤਾ ਜਾ ਰਿਹਾ ਹੈ ਤਾਂ ਕਿ ਉਹਨਾਂ ਨੂੰ ਗੁਲਾਮੀ ਦਾ ਜੀਵਨ ਜਿਊਣ ਲਈ ਮਜ਼ਬੂਰ ਕੀਤਾ ਜਾ ਸਕੇ। ਇਸ ਵਿੱਚ ਸਮੁਚੇ ਹਿੰਦੂ ਭਾਈਚਾਰੇ ਨੂੰ ਦੋਸ਼ੀ ਨਹੀਂ ਗਰਦਾਨਿਆ ਜਾ ਸਕਦਾ ਲੇਕਿਨ ਕੁੱਝ ਕੱਟੜਵਾਦੀ ਲੋਕ ਜਰੂਰ ਜਿੰਮੇਵਾਰ ਹਨ। ਇਹ ਅੱਜ ਹੀ ਨਹੀਂ ਹੋਇਆ ਸਦੀਆਂ ਤੋਂ ਹੁੰਦਾ ਆ ਰਿਹਾ ਹੈ । ਜਦੋਂ ਵੀ ਰਾਜਸਤਾ ਕੱਟੜਵਾਦੀ ਹਿੰਦੂਤਵ ਦੇ ਹੱਥ ਵਿੱਚ ਆਈ ਜਾਂ ਕੱਟੜਵਾਦੀ ਹਿੰਦੂਤਵ ਹੁਕਮਰਾਨ ਜਮਾਤ ਨਾਲ,ਭਾਵੇਂ ਦੂਜੇ ਦਰਜੇ ਦਾ ਹੀ ਹਿੱਸੇਦਾਰ ਬਣਿਆ ਤਾਂ ਅਜਿਹਾ ਹੀ ਹੋਇਆ। ਜਿਵੇਂ ਬਾਈਧਾਰਾਂ ਦੇ ਰਾਜੇ, ਗੰਗੂ,ਚੰਦੂ, ਮੁਗਲ ਸਾਮਰਾਜ ਦੇ ਪਿੱਠੂ ਦਿਵਾਨ ਸੱਚਾ ਨੰਦ ,ਲੱਖਪੱਤ ਰਾਏ ,ਜੱਸਪੱਤ ਰਾਏ ਆਦਿਕ ਨੇ ਸਿੱਖ ਗੁਰੂ ਸਹਿਬਾਨ, ਗੁਰੂ ਪ੍ਰੀਵਾਰਾਂ ਜਾਂ ਗੁਰੂ ਪੰਥ ਨਾਲ ਕੀਤਾ ਹੈ, ਇਤਿਹਾਸ ਦੇ ਪੰਨਿਆਂ ਤੋਂ ਪੜਿਆ ਜਾ ਸਕਦਾ ਹੈ। ਸਦੀਆਂ ਪਹਿਲਾਂ ਵੀ ਇਹ ਕੱਟੜਵਾਦੀ ਹਿੰਦੂਤਵ ਦਲਿਤਾਂ ਦੇ ਕੰਨਾਂ ਵਿੱਚ ਸਿੱਕੇ ਢਾਲਦਾ ਰਿਹਾ ਹੈ, ਉਹਨਾਂ ਨੂੰ ਅਣਪੜ ਰੱਖਦਾ ਰਿਹਾ ਹੈ ਤਾਂ ਕਿ ਦਲਿਤਾਂ ਦੂਜੇ ਤੀਜੇ ਦਰਜ਼ੇ ਦੇ ਨਾਗਰਿਕ ਹੀ ਰਖਿਆ ਜਾਵੇ। ਮਨੁਸਿਮਰਤੀ ਵਰਗੇ ਗ੍ਰੰਥ ਲਿਖ ਕੇ ਮਨੁੱਖ ਨੂੰ ਸ਼੍ਰੇਣੀਆਂ ਵਿੱਚ ਵੰਡਣਾ ਵੀ ਇਹਨਾਂ ਦਾ ਹੀ ਕੰਮ ਹੈ।

ਕਿਧਰੇ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਲੀਰੋ ਲੀਰ ਹੋ ਰਹੇ ਹਨ, ਕਿਤੇ ਪਵਿੱਤਰ ਕੁਰਾਨ ਸ਼ਰੀਫ ਦਾ ਵਰਕਾ ਵਰਕਾ ਕੀਤਾ ਜਾ ਰਿਹਾ ਹੈ। ਇਸ ਵਿੱਚ ਕਿਸੇ ਨੂੰ ਕੋਈ ਲਾਭ ਨਹੀਂ ਹੋ ਰਿਹਾ, ਸਿਰਫ ਉਹਨਾਂ ਲੋਕਾਂ ਦੀ ਸਾਜ਼ਿਸ਼ ਹੈ, ਜਿਹੜੇ ਇਸ ਦੇਸ਼ ਨੂੰ ਭਗਵੇ ਰੰਗ ਵਿੱਚ ਰੰਗਣ ਦੀਆਂ ਗੋਂਦਾਂ ਗੁੰਦੀ ਬੈਠੇ ਹਨ ਕਿਉਂਕਿ ਸਿੱਖਾਂ ਨੇ ਤਾਂ ਕਦੇ ਕਿਸੇ ਦੂਜੇ ਧਰਮ ਜਾਂ ਬਰਾਦਰੀ ਦਾ ਬੇਲੋੜਾ ਕੋਈ ਵਿਰੋਧ ਹੀ ਨਹੀਂ ਕੀਤਾ। ਜਿਵੇਂ ਹਰਿਦੁਆਰ ਜਾਂ ਹਿੰਦੂ ਧਰਮ ਨਾਲ ਸਬੰਧਤ ਕੁੱਝ ਹੋਰ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜ਼ਾ ਦੇਣ ਦੀ ਗੱਲ ਹੋਈ ਤਾਂ ਕਿਸੇ ਸਿੱਖ ਨੇ ਕਿੰਤੂ ਨਹੀਂ ਕੀਤਾ।

ਪਰ ਜਦੋਂ 29 ਮਈ 1981 ਨੂੰ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਬਣਾਉਣ ਦੀ ਮੰਗ ਉੱਠੀ ਤਾਂ ਕੁੱਝ ਲੋਕਾਂ ਨੂੰ ਢਿੱਡੀਂ ਸੂਲ ਕਿਉਂ ਉੱਠ ਖੜੋਤਾ, ਜਿਹਨਾਂ ਨੇ ਅਮ੍ਰਿਤਸਰ ਸਾਹਿਬ ਵਿੱਚ ਤਲਵਾਰ ਦੀ ਨੋਕ ਉੱਤੇ ਸਿਗਰਟਾਂ ਦੀਆਂ ਡੱਬੀਆਂ ਟੰਗ ਕੇ ਜਲੂਸ ਕੱਢਿਆ ਅਤੇ ਨਾਹਰੇ ਲਾਏ ‘‘ਬੀੜੀ ਸਿਗਰਟ ਪੀਂਏਗੇ, ਸ਼ਾਨ ਸੇ ਜੀਂਏਗੇ’’ ਇਹ ਸਭ ਜਨਸੰਘੀ ਸਨ, ਜਿਸਦਾ ਰੂਪ ਅੱਜ ਬੀ.ਜੇ.ਪੀ. ਹੈ ਅਤੇ ਸਾਰੀ ਮਕਾਲ ਦੀ ਜੜ ਆਰ.ਐਸ.ਐਸ ਹੈ। ਸਾਨੂੰ ਹੁਣ ਕਿਸੇ ਫਿਰਕੇ ਉੱਤੇ ਗਿਲਾ ਨਹੀਂ ਕਰਨਾ ਚਾਹੀਦਾ, ਜੇ ਕੋਈ ਸਿੱਖ ਜਾਂ ਮੁਸਲਿਮ ਵੀਰ ਇਹਨਾਂ ਘਟਨਾਵਾਂ ਨੂੰ ਲੈ ਕੇ, ਕਿਸੇ ਸਧਾਰਨ ਹਿੰਦੂ ਪਰਿਵਾਰ ਉੱਤੇ ਗਿਲਾ ਕਰੇ ਤਾਂ ਉਹ ਵੀ ਅਸਲੀਅਤ ਤੋਂ ਕੋਹਾਂ ਦੂਰ ਹੋਵੇਗਾ ਅਤੇ ਆਰ.ਐਸ.ਐਸ ਦੀ ਕੁਚਾਲ ਵਿੱਚ ਫ਼ਸ ਰਿਹਾ ਹੋਵੇਗਾ। ਅੱਜ ਦੁਸ਼ਮਣ ਸਾਹਮਣੇ ਹੈ ਅਤੇ ਸਾਨੂੰ ਦੁਸ਼ਮਣ ਦੀਆਂ ਚਾਲਾਂ ਹੁਣ ਨੰਗੇ ਕਰਨ ਦੇ ਨਾਲ ਨਾਲ, ਉਸ ਵਿਰੁੱਧ ਇੱਕ ਲਾਮਬੰਦੀ ਦੀ ਲੋੜ ਹੈ।

ਜੇ ਸੱਚ ਮੁੱਚ ਹੀ ਅਸੀਂ ਇਹਨਾਂ ਹਿਰਦੇ ਵੇਦਿਕ ਘਟਨਾਵਾਂ ਨੂੰ ਠੱਲ ਪਾਉਣੀ ਹੈ ਤਾਂ ਸਾਨੂੰ ਸਭ ਤੋਂ ਪਹਿਲਾਂ ਧਰਮ, ਜਾਤਾਂ, ਜਮਾਤਾਂ ਆਦਿਕ ਦੀਆਂ ਕੰਧਾਂ ਟੱਪਕੇ, ਇਨਸਾਨੀਅਤ ਦੇ ਵਿਹੜੇ, ਇਨਸਾਨਾਂ ਦੇ ਰੂਪ ਵਿੱਚ ਜੁੜਕੇ ਬੈਠਣਾ ਹੋਵੇਗਾ। ਪਰ ਇਸ ਵਿੱਚ ਸਿਰਫ ਮੁਸਲਿਮ, ਦਲਿਤ ਈਸਾਈ ਹੀ ਨਹੀਂ ਭਾਰਤੀ ਬਹੁਗਿਣਤੀ ਦੇ ਆਮ ਲੋਕਾਂ ਨੂੰ ਵੀ ਸਾਥ ਦੇਣਾ ਪਵੇਗਾ ਕਿਉਂਕਿ ਸੌੜੀ ਸਿਆਸਤ ਤਾਂ ‘‘ਅੱਗ ਲਾਈ ਡੱਬੂ ਕੰਧ ਉੱਤੇ’’ ਦੇ ਅਖਾਣ ਵਾਂਗੂੰ ਸ਼ਰਾਰਤ ਕਰਕੇ ਰਫੂ ਚੱਕਰ ਹੋ ਜਾਂਦੀ ਹੈ, ਪਰ ਸਿਰ ਦਾ ਭਾਰ ਪੈਰਾਂ ਉੱਤੇ ਹੀ ਆਉਂਦਾ ਹੈ ਭਾਵ ਜਦੋਂ ਮਜ਼•ਬੀ ਝਗੜੇ ਹੁੰਦੇ ਹਨ ਤਾਂ ਫਿਰ ਧਰਮ ਵਿੱਚ ਵਿਸ਼ਵਾਸ਼ ਰੱਖਣ ਵਾਲੇ ਆਮ ਲੋਕ ਹੀ ਪੀੜਾ ਹੰਢਾਉਂਦੇ ਹਨ। ਕਿਸੇ ਨੇਤਾ ਨੂੰ ਕੋਈ ਫਰਕ ਨਹੀਂ ਪੈਂਦਾ। ਜਿਸ ਰੱਬ ਖੁਦਾ ਅੱਗੇ ਅਸੀਂ ਸੁੱਖ ਮੰਗਦੇ ਹਾਂ, ਉਸ ਦੇ ਨਾਮ ਉੱਤੇ ਹੀ ਖੂਨ ਵਹਾਉਣ ਉੱਤੇ ਉਤਾਰੂ ਹੋ ਜਾਂਦੇ ਹਾਂ, ਇਸ ਵਾਸਤੇ ਇਹ ਨਾ ਸੋਚੋ ਕਿ ਸ਼ਰਾਰਤੀ ਸਿਰਫ ਗੁਰੂ ਗ੍ਰੰਥ ਸਾਹਿਬ ਜਾਂ ਕੁਰਾਨ-ਏ-ਪਾਕ ਨੂੰ ਹੀ ਨੁਕਸਾਨ ਪਹੁੰਚ ਰਿਹਾ ਹੈ,ਯਾਦ ਰੱਖਿ ਓ! ਜੇ ਉਸ ਦਾ ਕਾਲਾ ਮਨਸੂਬਾ ਉਸ ਨੂੰ ਪੂਰੀ ਤਰਾਂ ਸਫਲ ਹੁੰਦਾ ਨਜ਼ਰ ਨਾ ਆਇਆ ਜਾਂ ਉਸ ਨੂੰ ਇਹ ਲੱਗਾ ਕਿ ਹਾਲੇ ਤਾਂ ਅੱਗ ਸਿਰਫ ਧੁਖਦੀ ਹੈ, ਇਸ ਉਤੇ ਮੇਰੀ ਮੁਤੱਸਬੀ ਗੁੱਲੀ ਰੜ•ਣੀ ਨਹੀਂ ਤਾਂ ਉਸ ਨੇ ਭਾਂਬੜ ਮਚਾਉਣ ਦਾ ਨਿਸ਼ਚਾ ਕਰ ਲੈਣਾ ਹੈ। ਫਿਰ ਕੱਲ ਕਲੋਤਰ ਨੂੰ ਸ੍ਰੀ ਭਗਵਤ ਗੀਤਾਂ ਜਾਂ ਰਮਾਇਣ ਦੇ ਪੱਤਰੇ ਹੀ ਕਿਧਰੇ ਖਿੱਲਰੇ ਮਿਲ ਸਕਦੇ ਹਨ। ਇਸ ਵਾਸਤੇ ਕਿਸੇ ਦੂਜੇ ਧਰਮ ਦੇ ਵਿੱਚ ਆਸਥਾ ਰੱਖਣ ਵਾਲਿਆਂ ਨੂੰ ਅਜਿਹੀ ਕਿਸੇ ਘਟਨਾ ਉੱਤੇ ਖੁਸ਼ ਨਹੀਂ ਹੋਣਾ ਚਾਹੀਦਾ, ਸਗੋਂ ਦੋਸ਼ੀਆਂ ਦੀ ਸ਼ਨਾਖਤ ਵਿਚ ਆਪਣਾ ਪੂਰਾ ਟਿੱਲ ਲਗਾ ਦੇਣਾ ਚਾਹੀਦਾ ਹੈ ਕਿੳਂਕਿ ਅਜਿਹੇ ਸ਼ਰਾਰਤੀ ਲੋਕਾਂ ਦਾ ਆਪਣਾ ਕੋਈ ਧਰਮ ਨਹੀਂ ਹੁੰਦਾ।

ਸਭ ਤੋਂ ਪਹਿਲਾਂ ਸਾਨੂੰ ਸਭ ਨੂੰ ਮਿਲਕੇ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਅਜਿਹੀ ਸ਼ਰਾਰਤ ਕਰਨ ਵਾਲਾ ਜੇ ਕੋਈ ਇੱਕ ਅੱਧਾ ਵੀ ਫੜਿਆ ਜਾਵੇ ਤਾਂ ਸੱਚ ਸਾਹਮਣੇ ਆ ਜਾਵੇਗਾ। ਬੇਸ਼ੱਕ ਹੁਣ ਕੋਈ ਭੁਲੇਖਾ ਨਹੀਂ ਹੈ ਕਿ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਹੋਵੇ ਜਾਂ ਕੁਰਾਨ-ਏ-ਪਾਕ ਦੀ ਹੋਵੇ, ਜਾਂ ਬਾਈਬਲ ਦੀ ਹੋਵੇ, ਇਹ ਬੇਸ਼ੱਕ ਪਹਿਲਾ ਹੋਈ ਹੈ ਜਾਂ ਭਵਿੱਖ ਵਿੱਚ ਗੀਤਾ ਜਾਂ ਰਮਾਇਣ ਦੀ ਹੋਵੇ, ਇਹ ਕਾਰਾ ਆਰ.ਐਸ.ਐਸ. ਹੀ ਕਰਵਾਏਗੀ।

ਇਸ ਦੇ ਨਾਲ ਹੀ ਸਾਨੂੰ ਇਹ ਵੀ ਨਿਸ਼ਾਨਦੇਹੀ ਕਰਨੀ ਪਵੇਗੀ ਕਿ ਅਜਿਹੇ ਨਾਪਾਕ ਇਰਾਦੇ ਰੱਖਣ ਵਾਲੀ ਆਰ.ਐਸ.ਐਸ. ਵਰਗੀ ਕੱਟੜਵਾਦੀ ਜਮਾਤ, ਜਿਹੜੀ ਮਨੁੱਖਤਾ ਨਾਲ ਦੁਸ਼ਮਣੀ ਕਮਾ ਰਹੀ ਹੈ, ਸਾਡੇ ਵਿੱਚੋਂ ਕਿਹੜੇ ਲੋਕ ਉਸ ਦੀ ਜਾਣੇ ਜਾਂ ਅਣਜਾਣੇ ਵਿੱਚ ਮੱਦਦ ਕਰ ਰਹੇ ਹਨ। ਜਿਹੜੇ ਅਣਜਾਣਪੁਣੇ ਵਿੱਚ ਸਾਜ਼ਿਸ਼ ਦਾ ਸ਼ਿਕਾਰ ਹੋ ਰਹੇ ਹਨ, ਉਹਨਾਂ ਨੂੰ ਸਮਝਾਉਣਾ ਚਾਹੀਦਾ ਹੈ, ਜਿਹੜੇ ਜਾਣ ਬੁੱਝ ਕੇ ਆਪਣੀ ਸੌੜੀ ਸਿਆਸਤ ਜਾਂ ਕਿਸੇ ਹੋਰ ਲਾਲਚ ਵੱਸ ਉਹਨਾਂ ਹੈਵਾਨਾਂ ਦੀ ਮੱਦਦ ਕਰਦੇ ਹਨ, ਉਹਨਾਂ ਦਾ ਸਾਨੂੰ ਭਾਂਡਾ ਤਿਆਗ ਦੇਣਾ ਚਾਹੀਦਾ ਹੈ।

ਕੀਹ ਭਲਾ ਅਜੋਕੀ ਪੰਜਾਬ ਜਾਂ ਕੇਂਦਰ ਦੀ ਹਕੂਮਤ ਨੂੰ ਪਤਾ ਨਹੀਂ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਾ ਜਾਂ ਕੁਰਾਨ-ਏ-ਪਾਕ ਦੀ ਬੇਹੁਰਮਤੀ ਕਰਨ ਵਾਲਾ ਕੌਣ ਹੈ ? ਪਤਾ ਸਭ ਹੈ ਲੇਕਿਨ ਆਪਣੀ ਰਾਜ ਗੱਦੀ ਸੁਰੱਖਿਅਤ ਰੱਖਣ ਵਾਸਤੇ ਮਚਲਾਊਪੁਣੇ ਦਾ ਸਹਾਰਾ ਲਿਆ ਜਾ ਰਿਹਾ ਹੈ। ਪਰ ਜਦੋਂ ਇਹਨਾਂ ਸਿਆਸੀ ਲੋਕਾਂ ਨੂੰ ਪਤਾ ਲੱਗਿਆ ਕਿ ਪੰਜਾਬ ਦੇ ਬਸਿੰਦੇ ਸਾਡੀ ਇਸ ਕਾਲੀ ਕਰਤੂਤ ਨੂੰ ਸਮਝ ਚੁੱਕੇ ਹਨ ਤਾਂ ਫਿਰ ਇਹ ਲੋਕ ਆਪਣੀ ਕੁਰਸੀ ਬਚਾਉਣ ਵਾਸਤੇ ,ਸਾਡੀ ਹਮਦਰਦੀ ਲੈਣ ਲਈ ਵੇਖਿਓ, ਰਾਤੋ ਰਾਤ ਮੁਜ਼ਰਿਮ ਕਿੱਥੋਂ ਧੂਹ ਕੇ ਲਿਆਉਂਦੇ ਹਨ। ਕੋਈ ਸ਼ੱਕ ਨਹੀਂ ਸਰਕਾਰ ਅਤੇ ਨਿਜ਼ਾਮ ਬੇਈਮਾਨ ਹਨ । ਪਰ ਇਸ ਵਿੱਚ ਵੀ ਕੋਈ ਭੁਲੇਖਾ ਨਹੀਂ ਕਿ ਅਸੀਂ ਵੀ ਅਵੇਸਲੇ,ਬੇਸਮਝ ਅਤੇ ਈਰਖਾ ਦੀ ਅੱਗ ਵਿੱਚ ਭੁੱਜੇ ਪਏ ਹਾਂ। ਇਮਾਨਦਾਰੀ ਸਾਡੇ ਵਾਸਤੇ ਵੀ ਇੱਕ ਮਖੌਟਾ ਹੀ ਰਹਿ ਗਈ ਹੈ।

ਆਪਣੇ ਧਰਮ ਗ੍ਰੰਥ ਦੀ ਬੇਇਜ਼ਤੀ ਦਾ ਦਰਦ ਤਾਂ ਉਹਨਾਂ ਲੋਕਾਂ ਨੂੰ ਹੀ ਪਤਾ ਹੁੰਦਾ ਹੈ ਜਿਹੜੇ ਉਸ ਧਰਮ ਵਿੱਚ ਵਿਸ਼ਵਾਸ਼ ਰੱਖਦੇ ਹਨ। ਜਦੋਂ ਅਜਿਹਾ ਮੌਕਾ ਆ ਜਾਵੇ ਫਿਰ ਧਰਮੀ ਲੋਕ ਸਿਰਾਂ ਦੇ ਸੌਦੇ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ, ਬੇਸ਼ੱਕ ਸਿਰ ਦੇਣੇ ਪੈਣ ਜਾਂ ਸਿਰ ਲੈਣੇ ਪੈਣ, ਲੇਕਿਨ ਅੱਜ ਦੀ ਇਸ ਪੜੇ ਲਿਖੇ ਯੁੱਗ ਵਿੱਚ ਸਿਰ ਦੇਣ ਜਾਂ ਸਿਰ ਲੈਣ ਦੀ ਬਹੁਤੀ ਲੋੜ ਨਹੀਂ ਹੈ। ਅੱਜ ਸਿਰ ਨੂੰ ਭਾਵ ਬੁੱਧੀ ਨੂੰ ਵਰਤਣ ਦੀ ਲੋੜ ਹੈ। ਪੰਜਾਬ ਦੇ ਸਿੱਖ ਭਾਰਤ ਦੀ ਇੱਕ ਘੱਟ ਗਿਣਤੀ ਕੌਮ ਹਨ, ਜਿਹਨਾਂ ਦੇ ਪਿੱਛੇ ਕੱਟੜਵਾਦੀ ਹਿੰਦੂ ਨਿਜ਼ਾਮ ਸਦੀਆਂ ਤੋਂ ਪਿਆ ਹੋਇਆ ਹੈ ਅਤੇ ਸਿੱਖਾਂ ਦੀ ਪਹਿਚਾਣ ਨੂੰ ਮਿਟਾਉਣਾ ਚਾਹੁੰਦਾ ਹੈ। ਇਸ ਤਰਾਂ ਹੀ ਭਾਰਤ ਵਿੱਚ ਅਤੇ ਖਾਸ ਕਰਕੇ ਪੰਜਾਬ ਵਿੱਚ ਮੁਸਲਿਮ ਭਾਈਚਾਰਾ ਵੀ ਬਹੁਤ ਘੱਟ ਗਿਣਤੀ ਵਿੱਚ ਹੈ। ਕੱਟੜਵਾਦੀ ਹਿੰਦੂ ਨਿਜ਼ਾਮ ਮੁਸਲਿਮ ਲੋਕਾਂ ਦੀ ਪਹਿਚਾਣ ਤਾਂ ਖਤਮ ਨਹੀਂ ਕਰ ਸਕਦਾ ਕਿਉਂਕਿ ਇਸਲਾਮ ਕਿਸੇ ਇੱਕ ਦੇਸ਼ ਦੇ ਟੁਕੜੇ ਦਾ ਮੁਹਥਾਜ ਨਹੀਂ ਹੈ। ਪਰ ਇਹ ਭਾਰਤ ਵਿੱਚੋਂ ਇਸਲਾਮ ਦਾ ਤਲਾ ਮੂਲਾ ਚੁੱਕਣਾ ਚਾਹੁੰਦੇ ਹਨ। ਇਸ ਕਰਕੇ ਅੱਜ ਮੁਸਲਿਮ ਅਤੇ ਸਿੱਖਾਂ ਦੇ ਧਰਮ ਗ੍ਰੰਥਾਂ ਦੀ ਬੇਹੁਰਮਤੀ ਕਰਕੇ ਜ਼ਜਬਾਤਾਂ ਨੂੰ ਲਾਂਬੂ ਲਾਇਆ ਜਾ ਰਿਹਾ ਹੈ ਤਾਂ ਕਿ ਕੁੱਝ ਅਣਖੀ ਲੋਕ ਭੜਕ ਕੇ ਮੈਦਾਨ ਵਿੱਚ ਆਉਣ ਅਤੇ ਉਹਨਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਜਾ ਸਕੇ ਅਤੇ ਫਿਰ ਬਾਕੀ ਬਚਦਿਆਂ ਨੂੰ ਦਬਾਉਣਾ ਸੌਖਾ ਵੀ ਹੋ ਜਾਵੇਗਾ।

ਇਸ ਲਈ ਸਾਨੂੰ ਸਭ ਨੂੰ ਸੰਜਮ ਤੋਂ ਕੰਮ ਲੈਣ ਦੀ ਲੋੜ ਹੈ। ਜ਼ਜ਼ਬਾਤੀ ਹੋ ਕੇ ਅਜਿਹੀਆਂ ਮੁਸ਼ਕਿਲਾਂ ਦਾ ਹੱਲ ਨਹੀਂ ਲੱਭਿਆ ਜਾ ਸਕਦਾ। ਇਸ ਬੇਈਮਾਨ ਨਿਜ਼ਾਮ ਦਾ ਕੋਈ ਪਤਾ ਨਹੀਂ ਕਿ ਇਹ ਗਿਰਾਵਟ ਦੀ ਕਿਸ ਹੱਦ ਤੱਕ ਚਲੇ ਜਾਣ। ਕਿਸੇ ਵੇਲੇ ਇਹਨਾਂ ਲੋਕਾਂ ਨੇ ਗੁਰਦਵਾਰਿਆਂ ਵਿੱਚ ਸਿਗਰਟਾਂ, ਮੰਦਰਾਂ ਵਿਚ ਗਊ ਦੀਆਂ ਪੂਛਾਂ ਸੁੱਟਕੇ ਅਤੇ ਈਦ, ਬਕਰੀਦ ਦੇ ਦਿਨਾਂ ਵਿੱਚ ਨਮਾਜ਼ਾਂ ਵਿੱਚ ਸੂਰ ਵਾੜਣ ਵਰਗੀਆਂ ਹਰਕਤਾਂ ਕਰਕੇ ਲੋਕਾਂ ਅੰਦਰ ਇੱਕ ਦਰਦ ਪੈਦਾ ਕਰਨ ਦਾ ਯਤਨ ਕੀਤਾ ਸੀ, ਹੁਣ ਫਿਰ ਅਜਿਹਾ ਹੀ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕਿਸੇ ਵੱਡੀ ਖਾਣਾ ਜੰਗੀ ਨੂੰ ਅੰਜਾਮ ਦਿੱਤਾ ਜਾਵੇਗਾ ਜਾਂ ਫਿਰ ਜਵਾਨੀ ਉੱਤੇ ਸਰਕਾਰੀ ਜ਼ਬਰ ਦਾ ਕੋਈ ਦਮਨ ਚੱਕਰ ਚਲਾਏ ਜਾਣ ਦੀਆਂ ਗੋਂਦਾਂ ਗੁੰਦੀਆਂ ਜਾ ਰਹੀਆਂ ਹਨ। ਇਸ ਕਰਕੇ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਇਹ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਕੁਰਾਨ ਸ਼ਰੀਫ ਦੀ ਬੇਹੁਰਮਤੀ ਤੱਕ ਗੱਲ ਆ ਪਹੁੰਚੀ ਹੈ, ਤਾਂ ਅਗਲਾ ਪੜਾਅ ਗੀਤਾ ਜਾਂ ਰਮਾਇਣ ਦਾ ਵੀ ਹੋ ਸਕਦਾ ਹੈ। ਗੁਰੂ ਰਾਖਾ!!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top