ਉਂਝ
ਤਾਂ ਟਕਸਾਲੀਏ ਡੇਰੇਦਾਰਾਂ ਨੇ ਅਣਗਿਣਤ ਪਾਪ ਕਰਮ ਕੀਤੇ ਹਨ। ਪਰ ‘ਸੰਤਪੁਣੇ’ ਦਾ
ਹਊਆ ਵਿਖਾ ਕੇ ਇਹ ਲੋਕ, ‘ਸੰਤ ਕਾ ਨਿੰਦਕੁ ਮਹਾਂ ਹਤਿਆਰਾ’ (280), ਦਾ ਦਹਿਲ ਪਾ ਦਿੰਦੇ
ਸਨ। ਪਈ ਕੋਈ ਵਿਅਕਤੀ ‘ਸੰਤ’ ਦੇ ਗੁਨਾਹ ਵੀ ਨੰਗੇ ਨਾ ਕਰੇ। ਲੰਮੇ ਸਮੇਂ ਤੱਕ ਇਨ੍ਹਾਂ ਦੀ
ਇਹ ‘ਗਿੱਦੜ ਸਿੰਗੀ’ ਕੰਮ ਕਰਦੀ ਗਈ।
ਹੌਲੀ ਹੌਲੀ ਗੁਰਬਾਣੀ ਪੜ੍ਹਨ ਵਾਲਿਆਂ ਨੂੰ ਹੌਸਲਾ
ਮਿਲਿਆ ਕਿ ਮਨਾ ਸੱਚ ਨੂੰ ਸੱਚ ਕਹਿਣਾ ਕਾਹਦੀ ਨਿੰਦਾ ਹੈ? ਜਦੋਂ ਗੁਰਬਾਣੀ ਵਿੱਚ ਹਰ ਤਰ੍ਹਾਂ
ਦੇ ਪਖੰਡਾਂ ਦੇ ਬਖੀਏ ਉਧੇੜੇ ਗਏ ਹਨ। ਗੁਰੂ ਨਾਨਕ ਸਾਹਿਬ ਨੇ ਕਿਸੇ ਪਖੰਡੀ ਸਾਧ ਨੂੰ ਨਹੀਂ
ਬਖ਼ਸ਼ਿਆ। ਤਾਂ ਗੁਰਬਾਣੀ ਦੇ ਚਾਨਣ ਵਿੱਚ ਸਾਨੂੰ ਡਰ ਕਾਹਦਾ? ਜੇ ਅਸੀਂ ਝੂਠੇ ਇਲਜ਼ਾਮ ਲਾ ਕੇ
ਕਿਸੇ ਸਰੀਫ਼ ਆਦਮੀ ਨੂੰ ਬਦਨਾਮ ਕਰੀਏ ਤਦ ਬੁਰੀ ਗੱਲ ਹੈ। ਪਖੰਡੀ ਨੂੰ ਪਖੰਡੀ, ਠੱਗ ਨੂੰ
ਠੱਗ, ਚੋਰ ਨੂੰ ਚੋਰ ਕਹਿਣਾ ਕੋਈ ਬੁਰਾਈ ਨਹੀਂ ਹੈ। ਜੋ ਵਿਅਕਤੀ ਧਾਰਮਕ ਪਹਿਰਾਵਾ ਧਾਰਨ
ਕਰ ਕੇ, ਆਮ ਲੋਕਾਂ ਦੀ ਲੁੱਟ ਖਸੁਟ ਕਰੇ, ਕੁਰਾਹੇ ਪਾਵੇ, ਉਸ ਦਾ ਵਿਰੋਧ ਕਰਨਾ ਮਨੁੱਖਤਾ
ਦਾ ਭਲਾ ਹੈ।
ਇਨ੍ਹਾਂ ਟਕਸਾਲੀ ਸਾਧ ਟੋਲਿਆਂ ਨੇ,
ਪਹਿਲਾਂ ਜੋ ਕੀਤਾ ਸੋ ਕੀਤਾ, 2005 ਵਿਚ ਗੁਰਬਾਣੀ ਪਾਠ ਦੀਆਂ ਸੀ.ਡੀਜ਼ ਰਿਕਾਰਡ ਕਰਵਾ ਕੇ
ਵੰਡੀਆਂ ਵੇਚੀਆਂ। ਜਿਸ ਵਿੱਚ ਉਚਾਰਣ ਦੀਆਂ ਗ਼ਲਤੀਆਂ ਤਾਂ ਹਨ ਹੀ ਸਨ। ਸਗੋਂ ਪੂਰੇ
ਸ਼ਬਦ ਹੀ ਗ਼ਾਇਬ ਕਰ ਦਿੱਤੇ। ਅਖ਼ਬਾਰਾਂ ਵਿੱਚ ਖ਼ੂਬ ਰੌਲਾ ਪਿਆ। ਇਨ੍ਹਾਂ ਨੇ ਤਾਂ ਮੁਆਫ਼ੀ ਨਾ
ਮੰਗੀ ਨਾ ਜਥੇਦਾਰਾਂ ਨੇ ਕੋਈ ਸਜ਼ਾ ਦਿੱਤੀ। ਹਾਂ ਰਿਕਾਰਡ ਕਰਨ ਵਾਲੀ ਕੰਪਨੀ ਟੀ.ਸੀਰੀਜ਼ ਦੇ
ਮਾਲਕ ਨੇ ਮੁਆਫ਼ੀ ਮੰਗ ਲਈ।
ਗਿ. ਗੁਰਬਚਨ ਸਿੰਘ ਵੱਲੋਂ ਲਿਖੀ ‘ਸ੍ਰੀ
ਗੁਰਮੁਖ ਪ੍ਰਕਾਸ਼’ ਕਿਤਾਬ ਦੀ ਭੂਮਿਕਾ ਵਿੱਚੋਂ ਫ਼ੋਟੋ ਉਤਾਰਾ ਨਾਲ ਦੇ ਪੰਨੇ ’ਤੇ
ਦੇ ਰਿਹਾ ਹਾਂ। ਜਿਥੇ ਤੁਸੀਂ ਖ਼ੁਦ ਵੇਖ ਸਕਦੇ ਹੋ ਕਿ ਮੰਗਲਾ ਚਰਨ ਨੂੰ ਤੋੜ ਕੇ ਕਿਵੇਂ
ਬਾਣੀ ਦਾ ਅਪਮਾਨ ਕੀਤਾ ਗਿਆ ਹੈ। ਵੱਡੀ ਡੁੱਬਮਰਨ ਵਾਲੀ ਗੱਲ ਇਹ ਹੈ ਕਿ ਸਾਰਾ ਪੰਥ ਘੂਕ
ਗ਼ਫ਼ਲਤ ਦੀ ਨੀਂਦ ਵਿੱਚ ਸੁੱਤਾ ਹੋਇਆ ਹੈ। ਸ਼੍ਰੋਮਣੀ ਕਮੇਟੀ ਅਤੇ ਉਨ੍ਹਾਂ ਵੱਲੋਂ ਥਾਪੇ
‘ਕਾਗ਼ਜ਼ੀ ਸ਼ੇਰ’, ਅਖੌਤੀ ਜਥੇਦਾਰ ਟਕਸਾਲ ਵਿਰੁੱਧ ਕੋਈ ਕਾਰਵਾਈ ਨਹੀਂ ਕਰਦੇ। ਇਸ ਦਾ ਮਤਲਬ
ਅੰਦਰਖਾਤੇ ਸਾਰੀ ਚੰਡਾਲ ਚੌਕੜੀ ਰਲੀ ਮਿਲੀ ਹੈ। ਯੂਨੀਵਰਸਿਟੀ ਦੇ ‘ਵਿਦਵਾਨਾਂ’ ਨੇ ਲਗਦੈ
ਇਨ੍ਹਾਂ ਦੀਆਂ ਕਿਤਾਬਾਂ ਕਦੀ ਪੜ੍ਹੀਆਂ ਹੀ ਨਹੀਂ।
ਸ੍ਰੀ ਗੁਰੂ
ਗ੍ਰੰਥ ਸਾਹਿਬ ਵਿੱਚ ਜਿਥੇ ਵੀ ਮੰਗਲਾ ਚਰਨ ਆਇਆ ਹੈ ‘ਗੁਰ ਪ੍ਰਸਾਦਿ’ ਤੱਕ ਆਇਆ ਹੈ।
‘ਜਪੁ’ ਬਾਣੀ ਦਾ ਨਾਮ ਹੈ। ‘ਜਪੁ’ ਦੇ ਖੱਬੇ ਸੱਜੇ ਦੋ ਦੋ ਡੰਡੀਆਂ ਲੱਗੀਆਂ ਹੋਈਆਂ ਹਨ।
ਇਨ੍ਹਾਂ ਭੱਦਰ ਪੁਰਸ਼ਾਂ ਨੇ ਜਪੁ ਦੇ ਖੱਬੇ ਪਾਸੇ ਤੋਂ ਦੋਵੇਂ ਡੰਡੀਆਂ ਉਡਾ ਦਿੱਤੀਆਂ। ਤਾਕਿ
ਹੌਲੀ ਹੌਲੀ ਇਸ ਨੂੰ ਮੰਗਲ ਦਾ ਹਿੱਸਾ ਬਣਾਇਆ ਜਾ ਸਕੇ। ਜਪੁ ਦੁਆਲੇ ਜਿਥੇ ਚਕਰ ਵਾਹਿਆ
ਗਿਆ ਹੈ ਇਹ ਸਹੀ ਥਾਂ ਦੀ ਨਿਸ਼ਾਨ ਦੇਹੀ ਕਰਨ ਵਾਸਤੇ ਲੇਖਕ ਨੇ ਲਾਇਆ ਹੈ। ਡੰਡੀਆਂ ਵਾਲਾ
ਸੱਚ ਤੁਸੀਂ ਖ਼ੁਦ ਵੇਖ ਸਕਦੇ ਹੋ। ਸਿੱਖ ਪੰਥ ਨਾਲ ਸਬੰਧਤ ਹਰ ਛੋਟਾ ਵੱਡਾ ਵਿਅਕਤੀ ਜਾਣਦਾ
ਹੈ ਕਿ ‘ਮੰਗਲਾ ਚਰਨ’ ਗੁਰ ਪ੍ਰਸਾਦਿ ਤੱਕ ਹੈ। ਇਸ ਤੋਂ ਬਾਅਦ ਦੋ ਡੰਡੀਆਂ ਹਨ। ਮੰਗਲਾ
ਚਰਨ ਤੋਂ ਵੱਖਰਾ ਕਰ ਕੇ ਹੇਠਲੇ ਪਾਸੇ ‘ਜਪੁ’ ਲਿਖਿਆ ਹੈ। ਪੰਥ ਦੇ ਮੁਖੀਆਂ ਨੂੰ ‘ਡੰਗ
ਟਪਾਊ’ ਨੀਤੀ ਤਿਆਗ ਕੇ, ਬਾਣੀ ਦੀ ਤਰਤੀਬ ਤੋੜਨ ਵਾਲਿਆਂ ਬਾਰੇ ਗੰਭੀਰਤਾ ਨਾਲ ਸੋਚਣਾ ਬਣਦਾ
ਹੈ। ਜਿਸ ਮਹਾਨ ਗੁਰੂ ਨੇ ਬਾਣੀ ਨੂੰ ਸੰਪਾਦਨ ਕਰਦਿਆਂ ਅਤੀ
ਉਤਮ ਤਰਤੀਬ ਦਿੱਤੀ। ਗੁਰੂ ਬਖ਼ਸ਼ੀ ਲਾਈਨ ਨੂੰ ਤਿਆਗ ਕੇ, ਆਪਣੀ ਹੋਛੀ ਅਕਲ ਮੁਤਾਬਕ ਬਾਣੀ
ਛਾਪ ਕੇ ਵੰਡਣੀ, ਬੱਜਰ ਪਾਪ ਨਹੀਂ ਤਾਂ ਹੋਰ ਕੀ ਹੈ?
ਅੱਗੇ ਜਿਥੇ ਸਲੋਕ
‘ਆਦਿ ਸਚੁ’ ਵਾਲਾ, ਖ਼ਤਮ ਹੁੰਦਾ ਹੈ, ਉਸ ਦੇ ਨਾਲ ‘ਵਾਹਿਗੁਰੂ’ ਲਿਖ ਧਰਿਆ। ਸਾਰੇ
ਗੁਰੂ ਗ੍ਰੰਥ ਸਾਹਿਬ ਵਿੱਚ ਮੰਗਲ ਤੋਂ ਮਗਰੋਂ ਕਿਤੇ ਵਾਹਿਗੁਰੂ ਲਿਖਿਆ ਨਹੀਂ ਮਿਲੇਗਾ।
ਗੁਰੂ ਅਰਜਨ ਸਾਹਿਬ ਨੂੰ ਸਮਝ ਨਾ ਆਈ ਕਿ ਇਸ ਬਾਣੀ ਨੂੰ ਕਿਸ ਬਿਧੀ ਨਾਲ ਲਿਖਣਾ ਹੈ?
ਟਕਸਾਲ ਵਾਲੇ ਗੁਰੂ ਸਾਹਿਬਾਨ ਨਾਲੋਂ ਵੀ ਆਪਣੇ ਆਪ ਨੂੰ ਵੱਧ ਸਿਆਣੇ ਮੰਨ ਬੈਠੇ ਹਨ। ਦਸਾਂ
ਪਾਤਿਸ਼ਾਹੀਆਂ ਦੀ ਜੋਤ, ਸ਼ਬਦ ਗੁਰੂ ਤੇ ਸ਼ਰੇਆਮ ਹਮਲਾ? ਪੰਥ ਦੇ ਚੌਧਰੀ ਤੇ ਸੰਤਗੀਰੀ ਦੇ
ਚੋਲੇ ਪਾਈ ਫਿਰਦੇ ਲੋਕ, ਇਸ ਪਾਪ ਕਰਮ ਵਿਰੁੱਧ ਇੱਕ ਅੱਖਰ ਤੱਕ ਨਹੀਂ ਬੋਲਦੇ। ਸਗੋਂ ਇਨ੍ਹਾਂ
ਦੇ ਇਕੱਠਾਂ ਵਿੱਚ ਜਾ ਕੇ, ਝੂਠੀ ਪ੍ਰਸ਼ੰਸਾ ਦੇ ਪੁਲ ਬੰਨ੍ਹ ਆਉਂਦੇ ਹਨ। ਆਪਣੀ ਮਨਮੱਤ ਨੂੰ
ਸਤਿਗੁਰੂ ਜੀ ਦੇ ਮੂੰਹ ਵਿੱਚ ਪਾਈ ਜਾ ਰਹੇ ਹਨ। ਜੇਹੜੀਆਂ ਗੱਲਾਂ ਗੁਰੂ ਜੀ ਨੇ ਕਦੇ ਨਹੀਂ
ਆਖੀਆਂ। ਬਿਨਾਂ ਸਬੂਤਾਂ ਤੋਂ ਹਿੱਕ ਦੇ ਤਾਣ ਉਹ ਸੱਭ ਗੁਰੂ ਨਾਲ ਜੋੜ ਕੇ, ਪੰਥ ਨੂੰ
ਗੁਮਰਾਹ ਕਰੀ ਜਾ ਰਹੇ ਹਨ।
ਇਸੇ ਪੰਨੇ ਦੇ ਹੇਠਲੇ ਹਿੱਸੇ ਵਿੱਚ ਨਿਸ਼ਾਨਾਂ ਵਿਚਕਾਰ ਪੜ੍ਹੋ-ਅਖੇ
ਨਾਂਦੇੜ ਦਾ ਨਾਂਉਂ ‘ਸਤਿਯੁਗ ਮੇਂ ਗੋਬਿੰਦ ਨਗਰੀ ਥਾ।’
ਨਾ ਕਦੀ ਸਤਿਯੁਗ ਹੋਇਆ ਨਾ ਕਦੀ ਉਥੇ ਪਹਿਲਾਂ ਗੋਬਿੰਦ ਨਗਰੀ ਸੀ। ਅਜਿਹੇ ਹਜ਼ਾਰ ਝੂਠ
ਟਕਸਾਲ ਵਾਲਿਆਂ ਲਿਖ ਕੇ, ਤੇ ਬੋਲ ਕੇ ਪਹਿਲਾਂ ਪ੍ਰਚਾਰੇ ਹਨ, ਤੇ ਅੱਗੋਂ ਪ੍ਰਚਾਰ ਰਹੇ ਹਨ।
(ਨੋਟ- ‘ਮੰਗਲ ਜਾਂ ਮੰਤਰ’ ਬਾਰੇ ਵਿਸਥਾਰ ਨਾਲ ਹੋਰ ਜਾਣਕਾਰੀ ਲੈਣੀ
ਚਾਹੋ ਤਾਂ ਮੇਰੀ ਕਿਤਾਬ ‘ਧਰਮ ਦੇ ਨਾਂ ’ਤੇ’ ਪੜ੍ਹਨ ਦੀ ਖੇਚਲ ਕਰੋ ਜੀ।)
ਕਿਤਾਬ: ਤਬੀ ਚਲਾਇਓ ਪੰਥ ਜਾਂ ਡੇਰੇ, ਟਕਸਾਲਾਂ...?